What should Punjab's political elites do to compete
Connect with us [email protected]

ਲੇਖ

ਕੇਂਦਰ ਦੀ ਨੀਤੀ ਦੇ ਮੁਕਾਬਲੇ ਲਈ ਕਰਨਾ ਕੀ ਚਾਹੀਦੈ ਪੰਜਾਬ ਦੀ ਰਾਜਨੀਤੀ ਦੇ ਪਾਹਰੂਆਂ ਨੂੰ ! – ਜਤਿੰਦਰ ਪਨੂੰ

Published

on

jatinder pannu

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇਸ਼ ਦਾ ਸਭ ਤੋਂ ਤਾਕਤਵਰ ਸਿਆਸੀ ਅਹੁਦਾ ਸੰਭਾਲਣ ਤੋਂ ਪਹਿਲਾਂ ਇਹ ਕਿਹਾ ਸੀ ਕਿ ‘ਅੱਛੇ ਦਿਨ ਆਨੇ ਵਾਲੇ ਹੈਂ।’ ਉਸ ਦੇ ਇਸ ਨਾਅਰੇ ਨੂੰ ਸੁਣ ਕੇ ਆਮ ਲੋਕ ਵੀ ਨੱਚਣ ਲੱਗੇ ਸਨ, ਪਰ ਉਹ ਇਹ ਨਹੀਂ ਸਨ ਜਾਣਦੇ ਕਿ ‘ਅੱਛੇ ਦਿਨ’ ਆਉਣ ਵਾਲੇ ਹਨ, ਬੱਸ ਆਮ ਲੋਕਾਂ ਲਈ ਨਹੀਂ ਆਉਣੇ, ਵੱਡੇ ਪੂੰਜੀਪਤੀਆਂ ਲਈ ਆਉਣ ਵਾਲੇ ਹਨ। ਗੁਜਰਾਤ ਦੇ ਦੋ ਵੱਡੇ ਪੂੰਜੀਪਤੀਆਂ ਲਈ ਅੱਛੇ ਦਿਨ ਆਏ ਸਾਫ ਦਿੱਸਦੇ ਹਨ। ਉਹ ਜਿਹੜੇ ਵੀ ਪਾਸੇ ਵੱਲ ਨਜ਼ਰ ਘੁੰਮਾਉਂਦੇ ਹਨ, ਮਾਇਆ ਪੈਰਾਂ ਵਿੱਚ ਵਿਛਦੀ ਜਾਂਦੀ ਹੈ ਤੇ ਉਨ੍ਹਾਂ ਦੀ ਮਾਰ ਭਾਰਤ ਤੋਂ ਪਾਰ ਕੁਝ ਹੋਰਨਾਂ ਦੇਸ਼ਾਂ ਤੱਕ ਵੀ ਹੋਣ ਲੱਗੀ ਹੈ। ਆਸਟਰੇਲੀਆ ਦੇ ਲੋਕ ਇਨ੍ਹਾਂ ਵਿੱਚੋਂ ਇੱਕ ਜਣੇ ਦੀ ਮਾਰ ਦਾ ਰਾਹ ਰੋਕਣ ਲਈ ਮੁਜ਼ਾਹਰੇ ਕਰਦੇ ਅਤੇ ਅਦਾਲਤੀ ਪੇਸ਼ੀਆਂ ਭੁਗਤਦੇ ਨਜ਼ਰ ਆਉਂਦੇ ਹਨ, ਦੂਸਰਾ ਭਾਰਤ ਦੇ ਲਗਭਗ ਹਰ ਸੂਬੇ ਵਿੱਚ ਆਮ ਲੋਕਾਂ ਦੇ ਖੀਸੇ ਖਾਲੀ ਕਰਨ ਲੱਗਾ ਪਿਆ ਹੈ। ਉਨ੍ਹਾਂ ਦੀ ਹਰ ਸਕੀਮ ਵਿੱਚ ਦਿੱਸਦਾ ਕੁਝ ਹੋਰ ਤੇ ਲੁਕਿਆ ਕੁਝ ਹੋਰ ਨਿਕਲਦਾ ਹੈ।
ਇਸ ਵਾਰੀ ‘ਅੱਛੇ ਦਿਨ’ ਵਾਲੀ ਸੋਚਣੀ ਦੀ ਮਾਰ ਹੇਠ ਪੰਜਾਬ ਆਇਆ ਹੈ। ਆਇਆ ਹਰਿਆਣਾ ਵੀ ਹੈ ਤੇ ਉਸ ਦੇ ਕੁਝ ਕੁ ਲੋਕ ਲੜ ਰਹੇ ਹਨ, ਬਾਕੀ ਅਜੇ ਵੀ ਪ੍ਰਧਾਨ ਮੰਤਰੀ ਦੇ ‘ਅੱਛੇ ਦਿਨ’ ਵਾਲਾ ਊਠ ਦਾ ਬੁੱਲ੍ਹ ਲਮਕਦਾ ਵਿੰਹਦੇ ਤੇ ਖੁਸ਼ ਹੋਈ ਜਾਂਦੇ ਹਨ। ਜਿਹੜੀ ਮਾਰ ਪੰਜਾਬ ਨੂੰ ਪੈਣ ਵਾਲੀ ਹੈ, ਉਹ ਇਸ ਦੀ ਖੇਤੀ ਦਾ ਨਾਸ ਕਰ ਸਕਦੀ ਹੈ। ਕੇਂਦਰ ਦੀ ਸਰਕਾਰ ਨੇ ਤਿੰਨ ਬਿੱਲ ਪਾਸ ਕੀਤੇ ਅਤੇ ਕਿਹਾ ਹੈ ਕਿ ਇਸ ਨਾਲ ਕਿਸਾਨਾਂ ਦਾ ਭਲਾ ਹੋਵੇਗਾ, ਪਰ ਇਨ੍ਹਾਂ ਬਿੱਲਾਂ ਨਾਲ ਹੀ ਅਸਲ ਵਿੱਚ ਕਿਸਾਨਾਂ ਦਾ ਰਗੜਾ ਕੱਢਿਆ ਜਾਣਾ ਹੈ ਤੇ ਨਤੀਜੇ ਵਜੋਂ ਪੰਜਾਬ ਦਾ ਕਿਸਾਨ ਬਿਹਾਰ ਤੇ ਉੱਤਰ ਪ੍ਰਦੇਸ਼ ਵਾਲੇ ਕਿਸਾਨਾਂ ਦੀ ਹਾਲਤ ਵਿਚ ਪਹੁੰਚ ਜਾਵੇਗਾ। ਉੱਤਰ ਪ੍ਰਦੇਸ਼ ਤੇ ਬਿਹਾਰ ਦਾ ਕਿਸਾਨ ਸਾਡੇ ਪੰਜਾਬ ਵਿੱਚ ਆਪਣੇ ਨਾਲੋਂ ਘੱਟ ਜ਼ਮੀਨ ਵਾਲੇ ਕਿਸਾਨ ਦੇ ਡੰਗਰਾਂ ਨੂੰ ਸੰਭਾਲਣ ਦਾ ਕੰਮ ਇਸ ਲਈ ਕਰੀ ਜਾਂਦਾ ਹੈ ਕਿ ਓਥੋਂ ਦੀਆਂ ਸਰਕਾਰਾਂ ਨੇ ਕਿਸਾਨੀ ਕਿੱਤੇ ਨੂੰ ਗੁਜ਼ਾਰੇ ਜੋਗਾ ਨਹੀਂ ਸੀ ਰਹਿਣ ਦਿੱਤਾ ਤੇ ਗੁਜ਼ਾਰਾ ਕਰਨ ਲਈ ਦੂਸਰੇ ਰਾਜ ਵਿੱਚ ਜਾਣਾ ਪੈਂਦਾ ਹੈ। ਪੰਜਾਬ ਵਿੱਚ ਕਿਸਾਨ ਅਜੇ ਤੱਕ ਔਖਾ-ਸੌਖਾ ਆਪਣੀ ਕਹੀ ਜਾਣ ਵਾਲੀ ਖੇਤੀ ਆਸਰੇ ਦਿਨ-ਕੱਟੀ ਕਰੀ ਜਾਂਦਾ ਸੀ, ਕੇਂਦਰ ਵੱਲੋਂ ਤਾਜ਼ਾ ਪਾਸ ਕੀਤੇ ਬਿੱਲਾਂ ਨੇ ਉਸ ਨੂੰ ਇਸ ਲਾਇਕ ਨਹੀਂ ਛੱਡਣਾ ਕਿ ਉਹ ਜ਼ਮੀਨ ਦੀ ਮਾਲਕੀ ਦਾ ਮਾਣ ਵੀ ਕਰ ਸਕੇ।
ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਦੀ ਹਾਲਤ ਅਤੇ ਉਨ੍ਹਾਂ ਦਾ ਸੰਘਰਸ਼ ਵੇਖ ਕੇ ਪੰਜਾਬ ਦੀ ਰਾਜਨੀਤੀ ਇਸ ਵਾਰੀ ਵਿਧਾਨ ਸਭਾ ਵਿੱਚ ਇੱਕ-ਸੁਰ ਹੋ ਕੇ ਬੋਲੀ ਹੈ ਅਤੇ ਚੰਗਾ ਹੋਇਆ ਹੈ, ਪਰ ਇੱਕ-ਸੁਰਤਾ ਸਿਰਫ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਬਿੱਲਾਂ ਦੇ ਵਿਰੋਧ ਤੱਕ ਹੀ ਸੀਮਤ ਹੈ। ਕੇਂਦਰ ਦੇ ਕਿਸਾਨ-ਮਾਰੂ ਬਿੱਲਾਂ ਦੇ ਮੁਕਾਬਲੇ ਲਈ ਕਦਮ ਕਿਹੜਾ ਚੁੱਕਣਾ ਚਾਹੀਦਾ ਹੈ, ਇਸ ਬਾਰੇ ਸਹਿਮਤੀ ਨਹੀਂ ਅਤੇ ਸਪੱਸ਼ਟਤਾ ਵੀ ਨਹੀਂ। ਰਾਜ ਸਰਕਾਰ ਨੇ ਕੇਂਦਰ ਦੇ ਬਿੱਲਾਂ ਦਾ ਰਾਹ ਰੋਕਣ ਲਈ ਆਪਣੇ ਤਿੰਨ ਬਿੱਲ ਲੈ ਆਂਦੇ ਤੇ ਇਹ ਪਾਸ ਵੀ ਹੋ ਗਏ, ਪਰ ਇਨ੍ਹਾਂ ਬਿੱਲਾਂ ਨਾਲ ਵੀ ਸਿਰਫ ਵਕਤੀ ਅੜਿੱਕਾ ਲਾਇਆ ਜਾ ਸਕਦਾ ਹੈ, ਕੇਂਦਰ ਦੀ ਸੋਚ ਦਾ ਰਾਹ ਨਹੀਂ ਰੋਕਿਆ ਜਾ ਸਕਦਾ। ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਘੱਟੋ-ਘੱਟ ਖਰੀਦ ਕੀਮਤ (ਐੱਮ ਐੱਸ ਪੀ) ਤੋਂ ਘੱਟ ਮੁੱਲ ਉੱਤੇ ਕਿਸੇ ਨੂੰ ਫਸਲ ਨਹੀਂ ਖਰੀਦਣ ਦੇਣੀ, ਪਰ ਖਰੀਦ ਏਜੰਸੀਆਂ ਅਤੇ ਪ੍ਰਾਈਵੇਟ ਵਪਾਰੀਆਂ ਨੇ ਜੇ ਉਸ ਕੀਮਤ ਉੱਤੇ ਖਰੀਦਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਮਜਬੂਰ ਨਹੀਂ ਕੀਤਾ ਜਾ ਸਕੇਗਾ। ਕਿਸਾਨ ਆਪ ਉਨ੍ਹਾਂ ਦਾ ਤਰਲਾ ਲਵੇਗਾ ਕਿ ਤੁਸੀਂ ਲੱਗੇ ਭਾਅ ਉੱਤੇ ਖਰੀਦ ਲਵੋ ਅਤੇ ਕਾਗਜ਼ਾਂ ਵਿੱਚ ਪੂਰੀ ਕੀਮਤ ਲਿਖ ਕੇ ਮੇਰੇ ਬੈਂਕ ਖਾਤੇ ਵਿੱਚ ਪਾ ਕੇ ਲੱਗੇ ਭਾਅ ਨਾਲੋਂ ਵੱਧ ਵਾਲੇ ਪੈਸੇ ਮੇਰੇ ਤੋਂ ਨਕਦ ਲੈ ਲਵੋ। ਇਸ ਤਰ੍ਹਾਂ ਇੱਕ ਨਵੀਂ ਕਾਲਾ-ਬਾਜ਼ਾਰੀ ਚੱਲ ਪਵੇਗੀ। ਉਂਜ ਜੇ ਅਗਲੇ ਸਾਲ ਕੇਂਦਰ ਸਰਕਾਰ ਨੇ ਘੱਟੋ-ਘੱਟ ਖਰੀਦ ਕੀਮਤ ਦਾ ਐਲਾਨ ਨਾ ਕੀਤਾ ਤਾਂ ਰਾਜ ਸਰਕਾਰ ਉਸ ਨੂੰ ਵੀ ਮਜਬੂਰ ਨਹੀਂ ਕਰ ਸਕੇਗੀ। ਵਿਰੋਧੀ ਪਾਰਟੀਆਂ ਦੇ ਆਗੂ ਇਹ ਕਹਿੰਦੇ ਹਨ ਕਿ ਉਸ ਸੂਰਤ ਵਿੱਚ ਸਾਰੀ ਫਸਲ ਐੱਮ ਐੱਸ ਪੀ ਵਾਲੇ ਹਿਸਾਬ ਨਾਲ ਰਾਜ ਸਰਕਾਰ ਖਰੀਦ ਕਰੇ ਤਾਂ ਇਹ ਕਿਸਾਨ ਲਈ ਲਾਹੇਵੰਦਾ ਹੋ ਸਕਦਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਏਨੀ ਫਸਲ ਖਰੀਦਣ ਲਈ ਘੱਟੋ-ਘੱਟ ਤੀਹ-ਚਾਲੀ ਹਜ਼ਾਰ ਕਰੋੜ ਰੁਪਏ ਚਾਹੀਦੇ ਹਨ, ਏਨੇ ਪੰਜਾਬ ਸਰਕਾਰ ਕੋਲ ਨਹੀਂ ਹੋ ਸਕਦੇ। ਜੇ ਪੰਜਾਬ ਸਰਕਾਰ ਕਿਤੋਂ ਏਨੇ ਪੈਸੇ ਫੜ ਕੇ ਵੀ ਕਿਸਾਨ ਦੀ ਸਾਰੀ ਫਸਲ ਐੱਮ ਐੱਸ ਪੀ ਵਾਲੇ ਹਿਸਾਬ ਨਾਲ ਖਰੀਦ ਲਵੇ ਤਾਂ ਉਹ ਫਸਲ ਪੰਜਾਬ ਦੇ ਲੋਕਾਂ ਨੇ ਨਹੀਂ ਵਰਤ ਲੈਣੀ, ਦੂਸਰੇ ਰਾਜਾਂ ਦੇ ਲੋਕਾਂ ਨੂੰ ਵੇਚਣੀ ਪੈਣੀ ਹੈ ਅਤੇ ਜੇ ਕੇਂਦਰ ਦੇ ਹਾਕਮਾਂ ਨੇ ਆਪਣੀ ਪਾਰਟੀ ਦੀਆਂ ਸਰਕਾਰਾਂ ਨੂੰ ਖਰੀਦਣ ਤੋਂ ਰੋਕ ਦਿੱਤਾ ਤਾਂ ਇਹ ਗੱਲ ਵੀ ਨਹੀਂ ਬਣ ਸਕਣੀ। ਉਹ ਇਹ ਵੀ ਕਹਿ ਸਕਦੇ ਹਨ ਕਿ ਸੰਸਾਰ ਮੰਡੀ ਵਿੱਚ ਕਣਕ ਤੇ ਚੌਲ ਸਸਤੇ ਮਿਲਦੇ ਹਨ, ਅਸੀਂ ਪੰਜਾਬ ਤੋਂ ਮਹਿੰਗੇ ਨਹੀਂ ਖਰੀਚਣੇ ਤੇ ਇਸ ਨਾਲ ਪੰਜਾਬ ਸਰਕਾਰ ਦੀ ਖਰੀਦੀ ਫਸਲ ਨਾਲ ਇੱਕ ਸਾਲ ਭਰੇ ਗੋਦਾਮ ਅਗਲੇ ਸਾਲ ਤੱਕ ਖਾਲੀ ਨਹੀਂ ਹੋਣੇ ਤੇ ਖਰੀਦਣ ਲਈ ਖਰਚ ਕੀਤੇ ਉਧਾਰ ਦੇ ਪੈਸੇ ਦੀ ਕਿਸ਼ਤ ਵੀ ਨਹੀਂ ਮੁੜ ਸਕਣੀ। ਨਤੀਜੇ ਵਜੋਂ ਜਿਵੇਂ ਪਹਿਲਾਂ ਕਿਸਾਨ ਕਰਜ਼ਿਆਂ ਦੇ ਬੋਝ ਹੇਠ ਦੱਬੇ ਹੋਏ ਹਨ, ਓਸੇ ਤਰ੍ਹਾਂ ਪੰਜਾਬ ਸਰਕਾਰ ਦੱਬੀ ਜਾਵੇਗੀ ਅਤੇ ਜਿਵੇਂ ਕਿਸਾਨਾਂ ਦੇ ਘਰੀ ਬੈਂਕ ਦੇ ਅਫਸਰ ਗੇੜੇ ਮਾਰ ਕੇ ਤੰਗ ਕਰਦੇ ਹਨ, ਰਿਜ਼ਰਵ ਬੈਂਕ ਪੰਜਾਬ ਸਰਕਾਰ ਦੇ ਸਾਰੇ ਖਾਤੇ ਜਾਮ ਕਰ ਦੇਵੇਗੀ। ਇਸ ਨਾਲ ਪਹਿਲਾਂ ਹੀ ਕਰਜ਼ੇ ਹੇਠ ਦੱਬੇ ਪਏ ਇਸ ਰਾਜ ਲਈ ਕੇਂਦਰ ਸਰਕਾਰ ਦੀ ਈਨ ਮੰਨਣ ਬਿਨਾ ਕੋਈ ਹੋਰ ਰਾਹ ਨਹੀਂ ਰਹੇਗਾ।
ਸਾਡੇ ਕੋਲ ਪਿਛਲਾ ਤਜਰਬਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਦਾ ਹੈ, ਜਦੋਂ ਕੇਂਦਰ ਦੇ ਖੇਤੀ ਮੰਤਰੀ ਨੇ ਭਾਰਤੀ ਕਿਸਾਨਾਂ ਦਾ ਗੰਨਾ ਖਰੀਦਣ ਤੇ ਭਾਰਤੀ ਮਿੱਲਾਂ ਵਿੱਚ ਪਈ ਖੰਡ ਚੁੱਕਣ ਦੀ ਬਜਾਏ ਦੂਸਰੇ ਦੇਸ਼ਾਂ ਤੋਂ ਖਰੀਦ ਦੀ ਪੈਰਵੀ ਕੀਤੀ ਸੀ। ਉਸ ਦਾ ਕਹਿਣਾ ਸੀ ਕਿ ਸੰਸਾਰ ਮੰਡੀ ਵਿੱਚ ਸਸਤੀ ਖੰਡ ਮਿਲਦੀ ਹੈ, ਇਸ ਲਈ ਭਾਰਤੀ ਮਿੱਲਾਂ ਦੀ ਮਹਿੰਗੀ ਖੰਡ ਲੈਣ ਦੀ ਲੋੜ ਨਹੀਂ। ਕਣਕ ਤੇ ਚੌਲ ਵੀ ਸੰਸਾਰ ਮੰਡੀ ਵਿੱਚੋਂ ਸਸਤੇ ਮਿਲ ਸਕਦੇ ਹਨ ਤੇ ਕਈ ਹੋਰ ਵਸਤਾਂ ਵੀ ਸਸਤੀਆਂ ਮਿਲ ਸਕਦੀਆਂ ਹਨ। ਜਦੋਂ ਕਦੇ ਇਹੋ ਜਿਹੀ ਸਥਿਤੀ ਕਿਸੇ ਦੇਸ਼ ਵਿੱਚ ਬਣ ਜਾਵੇ ਤਾਂ ਓਥੋਂ ਦੀ ਸਰਕਾਰ ਆਪਣੇ ਲੋਕਾਂ ਨੂੰ ਇਸ ਦੀ ਮਾਰ ਤੋਂ ਬਚਾਉਣ ਲਈ ਕਦਮ ਚੁੱਕਦੀ ਹੈ, ਪਰ ਭਾਰਤ ਸਰਕਾਰ ਇਸ ਦੇਸ਼ ਦੇ ਲੋਕਾਂ ਨੂੰ ਮਾਰ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਜਿੰਦਾ ਰੱਖਣ ਦੀ ਬਜਾਏ ਥੈਲੀਆਂ ਵਾਲੇ ਅਮੀਰਾਂ ਦੀ ਸੌਖੀ ਕਮਾਈ ਵਾਸਤੇ ਉਨ੍ਹਾਂ ਵੱਲੋਂ ਦਿੱਤਾ ਗਿਆ ਹਰ ਨੁਸਖਾ ਅੱਖਾਂ ਮੀਟ ਕੇ ਵਰਤਣ ਲੱਗ ਪੈਂਦੀ ਹੈ। ਇਸ ਵਕਤ ਭਾਰਤ ਦੀ ਸਰਕਾਰ ਚਲਾ ਰਹੀ ਪਾਰਟੀ, ਉਸ ਪਾਰਟੀ ਦਾ ਮੋਹਰੀ ਆਗੂ ਤੇ ਉਸ ਨਾਲ ਖੜੀ ਲਾਬੀ ਇਹੋ ਕੁਝ ਕਰਦੀ ਪਈ ਹੈ। ਨਾਂਅ ਉਹ ਬੇਸੱਕ ਗਾਂਧੀ ਦਾ ਲੈਣ, ਪਰ ਇਹ ਗੱਲ ਭੁੱਲ ਜਾਂਦੇ ਹਨ ਕਿ ਗਾਂਧੀ ਨੇ ਹਰ ਹੱਥ ਦੇ ਕਰਨ ਲਈ ਕੰਮ ਕਰਨ ਦਾ ਮੌਕਾ ਕਾਇਮ ਰੱਖਣ ਵਾਸਤੇ ਘਰੇਲੂ ਉਦਯੋਗਾਂ ਦੀ ਨੀਤੀ ਦਾ ਹੋਕਾ ਦਿੱਤਾ ਸੀ ਤੇ ਚਰਖੇ ਦੀ ਤੰਦ ਵੀ ਫੋਟੋ ਖਿਚਵਾਉਣ ਵਾਸਤੇ ਨਹੀਂ, ਭਾਰਤੀ ਲੋਕਾਂ ਦੀ ਸਵੈ-ਨਿਰਭਰਤਾ ਕਾਇਮ ਰੱਖਣ ਵਾਸਤੇ ਪਾਈ ਸੀ। ਗਾਂਧੀ ਦੀ ਰਾਏ ਸੀ ਕਿ ਜੇ ਅੱਜ ਵਲੈਤੀ ਮਾਲ ਦੇ ਪਿੱਛੇ ਭੱਜਣਾ ਸ਼ੁਰੂ ਕੀਤਾ ਤੇ ਇਸ ਚੱਕਰ ਵਿੱਚ ਜਦੋਂ ਆਪਣੇ ਘਰਾਂ ਵਿੱਚ ਘੁੰਮਦੇ ਚਰਖੇ ਠੱਪੇ ਗਏ ਤਾਂ ਵਲੈਤੀ ਚੁੰਝਾਂ ਨੇ ਤੁਹਾਨੂੰ ਡੁੰਗ ਲੈਣਾ ਹੈ। ਉਸ ਦੀ ਵਿਚਾਰਧਾਰਾ ਅਤੇ ਰਾਜਨੀਤੀ ਨਾਲ ਲੱਖ ਮੱਤਭੇਦ ਹੋਣ ਦੇ ਬਾਵਜੂਦ ਇਹ ਗੱਲ ਮੰਨਣੀ ਪਵੇਗੀ ਕਿ ਅੱਜ ਦੀ ਤਰੀਕ ਵਿੱਚ ਵੀ ਉਹੀ ਗਾਂਧੀ ਦੀ ਸੋਚਣੀ ਵਾਲੀ ਸਵੈ-ਨਿਰਭਰਤਾ ਦੀ ਸਮਝ ਭਾਰਤੀ ਲੋਕਾਂ ਅਤੇ ਉਨ੍ਹਾਂ ਨਾਲ ਪੰਜਾਬ ਦੇ ਕਿਸਾਨਾਂ ਸਮੇਤ ਸਾਨੂੰ ਸਾਰਿਆਂ ਨੂੰ ਬਚਾ ਸਕਦੀ ਹੈ। ਜਿਹੜਾ ਰਾਹ ਮੋਦੀ ਸਰਕਾਰ ਨੇ ਫੜਿਆ ਹੈ, ਉਹ ਸਿਰੇ ਦਾ ਮਾਰੂ ਹੈ।
ਮਾੜੀ ਗੱਲ ਇਹ ਹੋਈ ਹੈ ਕਿ ਜਦੋਂ ਕੁਝ ਹੋਰ ਰਾਜਾਂ ਵਿੱਚ ਏਦਾਂ ਦੀ ਖੇਡ ਖੇਡੀ ਤੇ ਤਬਾਹੀ ਕੀਤੀ ਗਈ ਸੀ, ਓਦੋਂ ਪੰਜਾਬ ਦੇ ਲੋਕ ਨਹੀਂ ਸਨ ਬੋਲੇ। ਅੱਜ ਪੰਜਾਬ ਤੇ ਕੁਝ ਹੱਦ ਤੱਕ ਜਦੋਂ ਹਰਿਆਣਾ ਲੜ ਰਿਹਾ ਹੈ ਤਾਂ ਬਾਕੀ ਭਾਰਤੀ ਲੋਕ ਵੀ ਓਸੇ ਤਰ੍ਹਾਂ ਚੁੱਪ ਹਨ। ਇਕੱਲੇ-ਇਕੱਲੇ ਕਰ ਕੇ ਕਿਰਤੀ ਵਰਗਾਂ ਦਾ ਜਿਵੇਂ ਰਗੜਾ ਕੱਢਿਆ ਜਾ ਰਿਹਾ ਹੈ, ਉਸ ਦੇ ਵੱਲ ਲਾਪਰਵਾਹੀ ਸਾਰੇ ਦੇਸ਼ ਦੇ ਲੋਕਾਂ ਨੂੰ ਲੈ ਬੈਠੇਗੀ। ਇਸ ਵਰਤਾਰੇ ਨੂੰ ਰੋਕਣ ਬਿਨਾਂ ਹੋਰ ਕੋਈ ਚਾਰਾ ਨਹੀਂ। ਇਸ ਵਰਤਾਰੇ ਨੂੰ ਰੋਕਣ ਲਈ ਪੰਜਾਬ ਦੀ ਰਾਜਨੀਤੀ ਦੇ ਪਾਹਰੂਆਂ ਨੂੰ, ਉਹ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਧੜੇ ਵਿੱਚ ਬੈਠੇ ਹੋਣ, ਇਸ ਗੱਲ ਨੂੰ ਨੇੜਲੇ ਪ੍ਰਸੰਗ ਦੇ ਬਜਾਏ ਦੂਰ-ਦ੍ਰਿਸ਼ਟੀ ਨਾਲ ਸੋਚਣ ਅਤੇ ਕਦਮ ਚੁੱਕਣ ਦੀ ਲੋੜ ਹੈ।

