The unseen party will be the fifth- Jatinder Pannu | Ik Soch Punjabi
Connect with us [email protected]

ਲੇਖ

ਚਾਰ ਧਿਰਾਂ ਦਿੱਸਦੀਆਂ ਅੱਗੇ ਅਣਦਿੱਸਦੀ ਧਿਰ ਪੰਜਵੀਂ ਹੋਵੇਗੀ ਪੰਜਾਬ ਦੀਆਂ ਅਗਲੀ ਚੋਣਾਂ ਵਿੱਚ-ਜਤਿੰਦਰ ਪਨੂੰ

Published

on

Jatinder Pannu articles

ਪੰਜਾਬ ਇਸ ਵਕਤ ਵਿਧਾਨ ਸਭਾ ਚੋਣਾਂ ਦੇ ਰਾਹ ਉੱਤੇ ਪੈ ਚੁੱਕਾ ਹੈ। ਅਗਸਤ ਲੰਘਣ ਪਿੱਛੋਂ ਮਸਾਂ ਛੇ ਮਹੀਨੇ ਇਸ ਸਰਕਾਰ ਦੇ ਬਾਕੀ ਰਹਿ ਜਾਣਗੇ। ਪਿਛਲੀ ਵਾਰੀ ਚਾਰ ਫਰਵਰੀ ਨੂੰ ਵੋਟਾਂ ਪਈਆਂ ਅਤੇ ਗਿਆਰਾਂ ਮਾਰਚ ਨੂੰ ਨਤੀਜੇ ਆਏ ਸਨ ਅਤੇ ਸੋਲਾਂ ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਵਾਲੀ ਮੌਜੂਦਾ ਸਰਕਾਰ ਬਣੀ ਸੀ। ਨਤੀਜੇ ਵਾਲੀ ਉਸ ਤਾਰੀਖ ਦਾ ਹਿਸਾਬ ਰੱਖਿਆ ਜਾਵੇ ਤਾਂ ਇੱਕ ਮਹੀਨਾ ਹੋਰ ਗਿਣ ਸਕਦੇ ਹਾਂ, ਪਰ ਚੋਣ ਜ਼ਾਬਤਾ ਸ਼ਾਇਦ ਇਸ ਵਾਰ ਨਵਾਂ ਸਾਲ ਚੜ੍ਹਦੇ ਸਾਰ ਲਾ ਦਿੱਤਾ ਜਾਵੇ, ਕਿਉਂਕਿ ਪੰਜਾਬ ਦੇ ਨਾਲ ਹੀ ਉੱਤਰ ਪ੍ਰਦੇਸ਼ ਵਰਗੇ ਭਾਰਤ ਦੇ ਸਭ ਤੋਂ ਵੱਡੇ ਰਾਜ ਅਤੇ ਤਿੰਨ ਹੋਰ ਰਾਜਾਂ ਵਿੱਚ ਵੀ ਚੋਣਾਂ ਹੋਣੀਆਂ ਹਨ। ਭਾਰਤ ਦਾ ਚੋਣ ਕਮਿਸ਼ਨ ਕਹਿਣ ਨੂੰ ਨਿਰਪੱਖ ਹੈ, ਪਰ ਅਸਲ ਵਿੱਚ ਕੇਂਦਰ ਦਾ ਰਾਜ ਚਲਾ ਰਹੀ ਧਿਰ ਜੇ ਤਾਕਤਵਰ ਹੋਵੇ ਤਾਂ ਉਸ ਦੇ ਕਹੇ ਬਿਨਾਂ ਖੰਘਦਾ ਨਹੀਂ ਹੁੰਦਾ ਤੇ ਉਸ ਪਾਰਟੀ ਦੀ ਲੋੜ ਦੇ ਹਿਸਾਬ ਹੀ ਅਗਲੀਆਂ ਚੋਣਾਂ ਦੀਆਂ ਤਰੀਕਾਂ ਮਿਥਦਾ ਹੁੰਦਾ ਹੈ। ਇਸ ਵਾਰੀ ਕੇਂਦਰ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਆਪਣੇ ਉੱਤਰ ਪ੍ਰਦੇਸ਼ ਵਿਚਲੇ ਹਿੱਤਾਂ ਦਾ ਖਿਆਲ ਕਰ ਕੇ ਉਸ ਨੂੰ ਕੁਝ ਅਗੇਤਾ ਇਹ ਕਦਮ ਚੁੱਕਣ ਨੂੰ ਆਖ ਸਕਦੀ ਹੈ, ਪਰ ਜੇ ਮਿਥੇ ਟਾਈਮ ਮੁਤਾਬਕ ਵੀ ਸਾਰਾ ਕੁਝ ਹੁੰਦਾ ਗਿਆ ਤਾਂ ਛੇ ਮਹੀਨੇ ਤੋਂ ਵੱਧ ਚੋਣਾਂ ਵਿੱਚ ਬਾਕੀ ਨਹੀਂ।
ਅੱਜ ਦੀ ਘੜੀ ਵਿੱਚ ਜਿੰਨਾ ਮੰਦਾ ਹਾਲ ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਦਾ ਜਾਪਦਾ ਹੈ, ਓਦੋਂ ਵੱਧ ਪੰਜਾਬ ਵਿੱਚ ਭਾਜਪਾ ਨੂੰ ਛੱਡ ਕੇ ਕਿਸੇ ਵੀ ਹੋਰ ਪਾਰਟੀ ਦਾ ਸ਼ਾਇਦ ਨਹੀਂ ਹੋਣਾ। ਬੀਤੇ ਪੰਜ ਸਾਲਾਂ ਵਿੱਚ ਇਸ ਪਾਰਟੀ ਨੇ ਹਰ ਹੋਰ ਪਾਰਟੀ ਵਾਂਗ ਕੁਝ ਕੰਮ ਚੰਗੇ ਵੀ ਕੀਤੇ, ਜਾਂ ਕਹਿ ਲਓ ਕਿ ਇਸ ਤੋਂ ਹੋ ਗਏ ਹੋਣਗੇ, ਪਰ ਪਾਪਾਂ ਦੀ ਪੰਡ ਭਾਰੀ ਕਰਨ ਵਿੱਚ ਵੀ ਇਸ ਨੇ ਕੋਈ ਕਸਰ ਨਹੀਂ ਰੱਖੀ। ਚੋਣਾਂ ਵਿੱਚ ਕੁੱਦਣ ਵੇਲੇ ਕਿਸੇ ਜੰਗ ਵਿੱਚ ਚੱਲੀ ਫੌਜ ਵਿੱਚ ਤਾਲਮੇਲ ਦੀ ਲੋੜ ਵਾਂਗ ਰਾਜਸੀ ਮੈਦਾਨ ਦੀ ਹਰ ਧਿਰ ਨੂੰ ਵੀ ਪੂਰੇ ਤਾਲਮੇਲ ਦੀ ਲੋੜ ਹੁੰਦੀ ਹੈ ਅਤੇ ਜਿਸ ਪਾਰਟੀ ਦੇ ਤਾਲਮੇਲ ਦੀ ਘਾਟ ਹੋਵੇ, ਉਹ ਚੋਣਾਂ ਦੌਰਾਨ ਚੰਗੇ ਸਿੱਟੇ ਨਹੀਂ ਕੱਢ ਸਕਦੀ। ਇੱਕ ਵਕਤ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਦੋ ਵੱਡੇ ਮਹਾਂਰਥੀ ਜਗਦੇਵ ਸਿੰਘ ਤਲਵੰਡੀ ਤੇ ਗੁਰਚਰਨ ਸਿੰਘ ਟੌਹੜਾ ਚੋਣਾਂ ਮੌਕੇ ਏਨਾ ਦੁਖੀ ਕਰਦੇ ਹੁੰਦੇ ਸਨ ਕਿ ਆਖਰ ਨੂੰ ਲੜਾਈ ਕਾਂਗਰਸ ਨਾਲ ਘੱਟ ਤੇ ਆਪੋ ਵਿੱਚ ਇੱਕ-ਦੂਸਰੇ ਦੇ ਬੰਦੇ ਹਰਾਉਣ ਵਾਲੀ ਵੱਧ ਬਣ ਜਾਂਦੀ ਹੁੰਦੀ ਸੀ। ਫਿਰ ਕਾਂਗਰਸ ਵਿੱਚ ਇੱਕ ਮੌਕੇ ਇਹੋ ਕੁਝ ਹਰਚਰਨ ਸਿੰਘ ਬਰਾੜ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਧੜਿਆਂ ਵੱਲੋਂ ਕੀਤਾ ਸੁਣਿਆ ਸੀ ਤੇ ਨਤੀਜਾ ਉਸ ਪਾਰਟੀ ਦੀ ਹੱਦੋਂ ਵੱਧ ਸ਼ਰਮਨਾਕ ਹਾਰ ਵਿੱਚ ਨਿਕਲਿਆ ਸੀ। ਉਸ ਦੇ ਬਾਅਦ ਦੋ ਵਾਰੀ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਧੜਿਆਂ ਦੀ ਖਹਿਬਾਜ਼ੀ ਨੇ ਇਸ ਪਾਰਟੀ ਦੀ ਬੇੜੀ ਡੋਬੀ ਸੀ। ਇਸ ਵਕਤ ਇਸ ਪਾਰਟੀ ਮੂਹਰੇ ਫਿਰ ਇਹੋ ਔਕੜ ਸਿਰ ਚੁੱਕੀ ਖੜੋਤੀ ਦਿੱਸਦੀ ਹੈ। ਕਈ ਲੋਕ ਕਾਂਗਰਸ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਸ ਸਥਿਤੀ ਦਾ ਦੋਸ਼ ਦੇ ਰਹੇ ਹਨ ਅਤੇ ਕਈ ਹੋਰ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਅੰਦਰ-ਖਾਤੇ ਵਾਲੇ ਸਮਝੌਤੇ ਦੀ ਨੰਗੀ-ਮੁੰਗੀ ਚਰਚਾ ਵੀ ਚਸਕੇ ਲੈ-ਲੈ ਕਰਦੇ ਹਨ। ਪਾਰਟੀ ਡੁੱਬਣ ਦੀ ਚਿੰਤਾ ਦੋਵਾਂ ਧੜਿਆਂ ਨੂੰ ਕੋਈ ਨਹੀਂ ਜਾਪਦੀ।
ਦੂਸਰੇ ਪਾਸੇ ਅਕਾਲੀ ਦਲ ਦਾ ਪ੍ਰਧਾਨ ਆਪਣੇ ਨਾਲੋਂ ਟੁੱਟੇ ਧਿਰਾਂ ਅਤੇ ਧੜਿਆਂ ਨੂੰ ਅੱਖੋਂ ਪਰੋਖੇ ਕਰਨ ਦੇ ਬਾਅਦ ਹਰ ਮੰਦੇ-ਚੰਗੇ ਬੰਦੇ ਨੂੰ ਆਪਣੇ ਨਾਲ ਜੋੜ ਕੇ ਆਪਣਾ ਲਸ਼ਕਰ ਭਾਰਾ ਕਰਨ ਰੁੱਝਾ ਪਿਆ ਹੈ। ਜਿਨ੍ਹਾਂ ਨੇ ਕੱਲ੍ਹ ਤੱਕ ਬਾਦਲ ਬਾਪ-ਬੇਟੇ ਖਿਲਾਫ ਕਈ ਊਟ-ਪਟਾਂਟ ਕਿੱਸੇ ਸਟੇਜਾਂ ਲਾ-ਲਾ ਕੇ ਲੋਕਾਂ ਨੂੰ ਸੁਣਾਏ ਸਨ, ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਨਾਲ ਵੀ ਨੇੜਤਾ ਬਣਾ ਰਿਹਾ ਹੈ। ਦੂਸਰੀਆਂ ਪਾਰਟੀਆਂ ਵਿੱਚੋਂ ਲੋਕਾਂ ਵਿੱਚ ਮਾੜਾ-ਮੋਟਾ ਅਸਰ ਰੱਖਦੇ ਹਰ ਬੰਦੇ ਨੂੰ ਤੋੜਨ ਲਈ ਉਹ ਰਾਤ-ਦਿਨ ਇੱਕ ਕਰੀ ਜਾਂਦਾ ਹੈ। ਭਾਜਪਾ ਨਾਲੋਂ ਗੱਠਜੋੜ ਟੁੱਟਣ ਦੇ ਬਾਅਦ ਸਮਝਿਆ ਜਾਂਦਾ ਸੀ ਕਿ ਉਸ ਦੀ ਪਾਰਟੀ ਤੋਂ ਕੇਰਾ ਸ਼ੁਰੂ ਹੋ ਸਕਦਾ ਹੈ, ਪਰ ਹੋਇਆ ਇਸ ਤੋਂ ਉਲਟ ਕਿ ਉਹ ਭਾਜਪਾ ਦੇ ਕਈ ਵੱਡੇ ਲੀਡਰਾਂ ਅਤੇ ਸਾਬਕਾ ਮੰਤਰੀਆਂ ਜਾਂ ਵਿਧਾਇਕਾਂ ਨੂੰ ਖਿੱਚ ਕੇ ਆਪਣੇ ਨਾਲ ਲੈ ਆਇਆ ਹੈ। ਉਸ ਨੂੰ ਇਸ ਗੱਲ ਦੀ ਖੁੱਲ੍ਹ ਹੈ ਕਿ ਕਿਸੇ ਨੂੰ ਕਿਸੇ ਹਲਕੇ ਵਿੱਚ ਉਮੀਦਵਾਰ ਐਲਾਨਣਾ ਹੈ ਤਾਂ ਨਾ ਕਾਂਗਰਸ ਵਾਂਗ ਸੋਨੀਆ ਗਾਂਧੀ ਦੇ ਦਰਬਾਰੀਆਂ ਤੋਂ ਲਿਸਟ ਪਾਸ ਕਰਾਉਣੀ ਪੈਂਦੀ ਹੈ ਤੇ ਨਾ ਅਰਵਿੰਦ ਕੇਜਰੀਵਾਲ ਦੇ ਕਿਸੇ ਹਵਾਈ ਕਮਾਂਡਰ ਨੂੰ ਪੁੱਛਣਾ ਪੈਂਦਾ ਹੈ। ਅੱਜ ਕਿਸੇ ਨੂੰ ਉਹ ਪਾਰਟੀ ਵਿੱਚ ਸ਼ਾਮਲ ਕਰੇ ਅਤੇ ਖੜੇ ਪੈਰ ਕਿਸੇ ਹਲਕੇ ਦਾ ਉਮੀਦਵਾਰ ਐਲਾਨ ਵੀ ਕਰ ਦੇਵੇ ਤਾਂ ਕੋਈ ਉਸ ਨੂੰ ਪੁੱਛਣ ਵਾਲਾ ਨਹੀਂ, ਆਪਣੇ-ਆਪ ਵਿੱਚ ਸਮੁੱਚੀ ਹਾਈ-ਕਮਾਂਡ ਉਹ ਖੁਦ ਹੀ ਹੈ, ਬਾਕੀ ਅਹੁਦੇਦਾਰ ਸਿਰਫ ਹਾਂ ਵਿੱਚ ਹਾਂ ਮਿਲਾਉਣ ਨੂੰ ਰੱਖੇ ਹਨ। ਜਿਹੜਾ ਜ਼ਰਾ ਕੁ ਹਾਮੀ ਨਾ ਭਰਦਾ ਜਾਪੇ, ਉਸ ਦਾ ਆਪਣਾ ਪੱਤਾ ਕੱਟਿਆ ਜਾ ਸਕਦਾ ਹੈ। ਪੰਜਾਬ ਕਾਂਗਰਸ ਦੇ ਕਈ ਲੀਡਰ ਪਿਛਲੇ ਦਿਨਾਂ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਤਾਂ ਇਹ ਚਰਚਾ ਆਮ ਹੈ ਕਿ ਉਨ੍ਹਾਂ ਨੂੰ ਇੱਕ ਖਾਸ ਧੜਾ ਇੱਕ ਨੀਤੀ ਅਧੀਨ ਖੁਦ ਉਸ ਪਾਸੇ ਭੇਜ ਰਿਹਾ ਹੈ, ਪਰ ਕਾਂਗਰਸ ਇਸ ਚਰਚਾ ਦਾ ਖੰਡਨ ਵੀ ਨਹੀਂ ਕਰਦੀ।
