ਮੁੰਬਈ, 18 ਫਰਵਰੀ – ਬੰਬੇ ਹਾਈਕੋਰਟ ਨੇ ਵਾਤਾਵਰਣ ਕਾਰਕੁੰਨ ਗ੍ਰੇਟਾ ਥਨਬਰਗ ਵੱਲੋਂ ਕਿਸਾਨ ਅੰਦੋਲਨ ਬਾਰੇ ਸ਼ੇਅਰ ਕੀਤੀ ‘ਟੂਲਕਿੱਟ’ ਵਾਲੇ ਕੇਸ ਵਿੱਚ ਐਡਵੋਕੇਟ ਨਿਕਿਤਾ ਜੈਕਬ ਨੂੰ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਪੀ ਡੀ ਨਾਇਕ ਨੇ ਜੈਕਬ ਨੂੰ ਰਾਹਤ ਲਈ ਦਿੱਲੀ ਦੀ ਸਬੰਧਤ ਕੋਰਟ ਵਿੱਚ ਪਹੁੰਚ ਕਰਨ ਲਈ ਤਿੰਨ ਹਫਤਿਆਂ ਦਾ ਸਮਾਂ ਦਿੱਤਾ ਹੈ। ਕੋਰਟ ਨੇ ਆਪਣੇ ਹੁਕਮਾਂ ਵਿੱਚ ਇਸ ਗੱਲ ਦਾ ਨੋਟਿਸ ਲਿਆ ਕਿ ਜੈਕਬ ਮੁੰਬਈ ਦੀ ਪੱਕੀ ਵਸਨੀਕ ਹੈ ਤੇ ਉਸ ਦੇ ਖਿਲਾਫ ਕੇਸ ਦਿੱਲੀ ‘ਚ ਦਰਜ ਹੋਣ ਕਰ ਕੇ ਉਸ ਨੂੰ ਰਾਹਤ ਸਿਰਫ ਆਰਜ਼ੀ ਹੈ।
ਵਰਨਣ ਯੋਗ ਹੈ ਕਿ ਬੰਬੇ ਹਾਈ ਕੋਰਟ ਦੇ ਔਰੰਗਾਬਾਦ ਬੈਂਚ ਨੇ ਇਸੇ ਕੇਸ ਦੇ ਇਕ ਸ਼ੱਕੀ, ਬੀੜ (ਮਹਾਰਾਸ਼ਟਰ) ਦੇ ਇੰਜੀਨੀਅਰ ਸ਼ਾਂਤਨੂੰ ਮੁਲਕ, ਨੂੰ ਇੱਕ ਦਿਨ ਪਹਿਲਾਂ ਗ੍ਰਿਫਤਾਰੀ ਤੋਂ ਦਸ ਦਿਨ ਦੇ ਲਈ ਰਾਹਤ ਦਿੰਦਿਆਂ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਦੇ ਦਿੱਤੀ ਸੀ।ਜਸਟਿਸ ਨਾਇਕ ਨੇ ਕਿਹਾ, ‘ਅਪੀਲਕਰਤਾ (ਜੈਕਬ) ਨੂੰ ਡਰ ਹੈ ਕਿ ਉਸ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਉਸ ਨੇ ਦੂਜੇ ਸੂਬੇ ਦੀ ਕੋਰਟ ਤੋਂ ਰਾਹਤ ਲੈਣਦੇ ਪ੍ਰਬੰਧ ਕਰਨੇ ਹਨ। ਇਸ ਲਈ ਕੋਰਟ ਦਾ ਵਿਚਾਰ ਹੈ ਕਿ ਅਪੀਲਕਰਤਾ ਵੱਲੋਂ ਮੰਗੀ ਗਈ ਰਾਹਤ ਕੁਝ ਸਮੇਂ ਲਈ ਦਿੱਤੀ ਜਾ ਸਕਦੀ ਹੈ।’ਕੋਰਟ ਨੇ ਕਿਹਾ ਕਿ ਕਿਉਂਕਿ ਜੈਕਬ ਨੇ ਪੇਸ਼ਗੀ ਜ਼ਮਾਨਤ ਲਈ ਦਿੱਲੀ ਦੀ ਸਬੰਧਤ ਕੋਰਟ ਤੱਕ ਪਹੁੰਚ ਕਰਨੀ ਹੈ, ਇਸ ਲਈ ਇਸ ਕੋਰਟ ਵੱਲੋਂ ਕੇਸ ਦੇ ਗੁਣਾਂ/ਦੋਸ਼ਾਂ ਬਾਰੇ ਟਿੱਪਣੀ ਕਰਨਾ ਵਾਜਬ ਨਹੀਂ। ਜਸਟਿਸ ਨਾਇਕ ਨੇ ਕਿਹਾ, ‘ਅਪੀਲਕਰਤਾ ਨੂੰ ਤਿੰਨ ਹਫਤਿਆਂ ਲਈ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਕਿ ਉਸ ਨੂੰ ਦਿੱਲੀ ਵਿੱਚ ਸਬੰਧਤ ਕੋਰਟ ਤੱਕ ਰਸਾਈ ਲਈ ਸਮਾਂ ਮਿਲ ਸਕੇ।’ਇਸ ਦੇ ਨਾਲ ਕੋਰਟ ਨੇ ਕਿਹਾ ਕਿ ਜੇ ਜੈਕਬ ਨੂੰ ਤਿੰਨ ਹਫਤਿਆਂ ਦੇ ਇਸ ਅਰਸੇ ਦੌਰਾਨ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ 25000 ਰੁਪਏ ਦੇ ਬੌਂਡ ‘ਤੇ ਰਿਹਾਅ ਕੀਤਾ ਜਾਵੇ।
