Thirty-seventh leadership- Jatinder Pannu | Ik Soch Punjabi
Connect with us [email protected]

ਲੇਖ

ਭਰਮ ਦੇ ਗੁਬਾਰੇ ਵਿੱਚ ਅਸਮਾਨੀ ਭੌਂਦੇ ਭਾਰਤ ਵਿੱਚ ਚੌਧਰ-ਭੁੱਖ ਨਾਲ ਸਤਾਈ ਲੀਡਰਸਿ਼ਪ

Published

on

punjabi article

ਭਾਰਤ ਦੇਸ਼ ਕਦੇ ਵੀ ਮਾੜਾ ਨਹੀਂ ਸੀ, ਅੱਜ ਵੀ ਮਾੜਾ ਨਹੀਂ, ਸਿਰਫ ਇਸ ਨੂੰ ਲੀਡਰਸਿ਼ਪ ਮਾੜੀ ਮਿਲਦੀ ਰਹੀ ਸੀ ਅਤੇ ਅੱਜ ਵੀ ਇਸੇ ਤਰ੍ਹਾਂ ਦੀ ਲੀਡਰਸਿ਼ਪ ਇਸ ਨੂੰ ਚਲਾ ਰਹੀ ਹੈ। ਕਦੀ ਇਹ ਦੇਸ਼ ਸੋਨੀ ਦੀ ਚਿੜੀ ਮੰਨਿਆ ਜਾਂਦਾ ਸੀ, ਅੱਜ ਇਸ ਦੀ ਗਰੀਬੀ, ਭੁੱਖਮਰੀ ਅਤੇ ਆਰਥਿਕ ਪੱਖੋਂ ਪਛੇਤ ਦੀਆਂ ਗੱਲਾਂ ਦੀ ਚਰਚਾ ਸੰਸਾਰ ਵਿੱਚ ਹੁੰਦੀ ਹੈ। ਦੇਸ਼ ਦੀ ਅਗਵਾਈ ਕਰਨ ਵਾਲੀ ਟੀਮ ਆਪਣੇ ਲੋਕਾਂ ਦਾ ਧਿਆਨ ਸਮੱਸਿਆਵਾਂ ਵੱਲ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਏਹੋ ਜਿਹੇ ਸੁਫਨੇ ਵਿਖਾ ਕੇ ਬੁੱਤਾ ਸਾਰਨਾ ਚਾਹੁੰਦੀ ਹੈ, ਜਿਨ੍ਹਾਂ ਦੀ ਕੋਈ ਹਕੀਕਤ ਹੀ ਨਹੀਂ। ਅੰਕੜਿਆਂ ਦੀ ਜਾਦੂਗਰੀ ਕਰਨ ਵਾਲੇ ਬਹੁਤ ਸਾਰੇ ਮਾਹਰ ਦਿੱਲੀ ਵਿੱਚ ਪ੍ਰਧਾਨ ਮੰਤਰੀ ਦੀ ਸੇਵਾ ਵਾਸਤੇ ਬੈਠੇ ਹਨ ਅਤੇ ਉਨ੍ਹਾਂ ਦੀ ਵੇਖੋ-ਵੇਖੀ ਰਾਜਾਂ ਵਿੱਚ ਵੀ ਏਹੋ ਜਿਹੇ ਚਾਪਲੂਸ ਮਾਹਰ ਰੱਖਣ ਦਾ ਅਮਲ ਚੱਲ ਪਿਆ ਹੈ। ਮੁੱਖ ਮੰਤਰੀਆਂ ਨੂੰ ਕੰਮ ਕਰਨ ਦੀ ਲੋੜ ਨਹੀਂ, ਉਹ ਕੰਮ ਕਰ ਦਿੱਤੇ ਹੋਣ ਦਾ ਭਰਮ ਪਾਉਣ ਦੀ ਲੋੜ ਰਹਿੰਦੀ ਹੈ, ਜਿਹੜੇ ਕੰਮ ਲੋਕਾਂ ਨੂੰ ਆਸੇ-ਪਾਸੇ ਹੋਏ ਨਹੀਂ ਦਿੱਸਦੇ, ਪਰ ਮੁੱਖ ਮੰਤਰੀ ਦੇ ਪੱਕੇ ਵਫਦਾਰਾਂ ਦੇ ਮੂੰਹੋਂ ਸੁਣੇ ਜਾ ਸਕਦੇ ਹਨ। ਭਾਰਤ ਦੇ ਸਾਰੇ ਰਾਜਾਂ ਵਿੱਚ ਇਹੋ ਹੁੰਦਾ ਨਜ਼ਰ ਪੈਦਾ ਹੈ, ਸਮੇਤ ਸਾਡੇ ਪੰਜਾਬ ਦੇ। ਭਰਮ ਦੇ ਇਹੋ ਜਿਹੇ ਗੁਬਾਰੇ ਕਦੀ ਅਸਲੀ ਅਸਮਾਨ ਨਹੀਂ ਗਾਹ ਸਕਦੇ।
ਜਿਹੜੇ ਭਰਮ ਦੇ ਗੁਬਾਰੇ ਭਾਰਤ ਦੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਉਡਾਉਣ ਦੇ ਯਤਨ ਕਰ ਰਹੀਆਂ ਸਨ ਤੇ ਉਨ੍ਹਾਂ ਨੂੰ ਬੜਾ ਵਹਿਮ ਸੀ ਕਿ ਲੋਕਾਂ ਨੂੰ ਪਤਾ ਨਹੀਂ, ਅੱਜ ਉਨ੍ਹਾਂ ਦੀ ਫੂਕ ਨਿਕਲਣ ਲੱਗ ਪਈ ਹੈ। ਇਸ ਦੀ ਸ਼ੁਰੂਆਤ ਬਿਹਾਰ ਤੋਂ ਹੋਈ ਹੈ, ਜਿੱਥੇ ‘ਸੁਸ਼ਾਸਨ ਬਾਬੂ’ ਨਿਤੀਸ਼ ਕੁਮਾਰ ਆਪਣੀ ਪਾਰਟੀ ਦੀਆਂ ਵਿਧਾਨ ਸਭਾ ਸੀਟਾਂ ਘੱਟ ਹੋਣ ਕਰ ਕੇ ਵੱਧ ਵਿਧਾਇਕਾਂ ਵਾਲੀ ਭਾਜਪਾ ਦੇ ਆਸਰੇ ਮੁੱਖ ਮੰਤਰੀ ਹੈ। ‘ਸ਼ਾਸਨ’ ਰਾਜ-ਪ੍ਰਬੰਧ ਨੂੰ ਕਿਹਾ ਜਾਂਦਾ ਹੈ ਤੇ ‘ਸੁਸ਼ਾਸਨ’ ਦਾ ਅਰਥ ਸੁਥਰਾ ਰਾਜ-ਪ੍ਰਬੰਧ ਹੁੰਦਾ ਹੈ। ਨਿਤੀਸ਼ ਕੁਮਾਰ ਨੂੰ ਦੇਸ਼ ਵਿੱਚ ‘ਸੁਸ਼ਾਸਨ ਬਾਬੂ’ ਵਜੋਂ ਪ੍ਰਚਾਰਿਆ ਜਾਂਦਾ ਹੈ ਤੇ ਉਸ ਦੇ ਸੁਸ਼ਾਸਨ ਦਾ ਨਮੂਨਾ ਇਸ ਹਫਤੇ ਹਾਈ ਕੋਰਟ ਦੇ ਹੁਕਮ ਨਾਲ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ। ਕੋਰੋਨਾ ਨਾਲ ਹੁੰਦੀਆਂ ਮੌਤਾਂ ਦੇ ਪੱਖ ਤੋਂ ਬਿਹਾਰ ਬੀਤੀ ਨੌਂ ਜੂਨ ਤੱਕ ਸਤਾਰ੍ਹਵੇਂ ਨੰਬਰ ਉੱਤੇ ਸੀ, ਦਸ ਜੂਨ ਨੂੰ ਇੱਕਦਮ ਬਾਰ੍ਹਵੇਂ ਨੰਬਰ ਉੱਤੇ ਆ ਗਿਆ। ਉਸ ਰਾਜ ਵਿੱਚ ਇੱਕ ਦਿਨ ਪਹਿਲਾਂ ਸਵਾ ਸਾਲ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਚੁਰੰਜਾ ਸੌ ਚੌਵੀ ਤੱਕ ਸੀ, ਪਰ ਉਸ ਦਿਨ ਵਧ ਕੇ ਤਿਰਾਨਵੇਂ ਸੌ ਪੰਝੱਤਰ ਹੋ ਗਈ। ਇੱਕੋ ਦਿਨ ਇਸ ਰਾਜ ਵਿੱਚ ਉਨਤਾਲੀ ਸੌ ਚੁਰਵੰਜਾ ਮੌਤਾਂ ਨਹੀਂ ਸੀ ਹੋਈਆਂ, ਹਾਈ ਕੋਰਟ ਦੇ ਹੁਕਮ ਉੱਤੇ ਗੁਨਾਹ ਮੰਨਣਾ ਪਿਆ ਸੀ ਕਿ ਪਹਿਲਾਂ ਮੌਤਾਂ ਵੱਧ ਹੁੰਦੀਆਂ ਰਹੀਆਂ ਸਨ ਤੇ ਰਿਕਾਰਡ ਵਿੱਚ ਘੱਟ ਦਰਜ ਕਰਦੇ ਰਹੇ ਸਨ। ਰਾਜਧਾਨੀ ਵਾਲੇ ਸ਼ਹਿਰ ਪਟਨਾ ਵਿੱਚ ਪੌਣੇ ਗਿਆਰਾਂ ਸੌ ਮੌਤਾਂ ਉਨ੍ਹਾਂ ਲੋਕਾਂ ਦੀਆਂ ਪਤਾ ਲੱਗੀਆਂ, ਜਿਹੜੇ ਮਰੇ ਤਾਂ ਕੋਰੋਨਾ ਨਾਲ ਸਨ, ਪਰ ਉਸ ਖਾਤੇ ਵਿੱਚ ਦਰਜ ਨਹੀਂ ਸਨ ਕੀਤੇ ਗਏ। ਜਦੋਂ ਹਾਈ ਕੋਰਟ ਨੇ ਪਿਛਲੇ ਮਹੀਨੇ ਗੰਗਾ ਨਦੀ ਵਿਚਲੀਆਂ ਲਾਸ਼ਾਂ ਬਾਰੇ ਬਿਹਾਰ ਸਰਕਾਰ ਦੇ ਵੱਖ-ਵੱਖ ਅਫਸਰਾਂ ਦੇ ਆਪਸ ਵਿੱਚ ਵਖਰੇਵੇਂ ਵਾਲੇ ਦਾਅਵਿਆਂ ਦੇ ਬਾਅਦ ਕੋਰੋਨਾ ਨਾਲ ਹੋਈਆਂ ਕੁੱਲ ਮੌਤਾਂ ਦਾ ਆਡਿਟ ਕਰਨ ਲਈ ਕਿਹਾ ਤਾਂ ਅਠਾਈ ਦਿਨਾਂ ਦੇ ਆਡਿਟ ਮਗਰੋਂ ਇਹ ਅੰਕੜੇ ਪੇਸ਼ ਕਰ ਕੇ ਬਿਹਾਰ ਸਰਕਾਰ ਨੂੰ ਮੰਨਣਾ ਪਿਆ ਕਿ ਮੌਤਾਂ ਲੁਕਾਈਆਂ ਗਈਆਂ ਸਨ। ਭਾਰਤ ਦਾ ਇਹ ਇਕੱਲਾ ਰਾਜ ਨਹੀਂ, ਜਿੱਥੇ ਮੌਤਾਂ ਦੇ ਅੰਕੜੇ ਏਦਾਂ ਲੁਕਾਏ ਗਏ ਹਨ, ਗੁਜਰਾਤ, ਉੱਤਰ ਪ੍ਰਦੇਸ਼ ਤੇ ਕਈ ਹੋਰ ਰਾਜਾਂ ਵਿੱਚ ਵੀ ਇਹੋ ਕੁਝ ਹੋਇਆ ਹੈ, ਜਿਨ੍ਹਾਂ ਵਿੱਚ ਪੰਜਾਬ ਵੀ ਸ਼ਾਮਲ ਹੈ ਅਤੇ ਅਸੀਂ ਇਸ ਬਾਰੇ ਦੋ ਹਫਤੇ ਪਹਿਲਾਂ ਹੀ ਲਿਖ ਦਿੱਤਾ ਸੀ ਕਿ ਅਸਲੀ ਤਸਵੀਰ ਕੁਝ ਹੋਰ ਹੈ, ਪੇਸ਼ ਕੁਝ ਹੋਰ ਕੀਤੀ ਜਾ ਰਹੀ ਹੈ।
ਦੂਸਰਾ ਮਾਮਲਾ ਉਸ ਉੱਤਰਾ ਖੰਡ ਦੇ ਰਾਜ ਤੋਂ ਉੱਭਰਿਆ ਹੈ, ਜਿੱਥੇ ਨਿਰੋਲ ਭਾਜਪਾ ਦੀ ਸਰਕਾਰ ਹੈ। ਇਸ ਸਾਲ ਓਥੇ ਜਦੋਂ ਕੁੰਭ ਮੇਲਾ ਚੱਲ ਰਿਹਾ ਸੀ ਤਾਂ ਹਰ ਥਾਂ ਦੁਹਾਈ ਪੈ ਗਈ ਕਿ ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਚੱਲ ਪਈ ਹੈ, ਇਸ ਮੌਕੇ ਮੇਲੇ ਵਿੱਚ ਬਹੁਤੀ ਭੀੜ ਨਾ ਕਰੋ। ਕੇਂਦਰ ਦੀ ਸਰਕਾਰ ਵੀ ਅਤੇ ਉੱਤਰਾ ਖੰਡ ਵਾਲੀ ਵੀ ਇਹੋ ਕਹਿੰਦੀਆਂ ਰਹੀਆਂ ਕਿ ਮਹਾਮਾਈ ਗੰਗਾ ਦੇ ਚਰਨਾਂ ਵਿੱਚ ਜਾਂਦੀ ਭੀੜ ਲਈ ਕੋਈ ਖਤਰਾ ਨਹੀਂ, ਪਰ ਕੋਰੋਨਾ ਨਾਲ ਜਦੋਂ ਤਿੰਨ ਵੱਡੇ ਸੰਤਾਂ ਦੀ ਮੌਤ ਹੋ ਗਈ ਤਾਂ ਸਰਕਾਰ ਨੇ ਮੇਲਾ ਸਮੇਟਣਾ ਆਰੰਭ ਕਰ ਦਿੱਤਾ। ਉਸ ਦਿਨ ਤੱਕ ਓਥੇ ਆਏ ਲੋਕਾਂ ਵਿੱਚ ਬਿਮਾਰੀ ਕਾਫੀ ਫੈਲ ਗਈ ਹੋਣ ਦੀ ਚਰਚਾ ਚੱਲ ਪਈ ਸੀ, ਪਰ ਸਰਕਾਰ ਨੇ ਇਹ ਦਲੀਲ ਦੇ ਕੇ ਭਾਰਤ ਦੇ ਲੋਕਾਂ ਨੂੰ ਭੁਚਲਾਉਣਾ ਚਾਹਿਆ ਕਿ ਏਥੇ ਆਉਣ ਵਾਲੇ ਸਾਰੇ ਲੋਕਾਂ ਲਈ ਕੋਵਿਡ-19 ਦੇ ਟੈੱਸਟ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦੇ ਲਈ ਲੈਬਾਰਟਰੀਆਂ ਨੂੰ ਸਰਕਾਰ ਖਰਚਾ ਦੇ ਰਹੀ ਹੈ। ਮੇਲਾ ਮੁੱਕਣ ਮਗਰੋਂ ਪੰਜਾਬ ਦੇ ਫਰੀਦਕੋਟ ਜਿ਼ਲੇ ਦੇ ਇੱਕ ਵਿਅਕਤੀ ਨੂੰ ਮੋਬਾਈਲ ਫੋਨ ਉੱਤੇ ਕੋਰੋਨਾ ਦਾ ਟੈੱਸਟ ਹੋਣ ਦਾ ਮੈਸੇਜ ਆ ਗਿਆ। ਉਸ ਨੇ ਭਾਰਤ ਸਰਕਾਰ ਦੀ ਮੈਡੀਕਲ ਖੋਜ ਕੌਂਸਲ ਨੂੰ ਸਿ਼ਕਾਇਤ ਕਰ ਦਿੱਤੀ ਕਿ ਮੈਂ ਤਾਂ ਇਹ ਟੈੱਸਟ ਕਰਵਾਇਆ ਨਹੀਂ, ਮੈਨੂੰ ਮੈਸੇਜ ਦੇਣ ਬਾਰੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜਾਂਚ ਸ਼ੁਰੂ ਕੀਤੀ ਗਈ ਤਾਂ ਪਹਿਲੇ ਹਫਤੇ ਹੀ ਖਬਰ ਮਿਲ ਗਈ ਕਿ ਏਦਾਂ ਦੇ ਕਰੀਬ ਇੱਕ ਲੱਖ ਕੇਸ ਮਿਲੇ ਹਨ, ਜਿਹੜੇ ਲੋਕ ਓਥੇ ਗਏ ਨਹੀਂ ਸਨ, ਪਰ ਉਨ੍ਹਾਂ ਦੇ ਕਾਗਜ਼ੀ ਟੈੱਸਟ ਕਰ ਕੇ ਐਵੇਂ ਨੰਬਰ ਭਰਨ ਨਾਲ ਉਨ੍ਹਾਂ ਨੂੰ ਮੈਸੇਜ ਜਾ ਰਹੇ ਸਨ। ਇਸ ਪਿੱਛੋਂ ਕੁੰਭ ਮੇਲੇ ਦੇ ਟੈੱਸਟਾਂ ਦੀ ਵਿਸਥਾਰਤ ਜਾਂਚ ਕੀਤੀ ਜਾਣ ਲੱਗੀ ਹੈ, ਪਰ ਸਵਾਲ ਉੱਠ ਖੜੋਤਾ ਹੈ ਕਿ ਏਦਾਂ ਕਰਨ-ਕਰਾਉਣ ਦਾ ਜਿ਼ੰਮੇਵਾਰ ਕੌਣ ਹੈ? ਸਰਕਾਰ ਕਹਿੰਦੀ ਹੈ ਕਿ ਏਦਾਂ ਦੀ ਠੱਗੀ ਕਰਨ ਵਾਲੀਆਂ ਲੈਬਾਰਟਰੀਆਂ ਦੀ ਰਕਮ ਦੀ ਅਦਾਇਗੀ ਰੋਕ ਲਈ ਹੈ, ਪਰ ਇਹ ਕੰਮ ਕੋਈ ਲੈਬਾਰਟਰੀ ਆਪਣੇ ਸਿਰ ਉੱਤੇ ਕਿਸੇ ਵੱਡੇ ਬੰਦੇ ਦਾ ਹੱਥ ਹੋਣ ਤੋਂ ਬਿਨਾਂ ਕਰ ਹੀ ਨਹੀਂ ਸਕਦੀ, ਆਖਰ ਉਨ੍ਹਾਂ ਵੱਡੇ ਬੰਦਿਆਂ ਨੂੰ ਕੌਣ ਹੱਥ ਪਾਵੇਗਾ?
ਸਾਡਾ ਦਾਅਵਾ ਹੈ ਕਿ ਏਦਾਂ ਦੀ ਜਾਂਚ ਸਾਰੇ ਭਾਰਤ ਦੇ ਰਾਜਾਂ ਵਿੱਚ ਕੀਤੀ ਜਾਵੇ ਤਾਂ ਕੋਰੋਨਾ ਦੀ ਮਾਰ ਨਾਲ ਭਾਰਤ ਵਿੱਚ ਹੋਈਆਂ ਮੌਤਾਂ ਦਾ ਕੁੱਲ ਅੰਕੜਾ ਬਹੁਤ ਵਧ ਜਾਵੇਗਾ, ਪਰ ਇਹ ਜਾਂਚ ਕੋਈ ਕਰਵਾਵੇਗਾ ਨਹੀਂ। ਕਾਰਨ ਇਸ ਦਾ ਇਹ ਹੈ ਕਿ ਇਸ ਵਕਤ ਭਾਰਤ ਦੀ ਸਰਕਾਰ ਲੋਕਾਂ ਨੂੰ ਭਰਮ ਦੀ ਜਿ਼ੰਦਗੀ ਜਿਉਣਾ ਸਿਖਾਉਣ ਦੇ ਯਤਨ ਕਰ ਰਹੀ ਹੈ ਤੇ ਏਦਾਂ ਦੇ ਯਤਨਾਂ ਵਿੱਚ ਅਸਲੀ ਅੰਕੜਿਆਂ ਦਾ ਦਖਲ ਸੁਫਨੇ ਦਾ ਸੱਤਿਆਨਾਸ ਕਰ ਦੇਵੇਗਾ। ਕੇਂਦਰ ਦੀ ਇਸ ਸਰਕਾਰ ਦੇ ਇੱਕ ਮੰਤਰੀ ਨੇ, ਜਿਹੜਾ ਖੁਦ ਐਲੋਪੈਥੀ ਦਾ ਸਿਆਣਾ ਡਾਕਟਰ ਮੰਨਿਆ ਜਾਂਦਾ ਹੈ, ਹਰਦੁਆਰ ਪਹੁੰਚ ਕੇ ਰਾਮਦੇਵ ਦੀ ਪਤੰਜਲੀ ਕੰਪਨੀ ਦੀ ਉਹ ਦਵਾਈ ਲਾਂਚ ਕਰਨ ਦੀ ਜਿ਼ਮੇਵਾਰੀ ਨਿਭਾਈ, ਜਿਹੜੀ ਉਸ ਨੇ ਕੋਰੋਨਾ ਦੇ ਇਲਾਜ ਵਾਲੀ ਕਹੀ ਸੀ, ਪਰ ਦੂਸਰੇ ਦਿਨ ਇਹ ਮੰਨ ਲਿਆ ਸੀ ਕਿ ਇਹ ਕੋਰੋਨਾ ਦੇ ਇਲਾਜ ਦੀ ਦਵਾਈ ਨਹੀਂ। ਰਾਮਦੇਵ ਦੋਗਲੀ ਸੋਚ ਵਾਲਾ ਚਲਾਕ ਕਾਰੋਬਾਰੀ ਹੈ। ਉਸ ਨੇ ਇੱਕ ਸਮਾਗਮ ਵਿੱਚ ਕਿਹਾ ਸੀ ਕਿ ਮੈਂ ਯੋਗ ਨਾਲ ਹਰ ਰੋਗ ਦੂਰ ਕਰ ਸਕਦਾ ਹਾਂ। ਉਸ ਸਮਾਗਮ ਵਿੱਚ ਵਿਅੰਗਕਾਰ ਸੁਰਿੰਦਰ ਸ਼ਰਮਾ ਨੇ ਇੱਕੋ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਅੱਜ ਤੱਕ ਵੀ ਕਦੇ ਨਹੀਂ ਮਿਲਿਆ। ਸੁਰਿੰਦਰ ਸ਼ਰਮਾ ਨੇ ਪੁੱਛਿਆ ਸੀ ਕਿ ‘ਬਾਬਾ, ਜੇ ਯੋਗ ਨਾਲ ਹਰ ਰੋਗ ਦੂਰ ਹੋ ਸਕਦਾ ਹੈ ਤਾਂ ਤੁਸੀਂ ਦਵਾਈਆਂ ਦੇ ਕਾਰਖਾਨੇ ਕਿਉਂ ਲਾਉਂਦੇ ਅਤੇ ਟੀ ਵੀ ਚੈਨਲਾਂ ਉੱਤੇ ਉਨ੍ਹਾਂ ਦੀ ਮਸ਼ਹੂਰੀ ਕਿਉਂ ਕਰਦੇ ਹੋ? ਕਮਾਈ ਦੇ ਇਸ ਕਾਰੋਬਾਰ ਦਾ ਸੱਚ ਨੰਗਾ ਹੁੰਦਾ ਵੇਖ ਕੇ ਬਾਬਾ ਚੁੱਪ ਹੋ ਗਿਆ, ਪਰ ਰਾਮਦੇਵ ਦੇ ਪਿੱਛੇ ਖੜੀ ਭਾਜਪਾ ਅੱਜ ਵੀ ਰਾਮਦੇਵ ਦੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਸਰਕਾਰੀ ਸਾਧਨਾਂ ਦੀ ਦੁਰਵਰਤੋਂ ਕਰੀ ਜਾਂਦੀ ਹੈ। ਭਾਜਪਾ ਦੀਆਂ ਸਰਕਾਰਾਂ ਵਾਲੇ ਰਾਜਾਂ ਦੇ ਲੋਕਾਂ ਨੂੰ ਕੋਰੋਨਾ ਦੀਆਂ ਕਿੱਟਾਂ ਦੇਣ ਲਈ ਰਾਮਦੇਵ ਦੀ ਪਤੰਜਲੀ ਪੀਠ ਦਾ ਮਾਲ ਖਰੀਦ ਕੇ ਦਿੱਤਾ ਜਾਂਦਾ ਹੈ। ਭਾਜਪਾ ਦੇ ਹੇਮਾ ਮਾਲਿਨੀ ਵਰਗੇ ਪਾਰਲੀਮੈਂਟ ਮੈਂਬਰ ਤੇ ਹੋਰ ਆਗੂ ਕਹਿੰਦੇ ਹਨ ਕਿ ਕੋਰੋਨਾ ਨੂੰ ਭਜਾਉਣ ਲਈ ਵੱਧ ਤੋਂ ਵੱਧ ਹਵਨ ਕੀਤੇ ਜਾਣੇ ਚਾਹੀਦੇ ਹਨ ਅਤੇ ਕਈ ਸਾਧੂ ਤੇ ਸਾਧਵੀਆਂ ਇਹ ਪ੍ਰਚਾਰ ਕਰਦੇ ਹਨ ਕਿ ਗਊ ਮੂਤਰ ਨਾਲ ਕੋਰੋਨਾ ਤੋਂ ਛੁਟਕਾਰਾ ਮਿਲ ਜਾਵੇਗਾ। ਜੇ ਸਰਕਾਰ ਸਚਮੁੱਚ ਸੋਚਦੀ ਹੈ ਕਿ ਇਸ ਤਰ੍ਹਾਂ ਕਰਨ ਨਾਲ ਕੋਰੋਨਾ ਵਾਇਰਸ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ ਤਾਂ ਬਾਕੀ ਸਾਰਾ ਤਰੱਦਦ ਕਰਨ ਦੀ ਲੋੜ ਕੀ ਹੈ, ਇਹੋ ਕੰਮ ਕਰ ਲੈਣਾ ਚਾਹੀਦਾ ਹੈ।
ਅਸੀਂ ਲੋਕ ਓਦੋਂ ਬੜੇ ਖੁਸ਼ ਹੋਏ ਸਾਂ, ਜਦੋਂ ਇਹ ਪਤਾ ਲੱਗਾ ਸੀ ਕਿ ਸੰਸਾਰ ਵਿੱਚ ਕੋਰੋਨਾ ਦੇ ਇਲਾਜ ਲਈ ਸਭ ਤੋਂ ਪਹਿਲਾਂ ਜਿਹੜੀਆਂ ਤਿੰਨ ਦਵਾਈਆਂ ਬਣੀਆਂ, ਉਨ੍ਹਾਂ ਵਿੱਚੋਂ ਦੋ ਭਾਰਤੀ ਹਨ। ਇੱਕ ਦਵਾਈ ਕੋਵੀਸ਼ੀਲਡ ਠੀਕ ਰਹੀ ਹੈ, ਪਰ ਜਿਹੜੀ ਦੂਸਰੀ ਕੋਵੈਕਸਿਨ ਨੂੰ ਬਹੁਤ ਉਛਾਲਿਆ ਗਿਆ, ਉਸ ਦਾ ਰੇਟ ਵੀ ਕੋਵੀਸ਼ੀਲਡ ਤੋਂ ਵੱਧ ਪ੍ਰਵਾਨ ਕੀਤਾ ਗਿਆ, ਪਰ ਜਿਨ੍ਹਾਂ ਲੋਕਾਂ ਉਹ ਵੈਕਸੀਨ ਲਵਾਈ, ਉਹ ਪਛਤਾਉਂਦੇ ਹਨ। ਵਿਦੇਸ਼ ਜਾਣ ਵਾਸਤੇ ਜਦੋਂ ਉਹ ਹਵਾਈ ਅੱਡੇ ਉੱਤੇ ਜਾਂਦੇ ਹਨ ਤਾਂ ਪਤਾ ਲੱਗਦਾ ਹੈ ਕਿ ਇਸ ਦਵਾਈ ਨੂੰ ਸੰਸਾਰ ਸਿਹਤ ਸੰਗਠਨ, ਡਬਲਿਊ ਐੱਚ ਓ, ਦੀ ਮਾਨਤਾ ਹੀ ਨਹੀਂ ਹੈ, ਇਸ ਕਰ ਕੇ ਇਸ ਵੈਕਸੀਨ ਵਾਲੇ ਲੋਕਾਂ ਨੂੰ ਬਹੁਤੇ ਦੇਸ਼ ਆਪਣੇ ਕੋਲ ਆਉਣ ਨਹੀਂ ਦੇਂਦੇ। ਜਦੋਂ ਇਸ ਦਵਾਈ ਨੂੰ ਬਹੁਤੇ ਦੇਸ਼ ਅੱਜ ਮਾਨਤਾ ਨਹੀਂ ਦੇ ਰਹੇ ਅਤੇ ਇਸ ਨੂੰ ਸੰਸਾਰ ਸਿਹਤ ਸੰਗਠਨ ਨੇ ਵੀ ਹਾਲੇ ਤੱਕ ਹਰੀ ਝੰਡੀ ਨਹੀਂ ਦਿੱਤੀ, ਉਸ ਨੂੰ ਭਾਰਤ ਦੇ ਲੋਕਾਂ ਨੂੰ ਲਾਉਣ ਦੀ ਮਨਜ਼ੂਰੀ ਭਾਰਤ ਸਰਕਾਰ ਨੇ ਬਿਨਾਂ ਸੋਚੇ ਦੇ ਦਿੱਤੀ ਹੈ। ਏਦਾਂ ਦੀ ਦਵਾਈ ਕੱਲ੍ਹ ਨੂੰ ਕਿਸੇ ਵਿਅਕਤੀ ਦਾ ਕੁਝ ਨੁਕਸਾਨ ਕਰ ਦੇਵੇ ਤਾਂ ਉਸ ਦੇ ਪਰਵਾਰ ਨੂੰ ਹਰਜਾਨਾ ਸ਼ਾਇਦ ਕੋਈ ਅਦਾਲਤ ਦਿਵਾ ਦੇਵੇਗੀ, ਪਰ ਪੀੜਤ ਪਰਵਾਰ ਨੂੰ ਉਨ੍ਹਾਂ ਦੇ ਆਪਣੇ ਪਿਆਰੇ ਜੀਅ ਦੇ ਜਾਣ ਕਾਰਨ ਜਿਹੜੀ ਭਾਵਨਾਤਮਕ ਘਾਟ ਪਈ ਹੈ, ਉਸ ਦੀ ਭਰਪਾਈ ਕਿਹੜੀ ਅਦਾਲਤ ਜਾਂ ਸਰਕਾਰ ਕਰੇਗੀ? ਕੇਂਦਰ ਅਤੇ ਰਾਜਾਂ ਵਿਚਲੀਆਂ ਸਰਕਾਰਾਂ ਭਰਮ ਦੇ ਗੁਬਾਰੇ ਨੂੰ ਅਸਮਾਨ ਵਿੱਚ ਚੜ੍ਹਉਣ ਵਾਸਤੇ ਮਸਤ ਹਨ, ਉਨ੍ਹਾਂ ਕੋਲ ਇਹ ਗੱਲਾਂ ਸੋਚਣ ਜੋਗਾ ਵਕਤ ਵੀ ਨਹੀਂ ਜਾਪਦਾ।
ਇਹੋ ਕਾਰਨ ਹੈ ਕਿ ਭਾਰਤ ਤਰੱਕੀ ਕਰਦਾ ਜਾਪਦਾ ਹੈ, ਪਰ ਜਿਹੜੇ ਭਰਮ ਦੇ ਗੁਬਾਰੇ ਵਿੱਚ ਚੜ੍ਹਿਆ ਅਸਮਾਨਾਂ ਵਿੱਚ ਘੁੰਮਦਾ ਹੈ, ਉਹ ਇਸ ਨੂੰ ਕਿਤੇ ਪੁਚਾਉਣ ਨਹੀਂ ਲੱਗਾ। ਲੀਡਰਸਿ਼ਪ ਲਈ ਇਹ ਗੱਲ ਕੋਈ ਅਰਥ ਨਹੀਂ ਰੱਖਦੀ ਕਿ ਦੇਸ਼ ਕਿਤੇ ਪਹੁੰਚਦਾ ਹੈ ਜਾਂ ਨਹੀਂ ਅਤੇ ਇਸ ਦੇਸ਼ ਦੇ ਲੋਕ ਵੀ ਕਿਸੇ ਤਣ-ਪੱਤਣ ਲੱਗਣਗੇ ਜਾਂ ਨਹੀਂ, ਉਨ੍ਹਾਂ ਦਾ ਨਿਸ਼ਾਨਾ ਇੱਕੋ ਹੈ ਕਿ ਸਾਡੀ ਚੌਧਰ ਚਾਹੀਦੀ ਹੈ, ਤੇ ਚੌਧਰ ਦੀ ਏਸੇ ਭੁੱਖ ਨੇ ਇਸ ਦੇਸ਼ ਦਾ ਕੁਝ ਬਣਨ ਨਹੀਂ ਦੇਣਾ।

