US Congress passes Malala Yousafzai Scholarship
Connect with us apnews@iksoch.com

ਅਮਰੀਕੀ ਪਾਰਲੀਮੈਂਟ ਵੱਲੋਂ ਪਾਕਿ ਔਰਤਾਂ ਲਈ ‘ਮਲਾਲਾ ਯੁਸੂਫ਼ਜ਼ਈ ਸਕਾਲਰਸ਼ਿਪ ਬਿੱਲ’ਪਾਸ

Published

on

us

ਵਾਸ਼ਿੰਗਟਨ, 5 ਜਨਵਰੀ – ਅਮਰੀਕੀ ਪਾਰਲੀਮੈਂਟ ਨੇ ‘ਮਲਾਲਾ ਯੁਸੂਫ਼ਜ਼ਈ ਸਕਾਲਰਸ਼ਿਪ ਬਿੱਲ’ ਪਾਸ ਕੀਤਾ ਹੈ। ਇਸ ਦੇ ਤਹਿਤ ਇੱਕ ਯੋਗਤਾ ਤੇ ਲੋੜ ਆਧਾਰਤ ਪ੍ਰੋਗਰਾਮ ਤਹਿਤ ਪਾਕਿਸਤਾਨੀ ਔਰਤਾਂ ਨੂੰ ਉਚ ਸਿੱਖਿਆ ਦੇਣ ਲਈ ਦਿੱਤੇ ਜਾ ਰਹੇ ਵਜ਼ੀਫ਼ਿਆਂ ਦੀ ਗਿਣਤੀ ਵਧੇਗੀ। ਇਸ ਬਿੱਲ ਨੂੰ ਮਾਰਚ 2020 ਵਿੱਚ ਪ੍ਰਤੀਨਿਧੀ ਸਭਾ ਨੇ ਪਾਸ ਕੀਤਾ ਸੀ, ਜਿਸ ਨੂੰ ਅਮਰੀਕੀ ਸੈਨੇਟ ਨੇ 1 ਜਨਵਰੀ ਨੂੰ ਪਾਸ ਕੀਤਾ।
ਇਹ ਬਿਲ ਅੱਗੋਂ ਵ੍ਹਾਈਟ ਹਾਊਸ ਨੂੰ ਭੇਜਿਆ ਗਿਆ ਹੈ, ਜਿਥੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਇਸ ਬਿੱਲ ਹੇਠ ‘ਯੂ ਐਸ ਏਜੰਸੀ ਫ਼ਾਰ ਇੰਟਰਨੈਸ਼ਨਲ ਡਿਵੈਲਪਮੈਂਟ’ ਪਾਕਿਸਤਾਨੀ ਔਰਤਾਂ ਨੂੰ 2020 ਤੋਂ 2022 ਤੱਕ ਪਾਕਿਸਤਾਨ ਸਬੰਧੀ ਉਚ ਸਿੱਖਿਆ ਵਜ਼ੀਫ਼ਾ ਪ੍ਰੋਗਰਾਮ ਤਹਿਤ ਘੱਟੋ-ਘੱਟ 50 ਫ਼ੀਸਦੀ ਵਜ਼ੀਫ਼ੇ ਦੇਵੇਗੀ। ਬਿੱਲ ਵਿੱਚ ਕਿਹਾ ਗਿਆ ਹੈ ਕਿ ਯੂ ਐਸ ਏ ਆਈ ਡੀ ਪਾਕਿਸਤਾਨ ਵਿੱਚ ਸਿੱਖਿਆ ਪ੍ਰੋਗਰਾਮ ਦੀ ਪਹੁੰਚ ਵਧਾਉਣ ਅਤੇ ਇਨ੍ਹਾਂ ਦੇ ਸੁਧਾਰ ਲਈ ਅਮਰੀਕਾ ਵਿੱਚ ਪਾਕਿਸਤਾਨੀ ਭਾਈਚਾਰੇ ਤੇ ਪਾਕਿਸਤਾਨੀ ਨਿੱਜੀ ਖੇਤਰ ‘ਤੇ ਵਿਚਾਰ ਵਟਾਂਦਰਾ ਕਰੇਗਾ ਅਤੇ ਉਨ੍ਹਾਂ ਤੋਂ ਨਿਵੇਸ਼ ਪ੍ਰਾਪਤ ਕਰੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਯੂ ਐਸ ਏ ਆਈ ਡੀ ਪਾਰਲੀਮੈਂਟ ਨੂੰ ਸਾਲਾਨਾ ਆਧਾਰ ‘ਤੇ ਜਾਣਕਾਰੀ ਦੇਵੇਗਾ ਕਿ ਪ੍ਰੋਗਰਾਮ ਤਹਿਤ ਕਿੰਨੇ ਵਜ਼ੀਫ਼ੇ ਵੰਡੇ ਗਏ।
ਮਲਾਲਾ ਨੂੰ ਭਾਰਤੀ ਬਾਲ ਅਧਿਕਾਰ ਕਾਰਕੁੰਨ ਕੈਲਾਸ਼ ਸਤਿਆਰਥੀ ਦੇ ਨਾਲ 10 ਅਕਤੂਬਰ, 2014 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।

ਸਿੰਘੂ ਬਾਰਡਰ ਕਿਸਾਨੀ ਧਰਨੇ ਦਾ ਕੱਚ-ਸੱਚ

Published

on

ਪਿਛਲੇ 2-3 ਦਿਨਾਂ ਤੋਂ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਚੱਲ ਰਹੇ ਕਿਸਾਨ ਅੰਦੋਲਨ ’ਚ ਹਾਂ। ਦਿੱਲੀ ਦੀ ਜਰਨੈਲੀ ਸੜਕ ’ਤੇ ਮੇਲੇ ਵਰਗਾ ਮਾਹੌਲ ਹੈ। ਤੜਕੇ ਢਾਈ ਵਜੇ ਦੇ ਕਰੀਬ ਸੰਘਣੀ ਧੁੰਦ ’ਚ ਅੰਦੋਲਨ ਵਾਲੀ ਥਾਂ ’ਤੇ ਪਹੁੰਚ ਕੇ ਗੱਡੀ ਖੜਾਉਂਂਦੇ ਸਾਰ ਹੀ 4-5 ਨੌਜਵਾਨਾਂ ਨੇ ਬੜੇ ਸਤਿਕਾਰ ਸਹਿਤ ਚਾਹ ਦੇ ਕੱਪਾਂ ਨਾਲ ਸਾਡਾ ਸਵਾਗਤ ਕੀਤਾ। ਚਾਹ ਪੀਣ ਕੇ ਥੋੜੀ ਦੇਰ ਉਥੇ ਘੁੰਮਣ ਉਪਰੰਤ ਸੌਣ ਲਈ ਥਾਂ ਲੱਭਣ ਲੱਗੇ। ਮੋਦੀ ਸਰਕਾਰ ਖਿਲਾਫ ਤੇ ਕਿਸਾਨੀ ਸੰਘਰਸ਼ ਦੇ ਹੱਕ ’ਚ ਹਜ਼ਾਰਾਂ ਦੀ ਗਿਣਤੀ ’ਚ ਲਿਖੇ ਸਲੋਗਨਾਂ ਨਾਲ ਭਰੀਆਂ ਟਰੈਕਟਰ-ਟਰਾਲੀਆਂ, ਕਾਰਾਂ, ਸਕੂਟਰ-ਮੋਟਰ ਸਾਈਕਲਾਂ ਨਾਲ ਸੜਕ ਭਰੀ ਪਈ ਸੀ। ਥੋੜੀ ਅੱਗੇ ਜਾ ਕੇ ਦੇਖਿਆ ਕਿ ਨਿਹੰਗ ਸਿੰਘਾਂ ਦੇ ਇਕ ਜਥੇ ਨੇ ਇਕ ਪਾਰਕ ’ਚ ਆਪਣੇ ਘੋੜਿਆਂ ਸਮੇਤ ਡੇਰੇ ਲਗਾਏ ਹੋਏ ਸਨ, ਜਿਥੇ ਸਵੇਰੇ-ਸਵੇਰੇ ਇਲਾਹੀ ਬਾਣੀ ਦਾ ਕੀਰਤਨ ਹੋ ਰਿਹਾ ਸੀ। ਉਥੇ ਹੀ ਟੀਡੀਆਈ ਨਾਮਕ ਇਕ ਬਹੁਤ ਵੱਡਾ ਮਾਲ ਹੈ, ਅੰਦਰ ਜਾ ਕੇ ਦੇਖਿਆ ਕਿ ਬਹੁਤ ਸਾਰੇ ਕਿਸਾਨ ਉਥੇ ਸੁੱਤੇ ਪਏ ਸਨ। ਅਸੀਂ ਵੀ 3 ਵਜੇ ਦੇ ਕਰੀਬ ਇਕ ਕੰਬਲ ਵਿਛਾ ਉੱਤੇ ਖੇਸੀਆਂ ਲੈ ਕੇ ਉਥੇ ਹੀ ਸੌਂ ਗਏ। ਕਮਾਲ ਦੀ ਗੱਲ ਹੈ ਕਿ ਇਥੇ ਬੰਦ ਪਏ ਸ਼ੋਅਰੂਮਾਂ ਦੇ ਸਿਰਫ ਸੀਸ਼ਿਆਂ ਦੇ ਦਰਵਾਜੇ ਹੀ ਲਾਕ ਹਨ ਪਰ ਇਥੇ ਚੋਰੀ ਜਾਂ ਕਿਸੇ ਤਰਾਂ ਦੀ ਕੋਈ ਘਟਨਾ ਦੀ ਖਬਰ ਨਹੀਂ ਹੈ।

7 ਵਜੇ ਉੱਠ ਕੇ ਅੱਗੇ ਚਾਲੇ ਪਾ ਦਿੱਤੇ। ਇਸ ਸਮੇਂ ਤੱਕ ਵੀ ਪੂਰੀ ਧੁੰਦ ਛਾਈ ਹੋਈ ਸੀ। ਰਸਤੇ ’ਚ ਹਰ ਫਰਲਾਂਗ ’ਤੇ ਚਾਹ, ਬਰੈਡ ਪਕੌੜਿਆਂ, ਪਿੰਨੀਆਂ, ਮਿੱਸੀਆਂ ਰੋਟੀਆਂ, ਸਾਗ, ਬਦਾਮਾਂ, ਖੀਰ, ਜਲੇਬੀਆਂ, ਦਵਾਈਆਂ, ਕਿਤਾਬਾਂ, ਸ਼ਰਦਾਈਆਂ ਆਦਿ ਦੇ ਲੰਗਰ ਲੱਗੇ ਹੋਏ ਹਨ। ਇਸ ਤੋਂ ਇਲਾਵਾ ਮੋਬਾਈਲ ਚਾਰਜ਼ ਕਰਨ ਅਤੇ ਕੱਪੜੇ ਧੋਣ ਦੀ ਸੋਵਾ ਵੀ ਨਿਭਾਈ ਜਾ ਰਹੀ ਸੀ। ਉਥੇ ਮੌਜੂਦ ਹਰ ਨੌਜਵਾਨ, ਬਜ਼ੁਰਗ, ਔਰਤ ਤੇ ਬੱਚਾ ਉਤਸ਼ਾਹ ਨਾਲ ਭਰਿਆ ਪਿਆ ਸੀ, ਜਿਵੇਂ ਉਹ ਕਿਸੇ ਵਿਆਹ ’ਚ ਆਇਆ ਹੋਵੇ। ਟਰੈਕਟਰਾਂ ’ਤੇ ਜੋਸ਼ ਭਰਨ ਵਾਲੇ ਗੀਤ ਵੱਜ ਰਹੇ ਹਨ। ਪੰਜਾਬੀਆਂ ਤੋਂ ਇਲਾਵਾ ਇਥੇ ਹਰਿਆਣੇ ਦੇ ਕਿਸਾਨ ਆਪਣੇ ਹੁੱਕੇ ਬਾਲ ਕੇ ਧਰਨੇ ’ਤੇ ਬੈਠੇ ਹਨ। ਇਨਾਂ ਤੋਂ ਇਲਾਵਾ ਇਥੇ ਰਾਜਸਥਾਨ, ਤਾਮਿਲਨਾਡੂ, ਮੱਧ-ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਕਿਸਾਨ ਵੀ ਆਪੋ-ਆਪਣੇ ਢੰਗ ਨਾਲ ਖੇਤੀ ਬਿਲਾਂ ਦਾ ਵਿਰੋਧ ਕਰ ਰਹੇ ਹਨ। ਭਾਰਤੀ ਕਿਸਾਨ ਹੁਣ ਪੜ ਲਿਖ ਕੇ ਸੂਝਵਾਨ ਹੋ ਚੁੱਕਿਆ ਹੈ। ਜੋਸ਼ ਦੇ ਨਾਲ-ਨਾਲ ਹੋਸ਼ ਤੋਂ ਵੀ ਕੰਮ ਲਿਆ ਜਾ ਰਿਹਾ ਹੈ। ਨੌਜਵਾਨ ਬਜ਼ੁਰਗਾਂ ਦਾ ਖਿਆਲ ਰੱਖ ਰਹੇ ਹਨ। ਹਰ ਕੋਈ ਇਕ ਦੂਜੇ ਦੀ ਸਹਾਇਤਾ ਲਈ ਤੱਤਪਰ ਹੈ। ਇਥੇ ਲੱਗੀਆਂ ਸੱਥਾਂ ’ਚ ਕੋਈ ਰਾਜਨੀਤਿਕ ਨੇਤਾਵਾਂ ਵਲੋਂ ਚਲਾਈ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਅਤੇ ਕੋਈ ਆਪਸੀ ਭਾਈਚਾਰੇ ਦੀਆਂ ਗੱਲਾਂ ਕਰ ਰਿਹਾ ਹੈ। ਕੋਈ ਹੋਰ ਹੀ ਜਜ਼ਬਾਤੀ ਜਿਹਾ ਮਾਹੌਲ ਸਿਰਜਿਆ ਹੋਇਆ ਹੈ ਜਿਵੇਂ ਸਭ ਵੈਰ-ਵਿਰੋਧ ਖਤਮ ਹੋ ਗਏ ਹੋਣ। ਕਿਸੇ ਪੁਰਾਣੀ ਫਿਲਮ ਦੀ ਕਹਾਣੀ ਵਾਂਗ ਲੱਗਦਾ ਹੈ ਜਿਵੇਂ ਕੁੱਲ ਕਾਇਨਾਤ ’ਚ ਪਿਆਰ ਦੀ ਫ਼ਿਜ਼ਾ ਘੁਲ ਗਈ ਹੋਵੇ। ਸਾਰੇ ਇਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਅੰਦੋਲਨ ਦੀ ਸਫ਼ਲਤਾ ਦੀ ਦੁਆ ਕਰ ਰਹੇ ਹਨ।

ਵਿਹਲੇ ਪਲਾਂ ’ਚ ਨੌਜਵਾਨ ਤਾਸ਼ ਵੀ ਖੇਡ ਰਹੇ ਹਨ। ਸੜਕ ਦੇ ਆਰ-ਪਾਰ ਰੱਸੀਆਂ ਬੰਨ ਕੇ ਕਿਸਾਨਾਂ ਨੇ ਕੱਪੜੇ ਸੁਕਣੇ ਪਾਏ ਹੋਏ ਹਨ। ਲੰਗਰ ’ਚ ਨੌਜਵਾਨ ਮੁੰਡੇ ਪ੍ਰਸ਼ਾਦੇ ਬਣਾ ਰਹੇ ਹਨ ਅਤੇ ਸਬਜੀਆਂ ਕੱਟ ਰਹੇ ਹਨ। ਕਿਧਰੇ ਕੋਈ ਦਵਾਈਆਂ ਦੀ ਸੇਵਾ ਨਿਭਾਆ ਰਿਹਾ ਹੈ, ਔਰਤਾਂ ਲਈ ਸੈਨੀਪੈਡ ਵੀ ਵੰਡੇ ਜਾ ਰਹੇ ਹਨ। ਦਿਨ ਚੜਦੇ ਤੱਕ ਹੋਰ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਹਨ। ਇਕ ਥਾਂ ’ਤੇ ਪ੍ਰਾਜੈਕਟਰ ਲਗਾ ਕੇ ਫਿਲਮ ਚੱਲ ਰਹੀ ਹੈ ਤੇ ਕਿਸ ਨੇ ਟਰਾਲੀ ’ਚ ਡਿਸ਼ ਵੀ ਲਗਾ ਰੱਖੀ ਹੈ। ਚਾਰੇ ਪਾਸੇ ਖੇਤੀ ਬਿਲ ਰੱਦ ਕਰਨ ਦੀ ਚਰਚਾ ਹੈ। ਇਕ ਨੌਜਵਾਨ ਅਖਬਾਰ ਵੰਡਣ ਦੀ ਸੇਵਾ ਨਿਭਾਅ ਰਿਹਾ ਹੈ। ਇਥੇ ਕੁਝ ਕੁ ਨੈਸ਼ਨਲ ਚੈਨਲਾਂ ਦਾ ਬਾਈਕਾਟ ਕੀਤਾ ਹੋਇਆ ਹੈ, ਜਿਸ ਸਦਕਾ ਸਥਾਨਕ ਮੀਡੀਆ ਸੁਰਖੀਆਂ ’ਚ ਹੈ ਅਤੇ ਲੋਕਲ ਚੈਨਲਾਂ ਦੀ ਭਰਮਾਰ ਹੈ। ਮੀਡੀਆ ਵਾਲੇ ਸਵੇਰ ਤੋਂ ਲੈ ਕੇ ਰਾਤ ਤੀਕਰ ਇਥੇ ਹੀ ਰਿਪੋਰਟਿੰਗ ਕਰ ਰਹੇ ਹਨ। ਵੈਸੇ ਨੈਸ਼ਨਲ ਚੈਨਲਾਂ ਲਈ ਇਹ ਬਹੁਤ ਵੱਡੀ ਕਵਰੇਜ਼ ਕਰਨ ਦਾ ਮੌਕਾ ਸੀ, ਜੇਕਰ ਉਹ ਇਮਾਨਦਾਰੀ ਨਾਲ ਸਾਰੀ ਤਸਵੀਰ ਪੇਸ਼ ਕਰ ਦਿਖਾਉਂਦੇ। ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਅਖੌਤੀ ਗੋਦੀ ਮੀਡੀਆ ਕਿਸਾਨਾਂ ਨੂੰ ਅੱਤਵਾਦੀ ਦੱਸ ਰਿਹਾ ਹੈ ਪਰ ਉਥੇ ਪੰਜਾਬ ਦੇ ਹਰੇਕ ਪਿੰਡ ਦਾ ਕਿਸਾਨ ਬੈਠਾ ਹੈ। ਸ਼ੁਰੂ ’ਚ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਨੇ ਵੀ ਕਿਸਾਨਾਂ ਨੂੰ ਅੱਤਵਾਦੀ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਪਰ ਜਦੋਂ ਹਰਿਆਣੇ ਦੇ ਕਿਸਾਨਾਂ ਨੇ ਵੀ ਅੰਦੋਲਨ ’ਚ ਸ਼ਮੂਲੀਅਤ ਕਰਦਿਆਂ ਇਸ ਦਾ ਵਿਰੋਧ ਕੀਤਾ ਤਾਂ ਕਿਤੇ ਜਾ ਕੇ ਉਹ ਚੁੱਪ ਹੋਇਆ।

