Threatening smartphone applications are a threat to privacy and security
Connect with us [email protected]

ਤੁਹਾਡੀਆਂ ਲਿਖਤਾਂ

ਗੁਪਤਤਾ ਅਤੇ ਸੁਰੱਖਿਆ ਲਈ ਖ਼ਤਰਾ ਹਨ ਲੁਭਾਵਣੀਆਂ ਸਮਾਰਟਫੋਨ ਐਪਲੀਕੇਸ਼ਨਜ

Published

on

article

( ਇਹ ਐਪਲੀਕੇਸ਼ਨਜ ਫਾਲਤੂ ਵਿਗਿਆਪਨ ਵਖਾਉਂਦੀਆਂ ਹਨ ਅਤੇ ਬੈਂਕਿੰਗ ਜਾਣਕਾਰੀ ਹਾਸਲ ਕਰਕੇ
ਉਸ ਦੀ ਦੁਰਵਰਤੋਂ ਕਰ ਸਕਦੀਆਂ ਹਨ। )

ਅੱਜ ਕੱਲ੍ਹ ਦੇ ਤਕਨਾਲੌਜੀ ਦੇ ਯੁੱਗ ਵਿੱਚ ਸਮਾਰਟ ਫੋਨ ਦੀ ਵਰਤੋਂ ਆਮ ਹੋ ਗਈ ਹੈ। ਕੀ
ਬੱਚਾ, ਕੀ ਨੌਜਵਾਨ, ਕੀ ਬੁੱਢਾ ਹਰ ਕੋਈ ਸਮਾਰਟਫੋਨ ਵਿੱਚ ਰੁਝਿਆ ਵੇਖਿਆ ਜਾ ਸਕਦਾ ਹੈ। ਇਸ
ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਰਟਫੋਨ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ
ਦਿੱਤਾ ਹੈ ਪਰ ਜਿਵੇਂ ਕਿ ਸਾਇੰਸ ਦੀ ਹਰ ਕਾਢ ਦੇ ਵਧੇਰੇ ਫਾਇਦੇ ਤੇ ਕੁਝ ਨੁਕਸਾਨ ਜ਼ਰੂਰ
ਹੁੰਦੇ ਹਨ ਉਵੇਂ ਸਮਾਰਟਫੋਨ ਦੇ ਵੀ ਹਨ। ਅਸੀਂ ਕਿਸੇ ਚੀਜ਼ ਨੂੰ ਕਿਵੇਂ ਵਰਤਦੇ ਹਾਂ ? ਫਾਇਦੇ
ਅਤੇ ਨੁਕਸਾਨ ਮੁੱਖ ਤੌਰ ਤੇ ਵਰਤੋਂ ਕਰਨ ਦੇ ਤਰੀਕੇ ਤੇ ਨਿਰਭਰ ਕਰਦੇ ਹਨ। ਇਥੇ ਬਿਜਲੀ ਦੀ
ਉਦਾਹਰਣ ਲਈ ਜਾ ਸਕਦੀ ਹੈ। ਬਿਜਲੀ ਨੂੰ ਤਰੀਕੇ ਨਾਲ ਵਰਤੀਏ ਤਾਂ ਇਹ ਜੀਵਨ ਦੀ ਮੁਢਲੀ ਲੋੜ ਹੈ
ਅਤੇ ਲਾਪਰਵਾਹੀ ਨਾਲ ਵਰਤੀਏ ਤਾਂ ਜੀਵਨ ਸਮਾਪਤ ਵੀ ਕਰ ਸਕਦੀ ਹੈ।
ਸਮਾਰਟਫੋਨ ਵਿੱਚ ਅਸੀਂ ਸੈਂਕੜੇ ਕਿਸਮ ਦੀਆਂ ਐਪਸ ਡਾਊਨਲੋਡ ਕਰ ਕੇ ਹਜ਼ਾਰਾਂ ਤਰ੍ਹਾਂ ਦੇ
ਕੰਮ ਕਰ ਸਕਦੇ ਹਾਂ। ਜਿਵੇਂ ਕਿ ਸੋਸ਼ਲ ਮੀਡੀਆ ਐਪਸ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ
ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੁੰਦਿਆਂ ਜੁੜੇ ਰਹਿਣਾ, ਗੂਗਲ ਮੈਪ ਨਾਲ ਅਣਜਾਣ ਰਸਤੇ
ਅਸਾਨੀ ਨਾਲ ਲੱਭਣਾ, ਨਿਊਜ਼ ਐਪਸ ਨਾਲ ਤੁਰੰਤ ਖਬਰਾਂ ਅਤੇ ਮੌਸਮ ਦੀ ਜਾਣਕਾਰੀ ਹਾਸਲ ਕਰਨਾ,
ਬੈਂਕਿੰਗ ਐਪਸ ਨਾਲ ਘਰ ਬੈਠੇ ਬਿੱਲ, ਕਿਸ਼ਤ ਭਰਨਾ, ਪੈਸੇ ਟਰਾਂਸਫਰ ਕਰਨਾ ਆਦਿ ਆਦਿ। ਪਰ
ਜਦੋਂ ਅਸੀਂ ਉਪਰੋਕਤ ਅਤੇ ਹੋਰ ਕੰਮ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਹੋਰ ਤਰ੍ਹਾਂ ਤਰ੍ਹਾਂ
ਦੀਆਂ ਐਪਸ ਦੇ ਲੁਭਾਵਣੇ ਵਿਗਿਆਪਨ ਵਿਖਾਈ ਦਿੰਦੇ ਹਨ। ਜਿੰਨਾ ਨੂੰ ਵੇਖ ਕੇ ਅਸੀਂ ਤੁਰੰਤ
ਉਨ੍ਹਾਂ ਐਪਸ ਨੂੰ ਡਾਊਨਲੋਡ ਕਰ ਲੈਂਦੇ ਹਾਂ। ਪਰ ਇਥੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ
ਕਿਹੜੀਆਂ ਐਪਸ ਸਾਡੇ ਲਈ ਲਾਭਦਾਇਕ ਅਤੇ ਸੁਰੱਖਿਅਤ ਹਨ ਅਤੇ ਕਿਹੜੀਆਂ ਟੇਢੇ ਢੰਗ ਨਾਲ ਸਾਡੀ
ਗੁਪਤਤਾ ਅਤੇ ਸੁਰੱਖਿਆ ਨੂੰ ਖੋਰਾ ਲਗਾ ਰਹੀਆਂ ਹਨ। ਅਜਿਹੀਆਂ ਬਹੁਤ ਸਾਰੀਆਂ ਐਪਸ ਹਨ ਜੋਂ
ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਅਸਲ ਵਿੱਚ ਉਹ ਨੁਕਸਾਨ ਦੇਹ ਸਾਬਤ ਹੁੰਦੀਆਂ ਹਨ। ਆਓ
ਇਨ੍ਹਾਂ ਵਿੱਚੋਂ ਕੁਝ ਦੀ ਗੱਲ ਕਰਦੇ ਹਾਂ :

ਮੈਮੋਰੀ ਕਲੀਨਰ ਐਪਸ : ਤੁਸੀਂ ਅਕਸਰ ਮੈਮੋਰੀ ਕਲੀਨਰ ਐਪਸ ਦੇ ਵਿਗਿਆਪਨ ਸਕਰੀਨ ਤੇ ਆਉਂਦੇ
ਵੇਖੇ ਹੋਣਗੇ। ਇਨ੍ਹਾਂ ਦਾ ਕੰਮ ਫਾਲਤੂ ਫਾਈਲਾਂ ਨੂੰ ਮਿਟਾ ਕੇ ਸਮਾਰਟਫੋਨ ਦੀ ਰੈਮ ਮੈਮੋਰੀ
ਨੂੰ ਖਾਲੀ ਕਰ ਕੇ ਸਮਾਰਟਫੋਨ ਨੂੰ ਫਾਸਟ ਕਰਨਾ ਹੁੰਦਾ ਹੈ। ਪਰ ਉਲਟਾ ਇਹ ਫੋਨ ਨੂੰ ਹੋਰ ਧੀਮਾ
ਕਰ ਦਿੰਦੀਆਂ ਹਨ। ਇਹ ਐਪਸ ਹਰ ਵਕਤ ਐਕਟਿਵ ਰਹਿਣ ਕਰਕੇ ਬੈਟਰੀ ਬਰਬਾਦ ਕਰਦੀਆਂ ਹਨ ਅਤੇ
ਫਾਲਤੂ ਵਿਗਿਆਪਨ ਵੀ ਵਖਾਉਂਦੀਆਂ ਹਨ।