  • ਜਤਿੰਦਰ ਪਨੂੰ

ਲੇਖ

ਅਗਲੀ ਪੀੜ੍ਹੀ ਨੂੰ ਸੰਭਾਲਣ ਲਈ ਇੱਕ ਵੱਡੇ ਉਪਰਾਲੇ ਨੂੰ ਉਡੀਕ ਰਿਹਾ ਜਾਪਦੈ ਪੰਜਾਬ-ਜਤਿੰਦਰ ਪਨੂੰ

Published

on

Punjabi Article

ਆਜ਼ਾਦੀ ਤੋਂ ਬਾਅਦ ਪੰਜਾਬ ਅਤੇ ਪੰਜਾਬੀਆਂ ਨੇ ਉਹ ਦੌਰ ਵੀ ਵੇਖਿਆ ਸੀ, ਜਦੋਂ ਤੇਰ੍ਹਵੇਂ ਮਹੀਨੇ ਵਿੱਚ ਖਾਣ ਨੂੰ ਘਰਾਂ ਵਿੱਚ ਦਾਣੇ ਨਹੀਂ ਸਨ ਹੁੰਦੇ ਤੇ ਪਿੰਡਾਂ ਵਿੱਚ ਕਈ ਵਾਰ ਸਰਕਾਰ ਵੰਡਦੀ ਹੁੰਦੀ ਸੀ। ਉਸ ਵਕਤ ਅਸੀਂ ਜਵਾਕ ਹੁੰਦੇ ਸਾਂ ਅਤੇ ਇਸ ਹਾਲਤ ਦੇ ਕਾਰਨ ਨਹੀਂ ਸਾਂ ਜਾਣਦੇ। ਫਿਰ ਅਚਾਨਕ ਪੰਜਾਬ ਵਿੱਚ ਹਰੇ ਇਨਕਲਾਬ ਦੀ ਆਮਦ ਨਾਲ ਉਹ ਨਵਾਂ ਦੌਰ ਆ ਗਿਆ, ਜਿਸ ਵਿੱਚ ਸਾਡੇ ਖੇਤ ਏਨਾ ਅਨਾਜ ਪੈਦਾ ਕਰਨ ਲੱਗ ਪਏ ਕਿ ਪੁਰਾਣੇ ਤਰੀਕਿਆਂ ਨਾਲ ਸੰਭਾਲਣਾ ਵੀ ਸੰਭਵ ਨਹੀਂ ਸੀ। ਉਸ ਦੀ ਸੰਭਾਲ ਲਈ ਫਲ੍ਹਿਆਂ ਦੀ ਥਾਂ ਪਹਿਲਾਂ ਕਣਕ ਕੁਤਰਨ ਵਾਲੀਆਂ ਤੇ ਬਾਅਦ ਵਿੱਚ ਉਸ ਨੂੰ ਗਾਹੁਣ ਤੇ ਦਾਣੇ ਵੱਖ ਕਰਨ ਵਾਲੀਆਂ ਮਸ਼ੀਨਾਂ ਆ ਗਈਆਂ ਤੇ ਫਿਰ ਵੱਢਣ ਦਾ ਕੰਮ ਕਰਨ ਵਾਲੀਆਂ ਕੰਬਾਈਨਾਂ ਵੀ ਬਣ ਗਈਆਂ। ਓਦੋਂ ਕਦੇ-ਕਦੇ ਅਸੀਂ ਬਜ਼ੁਰਗਾਂ ਤੋਂ ਸੁਣਿਆ ਕਰਦੇ ਸਾਂ ਕਿ ਮਸ਼ੀਨ ਹੁੰਦੀ ਤਾਂ ਚੰਗੀ ਹੈ, ਪਰ ਇਸ ਦਾ ਉਲਟਾ ਅਸਰ ਅਜੇ ਨਹੀਂ ਦਿੱਸਦਾ, ਕੁਝ ਸਮਾਂ ਬਾਅਦ ਜਦੋਂ ਦਿੱਸਿਆ ਤਾਂ ਉਸ ਤੋਂ ਬਚਣ ਦਾ ਰਾਹ ਨਹੀਂ ਲੱਭਣਾ। ਪੁੱਛਣ ਉੱਤੇ ਉਹ ਕਹਿੰਦੇ ਹੁੰਦੇ ਸਨ ਕਿ ਇੱਕ ਤਾਂ ਇਨ੍ਹਾਂ ਮਸ਼ੀਨਾਂ ਨੇ ਲੋਕਾਂ ਦੀ ਹੱਥੀਂ ਮਿਹਨਤ ਕਰਨ ਦੀ ਆਦਤ ਖੋਹ ਲੈਣੀ ਹੈ ਤੇ ਜਦੋਂ ਫਿਰ ਕਦੀ ਉਨ੍ਹਾਂ ਨੂੰ ਮਜਬੂਰੀ ਵਿੱਚ ਵੀ ਕੰਮ ਕਰਨਾ ਪਿਆ, ਉਨ੍ਹਾਂ ਤੋਂ ਕੀਤਾ ਨਹੀਂ ਜਾ ਸਕਣਾ। ਇਹ ਗੱਲ ਪਿੱਛੋਂ ਸਮੇਂ ਨੇ ਸਾਡੇ ਵਿੰਹਦਿਆਂ ਸੱਚ ਸਾਬਤ ਕੀਤੀ ਹੋਈ ਹੈ। ਦੂਸਰਾ ਉਹ ਇਹ ਕਹਿੰਦੇ ਹੁੰਦੇ ਸਨ ਕਿ ਇਸ ਅਚਾਨਕ ਆਈ ਤਰੱਕੀ ਨੇ ਲੋਕਾਂ ਨੂੰ ਏਦਾਂ ਦੀਆਂ ਅਚਾਨਕ ਆਉਣ ਵਾਲੀਆਂ ਹੋਰ ਤਰੱਕੀਆਂ ਦੀ ਝਾਕ ਲਾ ਦੇਣੀ ਹੈ ਤੇ ਜਦੋਂ ਇਹੋ ਜਿਹੇ ਹੋਰ ਛੜੱਪੇ ਨਾ ਵੱਜੇ, ਲੋਕਾਂ ਨੇ ਮਾਯੂਸ ਹੋਣਾ ਸ਼ੁਰੂ ਕਰ ਦੇਣਾ ਹੈ। ਉਹ ਓਦੋਂ ਵੀ ਕਹਿੰਦੇ ਹੁੰਦੇ ਸਨ ਕਿ ਰਾਜਸੀ ਆਗੂ ਜਿਹੜੀਆਂ ਛੋਟਾਂ ਅੱਜ ਦੇਈ ਜਾਂਦੇ ਹਨ, ਸਮਾਂ ਪਾ ਕੇ ਇਹ ਵੀ ਨਹੀਂ ਮਿਲਿਆ ਕਰਨੀਆਂ ਤੇ ਲੋਕ ਖੁਦਕੁਸ਼ੀਆਂ ਕਰਨਗੇ।
ਓਦੋਂ ਅਸੀਂ ਲੋਕ ਏਨੀ ਸੋਚ ਉਡਾਰੀ ਨੂੰ ਉਨ੍ਹਾਂ ਦੇ ਮਨਾਂ ਦਾ ਵਹਿਮ ਕਿਹਾ ਕਰਦੇ ਸਾਂ। ਅੱਜ ਉਹ ਗੱਲਾਂ ਸਾਡੇ ਅੱਖਾਂ ਮੂਹਰੇ ਸੱਚ ਸਾਬਤ ਹੋਣ ਲੱਗ ਪਈਆਂ ਹਨ। ਸਰਕਾਰੀ ਛੋਟਾਂ ਦੇ ਛੱਟੇ ਅਤੇ ਬੇਈਮਾਨ ਅਧਿਕਾਰੀਆਂ ਵੱਲੋਂ ਪੈਸੇ ਲੈ ਕੇ ਹਰ ਕਿਸਮ ਦਾ ਸਰਟੀਫਿਕੇਟ ਬਣਾ ਦੇਣ ਦੀ ਆਦਤ ਨੇ ਪੰਜਾਬੀ ਲੋਕ, ਖਾਸ ਤੌਰ ਉੱਤੇ ਸਾਡੇ ਕਿਸਾਨ, ਏਨੇ ਕਰਜ਼ੇ ਹੇਠਾਂ ਦੱਬ ਦਿੱਤੇ ਹਨ ਕਿ ਉਹ ਉੱਠਣੇ ਮੁਸ਼ਕਲ ਹਨ। ਇੱਕ ਜਿ਼ਮੇਵਾਰ ਅਧਿਕਾਰੀ ਨੇ ਸਾਨੂੰ ਦੱਸਿਆ ਕਿ ਪੰਜਾਬ ਵਿੱਚ ਕਈ ਕਿਸਾਨ ਇੱਕੋ ਖੇਤ ਦਾ ਤਿੰਨ-ਤਿੰਨ ਵਾਰ ਨਵਾਂ ਸਰਟੀਫਿਕੇਟ ਬਣਵਾ ਕੇ ਕਰਜ਼ਾ ਲੈ ਚੁੱਕੇ ਹਨ ਤੇ ਜਿੰਨੀ ਜ਼ਮੀਨ ਪੰਜਾਬ ਦੇ ਬੈਂਕਾਂ ਨੂੰ ਗਹਿਣੇ ਕਰ ਕੇ ਇਸ ਵਕਤ ਕਰਜ਼ੇ ਲਏ ਜਾ ਚੁੱਕੇ ਹਨ, ਅਸਲ ਵਿੱਚ ਪੰਜਾਬ ਦੀ ਖੇਤੀ ਹੇਠਲੀ ਜ਼ਮੀਨ ਉਸ ਦਾ ਤੀਜਾ ਹਿੱਸਾ ਵੀ ਨਹੀਂ। ਬੈਂਕਾਂ ਦੇ ਫੀਲਡ ਅਫਸਰ ਇਹ ਜਾਣਦੇ ਹੋਏ ਵੀ ਆਪਣੇ ਕੋਟੇ ਪੂਰੇ ਕਰਨ ਅਤੇ ਜੇਬਾਂ ਭਰਨ ਲਈ ਏਦਾਂ ਦਾ ਕੰਮ ਕਰੀ ਜਾਂਦੇ ਰਹੇ ਤੇ ਅੱਗੋਂ ਜਦੋਂ ਹੋਰ ਕਿਤੋਂ ਕਰਜ਼ਾ ਮਿਲ ਹੀ ਨਹੀਂ ਸਕਣਾ ਤਾਂ ਲੋਕ ਫਸ ਗਏ ਹਨ।
ਇਹ ਇੱਕ ਵੱਡਾ ਪੱਖ ਹੈ, ਪਰ ਇੱਕੋ-ਇੱਕੋ ਨਹੀਂ। ਦੂਸਰਾ ਪੱਖ ਇਹ ਹੈ ਕਿ ਪਹਿਲਾਂ ਹਰ ਰਾਜਸੀ ਲੀਡਰ ਆਪਣੇ ਹਲਕੇ ਵਿੱਚ ਸਕੂਲ ਵੀ ਖੋਲ੍ਹੀ ਜਾਂਦਾ ਸੀ, ਹਸਪਤਾਲ ਵੀ ਅਤੇ ਹੋਰ ਹਰ ਕੰਮ ਵੋਟਾਂ ਉੱਤੇ ਅੱਖ ਰੱਖ ਕੇ ਕਰਨ ਲੱਗਾ ਪਿਆ ਸੀ। ਅੱਜਕੱਲ੍ਹ ਉਹ ਸਕੂਲ ਵੀ ਬੰਦ ਹੋਈ ਜਾਂਦੇ ਹਨ, ਹਸਪਤਾਲ ਵੀ ਤੇ ਹੋਰ ਅਦਾਰੇ ਵੀ। ਸਕੂਲਾਂ ਵਿੱਚ ਬੱਚੇ ਕੋਈ ਨਹੀਂ ਆ ਰਹੇ, ਕਿਉਂਕਿ ਜਿਨ੍ਹਾਂ ਕੋਲ ਪੈਸੇ ਹਨ, ਬੱਚੇ ਵਿਦੇਸ਼ ਭੇਜਣ ਨੂੰ ਪਹਿਲ ਦੇਂਦੇ ਹਨ ਤੇ ਜਿਨ੍ਹਾਂ ਕੋਲ ਪੈਸੇ ਨਹੀਂ, ਸਰਕਾਰੀ ਸਕੂਲ ਵੱਲ ਵੀ ਬੱਚਾ ਭੇਜਣ ਦੀ ਥਾਂ ਆਪਣੇ ਨਾਲ ਘਰ ਦੇ ਕੰਮ ਲਾ ਕੇ ਗੁ਼ਜ਼ਾਰਾ ਕਰਨ ਦੀ ਸੋਚਦੇ ਹਨ। ਲੀਡਰਾਂ ਤੋਂ ਕਦੇ-ਕਦਾਈਂ ਪੀਲੇ ਜਾਂ ਨੀਲੇ ਕਾਰਡ ਨਾਲ ਮਿਲਦੀ ਸਸਤੇ ਰਾਸ਼ਣ ਵਰਗੀ ਸਰਕਾਰੀ ਖੈਰਾਤ ਤੋਂ ਵੱਧ ਆਸ ਕੋਈ ਨਹੀਂ ਰਹਿ ਗਈ। ਤੇਜ਼ੀ ਨਾਲ ਨਵੀਂਆਂ ਫਸਲਾਂ ਵਿਕਸਤ ਹੋਣ ਅਤੇ ਨਵੀਂਆਂ ਮਸ਼ੀਨਾਂ ਆਉਣ ਦੇ ਵੀ ਕੋਈ ਹਾਲਾਤ ਨਹੀਂ ਰਹੇ ਅਤੇ ਜਿੱਦਾਂ ਦੀ ਖੜੋਤ ਆਈ ਹੈ, ਉਸ ਵਿੱਚ ਲੁੱਟਾਂ-ਖੋਹਾਂ ਵਧਣ ਲੱਗ ਪਈਆਂ ਹਨ। ਇਸ ਵਕਤ ਹੁੰਦੇ ਜੁਰਮਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਉਹ ਨੌਜਵਾਨ ਵੀ ਲੁੱਟਾਂ-ਖੋਹਾਂ ਕਰਦੇ ਫੜੇ ਜਾਣ ਲੱਗੇ ਹਨ, ਜਿਨ੍ਹਾਂ ਦੇ ਵਡੇਰੇ ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਲੋਕਾਂ ਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ ਕਰਦੇ ਸਨ। ਸਮਾਜ ਦੀ ਇਸ ਗਿਰਾਵਤ ਵਿੱਚ ਰਾਜਨੀਤੀ ਦਾ ਹਿੱਸਾ ਵੀ ਤਕੜਾ ਹੈ, ਕਿਉਂਕਿ ਗੱਡੀਆਂ ਉੱਤੇ ਆਉਂਦੇ ਅਤੇ ਕਿਸੇ ਥਾਂ ਗੱਡੀ ਖੜੀ ਕਰਨ ਪਿੱਛੋਂ ਛੋਟੀ-ਮੋਟੀ ਵਾਰਦਾਤ ਕਰ ਕੇ ਭੱਜਦੇ ਫੜੇ ਜਾਂਦੇ ਇਨ੍ਹਾਂ ਵੱਡੇ ਘਰਾਂ ਦੇ ਕਾਕਿਆਂ ਨੂੰ ਛੁਡਾਉਣ ਲਈ ਕਿਸੇ ਨਾ ਕਿਸੇ ਆਗੂ ਦਾ ਫੋਨ ਝੱਟ ਆ ਜਾਂਦਾ ਹੈ ਕਿ ਇਹ ਸਾਡੇ ਯੂਥ ਵਿੰਗ ਦਾ ਅਹੁਦੇਦਾਰ ਹੈ, ਇਸ ਨੂੰ ਕੁਝ ਨਹੀਂ ਕਹਿਣਾ। ਲੀਡਰਾਂ ਨੂੰ ਇਹ ਗੱਲ ਹੱਦੋਂ ਵੱਧ ਫਿੱਟ ਬੈਠਦੀ ਹੈ ਕਿ ਇਹੋ ਜਿਹੇ ਨੌਜਵਾਨ ਇਹ ਕੰਮ ਕਰਦੇ ਹੋਏ ਆਪਣੇ ਘਰ ਚਲਾਈ ਜਾਣ ਤੇ ਉਨ੍ਹਾਂ ਦੀ ਚਾਕਰੀ ਕਰੀ ਜਾਣ।
ਪਿਛਲੇ ਤੀਹ ਤੋਂ ਵੱਧ ਸਾਲਾਂ ਦੀ ਪੱਤਰਕਾਰੀ ਦੌਰਾਨ ਮੈਂ ਇਹੋ ਜਿਹੇ ਕਈ ਛੋਟੇ ਅਪਰਾਧੀਆਂ ਨੂੰ ਪੌੜੀਆਂ ਚੜ੍ਹ ਕੇ ਵੱਡੇ ਅਪਰਾਧੀ ਤੇ ਫਿਰ ਸਿਆਸੀ ਆਗੂ ਬਣਨ ਪਿੱਛੋਂ ਚੇਅਰਮੈਨ, ਵਿਧਾਇਕ ਅਤੇ ਮੰਤਰੀ ਬਣਦੇ ਦੇਖਿਆ ਹੋਇਆ ਹੈ। ਇਸ ਵਕਤ ਦੇ ਪੰਜਾਬ ਦੇ ਮੰਤਰੀਆਂ ਤੇ ਸਾਬਕਾ ਮੰਤਰੀਆਂ ਵਿੱਚ ਵੀ ਅਤੇ ਭਾਰਤ ਸਰਕਾਰ ਦੇ ਕੇਂਦਰੀ ਮੰਤਰੀਆਂ ਅਤੇ ਸਾਬਕਾ ਵਜ਼ੀਰਾਂ ਵਿੱਚ ਵੀ ਕਈ ਏਦਾਂ ਦੇ ਲੋਕ ਹਨ, ਜਿਹੜੇ ਟੁੱਚਲ ਜਿਹੇ ਬਦਮਾਸ਼ ਹੁੰਦੇ ਸਨ, ਅਚਾਨਕ ਉਹ ਕਿਸੇ ਵੱਡੇ ਆਗੂ ਦੀ ਸਰਪ੍ਰਸਤੀ ਨਾਲ ਤਰੱਕੀਆਂ ਕਰਦੇ ਹੋਏ ਝੰਡੀ ਵਾਲੀਆਂ ਕਾਰਾਂ ਵਿੱਚ ਚੜ੍ਹ ਗਏ ਤੇ ਜਿਹੜੇ ਪੁਲਸ ਵਾਲੇ ਉਨ੍ਹਾਂ ਦੇ ਵਾਰੰਟ ਲਈ ਫਿਰਦੇ ਸਨ, ਉਹ ਹੀ ਉਨ੍ਹਾਂ ਨੂੰ ਸਲੂਟ ਮਾਰਨ ਲਈ ਮਜਬੂਰ ਹੋ ਗਏ ਸਨ। ਪੰਜਾਬ ਦੇ ਅਜੋਕੇ ਨੌਜਵਾਨਾਂ ਨੂੰ ਜਦੋਂ ਪਿੰਡਾਂ ਵਿੱਚੋਂ ਏਦਾਂ ਬਦਮਾਸ਼ੀ ਤੋਂ ਤੁਰ ਕੇ ਮੰਤਰੀ ਦੀ ਪਦਵੀ ਤੱਕ ਪਹੁੰਚੇ ਲੋਕਾਂ ਦਾ ਪਤਾ ਲੱਗਦਾ ਹੈ ਤਾਂ ਉਹ ਹੋਰ ਨੌਜਵਾਨਾਂ ਨੂੰ ਵੀ ਇਸ ਲੀਹੇ ਪੈਣ ਲਈ ਪ੍ਰੇਰਦੇ ਜਾਪਦੇ ਹਨ। ਜਿੰਨਾ ਵੱਧ ਕੋਈ ਆਗੂ ਚਿੱਟਾ ਝੂਠ ਬੋਲਦਾ ਹੈ, ਓਨੀ ਉਸ ਦੀ ਮਹਿਮਾ ਹੁੰਦੀ ਅਤੇ ਉਸ ਪਿੱਛੇ ਲੋਕਾਂ ਦੀ ਭੀੜ ਵਧਦੀ ਹੈ। ਜਿਹੜਾ ਆਗੂ ਆਪ ਕਿਸੇ ਗੁਰੂ-ਪੀਰ ਜਾਂ ਧਰਮ ਅਸਥਾਨ ਦੀ ਟਕੇ ਦੀ ਇੱਜ਼ਤ ਨਾ ਕਰੇ, ਧਰਮ ਨੂੰ ਸਿਰਫ ਕੁਰਸੀ ਤੱਕ ਪਹੁੰਚਣ ਦਾ ਵਸੀਲਾ ਹੀ ਸਮਝਦਾ ਹੋਵੇ ਤੇ ਧਰਮ ਦਾ ਝੰਡਾ ਚੁੱਕਣ ਵਾਲਿਆਂ ਨੂੰ ਵੇਲੇ-ਕੁਵੇਲੇ ਚਾਰ ਗਾਲ੍ਹਾਂ ਕੱਢਣ ਪਿੱਛੋਂ ਲੋਕਾਂ ਸਾਹਮਣੇ ਉਨ੍ਹਾਂ ਅੱਗੇ ਹੀ ਮੱਥਾ ਟੇਕ ਸਕਦਾ ਹੋਵੇ, ਉਹ ਕਾਮਯਾਬੀ ਦੀਆਂ ਮੰਜ਼ਲਾਂ ਚੜ੍ਹਦਾ ਜਾਂਦਾ ਹੈ ਤੇ ਜਿਹੜਾ ਧਰਮ ਜਾਂ ਸਿਧਾਂਤ ਪ੍ਰਤੀ ਵਫਾਦਾਰੀ ਲਈ ਵਚਨਬੱਧ ਬਣਨ ਲਈ ਚਿੰਤਾ ਕਰਦਾ ਰਹੇ, ਉਹ ਏਸੇ ਚਿੰਤਾ ਵਿੱਚ ਫਸਿਆ ਰਹਿੰਦਾ ਹੈ ਤੇ ਦੂਸਰੇ ਲੋਕ ਉਸ ਨੂੰ ਬੇਵਕੂਫ ਸਮਝਣਗੇ। ਪੰਜਾਬ ਦੀ ਰਾਜਨੀਤੀ ਦੇ ਇਹ ਤਾਜ਼ਾ ਰੁਝਾਨ ਪੰਜਾਬ ਦੀ ਅਗਲੀ ਪੀੜ੍ਹੀ ਦਾ ਸੱਤਿਆਨਾਸ ਕਰੀ ਜਾ ਰਹੇ ਹਨ।
ਨਤੀਜੇ ਵਜੋਂ ਪੰਜਾਬ ਇਸ ਵਕਤ ਉਸ ਸੜਕ ਉੱਤੇ ਚੱਲ ਪਿਆ ਜਾਪਦਾ ਹੈ, ਜਿੱਥੋਂ ਇਸ ਦੇ ਮੋੜਾ ਕੱਟਣ ਦੇ ਲਈ ਨੇੜੇ-ਤੇੜੇ ਕੋਈ ਕੱਟ ਨਹੀਂ ਜਾਪਦਾ, ਇਸ ਨੂੰ ਮੁੜਨ ਤੱਕ ਕਈ ਕਿਲੋਮੀਟਰ ਪੈਂਡਾ ਮਾਰਨਾ ਪੈ ਸਕਦਾ ਹੈ ਤੇ ਉਸ ਪੈਂਡੇ ਵਿੱਚ ਇਸ ਦਾ ਏਨਾ ਵੱਡਾ ਨੁਕਸਾਨ ਹੋ ਜਾਵੇਗਾ, ਜਿਸ ਦੀ ਭਰਪਾਈ ਨਹੀਂ ਹੋ ਸਕਣੀ। ਪੰਜਾਬ ਦੀ ਰਾਜਨੀਤੀ ਵਿੱਚ ਜਿੱਦਾਂ ਦੇ ਧੁਰੰਤਰਾਂ ਦਾ ਬੋਲਬਾਲਾ ਹੈ, ਉਹ ਇਸ ਸਥਿਤੀ ਬਾਰੇ ਜਾਣਦੇ ਹਨ, ਪਰ ਇਸ ਦੀ ਚਿੰਤਾ ਨਹੀਂ ਕਰਦੇ। ਉਨ੍ਹਾਂ ਦੇ ਲਈ ਕੁਰਸੀ ਮੁੱਖ ਹੈ ਅਤੇ ਕੁਰਸੀ ਵੱਲ ਦੌੜਨ ਵੇਲੇ ਉਹ ਆਪਣੇ-ਪਰਾਏ ਕਿਸੇ ਦੀ ਬਲੀ ਦੇਣ ਤੋਂ ਝਿਜਕਣ ਦੇ ਆਦੀ ਨਹੀਂ। ਜਦੋਂ ਉਹ ਆਪਣਿਆਂ ਦੀ ਬਲੀ ਦੇਣ ਤੱਕ ਚਲੇ ਜਾਂਦੇ ਹਨ, ਬੇਗਾਨਿਆਂ ਦੀ ਚਿੰਤਾ ਵੀ ਨਹੀਂ ਕਰਨਗੇ। ਇਸ ਲਈ ਪੰਜਾਬ ਦੇ ਜਾਇਆਂ ਦੀ, ਇਨ੍ਹਾਂ ਦੀ ਅਗਲੀ ਪੀੜ੍ਹੀ ਦੀ ਚਿੰਤਾ ਜਿਨ੍ਹਾਂ ਨੂੰ ਹੈ, ਉਨ੍ਹਾਂ ਨੂੰ ਇਸ ਬਾਰੇ ਸਮਾਜ ਦੇ ਲਈ ਇੱਕ ਲਹਿਰ ਚਲਾਉਣੀ ਪਵੇਗੀ। ਉਹ ਲਹਿਰ ਕਿੱਦਾਂ ਦੀ ਹੋਵੇਗੀ, ਇਸ ਦਾ ਨਕਸ਼ਾ ਵੀ ਉਨ੍ਹਾਂ ਨੂੰ ਖੁਦ ਉਲੀਕਣਾ ਪਵੇਗਾ।