ਭਾਰਤੀ ਜਨਤਾ ਪਾਰਟੀ ਆਪਣੀ ਹਾਈ ਕਮਾਂਡ ਉੱਤੇ ਟੇਕ ਰੱਖੀ ਬੈਠੀ ਹੈ। ਉਨ੍ਹਾਂ ਨੂੰ ਅੱਜ ਦੀ ਘੜੀ ਪਿੰਡਾਂ-ਸ਼ਹਿਰਾਂ ਵਿੱਚ ਜਾਣ ਲੱਗਿਆਂ ਇਹ ਡਰ ਰਹਿੰਦਾ ਹੈ ਕਿ ਕੋਈ ਕਿਸਾਨ ਜਥਾ ਰਾਹ ਘੇਰਨ ਨਾ ਆ ਜਾਵੇ, ਪਰ ਇਹ ਆਸ ਉਨ੍ਹਾਂ ਦੇ ਹਰ ਛੋਟੇ-ਵੱਡੇ ਆਗੂ ਨੂੰ ਹੈ ਕਿ ਅਗਲੇ ਦਿਨਾਂ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਮੁੱਦਾ ਇਸ ਤਰ੍ਹਾਂ ਸਿਰੇ ਲਾ ਦੇਣਾ ਹੈ ਕਿ ਪੱਕੇ ਹੋਏ ਬੇਰ ਵਾਂਗ ਪੰਜਾਬ ਉਨ੍ਹਾਂ ਦੀ ਝੋਲੀ ਵਿੱਚ ਆ ਪਵੇਗਾ। ਸਾਨੂੰ ਇਸ ਵਿੱਚ ਕੋਈ ਦਮ ਨਹੀਂ ਜਾਪਦਾ, ਪਰ ਭਾਜਪਾ ਲੀਡਰ ਇਸ ਬਾਰੇ ਮੁਕੰਮਲ ਭਰੋਸੇ ਵਿੱਚ ਹਨ। ਸ਼ਾਇਦ ਉਨ੍ਹਾਂ ਨੂੰ ਕੇਂਦਰੀ ਲੀਡਰਾਂ ਨੇ ਕੰਨਾਂ ਵਿੱਚ ਇਹ ਫੂਕ ਮਾਰੀ ਹੋਵੇ, ਇਸ ਲਈ ਉਨ੍ਹਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਹਾਲ ਦੀ ਘੜੀ ਪੰਜਾਬ ਦੀ ਕੋਈ ਸਿਆਸੀ ਧਿਰ ਉਨ੍ਹਾਂ ਨਾਲ ਕੋਈ ਸੰਬੰਧ ਰੱਖਣ ਬਾਰੇ ਸੋਚ ਤੱਕ ਨਹੀਂ ਸਕਦੀ ਅਤੇ ਇਕੱਲੀ ਭਾਜਪਾ ਇਸ ਰਾਜ ਵਿੱਚ ਚੋਣਾਂ ਜਿੱਤਣ ਦਾ ਸੁਫਨਾ ਜਿੰਨਾ ਮਰਜ਼ੀ ਲਵੇ, ਅੰਗੂਰ ਉਸ ਲਈ ਅਜੇ ਖੱਟੇ ਜਾਪਦੇ ਹਨ।
ਪੰਜਾਬ ਦੇ ਲੋਕਾਂ ਵਿੱਚ ਇਸ ਵੇਲੇ ਇੱਕ ਧਿਰ ਆਮ ਆਦਮੀ ਪਾਰਟੀ ਦੀ ਆਪਣੀ ਥਾਂ ਬਣਾਈ ਜਾ ਰਹੀ ਹੈ। ਸੋਚਣ ਦੇ ਪੱਖ ਤੋਂ ਲੋਕ ਉਸ ਦੇ ਹੱਕ ਵਿੱਚ ਬੋਲਦੇ ਜਾਪਦੇ ਹਨ ਅਤੇ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਸਭ ਨੂੰ ਵੇਖ ਚੁੱਕੇ ਹਾਂ, ਇਸ ਵਾਰੀ ਇਹ ਨਵੀਂ ਧਿਰ ਵੇਖਣੀ ਹੈ, ਪਰ ਇਹ ਗੱਲ ਉਹੀ ਲੋਕ ਕਹਿੰਦੇ ਹਨ, ਜਿਹੜੇ ਚੁੱਪ ਨਹੀਂ ਰਹਿਣ ਵਾਲੇ। ਹਰ ਚੋਣ ਵਿੱਚ ਇੱਕ ਚੁੱਪ ਬਹੁ-ਗਿਣਤੀ ਹੁੰਦੀ ਹੈ, ਜਿਹੜੀ ਕੁਝ ਬੋਲਦੀ ਨਹੀਂ ਹੁੰਦੀ, ਅੰਤਲੇ ਨਿਰਣੇ ਵਿੱਚ ਕਿਸ ਦੇ ਵੱਲ ਨੂੰ ਭੁਗਤ ਜਾਵੇ, ਕਦੇ ਵੀ ਪਤਾ ਨਹੀਂ ਲੱਗਦਾ ਹੁੰਦਾ। ਇਸ ਵਾਰੀ ਲੋਕਾਂ ਵਿੱਚ ਚਰਚਾ ਦਾ ਰੰਗ ਵੇਖਣਾ ਹੈ ਤਾਂ ਇਸ ਪਾਰਟੀ ਦੇ ਪੱਖ ਵਿੱਚ ਦਿੱਸਦਾ ਹੈ, ਪਰ ਇਹੋ ਜਿਹਾ ਰੰਗ ਪਿਛਲੀ ਵਾਰੀ ਵੀ ਦਿੱਸਦਾ ਸੀ, ਬਾਅਦ ਵਿੱਚ ਜਦੋਂ ਅਸਲੀ ਪ੍ਰਭਾਵ ਚੋਣਾਂ ਦੀ ਨਬਜ਼ ਪਰਖਣ ਵਾਲੇ ਪੱਤਰਕਾਰਾਂ ਨੂੰ ਦਿੱਸ ਚੁੱਕਾ ਸੀ, ਇਸ ਦੀ ਲੀਡਰਸਿ਼ਪ ਓਦੋਂ ਵੀ ਸੱਚ ਵੇਖਣ ਨੂੰ ਤਿਆਰ ਨਹੀਂ ਸੀ ਹੋ ਰਹੀ। ਅੱਜਕੱਲ੍ਹ ਉਸ ਦੇ ਆਗੂ ਮੰਨਦੇ ਹਨ ਕਿ ਪਿਛਲੀ ਵਾਰੀ ਉਨ੍ਹਾਂ ਨੇ ਜਿੱਤੀ ਹੋਈ ਚੋਣ ਹਾਰੀ ਸੀ ਤੇ ਇਸ ਵਾਰੀ ਪਿਛਲੀਆਂ ਭੁੱਲਾਂ ਤੋਂ ਸਿੱਖ ਕੇ ਚੱਲਣਗੇ, ਪਰ ਗਲਤੀਆਂ ਕਰਨ ਤੋਂ ਉਹ ਅਜੇ ਵੀ ਨਹੀਂ ਹਟਦੇ। ਅਸੀਂ ਇਸ ਵਕਤ ਉਨ੍ਹਾਂ ਦੀਆਂ ਗਲਤੀਆਂ ਗਿਣਾ ਕੇ ਉਨ੍ਹਾਂ ਦਾ ਮਨ ਖੱਟ ਕਰਨ ਦੀ ਲੋੜ ਨਹੀਂ ਸਮਝਦੇ, ਪਰ ਇਹ ਗੱਲ ਹਰ ਕੋਈ ਕਹਿੰਦਾ ਹੈ ਕਿ ਇਹ ਪਾਰਟੀ ਜਦੋਂ ਤੱਕ ਇਸ ਰਾਜ ਦੇ ਲੋਕਾਂ ਸਾਹਮਣੇ ਮੁੱਖ ਮੰਤਰੀ ਦਾ ਕੋਈ ਸਾਊ ਚਿਹਰਾ, ਅਤੇ ਉਹ ਵੀ ਪੰਜਾਬੀ ਲੋਕਾਂ ਦਾ ਜਾਣਿਆ-ਪਛਾਣਿਆ ਪੇਸ਼ ਨਹੀਂ ਕਰ ਦੇਂਦੀ, ਇਸ ਬਾਰੇ ਆਪਣੇ ਰਾਏ ਬਣਾਉਣੀ ਔਖੀ ਹੈ। ਆਮ ਆਦਮੀ ਪਾਰਟੀ ਦੇ ਕੇਂਦਰੀ ਦਫਤਰ ਨੂੰ ਵਾਰ-ਰੂਮ ਸਮਝ ਕੇ ਨੀਤੀਆਂ ਚਲਾਉਣ ਵਾਲਿਆਂ ਨੂੰ ਇਸ ਉਲਝਣ ਦਾ ਕੋਈ ਹੱਲ ਅਜੇ ਤੱਕ ਨਹੀਂ ਲੱਭਾ, ਜਾਂ ਉਹ ਢੁਕਵੇਂ ਵਕਤ ਦੀ ਉਡੀਕ ਵਿੱਚ ਹਨ, ਇਹ ਗੱਲ ਸਿਰਫ ਉਹੀ ਜਾਣਦੇ ਹੋ ਸਕਦੇ ਹਨ।
ਅੱਜ ਦੀ ਘੜੀ ਜਿੱਦਾਂ ਦੇ ਹਾਲਾਤ ਹਨ, ਉਨ੍ਹਾਂ ਦੇ ਹੁੰਦਿਆਂ ਸਭ ਤੋਂ ਮਾੜੀ ਹਾਲਤ ਭਾਜਪਾ ਦੀ, ਉਸ ਪਿੱਛੋਂ ਪਾਟਕ ਦਾ ਸਿ਼ਕਾਰ ਹੋਈ ਕਾਂਗਰਸ ਦੀ ਹੈ ਤੇ ਟੱਕਰ ਦੀਆਂ ਧਿਰਾਂ ਦੂਸਰੀਆਂ ਦੋ ਜਾਪਦੀਆਂ ਹਨ, ਪਰ ਅਗਲੇ ਦਿਨਾਂ ਵਿੱਚ ਇਹੋ ਜਿਹਾ ਪ੍ਰਭਾਵ ਕਾਇਮ ਰਹੇਗਾ, ਇਸ ਦੀ ਰਾਜਨੀਤੀ ਵਿੱਚ ਕਦੇ ਗਾਰੰਟੀ ਨਹੀਂ ਹੁੰਦੀ। ਕਾਂਗਰਸ ਦੀ ਇੱਕ ਵੱਡੀ ਧਿਰ ਅੱਜ ਵੀ ਇਸ ਵਹਿਮ ਵਿੱਚ ਹੈ ਕਿ ਸਾਡੇ ਮੁਕਾਬਲੇ ਦੀ ਕੋਈ ਟੀਮ ਹੀ ਮੌਜੂਦ ਨਹੀਂ ਤਾਂ ਲੋਕਾਂ ਨੂੰ ਅਗਲੀਆਂ ਚੋਣਾਂ ਵਿੱਚ ਫਿਰ ਸਾਡੇ ਪੱਖ ਵਿੱਚ ਹੀ ਭੁਗਤਣਾ ਪੈਣਾ ਹੈ। ਜਦੋਂ ਪਾਰਟੀ ਦੀ ਗੱਡ ਚਿੱਕੜ ਵਿੱਚ ਫਸੀ ਸਾਰੇ ਲੋਕਾਂ ਨੂੰ ਦਿੱਸਦੀ ਹੈ, ਓਦੋਂ ਵੀ ਇਸ ਦੇ ਸਵਾਰ ਜੂਲੇ ਉੱਤੇ ਬਹਿਣ ਲਈ ਲੜੀ ਜਾਂਦੇ ਹਨ। ਜਿਹੜਾ ਇੱਕ ਹੋਰ ਪੱਖ ਇਸ ਵਾਰੀ ਇਸ ਰਾਜ ਦੀ ਚੋਣ ਵਿੱਚ ਅਸਰ ਪਾਉਣ ਵਾਲਾ ਹੈ, ਉਹ ਪੰਜਾਬ ਦੀ ਅਫਸਰਸ਼ਾਹੀ ਹੈ, ਜਿਸ ਨੇ ਪਹਿਲੀ ਵਾਰ ਪੂਰੇ ਪੰਜ ਸਾਲ ਖੁਦ ਸਰਕਾਰ ਚਲਾ ਕੇ ਵੇਖੀ ਹੈ ਤੇ ਅਗਲੀ ਵਾਰੀ ਲਈ ਫਿਰ ਇਸ ਕੋਸਿ਼ਸ਼ ਵਿੱਚ ਹੈ ਕਿ ਉਸ ਪਾਰਟੀ ਨੂੰ ਜਿਤਾਉਣ ਦਾ ਜ਼ੋਰ ਲਾਇਆ ਜਾਵੇ, ਜਿਹੜੀ ਉਨ੍ਹਾਂ ਦੇ ਖਾਣ-ਪੀਣ ਵਿੱਚ ਕੋਈ ਵਿਘਨ ਨਾ ਪਾਵੇ। ਜਿਹੜੇ ਨਜ਼ਾਰੇ ਇਸ ਸ਼੍ਰੇਣੀ ਨੇ ਪਿਛਲੇ ਪੰਜ ਸਾਲ ਬਿਨਾਂ ਰੋਕ ਤੋਂ ਮਾਣੇ ਹਨ, ਉਨ੍ਹਾਂ ਕਾਰਨ ਇਸ ਚੋਣ ਵਿੱਚ ਇਹ ਵੀ ਇੱਕ ਅਣਦਿੱਸਦੀ ਧਿਰ ਜ਼ਰੂਰ ਬਣੇਗੀ।