ਧਰਨੇ ਦੇ ਅਖੀਰ ’ਚ ਕਿਸਾਨ ਯੂਨੀਅਨ ਦੀ ਸਟੇਜ਼ ਲੱਗੀ ਹੋਈ ਹੈ, ਜਿਥੇ ਬੁਲਾਰੇ ਜੋਸ਼ ਭਰੀਆਂ ਤਕਰੀਰਾਂ ਨਾਲ ਖੇਤੀ ਬਿਲ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਥੇ ਅੰਤਾਂ ਦਾ ਇਕੱਠ ਹੈ। ਕਲਾਕਾਰ, ਲੇਖਕ, ਬੁੱਧੀਜੀਵੀ ਤੇ ਕਿਸਾਨੀ ਨਾਲ ਸਬੰਧਤ ਹੋਰ ਲੋਕ ਸੰਬੋਧਨ ਕਰ ਰਹੇ ਹਨ। ਭਾਜਪਾ ਤੋਂ ਬਿਨਾਂ ਸਾਰੀਆਂ ਸਿਆਸੀ ਪਾਰਟੀਆਂ ਤੇ ਉਨਾਂ ਦੇ ਆਗੂਆਂ ਦੀ ਕਿਸਾਨੀ ਸੰਘਰਸ਼ ਨੂੰ ਹਮਾਇਤ ਹੈ। ਇਹ ਕਹਿਣ ’ਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਕਿਸਾਨਾਂ ਨੂੰ ਹਮਾਇਤ ਕਰਨਾ ਉਨਾਂ ਦੀ ਸਿਆਸੀ ਮਜ਼ਬੂਰੀ ਵੀ ਹੋ ਸਕਦੀ ਹੈ, ਕਿਉਂਕਿ ਇਥੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਸਟੇਜ਼ ’ਤੇ ਚੜਣ ਦੀ ਮਨਾਹੀ ਹੈ। ਹਾਂ ਉਹ ਚਾਹੇ ਤਾਂ ਕਿਸਾਨੀ ਦੇ ਝੰਡੇ ਹੇਠ ਕਿਸਾਨੀ ਦੀ ਗੱਲ ਕਰ ਸਕਦਾ ਹੈ। ਕਿਸਾਨ ਯੂਨੀਅਨਾਂ ਨੇ ਐਡਾ ਵੱਡਾ ਅੰਦੋਲਨ ਆਪਣੇ ਦਮ ’ਤੇ ਖੜਾ ਕੀਤਾ ਹੈ, ਜਿਸ ਕਾਰਨ ਕਿਤੇ ਨਾ ਕਿਤੇ ਸਿਆਸੀ ਆਗੂ ਤੇ  ਸਿਆਸੀ ਪਾਰਟੀਆਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਇਸ ਅੰਦੋਲਨ ’ਚੋਂ ਨਿਕਲੀ ਲਹਿਰ ਨੇ ਅੱਗੇ ਚੱਲ ਕੇ ਕਿਹੜਾ ਰੂਪ ਲੈਣਾ ਹੈ, ਇਸ ਬਾਬਤ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।

ਸਟੇਜ਼ ਵਾਲੀ ਥਾਂ ਲੰਘਣ ਉਪਰੰਤ ਨਿਹੰਗ ਸਿੰਘ ਤੰਬੂ ਲਾ ਕੇ ਬੈਠੇ ਹਨ। ਸੋਸ਼ਲ ਮੀਡੀਆ ਅਤੇ ਖਬਰਾਂ ’ਚ ਚਰਚਿਤ ਬਾਜ਼ ਵੀ ਇਸ ਥਾਂ ’ਤੇ ਹੀ ਬੈਠਾ ਹੈ। ਇਸ ਦੇ ਨਾਲ ਹੀ ਅੱਗੇ ਸੜਕ ’ਤੇ ਰੇਤੇ ਨਾਲ ਭਰੇ ਹੋਏ ਕੈਂਟਰ ਖੜੇ ਕੀਤੇ ਹਨ, ਤਾਂ ਜੋ ਕਿਸਾਨ ਜਥੇਬੰਦੀਆਂ ਇਸ ਥਾਂ ਤੋਂ ਅੱਗੇ ਨਾ ਜਾ ਸਕਣ। ਕੈਂਟਰਾਂ ਤੋਂ ਇਲਾਵਾ ਇਥੇ ਸੀਮਿੰਟ ਦੇ ਵੱਡੇ-ਵੱਡੇ ਬੈਰੀਗੇਡ ਅਤੇ ਕੰਡਿਆਲੀ ਤਾਰ ਲਗਾਈ ਹੋਈ ਹੈ, ਜਿਹੜੀ ਭਾਰਤ-ਪਾਕਿ ਸਰਹੱਦ ਦਾ ਭੁਲੇਖਾ ਪਾਉਂਦੀ ਹੈ। ਬੈਰੀਗੇਡਾਂ ਤੋਂ ਦੂਜੇ ਪਾਸੇ ਭਾਰੀ ਫੋਰਸ ਤਾਇਨਾਤ ਕੀਤੀ ਹੋਈ ਹੈ। ਸਿਰਫ ਪੈਦਲ ਲੰਘਣ ਲਈ ਥੋੜਾ ਜਿਹਾ ਰਸਤਾ ਛੱਡਿਆ ਹੋਇਆ ਹੈ, ਇਸ ਤੋਂ ਅੱਗੇ ਸੜਕ ਬਿਲਕੁਲ ਖਾਲੀ ਹੈ। ਨੇੜਲੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਵੀ ਕਿਸਾਨ ਤੇ ਮਜ਼ਦੂਰ ਹੀ ਹਨ, ਜੇਕਰ ਕੁਝ ਦਿਨਾਂ ਦਾ ਨੁਕਸਾਨ ਸਹਿ ਕੇ ਇਸਦਾ ਸਾਰਥਤ ਹੱਲ ਨਿਕਲਦਾ ਹੈ ਤਾਂ ਸੌਦਾ ਸਸਤਾ ਹੀ ਹੈ। ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨ ਇਸ ਪਾਸਿਓਂ ਵੀ ਆ ਰਹੇ ਹਨ ਪਰ ਉਹ ਜਿਆਦਾਤਰ ਦੂਜੇ ਬਾਰਡਰਾਂ ’ਤੇ ਬੈਠੇ ਹਨ। ਹੋਰ ਅੱਗੇ ਜਾਂਦਿਆਂ ਜੀ.ਟੀ. ਰੋਡ ’ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਲਈ ਮੋਬਾਈਲ ਟਾਇਲਟ ਦੀ ਵਿਵਸਥਾ ਕੀਤੀ ਹੋਈ ਹੈ, ਜੋ ਕਿ ਚੰਗੀ ਗੱਲ ਹੈ ਪਰ ਹੋਰ ਚੰਗਾ ਹੁੰਦਾ ਜੇਕਰ ਇਹ ਸਹੂਲਤ ਬੈਰੀਗੇਡਾਂ ਤੋਂ ਪਹਿਲਾਂ ਧਰਨੇ ਵਾਲੇ ਪਾਸੇ ਹੁੰਦੀ।