ਵਾਈ ਫਾਈ ਅਤੇ ਇੰਟਰਨੈੱਟ ਸਪੀਡ ਐਪਸ : ਪਲੇਅ ਸਟੋਰ ਤੇ ਬਹੁਤ ਸਾਰੀਆਂ ਐਪਸ ਵਾਈ ਫਾਈ ਪਾਸਵਰਡ
ਹੈਕ ਕਰਨ ਜਾਂ ਇੰਟਰਨੈੱਟ ਦੀ ਸਪੀਡ ਤੇਜ਼ ਕਰਨ ਦਾ ਦਾਅਵਾ ਕਰਦੀਆਂ ਹਨ ਪਰ ਇਹ ਐਪਸ ਅਜਿਹਾ
ਕੁਝ ਨਹੀਂ ਕਰ ਸਕਦੀਆਂ ਸਗੋਂ ਸਮਾਰਟਫੋਨ ਦਾ ਡਾਟਾ ਚੋਰੀ ਕਰ ਕੇ ਉਸ ਦੀ ਦੁਰਵਰਤੋਂ ਕਰ
ਸਕਦੀਆਂ ਹਨ।

ਐਂਟੀ ਵਾਇਰਸ : ਜਦੋਂ ਕੰਪਿਊਟਰ ਦਾ ਜ਼ਮਾਨਾ ਸੀ ਤਾਂ ਹੈਕਰਾਂ ਲਈ ਡਾਟਾ ਚੋਰੀ ਕਰਨਾ ਔਖਾ ਸੀ
ਕਿਉਂਕਿ ਕੰਪਿਊਟਰ ਹਮੇਸ਼ਾ ਇੰਟਰਨੈੱਟ ਨਾਲ ਜੁੜੇ ਨਹੀਂ ਰਹਿੰਦੇ ਸਨ। ਪਰ ਅੱਜ ਕੱਲ੍ਹ
ਸਮਾਰਟਫੋਨ ਹਮੇਸ਼ਾ ਇੰਟਰਨੈੱਟ ਨਾਲ ਜੁੜੇ ਰਹਿਣ ਕਰਕੇ ਹੈਕ ਕਰਨੇ ਅਸਾਨ ਹਨ। ਹੈਕਰ ਐਂਟੀ
ਵਾਇਰਸ ਐਪਸ ਬਣਾ ਕੇ ਲੁਭਾਵਣੇ ਵਿਗਿਆਪਨ ਦਿੰਦੇ ਹਨ। ਜਦੋਂ ਹੀ ਕੋਈ ਵਰਤੋਂਕਾਰ ਇਸ ਨੂੰ
ਇੰਸਟਾਲ ਕਰਦਾ ਹੈ ਤਾਂ ਸਮਾਰਟਫੋਨ ਦਾ ਸਾਰਾ ਕੰਟਰੋਲ ਹੈਕਰ ਦੇ ਹੱਥ ਵਿੱਚ ਆ ਜਾਂਦਾ ਹੈ।
ਸਾਨੂੰ ਹਮੇਸ਼ਾ ਭਰੋਸੇਯੋਗ ਡਿਵੈਲਪਰ ਦੁਆਰਾ ਬਣਾਏ ਐਂਟੀ ਵਾਇਰਸ ਨੂੰ ਹੀ ਡਾਉਨਲੋਡ ਕਰਨਾ
ਚਾਹੀਦਾ ਹੈ।

ਇੰਟਰਨੈੱਟ ਬਰਾਉਜ਼ਰ : ਆਮ ਤੌਰ ਤੇ ਅਸੀਂ ਗੂਗਲ ਕਰੋਮ ਬਰਾਉਜ਼ਰ ਦੀ ਵਰਤੋਂ ਕਰਦੇ ਹਾਂ। ਪਰ
ਕਈ ਹੋਰ ਬਰਾਉਜ਼ਰ ਐਪਸ ਵਾਧੂ ਫੀਚਰਜ਼ ਦੇਣ ਦਾ ਦਾਅਵਾ ਕਰਦੀਆਂ ਹਨ ਜਿਵੇਂ ਯੂ ਸੀ ਵੈਬ ਜੋਂ
ਕਿ ਤੇਜ਼ ਬਰਾਊਜ਼ਿੰਗ ਲਈ ਜਾਣਿਆ ਜਾਂਦਾ ਹੈ ਪਰ ਇਹ ਬਰਾਉਜ਼ਰ ਤੁਹਾਡੀ ਲੋਕੇਸ਼ਨ ਅਤੇ ਪਰਸਨਲ
ਡਾਟਾ ਅਲੀ ਬਾਬਾ ਡਾਟ ਕਾਮ ਵਰਗੀਆਂ ਵਪਾਰਕ ਵੈਬਸਾਈਟਾਂ ਨਾਲ ਸ਼ੇਅਰ ਕਰਦਾ ਹੈ। ਜਿਸ ਦੀ ਮਦਦ
ਨਾਲ ਇਹ ਵੈਬਸਾਈਟਾਂ ਤੁਹਾਨੂੰ ਤੁਹਾਡੀਆਂ ਦਿਲਚਸਪੀਆਂ ਦੇ ਹਿਸਾਬ ਨਾਲ ਵਿਗਿਆਪਨ ਵਖਾਉਂਦੀਆਂ
ਹਨ।

