ਜਲੰਧਰ, 3 ਮਾਰਚ – ਨਸ਼ੇ ਦੇ ਖਿਲਾਫ ਪੰਜਾਬ ਪੁਲਸ ਦੀ ਮੁਹਿੰਮ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ 140 ਨਸ਼ਾ ਤਸਕਰਾਂ ਦੇ ਖਿਲਾਫ ਕੇਸ ਦਰਜ ਕਰ ਕੇ 121 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਤਰਨ ਤਾਰਨ ਜਿ਼ਲੇ ਵਿੱਚ ਪੁਲਸ ਨੇ ਵੱਖ-ਵੱਖ ਥਾਵਾਂ ਉੱਤੇ ਨਾਕਾਬੰਦੀ ਅਤੇ ਛਾਪੇਮਾਰੀ ਕਰ ਕੇ ਪਿੰਡ ਨਾਰਲਾ ਦੇ ਸਾਬਕਾ ਅਕਾਲੀ ਸਰਪੰਚ ਸਰਵਨ ਸਿੰਘ ਸਣੇ 13 ਨਸ਼ਾ ਤਸਕਰਾਂ ਨੂੰ ਫੜਿਆ ਤੇ 21 ਲੋਕਾਂ ਦੇ ਖਿਲਾਫ ਕੇਸ ਦਰਜ ਕੀਤੇ ਹਨ। ਗ੍ਰਿਫਤਾਰ ਦੋਸ਼ੀਆਂ ਕੋਲੋਂ 705 ਗਰਾਮ ਹੈਰੋਇਨ ਅਤੇ 619 ਨਸ਼ੇ ਦੀਆਂ ਗੋਲੀਆਂ ਮਿਲੀਆਂ ਸਨ। ਸਾਬਕਾ ਸਰਪੰਚ ਕੋਲੋਂ 255 ਗਰਾਮ ਹੈਰੋਇਨ ਮਿਲੀ ਸੀ। ਓਧਰ ਅੰਮ੍ਰਿਤਸਰ ਜ਼ਿਲੇ੍ਹ ਵਿੱਚ ਪੁਲਸ ਨੇ 12 ਤਸਕਰਾਂ ਨੂੰ ਕੁੱਲ 952 ਗਰਾਮ ਹੈਰੋਇਨ ਨਾਲ ਫੜਿਆ ਅਤੇ ਇਨ੍ਹਾਂ ਵਿੱਚੋਂ ਇੱਕ ਤਸਕਰ ਕੋਲੋਂ 370 ਗਰਾਮ ਹੈਰੋਇਨ ਮਿਲੀ ਹੈ, ਜੋ ਸਰਹੱਦੀ ਪਿੰਡ ਦੇ ਕਿਸੇ ਤਸਕਰ ਤੋਂ ਹੈਰੋਇਨ ਲੈ ਕੇ ਗਿਰੋਹ ਦੇ ਨਾਲ ਸ਼ਹਿਰ ਵਿੱਚ ਸਪਲਾਈ ਕਰਦਾ ਸੀ। ਇਸ ਦੇ ਇਲਾਵਾ ਦੂਸਰੇ ਤਸਕਰ ਤੋਂ ਸੌ ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਹ ਪਿਛਲੇ ਤਿੰਨ ਸਾਲ ਤੋਂ ਹੈਰੋਇਨ ਵੇਚ ਰਿਹਾ ਸੀ। ਹੋਰਨਾਂ ਦਸ ਦੋਸ਼ੀਆਂ ਨੂੰ ਕੁੱਲ 483 ਗਰਾਮ ਹੈਰੋਇਨ ਨਾਲ ਫੜਿਆ ਗਿਆ। ਹੁਸ਼ਿਆਰਪੁਰ ਜਿ਼ਲੇ ਵਿੱਚ ਪੰਜ ਕੇਸ ਦਰਜ ਕਰ ਕੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਸ ਨੂੰ 45 ਗਰਾਮ ਨਸ਼ੀਲਾ ਪਾਊਡਰ, 49 ਗਰਾਮ ਹੈਰੋਇਨ ਅਤੇ 2000 ਲੀਟਰ ਲਾਹਣਮਿਲੀ ਹੈ। ਜਿ਼ਲਾ ਜਲੰਧਰ ਵਿੱਚ ਪੁਲਸ ਨੇ ਸੱਤ ਕਿਲੋ ਅਫੀਮ ਸਮੇਤ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।ਇਕ ਦੋਸ਼ੀ ਝਾਰਖੰਡ ਦਾ ਵਸਨੀਕ ਹੈ ਅਤੇ ਉਥੋਂ ਅਫੀਮ ਲਿਆਉਂਦਾ ਸੀ। ਲੁਧਿਆਣੇ ਜਿ਼ਲੇ ਵਿੱਚ ਕੱਲ੍ਹ ਨਸ਼ਾ ਤਸਕਰੀ ਦੇ ਛੇ ਕੇਸ ਦਰਜ ਕਰ ਕੇ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਤੋਂ 84 ਬੋਤਲਾਂ ਸ਼ਰਾਬ, ਪੰਜ ਗਰਾਮ ਹੈਰੋਇਨ ਅਤੇ 1800 ਪਾਬੰਦੀਸ਼ੁਦਾ ਗੋਲੀਆਂ ਮਿਲੀਆਂ ਹਨ। ਪਟਿਆਲੇ ਵਿੱਚ ਪੁਲਸ ਨੇ 15 ਕੇਸ ਦਰਜ ਕਰ ਕੇ ਇੱਕ ਔਰਤ ਸਣੇ 15 ਲੋਕਾਂ ਨੂੰ ਫੜਿਆ ਹੈ। ਦੋਸ਼ੀਆਂ ਤੋਂ ਨਾਜਾਇਜ਼ ਸ਼ਰਾਬ, ਨਸ਼ੀਲੀਆਂ ਗੋਲੀਆਂ, ਹੈਰੋਇਨ, ਭੁੱਕੀ, ਗਾਂਜਾ ਆਦਿ ਨਸ਼ੀਲਾ ਪਦਾਰਥ ਮਿਲਿਆ ਹੈ। ਪਠਾਨਕੋਟ ਪੁਲਸ ਨੇ ਦੋ ਕੇਸਾਂ ਵਿੱਚ 11 ਗਰਾਮ ਹੈਰੋਇਨ ਬਰਾਮਦ ਕਰ ਕੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੰਗਰੂਰ ਵਿੱਚ ਛੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਤਿੰਨ ਕੇਸ ਦਰਜ ਕੀਤੇ ਹਨ।ਫਿਰੋਜ਼ਪੁਰ ਵਿੱਚ ਪੁਲਸ ਨੇ ਅੱਠ ਕੇਸ ਦਰਜ ਕਰ ਕੇ 309 ਗਰਾਮ ਹੈਰੋਇਨ ਅਤੇ 230 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਦਸ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਇਲਾਵਾ ਐਕਸਾਈਜ ਐਕਟ ਦੇ ਤਹਿਤ ਮਾਮਲੇ ਦਰਜ ਕਰ ਕੇ 38 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਦੋਸ਼ੀ ਜ਼ਮਾਨਤ ਉੱਤੇ ਰਿਹਾਅ ਹੋ ਗਏ। ਫਾਜ਼ਿਲਕਾ ਜ਼ਿਲੇ੍ਹ ਵਿੱਚ ਪੁਲਸ ਨੇ ਨਸ਼ਾ ਤਸਕਰੀ ਦੇ ਚਾਰ ਕੇਸ ਦਰਜ ਕਰ ਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।
Read More Latest Crime News in Punjabi