Read More Latest Punjabi Article 2021

ਲੇਖ

ਬਾਇਡੇਨ ਦੀ ਤਾਲਿਬਾਨੀ ਕਾਰਸਤਾਨੀ ਨੇ ਅਫਗਾਨੀ ਅਤੇ ਹਿੰਦੁਸਤਾਨੀ ਲੋਕ ਮੁਸੀਬਤ ਦੇ ਮੂੰਹ ਪਾਏ

Published

on

Punjabi article

ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਚੜ੍ਹਤ ਦਾ ਦੌਰ ਏਨੀ ਛੇਤੀ ਸਾਡੇ ਭਾਰਤ ਦੇ ਲੋਕਾਂ ਲਈ ਵੀ ਚਿੰਤਾ ਅਗਲਾ ਸਬੱਬ ਬਣ ਜਾਵੇਗਾ, ਇਹ ਗੱਲ ਕਦੀ ਕਿਸੇ ਨੇ ਨਹੀਂ ਸੀ ਸੋਚੀ। ਅਮਰੀਕਾ ਦੀ ਹਕੂਮਤ ਆਪਣੇ ਨਿਊ ਯਾਰਕ ਸ਼ਹਿਰ ਦੇ ਵਰਲਡ ਟਰੇਡ ਸੈਂਟਰ ਦੇ ਦੋ ਟਾਵਰਾਂ ਉੱਤੇ ਜਹਾਜ਼ ਮਾਰੇ ਜਾਣ ਦੀ ਘਟਨਾ ਪਿੱਛੋਂ ਜਦੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਨੂੰ ਕੁੱਟਣ ਲਈ ਨਿਕਲੀ ਤਾਂ ਨਾ ਖੁਦ ਉਸ ਨੂੰ ਪਤਾ ਸੀ ਕਿ ਉਹ ਮੁਸੀਬਤ ਦੇ ਲੰਮੇ ਚੱਕਰ ਵਿੱਚ ਫਸਣ ਲੱਗੀ ਹੈ, ਨਾ ਉਸ ਦੀ ਹਮਾਇਤ ਕਰਨ ਵਾਲਿਆਂ ਨੂੰ ਇਸ ਦਾ ਅਹਿਸਾਸ ਸੀ। ਓਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਹ ਕਹਿਣ ਨੂੰ ਦੇਰ ਨਹੀਂ ਸੀ ਕੀਤੀ ਕਿ ਭਾਰਤ ਦਾ ਬੱਚਾ-ਬੱਚਾ ਇਸ ਜੰਗ ਵਿੱਚ ਅਮਰੀਕੀ ਰਾਸ਼ਟਰਪਤੀ ਜਾਰਜ ਬੁੱਸ਼ ਦੇ ਨਾਲ ਖੜਾ ਹੈ, ਉਹ ਚਾਹੁਣ ਤਾਂ ਸਾਡੇ ਹਵਾਈ ਅੱਡੇ ਵੀ ਵਰਤ ਸਕਦੇ ਹਨ ਅਤੇ ਵਾਜਪਾਈ ਦੀ ਪੇਸ਼ਕਸ਼ ਵਾਂਗ ਬੁੱਸ਼ ਨੇ ਵੀ ਕਾਹਲੀ ਵਿੱਚ ਪਾਕਿਸਤਾਨ ਦੇ ਹਵਾਈ ਅੱਡੇ ਤੇ ਛਾਉਣੀਆਂ ਵਰਤਣ ਦਾ ਮਨਾ ਬਣਾ ਕੇ ਭੁੱਲ ਕੀਤੀ ਸੀ। ਪਾਕਿਸਤਾਨ ਦੀ ਓਦੋਂ ਵਾਲੀ ਸਰਕਾਰ ਵੀ ਅਤੇ ਓਦੋਂ ਬਾਅਦ ਦੀ ਹਰ ਸਰਕਾਰ ਵੀ ਆਪਣੀਆਂ ਛਾਉਣੀਆਂ ਅਤੇ ਹਵਾਈ ਅੱਡੇ ਦੇਣ ਦੇ ਬਹਾਨੇ ਅਮਰੀਕਾ ਨੂੰ ਬੇਵਕੂਫ ਬਣਾ ਕੇ ਨਾਲੇ ਡਾਲਰਾਂ ਦੀਆਂ ਪੰਡਾਂ ਲੈਂਦੀ ਰਹੀ ਤੇ ਨਾਲੇ ਉਨ੍ਹਾਂ ਦੇ ਦੁਸ਼ਮਣ ਤਾਲਿਬਾਨ ਨੂੰ ਲੁਕਾਉਂਦੀ, ਬਚਾਉਂਦੀ ਅਤੇ ਪਾਲਦੀ ਰਹੀ। ਜਦੋਂ ਉਹ ਫਸ ਗਏ ਤਾਂ ਉਨ੍ਹਾਂ ਨੇ ਆਪਣੇ ਕੋਲ ਲੁਕਾਏ ਓਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਅਮਰੀਕਾ ਨੂੰ ਸਹਿਮਤੀ ਦੇ ਦਿੱਤੀ, ਪਰ ਅਮਰੀਕਾ ਦੇ ਦੂਸਰੇ ਸਭ ਤੋਂ ਅਹਿਮ ਦੁਸ਼ਮਣ ਮੁੱਲਾਂ ਉਮਰ ਦਾ ਆਪਣੇ ਫੌਜੀ ਹਸਪਤਾਲ ਵਿੱਚ ਇਲਾਜ ਕਰਾਉਂਦੀ ਰਹੀ ਤੇ ਉਸ ਦੇ ਮਰਨ ਮਗਰੋਂ ਦੋ ਸਾਲ ਅਮਰੀਕਾ ਸਣੇ ਦੁਨੀਆ ਤੋਂ ਉਸ ਦੀ ਮੌਤ ਦੀ ਖਬਰ ਵੀ ਲੁਕਾਈ ਰੱਖੀ। ਇਹੀ ਨਹੀਂ, ਜਦੋਂ ਇੱਕ ਵਾਰੀ ਇਸ ਸਮੱਸਿਆ ਦੇ ਹੱਲ ਲਈ ਅਮਰੀਕਾ ਨੇ ਤਾਲਿਬਾਨ ਦੇ ਇੱਕ ਧੜੇ ਦੇ ਆਗੂ ਮੁੱਲਾਂ ਬਿਰਾਦਰ ਨਾਲ ਗੱਲਬਾਤ ਚਲਾਈ ਤਾਂ ਪਾਕਿਸਤਾਨ ਸਰਕਾਰ ਨੇ ਮੁੱਲਾਂ ਬਿਰਾਦਰ ਨੂੰ ਅਚਾਨਕ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਕੋਸਿ਼ਸ਼ ਫੇਲ੍ਹ ਵੀ ਕਰ ਦਿੱਤੀ ਸੀ। ਅਮਰੀਕਾ ਤੇ ਤਾਲਿਬਾਨ ਦਾ ਤਾਜ਼ਾ ਸਮਝੌਤਾ ਵੀ ਓਦੋਂ ਹੀ ਸਿਰੇ ਚੜ੍ਹ ਸਕਿਆ ਸੀ, ਜਦੋਂ ਇਸ ਦੀ ਵਾਰਤਾ ਦੇ ਸਾਰੇ ਚੱਕਰਾਂ ਵਿੱਚ ਪਾਕਿਸਤਾਨ ਨੂੰ ਸ਼ਾਮਲ ਕੀਤਾ ਗਿਆ ਤੇ ਸਭ ਨੂੰ ਇਹ ਵੀ ਪਤਾ ਹੈ ਕਿ ਇਸ ਵਕਤ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਬਹਾਨੇ ਅਸਲ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਮੋਹਰਿਆਂ ਦਾ ਕਬਜ਼ਾ ਕਰਾਇਆ ਗਿਆ ਹੈ। ਅੱਗੋਂ ਪਾਕਿਸਤਾਨ ਦੀ ਖੇਡ ਖਰਾਬ ਕਰਨ ਵਾਲੀ ਨਵੀਂ ਤਾਕਤ ਅਫਗਾਨਿਸਤਾਨ ਵਿੱਚ ਉੱਠ ਖੜੋਤੀ ਹੈ, ਜਿਸ ਤੋਂ ਅਮਰੀਕਾ ਦੇ ਨਾਲ ਭਾਰਤ ਦੀ ਚਿੰਤਾ ਵੀ ਹੋਰ ਵਧੇਗੀ।
ਬੀਤੀ ਛੱਬੀ ਅਗਸਤ ਦੀ ਸ਼ਾਮ ਨੂੰ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਕੋਲ ਜਦੋਂ ਬੰਬ ਧਮਾਕੇ ਹੋਏ ਅਤੇ ਇੱਕ ਸੌ ਤੋਂ ਵੱਧ ਲੋਕ ਮਾਰੇ ਗਏ ਤਾਂ ਆਪਣਾ ਪੱਲਾ ਸਾਫ ਦੱਸਣ ਦੇ ਲਈ ਪਹਿਲਾ ਬਿਆਨ ਤਾਲਿਬਾਨ ਨੇ ਦਿੱਤਾ ਕਿ ਉਨ੍ਹਾ ਕੁਝ ਨਹੀਂ ਕੀਤਾ। ਕੁਝ ਦੇਰ ਬਾਅਦ ਆਈ ਐੱਸ ਕੇ (ਇਸਲਾਮਿਕ ਸਟੇਟ ਆਫ ਖੁਰਾਸਾਨ) ਦਾ ਬਿਆਨ ਆ ਗਿਆ ਕਿ ਇਹ ਵਾਰਦਾਤ ਉਨ੍ਹਾਂ ਕੀਤੀ ਹੈ ਤਾਂ ਇਸ ਤੋਂ ਕਈ ਕੁਝ ਅਚਾਨਕ ਹੋਰ ਚੇਤੇ ਕਰਨਾ ਪੈ ਗਿਆ। ਦੁਨੀਆ ਇਹ ਜਾਣਦੀ ਹੈ ਕਿ ਓਸਾਮਾ ਬਿਨ ਲਾਦੇਨ ਦੀ ਸ਼ਾਗਿਰਦੀ ਵਿੱਚ ਅੱਤਵਾਦ ਦੀ ਪੜ੍ਹਾਈ ਪੜ੍ਹੇ ਅਬੂ ਬਕਰ ਅਲ ਬਗਦਾਦੀ ਨੇ ਸਾਲ 2014 ਵਿੱਚ ਆਪਣੇ ਆਪ ਨੂੰ ਖਲੀਫਾ ਐਲਾਨਿਆ ਅਤੇ ਇਸਲਾਮਿਕ ਸਟੇਟ ਆਫ ਇਰਾਕ ਅਤੇ ਸੀਰੀਆ (ਆਈ ਐੱਸ ਆਈ ਐੱਸ) ਵਾਲੀ ਫੌਜ ਖੜੀ ਕਰ ਕੇ ਸੰਸਾਰ ਮਹਾਂ-ਸ਼ਕਤੀਆਂ ਨੂੰ ਭਾਜੜਾਂ ਪਾ ਦਿੱਤੀਆਂ ਸਨ। ਜਦੋਂ ਸੰਸਾਰ ਤਾਕਤਾਂ ਨਾਲ ਭੇੜ ਵਿੱਚ ਉਹ ਕਮਜ਼ੋਰ ਪਿਆ ਤਾਂ ਉਸ ਨੇ ਆਪਣੇ ਲੜਾਕੂਆਂ ਨੂੰ ਸਾਰੇ ਸੰਸਾਰ ਵਿੱਚ ਖਿੱਲਰ ਜਾਣ ਨੂੰ ਕਿਹਾ ਸੀ, ਪਰ ਬਹੁਤਾ ਕਰ ਕੇ ਉਸ ਦੀ ਧਾੜ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਵਿੱਚ ਆਣ ਵੜੀ ਸੀ, ਜਿੱਧਰ ਪਹਿਲਾਂ ਤਾਲਿਬਾਨ ਅੱਡੇ ਬਣਾ ਕੇ ਅਮਰੀਕਾ ਵਿਰੁੱਧ ਅਫਗਾਨਿਸਤਾਨ ਦੀ ਲੜਾਈ ਲੜਦੇ ਪਏ ਸਨ। ਦਹਿਸ਼ਤਗਰਦਾਂ ਦੀਆਂ ਇਨ੍ਹਾਂ ਦੋਵਾਂ ਧਿਰਾਂ ਦਾ ਓਥੇ ਆਪਸ ਵਿੱਚ ਸਰਦਾਰੀ ਦਾ ਆਢਾ ਸ਼ੁਰੂ ਹੋ ਗਿਆ, ਜਿਹੜਾ ਅਜੇ ਵੀ ਚੱਲਦਾ ਹੈ ਤੇ ਕਾਬੁਲ ਦੇ ਬੰਬ ਧਮਾਕਿਆਂ ਦੀ ਵਾਰਦਾਤ ਤੀਕਰ ਵੀ ਆਣ ਪੁੱਜਾ ਹੈ। ਏਥੇ ਆ ਕੇ ਤਾਲਿਬਾਨ ਤੇ ਅਮਰੀਕਾ ਦੀ ਸਾਂਝ ਦੇ ਚਰਚੇ ਸੁਣਨ ਲੱਗੇ ਹਨ।
ਜਦੋਂ ਆਈ ਐੱਸ ਆਈ ਐੱਸ ਵਾਲੇ ਇਰਾਕ ਅਤੇ ਸੀਰੀਆ ਤੋਂ ਭੱਜ ਕੇ ਪਾਕਿਸਤਾਨੀ ਖੇਤਰ ਵਿੱਚ ਆ ਕੇ ਟਿਕਣ ਵਿੱਚ ਕਾਮਯਾਬ ਹੋ ਗਏ ਤਾਂ ਉਨ੍ਹਾਂ ਨੇ ਨਵੀਂ ਫੋਰਸ ‘ਆਈ ਐੱਸ ਕੇ’ (ਇਸਲਾਮਿਕ ਸਟੇਟ ਆਫ ਖੁਰਾਸਾਨ) ਬਣਾਈ ਸੀ। ਖੁਰਾਸਾਨ ਇੱਕ ਬਹੁਤ ਲੰਮਾ ਇਲਾਕਾ ਹੈ, ਜਿਸ ਵਿੱਚ ਇਰਾਨ ਦਾ ਉੱਤਰ ਪੂਰਬ ਦਾ ਸਾਰਾ ਖੇਤਰ, ਅਫਗਾਨਿਸਤਾਨ ਦੇ ਹੇਰਾਤ, ਬਲਖ ਅਤੇ ਬੁਖਾਰਾ ਤੋਂ ਕਾਬੁਲ ਦੇ ਅਗਾਂਹ ਹਿੰਦੂਕੁਸ਼ ਪਰਬਤ ਤੱਕ ਅਤੇ ਤੁਰਕਮੇਨਿਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਦਾ ਕੁਝ ਹਿੱਸਾ ਵੀ ਗਿਣਿਆ ਜਾਂਦਾ ਹੈ। ਕਦੀ ਇਰਾਕ ਅਤੇ ਸੀਰੀਆ ਤੋਂ ਬਾਅਦ ਲੇਵਾਂਤ (ਜਿਸ ਵਿੱਚ ਇਰਾਕ ਤੇ ਸੀਰੀਆ ਦੇ ਨਾਲ ਲੇਬਨਾਨ, ਜਾਰਡਨ ਅਤੇ ਇਸਰਾਈਲ ਦੇ ਇਲਾਕੇ ਤੱਕ ਗਿਣੇ ਜਾਂਦੇ ਹਨ) ਵੱਲ ਮਾਰ ਕਰਨ ਦੀ ਸੋਚ ਵਾਲਾ ਆਈ ਐੱਸ ਆਈ ਐੱਸ ਆਪਣੇ ਨਵੇਂ ਰੂਪ ਆਈ ਐੱਸ ਕੇ ਵਾਲੇ ਝੰਡੇ ਹੇਠ ਪੁਰਾਣੇ ਜ਼ਮਾਨੇ ਦੇ ਖੁਰਾਸਾਨ ਉੱਤੇ ਇਸਾਲਾਮੀ ਝੰਡਾ ਝੁਲਾਉਣ ਦੇ ਐਲਾਨ ਕਰਨ ਲੱਗ ਪਿਆ। ਆਈ ਐੱਸ ਦੇ ਖਲੀਫਾ ਅਬੂ ਬਕਰ ਅਲ ਬਗਦਾਦੀ ਦੇ ਬਾਅਦ ਇਸ ਦਾ ਨਵਾਂ ਆਗੂ ਹਾਫਿਜ਼ ਸਈਦ ਖਾਨ ਬਣਿਆ ਸੀ, ਜਿਹੜਾ ਸਾਲ 2015 ਵਿੱਚ ਮਾਰਿਆ ਗਿਆ ਸੁਣਿਆ ਸੀ ਅਤੇ ਉਸ ਤੋਂ ਬਾਅਦ ਇਸ ਗਰੁੱਪ ਦਾ ਸੁਪਰੀਮ ਲੀਡਰ ਅਸਲਮ ਫਾਰੂਕੀ ਦੱਸਿਆ ਜਾਂਦਾ ਹੈ।
ਏਥੋਂ ਆਣ ਕੇ ਇੱਕ ਗੱਲ ਪਿਛਲੇ ਸਾਲ ਮਾਰਚ ਵਿੱਚ ਕਾਬੁਲ ਦੇ ਗੁਰਦੁਆਰਾ ਗੁਰੂ ਹਰ ਰਾਏ ਸਾਹਿਬ ਵਿੱਚ ਹੋਏ ਅੱਤਵਾਦੀ ਹਮਲੇ ਤੇ ਪੰਝੀ ਤੋਂ ਵੱਧ ਸਿੱਖਾਂ ਦੇ ਮਾਰੇ ਜਾਣ ਦੀ ਚੇਤੇ ਆਉਂਦੀ ਹੈ। ਉਹ ਹਮਲਾ ਤਾਲਿਬਾਨ ਦਾ ਨੇੜਲਾ ਮੰਨੇ ਜਾਂਦੇ ਹੱਕਾਨੀ ਨੈੱਟਵਰਕ ਦਾ ਕੰਮ ਸਮਝਿਆ ਗਿਆ ਸੀ, ਪਰ ਪਿੱਛੋਂ ਪਤਾ ਲੱਗਾ ਕਿ ਇਸ ਹਮਲੇ ਦਾ ਮੁੱਖ ਸਾਜਿਸ਼ ਕਰਤਾ ਅਸਲਮ ਫਾਰੂਕੀ ਸੀ, ਜਿਹੜਾ ਕੁਝ ਸਮਾਂ ਬਾਅਦ ਫੜੇ ਜਾਣ ਪਿੱਛੋਂ ਓਦੋਂ ਤੋਂ ਜੇਲ੍ਹ ਵਿੱਚ ਸੀ। ਇਹ ਗੱਲ ਲਗਾਤਾਰ ਸੁਣਨ ਨੂੰ ਮਿਲਦੀ ਰਹੀ ਕਿ ਅਸਲਮ ਫਾਰੂਕੀ ਜੇਲ੍ਹ ਵਿੱਚੋਂ ਵੀ ਆਪਣੇ ਆਈ ਐੱਸ ਕੇ ਗਰੁੱਪ ਨੂੰ ਕਮਾਂਡ ਕਰਦਾ ਤੇ ਭਾਰਤ ਵਿੱਚ ਜੰਮੂ-ਕਸ਼ਮੀਰ ਤੱਕ ਵਾਰਦਾਤਾਂ ਕਰਵਾਉਂਦਾ ਹੈ। ਜਦੋਂ ਪਿਛਲੇ ਦਿਨੀਂ ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਕਬਜ਼ਾ ਕੀਤਾ ਤਾਂ ਕਾਹਲੀ ਵਿੱਚ ਜੇਲ੍ਹਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ, ਪਰ ਇਹ ਚੇਤੇ ਨਹੀਂ ਰੱਖਿਆ ਕਿ ਉਨ੍ਹਾਂ ਦਾ ਕੱਟੜ ਵਿਰੋਧੀ ਅਸਲਮ ਫਾਰੂਕੀ ਵੀ ਨਿਕਲ ਸਕਦਾ ਹੈ। ਤਾਲਿਬਾਨ ਨਾਲ ਸਰਦਾਰੀ ਦੀ ਜੰਗ ਵਿੱਚ ਹਰ ਹੱਦ ਪਾਰ ਕਰਨ ਲਈ ਤਿਆਰ ਸਮਝਿਆ ਜਾਂਦਾ ਅਸਲਮ ਫਾਰੂਕੀ ਜਦੋਂ ਜੇਲ੍ਹ ਤੋਂ ਨਿਕਲਿਆ ਤਾਂ ਅਫਗਾਨਿਸਤਾਨ ਦੀ ਹਕੂਮਤ ਤਾਲਿਬਾਨ ਦੇ ਪੱਕੇ ਪੈਰੀਂ ਸੰਭਾਲਣ ਤੋਂ ਪਹਿਲਾਂ ਕਾਬੁਲ ਏਅਰ ਪੋਰਟ ਦੀ ਵਾਰਦਾਤ ਕਰਵਾ ਕੇ ਤਾਲਿਬਾਨ ਦੇ ਨਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਟੀਮ ਨੂੰ ਸੋਚੀਂ ਪਾ ਦਿੱਤਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਚੱਲ ਨਿਕਲੀ ਹੈ ਕਿ ਅਫਗਾਨਿਸਤਾਨ ਤੋਂ ਫੌਜ ਕੱਢਣ ਦਾ ਰਾਸ਼ਟਰਪਤੀ ਜੋਅ ਬਾਇਡੇਨ ਦਾ ਫੈਸਲਾ ਵੱਡੇ ਖਰਚਿਆਂ ਜਾਂ ਆਪਣੇ ਦੇਸ਼ ਦੇ ਫੌਜੀ ਜਵਾਨਾਂ ਦੀਆਂ ਜਾਨਾਂ ਬਚਾਉਣ ਦੀ ਕਾਹਲੀ ਦੇ ਕਾਰਨ ਨਹੀਂ ਸੀ ਲਿਆ ਗਿਆ, ਅਸਲ ਵਿੱਚ ਅੱਜਕੱਲ੍ਹ ਇੱਕ ਸਾਂਝਾ ਦੁਸ਼ਮਣ ਆਈ ਐੱਸ ਕੇ ਉੱਭਰਦਾ ਵੇਖ ਕੇ ਤਾਲਿਬਾਨ ਅਤੇ ਅਮਰੀਕਾ ਵਿਚਾਲੇ ਅੰਦਰ-ਖਾਤੇ ਗਿੱਟਮਿੱਟ ਹੋਣ ਪਿੱਛੋਂ ਚੁੱਕਿਆ ਗਿਆ ਕਦਮ ਸੀ।
ਅਮਰੀਕਾ ਵੱਲ ਇਸ ਦੌਰਾਨ ਤਾਲਿਬਾਨ ‘ਸਾਫਟ’ (ਨਰਮ) ਹੋ ਗਿਆ ਜਾਂ ਤਾਲਿਬਾਨ ਵੱਲ ਅਮਰੀਕੀ ਹਕੂਮਤ ਦੇ ਆਗੂ ਡੋਨਾਲਡ ਟਰੰਪ ਅਤੇ ਜੋਅ ਬਾਇਡੇਨ ਦੋਬਾਰਾ ਇਰਾਕ ਅਤੇ ਸੀਰੀਆ ਵਰਗੀ ਉਲਝਵੀਂ ਜੰਗ ਵਿੱਚ ਫਸਣ ਦੇ ਡਰ ਕਾਰਨ ਸਾਫਟ ਹੋਏ ਸਨ, ਦੋਵੇਂ ਤਰ੍ਹਾਂ ਇਨ੍ਹਾਂ ਦੋਵਾਂ ਧਿਰਾਂ ਦੀ ਨਰਮੀ ਦੀ ਗੱਲ ਚਰਚਾ ਵਿੱਚ ਹੈ। ਜਿਹੜੇ ਜੋਅ ਬਾਇਡੇਨ ਨੂੰ ਕਾਬੁਲ ਉੱਤੇ ਤਾਲਿਬਾਨ ਦੇ ਕਬਜ਼ੇ ਕਾਰਨ ਹਰ ਪਾਸੇ ਤੋਂ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਸੀ, ਅਚਾਨਕ ਉਸੇ ਬਾਇਡੇਨ ਦੇ ਇਸ ਕਦਮ ਨੂੰ ਇੱਕ ਵੱਡੀ ਜੰਗ ਖੁਦ ਪਾਸੇ ਹੋ ਕੇ ਤਾਲਿਬਾਨ ਤੇ ਉਨ੍ਹਾਂ ਦੇ ਪਿੱਛੇ ਖੜੇ ਪਾਕਿਸਤਾਨ ਦੇ ਗਲ਼ ਪਾ ਦੇਣ ਵਾਲਾ ਆਗੂ ਕਿਹਾ ਜਾਣ ਲੱਗਾ ਹੈ। ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਹੋ ਸਕਦੀ ਹੈ, ਨਹੀਂ ਵੀ, ਪਰ ਇੱਕ ਗੱਲ ਪੱਕੀ ਮੰਨਣ ਵਾਲੀ ਹੈ ਕਿ ਜੋਅ ਬਾਇਡੇਨ ਦੀ ਇਸ ਤਾਲਿਬਾਨੀ ਕਾਰਸਤਾਨੀ ਨੇ ਅਫਗਾਨੀ ਲੋਕਾਂ ਨੂੰ ਹੀ ਨਹੀਂ, ਹਿੰਦੁਸਤਾਨ ਦੇ ਲੋਕਾਂ ਤੇ ਆਗੂਆਂ ਨੂੰ ਵੀ ਚਿਤਵਣੀ ਲਾ ਦਿੱਤੀ ਹੈ। ਅਗਲੇ ਸਾਲ ਏਧਰ ਦੇ ਦੇਸ਼ਾਂ ਲਈ ਫਿਕਰਮੰਦੀ ਵਾਲੇ ਹਨ।