ਲੇਖ

ਕਿਸਾਨੀ ਸੰਘਰਸ਼ ਚੱਲਦੇ ਤੋਂ ‘ਇੱਕ ਦੇਸ਼, ਇੱਕ ਚੋਣ’ ਦਾ ਅਗਲਾ ਜੁਮਲਾ ਪੇਸ਼ -ਜਤਿੰਦਰ ਪਨੂੰ

ਜਤਿੰਦਰ ਪਨੂੰ

Published

on

pannu article

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਣਨੀਤੀ ਇਹ ਰਹੀ ਹੈ, ਅਤੇ ਅੱਜ ਵੀ ਹੈ ਕਿ ਇੱਕ ਸਮੱਸਿਆ ਖੜੀ ਹੁੰਦੀ ਹੈ ਤਾਂ ਉਸ ਦਾ ਹੱਲ ਕੱਢਣ ਦੀ ਥਾਂ ਨਵਾਂ ਸ਼ੋਸ਼ਾ, ਅੱਜਕੱਲ੍ਹ ਇਹੋ ਜਿਹੇ ਸ਼ਬਦ ਦੀ ਥਾਂ ‘ਜੁਮਲਾ’ ਆਖਿਆ ਜਾਂਦਾ ਹੈ, ਪੇਸ਼ ਕਰ ਕੇ ਬਹਿਸ ਦਾ ਰੁਖ ਹੋਰ ਪਾਸੇ ਮੋੜ ਦਿੱਤਾ ਜਾਂਦਾ ਹੈ। ਜਦੋਂ ਦੇਸ਼ ਵਿੱਚ ਮੋਦੀ ਸਰਕਾਰ ਦੇ ਬਣਾਏ ਨਾਗਰਿਕਤਾ ਸੋਧ ਕਾਨੂੰਨ ਬਾਰੇ ਬਹਿਸ ਹੋ ਰਹੀ ਸੀ ਤਾਂ ਅਚਾਨਕ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਧਾਰਾ ਤਿੰਨ ਸੌ ਸੱਤਰ ਤੋੜੀ ਤੇ ਉਸ ਰਾਜ ਦੇ ਦੋ ਹਿੱਸੇ ਕਰ ਦਿੱਤੇ ਸਨ। ਕੋਰੋਨਾ ਵਾਇਰਸ ਦੇ ਦਿਨਾਂ ਵਿੱਚ ਜਦੋਂ ਇਹ ਗੱਲ ਚਰਚਾ ਦਾ ਵਿਸ਼ਾ ਬਣਨ ਲੱਗੀ ਕਿ ਪ੍ਰਧਾਨ ਮੰਤਰੀ ਦੇ ਦਾਅਵੇ ਧਰ-ਧਰਾਏ ਰਹਿ ਗਏ ਤੇ ਮਹਾਮਾਰੀ ਵਧਦੀ ਜਾਂਦੀ ਹੈ ਤਾਂ ਕਿਸਾਨ ਭਾਈਚਾਰੇ ਨੂੰ ਠਿੱਬੀ ਲਾਉਣ ਵਾਲੇ ਤਿੰਨ ਆਰਡੀਨੈਂਸ ਅਚਾਨਕ ਜਾਰੀ ਕਰ ਦਿੱਤੇ ਸਨ। ਮੋਦੀ ਸਾਹਿਬ ਤੇ ਉਨ੍ਹਾਂ ਦੇ ਮੰਤਰੀ ਏਦਾਂ ਦਾ ਦਾਅਵਾ ਕਰਦੇ ਸਨ ਕਿ ਇਹ ਤਿੰਨ ਕਾਨੂੰਨ ਕਿਸਾਨਾਂ ਦਾ ਭਲਾ ਕਰਨ ਵਾਲੇ ਹਨ ਤੇ ਕਿਸਾਨ ਆਗੂ ਇਹ ਕਹੀ ਜਾਂਦੇ ਸਨ ਕਿ ਇਨ੍ਹਾਂ ਨੇ ਕਿਸਾਨਾਂ ਨੂੰ ਜਿਊਣ ਜੋਗੇ ਨਹੀਂ ਛੱਡਣਾ। ਇਸ ਬਾਰੇ ਕਿਸਾਨਾਂ ਨਾਲ ਗੱਲ ਕਰਨ ਦੀ ਥਾਂ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਜਿੱਥੇ ਧਰਨਾ ਲਾ ਕੇ ਬੈਠੇ ਸਨ, ਓਥੇ ਬੈਠੇ ਰਹਿਣ ਦਿੱਤਾ ਅਤੇ ਇਹੋ ਜਿਹਾ ਵਤੀਰਾ ਧਾਰਨ ਕਰ ਲਿਆ, ਜਿਵੇਂ ਉਸ ਨੂੰ ਉਨ੍ਹਾਂ ਦੇ ਮਰਨ-ਜਿਊਣ ਦੀ ਕੋਈ ਪ੍ਰਵਾਹ ਹੀਂ ਨਹੀਂ ਹੁੰਦੀ। ਸਬਰ ਦਾ ਪੈਮਾਨਾ ਭਰਨ ਲੱਗਾ ਤਾਂ ਕਿਸਾਨ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਕੂਚ ਕਰਨ ਲੱਗ ਪਏ। ਐਨ ਇਸ ਮੌਕੇ ਮੋਦੀ ਸਾਹਿਬ ਨੇ ਨਵਾਂ ਮੁੱਦਾ ਛੇੜ ਦਿੱਤਾ ਹੈ। ਉਨ੍ਹਾਂ ਸਮੁੱਚੇ ਭਾਰਤ ਵਿੱਚ ਇੱਕੋ ਵਾਰ ਚੋਣਾਂ ਕਰਾਉਣ ਲਈ ‘ਇੱਕ ਦੇਸ਼, ਇੱਕ ਚੋਣ’ ਦਾ ਨਾਅਰਾ ਚੁੱਕ ਦਿੱਤਾ ਹੈ, ਜਿਸ ਨਾਲ ਭਾਰਤ ਦੇ ਸਾਰੇ ਰਾਜਾਂ ਵਿੱਚ ਇਹ ਬਹਿਸ ਛਿੜ ਗਈ ਹੈ ਕਿ ਇਹੋ ਜਿਹੀ ਚੋਣ ਕਿੱਦਾਂ ਦੀ ਹੋਵੇਗੀ ਤੇ ਕਦੋਂ ਹੋਵੇਗੀ?
ਪਹਿਲਾਂ ਭਾਰਤ ਦੇ ਲੋਕਾਂ ਨੂੰ ਇਹ ਸਮਝ ਨਹੀਂ ਸੀ ਆਇਆ ਕਿ ਜਦੋਂ ਲੋਕ ਕੋਰੋਨਾ ਦੇ ਜਾਲ ਵਿੱਚ ਫਸੇ ਹੋਏ ਸਨ, ਐਨ ਓਦੋਂ ਕਿਸਾਨਾਂ ਦੇ ਪੈਰਾਂ ਨੂੰ ਬੇੜੀਆਂ ਪਾਉਣ ਵਾਲੇ ਤਿੰਨ ਕਾਨੂੰਨ ਪਾਸ ਕਰਨ ਦੀ ਕੀ ਲੋੜ ਸੀ? ਇਸ ਕੰਮ ਲਈ ਕੁਝ ਸਮਾਂ ਉਡੀਕ ਕਿਉਂ ਨਹੀਂ ਸੀ ਕੀਤੀ ਜਾ ਸਕੀ? ‘ਇਕ ਦੇਸ਼, ਇੱਕ ਚੋਣ’ ਦਾ ਮੁੱਦਾ ਵੀ ਨਵਾਂ ਨਹੀਂ। ਇਸ ਬਾਰੇ ਪਹਿਲਾਂ ਕਦੇ-ਕਦਾਈਂ ਗੱਲ ਚੱਲਦੀ ਤੇ ਰੁਕਦੀ ਰਹੀ ਹੈ। ਫਿਰ ਇਸ ਨੂੰ ਇਸੇ ਵਕਤ, ਜਦੋਂ ਕਿਸਾਨੀ ਦੇ ਭਵਿੱਖ ਦਾ ਮੁੱਦਾ ਭਖਿਆ ਪਿਆ ਹੈ, ਅਗਲੀ ਰਾਜਨੀਤਕ ਬਹਿਸ ਲਈ ਏਜੰਡੇ ਵਜੋਂ ਪੇਸ਼ ਕਰਨ ਦੀ ਕੀ ਲੋੜ ਸੀ? ਕਾਹਲ ਕਰਨ ਦੀ ਥਾਂ ਇਹ ਮੁੱਦਾ ਕੁਝ ਚਿਰ ਪਿੱਛੋਂ ਵੀ ਉਠਾਇਆ ਜਾ ਸਕਦਾ ਸੀ, ਪਰ ਇੱਕ ਰਣਨੀਤੀ ਅਧੀਨ ਇਸ ਵੇਲੇ ਪੇਸ਼ ਕੀਤਾ ਗਿਆ ਹੈ।
ਚੋਣਾਂ ਨਾਲ ਸੰਬੰਧਤ ਦੋ ਮੁੱਦੇ ਏਦਾਂ ਦੇ ਹਨ, ਜਿਹੜੇ ਇੱਕ ਖਾਸ ਸੋਚਣੀ ਹੇਠ ਕਈ ਵਾਰੀ ਪੇਸ਼ ਕੀਤੇ ਗਏ ਤੇ ਜਦੋਂ ਲੋਕਾਂ ਨੇ ਨਹੀਂ ਚੁੱਕੇ ਤਾਂ ਠੱਪੇ ਜਾਂਦੇ ਰਹੇ ਹਨ। ਇੱਕ ਮੁੱਦਾ ਕਈ ਸਾਲ ਪਹਿਲਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਹਰ ਨਾਗਰਿਕ ਲਈ ਵੋਟ ਪਾਉਣਾ ਲਾਜ਼ਮੀ ਕਰ ਦੇਣ ਦਾ ਉਛਾਲਿਆ ਤੇ ਇਹ ਤਜਵੀਜ਼ ਦਿੱਤੀ ਸੀ ਕਿ ਜਿਹੜਾ ਵੋਟ ਨਹੀਂ ਪਾਵੇਗਾ, ਉਸ ਦੇ ਲਈ ਜੇਲ੍ਹ ਦੀ ਸਜ਼ਾ ਰੱਖੀ ਜਾਵੇਗੀ। ਮੈਂ ਓਦੋਂ ਇਸ ਦੇ ਵਿਰੁੱਧ ਲਿਖਿਆ ਸੀ ਕਿ ਭਾਰਤ ਵਿੱਚ ਇਹ ਵੀ ਮਿਸਾਲਾਂ ਹਨ, ਜਿੱਥੇ ਕਿਸੇ ਚੋਣ ਵਿੱਚ ਇੱਕੋ ਹਲਕੇ ਵਿੱਚ ਦੋ ਜਾਂ ਤਿੰਨ ਮੁੱਖ ਉਮੀਦਵਾਰ ਲੁੱਚੇ-ਬਦਮਾਸ਼ ਹੀ ਖੜੇ ਹੋ ਜਾਂਦੇ ਹਨ, ਜਿੱਤਣਾ ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਹੁੰਦਾ ਸੀ, ਉਸ ਹਾਲਤ ਵਿੱਚ ਜੇ ਕੋਈ ਨਾਗਰਿਕ ਵੋਟ ਪਾਉਣ ਮਗਰੋਂ ਪੰਜ ਸਾਲ ਆਪਣੇ ਮਨ ਵਿੱਚ ਸ਼ਰਮ ਦਾ ਅਹਿਸਾਸ ਹੰਢਾਉਣ ਦੀ ਬਜਾਏ ਵੋਟ ਦੇਣ ਨਹੀਂ ਜਾਣਾ ਚਾਹੁੰਦਾ ਤਾਂ ਇਸ ਲੋਕਤੰਤਰ ਵਿੱਚ ਉਸ ਨੂੰ ਇਸ ਪ੍ਰਕਿਰਿਆ ਤੋਂ ਦੂਰ ਰਹਿਣ ਦਾ ਹੱਕ ਵੀ ਹੋਣਾ ਚਾਹੀਦਾ ਹੈ, ਉਸ ਨੂੰ ਕਿਸੇ ਇੱਕ ਬਦਮਾਸ਼ ਨੂੰ ਵੋਟ ਪਾਉਣ ਲਈ ਮਜਬੂਰ ਕਰਨਾ ਗਲਤ ਹੈ। ਉੱਤਰ ਪ੍ਰਦੇਸ਼ ਵਿੱਚ ਇੱਕ ਵਾਰ ਇੱਕੋ ਹਲਕੇ ਵਿੱਚ ਤਿੰਨ ਵੱਡੀਆਂ ਪਾਰਟੀਆਂ ਨੇ ਜਿਹੜੇ ਉਮੀਦਵਾਰ ਖੜੇ ਕੀਤੇ, ਉਹ ਤਿੰਨੇ ਕਤਲ ਕੇਸਾਂ ਵਿੱਚ ਇੱਕੋ ਜੇਲ੍ਹ ਵਿੱਚ ਬੰਦ ਸਨ ਤੇ ਜਿਹੜਾ ਇੱਕ ਜਿੱਤ ਗਿਆ, ਉਸ ਨੇ ਸਾਰੀ ਜੇਲ੍ਹ ਦੇ ਕੈਦੀਆਂ ਦੀ ਪਾਰਟੀ ਕੀਤੀ ਅਤੇ ਆਪਣੇ ਮੁਕਾਬਲੇ ਵਿੱਚ ਹਾਰੇ ਹੋਏ ਦੋਵਾਂ ਉਮੀਦਵਾਰਾਂ ਨੂੰ ਵੀ ਸ਼ਰਾਬ ਦੀਆਂ ਬੋਤਲਾਂ ਅਤੇ ਮੀਟ-ਮੁਰਗਾ ਭੇਜੇ ਸਨ। ਇਹੋ ਜਿਹੇ ਹਲਕੇ ਵਿੱਚ ਰਹਿੰਦੇ ਕਿਸੇ ਜ਼ਮੀਰ ਵਾਲੇ ਵੋਟਰ ਨੂੰ ਏਦਾਂ ਦੇ ਤਿੰਨਾਂ ਵਿੱਚੋਂ ਕਿਸੇ ਇੱਕ ਬਦਮਾਸ਼ ਜਾਂ ਕਾਤਲ ਨੂੰ ਵੋਟ ਲਈ ਮਜਬੂਰ ਕਿਉਂ ਕਰਨਾ ਚਾਹੀਦਾ ਹੈ? ਜੇ ਉਹ ਇਸ ਕਿਸਮ ਦੇ ਲੋਕਤੰਤਰੀ ਰੰਗ ਤੋਂ ਲਾਂਭੇ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਲਾਂਭੇ ਰਹਿਣ ਦਾ ਹੱਕ ਵੀ ਹੋਣਾ ਚਾਹੀਦਾ ਹੈ।