Read More Latest Punjabi Article 2021

Continue Reading

ਲੇਖ

ਅਸੂਲਾਂ ਦੀ ਅਣ-ਦਿੱਸਦੀ ਚਾਦਰ ਓਹਲੇ ਸੰਸਾਰ ਬਾਜ਼ਾਰ ਵਿੱਚ ਬੇਪਰਦ ਖੜੋਤਾ ਅੱਜ ਦਾ ਮਨੁੱਖ-ਜਤਿੰਦਰ ਪਨੂੰ

Published

on

punjabi article

ਬਹੁਤ ਸਾਰੇ ਲੋਕ ਚਾਹੁੰਦੇ ਹੋਣਗੇ ਕਿ ਪੰਜਾਬ ਦੀ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਏ ਗਏ ਨਵਜੋਤ ਸਿੰਘ ਸਿੱਧੂ ਦੀ ਇੱਕੋ ਹਫਤੇ ਵਿੱਚ ਅਸਮਾਨੀ ਰਾਕੇਟ ਵਰਗੀ ਸਿਆਸੀ ਚੜ੍ਹਤ ਦੀ ਗੱਲ ਪਹਿਲਾਂ ਕੀਤੀ ਜਾਵੇ, ਅਤੇ ਉਨ੍ਹਾਂ ਦਾ ਇਸ ਤਰ੍ਹਾਂ ਸੋਚਣਾ ਗਲਤ ਨਹੀਂ, ਪਰ ਓਧਰ ਝਾਕਣ ਦੀ ਥਾਂ ਅਸੀਂ ਦੂਸਰਾ ਮੁੱਦਾ ਛੋਹਣਾ ਚਾਹੁੰਦੇ ਹਾਂ। ਇਹ ਦੂਸਰਾ ਮੁੱਦਾ ਭਾਰਤ ਦੇ ਲੋਕਾਂ ਉੱਤੇ ਅਸਰ ਪਾਉਂਦਾ ਹੈ, ਜਿਨ੍ਹਾਂ ਵਿੱਚ ਪੰਜਾਬ ਦੇ ਲੋਕ ਸ਼ਾਮਲ ਹਨ ਅਤੇ ਦੁਨੀਆ ਭਰ ਦੇ ਲੋਕਾਂ ਦਾ ਨਸੀਬ ਵੀ ਉਸ ਦੀ ਮਾਰ ਹੇਠ ਆਇਆ ਪਿਆ ਹੈ। ਜਿਹੜੇ ਸਾਫਟਵੇਅਰ ਭਲੇ ਦਾ ਸਬੱਬ ਜਾਪਦੇ ਸਨ, ਉਹ ਡਰਾਉਣੇ ਭੂਤ ਬਣੇ ਪਏ ਹਨ ਤੇ ਉਨ੍ਹਾਂ ਤੋਂ ਸਾਰੀ ਦੁਨੀਆ ਤ੍ਰਹਿਕੀ ਪਈ ਹੈ। ਅੱਜਕੱਲ੍ਹ ਭਾਰਤ ਵਿੱਚ ਜਾਸੂਸੀ ਕਾਂਡ ਦਾ ਰੌਲਾ ਵੀ ਓਸੇ ਦਾ ਹੈ।
ਪਿਛਲੇ ਦਿਨੀਂ ਇਹ ਖਬਰ ਇੱਕਦਮ ਆਈ ਅਤੇ ਫਿਰ ਹਰ ਪਾਸੇ ਛਾ ਗਈ ਕਿ ਇਸਰਾਈਲ ਦੀ ਇੱਕ ਕੰਪਨੀ ਦਾ ਬਣਾਇਆ ਪੈਗਾਸਸ ਸਾਫਟਵੇਅਰ ਵਰਤ ਕੇ ਭਾਰਤ ਦੇ ਵੱਡੇ ਲੋਕਾਂ ਦੇ ਫੋਨ ਸੁਣੇ ਜਾ ਰਹੇ ਹਨ। ਭਾਰਤ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਇਸ ਬਾਰੇ ਸਿੱਧਾ ਦੋਸ਼ ਲਾਇਆ ਗਿਆ ਤੇ ਸਰਕਾਰ ਨੇ ਇਸ ਦੀ ਸਫਾਈ ਵਿੱਚ ਕੁਝ ਤੱਥ ਪੇਸ਼ ਕਰਨ ਦੀ ਥਾਂ ਇਹੋ ਰੱਟ ਲਾ ਰੱਖੀ ਕਿ ਅਸੀਂ ਕੁਝ ਗਲਤ ਨਹੀਂ ਕੀਤਾ। ਗਲਤ ਭਾਵੇਂ ਨਾ ਕੀਤਾ ਹੋਵੇ, ਪਰ ਕੀਤਾ ਕੀ ਹੈ, ਇਹ ਭੇਦ ਖੋਲ੍ਹਣ ਲਈ ਸਰਕਾਰ ਨਹੀਂ ਮੰਨਦੀ। ਜਿਸ ਦੇਸ਼ ਦੀ ਕੰਪਨੀ ਨੇ ਇਹ ਜਾਸੂਸੀ ਸਾਫਟਵੇਅਰ ਬਣਾਇਆ ਹੈ, ਓਥੇ ਇਸ ਦੀ ਜਾਂਚ ਲਈ ਇੱਕ ਉੱਚ ਪੱਧਰੀ ਟੀਮ ਬਣਾਈ ਗਈ ਹੈ, ਜਿਨ੍ਹਾਂ ਵਿਕਸਤ ਦੇਸ਼ਾਂ ਵਿੱਚ ਇਸ ਸਾਫਟਵੇਅਰ ਦੀ ਵਰਤੋਂ ਨਾਲ ਜਾਸੂਸੀ ਕੀਤੀ ਦੱਸੀ ਜਾ ਰਹੀ ਸੀ, ਓਥੇ ਵੀ ਜਾਂਚ ਚੱਲ ਜਾ ਰਹੀ ਹੈ, ਪਰ ਭਾਰਤ ਦੀ ਸਰਕਾਰ ਅਜੇ ਵੀ ਇੱਕੋ ਰੱਟ ਲਾਈ ਜਾਂਦੀ ਹੈ ਕਿ ਕੁਝ ਗਲਤ ਨਹੀਂ ਕੀਤਾ। ਇਸਰਾਈਲ ਵਿੱਚ ਸਰਕਾਰ ਬਦਲ ਚੁੱਕੀ ਹੈ। ਜਿਹੜੇ ਪਿਛਲੇ ਪ੍ਰਧਾਨ ਮੰਤਰੀ ਨੇ ਗੱਦੀ ਛੱਡੀ ਹੈ, ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਨੇੜੂ ਗਿਣਿਆ ਜਾਂਦਾ ਸੀ ਅਤੇ ਜਿਹੜਾ ਪ੍ਰਧਾਨ ਮੰਤਰੀ ਬਣਿਆ ਹੈ, ਉਹ ਉਸ ਪਹਿਲੇ ਦਾ ਵਿਰੋਧੀ ਹੋਣ ਕਾਰਨ ਭਾਰਤ ਨਾਲ ਓਦਾਂ ਦਾ ਸਹਿਯੋਗ ਸ਼ਾਇਦ ਨਹੀਂ ਕਰੇਗਾ। ਓਥੋਂ ਆਉਂਦੀਆਂ ਰਿਪੋਰਟਾਂ ਮੁਤਾਬਕ ਓਥੋਂ ਦੀ ਸਰਕਾਰ ਇਸ ਪੈਗਾਸੱਸ ਸਾਫਟਵੇਅਰ ਨੂੰ ਸਿਰਫ ਸਾਫਟਵੇਅਰ ਨਹੀਂ, ਇੱਕ ਹਥਿਆਰ ਮੰਨਦੀ ਹੈ ਤੇ ਏਸੇ ਲਈ ਕਿਸੇ ਵੀ ਗੈਰ ਸਰਕਾਰੀ ਜਥੇਬੰਦੀ ਨੂੰ ਵੇਚਣ ਦੀ ਪੱਕੀ ਮਨਾਹੀ ਦੇ ਨਾਲ ਸਿਰਫ ਸਰਕਾਰਾਂ ਨੂੰ ਓਥੋਂ ਦੀ ਸਰਕਾਰ ਦੀ ਆਗਿਆ ਨਾਲ ਵੇਚਣ ਦਾ ਨਿਯਮ ਹੈ। ਇਹ ਗੱਲ ਸੱਚੀ ਹੋਵੇ ਤਾਂ ਫਿਰ ਭਾਰਤ ਨੂੰ ਵੀ ਪਿਛਲੇ ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਮਰਜ਼ੀ ਬਿਨਾਂ ਨਹੀਂ ਮਿਲਿਆ ਹੋਵੇਗਾ। ਏਦਾਂ ਦਾ ਗੁਪਤ ਹਥਿਆਰ ਲਿਆਉਣ ਤੇ ਚੁੱਪ-ਚੁਪੀਤੇ ਵਰਤਣ ਪਿੱਛੇ ਨਰਿੰਦਰ ਮੋਦੀ ਸਰਕਾਰ ਦੀ ਕੀ ਸੋਚਣੀ ਸੀ, ਲੋਕਤੰਤਰ ਵਿੱਚ ਦੇਸ਼ ਦੇ ਆਮ ਲੋਕਾਂ ਨੂੰ ਇਹ ਗੱਲ ਜਾਨਣ ਦਾ ਕਾਨੂੰਨੀ ਅਧਿਕਾਰ ਹੋਣਾ ਚਾਹੀਦਾ ਹੈ, ਜਿਹੜਾ ਮੰਨਿਆ ਨਹੀਂ ਜਾ ਰਿਹਾ।
ਇਹ ਇੱਕ ਵੱਡਾ ਮੁੱਦਾ ਹੈ ਅਤੇ ਬਿਨਾਂ ਸ਼ੱਕ ਬੜਾ ਵੱਡਾ ਮੁੱਦਾ ਹੈ, ਪਰ ਸਵਾਲ ਇਹ ਹੈ ਕਿ ਪੈਗਾਸੱਸ ਆਉਣ ਤੋਂ ਬਿਨਾਂ ਵੀ ਅੱਜ ਦੇ ਯੁੱਗ ਵਿੱਚ ਆਮ ਲੋਕਾਂ ਦੀ ਕਿਹੜੀ ਕੋਈ ਪ੍ਰਾਈਵੇਸੀ ਰਹਿ ਗਈ ਹੈ! ਸਾਡੇ ਕੋਲ ਮੋਬਾਈਲ ਫੋਨ ਹਨ ਅਤੇ ਉਨ੍ਹਾਂ ਵਿੱਚ ਹਰ ਤੀਸਰੇ-ਚੌਥੇ ਦਿਨ ਸਾਫਟਵੇਅਰ ਦੀ ਅਪ-ਡੇਟਿੰਗ ਸ਼ੁਰੂ ਹੋ ਜਾਂਦੀ ਹੈ। ਸਾਨੂੰ ਪੁੱਛੇ ਬਿਨਾਂ ਏਹੋ ਜਿਹੀ ਅਪ-ਡੇਟਿੰਗ ਕਰਨ ਦਾ ਪ੍ਰਬੰਧ ਅਗੇਤਾ ਕਰੀ ਬੈਠੀਆਂ ਫੋਨ ਕੰਪਨੀਆਂ ਸਿਰਫ ਅਪ-ਡੇਟਿੰਗ ਕਰਦੀਆਂ ਹਨ ਜਾਂ ਇਸ ਦੇ ਬਹਾਨੇ ਨਾਲ ਸਾਡੇ ਫੋਨ ਵਿੱਚੋਂ ਹਰ ਕਿਸਮ ਦਾ ਡਾਟਾ ਕੱਢ ਲੈਂਦੀਆਂ ਹਨ, ਅਸੀਂ ਇਹ ਨਹੀਂ ਜਾਣ ਸਕਦੇ। ਆਮ ਆਦਮੀ ਕਿਸੇ ਕਿਸਮ ਦੀ ਕੋਈ ਐਪ ਆਪਣੇ ਫੋਨ ਉੱਤੇ ਜਦੋਂ ਡਾਊਨਲੋਡ ਕਰਦਾ ਹੈ ਤਾਂ ਕਈ ਥਾਂਈਂ ਇਸ ਐਪ ਨਾਲ ਸੰਬੰਧਤ ਸ਼ਰਤਾਂ ਅਤੇ ਕੰਡੀਸ਼ਨਾਂ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਭੇਦ ਦੱਸੇ ਬਿਨਾਂ ਇਹ ਲਿਖਿਆ ਮਿਲਦਾ ਹੈ ਕਿ ਤੁਸੀਂ ਇਸ ਨੂੰ ‘ਐਕਸੈਪਟ’ (ਪ੍ਰਵਾਨ) ਕਰੋ, ਵਰਨਾ ਉਹ ਐਪ ਚੱਲ ਨਹੀਂ ਸਕਦੀ। ਉਨ੍ਹਾਂ ਸ਼ਰਤਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਤੇ ਅਸੀਂ ਹਰ ਥਾਂ ਐਕਸੈਪਟ ਉੱਤੇ ਕਲਿਕ ਕਰ ਕੇ ਆਪਣੇ ਹੱਥ ਵੱਢ ਕੇ ਦੇਈ ਜਾਂਦੇ ਹਾਂ। ਸਾਡੇ ਕੋਲ ਕੰਪਿਊਟਰ ਜਾਂ ਲੈਪ-ਟਾਪ ਦਾ ਹੋਣਾ ਅੱਜਕੱਲ੍ਹ ਆਮ ਗੱਲ ਹੈ, ਇਸ ਦੀ ਸਕਰੀਨ ਉੱਪਰ ਕੈਮਰਾ ਵੀ ਲੱਗਾ ਆਉਣ ਲੱਗ ਪਿਆ ਹੈ। ਮਾਹਰ ਕਹਿੰਦੇ ਹਨ ਕਿ ਉਹ ਕੈਮਰਾ ਕੰਪਿਊਟਰ ਦੇ ਬੰਦ ਕੀਤੇ ਤੋਂ ਵੀ ਚੱਲਦਾ ਰਹਿੰਦਾ ਹੈ ਤੇ ਜਦੋਂ ਤੁਸੀਂ ਅਗਲੀ ਵਾਰੀ ਕੰਪਿਊਟਰ ਨੂੰ ਚਾਲੂ ਕਰਦੇ ਹੋ ਤਾਂ ਇੰਟਰਨੈੱਟ ਮਿਲਦੇ ਸਾਰ ਆਪਣੀ ਸਾਰੀ ਰਿਕਾਰਡਿੰਗ ਕਿਸ ਕੰਪਨੀ ਨੂੰ ਕਿੱਦਾਂ ਭੇਜਦਾ ਹੈ, ਸਾਨੂੰ ਕਦੀ ਇਹ ਪਤਾ ਹੀ ਨਹੀਂ ਲੱਗਦਾ। ਅਸੀਂ ਕਿਸੇ ਪਾਸੇ ਜਾਂਦੇ ਹਾਂ ਤਾਂ ਓਥੋਂ ਦਾ ਵਾਈ-ਫਾਈ ਕੁਨੈਕਸ਼ਨ ਬੜੇ ਆਰਾਮ ਨਾਲ ਵਰਤਦੇ ਹਾਂ, ਪਰ ਸਾਨੂੰ ਇਹ ਗੱਲ ਪਤਾ ਨਹੀਂ ਹੁੰਦੀ ਕਿ ਜਿਸ ਵਿਅਕਤੀ ਕੋਲ ਇਸ ਵਾਈ-ਫਾਈ ਦੇ ਪਾਸਵਰਡ ਹਨ, ਉਹ ਇਸ ਵਿੱਚੋਂ ਸਾਰੀ ਜਾਣਕਾਰੀ ਕੱਢ ਸਕਦਾ ਹੈ ਅਤੇ ਸਾਡੇ ਪਾਸਵਰਡ ਵੀ ਉਸ ਨੂੰ ਮਿਲ ਸਕਦੇ ਹਨ। ਆਪਣੇ ਘਰ ਵਿੱਚ ਅਸੀਂ ਜਿਸ ਕਿਸੇ ਕੰਪਨੀ ਦੀ ਇੰਟਰਨੈੱਟ ਲਾਈਨ ਲਵਾ ਲਈ ਹੈ, ਉਸ ਦੇ ਇੰਜੀਨੀਅਰ ਇਸ ਦੀ ਵਰਤੋਂ ਕਰ ਕੇ ਸਾਡਾ ਹਰ ਪਾਸਵਰਡ ਕੱਢਣ ਦੀ ਤਾਕਤ ਰੱਖਦੇ ਹਨ। ਅਸੀਂ ਉਨ੍ਹਾਂ ਤੋਂ ਕੁਝ ਛਿਪਾਉਣਾ ਵੀ ਚਾਹੀਏ ਤਾਂ ਛਿਪਾ ਨਹੀਂ ਸਕਦੇ। ਲਗਭਗ ਹਰ ਥਾਂ ਮਨੁੱਖ ਇੱਕ ਤਰ੍ਹਾਂ ਇਨ੍ਹਾਂ ਸਰਵਿਸ ਪ੍ਰੋਵਾਈਡਰ ਕੰਪਨੀਆਂ ਦੀ ਨਜ਼ਰ ਹੇਠ ਰਹਿਣ ਨੂੰ ਮਜਬੂਰ ਹੈ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਰਾਸ਼ਟਰਪਤੀ ਚੋਣ ਵਿੱਚ ਡੋਨਾਲਡ ਟਰੰਪ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਮੁਕਾਬਲਾ ਸੀ, ਓਦੋਂ ਚੋਣ ਪ੍ਰਚਾਰ ਦੇ ਆਖਰੀ ਹਫਤੇ ਇੱਕ ਖਬਰ ਆਈ ਸੀ ਕਿ ਹਿਲੇਰੀ ਨੇ ਵਿਦੇਸ਼ ਮੰਤਰੀ ਹੁੰਦਿਆਂ ਬਹੁਤ ਨਾਜ਼ਕ ਮੈਸੇਜ ਸਰਕਾਰੀ ਈਮੇਲ ਦੀ ਥਾਂ ਪ੍ਰਾਈਵੇਟ ਈਮੇਲ ਤੋਂ ਭੇਜੇ ਸਨ। ਆਮ ਲੋਕਾਂ ਲਈ ਇਹ ਗੱਲ ਛੋਟੀ ਹੋਵੇਗੀ, ਪਰ ਚੋਣ ਪ੍ਰਚਾਰ ਦੇ ਆਖਰੀ ਹਫਤੇ ਆਈ ਇਹ ਖਬਰ ਹਿਲੇਰੀ ਕਲਿੰਟਨ ਦੇ ਜੜ੍ਹੀਂ ਇਸ ਲਈ ਬਹਿ ਗਈ ਸੀ ਕਿ ਸਰਕਾਰੀ ਸੰਦੇਸ਼ਾਂ ਲਈ ਪ੍ਰਾਈਵੇਟ ਈਮੇਲ ਦੀ ਵਰਤੋਂ ਦੇਸ਼ ਦੀ ਸੁਰੱਖਿਆ ਲਈ ਖਤਰਾ ਸਮਝੀ ਗਈ ਸੀ। ਜਿਹੜੀ ਪ੍ਰਾਈਵੇਟ ਸਰਵਿਸ ਪ੍ਰੋਵਾਈਡਰ ਕੰਪਨੀ ਨਾਲ ਉਸ ਦੀ ਈਮੇਲ ਦਾ ਸੰਬੰਧ ਸੀ, ਉਹ ਹਿਲੇਰੀ ਕਲਿੰਟਨ ਦੀ ਉਸ ਈਮੇਲ ਨੂੰ ਪੜ੍ਹ ਸਕਦੀ ਸੀ। ਬੇਸ਼ੱਕ ਕਿਸੇ ਨੇ ਵੀ ਨਾ ਪੜ੍ਹੀ ਹੋਵੇ, ਪਰ ਇਹ ਗੱਲ ਵੱਡੀ ਭੁੱਲ ਮੰਨੀ ਗਈ ਸੀ। ਅਸੀਂ ਲੋਕ ਆਪਣੀ ਈਮੇਲ ਦੀ ਆਈ ਡੀ ਜਿਸ ਕੰਪਨੀ ਦੇ ਸਰਵਰ ਤੋਂ ਬਣਾਉਂਦੇ ਹਾਂ, ਕਿਸੇ ਜੁਰਮ ਦੀ ਜਾਂਚ ਵਿੱਚ ਪੁਲਸ ਜਾਂ ਕੋਈ ਹੋਰ ਏਜੰਸੀ ਉਨ੍ਹਾਂ ਕੋਲੋਂ ਕਦੀ ਉਸ ਦੇ ਵੇਰਵਾ ਮੰਗ ਲਵੇ ਤੇ ਉਹ ਦੇਣ ਲਈ ਤਿਆਰ ਹੋ ਜਾਣ ਤਾਂ ਸਾਰਾ ਡਾਟਾ ਉਨ੍ਹਾਂ ਕੋਲ ਮੌਜੂਦ ਹੁੰਦਾ ਹੈ। ਭਾਰਤ ਸਰਕਾਰ ਜਦੋਂ ਟਵਿੱਟਰ, ਵਾਟਸਐਪ ਤੇ ਹੋਰ ਸਰਵਿਸ ਪ੍ਰੋਵਾਈਡਰ ਸੋਸਲ ਮੀਡੀਆ ਕੰਪਨੀਆਂ ਉੱਤੇ ਸਿ਼ਕੰਜਾ ਕੱਸਣ ਦੇ ਯਤਨ ਕਰਦੀ ਹੈ ਤਾਂ ਉਹ ਉਨ੍ਹਾਂ ਕੰਪਨੀਆਂ ਉੱਤੇ ਨਹੀਂ, ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਨਕੇਲ ਪਾਉਣ ਦੇ ਯਤਨ ਕਰਦੀ ਹੈ। ਬਹਾਨਾ ਦੇਸ਼ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦਾ ਬਣਾਇਆ ਜਾਂਦਾ ਹੈ।
ਬਹੁਤ ਸਾਰੇ ਦੇਸ਼ਾਂ ਵਿੱਚ ਇਸ ਵਕਤ ਆਮ ਇਨਸਾਨ ਦੀ ਪ੍ਰਾਈਵੇਸੀ, ਉਸ ਦੀ ਨਿੱਜੀ ਜਿ਼ੰਦਗੀ ਦੇ ਭੇਦ, ਦਾ ਕੁਝ ਓਹਲਾ ਰੱਖਣ ਦੇ ਕੇਸ ਚੱਲ ਰਹੇ ਹਨ ਤੇ ਇਸ ਦੀ ਬਹਿਸ ਵੀ ਹੋ ਰਹੀ ਹੈ। ਇਸ ਪ੍ਰਾਈਵੇਸੀ ਨੂੰ ਅਸੂਲਾਂ ਦਾ ਮਾਮਲਾ ਮੰਨ ਕੇ ਚਰਚਾ ਹੁੰਦੀ ਹੈ। ਅਸਲ ਵਿੱਚ ਪ੍ਰਾਈਵੇਸੀ ਉੱਤੇ ਅਸੂਲਾਂ ਦੀ ਅਣ-ਦਿੱਸਦੀ ਚਾਦਰ ਅਸਲੋਂ ਪਤਲੀ ਜਿਹੀ ਜਾਪਣ ਲੱਗ ਪਈ ਹੈ। ਸਰਕਾਰਾਂ ਵੀ ਆਮ ਆਦਮੀ ਦੀ ਪ੍ਰਾਈਵੇਸੀ ਵਿੱਚ ਝਾਤੀਆਂ ਮਾਰੀ ਜਾਂਦੀਆਂ ਹਨ, ਟੈਲੀਫੋਨ ਕੰਪਨੀਆਂ ਵੀ ਅਤੇ ਲੋਕਾਂ ਨੂੰ ਸੂਚਨਾ ਪੁਚਾਉਣ ਤੋਂ ਲੈ ਕੇ ਵੱਖ-ਵੱਖ ਕਿਸਮਾਂ ਦੀਆਂ ਮਨੋਰੰਜਨ ਦੀਆਂ ਐਪਸ ਪੇਸ਼ ਕਰਨ ਵਾਲੀਆਂ ਕੰਪਨੀਆਂ ਕੋਲ ਵੀ ਸਾਡੀ ਜਿ਼ੰਦਗੀ ਦੀ ਹਰ ਤਹਿ ਫੋਲਣ ਦਾ ਹੱਕ ਓਦੋਂ ਪਹੁੰਚ ਜਾਂਦਾ ਹੈ, ਜਦੋਂ ਅਸੀਂ ਉਹ ਐਪ ਚਾਲੂ ਕਰਨ ਸਮੇਂ ਸ਼ਰਤਾਂ ਬਾਰੇ ਲਿਖੀ ‘ਐਕਸੈਪਟ’ ਦੀ ਚਾਬੀ ਨੂੰ ਕਲਿੱਕ ਕਰ ਦੇਂਦੇ ਹਾਂ। ਉਹ ਕੰਪਨੀਆਂ ਜਦੋਂ ਚਾਹੁਣ ਤੇ ਜਿਵੇਂ ਵੀ ਚਾਹੁਣ, ਇਸ ਦੀ ਵਰਤੋਂ ਸਾਨੂੰ ਦੱਸੇ ਬਿਨਾਂ ਕਰ ਸਕਦੀਆਂ ਹਨ। ਸਾਡੀ ਪ੍ਰਾਈਵੇਸੀ ਸਿਰਫ ਨਾਂਅ ਦੀ ਬਾਕੀ ਹੈ। ਹਕੀਕਤ ਇਹ ਹੈ ਕਿ ਅਸੂਲਾਂ ਦੀ ਅਣ-ਦਿੱਸਦੀ ਚਾਦਰ ਓਹਲੇ ਸੰਸਾਰ ਬਾਜ਼ਾਰ ਵਿੱਚ ਅੱਜ ਦਾ ਮਨੁੱਖ ਅਸਲੋਂ ਬੇਪਰਦ ਖੜਾ ਹੈ ਅਤੇ ਏਦੂੰ ਵੀ ਵੱਡੀ ਭੇਦ ਦੀ ਗੱਲ ਇਹ ਹੈ ਕਿ ਉਸ ਨੂੰ ਆਪਣੇ ਬੇਪਰਦ ਹੋਣ ਦਾ ਪਤਾ ਹੀ ਨਹੀਂ।