ਜਸਟਿਸ ਨਾਇਕ ਨੇ ਆਪਣਾ ਫੈਸਲਾ ਦੇਣ ਮੌਕੇ ਇਸ ਤੱਥ ਨੂੰ ਨੋਟਿਸ ਵਿੱਚ ਲਿਆ ਕਿ ਇਸੇ ਕੇਸ ਦੇ ਸ਼ੱਕੀ ਦੋਸ਼ੀ ਸ਼ਾਂਤਨੂੰ ਮੁਲਕ ਨੂੰ ਹਾਈ ਕੋਰਟ ਦਾ ਔਰੰਗਾਬਾਦ ਬੈਂਚ ਮੰਗਲਵਾਰ ਨੂੰ ਦਸ ਦਿਨ ਦੀ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਦੇ ਚੁੱਕਾ ਹੈ। ਜੈਕਬ ਉੱਤੇ ਮੁਲਕ, ਜੋ ਵਾਤਾਵਰਣ ਕਾਰਕੰੁਨ ਹੋਣ ਦਾ ਦਾਅਵਾ ਕਰਦਾ ਹੈ, ਨੇ ਦਿੱਲੀ ਕੋਰਟ ਵੱਲੋਂ ਉਨ੍ਹਾਂ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਮਗਰੋਂ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਦੋਵਾਂ ਨੇ ਆਪੋ-ਆਪਣੀ ਪਟੀਸ਼ਨ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਓਧਰ ਦਿੱਲੀ ਪੁਲਸ ਦਾ ਮੰਨਣਾ ਹੈ ਕਿ ਜੈਕਬ ਅਤੇ ਸ਼ਾਂਤਨੂੰ ਨੇ ਬੰਗਲੌਰ ਦੀ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ, ਜੋ ਇਸ ਵੇਲੇ ਦਿੱਲੀ ਪੁਲਸ ਦੀ ਹਿਰਾਸਤ ਵਿੱਚ ਹੈ, ਨਾਲ ਮਿਲ ਕੇ ਕਿਸਾਨ ਅੰਦੋਲਨ ਬਾਰੇ ਟੂਲਕਿੱਟ ਬਣਾਈ ਸੀ, ਜਿਸ ਨੂੰ ਗ੍ਰੇਟਾ ਥਨਬਰਗ ਨੇ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਟਵੀਟ ਨਾਲ ਸਾਂਝਾ ਕੀਤਾ ਸੀ। ਇਸ ‘ਟੂਲਕਿੱਟ’ ਕੇਸ ਵਿੱਚ ਮਸ਼ਕੂਕ ਸ਼ਾਂਤਨੂੰ ਮੁਲਕ ਦੇ ਪਿਤਾ ਸ਼ਿਵਲਾਲ ਮੁਲਕ ਨੇ ਸਥਾਨਕ ਪੁਲਸ ਨੂੰ ਦੱਸਿਆ ਕਿ ਦੋ ਵਿਅਕਤੀ, ਜੋ ਦਿੱਲੀ ਪੁਲਸ ਦੇ ਮੁਲਾਜ਼ਮ ਹੋਣ ਦਾ ਦਾਅਵਾ ਕਰਦੇ ਸਨ, ਉਨ੍ਹਾਂ ਦੇ ਘਰੋਂ ਸ਼ਾਂਤਨੂੰ ਦੇ ਕੰਪਿਊਟਰ ਦੀ ਹਾਰਡ ਡਿਸਕ ਤੇ ਕੁਝ ਹੋਰ ਚੀਜ਼ਾਂ ਲੈ ਗਏ ਹਨ। ਬੀੜ ਦੇ ਸੁਪਰਡੈਂਟ ਰਾਜਾ ਰਾਮਾਸਵਾਮੀ ਨੇ ਕਿਹਾ ਕਿ ਸ਼ਾਂਤਨੂੰ ਦੇ ਪਿਤਾ ਨੇ ‘ਜ਼ਿੰਮੇਵਾਰ ਨਾਗਰਿਕ’ ਵਜੋਂ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ। ਸ਼ਾਂਤਨੂੰ ਦੇ ਪਿਤਾ ਨੇ ਸ਼ਿਕਾਇਤ ਵਿੱਚ ਕਿਹਾ ਕਿ ਪੁਲਸ ਕੋਲ ਤਲਾਸ਼ੀ ਵਾਰੰਟ ਵੀ ਨਹੀਂ ਸੀ ਤੇ ਨਾ ਉਨ੍ਹਾਂ ਕਬਜ਼ੇ ਵਿੱਚ ਲਈਆਂ ਚੀਜ਼ਾਂ ਬਾਰੇ ਕੋਈ ‘ਪੰਚਨਾਮਾ’ ਤਿਆਰ ਕੀਤਾ ਸੀ।