ਨਵੀਂ ਦਿੱਲੀ, 27 ਜਨਵਰੀ, – ਇਸ ਵਾਰੀ ਗਣਤੰਤਰ ਦਿਵਸ ਮੌਕੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ, ਭੰਨ-ਤੋੜ ਅਤੇ ਹਮਲੇ ਦੀਆਂ ਘਟਨਾਵਾਂ ਨੂੰ ਦੁਨੀਆ ਭਰ ਦੇ ਮੀਡੀਆ ਨੇ ਆਪੋ-ਆਪਣੇ ਦੇਸ਼ ਦੇ ਲੋਕਾਂ ਸਾਹਮਣੇ ਆਪੋ-ਆਪਣੇ ਨਜ਼ਰੀਏ ਨਾਲ ਪੇਸ਼ ਕੀਤਾ ਹੈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਧਾਨੀ ਦਿੱਲੀ ਦੇ ਇਕ ਪਾਸੇ ਜਦੋਂ ਸ਼ਾਨਦਾਰ ਪਰੇਡ ਦੇਖ ਰਹੇ ਸਨ, ਓਦੋਂ ਕੁਝ ਮੀਲ ਦੂਰ ਸ਼ਹਿਰ ਦੇ ਵੱਖ-ਵੱਖਭਾਗਾਂ ਵਿਚ ਧਮੱਚੜ ਦੀਆਂ ਫੋਟੋ ਨਜ਼ਰ ਆ ਰਹੀਆਂ ਸਨ। ਰਿਪੋਰਟ ਮੁਤਾਬਕ ਕਈ ਕਿਸਾਨਾਂ ਕੋਲ ਲੰਬੀਆਂ ਤਲਵਾਰਾਂ, ਨੋਕੀਲੇ ਖੰਜ਼ਰ ਅਤੇ ਜੰਗ ਵਿਚ ਵਰਤੀਆਂ ਜਾਣ ਵਾਲੀਆਂ ਕੁਹਾੜੀਆਂ ਸਨ, ਜੋ ਉਨ੍ਹਾਂ ਦੇ ਰਵਾਇਤੀ ਹਥਿਆਰ ਹਨ ਤੇ ਕਿਸਾਨਾਂ ਨੇ ਉਸ ਲਾਲ ਕਿਲ੍ਹੇ ਉੱਤੇ ਚੜ੍ਹਾਈ ਕਰ ਦਿੱਤੀ,ਜਿਹੜਾ ਇਕ ਹਜ਼ਾਰ ਸਾਲ ਮੁਗਲ ਹਾਕਮਾਂ ਦੀ ਰਿਹਾਇਸ਼ ਰਿਹਾ ਹੈ। ਕਈ ਥਾਂ ਇਕ ਪਾਸੇ ਪੁਲਸ ਰਾਈਫਲ ਤਾਣ ਕੇ ਖੜੀ ਸੀ ਤੇ ਦੂਸਰੇ ਪਾਸੇ ਕਿਸਾਨਾਂ ਦੀ ਭੀੜ ਸੀ। ਬਹੁਤੇ ਕਿਸਾਨ ਪਹਿਲਾਂ ਤੋਂ ਤੈਅ ਰਸਤੇਉੱਤੇ ਚੱਲ ਰਹੇ ਸਨ, ਪਰ ਕੁਝ ਕਿਸਾਨ ਆਪਣੇ ਟਰੈਕਟਰਾਂ ਨਾਲ ਸੁਪਰੀਮ ਕੋਰਟ ਦੇ ਰਾਹਵੱਲ ਨੂੰ ਵਧੇ, ਜਿਨ੍ਹਾਂ ਨੂੰ ਪੁਲਸ ਨੇ ਅੱਥਰੂ ਗੈਸ ਚਲਾ ਕੇ ਰੋਕਿਆ। ਕਿਸਾਨ ਅੰਦੋਲਨ ਦੇ ਇਕ ਨੇਤਾ ਬਲਵੀਰ ਸਿੰਘ ਰਾਜੇਵਾਲ ਦੇ ਹਵਾਲੇ ਨਾਲ ਇਸਅਖਬਾਰ ਨੇ ਲਿਖਿਆ ਹੈ ਕਿ ‘ਇਸ ਅੰਦੋਲਨ ਦੀ ਪਛਾਣ ਸੀ ਕਿ ਇਹ ਸ਼ਾਂਤਮਈ ਹੈ। ਸਰਕਾਰ ਅਫਵਾਹਾਂ ਫੈਲਾ ਰਹੀ ਹੈ। ਏਜੰਸੀਆਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਜੇ ਅਸੀਂ ਸ਼ਾਂਤੀ ਪੂਰਨ ਰਹੇ ਤਾਂ ਜਿੱਤਾਂਗੇ, ਹਿੰਸਕ ਹੋਏ ਤਾਂ ਜਿੱਤ ਮੋਦੀ ਦੀ ਹੋਵੇਗੀ।’