  • ਜਤਿੰਦਰ ਪਨੂੰ

Read More Latest Punjabi Article 2021

Continue Reading

ਲੇਖ

ਪੰਝੱਤਰਵੇਂ ਸਾਲ ਵਿੱਚ ਪਹੁੰਚੇ ਦੇਸ਼ ਦੀ ਆਜ਼ਾਦੀ ਦੀ ਦੇਵੀ ਇਸ ਵਕਤ ਕੀ ਕਰਦੀ ਪਈ ਹੋਵੇਗੀ !-ਜਤਿੰਦਰ ਪਨੂੰ

Published

on

punjabi article

ਭਾਰਤ ਦੀ ਆਜ਼ਾਦੀ ਆਪਣੇ ਚੁਹੱਤਰ ਸਾਲ ਪਾਰ ਕਰ ਕੇ ਪੌਣੀ ਸਦੀ ਵਾਲੇ ਸਾਲ ਵਿੱਚ ਦਾਖਲ ਹੁੰਦੇ ਵਕਤ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਤੇ ਜਵਾਬ ਮੰਗਦੇ ਹਨ। ਏਦਾਂ ਦੇ ਸਵਾਲਾਂ ਦੀ ਗੱਲ ਕਰਨ ਤੋਂ ਪਹਿਲਾਂ ਇਹ ਯਾਦ ਕਰਨ ਦੀ ਲੋੜ ਹੈ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਓਦੋਂ ਕਿੱਦਾਂ ਦੀ ਲੀਡਰਸਿ਼ਪ ਸੀ ਤੇ ਚੁਹੱਤਰ ਸਾਲ ਟੱਪਣ ਵੇਲੇ ਦੇਸ਼ ਦੀ ਵਾਗਡੋਰ ਕਿੱਦਾਂ ਦੇ ਲੋਕਾਂ ਦੇ ਹੱਥਾਂ ਵਿੱਚ ਹੈ! ਓਦੋਂ ਪੰਡਿਤ ਜਵਾਹ ਲਾਲ ਨਹਿਰੂ ਵਰਗੇ ਆਗੂ ਦੀ ਰਾਜਨੀਤੀ ਅਤੇ ਆਮ ਨੀਤੀ ਬਾਰੇ ਜਿਨ੍ਹਾਂ ਲੋਕਾਂ ਦੇ ਲੱਖ ਵਿਰੋਧ ਸਨ, ਉਹ ਵੀ ਉਸ ਦੀ ਅਕਲਮੰਦੀ ਤੇ ਉਸ ਦੀ ਪੜ੍ਹਾਈ ਬਾਰੇ ਕਦੀ ਕਿੰਤੂ ਨਹੀਂ ਸਨ ਕਰਦੇ। ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਪੜ੍ਹਾਈ ਦੇ ਮਾਮਲੇ ਵਿੱਚ ਹੀ ਲੋਕਾਂ ਦੀ ਤਸੱਲੀ ਕਰਾਉਣ ਜੋਗਾ ਨਹੀਂ। ਆਪਣੀ ਪੜ੍ਹਾਈ ਦੀਆਂ ਜਿਹੜੀਆਂ ਡਿਗਰੀਆਂ ਉਹ ਆਪ ਦੱਸਦਾ ਹੈ ਜਾਂ ਉਸ ਦੀ ਪਾਰਟੀ ਦੱਸਦੀ ਹੈ, ਉਨ੍ਹਾਂ ਬਾਰੇ ਕਈ ਕਿੰਤੂ ਉੱਠਦੇ ਹਨ ਤੇ ਤਸੱਲੀ ਕਰਾਉਣ ਜੋਗਾ ਜਵਾਬ ਕਿਤੋਂ ਨਹੀਂ ਮਿਲਦਾ। ਨਹਿਰੂ ਦੀ ਟੀਮ ਵਿੱਚ ਹੋਰ ਲੋਕ ਵੀ ਏਨੇ ਉੱਚੇ ਕਿਰਦਾਰ ਵਾਲੇ ਸਨ ਕਿ ਉਨ੍ਹਾਂ ਦੇ ਬਰਾਬਰ ਦਾ ਕੋਈ ਨਹੀਂ ਸੀ ਲੱਭਦਾ। ਸਰਦਾਰ ਵੱਲਭ ਭਾਈ ਪਟੇਲ ਤੋਂ ਖਵਾਜ਼ਾ ਅਬੁਲ ਕਲਾਮ ਆਜ਼ਾਦ ਤੱਕ ਸਾਰੇ ਉੱਚੀ ਸੋਚ ਵਾਲੇ ਮੰਤਰੀ ਸਨ, ਡਾਕਟਰ ਰਾਜਿੰਦਰ ਪ੍ਰਸਾਦ ਤੇ ਰਾਧਾ ਕ੍ਰਿਸ਼ਨਨ ਵਰਗੇ ਵਿਦਵਾਨ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਹੁੰਦੇ ਸਨ। ਅੱਜਕੱਲ੍ਹ ਬੌਣੇ ਕੱਦ ਵਾਲੇ ਆਗੂ ਇਸ ਡਰ ਹੇਠ ਕਿ ਲੋਕਾਂ ਨੂੰ ਸਾਡਾ ਬੌਣਾਪਣ ਦਿੱਸ ਨਾ ਜਾਵੇ, ਪਹਿਲੇ ਆਗੂਆਂ ਦਾ ਕੱਦ ਛਾਂਗਣ ਰੁੱਝੇ ਹੋਏ ਦਿਖਾਈ ਦੇਂਦੇ ਸਨ।
ਉਸ ਵੇਲੇ ਭਾਰਤ ਦੇ ਲੋਕਾਂ ਨੂੰ ਇੱਕ ਪਾਸੇ ਆਜ਼ਾਦੀ ਮਿਲਣ ਦੀ ਖੁਸ਼ੀ ਸੀ, ਦੂਸਰੇ ਪਾਸੇ ਦੇਸ਼ ਦੀ ਵੰਡ ਹੋਣ ਕਾਰਨ ਆਬਾਦੀ ਦੇ ਤਬਾਦਲੇ ਦੌਰਾਨ ਏਥੋਂ ਜਾਂਦੇ ਅਤੇ ਨਵੇਂ ਬਣੇ ਦੇਸ਼ ਤੋਂ ਏਧਰ ਆਉਂਦੇ ਕਾਫਲਿਆਂ ਵਾਲੇ ਲੋਕਾਂ ਦੇ ਕਤਲੇਆਮ ਦਾ ਦਰਦ ਸਹਿਣਾ ਪੈ ਰਿਹਾ ਸੀ। ਲੋਕ ਖੁਸ਼ੀ ਨਾਲ ਖੀਵੇ ਹੋਣ ਜਾਂ ਦੁੱਖ ਨਾਲ ਧਾਹੀਂ ਮਾਰ ਕੇ ਰੋਣ ਦੀ ਹਾਲਤ ਦੇ ਵਿਚਾਲੇ ਫਸੇ ਹੋਏ ਕਿਹੋ ਜਿਹੇ ਦਿਨ ਗੁਜ਼ਾਰਦੇ ਸਨ, ਅੱਜ ਦੇ ਰਾਜ-ਕਰਤਿਆਂ ਨੂੰ ਅੰਦਾਜ਼ਾ ਨਹੀਂ ਹੋ ਸਕਦਾ। ਹਰ ਸਾਲ ਜਦੋਂ ਦੇਸ਼ ਦੀ ਆਜ਼ਾਦੀ ਦਾ ਦਿਨ ਆਉਂਦਾ ਹੈ, ਓਦੋਂ ਉੱਜੜ ਕੇ ਆਏ ਲੋਕਾਂ ਤੋਂ ਉਨ੍ਹਾਂ ਨਾਲ ਹੋਈ-ਬੀਤੀ ਦੇ ਬਿਰਤਾਂਤ ਸਾਡੇ ਵਰਗੇ ਜਿਹੜੇ ਲੋਕਾਂ ਨੇ ਬਚਪਨ ਵਿੱਚ ਸੁਣੇ ਸਨ, ਉਹ ਉਨ੍ਹਾਂ ਲੋਕਾਂ ਵੱਲੋਂ ਹੰਢਾਈ ਪੀੜ ਵੀ ਯਾਦ ਕਰਦੇ ਹਨ। ਆਪਣਾ ਸਭ ਕੁਝ ਓਥੇ ਛੱਡ ਕੇ ਜਾਂ ਰਾਹਾਂ ਵਿੱਚ ਲੁਟਾਉਣ ਪਿੱਛੋਂ ਕੈਂਪਾਂ ਵਿੱਚ ਆਣ ਬੈਠੇ ਲੋਕ ਗਵਾਚੇ ਮਾਲ ਦਾ ਚੇਤਾ ਘੱਟ ਕਰਦੇ ਤੇ ਆਪਣੇ ਨਾਲ ਰਾਹਾਂ ਵਿੱਚ ਹੋਈ ਕੱਟ-ਵੱਢ ਅਤੇ ਧੀਆਂ-ਭੈਣਾਂ ਖੋਹੀਆਂ ਜਾਣ ਦਾ ਚੇਤਾ ਕਰ ਕੇ ਵੱਧ ਰੋਂਦੇ ਹੁੰਦੇ ਸਨ। ਜਿਹੜੇ ਲੋਕਾਂ ਨੇ ਓਧਰ ਜਾਂਦੇ ਕਾਫਲਿਆਂ ਨੂੰ ਲੁੱਟਿਆ ਜਾਂ ਉਨ੍ਹਾਂ ਦੀਆਂ ਧੀਆਂ-ਭੈਣਾਂ ਉਧਾਲ ਲਈਆਂ ਸਨ, ਉਹ ਮਾਣ ਨਾਲ ਸੀਨਾ ਚੌੜਾ ਕਰ ਕੇ ਆਪਣੀ ਅਖੌਤੀ ਬਹਾਦਰੀ ਦੇ ਕਿੱਸੇ ਸੁਣਾਉਂਦੇ ਹੁੰਦੇ ਸਨ, ਪਰ ਉਨ੍ਹਾਂ ਲੋਕਾਂ ਵੱਲੋਂ ਉਧਾਲੀਆਂ ਹੋਈਆਂ ਔਰਤਾਂ ਨੂੰ ਅਸੀਂ ਕਦੀ ਹੱਸਦੀਆਂ ਜਾਂ ਮੁਸਕੁਰਾਉਂਦੀਆਂ ਨਹੀਂ ਸੀ ਤੱਕਿਆ। ਓਧਰ ਪਾਕਿਸਤਾਨ ਵਿੱਚ ਰਹਿ ਗਈਆਂ ਸਾਡੀਆਂ ਪੱਲੇ ਵੀ ਇਨ੍ਹਾਂ ਵਿਚਾਰੀਆਂ ਵਰਗਾ ਰੋਣਾ ਹੀ ਪਿਆ ਹੋਵੇਗਾ, ਜਿਸ ਦਾ ਚੇਤਾ ਅੱਜ ਕੋਈ ਨਹੀਂ ਕਰਨਾ ਚਾਹੁੰਦਾ।
