ਜਿੰਦਗੀ ਦੇ ਵਿਚ ਜੇ ਸੰਘਰਸ਼ ਕਰਨਾ ਸਿੱਖਣਾ ਯਾ ਉਸ ਸੰਘਰਸ਼ ਨੂੰ ਕਿਵੇਂ ਜਿੱਤਿਆ ਜਾਵੇ ਇਹ ਸਿੱਖਣਾ ਤਾਂ ਇੱਕ ਅੰਮੀ ਕੋਲੋ ਸਿੱਖੋ। ਜਿਹੜੀ ( ੯ ਮਹੀਨੇ ) 9 ਮਹੀਨੇ ਦੇ ਸੰਘਰਸ਼ ਤੋ ਬਾਅਦ ਆਪਾ ਨੂੰ ਇਹ ਸੰਸਾਰ ਵਿੱਚ ਲੈਕੇ ਆਉਂਦੀ ਹੈ। ਕਹਾਣੀ ਏ ਰੀਤੋ ਦੇ ਟੱਬਰ ਦੀ। ਰੀਤੋ ਦੇ ਪਿਤਾ ਦੀ ਮੌਤ ਇਕ ਕਾਰ ਐਕਸੀਡੈਂਟ ਚ ਹੋਗੀ ਸੀ ਜਦੋਂ ਉਹ 5 ਸਾਲਾਂ ਦੀ ਸੀ, ਤੇ ਉਸਤੋ ਬਾਅਦ ਉਹਦੀ ਅੰਮੀ ਤੇਜੋ ਨੇ ਹੀ ਉਹਨੂੰ ਤੇ ਉਹਦੇ ਛੋਟੇ ਭਾਈ ਨੂੰ ਪਾਲਿਆ। ਤੇਜੋ ਆਪਣੇ ਘਰਵਾਲੇ ਦੇ ਜਾਣ ਤੋਂ ਬਾਅਦ ਬੜੀ ਹੀ ਉਦਾਸ ਰਹਿੰਦੀ ਪਰ ਕਿਸੇ ਨੂੰ ਦੱਸਦੀ ਨਾ, ਪਰ ਰੀਤੋ ਆਪਣੀ ਅੰਮੀ ਦੀ ਰਗ ਰਗ ਤੋਂ ਵਾਕਫ਼ ਸੀ।
ਤੇਜੋ ਦੁੱਧ ਦਾ ਕੰਮ ਤੇ ਸਲਾਈ ਦਾ ਕੰਮ ਕਰਕੇ ਦੋਹਾਂ ਨਿਆਣਿਆ ਨੂੰ ਪਾਲਦੀ ਸੀ। ਘਰ ਵਿਚ ਤੰਗੀ ਤਾਂ ਹੈਗੀ ਹੀ ਸੀ ਏਸੇ ਕਰਕੇ ਉਹਨੇ ਇਕ ਸੂਟ ਨੂੰ ਚਾਰ ਚਾਰ ਸਾਲ ਪਾਉਣਾ। ਪਰ ਇਹ ਤੰਗੀ ਉਹਨੇ ਕਦੇ ਆਪਣੇ ਬੱਚਿਆ ਤੇ ਨਾ ਆਉਣ ਦਿੱਤੀ। ਆਪ ਉਹਦੇ ਕੋਲ ਸਿਆਲਾ ਵਿਚ ਇਕ ਸ਼ਾਲ ਸੀ ਟਾਕੀਆ ਵਾਲਾ ਉਹਦੀ ਬੁੱਕਲ ਵਿਚ ਹੀ ਰੀਤੋ ਤੇ ਜੱਸ ( ਉਹਦਾ ਮੁੰਡਾ ) ਨੂੰ ਲੈਕੇ ਬੈਠੀ ਰਹਿੰਦੀ। ਰੀਤੋ ਤਾਂ ਪੜ੍ਹਨ ਚ ਅੱਵਲ ਸੀ ਪਰ ਉਸਦਾ ਛੋਟਾ ਭਰਾ ਜੱਸ ਉਹ ਠੀਕ ਠਾਕ ਸੀ, ਉਹ ਨਾ ਤਾਂ ਪੜਾਈ ਚ ਧਿਆਨ ਦਿੰਦਾ ਨਾਹੀ ਘਰੇ ਕੰਮਾ ਚ। ਛੇਤੀ ਹੀ ਪਿੰਡ ਆਲਿਆ ਤੋ ਪਤਾ ਲੱਗਿਆ ਵੀ ਜੱਸ ਤਾਂ ਨਸ਼ੇ ਕਰਦਾ ਏ, ਤੇਜੋ ਓਸੇ ਸਮੇਂ ਅੱਧੀ ਰਹਿਗੀ।