ਆਸਟ੍ਰੇਲੀਆ ਦੇ ਸਿਡਨੀ ਮੌਰਨਿੰਗ ਹੈਰਾਲਡ ਨੇ ਖ਼ਬਰ ਛਾਪੀ ਹੈ ਕਿ ਹਜ਼ਾਰਾਂ ਕਿਸਾਨ ਉਸ ਇਤਿਹਾਸਕ ਲਾਲ ਕਿਲ੍ਹੇ ਉੱਤੇ ਜਾ ਪਹੁੰਚੇ, ਜਿੱਥੋਂ ਪ੍ਰਧਾਨ ਮੰਤਰੀ ਮੋਦੀ ਸਾਲ ਵਿਚ ਇਕ ਵਾਰ ਦੇਸ਼ ਨੂੰ ਸੰਬੋਧਨ ਕਰਦੇ ਹਨ। ਅਖ਼ਬਾਰ ਨੇ ਦਿੱਲੀ ਦੇ ਇਕ ਥਿੰਕ ਟੈਂਕ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਆਗੂ ਅੰਬਰਕੁਮਾਰ ਘੋਸ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਿਸਾਨ ਸੰਗਠਨਾਂ ਦੀ ਪਕੜ ਬੜੀ ਮਜ਼ਬੂਤ ਹੈ। ਉਨ੍ਹਾਂ ਕੋਲ ਆਪਣੇ ਸਮਰਥਕਾਂ ਨੂੰ ਐਕਟਿਵ ਕਰਨ ਲਈ ਸਰੋਤ ਹਨ ਅਤੇ ਉਹ ਲੰਬੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ।
ਟੀ ਵੀ ਚੈਨਾਲ ਅਲਜਜ਼ੀਰਾ ਨੇ ਖ਼ਬਰ ਸ਼ੁਰੂਕਰਦਿਆਂ ਕਿਹਾ ਹੈ ਕਿ ਭਾਰਤ ਦੇ ਹਜ਼ਾਰਾਂ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਲਈ ਰਾਜਧਾਨੀ ਵਿਚ ਮੁਗਲ ਕਾਲ ਦੀ ਇਮਾਰਤ ਲਾਲ ਕਿਲ੍ਹੇ ਦੇ ਕੰਪਲੈਕਸ ਉੱਤੇ ਇਕ ਤਰ੍ਹਾਂ ਹਮਲਾ ਬੋਲ ਦਿੱਤਾ। ਖ਼ਬਰ ਮੁਤਾਬਕ ਗਣਤੰਤਰ ਦਿਵਸ ਪਰੇਡ ਦੇ ਕਾਰਨ ਕੀਤੇ ਵੱਡੇ ਸੁਰੱਖਿਆ ਪ੍ਰਬੰਧਾਂ ਨੂੰ ਤੋੜ ਕੇ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਵਿਚ ਜਾ ਵੜੇ,ਜਿੱਥੇ ਸਿੱਖ ਕਿਸਾਨਾਂ ਨੇ ਕੇਸਰੀ ਝੰਡਾ ਲਹਿਰਾਇਆ, ਇਹ ਉਹੀ ਲਾਲ ਕਿਲ੍ਹਾ ਹੈ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਹਰ ਸਾਲ 15 ਅਗਸਤ ਨੂੰ ਮਨਾਏ ਜਾਂਦੇ ਆਜ਼ਾਦੀ ਦਿਨ ਦੇ ਮੌਕੇ ਤਿਰੰਗਾ ਝੁਲਾਉਂਦੇ ਅਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹਨ।
ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਡਾਨ ਦੀਖਬਰ ਹੈ ਕਿ ਇਤਿਹਾਸਿਕ ਲਾਲ ਕਿਲ੍ਹੇ ਦੇ ਇਕ ਮੀਨਾਰ ਉੱਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਦਾ ਝੰਡਾ ਲਾ ਦਿੱਤਾ। ਖ਼ਬਰ ਮੁਤਾਬਕ ਖੇਤੀ ਕਾਨੂੰਨਾਂ ਵਿਚ ਸੁਧਾਰ ਦਾ ਵਿਰੋਧ ਕਰਦੇ ਹਜ਼ਾਰਾਂ ਕਿਸਾਨ ਮੰਗਲਵਾਰ ਨੂੰ ਬੈਰੀਕੇਡ ਤੋੜ ਕੇ ਇਤਿਹਾਸਿਕ ਲਾਲ ਕਿਲ੍ਹੇ ਦੇ ਕੰਪਲੈਕਸ ਵਿਚ ਦਾਖਲ ਹੋਏ ਅਤੇ ਉੱਥੇ ਆਪਣੇ ਝੰਡੇ ਲਾ ਦਿੱਤੇ। ਇਸ ਖ਼ਬਰ ਨਾਲ ਛਾਪੀਆਂ ਤਸਵੀਰਾਂ ਵਿੱਚ ਡਾਨ ਨੇ ਦਿਖਾਇਆ ਹੈ ਕਿ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਦੀ ਮੀਨਾਰ ਉੱਤੇ ਚੜ੍ਹ ਕੇ ਝੰਡੇ ਲਾ ਰਹੇ ਹਨ, ਜਿੱਥੇ ਇਕ ਪ੍ਰਦਰਸ਼ਨਕਾਰੀ ਦੇ ਹੱਥ ਵਿਚ ਤਲਵਾਰ ਵੀ ਹੈ।
ਬ੍ਰਿਟੇਨ ਦੇ ਅਖਬਾਰ ਗਾਰਡੀਅਨ ਮੁਤਾਬਕ ਲਾਲ ਕਿਲ੍ਹੇ ਦੀ ਗੁੰਬਦ ਉੱਤੇ ਚੜ੍ਹ ਕੇ ਸਿੱਖ ਧਰਮ ਦਾ ਝੰਡਾ ‘ਨਿਸ਼ਾਨ ਸਾਹਿਬ’ ਲਹਿਰਾਉਣ ਵਾਲੇ ਪੰਜਾਬ ਦੇ ਇੱਕ ਕਿਸਾਨ ਦਿਲਜਿੰਦਰ ਸਿੰਘ ਨੇ ਕਿਹਾ ਕਿ ਅਸੀਂ 6 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਾਂ, ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਰੀਂਗੀ। ਪਹਿਲਾਂ ਵੀ ਸਾਡੇ ਵਡੇਰਿਆਂ ਨੇ ਇਸ ਕਿਲ੍ਹੇ ਉੱਤੇ ਕਈ ਵਾਰ ਚੜ੍ਹਾਈ ਕੀਤੀ ਹੈ। ਇਹ ਸਰਕਾਰ ਲਈ ਸੰਦੇਸ਼ ਹੈ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਫਿਰ ਇਹ ਕਰ ਸਕਦੇ ਹਾਂ।