ਬੈਟਰੀ ਸੇਵਰ ਅਤੇ ਫਾਸਟ ਚਾਰਜ਼ : ਸਮਾਰਟਫੋਨ ਦੀ ਜ਼ਿਆਦਾ ਵਰਤੋਂ ਅਤੇ ਚਾਰਜ਼ ਕਰਨ ਦਾ ਸਮਾਂ
ਨਾ ਮਿਲਣ ਕਾਰਨ ਬੈਟਰੀ ਜਲਦੀ ਖਤਮ ਹੋ ਜਾਂਦੀ ਹੈ। ਅਕਸਰ ਵਿਗਿਆਪਨਾਂ ਵਿੱਚ ਅਜਿਹੀਆਂ ਐਪਸ
ਵਿਖਾਈਆਂ ਜਾਂਦੀਆਂ ਹਨ ਜੋ ਬੈਟਰੀ ਦੀ ਬਚਾਉਂਦੀਆਂ ਹਨ ਜਾਂ ਜਲਦੀ ਚਾਰਜ਼ ਹੋਣ ਵਿੱਚ ਮਦਦ
ਕਰਦੀਆਂ ਹਨ। ਪਰ ਇਸ ਤਰ੍ਹਾਂ ਦੀ ਕੋਈ ਤਕਨਾਲੌਜੀ ਨਹੀਂ ਜੋਂ ਬੈਟਰੀ ਸੇਵ ਕਰ ਸਕੇ ਜਾਂ ਜਲਦੀ
ਚਾਰਜ਼ ਕਰ ਸਕੇ। ਇਸ ਤਰ੍ਹਾਂ ਦੀਆਂ ਐਪਸ ਦਾ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਇਹ ਵਾਧੂ
ਵਿਗਿਆਪਨ ਵਖਾਉਂਦੀਆਂ ਰਹਿੰਦੀਆਂ ਹਨ।

ਇਸ ਤੋਂ ਇਲਾਵਾ ਇੰਟਰਨੈੱਟ ਬੈਂਕਿੰਗ ਲਾਗ ਇਨ ਲਈ ਸਮਾਰਟਫੋਨ ਦੇ ਕਿਸੇ ਵੀ ਬਰਾਉਜ਼ਰ ਦੀ
ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਜ਼ਿਆਦਾ ਸੁਰੱਖਿਅਤ ਨਹੀਂ ਹਨ। ਇਸ ਨਾਲ ਫੋਨ ਵਿੱਚ
ਇੰਸਟਾਲ ਹੋਈ ਕੋਈ ਖਤਰਨਾਕ ਐਪਲੀਕੇਸ਼ਨ ਤੁਹਾਡੀ ਬੈਂਕਿੰਗ ਜਾਣਕਾਰੀ ਹਾਸਲ ਕਰ ਉਸ ਦੀ
ਦੁਰਵਰਤੋਂ ਕਰ ਸਕਦੀ ਹੈ। ਇਸ ਕੰਮ ਲਈ ਬੈਂਕ ਦੀ ਆਪਣੀ ਅਸਲ ਐਪਲੀਕੇਸ਼ਨ ਦੀ ਵਰਤੋਂ ਹੀ ਕਰਨੀ
ਚਾਹੀਦੀ ਹੈ। ਇਸ ਤਰ੍ਹਾਂ ਸਮਾਰਟਫੋਨ ਦੀ ਸੁਚੱਜੀ ਵਰਤੋਂ ਕਰ ਕੇ ਇਸ ਨੂੰ ਲਾਹੇਵੰਦ ਬਣਾਉਣ ,
ਆਪਣੇ ਡਾਟਾ, ਗੁਪਤਤਾ ਅਤੇ ਪੈਸੇ ਦੀ ਸੁਰੱਖਿਆ ਲਈ ਸਾਨੂੰ ਇੰਟਰਨੈੱਟ ਜਾਂ ਲਿਟਰੇਚਰ ਦੇ
ਮਾਧਿਅਮ ਰਾਹੀਂ ਇਨ੍ਹਾਂ ਗੱਲਾਂ ਬਾਰੇ ਪੜ੍ਹਦੇ ਅਤੇ ਸਿੱਖਦੇ ਰਹਿਣਾ ਚਾਹੀਦਾ ਹੈ।

  • ਚਾਨਣ ਦੀਪ ਸਿੰਘ ਔਲਖ, ਪਿੰਡ ਗੁਰਨੇ ਖੁਰਦ (ਮਾਨਸਾ)
    ਸੰਪਰਕ : 9876888177

Read More Latest Punjabi Article 2021

ਤੁਹਾਡੀਆਂ ਲਿਖਤਾਂ

ਮੈਂ ਤਾਂ ਬਾਹਰ ਹੀ ਜਾਣੈ..