ਇਸ ਅੰਦੋਲਨ ਦਾ ਨਤੀਜਾ ਭਾਵੇਂ ਜੋ ਵੀ ਹੋਵੇ ਪਰ ਯਕੀਨਨ ਕਿਸਾਨਾਂ ਦਾ ਇਹ ਸੰਘਰਸ਼ ਇਤਿਹਾਸ ਦੇ ਪੰਨਿਆਂ ’ਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਕਿਸਾਨਾਂ ਦੇ ਜਨੂੰਨ, ਠਰੰਮੇ, ਹੌਂਸਲੇ ਤੇ ਸੂਝਬੂਝ ਤੋਂ ਲੱਗਦਾ ਹੈ ਕਿ ਉਨਾਂ ਦੀ ਜਿੱਤ ਲਾਜ਼ਮੀ ਹੈ ਬਸ਼ਰਤੇ ਏਕਾ ਬਣਿਆ ਰਹੇ, ਕੋਈ ਨੇਤਾ ਆਪਣਾ ਇਮਾਨ ਨਾ ਵੇਚੇ। ਕਿਉਂਕਿ ਸੰਘਰਸ਼ਾਂ ਦੀ ਮੁੱਢ ਤੋਂ ਤ੍ਰਾਸਦੀ ਰਹੀ ਕਿ ਨੇਤਾ ਆਪਣੀ ਜ਼ਮੀਰ ਮਾਰ ਕੇ ਅੰਦੋਲਨ ਨੂੰ ਵੇਚ ਦਿੰਦੇ ਹਨ ਤੇ ਜਿੱਤ ਦੇ ਨੇੜੇ ਹੋਣ ਦੇ ਬਾਵਜੂਦ ਹਾਰ ਕੇ ਪਰਤਣਾ ਪੈਂਦਾ ਹੈ। ਸਰਕਾਰ ਨੂੰ ਫੋਕੀ ਹੈਂਕੜ ਭਰੀ ਨੀਤੀ ਛੱਡ ਕੇ ਆਪਾਝਾਤ ਮਾਰਨ ਦੀ ਲੋੜ ਹੈ ਤਾਂ ਜੋ ਦੇਸ਼ ਦਾ ਅੰਨਦਾਤਾ ਹੋਰ ਸੜਕਾਂ ’ਤੇ ਨਾ ਰੁਲੇ। ਸੱਚੀਂ, ਸਲਾਮ ਐ ਕਿਸਾਨ ਦੇ ਸਬਰ, ਜਜ਼ਬੇ ਤੇ ਜਨੂੰਨ ਨੂੰ, ਜਿਸ ਦੇ ਚੱਲਦਿਆਂ ਦਿਨੋ-ਦਿਨ ਜਬਰ ’ਤੇ ਸਬਰ ਦੀ ਜਿੱਤ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ ਦਿੱਲੀ ਅੰਦੋਲਨ।

  • ਅਮਰਬੀਰ ਸਿੰਘ ਚੀਮਾ
  • 232

Continue Reading

ਜਾਤੀ ਵਿਵਸਥਾ ਉੱਤੇ ਸਿੱਖੀ ਦਾ ਪ੍ਰਭਾਵ

Published

on

ਭਾਰਤ ਵਿੱਚ ਜਾਤੀ ਪ੍ਰਥਾ ਅਜਿਹਾ ਕੋਹੜ ਹੈ ਜੋ ਇਸਨੂੰ ਹਜਾਰਾਂ ਸਾਲਾਂ ਤੋਂ ਨਿਗਲਦਾ ਆ ਰਿਹਾ ਹੈ। ਭਾਰਤ ਦਾ ਬਾਕੀਆਂ ਦੇਸ਼ਾਂ ਨਾਲੋਂ ਪਿਛੜਨ ਦਾ ਮੁੱਖ ਕਾਰਣ ਜਾਤੀ ਪ੍ਰਥਾ ਨੂੰ ਕਹੀਏ ਤਾਂ ਗਲਤ ਨਹੀਂ ਹੋਵੇਗਾ। ਜਾਤੀ ਪ੍ਰਥਾ ਨੇ ਇੱਕ ਵਿਅਕਤੀ ਵਿਸ਼ੇਸ਼ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਤਾਂ ਦੂਸਰੇ ਨੂੰ ਇਨਸਾਨ ਨਾਂ ਮੰਨਦੇ ਹੋਏ ਅਛੂਤ,ਅਸਭਿਆ,ਪਸ਼ੂ ਆਦਿ ਘੋਸ਼ਿਤ ਕਰ ਦਿੱਤਾ। ਇਤਿਹਾਸਕ ਮੱਤ ਅਨੁਸਾਰ ਯੂਰਪ ਤੋਂ ਆਈ ਆਰਿਆ ਨਸਲ ਨੇ ਭਾਰਤ ਦੇ ਮੂਲ ਲੋਕ ਅਨਾਰਿਆ ਤੋਂ ਜਲ ਜੰਗਲ ਜ਼ਮੀਨ ਖੋਹ ਹਰ ਚੀਜ਼ ਤੋਂ ਵਾਂਝਾ ਤਾਂ ਕੀਤਾ ਹੀ ਨਾਲ ਹੀ ਉਹਨਾਂ ਨੂੰ ਆਪਣਾ ਗੁਲਾਮ ਬਣਾਇਆ,ਉਹਨਾਂ ਨੂੰ ਗੰਦੇ ਤੋਂ ਗੰਦੇ ਕੰਮ ਕਰਵਾਉਣ ਲਈ ਆਪਣਾ ਦਾਸ ਬਣਾਇਆ। ਇਹ ਤਾਣਾ ਬਾਣਾ ਇਸ ਤਰਾਂ ਬੁਣ ਲਿਆ ਕਿ ਅੱਜ ਦੇ ਸਮੇ ਵਿੱਚ ਵੀ ਲੋਕ ਇਸ ਕੋਹੜ ਤੋਂ ਮੁਕਤ ਨਹੀਂ ਹੋ ਪਾਏ। ਦੇਸ਼ ਭਰ ਵਿੱਚ ਰੋਜ਼ ਜਾਤੀਗਤ ਭੇਦਭਾਵ ਦੇ ਕੇਸ ਵੱਧਦੇ ਜਾ ਰਹੇ ਨੇ। ਪਰ ਉਸਦੇ ਉਲਟ ਪੰਜਾਬ ਵਿੱਚ ਇਸ ਕੋਹੜ ਦਾ ਜੜੋਂ ਪੁੱਟਣ ਦਾ ਕੰਮ ਅੱਜ ਵੀ ਸਿਖਰਾਂ ਤੇ ਹੈ। ਇਸਦਾ ਮੁੱਖ ਕਾਰਣ ਦਸਾਂ ਗੁਰੂਆਂ ਦੀ ਅਸੀਸ ਸਦਕਾ ਸਥਾਪਿਤ “ਸਿੱਖ ਧਰਮ”ਹੈ। ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ “ਤੇਰਾ-ਤੇਰਾ” ਦੇ ਵਿਚਾਰ ਨੇ ਸਭ ਤੋਂ ਵੱਡੀ ਸੱਟ ਮਾਰੀ ਸੀ ਜਾਤੀਵਾਦੀ ਸੋਚ ਨੂੰ। ਸਚਾ ਸੌਦਾ ਨਾ ਤਾਂ ਦੇ ਦਿੱਤਾਂ ਗਿਆ ਪਰ ਜਾਤ ਦੇ ਹੰਕਾਰੀ ਸਹੀ ਮਾਯਨੇ ਅਜਤਕ ਨਹੀਂ ਦੱਸਦੇ “ਸਚਾ ਸੌਦਾ” ਦੇ। ਸਬ ਨੂੰ ਬਰਾਬਰ ਤੋਲਣ ਦਾ ਮਤਲਬ ਜਾਤੀ ਘ੍ਰਿਣਾ ਤੋਂ ਮੁਕਤ ਹੋਣਾ ਸੀ। ਇਸੇ ਤਰਾਂ ਦਸਮਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੀ ਸਥਾਪਨਾ ਕਟਨ ਵੇਲ਼ੇ ਅੰਮ੍ਰਿਤ ਸੰਚਾਰ ਲਈ ਦਲਿਤਾਂ-ਅਛੂਤਾ ਨੂੰ ਪਹਿਲ ਦਿੱਤੀ । ਅੰਮ੍ਰਿਤ ਛਕਾਉਣਾ ਵੱਖਰੀ ਗੱਲ ਹੈ ਪਰ ਅੰਮ੍ਰਿਤ ਛਕਾ ਫਿਰ ਉਨਾਂ ਤੋਂ ਆਪ ਅੰਮ੍ਰਿਤ ਛੱਕਣਾ ਇਹ ਇਤਿਹਾਸਕ ਘਟਨਾ ਹੈ।