ਜਿਹੜਾ ‘ਇੱਕ ਦੇਸ਼, ਇੱਕ ਚੋਣ’ ਦਾ ਮੁੱਦਾ ਇਸ ਹਫਤੇ ਨਰਿੰਦਰ ਮੋਦੀ ਨੇ ਚੁੱਕਿਆ ਹੈ, ਇਹ ਵੀ ਬੇਹੀ ਕੜ੍ਹੀ ਦਾ ਉਬਾਲਾ ਹੈ। ਕਈ ਸਾਲ ਪਹਿਲਾਂ ਇਹੋ ਵਿਚਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਵਾਜਪਾਈ ਸਰਕਾਰ ਦੇ ਵਕਤ ਉਭਾਰ ਕੇ ਪੇਸ਼ ਕੀਤਾ ਸੀ, ਪਰ ਓਦੋਂ ਵਿਰੋਧ ਹੁੰਦਾ ਵੇਖ ਕੇ ਛੱਡਣਾ ਪਿਆ ਸੀ। ਅੱਜ ਜਦੋਂ ਨਰਿੰਦਰ ਮੋਦੀ ਨੂੰ ਪਤਾ ਹੈ ਕਿ ਉਸ ਦੇ ਵਿਰੋਧ ਵਿੱਚ ਬੋਲਣ ਦੀ ਜੁਰਅੱਤ ਕਰਨ ਵਾਲੇ ਬਹੁਤੇ ਲੋਕ ਨਹੀਂ ਰਹਿ ਗਏ ਤਾਂ ਆਪਣੇ ਸਿਆਸੀ ਗੁਰੂ ਅਡਵਾਨੀ ਵਾਲੀ ਧਾਰਨਾ ਫਿਰ ਪੇਸ਼ ਕਰ ਦਿੱਤੀ ਹੈ। ਇਹੋ ਧਾਰਨਾ ਉਨ੍ਹਾਂ ਨੇ ਚਾਰ ਸਾਲ ਪਹਿਲਾਂ ਵੀ ਚੁੱਕੀ ਸੀ, ਪਰ ਨਬਜ਼ ਟੋਹਣ ਪਿੱਛੋਂ ਛੱਡ ਦਿੱਤੀ ਗਈ ਸੀ। ਇਸ ਵਾਰ ਫਿਰ ਜਿਵੇਂ ਉਛਾਲੀ ਗਈ ਹੈ, ਇਸ ਦੇ ਨਾਲ ਬਹਿਸ ਛਿੜ ਗਈ ਹੈ। ਅਮਰੀਕਾ ਵੱਲ ਝੁਕਦੇ ਹੋਣ ਕਾਰਨ ਭਾਜਪਾ ਆਗੂ ਬਹੁਤ ਚਿਰਾਂ ਤੋਂ ਸਿਰਫ ‘ਇੱਕ ਦੇਸ਼, ਇੱਕ ਚੋਣ’ ਹੀ ਨਹੀਂ, ਅਮਰੀਕਾ ਵਾਂਗ ਦੇਸ਼ ਦੇ ਵੋਟਰਾਂ ਵੱਲੋਂ ਰਾਸ਼ਟਰਪਤੀ ਦੀ ਸਿੱਧੀ ਚੋਣ ਅਤੇ ਉਸ ਰਾਸ਼ਟਰਪਤੀ ਦੇ ਹੱਥ ਸਾਰੀ ਤਾਕਤ ਹੋਣ ਵਾਲਾ ਰਾਜ ਪ੍ਰਬੰਧ ਵੀ ਲਾਗੂ ਹੋਇਆ ਮੰਗਦੇ ਰਹੇ ਹਨ। ਇਸ ਪਿੱਛੇ ਇੱਕ ਖਾਸ ਰਾਜਨੀਤੀ ਇਹ ਹੈ ਕਿ ਅੱਧ-ਪੜ੍ਹੀ ਅਤੇ ਆਪੋ-ਆਪਣੇ ਫਿਰਕੇ ਦੇ ਨਾਂਅ ਉੱਤੇ ਲੜਨ ਲਈ ਤਿਆਰ ਰਹਿੰਦੀ ਇਸ ਦੇਸ਼ ਦੀ ਜਨਤਾ ਵਿੱਚੋਂ ਬਹੁ-ਗਿਣਤੀ ਧਰਮ ਦੇ ਲੋਕਾਂ ਨੂੰ ਧਾਰਮਿਕਤਾ ਦਾ ਰੰਗ ਚਾੜ੍ਹ ਕੇ ਇੱਕੋ ਧਰਮ ਦਾ ਰਾਜ ਕਾਇਮ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹ ਨੀਤੀ ਅਜੇ ਤੱਕ ਕਾਮਯਾਬ ਨਹੀਂ ਹੋਈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਛੱਡ ਦਿੱਤੀ ਹੈ, ਕੁਝ ਚਿਰ ਬਾਅਦ ਇਹੋ ਮੁੱਦਾ ਫਿਰ ਉੱਠ ਸਕਦਾ ਹੈ।
ਜਿੱਥੋਂ ਤੱਕ ‘ਇੱਕ ਦੇਸ਼, ਇੱਕ ਚੋਣ’ ਦੀ ਪ੍ਰਣਾਲੀ ਦਾ ਸਵਾਲ ਹੈ, ਉਹ ਭਾਰਤ ਵਰਗੇ ਰਾਜਾਂ ਦੀ ਰਾਜਨੀਤੀ ਅੰਦਰ ਅਸਥਿਰਤਾ ਵਾਲੇ ਮਾਹੌਲ ਵਿੱਚ ਫਿੱਟ ਨਹੀਂ ਬੈਠ ਸਕਦਾ, ਪਰ ਮੌਜੂਦਾ ਹਾਲਾਤ ਵਿੱਚ ਭਾਜਪਾ ਨੂੰ ਠੀਕ ਰਹੇਗਾ। ਏਦਾਂ ਦੀ ਧਾਰਨਾ ਹੇਠ ਜੇ ਸਾਰੇ ਦੇਸ਼ ਵਿੱਚ ਇੱਕੋ ਵਾਰ ਚੋਣਾਂ ਹੋਣ ਤੇ ਫਿਰ ਪੰਜ ਸਾਲ ਤੱਕ ਕੋਈ ਚੋਣ ਨਾ ਹੋਣੀ ਨਾ ਹੋਵੇ ਤਾਂ ਅਗਲੀ ਸਮੱਸਿਆ ਇਹ ਹੈ ਕਿ ਕਿਸੇ ਰਾਜ ਵਿੱਚ ਕੋਈ ਪਾਰਟੀ ਪਾਟ ਗਈ ਤੇ ਕਿਸੇ ਧਿਰ ਨਾਲ ਬਹੁ-ਸੰਮਤੀ ਨਾ ਹੋਣ ਦੀ ਹਾਲਤ ਬਣ ਜਾਵੇਗੀ ਤਾਂ ਕੀ ਹੋਵੇਗਾ? ਓਥੇ ਕਿਸੇ ਧਿਰ ਕੋਲ ਬਹੁ-ਸੰਮਤੀ ਨਾ ਰਹੀ ਤੇ ਕੋਈ ਵੀ ਸਰਕਾਰ ਹੀ ਨਾ ਬਣ ਸਕੀ ਤਾਂ ਰਾਜ ਕੌਣ ਚਲਾਵੇਗਾ? ਸਾਫ ਹੈ ਕਿ ਓਦੋਂ ਪੰਜ ਸਾਲ ਪੂਰੇ ਹੋਣ ਤੱਕ ਨਵੀਂ ਚੋਣ ਕਰਵਾਉਣ ਦੀ ਕੋਈ ਵਿਚਾਰ ਨਹੀਂ ਕੀਤੀ ਜਾਵੇਗੀ, ਸਗੋਂ ਕੇਂਦਰ ਸਰਕਾਰ ਓਥੇ ਰਾਸ਼ਟਰਪਤੀ ਰਾਜ ਲਾਗੂ ਕਰੇਗੀ ਅਤੇ ਕਿਸੇ ਹਾਰੇ ਹੋਏ ਆਗੂ ਨੂੰ ਗਵਰਨਰ ਲਾ ਕੇ ਉਸ ਦੇ ਰਾਹੀਂ ਆਪਣੀ ਬਹੁ-ਸੰਮਤੀ ਦੇ ਬਗੈਰ ਵੀ ਦਿੱਲੀ ਵਿੱਚੋਂ ਉਸ ਰਾਜ ਦੀ ਸਰਕਾਰ ਚਲਾਵੇਗੀ।
ਦੂਸਰੀ ਸਮੱਸਿਆ ਇਹ ਹੈ ਕਿ ਫਰਜ਼ ਕਰੋ ਕਿ ਕੇਂਦਰ ਦੀ ਸਰਕਾਰ ਕਿਸੇ ਉਲਝਣ ਵਿੱਚ ਫਸ ਕੇ ਟੁੱਟ ਜਾਂਦੀ ਤੇ ਪਾਰਲੀਮੈਂਟ ਚੋਣ ਕਰਵਾਉਣੀ ਪੈ ਜਾਂਦੀ ਹੈ। ਇਹ ਸਮੱਸਿਆ ਕੇਂਦਰ ਸਰਕਾਰ ਦੀ ਹੋਵੇਗੀ, ਪਰ ‘ਇੱਕ ਦੇਸ਼, ਇੱਕ ਚੋਣ’ ਦਾ ਫਾਰਮੂਲਾ ਹੋਣ ਕਾਰਨ ਠੀਕ-ਠਾਕ ਚੱਲਦੇ ਹੋਣ ਦੇ ਬਾਵਜੂਦ ਸਾਰੀਆਂ ਵਿਧਾਨ ਸਭਾਵਾਂ ਤੋੜਨ ਤੇ ਹਰ ਰਾਜ ਦੇ ਲਈ ਨਵੀਂਆਂ ਵਿਧਾਨ ਸਭਾ ਚੋਣਾਂ ਕਰਾਉਣ ਦਾ ਕਜ਼ੀਆ ਕਰਨਾ ਪੈ ਜਾਵੇਗਾ। ਜਿਹੜੇ ਰਾਜ ਠੀਕ ਚੱਲ ਰਹੇ ਹਨ, ਉਨ੍ਹਾਂ ਦੇ ਲੋਕਾਂ ਨੂੰ ਕੇਂਦਰ ਦੀ ਸਰਕਾਰ ਟੁੱਟਣ ਦੀ ਸਜ਼ਾ ਕਿਸ ਲਈ ਦਿੱਤੀ ਜਾਵੇਗੀ, ਪਤਾ ਨਹੀਂ। ਸਭ ਤੋਂ ਵੱਡੀ ਗੱਲ ਤਾਂ ਇਹ ਕਿ ਅੱਜ ਇਹ ਫਾਰਮੂਲਾ ਲਾਗੂ ਕਰਨ ਦੀ ਤਜਵੀਜ਼ ਪਾਸ ਹੁੰਦੀ ਹੈ ਤਾਂ ਪੰਜਾਬ ਨੂੰ ਬਹੁਤਾ ਫਰਕ ਨਹੀਂ ਪੈਣਾ, ਏਥੇ ਵਿਧਾਨ ਸਭਾ ਚੋਣਾਂ ਵਿੱਚ ਉਂਜ ਵੀ ਮਸਾਂ ਸਵਾ ਸਾਲ ਬਾਕੀ ਹੈ, ਪਰ ਜਿਸ ਬਿਹਾਰ ਦੀ ਚੋਣ ਹਾਲੇ ਪੰਝੀ ਦਿਨ ਪਹਿਲਾਂ ਨਿੱਬੜੀ ਹੈ, ਉਸ ਰਾਜ ਦੀ ਵਿਧਾਨ ਸਭਾ ਵੀ ਅੱਜ ਜਾਂ ਅਗਲੇ ਸਾਲ ਜਾਂ ਵੱਧ ਤੋਂ ਵੱਧ ਅਗਲੇਰੇ ਸਾਲ ਮਿਆਦ ਹੰਢਾਉਣ ਤੋਂ ਬਿਨਾਂ ਤੋੜ ਕੇ ਫਿਰ ਪਾਰਲੀਮੈਂਟ ਦੇ ਨਾਲ ਚੋਣਾਂ ਕਰਾਈਆਂ ਜਾਣਗੀਆਂ। ਇਹ ਓਥੋਂ ਦੇ ਲੋਕਾਂ ਨੂੰ ਸਜ਼ਾ ਦੇਣ ਬਰਾਬਰ ਹੋਵੇਗਾ। ਇਹ ਸਭ ਵਿਚਾਰ ਇਸ ਵਕਤ ਬਹਿਸ ਦਾ ਮੁੱਦਾ ਬਣ ਰਹੇ ਹਨ, ਪਰ ਜਿਸ ਪ੍ਰਧਾਨ ਮੰਤਰੀ ਨੇ ਇਨ੍ਹਾਂ ਵਿਚਾਰਾਂ ਦਾ ਸ਼ੋਸ਼ਾ ਛੱਡਿਆ ਹੈ, ਅਜੋਕੀ ਬੋਲੀ ਵਿੱਚ ਇੱਕ ਨਵਾਂ ਜੁਮਲਾ ਪੇਸ਼ ਕੀਤਾ ਹੈ, ਉਸ ਨੇ ਇਸ ਉੱਤੇ ਕਾਇਮ ਰਹਿਣਾ ਹੈ ਜਾਂ ਇਸ ਬਹਿਸ ਦੌਰਾਨ ਕੋਈ ਨਵਾਂ ਜੁਮਲਾ ਲਿਆ ਪੇਸ਼ ਕਰਨਾ ਹੈ, ਇਹ ਵੀ ਦੇਸ਼ ਦੇ ਲੋਕ ਕਦੇ ਨਹੀਂ ਜਾਣ ਸਕਦੇ। ਹਰ ਗੱਲ ਆਣਕਿਆਸੇ ਢੰਗ ਨਾਲ ਕਹਿਣ ਅਤੇ ਕਰਨ ਦੇ ਆਦੀ ਇਸ ਪ੍ਰਧਾਨ ਮੰਤਰੀ ਦਾ ਅਸਲ ਇਰਾਦਾ ਦੋ ਵਿਅਕਤੀਆਂ ਵਿਚਾਲੇ ਸਿੱਧੀਆਂ ਵੋਟਾਂ ਦੇ ਮੁਕਾਬਲੇ ਵਿੱਚ ਉੱਭਰ ਕੇ ਉਹੋ ਜਿਹਾ ਰਾਸ਼ਟਰਪਤੀ ਬਣਨ ਦਾ ਹੈ, ਜਿਹੜਾ ਪਾਰਲੀਮੈਂਟ ਦੀਆਂ ਪਾਸ ਕੀਤੀਆਂ ਤਜਵੀਜ਼ਾਂ ਨੂੰ ਰੱਦ ਕਰਨ ਅਤੇ ਮਰਜ਼ੀ ਮੁਤਾਬਕ ਦੇਸ਼ ਚਲਾਉਣ ਦੀ ਤਾਕਤ ਰੱਖਦਾ ਹੋਵੇ। ਇਰਾਦਾ ਤਾਂ ਬਹੁਤ ਲੰਮੀ ਛਾਲ ਮਾਰਨ ਦਾ ਹੈ, ਪਰ ਕੀ ਭਾਰਤ ਦੇ ਲੋਕ ਇਸ ਲਈ ਰਾਜ਼ੀ ਹੋ ਸਕਣਗੇ, ਇਸ ਸਵਾਲ ਦਾ ਜਵਾਬ ਭਵਿੱਖ ਦੀ ਕੁੱਖ ਵਿੱਚ ਹੈ।