ਉਹ ਭਾਰਤ ਦਾ ਕੱਲ੍ਹ ਬਣ ਕੇ ਰਹਿ ਗਿਆ ਹੈ, ਬੀਤਿਆ ਹੋਇਆ ਕੱਲ੍ਹ ਦਾ ਸਮਾਂ। ਅੱਜ ਇਸ ਦੇਸ਼ ਵਿੱਚ ਜਿਨ੍ਹਾਂ ਦੇ ਹੱਥਾਂ ਵਿੱਚ ਰਾਜ-ਭਾਗ ਦੀ ਕਮਾਨ ਹੈ, ਉਹ ਉਨ੍ਹਾਂ ਦਿਨਾਂ ਦੀਆਂ ਕਹਾਣੀਆਂ ਸੁਣ ਕੇ ਜਾਂ ਲੋਕਾਂ ਨੂੰ ਚੇਤੇ ਕਰਵਾ ਕੇ ਆਪਣੇ ਉਸ ਨਿਸ਼ਾਨੇ ਤੋਂ ਨਹੀਂ ਭਟਕਣਾ ਚਾਹੁੰਦੇ, ਜਿਹੜਾ ਵੱਖ-ਵੱਖ ਭਾਈਚਾਰਿਆਂ ਦੇ ਪਾਟਣ ਉੱਤੇ ਨਿਰਭਰ ਹੈ। ਜਿਸ ਦਾ ਕਦੇ ਕੋਈ ਆਪਣਾ ਨਹੀਂ ਮਰਿਆ, ਜਿਸ ਨੂੰ ਕਦੀ ਏਦਾਂ ਦੀ ਪੀੜ ਨਹੀਂ ਜਰਨੀ ਪਈ, ਉਸ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਉਸ ਦੀ ਫਿਰਕੇਦਾਰੀ ਭਾਰਤ ਨੂੰ ਮੁੜ-ਮੁੜ ਖੂਨ-ਰੰਗੇ ਦਿਨਾਂ ਵਿੱਚ ਫਸਾ ਰਹੀ ਹੈ। ਉਹ ਇਸ ਦੀ ਥਾਂ ਦੇਸ਼ ਦੇ ਸਿਖਰਲੇ ਤਖਤ ਉੱਤੇ ਕਬਜ਼ਾ ਕਰਨ ਜਾਂ ਕਰ ਲਿਆ ਹੈ ਤਾਂ ਕਾਇਮ ਰੱਖਣ ਬਾਰੇ ਸੋਚੇਗਾ ਤੇ ਉਹ ਇਹ ਵੀ ਜਾਣਦਾ ਹੈ ਕਿ ਰਾਜ ਮਹਿਲ ਉੱਤੇ ਕਬਜ਼ੇ ਕਰਨ ਦੇ ਲਈ ਪੁਰਾਣੇ ਰਾਜਿਆਂ ਵਾਂਗ ਲਾਸ਼ਾਂ ਦੀ ਪੌੜੀ ਵੀ ਬਣਾਉਣੀ ਪਵੇ ਤਾਂ ਇਸ ਨੂੰ ਗਲਤ ਨਹੀਂ ਸਮਝਣਾ ਚਾਹੀਦਾ। ਰਾਜ-ਸੱਤਾ ਅਫਸੋਸ ਨਹੀਂ ਕਰਦੀ ਹੁੰਦੀ ਤੇ ਰਾਜੇ ਅਫਸੋਸ ਨਹੀਂ ਕਰਦੇ ਹੁੰਦੇ। ਅਫਸੋਸ ਕਰਨ ਲੱਗਣ ਤਾਂ ਰਾਜ-ਕਰਤਿਆਂ ਦੀ ਹਾਲਤ ਉਸ ਮੁਹਾਵਰੇ ਵਰਗੀ ਹੋਵੇਗੀ ਕਿ ‘ਘੋੜਾ ਘਾਹ ਨਾਲ ਯਾਰੀ ਪਾ ਲਵੇ ਤਾਂ ਖਾਵੇਗਾ ਕੀ?’ ਲੋਕਾਂ ਦਾ ਦਰਦ ਮਹਿਸੂਸ ਕਰਨ ਤਾਂ ਮਹਿਲਾਂ ਦੀਆਂ ਪੌੜੀਆਂ ਕਿਵੇਂ ਚੜ੍ਹਨਗੇ ਲੋਕਤੰਤਰ ਦੇ ਰਾਜੇ?
ਇੱਕ ਬੜਾ ਮਾਣ-ਮੱਤਾ ਸ਼ਾਇਰ ਹੁੰਦਾ ਸੀ ਬਿਸਮਿਲ ਫਰੀਦਕੋਟੀ, ਜਿਹੜਾ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਵੀ ਆਪਣੇ ਦੇਸ਼ ਅਤੇ ਇਸ ਦੇਸ਼ ਦੇ ਲੋਕਾਂ ਲਈ ਲਿਖਿਆ ਕਰਦਾ ਸੀ। ਜਦੋਂ ਦੇਸ਼ ਦੀ ਆਜ਼ਾਦੀ ਕੁਰਾਹੇ ਪੈਣ ਲੱਗੀ ਅਤੇ ਮਸਾਂ ਕੱਢੇ ਵਿਦੇਸ਼ੀ ਹਾਕਮਾਂ ਦੇ ਬਾਟੀ-ਚੱਟ ਇਸ ਰਾਜ ਵਿੱਚ ਆਗੂ ਬਣਨੇ ਸ਼ੁਰੂ ਹੋ ਗਏ ਤਾਂ ਬਿਸਮਿਲ ਫਰੀਦਕੋਟੀ ਨੇ ਇਸ ਦਾ ਦਰਦ ਮਹਿਸੂਸ ਕੀਤਾ ਅਤੇ ਫਿਰ ਉਸ ਦਰਦ ਨੂੰ ਇਸ ਤਰ੍ਹਾਂ ਬਿਆਨਿਆ ਸੀ:
ਅੰਨ੍ਹੇ ਦਿਆਂ ਨੈਣਾਂ ਵਿੱਚ ਖੁਮਾਰ ਆਇਆ ਏ!
ਗੰਜੀ ਨੂੰ ਵੀ ਕੰਘੀ ਤੇ ਪਿਆਰ ਆਇਆ ਏ! ਵੇਚੇ ਸੀ ਜਿਨ੍ਹਾਂ ਆਪਣੇ ਸ਼ਹੀਦਾਂ ਦੇ ਖੱਫਣ, ਉਨ੍ਹਾਂ ਦਾ ਵਜ਼ੀਰਾਂਚ ਸ਼ੁਮਾਰ ਆਇਆ ਏ!
ਅੱਜ ਜਦੋਂ ਭਾਰਤ ਦੀ ਆਜ਼ਾਦੀ ਚੁਹੱਤਰ ਸਾਲ ਹੰਢਾ ਕੇ ਪੰਝੱਤਰਵੇਂ ਸਾਲ ਵਿੱਚ ਦਾਖਲ ਹੋਈ ਹੈ, ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਨ੍ਹਾਂ ਨੇ ਇਸ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਸਨ। ਜਿਨ੍ਹਾਂ ਨੇ ਅੰਗਰੇਜ਼ ਹਾਕਮਾਂ ਦੇ ਟੋਡੀ ਬਣ ਕੇ ਦੇਸ਼ਭਗਤਾਂ ਦੇ ਖਿਲਾਫ ਗਵਾਹੀਆਂ ਦਿੱਤੀਆਂ ਸਨ, ਉਹ ਵੀ ਦੇਸ਼ ਦੇ ਆਗੂ ਬਣ ਕੇ ਰਾਜ ਕਰਦੇ ਤੇ ਨਾਲ ਦੀ ਨਾਲ ਆਪਣੀ ਉਸ ਕੁਰਬਾਨੀ ਦੀਆਂ ਕਹਾਣੀਆਂ ਪਾਉਂਦੇ ਹਨ, ਜਿਹੜੀ ਕਦੇ ਕੀਤੀ ਹੀ ਨਹੀਂ ਸੀ। ਅਸੀਂ ਸੁਣਿਆ ਸੀ ਕਿ ਇਤਹਾਸ ਬੜਾ ਬੇਰਹਿਮ ਹੁੰਦਾ ਹੈ ਅਤੇ ਉਹ ਹਰ ਕੱਚੇ-ਪਿੱਲੇ ਦਾ ਨਿਬੇੜਾ ਕਰ ਸਕਦਾ ਹੈ, ਪਰ ਸਾਡੇ ਸਮਿਆਂ ਵਿੱਚ ਇਤਹਾਸ ਵੀ ਆਪਣੀ ਮਰਜ਼ੀ ਦਾ ਇਹੋ ਜਿਹਾ ਲਿਖਵਾਇਆ ਅਤੇ ਪੜ੍ਹਾਇਆ ਜਾਣ ਲੱਗਾ ਹੈ, ਜਿਸ ਦਾ ਸਿਰ-ਪੈਰ ਕੋਈ ਨਹੀਂ ਲੱਭਦਾ। ਅਲਿਫ-ਲੈਲਾ ਦੇ ਕਿੱਸਿਆਂ ਵਰਗੀਆਂ ਮਨੋ-ਕਲਪਿਤ ਜਾਂ ਪੁਰਾਣੇ ਗ੍ਰੰਥਾਂ ਵਿਚਲੀਆਂ ਕਹਾਣੀਆਂ ਲੱਭ-ਲੱਭ ਕੇ ਪੜ੍ਹਾਈਆਂ ਜਾ ਰਹੀਆਂ ਹਨ। ਦੇਸ਼ ਦੀ ਆਜ਼ਾਦੀ ਦਾ ਟੀਚਾ ਹਾਸਲ ਕਰਨ ਪਿੱਛੋਂ ਸੰਵਿਧਾਨ ਦੀ ਜਿਹੜੀ ਪਹਿਲੀ ਲਿਖਤ ਪ੍ਰਵਾਨ ਕੀਤੀ ਗਈ, ਉਸ ਵਿੱਚ ਕਿਹਾ ਗਿਆ ਸੀ ਕਿ ਇਸ ਦੇਸ਼ ਦੇ ਲੋਕਾਂ ਦੀ ਵਿਗਿਆਨ ਦੇ ਪੱਖੋਂ ਨਿੱੱਗਰ ਸੋਚ ਵਿਕਸਤ ਕਰਨ ਲਈ ਸਰਕਾਰ ਯਤਨ ਕਰੇਗੀ। ਅੱਜ ਦੀ ਸਰਕਾਰ ਦੇ ਵਕਤ ਖੁਦ ਪ੍ਰਧਾਨ ਮੰਤਰੀ ਦੇ ਚੋਣ ਹਲਕੇ ਵਿੱਚੋਂ ਇਹ ਖਬਰ ਸੁਣੀ ਜਾ ਚੁੱਕੀ ਹੈ ਕਿ ਓਥੇ ਭੂਤ-ਵਿਦਿਆ ਦੀ ਡਿਗਰੀ ਕਰਵਾਉਣ ਲਈ ਇੱਕ ਕਾਲਜ ਦੇ ਵਿੱਚ ਕੋਰਸ ਸ਼ੁਰੂ ਕੀਤਾ ਜਾਣ ਵਾਲਾ ਹੈ। ਇੱਕੀਵੀਂ ਸਦੀ ਦੇ ਭਾਰਤ ਵਿੱਚ ਲੋਕਾਂ ਨੂੰ ਭੂਤ-ਪ੍ਰੇਤ ਦੀ ਪੜ੍ਹਾਈ ਕਰਾਉਣ ਦਾ ਕੰਮ ਕੀਤਾ ਜਾਵੇਗਾ ਅਤੇ ਭਗਤ ਸਿੰਘ ਤੇ ਸੁਭਾਸ਼ ਚੰਦਰ ਬੋਸ ਤੋਂ ਲੈ ਕੇ ਗਦਰ ਪਾਰਟੀ ਤੱਕ ਵਾਲੇ ਮਹਾਨ ਬਾਬਿਆਂ ਦੀ ਜਿ਼ੰਦਗੀ ਬਾਰੇ ਦੱਸਣ ਦੀ ਥਾਂ ਉਨ੍ਹਾਂ ਲੋਕਾਂ ਦੀ ਤੜਕੇ ਲਾ ਕੇ ਸਵਾਦੀ ਬਣਾਈ ਜੀਵਨੀ ਪੜ੍ਹਾਈ ਜਾਵੇਗੀ, ਜਿਹੜੇ ਅੰਗਰੇਜ਼ੀ ਹਾਕਮਾਂ ਦੇ ਕਾਰਿੰਦੇ ਬਣ-ਬਣ ਕੇ ਆਜ਼ਾਦੀ ਦੀ ਲਹਿਰ ਨੂੰ ਢਾਹ ਲਾਉਣ ਦਾ ਕੰਮ ਕਰਦੇ ਰਹੇ ਸਨ। ਏਦਾਂ ਦੇ ਹਾਲਾਤ ਵਿਚ ਆਜ਼ਾਦੀ ਦੀ ਦੇਵੀ ਜੇ ਇਸ ਦੇਸ਼ ਦੀ ਕਿਸੇ ਨੁੱਕਰ ਵਿੱਚ ਛੁਪੀ ਬੈਠੀ ਹੋਈ ਤਾਂ ਗੋਡਿਆਂ ਵਿੱਚ ਸਿਰ ਦੇ ਕੇ ਹਾਉਕੇ ਲੈਂਦੀ ਹੋਵੇਗੀ। ਹੋਰ ਉਹ ਕਰੇਗੀ ਵੀ ਕੀ, ਜਿਹੜੀ ਨੇਕ ਇੱਛਾ ਨਾਲ ਉਹ ਇਸ ਦੇਸ਼ ਵਿੱਚ ਆਈ ਸੀ, ਉਹ ਇੱਛਾ ਵਾਹਗੇ ਦੀ ਲਕੀਰ ਦੇ ਓਧਰ ਤੇ ਏਧਰ ਲੋਕਾਂ ਦੇ ਤਬਾਦਲੇ ਨੇ ਸ਼ੁਰੂ ਵਿੱਚ ਹੀ ਵਲੂੰਧਰ ਦਿੱਤੀ ਸੀ। ਉਸ ਦੇ ਬਾਅਦ ਜਦੋਂ ਕਦੇ ਜ਼ਖਮਾਂ ਉੱਤੇ ਸਿੱਕੜ ਆਉਣ ਦੀ ਆਸ ਹੁੰਦੀ ਹੈ, ਰਹਿੰਦੀ ਕਸਰ ਕੱਢਣ ਵਾਸਤੇ ਓਦੋਂ ਵਾਲੇ ਕਾਤਲਾਂ ਦੀ ਨਵੀਂ ਪੀੜ੍ਹੀ ਛਵ੍ਹੀਆਂ-ਗੰਡਾਸਿਆਂ ਦੀ ਥਾਂ ਅਜੋਕੇ ਫਿਰਕੂ ਰੂਪ ਵਿੱਚ ਇਹੋ ਜਿਹੇ ਲਲਕਾਰੇ ਮਾਰਦੀ ਸੁਣਦੀ ਹੈ ਕਿ ਆਜ਼ਾਦੀ ਦੀ ਦੇਵੀ ਫਿਰ ਸਹਿਮ ਜਾਂਦੀ ਹੈ।