ਉਸਦਾ ਹੀ ਨਤੀਜਾ ਸੀ ਕਿ ਸਿੱਖ ਮੱਤ ਇੰਨੀ ਜਲਦੀ ਪੁਰੀ ਦੁਨੀਆ ਵਿੱਚ ਫੈਲ ਗਿਆ। ਇਹ ਵੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਨੂੰ ਇਸ ਕਦਮ ਲਈ ਵਿਰੋਧ ਨਹੀਂ ਸਹਿਣਾ ਪਿਆ। ਮੁਗ਼ਲਾਂ ਨਾਲੋਂ ਸੱਭ ਤੋਂ ਵੱਧ ਲੜਾਈ ਉਹਨਾਂ ਨੇ ਪਹਾੜੀ ਰਾਜਿਆਂ ਨਾਲ ਲੜੀ ਜਿਸਦਾ ਕਾਰਣ ਗੁਰੂ ਗੋਬਿੰਦ ਸਿੰਘ ਜੀ ਦਾ ਅਛੂਤਾ ਨੂੰ ਗੱਲ ਨਾਲ ਲਗਾਉਣਾ ਸੀ। ਇਸ ਤੋਂ ਵੀ ਅਗਾਂਹ ਵੱਧਦੇ ਹੋਏ ਸਿੱਖ ਧਰਮ ਦੀ ਉਸਾਰੀ ਤੋਂ ਬਾਅਦ ਜਦ ਗੁਰੂਆਂ ਦੀ ਸਿੱਖਿਆਵਾਂ ਨੂੰ ਸਜਾਉਣ ਦੀ ਬਾਰੀ ਆਈ ਗੁਰੂ ਕੀ ਬਾਣੀ ਨੂੰ ਅੱਖਰਾਂ ਵਿੱਚ ਪਿਰੋਂਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ। ਜੋ ਜਾਤੀਵਾਦ ਦੀਆਂ ਜੰਜੀਰਾਂ ਨੂੰ ਪੁੱਟਣ ਲਈ ਕਾਰਗਰ ਸਿੱਧ ਹੋਇਆ ਕਿਉਂਕਿ ਉਸ ਵਿੱਚ ਦਸਾਂ ਗੁਰੂਆਂ ਤੋਂ ਇਲਾਵਾ ਦਲਿਤ-ਅਛੂਤ ਸੰਤਾਂ,ਕਵੀਆਂ,ਗੁਰੂਆਂ ਅਤੇ ਭਗਤਾਂ ਦੀ ਬਾਣੀ ਨੂੰ ਉਚਿੱਤ ਸਥਾਨ ਸਹਿਤ ਦਰਜ਼ ਕੀਤਾ ਗਿਆ। ਜਿਸ ਵਿੱਚ ਸੰਤ ਕਬੀਰ,ਸਤਿਗੁਰੂ ਰਵਿਦਾਸ,ਬਾਬਾ ਨਾਮਦੇਵ,ਸ਼ੇਖ ਫ਼ਰੀਦ ਆਦਿ ਬਹੁਤ ਸਾਰੇ ਨਾਂ ਸ਼ੁਮਾਰ ਹਨ। ਸ਼ਾਇਦ ਇਹੀ ਕਾਰਣ ਸੀ ਕਿ ਦਲਿਤਾਂ ਦੀ ਸੱਭ ਤੋਂ ਮਸ਼ਹੂਰ ਹਸਤੀ,ਵਿਦਵਾਨ,ਨੇਤਾ ਬਾਬਾ ਸਾਹਿਬ ਡਾ੦ ਭੀਮ ਰਾਓ ਅੰਬੇਡਕਰ ਸਿੱਖ ਧਰਮ ਤੋਂ ਇਹਨਾਂ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਆਪਣੇ ਲੱਖਾਂ ਸਾਥੀਆਂ ਨਾਲ ਸਿੱਖ ਧਰਮ ਅਪਨਾਉਣ ਦਾ ਫੈਸਲਾ ਕਰ ਲਿਆ।

ਪਰ ਦੁੱਖ ਇਸ ਗੱਲ ਦਾ ਰਿਹਾ ਕਿ ਗੁਰੂ ਕੀ ਬਾਣੀ ਦਾ ਇਹਨਾਂ ਜ਼ਿਆਦਾ ਪ੍ਰਚਾਰ ਹੋਣ ਤੋਂ ਬਾਅਦ ਵੀ ਗੰਗੂ ਬ੍ਰਾਹਮਣ ਦੀ ਔਲਾਦ ਮਨੂੰਵਾਦੀ ਸੋਚ ਰੱਖਦੀ ਹੋਈ ਸਿੱਖ ਧਰਮ ਵਿੱਚ ਵੀ ਜੜਾਂ ਪਸਾਰ ਬੈ ਗਈ। ਜਿਸਦਾ ਨਮੂਨਾ ਮਾਸਟਰ ਤਾਰਾ ਸਿੰਘ ਨੂੰ ਕਹਿ ਸਕਦੇ ਹਾਂ ਜਿਸਨੇ ਡਾ ਅੰਬੇਡਕਰ ਜੀ ਦਾ ਅੰਮ੍ਰਿਤ ਛਕ ਸਿੱਖ ਬਣਨ ਦਾ ਵਿਰੋਧ ਕੀਤਾ ਕਿਉਂਕਿ ਅੰਬੇਡਕਰ ਇੱਕ ਨਿਮਨ ਵਰਗ ਅਛੂਤ ਸੀ। ਇਸ ਘਟਨਾ ਨੇ ਮੰਨੋ ਸਿੱਖ ਧਰਮ ਨੂੰ ਹਜਾਰਾਂ ਸਾਲਾਂ ਦਾ ਨੁਕਸਾਨ ਕੀਤਾ। ਕਿਓਂਕਿ ਜੇ ਉਸ ਵਕਤ ਅੰਬੇਡਕਰ ਸਿੱਖ ਬਣ ਜਾਂਦੇ ਤਾਂ ਅੱਜ ਭਾਰਤ ਦੀ ਅੱਧੀ ਆਬਾਦੀ ਸਿੱਖ ਹੁੰਦੀ।