Published

on

Punjabi article

ਪਿੰਡ ਦੇ ਬੱਸ ਅੱਡੇ ਤੇ ਮੋਟਰਸਾਈਕਲ ਦੇ ਟਾਇਰ ਨੂੰ ਪੈਂਚਰ ਲਗਵਾ ਰਹੇ ਜਗਤਾਰ ਸਿੰਘ ਨੂੰ
ਉਸਦੇ ਜਮਾਤੀ ਰਹੇ ਗੁਰਜੰਟ ਸਿੰਘ ਨੇ ਪੁੱਛਿਆ ” ਕੀ ਹਾਲ ਐ ਤਾਰੀ ? ਫ਼ਸਲ ਬਾੜੀ ਵਧੀਐ? ਉਹ
ਸੱਚ ਤੇਰਾ ਮੁੰਡਾ ਕਿਹੜੀ ਕਲਾਸ ਵਿੱਚ ਹੋ ਗਿਆ?” ਇੱਕੋ ਸਾਹ ਗੁਰਜੰਟ ਕਈ ਸਾਰੇ ਸਵਾਲ ਕਰ
ਗਿਆ। ਜਗਤਾਰ ਨੇ ਉੱਤਰ ਦਿੰਦਿਆਂ ਕਿਹਾ “ ਵਧੀਐ ਬਾਈ ! ਮੁੰਡੇ ਨੇ ਬਾਰਵੀਂ ਕਰ ਲਈ ਸੀ। ਹੁਣ
ਇੱਕ ਗੱਲ ਤੇ ਹੀ ਅੜਿਐ, ਕਹਿੰਦਾ ਮੈਂ ਤਾਂ ਬਾਹਰ ਹੀ ਜਾਣੈ। ਮੈਂ ਕਿਹਾ ਚੱਲ ਕੋਈ ਨਾ,
ਕਰਾਂਗੇ ਕੋਈ ਖੱਬਾ ਸੱਜਾ। ਹੁਣ ਓਹ ਬਾਹਰ ਜਾਣ ਦਾ ਕੋਰਸ (ਆਈਲੈਟਸ) ਕਰਨ ਲੱਗ ਪਿਐ ਸ਼ਹਿਰ।”
ਗੁਰਜੰਟ ਨੇ ਹੁੰਗਾਰਾ ਭਰਦਿਆਂ ਕਿਹਾ “ ਚਲ ਕੋਈ ਨਾ ਜੇ ਕਰਦੈ ਤਾਂ ਕਰਵਾ ਦੇ। ਨਾਲੇ ਚਾਰ-ਪੰਜ
ਕਿਲਿਆਂ ਦੀ ਖੇਤੀ ਦੀ ਕਿੰਨੀ ਕ ਆਮਦਨ ਐ। ਬਾਕੀ ਇਥੇ ਕਿਹੜਾ ਨੌਕਰੀਆਂ ਮਿਲਦੀਆਂ।”
ਬਰਾਂਡੇ ਵਿੱਚ ਮੋਟਰਸਾਈਕਲ ਖੜਾਉਂਦਿਆਂ ਜਗਤਾਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਪੁੱਛਿਆ
“ ਆ ਗਏ ਤੁਸੀਂ ? ਲੈ ਆਏ ਆੜਤੀਏ ਤੋਂ ਵੀਹ ਹਜ਼ਾਰ ਫੜਕੇ? ਗਗਨ ਕਹਿੰਦਾ ਸੀ ਕੱਲ੍ਹ ਨੂੰ ਪੇਪਰ
ਭਰਨ ਦੀ ਲਾਸਟ ਤਰੀਕ ਐ!” ਜਗਤਾਰ ਨੇ ਪੈਸਿਆਂ ਵਾਲਾ ਝੋਲਾ ਬਲਜੀਤ ਕੌਰ ਨੂੰ ਫੜਾਉਂਦਿਆਂ ਕਿਹਾ
“ਪਹਿਲਾਂ ਪਾਣੀ ਪੁਣੀ ਤਾਂ ਪੁੱਛ ਲਿਆ ਕਰ! ਲੈ ਸਾਂਭ ਦੇ ਇਨ੍ਹਾਂ ਨੂੰ।” ਬਲਜੀਤ ਕੌਰ ਨੇ
ਪਾਣੀ ਦਾ ਗਲਾਸ ਫੜਾਉਂਦਿਆਂ ਕਿਹਾ “ ਐਂਵੇ ਨਾ ਔਖੇ ਭਾਰੇ ਜੇ ਹੋਇਆ ਕਰੋ! ਤੁਸੀਂ ਪਹਿਲਾਂ
ਤਾਂ ਕਦੇ ਨਹੀਂ ਸੁਣੀ ਮੇਰੀ, ਹੁਣ ਮਸਾਂ ਅੱਡ ਵਿਢ ਹੋਏ ਆਂ। ਮੇਰੀ ਮੰਨੋ ਜਿਵੇਂ ਕਿਵੇਂ
ਕਰਕੇ ਗਗਨ ਨੂੰ ਤੋਰਦੋ ਬਾਹਰ, ਜੂਨ ਸੁਧਰ ਜੂ ਆਪਣੀ। ਮੇਰੀ ਭੁੱਆ ਦੇ ਪੋਤੇ ਨੂੰ ਦੇਖਲੋ,
ਹਲੇ ਮਸਾਂ ਦੋ ਢਾਈ ਸਾਲ ਹੋਏ ਆ ਪੱਕਾ ਹੋ ਗਿਆ, ਨੋਟਾਂ ਚ ਖੇਡਦੇਆ ਅਗਲੇ।”