Continue Reading

ਲੇਖ

ਧਰਮ-ਨਿਰਪੱਖ ਵਿਰਾਸਤ ਦੇ ਖਤਰੇ ਵਕਤ ‘ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈਂ, ਕਹਾਂ ਹੈਂ…’ -ਜਤਿੰਦਰ ਪਨੂੰ

Published

on

pannu article

ਭਾਰਤ ਦੀ ਰਾਜਨੀਤੀ ਉਸ ਲੀਹ ਤੋਂ ਲੱਥ ਚੁੱਕੀ ਹੈ, ਜਿਹੜੀ ਇਸ ਨੇ ਆਜ਼ਾਦੀ ਸੰਘਰਸ਼ ਦੌਰਾਨ ਕਈ ਨੁਕਸਾਂ ਦੇ ਬਾਵਜੂਦ ਲੰਮਾ ਸਮਾਂ ਫੜੀ ਰੱਖੀ ਸੀ। ਇਹ ਲੀਹ ਧਰਮ-ਨਿਰਪੱਖਤਾ ਦੀ ਸੀ। ਅੰਗਰੇਜ਼ੀ ਰਾਜ ਅੱਗੇ ਬੁਰੀ ਤਰ੍ਹਾਂ ਝੁਕੇ ਹੋਏ ਇਸ ਦੇਸ਼ ਅੰਦਰ ਆਜ਼ਾਦੀ ਲਹਿਰ ਦੌਰਾਨ ਜਿਸ ਧਰਮ-ਨਿਰਪੱਖਤਾ ਅਤੇ ਕੌਮੀ ਭਾਵਨਾ ਦੀ ਲੋੜ ਸੀ, ਉਸ ਦਾ ਪ੍ਰਗਟਾਵਾ ਸ਼ਾਇਰ ਇਕਬਾਲ ਨੇ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਵਿੱਚ ਇਨ੍ਹਾਂ ਸ਼ਬਦਾਂ ਨਾਲ ਕੀਤਾ ਸੀ: ‘ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ, ਹਿੰਦੀ ਹੈਂ ਹਮ ਵਤਨ ਹੈ ਹਿੰਦੁਸਤਾਂ ਹਮਾਰਾ’। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਉਹ ਵੀ ਫਿਰਕੇਦਾਰੀ ਦੀ ਪਾਣ ਚੜ੍ਹਨ ਪਿੱਛੋਂ ਵੱਖਰੇ ਇਸਲਾਮੀ ਦੇਸ਼ ਦੀ ਮੰਗ ਕਰਨ ਲੱਗ ਪਿਆ ਤੇ ਉਸ ਵਕਤ ਉਸ ਨੇ ‘ਚੀਨ-ਓ-ਅਰਬ ਹਮਾਰਾ, ਹਿੰਦੁਸਤਾਂ ਹਮਾਰਾ, ਮੁਸਲਿਮ ਹੈਂ ਹਮ ਵਤਨ ਹੈ ਸਾਰਾ ਜਹਾਂ ਹਮਾਰਾ’ ਲਿਖ ਦਿੱਤਾ ਸੀ, ਪਰ ਭਾਰਤ ਦੀ ਆਜ਼ਾਦੀ ਲਹਿਰ ਦੀ ਕੇਂਦਰੀ ਲੀਹ ਧਰਮ-ਨਿਰਪੱਖਤਾ ਰਹੀ ਸੀ। ਦੇਸ਼ ਆਜ਼ਾਦ ਹੋਣ ਪਿੱਛੋਂ ਵੀ ਇਸ ਦੀ ਵਾਗ ਉਨ੍ਹਾਂ ਲੋਕਾਂ ਹੱਥ ਆਈ ਸੀ, ਜਿਹੜੇ ਧਰਮ-ਨਿਰਪੱਖ ਸਨ। ਜਵਾਹਰ ਲਾਲ ਨਹਿਰੂ ਦੇ ਨਾਲ ਬੇਸ਼ੱਕ ‘ਪੰਡਿਤ’ ਲਿਖਿਆ-ਬੋਲਿਆ ਜਾਂਦਾ ਸੀ, ਪਰ ਉਹ ਗਿਆਨ ਦਾ ਪੰਡਿਤ ਸੀ, ਧਰਮ ਦੇ ਪੱਖੋਂ ਓਹੋ ਜਿਹਾ ਪੰਡਿਤ ਕਦੇ ਨਹੀਂ ਬਣਿਆ, ਜਿਹੜਾ ਸਿਰਫ ਆਪਣੇ ਧਰਮ ਨੂੰ ਉੱਚਾ ਅਤੇ ਹੋਰਨਾਂ ਨੂੰ ਨੀਂਵਾਂ ਮੰਨਦਾ ਹੋਵੇ। ਉਸ ਨਾਲ ਜੁੜੇ ਹੋਰ ਵੱਡੇ ਆਗੂਆਂ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਵੀ ਸ਼ਾਮਲ ਸੀ, ਜਿਸ ਦੇ ਨਾਂਅ ਨਾਲ ‘ਮੌਲਾਨਾ’ ਜੁੜਿਆ ਹੋਣ ਦੇ ਬਾਵਜੂਦ ਆਪਣੇ ਧਰਮ ਦੇ ਹੋਰ ਮੌਲਾਣਿਆਂ ਵਾਂਗ ਧਰਮ ਦੇ ਨਾਂਅ ਉੱਤੇ ਵੱਖਰੇ ਦੇਸ਼ ਦੀ ਧਾਰਨਾ ਨਾਲ ਜੁੜਨ ਦੀ ਥਾਂ ਇਸ ਸੋਚ ਦੇ ਵਿਰੋਧ ਵਿੱਚ ਆਖਰ ਤੱਕ ਡਟਿਆ ਰਿਹਾ ਸੀ। ਉਸ ਨੇ ਕਿਹਾ ਸੀ ਕਿ ਇਸ ਦੇਸ਼ ਦੇ ਸੱਭਿਆਚਾਰ ਦੀ ਗੰਗਾ-ਜਮਨੀ ਤਹਿਜ਼ੀਬ ਏਥੇ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਸਾਂਝ ਦੇ ਕਾਰਨ ਹੈ, ਅਸੀਂ ਇਸ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦੇ। ਇਹ ਆਜ਼ਾਦੀ ਲਹਿਰ ਦੀ ਵਿਰਾਸਤ ਦਾ ਨਤੀਜਾ ਸੀ ਕਿ ਆਜ਼ਾਦ ਦੇਸ਼ ਦੇ ਮੁੱਢਲੇ ਆਗੂ ਧਰਮ-ਨਿਰਪੱਖ ਹੋਣ ਦੀ ਇਸ ਉੱਚ ਪੱਧਰੀ ਸੋਚ ਤੱਕ ਪਹੁੰਚੇ ਹੋਏ ਸਨ ਅਤੇ ਜ਼ਰਾ ਜਿੰਨੀ ਡਾਵਾਂਡੋਲਤਾ ਨਹੀਂ ਸੀ ਵਿਖਾਉਂਦੇ। ਅਫਸੋਸ ਕਿ ਜਿਸ ਪਾਰਟੀ ਦੇ ਮੁੱਢਲੇ ਆਗੂ ਏਨੀ ਉੱਚੀ ਸੋਚ ਵਾਲੇ ਸਨ, ਉਸ ਦੀ ਅਗਲੀ ਪੀੜ੍ਹੀ ਨੇ ਭਾਰਤ ਨੂੰ ਕੁਰਾਹੇ ਪਾ ਛੱਡਿਆ।
ਅੱਜ ਦੇ ਭਾਰਤ ਦੀ ਲੀਡਰਸ਼ਿਪ ਇਹ ਸੋਚਣ ਉੱਤੇ ਮਗਜ਼-ਪੱਚੀ ਕਰਨਾ ਫਜ਼ੂਲ ਸਮਝਣ ਲੱਗੀ ਹੈ ਕਿ ਇਸ ਦੇਸ਼ ਵਿੱਚ ਸਾਰੇ ਲੋਕ ਬਰਾਬਰ ਹੋਣੇ ਚਾਹੀਦੇ ਹਨ। ਇੱਕ ਧਰਮ ਦੇ ਬੋਲ-ਬਾਲੇ ਵਾਲਾ ਰਾਜ ਕਿਹੋ ਜਿਹਾ ਹੋ ਸਕਦਾ ਹੈ, ਏਦਾਂ ਦੇ ਸਵਾਲ ਪੁੱਛਣਾ ਅੱਜ ਬੇਲੋੜਾ ਹੁੰਦਾ ਜਾਂਦਾ ਹੈ। ਰਾਜ-ਦਰਬਾਰ ਅਤੇ ਪ੍ਰਸ਼ਾਸਨ ਹੀ ਨਹੀਂ, ਅਦਾਲਤੀ ਫੈਸਲਿਆਂ ਤੱਕ ਇਹੀ ਝਲਕ ਦਿਖਾਈ ਦੇਂਦੀ ਹੈ। ਅਸੀਂ ਅਮਰੀਕਾ ਵਰਗੇ ਦੇਸ਼ਾਂ ਬਾਰੇ ਇਹ ਪੜ੍ਹ ਕੇ ਹੈਰਾਨ ਹੁੰਦੇ ਰਹੇ ਸਾਂ ਕਿ ਓਥੇ ਇੱਕੋ ਕਸੂਰ ਬਦਲੇ ਗੋਰੇ ਨੂੰ ਘੱਟ ਸਜ਼ਾ ਅਤੇ ਗੈਰ-ਗੋਰੇ ਨੂੰ ਵੱਧ ਸਜ਼ਾ ਦਿੱਤੀ ਜਾਣ ਦੀਆਂ ਰਿਪੋਰਟ ਹਨ ਤੇ ਪੁਲਸ ਪੜਤਾਲ ਵਿੱਚ ਵੀ ਇਹੋ ਕੁਝ ਹੋਈ ਜਾਂਦਾ ਹੈ। ਅੱਜ ਭਾਰਤ ਵਿੱਚ ਵੀ ਇਹੋ ਕੁਝ ਹੁੰਦਾ ਦਿੱਸ ਰਿਹਾ ਹੈ। ਪੁਲਸ ਜਾਂਚ ਤੋਂ ਅਦਾਲਤੀ ਫੈਸਲਿਆਂ ਤੱਕ ਕੇਂਦਰ ਦੇ ਹਾਕਮਾਂ ਦੀ ਧਰਮ-ਧਾਰਨਾ ਵਾਲੇ ਲੋਕਾਂ ਅਤੇ ਇਸ ਧਾਰਨਾ ਦਾ ਵਿਰੋਧ ਕਰਨ ਵਾਲੇ ਲੋਕਾਂ ਲਈ ਵਖਰੇਵਾਂ ਸਾਫ ਨਜ਼ਰ ਆਉਣ ਲੱਗ ਪਿਆ ਹੈ। ਰਾਜਨੀਤੀ ਦਾ ਇਹ ਰੰਗ ਭਾਰਤੀ ਸਮਾਜ ਉੱਤੇ ਜਿਸ ਹੱਦ ਤੱਕ ਚੜ੍ਹ ਚੁੱਕਾ ਹੈ ਅਤੇ ਦਿਨੋ-ਦਿਨ ਹੋਰ ਗਹਿਰਾ ਹੁੰਦਾ ਜਾਂਦਾ ਹੈ, ਇਸ ਦੇ ਲਈ ਪਹਿਲਾ ਦੋਸ਼ ਉਨ੍ਹਾਂ ਲੋਕਾਂ ਸਿਰ ਹੀ ਜਾਂਦਾ ਹੈ, ਜਿਹੜੇ ਕਿਸੇ ਵੇਲੇ ਇਸ ਦੇਸ਼ ਦੀ ਧਰਮ-ਨਿਰਪੱਖਤਾ ਦੀ ਮਿਸਾਲ ਬਣਨ ਵਾਲੇ ਪ੍ਰਮੁੱਖ ਆਗੂਆਂ ਦੇ ਸਿਆਸੀ ਵਾਰਸ ਹਨ।