ਤੇਜੋ ਨੇ ਜੱਸ ਨੂੰ ਸਮਝਾਇਆ ਪਰ ਉਹ ਨਾ ਸਮਝਿਆ। ਜੱਸ ਬਹੁਤ ਨਸ਼ੇ ਕਰਦਾ ਸੀ ਘਰੋਂ ਚੀਜਾ ਚਕ ਚਕ ਵੇਚ ਦਿੰਦਾ ਸੀ। ਕੁਝ ਦਿਨਾਂ ਬਾਅਦ ਜੱਸ ਪੂਰਾ ਹੋ ਗਿਆ। ਜਵਾਨ ਪੁੱਤ ਦੀ ਮੌਤ ਨਾਲ ਤੇਜੋ ਤੇ ਰੀਤੋ ਦੋਵੇਂ ਮਰਨ ਆਲੀਆ ਹੋਗੀਆਂ ਸੀ। ਸਾਰਾ ਘਰ ਉੱਜੜ ਗਿਆ।
ਰੀਤੋ ਨੂੰ ਆਪਣੇ ਮਾਂ ਦੇ ਦੁੱਖ ਦਿਸਦੇ ਸੀ ਤੇ ਉਹਵੀ ਹੁਣ ਆਪਣੀ ਮਾਂ ਨਾਲ ਘਰ ਦੇ ਕੰਮਾਂ ਚ ਹੱਥ ਵਟਾਉਂਦੀ, ਸਵੇਰੇ ਕਾਲਜ ਜਾਂਦੀ ਤੇ ਘਰ ਆਕੇ ਤੇਜੋ ਨਾਲ ਸਲਾਈ ਦਾ ਕੰਮ ਕਰੋਂਦੀ। ਕਾਲਜ ਵਿੱਚ ਇੱਕ ਮੁੰਡਾ ( ਗੁਰਿੰਦਰ ) ਰੀਤੋ ਨੂੰ ਬਹੁਤ ਪਸੰਦ ਕਰਦਾ ਸੀ। ਰੀਤੋ ਨੂੰ ਵੀ ਉਹ ਮੁੰਡਾ ਚੰਗਾ ਲਗਦਾ ਸੀ। ਚੰਗੇ ਘਰੋਂ ਸੀ ਮੁੰਡਾ। ਰੀਤੋ ਦੇ ਗੁਰਿੰਦਰ ਦੀ ਚੰਗੀ ਬਣਦੀ ਸੀ। ਕਾਲਜ ਪੂਰਾ ਹੋਣ ਆਲਾ ਸੀ ਤੇ ਗੁਰਿੰਦਰ ਨੇ ਘਰ ਗਲ ਕਰ ਲਈ ਰੀਤੋ ਨਾਲ ਵਿਆਹ ਦੀ ਗੁਰਿੰਦਰ ਦੇ ਘਰਵਾਲੇ ਮਨ ਗਏ। ਪਰ ਰੀਤੋ ਆਪਣੀ ਅੰਮੀ ਨੀ ਛੱਡਕੇ ਜਾਣ ਲਈ ਰਾਜੀ ਨਹੀਂ ਸੀ। ਤਾਂ ਤੇਜੋ ਨੇ ਕਿਹਾ ” ਦੇਖ ਪੁੱਤਰ ਧਿਆਂ ਤਾਂ ਤੋਰਨੀਆ ਹੀ ਪੈਂਦੀਆਂ ਹੁੰਦੀਆ ਨੇ, ਕੋਈ ਨੀ ਤੂੰ ਮੈਨੂੰ ਹਫਤੇ ਬਾਅਦ ਮਿਲਣ ਲਈ ਆਜਿਆ ਕਰੀ। ” ਰੀਤੋ ਨੇ ਕਿਹਾ ” ਅੰਮੀ ਤੂੰ ਕੱਲੀ ਕਿਵੇਂ ਰਹੇਗੀ ” ਤੇਜੋ ਕਹਿੰਦੀ ” ਕੋਈ ਨੀ ਮੈ ਰਹਿ ਲੈਣਾ, ਨਾਲੇ ਸਾਰਾ ਦਿਨ ਤਾਂ ਕੰਮ ਚ ਲੱਗੀ ਰਹਿਣਾ ਹੁੰਦਾ ਫੇਰ ਕਿੱਥੇ ਪਤਾ ਲਗਦਾ ” ਨਾਹ ਨਾਹ ਕਰਦੀ ਨੂੰ ਤੇਜੋ ਨੇ ਰੀਤੋ ਨੂੰ ਮਨਾ ਲਿਆ।
ਰੀਤੋ ਦਾ ਵਿਆਹ ਹੋਗਿਆ ਉਹ ਸਹੁਰੇ ਘਰ ਚਲੀ ਗਈ। ਥੋੜ੍ਹੇ ਚਿਰ ਮਗਰੋਂ ਰੀਤੋ ਸਹੁਰੇ ਘਰ ਜੀਅ ਲੱਗਣ ਲੱਗ ਗਿਆ। ਪਰ ਉਹਨੂੰ ਪਿੱਛੇ ਵੀ ਅੰਮੀ ਦੀ ਤਾਂਘ ਰਹਿੰਦੀ। ਉੱਥੇ ਰਹਿਕੇ ਰੀਤੋ ਨੇ ਅੱਗੇ ਪੜ੍ਹਾਈ ਕੀਤੀ ਤੇ ਹੁਣ ਉਹ ਕਾਲਜ ਵਿਚ ਪ੍ਰੋਫੈਸਰ ਲਗ ਗਈ ਸੀ, ਚੰਗੀ ਤਨਖਾਹ ਸੀ ਰੀਤੋ ਨੇ ਫੈਸਲਾ ਕੀਤਾ ਕਿ ਮੈ ਆਪਣੀ ਅੱਧੀ ਤਨਖਾਹ ਪਿੰਡ ਅੰਮੀ ਨੂੰ ਦਿਆ ਕਰੂਗੀ। ਏਸ ਫੈਸਲੇ ਤੋਂ ਉਹਦੇ ਸਹੁਰੇ ਘਰ ਚੋ ਵੀ ਕਿਸੇ ਨੂੰ ਕੋਈ ਸ਼ਿਕਾਇਤ ਸੀ। ਅੰਮੀ ਨੂੰ ਨਾਲੇ ਕਿਹਾ ਵੀ ਤੈਨੂੰ ਹੁਣ ਕੰਮ ਕਰਨ ਦੀ ਕੋਈ ਲੋੜ ਨੀ ਤੂੰ ਬੱਸ ਆਰਾਮ ਕਰਨਾ ਹੁਣ, ਮਝਾ ਵੇਚ ਦਿੱਤੀਆਂ। ਪਰ ਤੇਜੋ ਕੋਲੇ ਕਿੱਥੇ ਬੈਠਿਆ ਜਾਂਦਾ ਸੀ ਉਹਨੇ ਸਲਾਈ ਦਾ ਕੰਮ ਜਾਰੀ ਰੱਖਿਆ।
ਕੁਝ ਸਮੇਂ ਬਾਅਦ ਰੀਤੋ ਦੇ ਜੋੜੇ ਜਵਾਕ ਇਕ ਧੀ ਤੇ ਇਕ ਪੁੱਤਰ ਹੋਇਆ। ਤੇਜੋ ਬਹੁਤ ਖੁਸ਼ ਸੀ, ਸਾਰੇ ਪਿੰਡ ਨੂੰ ਤੁਰਕੇ ਹੀ ਦੱਸ ਆਈ ਮੇਰੇ ਦੋਹਤਾ ਦੋਹਤੀ ਹੋਏ ਨੇ। ਸਾਲ ਮਗਰੋਂ ਤੇਜੋ ਖਾਸੀ ਬੀਮਾਰ ਹੋਗੀ, ਡਾਕਟਰਾਂ ਤੋਂ ਪਤਾ ਲੱਗਿਆ ਵੀ ਉਹਦਾ ਲੀਵਰ ਕੰਮ ਕਰਨੋ ਹਟ ਗਿਆ ਏ। ਕੁਝ ਦਿਨ ਹਸਪਤਾਲ ਵਿਚ ਰੱਖਿਆ ਫੇਰ ਘਰ ਲੈ ਆਏ। ਰੀਤੋ ਅੰਮੀ ਦੀ ਸੇਵਾ ਕਰਦੀ ਉਹਦਾ ਖ਼ਿਆਲ ਰੱਖਦੀ। ਤੇਜੋ ਨੇ ਰੀਤੋ ਨੂੰ ਕਿਹਾ ਕਿ ਉਹਦੇ ਪੁਰਾਣੇ ਕੱਪੜੇ ਪਿੰਡ ਚ ਕਿਸੇ ਨੂੰ ਦੇ ਦੇਵੇ ਉਹਦੇ ਕੋਲ ਬਥੇਰੇ ਸੂਟ ਨੇ। ਰੀਤੋ ਨੇ ਕਪੜੇ ਕੱਢ ਦਿੱਤੇ ਨਾਲ ਉਹ ਟਾਕੀਆ ਵਾਲਾ ਸ਼ਾਲ।
ਤੇਜੋ ਦੇ ਪੂਰੇ ਹੋਣ ਤੋਂ ਪਹਿਲਾਂ ਰੀਤੋ ਨੇ ਗੁਰਿੰਦਰ ਤੇ ਬੱਚਿਆ ਨੂੰ ਸੱਦ ਲਿਆ। ਉਸੇ ਸ਼ਾਮ ਨੂੰ ( ਜਿਸ ਦਿਨ ਉਹ ਆਏ ਸੀ ) ਤੇਜੋ ਪੂਰੀ ਹੋ ਗਈ। ਰੀਤੋ ਨੂੰ ਕੁਝ ਸੁੱਝੇ ਨਾ, ਉਹ ਦੇ ਲਈ ਜਿਵੇ ਦੁਨੀਆ ਰੁਕ ਗਈ ਸੀ। ਤੁਰਦੀ ਤੁਰਦੀ ਰੀਤੋ ਦੀ ਧੀ ਕਮਰੇ ਵਿੱਚੋ ਤੇਜੋ ਦਾ ਟਾਕੀਆ ਵਾਲਾ ਸ਼ਾਲ ਚਕ ਲਿਆਉਂਦੀ ਏ। ਰੀਤੋ ਦੇਖਦੇ ਸਾਰ ਉਸ ਸ਼ਾਲ ਨੂੰ ਘੁੱਟ ਕੇ ਜੱਫੀ ਪਾਉਂਦੀ ਏ ਤੇ ਉਸਨੂੰ ਓਹੀ ਨਿੱਘ ਮਹਿਸੂਸ ਹੁੰਦਾ ਏ ਜੌ ਉਸਨੂੰ ਬਚਪਨ ਵਿਚ ਮਹਿਸੂਸ ਹੁੰਦਾ ਸੀ ਜਦੋਂ ਅੰਮੀ ਉਹਨੂੰ ਆਪਣੀ ਬੁੱਕਲ ਵਿਚ ਲੈਂਦੀ ਸੀ। ਤੇਜੋ ਦੇ ਦਾਗ ਭੋਗ ਦਾ ਕੰਮ ਸੰਪੂਰਣ ਹੋ ਗਿਆ। ਤੇਜੋ ਦੇ ਕਹਿਣ ਮੁਤਾਬਕ ਰੀਤੋ ਨੇ ਸਾਰੇ ਕੱਪੜੇ ਵੰਡ ਦਿੱਤੇ ਸਿਰਫ ਉਹ ਟਾਕੀਆ ਵਾਲਾ ਸ਼ਾਲ ਰੱਖ ਲਿਆ। ਤੇ ਰੀਤੋ ਨੂੰ ਜਦ ਵੀ ਅੰਮੀ ਦੀ ਯਾਦ ਆਉਂਦੀ ਉਹ ਉਸ ਸ਼ਾਲ ਨੂੰ ਆਪਣੀ ਬੁੱਕਲ ਵਿਚ ਲੈ ਲੈਂਦੀ।