ਇੱਕ ਮਹੀਨੇ ਬਾਅਦ ਆਈਲੈਟਸ ਦਾ ਰਿਜਲਟ ਆ ਗਿਆ ਪਰ ਗਗਨ ਦਾ ਬੈਂਡ ਸਕੋਰ ਪੰਜ ਹੀ ਰਹਿ
ਗਿਆ। ਬਲਜੀਤ ਕੌਰ ਦੇ ਵਾਰ ਵਾਰ ਸਮਝਾਉਣ ਤੇ ਜਗਤਾਰ ਸਿੰਘ ਨੇ ਇੱਕ ਵਾਰ ਫੇਰ ਔਖੇ ਸੌਖੇ ਟੈਸਟ
ਦੇ ਪੈਸੇ ਭਰ ਦਿੱਤੇ। ਪਰ ਇਸ ਵਾਰ ਵੀ ਗਗਨ ਪੂਰੇ ਬੈਂਡ ਹਾਸਲ ਨਾ ਕਰ ਸਕਿਆ।
ਨਿਰਾਸ਼ ਹੋਏ ਗਗਨ ਨੂੰ ਸਮਝਾਉਂਦਿਆਂ ਉਸਦੀ ਮਾਂ ਨੇ ਕਿਹਾ “ ਚਲ ਕੋਈ ਨਾ ਪੁੱਤ ਇੱਕ
ਵਾਰੀ ਹੋਰ ਪੇਪਰ ਦੇ ਲਈਂ! ਮੈਂ ਆਪੇ ਮਨਾ ਲਊਂ ਤੇਰੇ ਪਿਓ ਨੂੰ।” ਗਗਨ ਨੇ ਵਿਚੋਂ ਟੋਕਦਿਆਂ
ਕਿਹਾ “ ਨਹੀਂ ਮਾਂ! ਹੁਣ ਨਹੀਂ ਨਿਕਲਦਾ ਮੇਰੇ ਤੋਂ ਟੈਸਟ ਟੁਸਟ! ਪਰ ਮੈਂ ਜਾਣਾ ਬਾਹਰ ਹੀ ਐ।
ਇੱਕ ਏਜੈਂਟ ਕਹਿੰਦਾ ਸੀ ਕਿ 6 ਬੈਂਡਾਂ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਓਹਦੀਆਂ ਫੀਸਾਂ ਭਰ
ਕੇ ਭੇਜ ਦਿਆਂਗੇ। ਫੇਰ ਉਹ ਉਥੇ ਜਾ ਕੇ ਮੈਨੂੰ ਸੱਦ ਲਊ।” ਬਲਜੀਤ ਕੌਰ ਨੇ ਹੈਰਾਨ ਹੋ ਕੇ
ਪੁੱਛਿਆ “ ਐਵੇਂ ਕਿਵੇਂ? ਪਰ ਕਿਸੇ ਤੇ ਪੈਸੇ ਲਾਉਣ ਲਈ ਤੇਰੇ ਪਿਓ ਨੂੰ ਕੌਣ ਮਨਾਉ! ਮੈਂ ਤਾਂ
ਪਹਿਲਾਂ ਮਸਾਂ ਰਾਜ਼ੀ ਕੀਤਾ ਸੀ।”
ਜਗਤਾਰ ਸਿੰਘ ਨੇ ਗੱਲ ਸੁਣਦਿਆਂ ਹੀ ਸਾਫ ਮਨਾ ਕਰ ਦਿੱਤਾ। ਗਗਨ ਨੇ ਗੁੱਸੇ ਹੋ ਕੇ
ਕਿਹਾ “ਬਾਹਰ ਜਾਣਾ ਹੁਣ ਮੇਰੀ ਇਜ਼ਤ ਦਾ ਸਵਾਲ ਐ! ਜੇਕਰ ਤੁਸੀਂ ਨਹੀਂ ਮੰਨਣਾ ਤਾਂ ਮੈਂ ਕੁਝ
ਖਾ ਕੇ ਮਰ ਜਾਊਂ।” ਬਲਜੀਤ ਕੌਰ ਨੇ ਰੋਂਦੇ ਹੋਏ ਜਗਤਾਰ ਸਿੰਘ ਨੂੰ ਕਿਹਾ “ਤੁਸੀਂ ਵੀ ਐਂਵੇ
ਅੜੀ ਕਰ ਬੈਠਦੇ ਓ! ਜੇ ਜਵਾਕ ਨੇ ਕੁਝ ਕਰ ਲਿਆ ਫੇਰ ਅੱਖਾਂ ਚ ਘਸੂਨ ਦੇ ਕੇ ਰੋਵਾਂਗੇ। ਕੁਝ
ਨਹੀਂ ਹੁੰਦਾ ਜ਼ਮੀਨ ਵੇਚ ਦਿਆਂ ਗੇ ਥੋੜੀ ਘਣੀ, ਓਹ ਵੀ ਤਾਂ ਓਸੇ ਦੀ ਐ!” ਜਗਤਾਰ ਸਿੰਘ
ਦੁਚਿੱਤੀ ਵਿੱਚ ਫ਼ਸਿਆ ਕਦੇ ਪੁਰਖਾਂ ਦੀ ਸਾਂਭੀ ਜ਼ਮੀਨ ਬਾਰੇ ਸੋਚਦਾ ਅਤੇ ਕਦੇ ਮੁੰਡੇ ਬਾਰੇ।
ਗੁਰਜੰਟ ਸਿੰਘ ਦੇ ਕਹੇ ਬੋਲਾਂ ਨੇ ਵੀ ਉਸਨੂੰ ਅੰਦਰੋਂ ਹਾਂ ਕਰਨ ਲਈ ਮਜਬੂਰ ਕਰ ਹੀ ਦਿੱਤਾ।