ਇਸ ਘਟਨਾ ਤੋਂ ਬਾਅਦ ਦਲਿਤਾਂ ਦਾ ਰੁਝਾਨ ਸਿਖਾਂ ਤੋਂ ਹੱਟ ਗਿਆ ਮਗਰ ਸਿੱਖ ਫਲਸਫੇ ਨਾਲ ਗੁਰੂਆਂ ਦੀ ਬਾਣੀ ਨਾਲ ਜੁੜੇ ਰਹੇ ਇਸਲਈ ਦਲਿਤਾਂ ਦੇ ਅਲਗ ਗੁਰੂਦੁਆਰੇ,ਬੁੰਗੇ, ਮਿਸਲਾਂ ,ਕੀਰਤਨੀ ਜੱਥੇ, ਫ਼ੌਜ ਆਦਿ ਸਭ ਵੱਖਰਾ ਵੇਖਣ ਨੂੰ ਆਸਾਨੀ ਨਾਲ ਮਿਲ ਜਾਂਦਾ ਹੈ। ਮਗਰ ਇਸ ਵਖਰੇਵੇਂ ਤੋਂ ਵੀ ਜਾਤੀ ਹੰਕਾਰੀ ਸਬਕ ਨਹੀਂ ਲੈ ਰਹੇ ਸਗੋਂ ਇਸ ਖਾਈ ਨੂੰ ਵਧਾਉਣ ਦਾ ਕੰਮ ਕਰ ਰਹੇ ਹਨ। ਇਹ ਅਤਿ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ ਸਿੱਖ ਧਰਮ ਨੂੰ । ਅਜੇ ਵੀ ਜੇਕਰ ਧਾਰਮਿਕ,ਸਮਾਜਿਕ ਆਗੁ ਥੋੜਾ ਜਾ ਯਤਨ ਕਰਨ ਤਾਂ ਵਾਂਝਾ ਹੋ ਚੁੱਕਿਆ ਬਹੁਤ ਬੜਾ ਤਬਕਾ ਮੁੜ ਘਰ ਵਾਪਿਸ ਆ ਸਕਦਾ ਹੈ ।