ਅਸੀਂ ਪਹਿਲਾਂ ਕਹਿ ਆਏ ਹਾਂ ਕਿ ਜਵਾਹਰ ਲਾਲ ਨਹਿਰੂ ਦੇ ਨਾਂਅ ਨਾਲ ‘ਪੰਡਿਤ’ ਲੱਗਣ ਦੇ ਬਾਵਜੂਦ ਉਹ ਸਦਾ ਧਰਮ-ਨਿਰਪੱਖ ਰਿਹਾ ਤੇ ਧਰਮ ਨੂੰ ਰਾਜਨੀਤੀ ਤੋਂ ਏਨਾ ਦੂਰ ਰੱਖਦਾ ਸੀ ਕਿ ਕਦੇ ਕਿਸੇ ਧਰਮ ਅਸਥਾਨ ਨਹੀਂ ਜਾਂਦਾ ਸੀ। ਕਹਿੰਦੇ ਹਨ ਕਿ ਪੁਰਖਿਆਂ ਦੀ ਸੋਚ ਦੀ ਜੜ੍ਹ ਕਈ ਪੀੜ੍ਹੀਆਂ ਤੱਕ ਜਾਂਦੀ ਹੈ, ਪਰ ਜਵਾਹਰ ਲਾਲ ਨਹਿਰੂ ਦੇ ਜੀਨ ਦੀ ਜੜ੍ਹ ਪਹਿਲੀ ਪੀੜ੍ਹੀ ਇੰਦਰਾ ਗਾਂਧੀ ਨਾਲ ਵੀ ਨਹੀਂ ਨਿਭੀ। ਆਪਣੇ ਬਾਪ ਤੋਂ ਉਲਟ ਉਹ ਸਿਰਫ ਕੁਰਸੀ ਕਾਇਮ ਰੱਖਣ ਵਾਸਤੇ ਕਿਸੇ ਵੀ ਧਰਮ ਅਸਥਾਨ ਵਿੱਚ ਮੱਥਾ ਟੇਕਣ ਤੁਰੀ ਰਹਿੰਦੀ ਸੀ ਅਤੇ ਨਾਲ ਦੀ ਨਾਲ ਧਰਮਾਂ ਦੇ ਭੇੜ ਕਰਾਉਣ ਦੇ ਗਲਤ ਰਾਹੇ ਪੈ ਗਈ ਸੀ। ਪੰਜਾਬ ਦੀ ਜਿਹੜੀ ਸਮੱਸਿਆ ਪੰਝੀ ਹਜ਼ਾਰ ਤੋਂ ਵੱਧ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣੀ, ਉਹ ਵੀ ਇੰਦਰਾ ਗਾਂਧੀ ਅਤੇ ਉਸ ਦੇ ਦੁਆਲੇ ਜੁੜੀ ਜੁੰਡੀ ਦੀਆਂ ਰਾਜਨੀਤਕ ਤਿਕੜਮਾਂ ਦਾ ਨਤੀਜਾ ਸੀ ਤੇ ਫਿਰ ਜਦੋਂ ਉਹ ਖੁਦ ਜਿੰæਦਾ ਨਾ ਰਹੀ ਤਾਂ ਬਹੁ-ਗਿਣਤੀ ਧਰਮ ਦੇ ਲੋਕਾਂ ਨੂੰ ਕੱਟੜਪੁਣੇ ਦੀ ਚੋਭ ਲਾਉਣ ਦਾ ਕੰਮ ਉਸ ਦੇ ਪੁਤਰ ਰਾਜੀਵ ਗਾਂਧੀ ਨੇ ਵੀ ਇਸ ਇਰਾਦੇ ਨਾਲ ਕੀਤਾ ਸੀ ਕਿ ਇਸ ਤਰ੍ਹਾਂ ਰਾਜ-ਗੱਦੀ ਦੀ ਹੰਢਣਸਾਰਤਾ ਵਧ ਜਾਵੇਗੀ। ਨਤੀਜਾ ਇਸ ਦਾ ਇਹ ਹੋਇਆ ਕਿ ਉਸ ਧਰਮ ਵਿੱਚ ਉਨ੍ਹਾਂ ਤੋਂ ਵੱਧ ਤਿੱਖੀਆਂ ਸੁਰਾਂ ਕੱਢਣ ਵਾਲਿਆਂ ਨੂੰ ਮੌਕਾ ਨਸੀਬ ਹੋ ਗਿਆ ਤੇ ਭਾਰਤ ਵਿੱਚ ਧਰਮ-ਨਿਰਪੱਖਤਾ ਦੇ ਜੜ੍ਹੀਂ ਤੇਲ ਦਿੱਤਾ ਹੋਣ ਕਰ ਕੇ ਉਹ ਧਿਰ ਲੰਮੀਆਂ ਰਾਜਸੀ ਪੁਲਾਂਘਾਂ ਪੁੱਟਣ ਲੱਗ ਪਈ, ਜਿਸ ਨੂੰ ਦੇਸ਼ ਦੇ ਲੋਕ ਕਈ ਵਾਰ ਰੱਦ ਕਰ ਚੁੱਕੇ ਸਨ। ਉਸ ਧਿਰ ਦੀ ਉਠਾਣ ਦਾ ਪੜੁੱਲ ਇਨ੍ਹਾਂ ਚੁਸਤੀਆਂ ਨੇ ਹੀ ਬੰਨ੍ਹਿਆ ਸੀ।
ਅੱਜ ਤੋਂ ਪੰਝੀ-ਸਾਲ ਪਹਿਲਾਂ ਜਦੋਂ ਇਹ ਕਿਹਾ ਜਾਂਦਾ ਸੀ ਕਿ ਗਲਤ ਧਾਰਨਾਵਾਂ ਵਿੱਚੋਂ ਰਾਜਸੀ ਲਾਭ ਲੈਣ ਦੇ ਰਾਹ ਪਈ ਕਾਂਗਰਸ ਲੀਡਰਸ਼ਿਪ ਆਪਣਾ ਵੀ ਨੁਕਸਾਨ ਕਰੇਗੀ ਅਤੇ ਦੇਸ਼ ਦਾ ਵੀ ਕਰਾਵੇਗੀ ਤਾਂ ਕਈ ਲੋਕਾਂ ਨੂੰ ਇਹ ਕਹਿਣਾ ਚੰਗਾ ਨਹੀਂ ਸੀ ਲੱਗਦਾ। ਉਨ੍ਹਾਂ ਨੂੰ ਇਹ ਗੱਲ ਸੁਣਨੀ ਮਨਜ਼ੂਰ ਨਹੀਂ ਸੀ ਕਿ ਜਿਹੜੇ ਕਾਂਗਰਸੀ ਅੱਜ ਇਸ ਪਾਰਟੀ ਵਿੱਚ ਰਹਿ ਕੇ ਇਹ ਖੇਡਾਂ ਖੇਡ ਰਹੇ ਹਨ, ਉਹ ਕੱਲ੍ਹ-ਕਲੋਤਰ ਨੂੰ ਬਹੁ-ਗਿਣਤੀ ਭਾਈਚਾਰੇ ਦੇ ਨਾਂਅ ਉੱਤੇ ਰਾਜਨੀਤੀ ਕਰਨ ਦੇ ਝੰਡਾ-ਬਰਦਾਰਾਂ ਨਾਲ ਜਾ ਮਿਲਣਗੇ। ਅੱਜ ਇਹ ਸਭ ਕੁਝ ਸਾਡੇ ਸਾਹਮਣੇ ਹੈ। ਕਿਸੇ ਵੀ ਰਾਜ ਵਿੱਚ ਵੇਖ ਲਵੋ ਤਾਂ ਭਾਜਪਾ ਵਿੱਚ ਕਾਂਗਰਸੀਆਂ ਦੀ ਉਹ ਧਾੜ ਆਰਾਮ ਨਾਲ ਲੱਭ ਜਾਵੇਗੀ, ਜਿਹੜੀ ਕਾਂਗਰਸੀ ਰਾਜ ਵਿੱਚ ਅੰਗੂਰੀ ਚਰਦੀ ਤੇ ਧਰਮ-ਨਿਰਪੱਖਤਾ ਦੇ ਓਹਲੇ ਹੇਠ ਇੱਕ ਖਾਸ ਸੋਚ ਵਾਲੇ ਲੋਕਾਂ ਨਾਲ ਸਾਂਝਾਂ ਰੱਖੀ ਜਾਂਦੀ ਸੀ। ਗੋਆ ਵਰਗੇ ਧਰਮ-ਨਿਰਪੱਖ ਦਿੱਖ ਵਾਲੇ ਰਾਜ ਵਿੱਚ ਪਿਛਲੀ ਵਾਰੀ ਕਾਂਗਰਸ ਦੇ ਸਤਾਰਾਂ ਵਿਧਾਇਕ ਜਿੱਤੇ ਸਨ, ਚੌਦਾਂ ਜਣੇ ਭਾਜਪਾ ਦੇ ਨਾਲ ਚਲੇ ਗਏ ਅਤੇ ਤਿੰਨ ਮਸਾਂ ਇਸ ਪਾਰਟੀ ਵਿੱਚ ਟਿਕੇ ਰਹੇ ਹਨ। ਮੱਧ ਪ੍ਰਦੇਸ਼ ਵਿੱਚੋਂ ਬਾਈ ਵਿਧਾਇਕ ਇੱਕੋ ਛੜੱਪੇ ਵਿੱਚ ਆਪਣੀ ਧਰਮ-ਨਿਰਪੱਖਤਾ ਨੂੰ ਕੂੜੇਦਾਨ ਵਿੱਚ ਸੁੱਟ ਕੇ ਭਾਜਪਾ ਵਿੱਚ ਚਲੇ ਗਏ ਸਨ। ਇਹ ਸਭ ਸਹਿਜ-ਸੁਭਾਅ ਨਹੀਂ ਹੋ ਗਿਆ।
ਅਸੀਂ ਫਿਰ ਓਸੇ ਗੱਲ ਉੱਤੇ ਆਈਏ, ਜਿੱਥੋਂ ਕਹਾਣੀ ਸ਼ੁਰੂ ਕੀਤੀ ਸੀ। ਅੱਜ ਦਾ ਭਾਰਤ ਪਹਿਲਾਂ ਵਾਲੀ ਪਟੜੀ ਤੋਂ ਲੱਥ ਚੁੱਕਾ ਅਤੇ ਉਸ ਲੀਹ ਉੱਤੇ ਪੈ ਚੁੱਕਾ ਹੈ, ਜਿੱਥੇ ਧਰਮ-ਨਿਰਪੱਖਤਾ ਨੂੰ ਚਿੜਾਇਆ ਜਾਂਦਾ ਹੈ। ਭਾਰਤੀ ਸਮਾਜ ਵਿੱਚ ਵੰਡੀਆਂ ਪਾਉਣ ਵਾਲੇ ਲੋਕ ਉਲਟਾ ਦੂਸਰਿਆਂ ਨੂੰ ‘ਟੁਕੜੇ-ਟੁਕੜੇ ਗੈਂਗ’ ਆਖ ਕੇ ਭਾਰਤੀ ਲੋਕਾਂ ਸਾਹਮਣੇ ਬਦਨਾਮ ਅਤੇ ਗਏ-ਗੁਜ਼ਰੇ ਬਣਾ ਕੇ ਪੇਸ਼ ਕਰ ਰਹੇ ਹਨ। ਜਿਹੜਾ ਕੋਈ ਇਨ੍ਹਾਂ ਦੇ ਨਾਲ ਖੜੋ ਕੇ ਇੱਕ ਖਾਸ ਧਰਮ ਦੀ ਰਾਜਨੀਤੀ ਵਾਲੀ ਮੁਹਾਰਨੀ ਪੜ੍ਹਨ ਲੱਗ ਜਾਵੇ, ਉਹ ਠੀਕ ਹੈ ਤੇ ਬਾਕੀ ਸਾਰੇ ਲੋਕ ਇਨ੍ਹਾਂ ਦੀ ਨਜ਼ਰ ਵਿੱਚ ‘ਟੁਕੜੇ-ਟੁਕੜੇ’ ਗੈਂਗ ਬਣ ਜਾਂਦੇ ਹਨ। ਜੰਮੂ-ਕਸ਼ਮੀਰ ਦੇ ਫਾਰੂਕ ਅਬਦੁੱਲਾ ਤੇ ਉਸ ਦਾ ਪੁੱਤਰ ਕਿਸੇ ਸਮੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਮੰਤਰੀ ਬਣਾਏ ਗਏ ਸਨ, ਓਦੋਂ ਉਹ ਠੀਕ ਸਨ ਤੇ ਮਹਿਬੂਬਾ ਮੁਫਤੀ ਏਸੇ ਭਾਜਪਾ ਨਾਲ ਸਾਂਝੀ ਸਰਕਾਰ ਚਲਾਉਣ ਦੇ ਲਈ ਮੁੱਖ ਮੰਤਰੀ ਬਣੀ ਰਹੀ ਸੀ, ਓਦੋਂ ਉਹ ਵੀ ਠੀਕ ਸੀ, ਅੱਜ ਦੋਵੇਂ ‘ਟੁਕੜੇ-ਟੁਕੜੇ ਗੈਂਗ’ ਦਾ ਆਗੂ ਬਣਾ ਕੇ ਭਾਰਤ ਦੀ ਜਨਤਾ ਮੂਹਰੇ ਇਸ ਤਰ੍ਹਾਂ ਪੇਸ਼ ਕੀਤੇ ਜਾਂਦੇ ਹਨ, ਜਿਵੇਂ ਇਨ੍ਹਾਂ ਦੀ ਹੋਂਦ ਉਨ੍ਹਾਂ ਦੇ ਰਾਹ ਦਾ ਰੋੜਾ ਬਣਦੀ ਹੋਵੇ। ਧਰਮ ਨਿਰਪੱਖ ਧਿਰਾਂ ਇਸ ਦਾ ਰਾਹ ਰੋਕਣ ਜੋਗੀਆਂ ਨਹੀਂ ਰਹਿ ਗਈਆਂ। ਇਸ ਹਾਲਤ ਵਿੱਚ ਸਾਹਿਰ ਲੁਧਿਆਣਵੀ ਦਾ ਗੀਤ ਯਾਦ ਆਉਂਦਾ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਟੁੰਬ ਕੇ ਜਗਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਹੜੇ ਭਾਰਤ ਦੀ ਪ੍ਰਾਚੀਨਤਾ ਵਿੱਚੋਂ ਨਿਕਲੀ ਅਤੇ ਅੱਜ ਤੱਕ ਰਾਹ ਵਿਖਾਉਂਦੀ ਆਈ ਵਿਰਾਸਤ ਦੇ ਹਾਮੀ ਹਨ। ਸਾਹਿਰ ਨੇ ਲਿਖਿਆ ਸੀ:
ਜ਼ਰਾ ਮੁਲਕ ਕੇ ਰਹਿਬਰੋਂ ਕੋ ਬੁਲਾਓ,
ਯੇ ਕੂਚੇ, ਯੇ ਗਲੀਆਂ, ਯੇ ਮੰਜ਼ਰ ਦਿਖਾਓ,
ਜਿਨਹੇਂ ਨਾਜ਼ ਹੈ ਹਿੰਦ ਪਰ, ਉਨ ਕੋ ਲਾਓ,
ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈ, ਵੋ ਕਹਾਂ ਹੈਂ।
ਸੱਚੀ ਗੱਲ ਹੈ ਕਿ ਅੱਜ ਜਣਾ-ਖਣਾ ਆਗੂ ਬਣਿਆ ਪਿਆ ਹੈ, ਪਰ ਦੇਸ਼ ਦੀ ਵਿਰਾਸਤ ਦੀ ਸੰਭਾਲ ਲਈ ਹਾਲਾਤ ਦਾ ਸਾਹਮਣਾ ਕਰਨ ਵਾਲੇ ਲੋਕ, ‘ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈਂ’, ਇਹੀ ਪਤਾ ਨਹੀਂ ਲੱਗ ਰਿਹਾ।