Read More Latest Punjabi Article 2021

Continue Reading

ਲੇਖ

ਠੇਡਾ ਵੀ ਲੱਗ ਸਕਦਾ ਹੈ ਦੇਸ਼-ਭਗਤੀ ਦਾ ਸਾਰਾ ਠੇਕਾ ਲੈ ਕੇ ਚੱਲ ਰਹੀ ਭਾਜਪਾ-ਜਤਿੰਦਰ ਪਨੂੰ

Published

on

punjabi article

ਰਾਸ਼ਟਰੀ ਸੋਇਮਸੇਵਕ ਸੰਘ ਵੱਲੋਂ ਪਿੱਛੇ ਬੈਠ ਕੇ ਭਾਜਪਾ ਆਗੂ ਨਰਿੰਦਰ ਮੋਦੀ ਰਾਹੀਂ ਚਲਾਈ ਜਾਂਦੀ ਭਾਰਤ ਦੀ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਖੇਡ ਐਵਾਰਡ ਦਾ ਨਾਂਅ ਬਦਲ ਕੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦੀ ਥਾਂ ‘ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ’ ਕਰ ਦਿੱਤਾ ਹੈ। ਇਸ ਦੀ ਹਮਾਇਤ ਅਤੇ ਵਿਰੋਧ ਦੀਆਂ ਦਲੀਲਾਂ ਦੇਣ ਵਾਲਿਆਂ ਦੀ ਲੜੀ ਬਹੁਤ ਲੰਮੀ ਜਾਪਦੀ ਹੈ। ਬਹੁਤਾ ਕਰ ਕੇ ਦੋਵੇਂ ਧਿਰਾਂ ਦੇ ਲੋਕ ਇੱਕ ਜਾਂ ਦੂਸਰੀ ਰਾਜਨੀਤੀ ਨਾਲ ਜੋੜ ਕੇ ਇਸ ਖੇਡ ਐਵਾਰਡ ਦਾ ਮੁੱਦਾ ਚੁੱਕ ਰਹੇ ਹਨ। ਸੱਚਾਈ ਇਹ ਹੈ ਕਿ ਜਦੋਂ ਕਾਂਗਰਸ ਦੀ ਚੜ੍ਹਤ ਸੀ, ਉਨ੍ਹਾਂ ਨੇ ਨਹਿਰੂ-ਗਾਂਧੀ ਪਰਵਾਰ ਦੀ ਚਾਪਲੂਸੀ ਵਿੱਚ ਸਿਖਰ ਛੋਹ ਰੱਖਿਆ ਸੀ ਤੇ ਲਗਭਗ ਹਰ ਨਵੀਂ ਗੱਲ ਨਾਲ ਉਸੇ ਟੱਬਰ ਦਾ ਨਾਂਅ ਜੋੜਨਾ ਜ਼ਰੂਰੀ ਹੋ ਗਿਆ ਸੀ। ਓਦੋਂ ਦੀਆਂ ਉਸ ਇੱਕੋ ਪਰਵਾਰ ਨਾਲ ਜੋੜੀਆਂ ਥਾਂਵਾਂ ਵਿੱਚੋਂ ਕਿਸੇ ਇੱਕ ਦਾ ਨਾਂਅ ਬਦਲ ਕੇ ਨਰਿੰਦਰ ਮੋਦੀ ਨੇ ਝਟਕਾ ਦਿੱਤਾ ਹੈ ਤਾਂ ਕਈ ਲੋਕ ਖੁਸ਼ ਹਨ। ਉਂਜ ਹਾਕੀ ਖਿਡਾਰੀ ਧਿਆਨ ਚੰਦ ਦਾ ਸਤਿਕਾਰ ਕਰਨਾ ਸੀ ਤੇ ਕਰਨਾ ਵੀ ਬਣਦਾ ਸੀ ਤਾਂ ਇਸ ਤੋਂ ਵੱਡਾ ਨਵਾਂ ਐਵਾਰਡ ਉਸ ਦੇ ਨਾਂਅ ਨਾਲ ਚਾਲੂ ਕਰ ਕੇ ਕੀਤਾ ਜਾ ਸਕਦਾ ਸੀ, ਰਾਜੀਵ ਦਾ ਨਾਂਅ ਕੱਟ ਕੇ ਉਸ ਦਾ ਨਾਂਅ ਲਿਖਣਾ ਸਾਫ ਦੱਸਦਾ ਹੈ ਕਿ ਇਰਾਦਾ ਧਿਆਨ ਚੰਦ ਦਾ ਸਨਮਾਨ ਕਰਨ ਦਾ ਘੱਟ ਤੇ ਨਹਿਰੂ-ਗਾਂਧੀ ਪਰਵਾਰ ਦਾ ਅਪਮਾਨ ਕਰਨ ਦਾ ਵੱਧ ਸੀ ਤੇ ਕਰ ਦਿੱਤਾ ਹੈ। ਕੁਝ ਲੋਕ ਇਹ ਕਹਿ ਰਹੇ ਹਨ ਕਿ ਜੇ ਰਾਜੀਵ ਗਾਂਧੀ ਦਾ ਨਾਂਅ ਖੇਡ ਐਵਾਰਡ ਨਾਲ ਲਾਉਣਾ ਗਲਤ ਸੀ ਤਾਂ ਜਿਉਂਦੇ-ਜਾਗਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਸੰਸਾਰ ਭਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨਾਲੋਂ ਅਤੇ ਮਰਹੂਮ ਭਾਜਪਾ ਨੇਤਾ ਅਰੁਣ ਜੇਤਲੀ ਦਾ ਨਾਂਅ ਦਿੱਲੀ ਵਿਚਲੇ ਕ੍ਰਿਕਟ ਸਟੇਡੀਅਮ ਨਾਲੋਂ ਵੀ ਕੱਟ ਦੇਣਾ ਚਾਹੀਦਾ ਹੈ। ਭਾਜਪਾ ਲੀਡਰ ਇਸ ਦੇ ਲਈ ਕਦੀ ਨਹੀਂ ਮੰਨ ਸਕਦੇ।
ਨਰਿੰਦਰ ਮੋਦੀ ਤੇ ਉਸ ਦੇ ਪਿੱਛੇ ਖੜੀ ਢਾਣੀ ਇਹ ਮੰਨ ਕੇ ਚੱਲਦੀ ਹੈ ਕਿ ਜਦੋਂ ਤੱਕ ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਦਾ ਨਾਂਅ ਲੋਕਾਂ ਦੇ ਮਨਾਂ ਤੋਂ ਕੱਢਿਆ ਨਹੀਂ ਜਾਂਦਾ, ਰਾਜਨੀਤਕ ਪੱਖੋਂ ‘ਕਾਂਗਰਸ ਮੁਕਤ ਭਾਰਤ’ ਬਣਾਉਣ ਦੀ ਸੋਚ ਸਿਰੇ ਨਹੀਂ ਚੜ੍ਹ ਸਕਦੀ। ਇਸ ਧਾਰਨਾ ਨੂੰ ਸਿਰੇ ਚੜ੍ਹਾਉਣ ਲਈ ਉਹ ਹੌਲੀ-ਹੌਲੀ ਕਾਂਗਰਸੀ ਨੁਸਖਾ ਅਪਣਾਉਣ ਤੇ ਕਾਂਗਰਸੀ ਆਗੂਆਂ ਦੀ ਥਾਂ ਓਸੇ ਤਰ੍ਹਾਂ ਹਰ ਪਾਸੇ ਆਪਣੇ ਮੌਜੂਦਾ ਅਤੇ ਮਰਹੂਮ ਨੇਤਾਵਾਂ ਦੇ ਨਾਂਅ ਲਿਖਣ ਦੇ ਰਾਹ ਪੈ ਚੁੱਕੇ ਹਨ। ਇਹ ਕੰਮ ਮੱਠੀ ਚਾਲੇ ਹੋ ਰਿਹਾ ਹੈ ਅਤੇ ਹੁੰਦਾ ਰਹਿਣਾ ਹੈ। ਦੇਸ਼ ਦੇ ਲੋਕਾਂ ਨੂੰ ਨਾ ਹਰ ਪਾਸੇ ਕਾਂਗਰਸੀਆਂ ਦੇ ਮੋਹਰੀ ਪਰਵਾਰ ਦੇ ਨਾਂਅ ਲਿਖੇ ਚੁਭਦੇ ਸਨ ਤੇ ਨਾ ਭਾਜਪਾ ਵਾਲਿਆਂ ਦੇ ਨਾਂਅ ਕੋਈ ਗਹੁ ਨਾਲ ਪੜ੍ਹਦਾ ਹੈ, ਆਮ ਲੋਕਾਂ ਕੋਲ ਏਦਾਂ ਦੀਆਂ ਗੱਲਾਂ ਬਾਰੇ ਸੋਚਣ ਦਾ ਵਕਤ ਹੀ ਨਹੀਂ ਹੁੰਦਾ, ਕਿਉਂਕਿ ਦੋ ਡੰਗ ਦੀ ਰੋਟੀ ਦੀ ਚਿੰਤਾ ਕਾਂਗਰਸੀ ਰਾਜ ਦੇ ਵਕਤ ਵੀ ਖਹਿੜਾ ਨਹੀਂ ਸੀ ਛੱਡਦੀ ਤੇ ਭਾਜਪਾ ਰਾਜ ਵਿੱਚ ਵੀ ਨਹੀਂ ਛੱਡਦੀ। ‘ਪੇਟ ਨਾ ਪਈਆਂ ਰੋਟੀਆਂ, ਸੱਭੋ ਗੱਲਾਂ ਖੋਟੀਆਂ’ ਦੇ ਮੁਹਾਵਰੇ ਵਾਂਗ ਆਮ ਆਦਮੀ ਲਈ ਰਾਜਨੀਤੀ ਦੀਆਂ ਇਨ੍ਹਾਂ ਤਿਕੜਮਾਂ ਬਾਰੇ ਸੋਚਣ ਦਾ ਕੀ, ਬੀਤੇ ਤਜਰਬੇ ਵਿੱਚ ਝਾਕਣ ਦਾ ਵੀ ਵਕਤ ਨਹੀਂ ਹੁੰਦਾ, ਵਰਨਾ ਮੌਕੇ ਦੀਆਂ ਸਰਕਾਰਾਂ ਦੇ ਕਿਰਦਾਰ ਬਾਰੇ ਵੀ ਸੌਖਾ ਸਮਝ ਸਕਦੇ।