  • ਵਿੱਕੀ ਦੇਵਾਂਤਕ
  • 231

Continue Reading

ਕਿਤਾਬਾਂ ਨਾਲ ਮੋਹ ਕਿਉਂ ਜਰੂਰੀ

Published

on

ਅਖੇ “ਸਕੂਲੀ ਕਿਤਾਬਾਂ ਪੜੀਆਂ ਤਾਂ ਵਿਅਰਥ ਗਈਆਂ.. ਅਸਲੀ ਜਿਉਣਾ ਤਾਂ ਜਿੰਦਗੀ ਨੇ ਸਿਖਾਇਆ” ਇਹ ਗੱਲ ਅੱਜ ਦੀ ਜਵਾਨੀ ਤੋਂ ਸੁਨਣ ਨੂੰ ਬਹੁਤ ਜਿਆਦਾ ਮਿਲੀ ਮੈਨੂੰ ਜਿਸ ਕਰਕੇ ਮੈਂ ਇਹ ਲੇਖ ਲਿਖਣ ਬਾਰੇ ਸੋਚਿਆ। ਉਂਝ ਗੱਲ ਤਾਂ ਸੱਚ ਹੈ ਕਿ ਸਕੂਲੀ ਵਿੱਦਿਆ ਵਿੱਚੋਂ ਜੀਵਨ ਜਾਚ ਸਿੱਖਣ ਨੂੰ ਨਹੀਂ ਮਿਲਦੀ ਪਰ ਸੱਚ ਇਹ ਵੀ ਹੈ ਕਿ ਜੋ ਸਿੱਖਣ ਨੂੰ ਮਿਲਿਆ ਉਹ ਸਿੱਖਿਆ ਤੁਸੀਂ ਵੀ ਨਹੀਂ। ਇਤਿਹਾਸ, ਗਣਿਤ, ਵਿਗਿਆਨ ਯਾ ਹੋਰ ਬਥੇਰੇ ਵਿਸ਼ੇ ਦੀਆਂ ਕਿਤਾਬਾਂ … ਇਹਨਾਂ ਵਿੱਚੋਂ ਕਿਸ ਕਿਤਾਬ ਉੱਤੇ ਲਿਖਿਆ ਹੁੰਦਾ ਏ ਕਿ ਇਹਨਾਂ ਵਿੱਚ ਤੁਹਾਨੂੰ ਜੀਵਨ ਜਾਚ ਬਾਰੇ ਗਿਆਨ ਮਿਲੇਗਾ… ਕੀ ਕੋਈ ਦੱਸ ਸਕਦਾ ਏ ਮੈਨੂੰ? ਅਤੇ ਇੱਕ ਵਿਸ਼ੇਸ਼ ਗੱਲ ਹੋਰ ਜੇਕਰ ਕੋਈ ਜੀਵਨ ਜਾਚ ਸਿਖਾਉਣ ਲਈ ਕਿਤਾਬ ਸਾਨੂੰ ਸਕੂਲਾਂ ਵਿੱਚ ਪੜਾਈ ਜਾਂਦੀ ਕੀ ਸਾਨੂੰ ਜੀਵਨ ਜਾਚ ਸਮਝ ਆ ਜਾਂਦੀ?? ਮੇਰੇ ਮੁਤਾਬਿਕ ਬਿਲਕੁਲ ਨਹੀਂ। ਕਿਉਂਕਿ 15 ਸਾਲ ਤੱਕ ਦੀ ਉਮਰ ਇੱਕ ਅਜਿਹੀ ਉਮਰ ਹੁੰਦੀ ਏ ਜਿਸ ਵਿੱਚ ਸਾਡੀ ਮਾਨਸਿਕਤਾ ਸਿਰਫ ਖੇਡਣ ਜਾਂ ਫਿਰ ਪੜਾਈ ਤੋਂ ਦੂਰ ਜਾਣ ਲਈ ਸਕੀਮਾਂ ਘੜਨ ਤੇ ਹੀ ਜੋਰ ਦਿੰਦੀ ਏ। 15 ਤੋਂ ਬਾਅਦ ਆਪਣੇ ਵਿੱਚ ਬਦਲਾਅ ਆਉਣਾ ਸ਼ੁਰੂ ਹੁੰਦੇ ਨੇ ਤੇ ਵੇਖਦੇ ਹੀ ਵੇਖਦੇ ਆਪਣੀ ਸੋਚ ਵਿੱਚ ਤਬਦੀਲੀ ਆ ਜਾਂਦੀ ਏ। ਹੁਣ ਜੇ ਗੱਲ ਕਰੀਏ ਜੀਵਨ ਜਾਚ ਦੀ ਜੋ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਬਚਪਨ ਵਿੱਚ ਸਿੱਖਣ ਨੂੰ ਨਹੀਂ ਮਿਲੀ ਤਾਂ ਇਹ ਦੱਸੋ ਕੀ ਤੁਸੀਂ ਬਚਪਨ ਵਿੱਚ ਆਪਣੇ ਮਾਪਿਆਂ ਦੀ ਗੱਲ ਗੋਰ ਨਾਲ ਸੁਣੀ? ਜੇ ਮੈਂ ਦੱਸਾਂ ਤਾਂ ਤੁਸੀਂ ਨਹੀਂ ਸੁਣੀ ਤੇ ਸ਼ਾਇਦ ਮੈਂ ਵੀ ਨਹੀਂ ਸੀ ਸੁਣੀ ਤੇ ਉੱਥੇ ਹੀ ਕਮੀ ਰਹਿ ਜਾਂਦੀ ਏ ਆਪਣੇ ਵਿੱਚ। ਬਚਪਨ ਵਿੱਚ ਜਦ ਮਾਪੇ ਸਿਖਾਉਂਦੇ ਨੇ ਕਿ ਆਪਾਂ ਕਿਸ ਤਰ੍ਹਾਂ ਜਿਉਣਾ ਏ, ਕੀ ਸਹੀ ਏ ਤੇ ਕੀ ਗਲਤ… ਉਸ ਸਮੇਂ ਆਪਾਂ ਉਹਨਾਂ ਨੂੰ ਧਿਆਨ ਨਾਲ ਨਹੀਂ ਸੁਣਦੇ ਅਤੇ ਉਹੀ ਗੱਲਾਂ ਹੀ ਜੀਵਨ ਜਾਚ ਸਿਖਾਉਣ ਵਾਲੀਆਂ ਹੁੰਦੀਆਂ ਨੇ… ਤੇ ਫਿਰ ਹੁਣ ਦੱਸੋ ਕਮੀ ਸਕੂਲੀ ਵਿੱਦਿਆ ਵਿੱਚ ਸੀ ਜਾਂ ਤੁਹਾਡੇ ਵਿੱਚ??
ਜਵਾਨੀ ਵਿੱਚ ਵੱਜੀ ਠੋਕਰ ਜਦ ਤੁਹਾਡੀ ਮੱਤ ਉੱਤੇ ਡੂੰਘੀ ਸੱਟ ਮਾਰਦੀ ਏ ਤਾਂ ਉਸਨੂੰ ਜਿੰਦਗੀ ਦਾ ਪਾਠ ਸਮਝ ਕੇ ਸਵਿਕਾਰ ਕਰਨਾ ਸਿੱਖੋ ਨਾ ਕਿ ਬੀਤੇ ਸਮਿਆਂ ਤੇ ਦੋਸ਼ ਲਗਾਉਣਾ। ਜਵਾਨੀ ਵਿੱਚ ਦਾਖਲ ਹੋ ਕੇ ਜਿੰਦਗੀ ਜਿਉਣਾ ਸਿੱਖਣ ਲਈ ਜਾਂ ਤਾਂ ਇਨਸਾਨ ਨੂੰ ਠੋਕਰ ਦੀ ਜਰੂਰਤ ਪੈਂਦੀ ਏ ਜਾਂ ਫਿਰ ਇੱਕ ਚੰਗੀ ਕਿਤਾਬਾਂ ਦੀ। ਫੈਸਲਾ ਤੁਹਾਡੇ ਹੱਥ ਹੈ ਤੁਸੀਂ ਕਿਸ ਤਰ੍ਹਾਂ ਜੀਵਨ ਜਾਚ ਸਿੱਖਣੀ ਹੈ। ਸਮਝਦਾਰ ਹੁੰਦੇ ਨੇ ਉਹ ਜੋ ਆਪਣੀ ਗਲਤੀਆਂ ਤੋਂ ਸਬਕ ਲੈਂਦੇ ਨੇ ਪਰ ਬਹੁਤ ਡੂੰਘੀ ਸੋਚ ਦੇ ਅਤੇ ਬਹੁਤ ਜਿਆਦਾ ਸਮਝਦਾਰ ਹੁੰਦੇ ਨੇ ਉਹ ਜੋ ਦੁਨੀਆ ਦੀ ਗਲਤੀਆਂ ਤੋਂ ਸਬਕ ਲੈਂਦੇ ਨੇ। ਇਸ ਲਈ ਕਿਤਾਬਾਂ ਪੜਨਾ ਇੱਕੋ ਇੱਕ ਐਸਾ ਮਾਧਿਅਮ ਹੈ ਜਿਸ ਨਾਲ ਸਾਡੇ ਲਈ ਕੀ ਸਹੀ ਏ ਤੇ ਕੀ ਗਲਤ… ਸਾਨੂੰ ਉਹਨਾਂ ਗੱਲਾਂ ਦਾ ਗਿਆਨ ਹੋਣ ਲੱਗ ਜਾਂਦਾ ਹੈ।
ਜੇਕਰ ਇੱਛੁਕ ਹੋ ਕੁੱਝ ਨਵਾਂ ਸਿੱਖਣ ਲਈ ਤਾਂ ਕਿਤਾਬਾਂ ਨਾਲ ਮੋਹ ਜਰੂਰ ਵਧਾ ਲੈਣਾ… ਅਤੇ ਜੇਕਰ ਕੁੱਝ ਨਵਾਂ ਸਿੱਖ ਲੈਂਦੇ ਹੋ ਤੁਸੀਂ ਤਾਂ ਅੱਗੇ ਗਿਆਨ ਵੰਡਣਾ ਵੀ ਨਾ ਭੁੱਲਿਓ। ਕਹਿੰਦੇ ਨੇ ਸਿਵਿਆਂ ਦੀ ਧੂੜ ਚੋਂ ਨਿੱਕਲੀ ਰੂਹ ਦੀ ਪੇਸ਼ੀ ਪੈਂਦੀ ਏ ਰੱਬ ਦੇ ਦਰਬਾਰ ਵਿੱਚ… ਕਿਤੇ ਇਹ ਨਾ ਹੋਵੇ ਤੁਹਾਡੇ ਨਾਲ ਜਦ ਤੁਹਾਨੂੰ ਸਵਾਲ ਕੀਤਾ ਜਾਵੇ ਕਿ ਕੀ ਚੰਗਾ ਕਰਕੇ ਆਏ ਹੋ ਧਰਤੀ ਤੇ… ਤਾਂ ਉੱਥੇ ਤੁਹਾਡੀ ਖਾਮੋਸ਼ੀ ਇਹ ਕਹੇ ਕਿ ਮੈਂ ਕੁੱਝ ਨਹੀਂ ਕੀਤਾ। ਤੁਹਾਡੇ ਵਿੱਚ ਬਦਲਾਅ ਲਿਆਉਣ ਵਾਲੇ ਤੁਸੀਂ ਖੁਦ ਹੋਂ ਪਰ ਬਦਲਾਅ ਲਈ ਸਹੀ ਦਿਸ਼ਾ ਦਾ ਗਿਆਨ ਦੇਣ ਵਾਲੀ ਸਭ ਤੋਂ ਸੋਹਣੀ ਸ਼ਹਿ ਦਾ ਨਾਮ ਏ ਕਿਤਾਬ।
ਅਤੇ ਇੱਕ ਗੱਲ ਹੋਰ… ਜੇਕਰ ਮੇਰੀ ਗੱਲ ਗਲਤ ਲੱਗੀ ਤਾਂ ਮੈਨੂੰ ਜਰੂਰ ਦੱਸਣਾ ਕਿ ਸਹੀ ਕੀ ਹੈ

  • ਰਵੀਇੰਦਰ ਸਿੰਘ
  • 230

Continue Reading

ਰੁਝਾਨ


Copyright by IK Soch News powered by InstantWebsites.ca