  • ਚਾਨਣ ਦੀਪ ਸਿੰਘ ਔਲਖ

Continue Reading

ਤੁਹਾਡੀਆਂ ਲਿਖਤਾਂ

ਮੈਂ ਕਿੱਥੋਂ ਏ ਆਈ

Published

on

punjabi poetry

ਜ਼ਰ, ਜ਼ੋਰੂ, ਜ਼ਮੀਨ ਪਿੱਛੇ ਮੈਂ ਲੜਦੇ ਦੇਖੇ ਭਾਈ
ਮਿੱਟੀ ਦੇ ਕਲਬੂਤ ਚ ਮਾਨਾਂ ਮੈਂ ਕਿੱਥੋਂ ਏ ਆਈ
ਚੋਰ ਸਾਧ ਨੇ ਬਣਕੇ ਘੁੰਮਦੇ ਚਿਹਰਿਆਂ ਉੱਤੇ ਨਕਾਬਾਂ
ਜੋੜੇ ਜੜੇ ਨੇ ਵਿੱਚ ਫਰੇਮਾਂ ਪੈਰੀਂ ਰੁਲਣ ਕਿਤਾਬਾਂ

ਸੂਰਜ ਚੋਂ ਕਦੇ ਸੇਕ ਨਾ ਮੁੱਕੇ ਗਿਣੇ ਜਾਂਦੇ ਨਾ ਤਾਰੇ
ਗੈਰਾਂ ਤੋਂ ਤਾਂ ਬਚ ਜਾਈਏ ਪਰ ਅੰਤ ਨੂੰ ਅਪਣਾ ਮਾਰੇ
ਲੋੜ ਪੈਣ ਤੇ ਹਰ ਕੋਈ ਲਾਡੀ ਗਧੇ ਨੂੰ ਬਾਪ ਬਣਾਵੇ
ਗੱਲ ਨਾ ਕੋਈ ਸੁਣਕੇ ਰਾਜ਼ੀ ਹਰ ਕੋਈ ਕਹਿਣੀ ਚਾਹਵੇ

