ਜਲੰਧਰ, 9 ਫਰਵਰੀ – ਆਪਣੇ ਵਿਆਹ ਦੇ ਲਈ ਕੱਪੜਾ ਵਪਾਰੀ ਲਾੜੇ ਨੇ ਚਾਲੀ ਤੋਲੇ ਸੋਨੇ ਦੇ ਗਹਿਣੇ ਖਰੀਦ ਕੇ ਸੁਨਿਆਰੇ ਨੂੰ ਪੰਜ ਚੈਕ ਦਿੱਤੇ, ਪਰ ਸਾਰੇ ਚੈੱਕਬਾਊਂਸ ਹੋ ਗਏ। ਜਦੋਂ ਸੁਨਿਆਰੇ ਨੇ ਲੀਗਲ ਨੋਟਿਸ ਦਿੱਤਾ ਤਾਂ ਅੱਗੋਂ ਜਵਾਬ ਆਇਆ ਕਿ ਮੈਂ ਕੋਈ ਗਹਿਣੇ ਖਰੀਦੇ ਹੀ ਨਹੀਂ। ਪਤਾ ਲੱਗਾ ਹੈ ਕਿ ਇਸ ਦੌਰਾਨ ਦੋਸ਼ੀ ਕੱਪੜਾ ਵਪਾਰੀ ਆਪਣੀ ਪਤਨੀ ਨਾਲ ਇੰਗਲੈਂਡ ਪਹੁੰਚ ਗਿਆ ਹੈ।
ਇਸ ਬਾਰੇ ਥਾਣਾ ਬਸਤੀ ਬਾਵਾ ਖੇਲ ਵਿੱਚ ਕੱਪੜਾ ਵਪਾਰੀ ਗਗਨਦੀਪ ਸਿੰਘ ਵਾਸੀ ਰਾਜਾ ਗਾਰਡਨ ਦੇ ਨਾਲ ਉਸ ਦੇ ਐਨ ਆਰ ਆਈ ਪਿਤਾ ਪ੍ਰਤਾਪ ਸਿੰਘ ਅਤੇ ਮਾਂ ਚਰਨਜੀਤ ਕੌਰ ਦੇ ਖਿਲਾਫ ਕੇਸਦਰਜ ਕੀਤਾ ਗਿਆ ਹੈ, ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਦੋਸ਼ੀ ਮਿੱਠੂ ਬਸਤੀ ਦੇ ਰਹਿਣ ਵਾਲੇ ਸਨ।ਸ਼ਾਸਤਰੀ ਨਗਰ ਦੇ ਸੰਦੀਪ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਹਰਬੰਸ ਨਗਰ ਵਿੱਚ ਭਾਟੀਆ ਮਾਰਕੀਟ ਵਿੱਚ ਪ੍ਰਿੰਸ ਜਿਊਲਰਜ਼ ਨਾਂਅ ਦੀ ਦੁਕਾਨ ਕਰਦੇ ਹਨ। ਐਨ ਆਰ ਆਈ ਪ੍ਰਤਾਪ ਸਿੰਘ ਉਨ੍ਹਾਂ ਦੇ ਕਾਫੀ ਪੁਰਾਣੇ ਗਾਹਕ ਹਨ। ਬੀਤੇ ਸਾਲ 17 ਜਨਵਰੀ ਨੂੰ ਉਨ੍ਹਾਂ ਦੀ ਦੁਕਾਨ ਉੱਤੇ ਉਨ੍ਹਾਂ ਦਾ ਬੇਟਾ ਗਗਨਦੀਪ ਸਿੰਘ, ਖੁਦ ਪ੍ਰਤਾਪ ਸਿੰਘ ਅਤੇ ਚਰਨਜੀਤ ਕੌਰ ਆਏ ਅਤੇ ਦੱਸਿਆ ਕਿ ਬੇਟੇ ਗਗਨ ਦਾ 14 ਫਰਵਰੀ ਨੂੰ ਵਿਆਹ ਹੈ, ਇਸ ਲਈ ਨੂੰਹ ਦੇ ਗਹਿਣੇ ਖਰੀਦਣੇ ਹਨ। ਐਨ ਆਰ ਆਈ ਪਰਵਾਰ ਨੇ ਕਰੀਬ ਚਾਲੀ ਤੋਲੇ ਸੋਨੇ ਦੇ ਗਹਿਣੇ ਖਰੀਦੇ, ਜਿਸ ਦੀ ਕੀਮਤ 16.61 ਲੱਖ ਰੁਪਏ ਬਣਦੀ ਸੀ। ਪ੍ਰਤਾਪ ਸਿੰਘ ਦੇ ਨਾਂਅ ਉੱਤੇ ਦੋ ਬਿੱਲ ਬਣਾਏ ਗਏ, ਇੱਕ ਬਿੱਲ ਸੱਤ ਲੱੱਖ ਇੱਕ ਹਜ਼ਾਰ ਦਾ ਤਾਂ ਦੂਸਰਾ ਨੌਂ ਲੱਖ 60 ਹਜ਼ਾਰ ਰੁਪਏ ਦਾ। ਇਸ ਦੇ ਬਦਲੇ ਗਗਨ ਨੇ ਪੰਜ ਚੈਕ ਕੱਟ ਕੇ ਦਿੱਤੇ। ਇਹ ਸਾਰੇ ਚੈੱਕ ਛੋਟੀ ਬਾਰਾਂਦਰੀ ਦੇ ਇੱਕ ਪ੍ਰਾਈਵੇਟ ਬੈਂਕ ਦੇ ਸਨ। ਪਹਿਲਾ ਚੈਕ 15 ਅਪ੍ਰੈਲ ਨੂੰ ਲਾਉਣਾ ਸੀ, ਪੁਰਾਣਾ ਗਾਹਕ ਹੋਣ ਕਾਰਨ ਚੈਕ ਲੈ ਕੇ ਗਹਿਣੇ ਦੇ ਦਿੱਤੇ ਸਨ। ਸੁਨਿਆਰੇ ਸੰਦੀਪ ਨੇ ਕਿਹਾ ਕਿ ਜਦ ਪਹਿਲਾ ਚੈਕ ਬੈਂਕ ਵਿੱਚ ਲਾਇਆ ਤਾਂ ਉਹ ਬਾਊਂਸ ਹੋ ਗਿਆ। ਚੈਕ ਬਾਊਂਸ ਹੋਣ ਉੱਤੇ ਗੱਲ ਕੀਤੀ ਤਾਂ ਕੋਈ ਜਵਾਬ ਨਹੀਂ ਆਇਆ। ਇਸ ਲਈ ਲੀਗਲ ਨੋਟਿਸ ਭੇਜਿਆ ਤਾਂ ਜਵਾਬ ਆਇਆ ਕਿ ਗਹਿਣੇ ਖਰੀਦੇ ਹੀ ਨਹੀਂ। ਇਸ ਪਿੱਛੋਂ ਇੱਕ-ਇੱਕ ਕਰ ਕੇ ਸਾਰੇ ਚੈਕ ਬਾਉਂਸ ਹੋ ਗਏ ਸਨ। ਸੰਦੀਪ ਨੇ ਕਿਹਾ ਕਿ ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਗਗਨ ਵਿਆਹ ਕਰ ਕੇ ਪਤਨੀ ਨਾਲ ਇੰਗਲੈਂਡ ਚਲਾ ਗਿਆ ਹੈ। ਉਨ੍ਹਾਂ ਦੇ ਪਿਤਾ ਪ੍ਰਤਾਪ ਸਿੰਘ ਅਤੇ ਮਾਂ ਮਿਲਦੇ ਨਹੀਂ ਹਨ, ਜਿਸ ਕਰ ਕੇ ਸੰਦੀਪ ਨੇ ਨੌਂ ਦਸੰਬਰ ਨੂੰ ਪੁਲਸ ਕਮਿਸ਼ਨਰ ਦੇ ਕੋਲ ਗਗਨ, ਉਸ ਦੇ ਪਿਤਾ ਅਤੇ ਮਾਂ ਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਸੀ। ਸੀ ਪੀ ਨੇ ਜਾਂਚ ਏ ਡੀ ਸੀ ਪੀ ਨੂੰ ਸੌਂਪ ਦਿੱਤੀ ਸੀ। ਜਾਂਚ ਦੌਰਾਨ ਸੁਨਿਆਰੇ ਨੇ ਆਪਣੇ ਨਾਲ ਹੋਈ ਠੱਗੀ ਦੇ ਸਬੂਤ ਪੇਸ਼ ਕੀਤੇ ਅਤੇ ਦੱਸਿਆ ਕਿ ਉਹ ਪ੍ਰਤਾਪ ਸਿੰਘ ਦੇ ਘਰ ਗਏ ਤਾਂ ਉਥੇ ਤਾਲੇ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਗਗਨ ਇੰਗਲੈਂਡ ਚਲਾ ਗਿਆ ਹੈ, ਉਸੇ ਤਰ੍ਹਾਂ ਉਸ ਦੇ ਐਨ ਆਰ ਆਈ ਮਾਂ-ਬਾਪ ਭੱਜ ਸਕਦੇ ਹਨ।