Click Here To Read More Latest Punjabi Article 2021

Continue Reading

ਲੇਖ

ਤੋਤਾ ਰਾਮ ਗੁਲਾਟੀ ਵਰਗਿਆਂ ਆਸਰੇ ਸੋਚ ਨੂੰ ਅੱਗੇ ਵਧਾ ਰਿਹੈ ਸੰਘ ਪਰਵਾਰ-ਜਤਿੰਦਰ ਪਨੂੰ

Published

on

Punjabi Articles

ਕੋਈ ਢਾਈ ਦਹਾਕੇ ਪਹਿਲਾਂ ਜਰਮਨ ਮੂਲ ਦੇ ਇੱਕ ਗੋਰੇ ਨੂੰ ਬ੍ਰਿਟੇਨ ਵਿੱਚ ਕਿਸੇ ਦੇ ਘਰ ਮਿਲੇ ਤਾਂ ਉਸ ਨੇ ਕਿਹਾ ਸੀ ਕਿ ਇਤਹਾਸ ਨੂੰ ਕੋਈ ਸਦੀਵੀ ਸੱਚ ਨਹੀਂ ਮੰਨ ਲੈਣਾ ਚਾਹੀਦਾ, ਇਹ ਲਿਖਿਆ ਘੱਟ ਅਤੇ ਲਿਖਾਇਆ ਵੱਧ ਜਾਂਦਾ ਹੈ ਤੇ ਇਹੋ ਕਾਰਨ ਹੈ ਕਿ ਹੁਕਮਰਾਨ ਜ਼ਾਲਮ ਵੀ ਹੋਵੇ ਤਾਂ ਉਸ ਦੇ ਐਬ ਲੁਕਾ ਲਏ ਜਾਂਦੇ ਹਨ। ਗੱਲ ਦੂਸਰੀ ਸੰਸਾਰ ਜੰਗ ਦੇ ਦੌਰਾਨ ਹਿਟਲਰ ਵੱਲੋਂ ਕੀਤੇ ਕਤਲੇਆਮ ਅਤੇ ਉਸ ਪਿੱਛੇ ਕੰਮ ਕਰਦੀ ਸੋਚ ਨੂੰ ਹਿਟਲਰ ਵੱਲੋਂ ਸਭ ਤੋਂ ਉੱਤਮ ਮੰਨੇ ਜਾਣ ਦੀ ਨੀਤੀ ਬਾਰੇ ਹੋ ਰਹੀ ਸੀ। ਜਰਮਨ ਨੌਜਵਾਨ ਸਾਫ ਕਹਿੰਦਾ ਸੀ ਕਿ ਉਹ ਹਿਟਲਰ ਦਾ ਹਮਾਇਤੀ ਨਹੀਂ, ਪਰ ਅਗਲੀ ਗੱਲ ਇਹ ਵੀ ਜ਼ੋਰ ਨਾਲ ਕਹਿੰਦਾ ਸੀ ਕਿ ਜੇ ਹਿਟਲਰ ਜਿੱਤ ਜਾਂਦਾ ਤਾਂ ਅੱਜ ਉਸ ਨੂੰ ਗਾਲ੍ਹਾਂ ਕੱਢਣ ਵਾਲੇ ਇਤਹਾਸਕਾਰਾਂ ਦੀ ਇੱਕ ਵੱਡੀ ਗਿਣਤੀ ਨੇ ਉਸੇ ਹਿਟਲਰ ਨੂੰ ਸੰਸਾਰ ਦਾ ਸਭ ਤੋਂ ਵਧੀਆ ਹਾਕਮ ਸਾਬਤ ਕਰਦੇ ਹੋਣਾ ਸੀ। ਸ਼ਾਇਦ ਉਹ ਨੌਜਵਾਨ ਠੀਕ ਹੋ ਸਕਦਾ ਹੈ, ਇਹ ਗੱਲ ਓਦੋਂ ਮੇਰੇ ਮਨ ਵਿੱਚ ਨਹੀਂ ਸੀ, ਅੱਜ ਭਾਰਤ ਵਿੱਚ ਜੋ ਹੁੰਦਾ ਪਿਆ ਹੈ ਤੇ ਜਿਵੇਂ ਮੌਕੇ ਦੇ ਮਾਲਕ ਦੀ ਸੋਚ ਦੀ ਮਾਰ ਹੇਠ ਆਉਂਦੇ ਭਾਈਚਾਰਿਆਂ ਨਾਲ ਜੁੜੇ ਵੱਡੇ ਲੋਕ ਓਸੇ ਮਾਲਕ ਦੀ ਖੁਸ਼ੀ ਖਾਤਰ ਉਸ ਮੂਹਰੇ ਲੇਟਣੀਆਂ ਲੈਂਦੇ ਦਿੱਸਦੇ ਹਨ, ਉਸ ਤੋਂ ਜਾਪਦਾ ਹੈ ਕਿ ਉਹ ਨੌਜਵਾਨ ਠੀਕ ਕਹਿੰਦਾ ਹੋ ਸਕਦਾ ਹੈ।
ਰਾਸ਼ਟਰੀ ਸੋਇਮ ਸੇਵਕ ਸੰਘ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਆਪਣੀ ਸੋਚ ਨੂੰ ਕਦੀ ਲੁਕਾ ਕੇ ਨਹੀਂ ਰੱਖ ਸਕਿਆ। ਆਪਣੇ ਮੁੱਢ ਤੋਂ ਉਸ ਦੇ ਆਗੂਆਂ ਨੇ ਇਹ ਗੱਲ ਹਿੱਕ ਠੋਕ ਕੇ ਆਖੀ ਹੈ ਕਿ ਭਾਰਤ ਹਿੰਦੂਆਂ ਦੇ ਲਈ ਪਹਿਲੇ ਦਰਜੇ ਦੇ ਨਾਗਰਿਕ ਵਾਲਾ ਹੋਵੇ ਤੇ ਹੋਰਨਾਂ ਭਾਈਚਾਰਿਆਂ, ਖਾਸ ਕਰ ਕੇ ਮੁਸਲਿਮ ਭਾਈਚਾਰੇ ਵਾਲਿਆਂ ਨੂੰ ਏਥੇ ਬਰਾਬਰੀ ਦਾ ਦਰਜਾ ਨਹੀਂ ਹੋਣਾ ਚਾਹੀਦਾ। ਵਿੱਚ-ਵਿਚਾਲੇ ਕਦੇ-ਕਦੇ ਇਹ ਲੋਕ ਦੂਸਰੇ ਭਾਈਚਾਰਿਆਂ ਦੇ ਕੁਝ ਲੋਕਾਂ ਨੂੰ ਨਾਲ ਜੋੜ ਕੇ ਇਹ ਵਿਖਾਉਣ ਦਾ ਯਤਨ ਕਰਦੇ ਹਨ ਕਿ ਉਹ ਉਨ੍ਹਾਂ ਭਾਈਚਾਰਿਆਂ ਦਾ ਵੀ ਸਤਿਕਾਰ ਕਰਦੇ ਹਨ, ਪਰ ਅਸਲ ਵਿੱਚ ਇਹ ਬਾਹਰੀ ਪ੍ਰਭਾਵ ਹੀ ਹੁੰਦਾ ਹੈ। ਜਦੋਂ ਇਹ ਪਤਾ ਹੋਵੇ ਕਿ ਇਸ ਪ੍ਰਭਾਵ ਨੂੰ ਨਕਾਰ ਕੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਲਾਮਬੰਦ ਕਰਨ ਦਾ ਸਮਾਂ ਹੈ, ਓਦੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਸਲਿਮ ਆਗੂ ਦੀ ਭੇਟ ਕੀਤੀ ਹੋਈ ਟੋਪੀ ਲੈਣ ਤੋਂ ਭਰੇ ਸਮਾਗਮ ਵਿੱਚ ਇਨਕਾਰ ਕਰ ਕੇ ਅੰਦਰਲਾ ਸੱਚ ਜ਼ਾਹਰ ਕਰਨਾ ਵੀ ਜ਼ਰੂਰੀ ਸਮਝਦੇ ਹਨ।
ਹੈਰਾਨੀ ਇਸ ਗੱਲ ਦੀ ਕੋਈ ਨਹੀਂ ਕਿ ਆਰ ਐੱਸ ਐੱਸ ਅਤੇ ਇਸ ਨਾਲ ਜੁੜੀ ਰਾਜਨੀਤੀ ਕਰਨ ਵਾਲੇ ਆਗੂਆਂ ਦਾ ਦੂਸਰੇ ਭਾਈਚਾਰਿਆਂ ਵੱਲ ਕੀ ਰੁਖ ਹੈ, ਸਗੋਂ ਇਸ ਗੱਲ ਬਾਰੇ ਹੈ ਕਿ ਦੂਸਰੇ ਭਾਈਚਾਰਿਆਂ ਵਿਚਲੇ ਕੁਝ ਹੱਦੋਂ ਬਾਹਰੇ ਚਾਪਲੂਸ ਬੰਦੇ ਇਸ ਸੋਚਣੀ ਨੂੰ ਵਡਿਆਉਣ ਵਿੱਚ ਹੱਦਾਂ ਪਾਰ ਕਰ ਜਾਂਦੇ ਹਨ। ਇਹ ਕੰਮ ਇਸ ਵਾਰੀ ਭਾਰਤ ਦੇ ਪ੍ਰਮੁੱਖ ਵਕੀਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਵੱਲੋਂ ਲਿਖੀ ਦੱਸੀ ਜਾਂਦੀ ਇੱਕ ਕਿਤਾਬ ਭੇਟ ਕਰ ਕੇ ਕੀਤਾ ਹੈ। ਸਿੱਖ ਵਿਦਵਾਨ ਏਦਾਂ ਦੀ ਕਿਸੇ ਲਿਖਤ ਨੂੰ ਹਕੀਕਤ ਨਹੀਂ ਮੰਨਦੇ। ਇਸ ਦਾ ਦੂਸਰਾ ਪਾਸਾ ਇਹ ਹੈ ਕਿ ਸਿੱਖਾਂ ਦੇ ਕੁਝ ਧਾਰਮਿਕ ਆਗੂ ਵੀ ਪਿਛਲੇ ਸਮੇਂ ਵਿੱਚ ਭਾਜਪਾ ਨਾਲ ਅਕਾਲੀ ਦਲ ਦੀ ਸਾਂਝ ਦੇ ਸਮੇਂ ਇਹ ਸਾਬਤ ਕਰਨ ਵਾਲੇ ਬਿਆਨ ਦਿੱਤਾ ਕਰਦੇ ਸਨ ਕਿ ਗੁਰੂ ਨਾਨਕ ਸਾਹਿਬ ਭਗਵਾਨ ਰਾਮ ਦੀ ਕੁੱਲ ਵਿੱਚੋਂ ਹੋਏ ਹਨ। ਇਹ ਵਿਆਖਿਆਨ ਸ੍ਰੀ ਅਕਾਲ ਤਖਤ ਦਾ ਇੱਕ ਸਾਬਕਾ ਜਥੇਦਾਰ ਬੜਾ ਖੁੱਲ੍ਹ ਕੇ ਕਰਦਾ ਰਿਹਾ ਹੈ। ਕਹਿੰਦੇ ਹਨ ਕਿ ਉਹ ਜਥੇਦਾਰ ਏਦਾਂ ਦੀ ਵਿਆਖਿਆ ਭਾਜਪਾ ਆਗੂਆਂ ਦੇ ਰਾਹੀਂ ਅਕਾਲੀ ਲੀਡਰਸਿ਼ਪ ਉੱਤੇ ਦਬਾਅ ਪਾ ਕੇ ਆਪਣੇ ਲਈ ਜਥੇਦਾਰੀ ਜਾਂ ਇਸ ਦੇ ਬਰਾਬਰ ਦੀ ਪਦਵੀ ਲੈਣ ਦਾ ਜੁਗਾੜ ਕਰਨ ਵਾਸਤੇ ਕਰਿਆ ਕਰਦਾ ਸੀ। ਹੋ ਸਕਦਾ ਹੈ ਕਿ ਏਦਾਂ ਹੀ ਹੋਵੇ।