ਹਨੇਰ ਛਾਉਣ ਤੇ ਡਿੱਖਾਂ ਵਾਲਿਆ ਸਾਥ ਛੱਡੇ ਪਰਛਾਵਾਂ
ਹੋ ਜਾਂਦੇ ਓਹ ਘਰ ਨੇ ਹੀਣੇ ਜਿਸ ਘਰ ਹੈ ਨਈਂ ਮਾਵਾਂ
ਕਹਿੰਦੇ ਨਸ਼ੇ ਨੂੰ ਬੰਦ ਕਰਾਉਣਾ ਖੁਦ ਹੀ ਜਾਂਦੇ ਲਾਈ
ਉੱਤੋਂ ਝੂਠੇ ਦੇਣ ਦਿਲਾਸੇ ਅੰਦਰੋਂ ਜਾਂਦੇ ਖਾਈ
– ਲਾਡੀ ਮਾਨ

Read More Latest Punjabi Poetry

Continue Reading

ਤੁਹਾਡੀਆਂ ਲਿਖਤਾਂ

ਨਜ਼ਮ-ਮੇਰੇ ਹਾਲਾਤ

Published

on

punjabi poetry

ਤੂੰ ਕੀ ਜਾਣੇ ਮੇਰੇ ਹਲਾਤਾਂ ਨੂੰ
ਸਮੁੰਦਰੋਂ ਡੂੰਘੇ ਦਿਲ ਦੇ ਜਜ਼ਬਾਤਾਂ ਨੂੰ
ਕਦੇ ਬਹਿ ਕੇ ਵੇਖੀਂ ਕੋਲ ਮੇਰੇ
ਪੈਂਦੇ ਸੀਨੇ ਦੇ ਵਿੱਚ ਹੌਲ ਮੇਰੇ
ਯਾਦਾਂ ਡੰਗਦੀਆਂ ਸੀਨਾ ਰਾਂਤਾਂ ਨੂੰ
ਤੂੰ ਕੀ ਜਾਣੇ ਮੇਰੇ ਹਲਾਤਾਂ ਨੂੰ
ਹਊਂਕੇ ਭਰ ਭਰ ਲੰਘਦੇ ਨੇ ਦਿਨ
ਰਾਂਤਾਂ ਜਾਗ ਜਾਗ ਲੰਘਦੀਆਂ ਤਾਰੇ ਗਿਣ ਗਿਣ
ਮੰਗੀਏ ਤੇਰੀਆਂ ਖੈਰਾਂ ਨਿੱਤ ਪ੍ਰਭਾਤਾਂ ਨੂੰ
ਤੂੰ ਕੀ ਜਾਣੇ ਮੇਰੇ ਹਲਾਂਤਾਂ ਨੂੰ
ਸਮੁੰਦਰੋਂ ਡੂੰਘੇ ਮੇਰੇ ਜਜ਼ਬਾਤਾਂ ਨੂੰ
ਚੈਨ ਇੱਕ ਪਲ ਕਦੇ ਸਾਨੂੰ ਆਇਆ ਨਾ
ਕਿਸੇ ਰੋਂਦਿਆਂ ਨੂੰ ਚੁੱਪ ਵੀ ਕਰਾਇਆ ਨਾ
ਕੱਲੇ ਬੈਠ ਪਾਈਏ ਇਸ਼ਕ ਦੀਆਂ ਬਾਤਾਂ ਨੂੰ
ਤੂੰ ਕੀ ਜਾਣੇ ਮੇਰੇ ਹਲਾਤਾਂ ਨੂੰ
ਕਿਤੇ ਮਿਲ ਜਾਂਵੇਂ ਦੁੱਖ ਮੈਂ ਸੁਣਾਵਾਂ
ਰਾਜ ਤੈਨੂੰ ਅੱਖਾਂ ਦੀਆਂ ਪਲਕਾਂ ਬਿਠਾਵਾਂ
ਚੈਨ ਮਿਲ ਜਾਵੇ ਮੇਰੇ ਖਿਆਲਾਤਾਂ ਨੂੰ
ਤੂੰ ਕੀ ਜਾਣੇ ਮੇਰੇ ਹਲਾਤਾਂ ਨੂੰ
ਸਮੁੰਦਰੋਂ ਡੂੰਘੇ ਦਿਲ ਦੇ ਜਜ਼ਬਾਤਾਂ ਨੂੰ

  • ਦੇਸ ਰਾਜ ਸ਼ਾਇਰ

Continue Reading

ਰੁਝਾਨ


Copyright by IK Soch News powered by InstantWebsites.ca