ਅੱਜ ਜਿਸ ਪੜਾਅ ਵਿੱਚੋਂ ਭਾਰਤ ਲੰਘ ਰਿਹਾ ਹੈ, ਓਥੇ ਦੇਸ਼-ਭਗਤੀ ਦਾ ਸਭ ਤੋਂ ਵੱਡਾ ਸਰਟੀਫਿਕੇਟ ਭਾਜਪਾ ਜਾਂ ਆਰ ਐੱਸ ਐੱਸ ਨਾਲ ਜੁੜਿਆ ਹੋਣਾ ਮੰਨਿਆ ਜਾਂਦਾ ਹੈ। ਉਹ ਦੇਸ਼ ਦੀ ਆਜ਼ਾਦੀ ਦੀ ਲਹਿਰ ਬਾਰੇ ਵੀ ਓਦੋਂ ਦੇ ਸ਼ਹੀਦਾਂ ਤੇ ਸੰਗਰਾਮੀਆਂ ਨੂੰ ਆਪਣੀ ਸੋਚ ਦੇ ਚੌਖਟੇ ਵਿੱਚ ਫਿੱਟ ਕਰਨ ਦਾ ਯਤਨ ਕਰਦੇ ਹਨ ਤੇ ਜਿਹੜੇ ਫਿੱਟ ਨਾ ਆਉਂਦੇ ਹੋਣ, ਉਨ੍ਹਾਂ ਦੇ ਖਿਲਾਫ ਭੰਡੀ-ਪ੍ਰਚਾਰ ਸ਼ੁਰੂ ਕਰ ਸਕਦੇ ਹਨ। ਸਰਕਾਰੀ ਸਰਪ੍ਰਸਤੀ ਹੋਣ ਕਾਰਨ ਭਾਜਪਾ ਦੀ ਹਰ ਗੱਲ ਜਾਇਜ਼ ਠਹਿਰਾਉਣ ਵਾਲਿਆਂ ਨੂੰ ਕੋਈ ਇਹ ਵੀ ਯਾਦ ਨਹੀਂ ਕਰਾਉਂਦਾ ਕਿ ਦੇਸ਼ ਨੂੰ ਆਜ਼ਾਦੀ ਮਿਲਣ ਵੇਲੇ ਆਰ ਐੱਸ ਐੱਸ ਨੇ ਉਸ ਤਿਰੰਗੇ ਝੰਡੇ ਨੂੰ ਸਨਮਾਨ ਨਾ ਦੇਣ ਦਾ ਸੱਦਾ ਦਿੱਤਾ ਸੀ, ਜਿਸ ਤਿਰੰਗੇ ਨੂੰ ਅੱਜ ਉਹੋ ਲੋਕ ਸਭ ਤੋਂ ਵੱਧ ਉੱਚਾ ਚੁੱਕਣ ਦੀਆਂ ਗੱਲਾਂ ਕਰਦੇ ਹਨ। ਸੰਘ ਪਰਵਾਰ ਦਾ ਬੁਲਾਰਾ ਅੰਗਰੇਜ਼ੀ ਮੈਗਜ਼ੀਨ ‘ਆਰਗੇਨਾਈਜ਼ਰ’ ਆਜ਼ਾਦੀ ਮਿਲਣ ਦੇ ਸਾਲ 1947 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦੇ 17 ਜੁਲਾਈ 1947 ਨੂੰ ਛਪੇ ਤੀਸਰੇ ਅੰਕ ਵਿੱਚ ਸੰਪਾਦਕੀ ਲੇਖ ਵਿੱਚ ਹੀ ਤਿਰੰਗੇ ਝੰਡੇ ਨੂੰ ਮਾਨਤਾ ਦੇਣ ਦਾ ਤਿੱਖਾ ਵਿਰੋਧ ਕਰਦੇ ਹੋਏ ਲਿਖ ਦਿੱਤਾ ਗਿਆ ਸੀ ਕਿ ਸਮਾਂ ਆਵੇਗਾ, ਜਦੋਂ ਇਸ ਦੇਸ਼ ਵਿੱਚ ਤਿਰੰਗਾ ਨਹੀਂ, ਸਿਰਫ ਭਗਵਾ ਝੰਡਾ ਲਹਿਰਾਇਆ ਕਰੇਗਾ। ਉਸ ਤੋਂ ਬਾਅਦ ਕਈ ਸਾਲਾਂ ਤੱਕ ਇਸ ਸੰਗਠਨ ਨੇ ਆਪਣੇ ਨਾਗਪੁਰ ਵਾਲੇ ਮੁੱਖ ਦਫਤਰ ਉੱਤੇ ਤਿਰੰਗਾ ਝੰਡਾ ਨਹੀਂ ਸੀ ਲਾਇਆ, ਪਰ ਭਾਰਤ ਉੱਤੇ ਰਾਜ ਕਰਨ ਦਾ ਸੁਫਨਾ ਸਿਰੇ ਚੜ੍ਹਾਉਣ ਲਈ ਇੱਕ ਮਜੂਬੂਰੀ ਵਿੱਚ ਲਾਇਆ ਜਾਣ ਲੱਗਾ ਹੈ। ਆਜ਼ਾਦੀ ਮਿਲਣ ਵੇਲੇ ਆਰ ਐੱਸ ਐੱਸ ਦੇ ਓਦੋਂ ਦੇ ਮੁਖੀ ਗੋਲਵਾਲਕਰ ਨੇ ਆਖਿਆ ਸੀ ਕਿ ਕੁਦਰਤ ਦੀ ਕਿੱਕ ਨਾਲ ਸੱਤਾ ਵਿੱਚ ਆਏ ਆਗੂ ਸਾਡੇ ਹੱਥ ਤਿਰੰਗਾ ਫੜਾ ਸਕਦੇ ਹਨ, ਪਰ ਇਹ ਝੰਡਾ ਕਦੇ ਵੀ ਹਿੰਦੂਆਂ ਵੱਲੋਂ ਨਾ ਸਤਿਕਾਰਿਆ ਜਾਵੇਗਾ ਅਤੇ ਨਾ ਅਪਣਾਇਆ ਜਾਵੇਗਾ। ਇਸ ਤੋਂ ਅੱਗੇ ਵਧ ਕੇ ਇਹ ਵੀ ਲਿਖਿਆ ਗਿਆ ਕਿ ਤਿੰਨ ਦਾ ਨੰਬਰ ਹੀ ਆਪਣੇ ਆਪ ਵਿੱਚ ਬੁਰਾਈ ਹੈ ਅਤੇ ਇਹ ਤਿੰਨ ਰੰਗਾਂ ਵਾਲਾ ਝੰਡਾ ਦੇਸ਼ ਦੀ ਮਾਨਸਕਿਤਾ ਉੱਤੇ ਬੁਰਾ ਅਸਰ ਪਾਵੇਗਾ ਅਤੇ ਉਸ ਨੂੰ ਜ਼ਖਮੀ ਕਰੇਗਾ।
ਸਾਨੂੰ ਇਹ ਗੱਲ ਪਤਾ ਹੈ ਕਿ ਰਾਜ-ਸੁਖ ਦੀ ਭੁੱਖ ਦੀਆਂ ਸਤਾਈਆਂ ਕੁਝ ਧਿਰਾਂ ਦੀ ਮਦਦ ਨਾਲ ਗੱਠਜੋੜ ਬਣਾ ਕੇ ਦੇਸ਼ ਦੀ ਵਾਗ ਇੱਕ ਵਾਰ ਸਾਂਭ ਚੁੱਕੀ ਭਾਜਪਾ ਕੋਲ ਇਸ ਵੇਲੇ ਏਨੀ ਤਾਕਤ ਹੈ ਕਿ ਜੋ ਮਰਜ਼ੀ ਭੰਨਤੋੜ ਕਰੀ ਜਾਵੇ, ਕੋਈ ਰੋਕ ਸਕਣ ਵਾਲੀ ਤਾਕਤ ਸਾਹਮਣੇ ਨਹੀਂ ਦਿੱਸਦੀ, ਪਰ ਹਾਲਾਤ ਸਦਾ ਇੱਕੋ ਰਹਿਣ ਦੀ ਗਾਰੰਟੀ ਨਹੀਂ ਹੁੰਦੀ। ਨਰਿੰਦਰ ਮੋਦੀ ਦੀ ਅਗਵਾਈ ਹੇਠ ਜਿਹੜੀ ਮੁਹਿੰਮ ਇਸ ਵਕਤ ਚੱਲ ਰਹੀ ਹੈ, ਉਹ ਆਪਣੇ ਵਿਰੋਧ ਦੀਆਂ ਧਿਰਾਂ ਖੁਦ ਪੈਦਾ ਕਰਨ ਤੱਕ ਜਾ ਸਕਦੀ ਹੈ। ਘੱਟ-ਗਿਣਤੀਆਂ ਨੂੰ ਸਤਾਉਣ ਅਤੇ ਪੁਰਾਣੇ ਪ੍ਰਤੀਕਾਂ ਨੰ ਢਾਹੁਣ ਨਾਲ ਜਿੱਦਾਂ ਦੇ ਹਾਲਾਤ ਬਣ ਸਕਦੇ ਹਨ, ਭਾਜਪਾ ਲੀਡਰਸਿ਼ਪ ਉਨ੍ਹਾਂ ਬਾਰੇ ਨਹੀਂ ਸੋਚ ਰਹੀ। ਸ਼ਾਇਦ ਉਹ ਸੋਚਣਾ ਵੀ ਨਹੀਂ ਚਾਹੁੰਦੀ। ਉਹ ਲੋਕ ਥੋੜ੍ਹੇ ਨਹੀਂ, ਜਿਹੜੇ ਹਰ ਤਰ੍ਹਾਂ ਦੇ ਹਾਲਾਤ ਵਿੱਚ ਵਿਰੋਧ ਕਰਨ ਦੀ ਹਿੰਮਤ ਕਰ ਸਕਦੇ ਹਨ ਤੇ ਜਦੋਂ ਏਦਾਂ ਦੀ ਹਿੰਮਤ ਦਾ ਕੋਈ ਠੋਸ ਮੁੱਢ ਇੱਕ ਵਾਰੀ ਬੱਝ ਗਿਆ, ਫਿਰ ਰੇਤ ਦੀ ਬੋਰੀ ਵਾਂਗ ਹੀ ਕੇਰਾ ਲੱਗਦਾ ਹੁੰਦਾ ਹੈ ਤੇ ਰੁਕਦਾ ਨਹੀਂ ਹੁੰਦਾ।

Read More Latest Punjabi Article 2021

Continue Reading

ਰੁਝਾਨ


Copyright by IK Soch News powered by InstantWebsites.ca