ਉਹ ਇਕੱਲਾ ਏਦਾਂ ਦਾ ਨਹੀਂ ਸੀ, ਮੁਸਲਿਮ ਭਾਈਚਾਰੇ ਵਿੱਚ ਵੀ ਕੁਝ ਲੋਕ ਸਿਰਫ ਇੱਕ ਪਾਰਲੀਮੈਂਟ ਸੀਟ ਜਾਂ ਕੇਂਦਰ ਦੀ ਵਜ਼ੀਰੀ ਖਾਤਰ ਆਰ ਐੱਸ ਐੱਸ ਅਤੇ ਭਾਜਪਾ ਨੂੰ ਮੁਸਲਿਮ ਭਾਈਚਾਰੇ ਦੀ ਸਭ ਤੋਂ ਵੱਡੀ ਹਿਤੈਸ਼ੀ ਪਾਰਟੀ ਸਾਬਤ ਕਰਨ ਲੱਗ ਜਾਇਆ ਕਰਦੇ ਹਨ। ਇਸ ਤੋਂ ਸਾਫ ਹੈ ਕਿ ਇਸ ਵਕਤ ਆਰ ਐੱਸ ਐੱਸ ਵਾਲੀ ਸੋਚ ਚੋਖੀ ਚੜ੍ਹਤ ਵਿੱਚ ਹੋਣ ਕਾਰਨ ਇਹ ਲੋਕ ਆਪਣੇ ਨਿੱਜੀ ਲਾਭਾਂ ਲਈ ਉਸ ਸੋਚ ਦੇ ਸੇਵਾਦਾਰ ਬਣਨ ਲਈ ਤਿਆਰ ਹਨ। ਬੀਤੇ ਹਫਤੇ ਚਿਤਰਕੂਟ ਵਿੱਚ ਆਰ ਐੱਸ ਐੱਸ ਦੀ ਸਿਖਰਲੀ ਲੀਡਰਸਿ਼ਪ ਦੀ ਬੈਠਕ ਵਿੱਚ ਇਹ ਵੀ ਫੈਸਲਾ ਹੋਇਆ ਸੁਣਿਆ ਹੈ ਕਿ ਹਿੰਦੂਤੱਵ ਦੀ ਝੰਡਾ-ਬਰਦਾਰ ਇਸ ਸੰਸਥਾ ਦੀਆਂ ਰੋਜ਼ਾਨਾ ਸ਼ਾਖਾਵਾਂ ਵਿੱਚ ਮੁਸਲਿਮ ਨੌਜਵਾਨਾਂ ਨੂੰ ਲਿਆ ਕੇ ਮੁੱਖ-ਧਾਰਾ ਦਾ ਅੰਗ ਬਣਾਉਣ ਦੀ ਸ਼ੁਰੂਆਤ ਕਰਨੀ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਇਸ ਪਿੱਛੋਂ ਇਨ੍ਹਾਂ ਦੇ ਕਹੇ ਉੱਤੇ ਤੜਕੇ ਚਾਰ ਵਜੇ ਗਰਾਊਂਡ ਵਿੱਚ ਪਰੇਡ ਕਰਨ ਲਈ ਜਾਣ ਲੱਗ ਜਾਣ ਤਾਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਕਾਰਨ ਇਹ ਹੈ ਕਿ ਬਹੁਤ ਕੱਟੜ ਸੋਚਣੀ ਵਾਲਿਆਂ ਹਾਕਮਾਂ ਦੇ ਨਾਲ ਵੀ ਨਿੱਜੀ ਲਾਭਾਂ ਲਈ ਹਰ ਯੁੱਗ ਵਿੱਚ ਉਨ੍ਹਾਂ ਦੇ ਵਿਰੋਧੀ ਪੱਖ ਵਿਚਲੇ ਕੁਝ ਲੋਕ ਜੁੜ ਜਾਂਦੇ ਰਹੇ ਹਨ ਅਤੇ ਅੱਜ ਜੋ ਕੁਝ ਹੋ ਰਿਹਾ ਹੈ, ਉਹ ਕੋਈ ਅਲੋਕਾਰ ਗੱਲ ਨਹੀਂ ਸਮਝੀ ਜਾ ਸਕਦੀ।
ਸਾਨੂੰ ਆਪਣੇ ਕੁਝ ਬਜ਼ੁਰਗਾਂ ਤੇ ਆਪਣੇ ਤੋਂ ਸੀਨੀਅਰ ਕੁਝ ਪੱਤਰਕਾਰਾਂ ਤੋਂ ਸੁਣੀ ਇਹ ਗੱਲ ਅੱਜ ਤੀਕ ਚੇਤੇ ਹੈ ਕਿ ਭਾਰਤ-ਪਾਕਿ ਵੰਡ ਵੇਲੇ ਇੱਕ ਹਿੰਦੂ ਪਰਵਾਰ ਜਦੋਂ ਭਾਰਤ ਨੂੰ ਆਇਆ ਤਾਂ ਉਨ੍ਹਾਂ ਦਾ ਬਾਪੂ ਓਥੇ ਰਹਿ ਗਿਆ ਕਿ ਜੇ ਹਾਲਾਤ ਸੁਖਾਵੇਂ ਹੋਏ ਤਾਂ ਪਰਵਾਰ ਵਾਪਸ ਆਉਣ ਤੱਕ ਜਾਇਦਾਦ ਦਾ ਖਿਆਲ ਰੱਖੇਗਾ। ਦੇਸ਼ ਦੀ ਵੰਡ ਨੇ ਨਵੀਂ ਕਿਸਮ ਦਾ ਪਾਟਕ ਪਾ ਦਿੱਤਾ, ਜਿਹੜਾ ਇਤਹਾਸ ਵਿੱਚ ਕਦੇ ਵਾਪਰਿਆ ਨਹੀਂ ਸੀ ਤੇ ਪਿਛਾਂਹ ਪਰਤਣ ਦੀ ਕੋਈ ਸੰਭਾਵਨਾ ਹੀ ਨਾ ਰਹੀ ਅਤੇ ਪੁੱਤਰਾਂ ਨੇ ਜਿਉਂਦਾ ਬਾਪੂ ਵਿੱਛੜ ਜਾਣ ਨੂੰ ਭਾਣਾ ਸਮਝ ਕੇ ਜਰ ਲਿਆ, ਪਰ ਬਾਪੂ ਖੁਦ ਕੋਈ ਫੈਸਲਾ ਨਾ ਲੈ ਸਕਿਆ ਤੇ ਓਥੋਂ ਵਾਲਿਆਂ ਦੀ ਬੁਲਾਈ ਬੋਲੀ ਬੋਲਣ ਲੱਗ ਪਿਆ। ਤੋਤਾ ਰਾਮ ਗੁਲਾਟੀ ਨਾਂਅ ਦਾ ਬਜ਼ੁਰਗ ਗਾਲੜੀ ਕਿਸਮ ਦਾ ਬੰਦਾ ਸੀ, ਓਧਰਲੀ ਹਕੂਮਤ ਨੇ ਉਸ ਦੇ ਇਸ ਗੁਣ ਨੂੰ ਭਾਰਤ ਦੇ ਵਿਰੁੱਧ ਵਰਤਿਆ ਅਤੇ ਲਾਹੌਰ ਰੇਡੀਓ ਤੋਂ ਪੰਜਾਬੀ ਪ੍ਰੋਗਰਾਮ ਵਿੱਚ ਪੇਸ਼ ਕਰਨ ਲੱਗ ਪਏ। ਉਹ ਰੋਜ਼ ਸ਼ਾਮ ਵੇਲੇ ਲਾਹੌਰ ਰੇਡੀਓ ਤੋਂ ਭਾਰਤ ਦੇ ਲੋਕਾਂ ਨੂੰ ਇਹ ਸੁਣਾਇਆ ਕਰੇ ਕਿ ਆਪੋ ਆਪਣੇ ਧਰਮ ਨੂੰ ਮੰਨਣ ਦੀ ਜਿੰਨੀ ਆਜ਼ਾਦੀ ਪਾਕਿਸਤਾਨ ਵਿੱਚ ਹੈ, ਓਦਾਂ ਦੀ ਆਜ਼ਾਦੀ ਦਾ ਸੁਫਨਾ ਵੀ ਭਾਰਤ ਦੇ ਲੋਕ ਨਹੀਂ ਲੈ ਸਕਦੇ। ਏਧਰ ਉਸ ਦੇ ਪੁੱਤਰ ਮੱਥੇ ਨੂੰ ਹੱਥ ਮਾਰ ਕੇ ਰੋਇਆ ਕਰਦੇ ਸਨ ਕਿ ਬਾਪੂ ਦੀ ਮਜਬੂਰੀ ਕਾਰਨ ਤੋਤਾ ਰਾਮ ਨੂੰ ਪਾਕਿਸਤਾਨ ਦੇ ਲਾਹੌਰ ਰੇਡੀਓ ਦੇ ਪ੍ਰਬੰਧਕਾਂ ਨੇ ਆਪਣਾ ਤੋਤਾ ਬਣਾ ਕੇ ਬੁਲਾਏ ਮੁਤਾਬਕ ਬੋਲਣ ਵਾਲੇ ਕੰਮ ਲਾ ਲਿਆ ਹੈ। ਇਹੋ ਕੁਝ ਅੱਜਕੱਲ੍ਹ ਭਾਰਤ ਵਿੱਚ ਹੋ ਰਿਹਾ ਹੈ। ਏਥੇ ਵੀ ਭਾਜਪਾ ਆਗੂਆਂ ਤੋਂ ਚੰਦ ਲਾਭਾਂ ਦੀ ਆਸ ਵਿੱਚ ਬਹੁਤ ਸਾਰੇ ‘ਤੋਤਾ ਖਾਨ’ ਅਤੇ ‘ਤੋਤਾ ਸਿੰਘ’ ਉਨ੍ਹਾਂ ਪਿੱਛੇ ਅੱਜ ਇਹ ਤਰਲੇ ਕੱਢਦੇ ਮਿਲ ਸਕਦੇ ਹਨ ਕਿ ਸੇਵਾ ਦਾ ਮੌਕਾ ਸਿਰਫ ਸਾਨੂੰ ਦਿਓ ਜੀ, ਸਾਥੋਂ ਵੱਡਾ ਚਾਪਲੂਸ ਸਾਰੀ ਦੁਨੀਆ ਵਿੱਚ ਤੁਹਾਨੂ ਕੋਈ ਨਹੀਂ ਮਿਲ ਸਕਣਾ।
ਜਦੋਂ ਏਦਾਂ ਦੇ ਲੋਕਾਂ ਵਿੱਚੋਂ ਕੋਈ ਸਾਨੂੰ ਇਹ ਸਮਝਾਉਣ ਵਾਲੀ ਕੋਸਿ਼ਸ਼ ਕਰਦਾ ਹੈ ਕਿ ਭਾਜਪਾ ਹੀ ਭਾਰਤ ਦੀਆਂ ਘੱਟ-ਗਿਣਤੀਆਂ ਦੀ ਸਭ ਤੋਂ ਵੱਡੀ ਹਿਤੈਸ਼ੀ ਹੈ ਤਾਂ ਸਾਨੂੰ ਕਦੀ ਲਾਹੌਰ ਰਹਿ ਗਿਆ ਤੋਤਾ ਰਾਮ ਗੁਲਾਟੀ ਯਾਦ ਆ ਜਾਂਦਾ ਹੈ ਅਤੇ ਕਦੀ ਜਰਮਨ ਮੂਲ ਦਾ ਉਹ ਨੌਜਵਾਨ, ਜਿਹੜਾ ਢਾਈ ਕੁ ਦਹਾਕੇ ਪਹਿਲਾਂ ਅਚਾਨਕ ਮਿਲਿਆ ਸੀ। ਉਸ ਦੀ ਇਸ ਗੱਲ ਵਿੱਚ ਦਮ ਜਾਪਣ ਲੱਗਦਾ ਹੈ ਕਿ ਇਤਹਾਸ ਲਿਖਿਆ ਨਹੀਂ ਜਾਂਦਾ, ਲਿਖਾਇਆ ਜਾ ਸਕਦਾ ਹੈ, ਲਿਖਾਉਣ ਵਾਲਿਆਂ ਦੇ ਕੋਲ ਤਾਕਤ ਚਾਹੀਦੀ ਹੈ, ਚਾਪਲੂਸਾਂ ਨੂੰ ਵੰਡਣ ਲਈ ਰਿਓੜੀਆਂ ਚਾਹੀਦੀਆਂ ਹਨ, ਇੱਕ ਲੱਭਣ ਜਾਓ ਤਾਂ ਇੱਕ ਹਜ਼ਾਰ ਏਦਾਂ ਦੇ ਮਿਲ ਜਾਣਗੇ, ਜਿਹੜੇ ਇਸ ਦੇਸ਼ ਦੇ ਭਵਿੱਖ ਨੂੰ ਕੁਰਾਹੇ ਪਾਉਣ ਲਈ ਜਮੂਰੇ ਬਣਨ ਨੂੰ ਤਿਆਰ ਹਨ।

Read More Latest Punjabi Article 2021

Continue Reading

ਰੁਝਾਨ


Copyright by IK Soch News powered by InstantWebsites.ca