Click Here To Read More Latest Punjabi Article

Continue Reading

ਲੇਖ

ਦੀਵਾ ਬਲੈ ਅੰਧੇਰਾ ਜਾਇ.. -ਡਾ. ਪ੍ਰਿਤਪਾਲ ਸਿੰਘ ਮਹਿਰੋਕ

Published

on

diwali article

ਦੀਵਾ ਜਗ ਰਿਹਾ ਹੈ। ਚਾਨਣ ਫੈਲ ਰਿਹਾ ਹੈ। ਹਨੇਰਾ ਮਿਟ ਰਿਹਾ ਹੈ। ਹਨੇਰੇ ਨੂੰ ਮਿਟਾਉਣਾ ਤੇ ਚਾਨਣ ਦਾ ਪਾਸਾਰ ਕਰਨਾ ਦੀਵੇ ਦਾ ਧਰਮ ਹੈ। ਦੀਵਾ ਘਰਾਂ ਦੀ ਬਰਕਤ ਹੁੰਦਾ ਹੈ। ਸਰਕਲ ਦੀ ਹਲੀਮੀ! ਗਿਆਨ, ਸੱਚ, ਉਜਾਲੇ, ਸ਼ਕਤੀ, ਖੁਸ਼ੀ, ਖੇੜੇ, ਜ਼ਿੰਦਗੀ ਦੇ ਹੱਸਦੇ ਪਾਸੇ, ਰੌਸ਼ਨ ਰਾਹਾਂ ਆਦਿ ਦਾ ਪ੍ਰਤੀਕ ਸਮਝਿਆ ਜਾਂਦਾ ਹੈ ਦੀਵੇ ਨੂੰ! ਹਰੇਕ ਸਮੇਂ ਦੇ ਸੱਚ ਅਤੇ ਅਸਲੀਅਤ ਦਾ ਸਿਰਨਾਵਾਂ ਹੁੰਦਾ ਹੈ ਦੀਵਾ! ਇਹ ਹਨੇਰੇ ਉਪਰ ਜਿੱਤ ਪ੍ਰਾਪਤ ਕਰਨ ਦਾ ਹੌਸਲਾ ਰੱਖਦਾ ਹੈ! ਹਾਲਾਤ ਨਾਲ ਮੁਕਾਬਲਾ ਕਰਨ ਦਾ ਹੌਸਲਾ ਰੱਖਦਾ ਹੈ! ਅੱਖ੍ਹੜਖਾਂਦ ਹਵਾਵਾਂ ਨਾਲ ਲੜਨ ਦਾ ਜਿਗਰਾ ਹੁੰਦਾ ਹੈ!
ਮਨੁੱਖੀ ਜ਼ਿੰਦਗੀ ਨੂੰ ਰੁਸ਼ਨਾਉਣ ਵਿੱਚ ਦੀਵੇ ਦੀ ਮੁੱਢਲੀ ਅਤੇ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਦੀਵੇ ਨੂੰ ਮਨੁੱਖ ਦੀਪ, ਦੀਪਕ, ਦੀਵੜਾ, ਦੀਵੜਿਆ ਆਦਿ ਕਹਿ ਕੇ ਉਸ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਨੂੰ ਪ੍ਰਗਟ ਕਰਦਾ ਆਇਆ ਹੈ। ਦੀਵੇ ਦੀ ਰੌਸ਼ਨੀ ਮਨੁੱਖ ਨੂੰ ਰਸਤੇ ਵਿਖਾਉਂਦੀ ਆਈ ਹੈ, ਉਸ ਦੇ ਰਾਹ ਰੁਸ਼ਨਾਉਂਦੀ ਆਈ ਹੈ, ਉਸ ਨੂੰ ਗਿਆਨ ਪ੍ਰਦਾਨ ਕਰਦੀ ਹੈ, ਉਸ ਨੂੰ ਤਾਕਤ ਬਖਸ਼ਦੀ ਆਈ ਹੈ। ਦੀਵੇ ਤੋਂ ਦੀਵਾ ਜਗਾਉਣ ਦਾ ਹੁਨਰ ਹੋ ਸਕਦਾ ਹੈ ਮਨੁੱਖ ਨੇ ਦੀਵੇ ਕੋਲੋਂ ਹੀ ਸਿੱਖਿਆ ਹੋਵੇ। ਪੰਜਾਬੀ ਲੋਕਧਾਰਾ ਵਿੱਚ ਦੀਵੇ ਦਾ ਜ਼ਿਕਰ ਕਈ ਪ੍ਰਸੰਗਾਂ ਵਿੱਚ ਹੋਇਆ ਮਿਲਦਾ ਹੈ:
ਦੀਵੜੇ ਵੱਟ
ਖੈਰੀਂ ਆਉਣ ਖੱਟ
ਦੀਵੜੇ ਤੇਲ
ਰੱਬਾ ਵਿੱਛੜੇ ਮੇਲ।
ਦੀਵਟ ਜਲੇ
ਸੰਧਿਆ ਟਲੇ
ਦੁੱਧ ਪੁੱਤ ਲੱਛਮੀ
ਘਰ ਪ੍ਰਕਾਸ਼ ਕਰੇ।
ਜਗਦਾ ਦੀਵਾ ਜਾਂ ਦੀਵੇ ਬਾਲਣਾ ਆਸਥਾ ਦੀ ਪ੍ਰਤੀਕ ਵੀ ਹੈ। ਪੀਰ, ਫਕੀਰ ਦੀ ਦਰਗਾਹ ਤੇ ਦੇਹਰੀ ਤੇ ਜਗਦਾ ਦੀਵਾ ਵੀ ਕਿਸੇ ਨੂੰ ਆਤਮਿਕ ਬਲ ਪ੍ਰਦਾਨ ਕਰਦਾ ਹੋ ਸਕਦਾ ਹੈ। ਕਿਸੇ ਨੂੰ ਸੇਧ ਦੇ ਰਿਹਾ ਹੋ ਸਕਦਾ ਹੈ। ਕਿਸੇ ਨੂੰ ਆਪੇ ਨੂੰ ਮਿਟਾ ਕੇ ਦੂਜਿਆਂ ਨੂੰ ਲੋਅ ਵੰਡਣ ਵਾਲੇ ਸਾਧਕ ਵਰਗਾ ਹੋ ਸਕਦਾ ਹੈ। ਦੀਵ ਦੀ ਰੌਸ਼ਨੀ ਰਾਹ ਦਰਸਾਉਂਦੀ ਹੈ। ਦਿਸ਼ਾ ਦੀ ਸੂਚਨਾ ਦਿੰਦੀ ਹੈ। ਦੀਵਾ ਮਨੁੱਖ ਨੂੰ ਆਸ਼ਾਵਾਦੀ ਹੋਣ ਦਾ ਸੰਦੇਸ਼ ਦਿੰਦਾ ਹੈ। ਜੀਵਨ ਦੀ ਆਸ ਨੂੰ ਪਕੇਰਿਆਂ ਕਰਦਾ ਹੈ:
ਆੜੂਏ ਦਾ ਬੂਟਾ
ਅਸਾਂ ਪਾਣੀ ਦੇ ਦੇ ਪਾਲਿਆ
ਆਸ ਵਾਲਾ ਦੀਵਾ
ਅਸਾਂ ਵਿਹੜੇ ਵਿੱਚ ਬਾਲਿਆ।
ਦੀਵੇ ਅਤੇ ਉਸ ਵਿਚਲੀ ਬੱਤੀ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਦੋਵੇਂ ਇਕ ਦੂਜੇ ਦੇ ਪੂਰਕ ਹਨ। ਦੀਵੇ ਵਿਚਲਾ ਤੇਲ ਜਾਂ ਘਿਓ ਉਸ ਦੀ ਜ਼ਿੰਦ ਜਾਨ ਹੈ। ਸ਼ਾਲਾ! ਦੀਵਿਆਂ ਵਿਚਲੀਆਂ ਬੱਤੀਆਂ ਸਦਾ ਸਲਾਮਤ ਰਹਿਣ, ਦੀਵਿਆਂ ਵਿਚਲਾ ਤੇਲ, ਘਿਓ ਕਦੇ ਨਾ ਮੁੱਕੇ ਅਤੇ ਦੀਵੇ ਜਗਦੇ ਰਹਿਣ! ਦੀਵਾ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦੇ ਨਿਸ਼ਚੇ ਦਾ ਵੀ ਪ੍ਰਤੀਕ ਹੈ। ਅਰਜ਼ੋਈ ਕੀਤੀ ਜਾਂਦੀ, ‘ਐ ਮਾਲਕ, ਮੈਨੂੰ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦਾ ਰਸਤਾ ਦੱਸ।Ḕ ਦੁਨੀਆ ਦੇ ਧਰਮ ਮਨੁੱਖ ਨੂੰ ਆਤਮਿਕ ਪ੍ਰਕਾਸ਼ ਹਾਸਲ ਕਰਨ ਲਈ ਰੌਸ਼ਨੀ ਵੱਲ ਜਾਂਦੇ ਰਾਹ ਦਰਸਾਉਂਦੇ ਹਨ। ਧਰਮ ਮਨ ਅੰਦਰ ਗਿਆਨ ਦਾ ਦੀਵਾ ਜਗਾਉਣ ਦੀ ਪ੍ਰੇਰਨਾ ਵੀ ਦਿੰਦੇ ਹਨ। ਅੱਖਾਂ ਦੀ ਬਾਹਰੀ ਤੇ ਦੁਨਿਆਵੀ ਰੌਸ਼ਨੀ ਦੇ ਨਾਲ-ਨਾਲ ਅੰਦਰ ਪ੍ਰਕਾਸ਼ ਕਰਨ ਲਈ ਵੀ ਦੀਵੇ ਜਗਾਉਣ ਦੀ ਲੋੜ ਹੈ। ਪੰਜਾਬੀ ਦੇ ਇਕ ਲੋਕ-ਗੀਤ ਦੀਆਂ ਤੁਕਾਂ ਹਨ:
ਅਸੀਂ ਸੰਗਤਾਂ ਦੀ ਸ਼ਰਣਾਈ,
ਨੇਮ ਵਾਲਾ ਦੀਵਾ ਬਾਲਿਆ।
ਸਾਡੇ ਸੰਗਤਾਂ ਦੇ ਬੂਹੇ ਉਤੇ,
ਸਿਆਲ ਦੇ ਹੁਨਾਲ ਬੀਤਦੇ।
ਸੰਗਤਾਂ ਦੀ ਜੋਤ ਸਵਾਈ,
ਰੱਬ ਵਾਲਾ ਦੀਵਾ ਬਲਦਾ।
ਦੀਵਾ, ਦੀਵੇ ਦੀ ਬੱਤੀ, ਦੀਵੇ ਦੀ ਲਾਟ, ਜਗਦੀ ਜੋਤ ਧਰਮ, ਲੋਕ ਧਰਮ, ਪੂਜਾ ਅਤੇ ਪੂਜਾ ਵਿਧੀਆਂ ਨਾਲ ਵੀ ਜੁੜਦੇ ਹਨ। ਇਸ ਖੇਤਰ ਵਿੱਚ ਵੀ ਦੀਵਾ ਪ੍ਰਕਾਸ਼ ਦੀ ਉਤਪਤੀ ਕਰਨ ਦਾ ਸਰੋਤ-ਵਸੀਲਾ ਬਣਦਾ ਹੈ। ਇਹ ਪ੍ਰਕਾਸ਼ ਬਹੁਤ ਗਹਿਰੇ ਅਤੇ ਵਿਸਥਾਰਤ ਅਰਥ ਗ੍ਰਹਿਣ ਕਰਦਾ ਹੈ।ਸਮਾਜ ਦੇ ਕਈ ਵਰਗਾਂ ਵਿੱਚ ਕਾਨਿਆਂ ਜਾਂ ਛਿੱਲੜਾਂ ਦੇ ਫੂਹੜ ਉਤੇ ਚਾਰ ਚੁਫੇਰੇ ਘਿਓ ਦੇ ਸੱਤ ਦੀਵੇ ਬਾਲ ਕੇ ਪੂਜਾ ਕਰਨ ਦੌਰਾਨ ਹੇਠ ਲਿਖੀਆਂ ਤੁਕਾਂ ਉਤਾਰੀਆਂ ਜਾਂਦੀਆਂ ਸਨ:
ਅੱਗੇ ਮੇਰੇ ਦੀਵੜਾ
ਪਿੱਛੇ ਮੇਰੇ ਦੀਵੜਾ
ਦੀਵਟ ਧਰੀ ਵਿਚਕਾਰ
ਰਾਮ ਉਤਾਰੇ ਪਾਰ।
ਜ਼ਿਆਦਾ ਦਿਨਾਂ ਤੱਕ ਬੱਦਲ ਛਾਏ ਰਹਿਣ ਅਤੇ ਮੀਂਹ ਵਧੇਰੇ ਪੈਣ ਤੇ ਦੁਖੀ ਹੋਏ ਲੋਕ ਸੂਰਜ ਨਾਲ ਗਿਲ੍ਹਾ ਪ੍ਰਗਟ ਕਰਦਿਆਂ ਛੇਤੀ ਵਿਖਾਈ ਦੇਣ ਲਈ ਕਹਿੰਦੇ ਹਨ। ਜੇ ਦਿਨ ਵੇਲੇ ਵੀ ਦੀਵਾ ਜਗਾਉਣ ਦੀ ਲੋੜ ਪੈ ਜਾਵੇ ਤਾਂ ਸੂਰਜ ਵਾਸਤੇ ਤਾਂ ਨਮੋਸ਼ੀ ਵਾਲੀ ਗੱਲ ਹੋਵੇਗੀ ਹੀ:
ਸੂਰਜਾ ਸੂਰਜਾ ਧੁੱਪ ਚੜ੍ਹਾ
ਧੁੱਪ ਚੜ੍ਹਾ ਕਿ ਬੱਦਲ ਉਡਾ
ਤੇਰੇ ਹੁੰਦਿਆਂ ਦੀਵਾ ਬਾਲਿਆ
ਲਈ ਤੂੰ ਲੱਜ ਲਵਾ!
ਜਗਦੇ ਦੀਵੇ ਨੂੰ ਬਹੁਤ ਸ਼ੁਭ ਸਮਝਿਆ ਜਾਂਦਾ ਹੈ। ਦੀਵਾ ਸੂਰਜ ਦਾ ਸਥਾਨ ਨਹੀਂ ਲੈ ਸਕਦਾ, ਪਰ ਰਾਤ ਦੇ ਹਨੇਰੇ ਨੂੰ ਕੁਝ ਹੱਦ ਤੱਕ ਛੱਡਣ ਦਾ ਯਤਨ ਤਾਂ ਕਰਦਾ ਹੈ। ਦੀਵੇ ਦਾ ਇਹ ਉਪਰਾਲਾ ਸਗਦੀਆਂ ਤੋਂ ਜਾਰੀ ਹੈ। ਉਪਰਾਲਾ ਕਰਨ ਅਤੇ ਆਸ ਰੱਖਣ ਦਾ ਮੰਤਰ ਵੀ ਤਾਂ ਮਨੁੱਖ ਨੇ ਦੀਵੇ ਕੋਲੋਂ ਹੀ ਸਿੱਖਿਆ ਹੈ।
ਜਾ ਦੀਵਿਆ ਘਰ ਆਪਣੇ
ਤੇਰੀ ਮਾਂ ਉਡੀਕੇ ਵਾਰ।
ਆਈਂ ਅਵੇਰੇ, ਜਾਈਂ ਸਵੇਰੇ
ਸਭੇ ਸ਼ਗਨ ਵਿਚਾਰ।
ਜਾ ਦੀਵਿਆ ਘਰ ਆਪਣੇ
ਸੁੱਖ ਵਸਾਈਂ ਰਾਤ
ਰਿਜ਼ਕ ਲਿਆਈਂ ਭਾਲ
ਤੇਲ ਲਿਆਈਂ ਨਾਲ।
ਦੀਵੇ ਨਾਲ ਅਨੇਕ ਤਰ੍ਹਾਂ ਦੇ ਲੋਕ ਵਿਸ਼ਵਾਸ ਜੁੜੇ ਹਨ। ਖੁਸ਼ੀ ਦੇ ਪ੍ਰਗਟਾਵੇ ਲਈ ਜਿੱਤ ਦੇ ਜਸ਼ਨ ਮਨਾਉਣ ਲਈ ਦੀਵੇ ਜਗਾਏ ਜਾਂਦੇ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਦੀਵਾਲੀ ਰੌਸ਼ਨੀਆਂ ਦਾ, ਜਗਦੇ ਦੀਵਿਆਂ ਦਾ ਤਿਉਹਾਰ ਹੈ। ਜਗਦੇ ਦੀਵਿਆਂ ਦੀ ਕਤਾਰ ਦੇ ਮਨਮੋਹਕ ਦ੍ਰਿਸ਼ ਕੋਲੋਂ ਕੋਈ ਖੁਸ਼ੀਆਂ ਸਾਂਝੀਆਂ ਕਰਨ ਅਤੇ ਖੁਸ਼ੀਆਂ ਨੂੰ ਵਿਸਥਾਰ ਦੇਣ ਦੀ ਜਾਚ ਸਿੱਖੋ। ਖੁੱਲ੍ਹ ਕੇ ਜਿਊਣ ਦਾ ਸਲੀਕਾ ਦੀਵੇ ਤੋਂ ਸਿੱਖਿਆ ਜਾ ਸਕਦਾ ਹੈ। ਕਿਸੇ ਆਪਣੇ ਨੂੰ ਘਰ/ ਸਮਾਗਮ ਉੱਤੇ ਬੁਲਾਉਣਾ ਹੋਵੇ ਤਾਂ ਕਹਿ ਲਿਆ ਜਾਂਦਾ ਹੈ, ‘ਤੁਸੀਂ ਜ਼ਰੂਰ ਆਇਓ, ਤੁਹਾਡੀ ਆਮਦ ਨਾਲ ਹੀ ਸ਼ਾਇਦ ਰੌਸ਼ਨੀ ਦੀ ਕੋਈ ਕਿਰਨ ਸਾਡੇ ਦਰ ਤੱਕ ਆ ਪਹੁੰਚੇ, ਜਿਨ੍ਹਾਂ ਰਾਹਾਂ ਤੋਂ ਤੁਸੀਂ ਆਓਗੇ, ਉਨ੍ਹਾਂ ਰਾਹਾਂ ਨੂੰ ਅਸੀਂ ਦੀਵੇ ਬਾਲ ਕੇ ਰੁਸ਼ਨਾਵਾਂਗੇ।
ਦੀਵੇ ਜਗਦੇ ਤਾਂ ਮਨ ਨੂੰ ਖੁਸ਼ੀ ਮਿਲਦੀ ਹੈ, ਸ਼ਾਂਤੀ ਮਿਲਦੀ ਹੈ। ਜੇ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈ ਕੇ ਆਪਣੇ ਅੰਦਰ ਗਿਆਨ ਦੇ ਦੀਵੇ ਬਾਲੇ ਤਾਂ ਉਹ ਅਗਿਆਨਤਾ, ਅੰਧਕਾਰ, ਵਿਕਾਰਾਂ, ਮਨ ਦੀਆਂ ਕਾਲਖਾਂ ਤੋਂ ਛੁਟਕਾਰਾ ਪਾ ਸਕਦਾ ਹੈ। ਗੁਰਵਾਕ ਹੈ:
‘ਦੀਵਾ ਬਲੈ ਅੰਧੇਰਾ ਜਾਇḔ
‘ਗੁਰਮਤਿḔ ਅਰਥਾਂ ਵਿੱਚ ਦੀਵਾ ‘ਗੁਰੂ ਜੋਤਿ ਅਤੇ ਉਸ ਤੋਂ ਹੁੰਦਾ ਪ੍ਰਕਾਸ਼ ਹੈ। ਭਾਈ ਗੁਰਦਾਸ ਜੀ ਆਪਣੀ 19ਵੀਂ ਵਾਰ ਵਿੱਚ ਲਿਖਦੇ ਹਨ:
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲਿਅਨਿ।
ਹੁਣ, ਆਟੇ, ਮਿੱਟੀ ਦੇ ਦੀਵਿਆਂ ਦੀ ਥਾਂ ਬਿਜਲਈ ਬਲਬਾਂ, ਵੰਨ ਸੁਵੰਨੀਆਂ ਰੰਗ ਬਿਰੰਗੀਆਂ ਰੌਸ਼ਨੀਆਂ, ਐਲ ਈ ਡੀ ਰੌਸ਼ਨੀਆਂ ਆਦਿ ਨੇ ਲੈ ਲਈ ਹੈ। ਉਂਜ ਦੀਵਾਲੀ ਦੀ ਖੁਸ਼ੀ ਘਰ ਵਿੱਚ ਇਕ ਦੀਵਾ ਬਾਲ ਕੇ ਵੀ ਮਨਾਈ ਜਾ ਸਕਦੀ ਹੈ। ਇਸ ਅਵਸਰ ਤੇ ਵਿਸ਼ੇਸ਼ ਕਰਕੇ ਰੌਸ਼ਨ ਦਿਮਾਗਾਂ ਨੂੰ ਦੀਵੇ ਜਗਾਉਣੇ ਚਾਹੀਦੇ ਹਨ। ਉਨ੍ਹਾਂ ਲਈ ਵੀ ਇਕ ਦੀਵਾ ਜਗਾਉਣਾ ਚਾਹੀਦਾ ਹੈ, ਜਿਨ੍ਹਾਂ ਕੋਲ ਨਾ ਤੇਲ ਹੈ, ਨਾ ਬੱਤੀ ਹੈ, ਨਾ ਦੀਵਾ ਹੈ। ਜਿਥੇ-ਜਿਥੇ ਹਨੇਰਾ ਹੈ, ਉਥੇ-ਉਥੇ ਰੌਸ਼ਨੀ ਪਹੁੰਚੇ। ਜਿਥੇ-ਜਿਥੇ ਝੂਠ ਹੈ, ਉਥੇ-ਉਥੇ ਸੱਚ ਪਹੁੰਚੇ! ਦੀਵੇ ਜਗਦੇ ਰਹਿਣ!

Click Here Punjabi Poetry Competition 2020

Continue Reading

ਰੁਝਾਨ