ਗੇਬੋ ਦੀ ਅਚਾਨਕ ਹੀ ਅੱਖ ਖੁੱਲ੍ਹੀ ਤਾਂ ਉਸਨੂੰ ਆਪਣੇ ਪੁੱਤ ਜੈਲੇ ਯਾਦ ਆ ਗਈ ।ਉਸਦੇ ਦਿਲ ਵਿੱਚ ਇੱਕ ਅਜੀਬ ਜਿਹਾ ਹੌਕਾ ਉੱਠਿਆ ਤਾਂ ਉਸ ਦੇ ਮੂੰਹੋਂ ਸਹਿਜ ਸੁਭਾ “ਵਾਖਰੂ ਭਲਾ ਕਰੀ ਨਿਕਲ ਗਿਆ “ਉਸਨੇ ਘੜੀ ਤੇ ਨਿਗ੍ਹਾ ਮਾਰੀ ਤਾਂ ਅਜੇ ਸਿਆਲ ਦੇ 4 ਹੀ ਵੱਜੇ ਸਨ। ਉਸ ਦੇ ਕਾਲਜੇ ਵਿੱਚ ਪਤਾ ਨੀ ਇਹ ਕਿਸ ਚੀਜ਼ ਦਾ ਹੌਕਾ ਬਣਿਆ ਹੋਇਆ ਸੀ। ਜਿਸ ਕਰਕੇ ਇਹ ਹੌਕਾ ਉਸਨੂੰ ਕਿਸੇ ਨਾ ਰਸਣ ਵਰਗੇ ਫੌੜੇ ਵਰਗਾ ਲੱਗਾ। ਜੋ ਨਾ ਤਾਂ ਫਸ ਰਿਹਾ ਸਗੋਂ ਨਾਸੂਰ ਬਣ ਰਿਹਾ ਸੀ। ਉਸਦੇ ਦਿਲ ਵਿੱਚ ਅਜੀਬ ਜਿਹੀ ਪੈਂਦਾ ਹੋ ਰਹੀ ਸੀ। ਜਦੋਂ ਉਸਨੇ ਉੁੱਠ ਕੇ ਬਾਹਰ ਰੱਖੇ ਘੜੇ ਵਿੱਚੋਂ ਪਾਣੀ ਪੀਤਾ ਤਾਂ ਉਸਨੂੰ ਅੰਦਰੋਂ ਚਿੱਤ ਕੁੱਝ ਸ਼ਾਤਸ਼ਾਤ ਹੁੰਦਾ ਜਾਪਿਆਂ। ਉਸਦੇ ਮਨ ਵਿੱਚ ਇੱਕ ਵਾਰ ਖਿਆਲ ਆਇਆ ਕਿ ਉਹ ਹੁਣ ਉੱਠ ਤਾਂ ਪਈ ਹੀ ਹੈ ਘਰ ਦਾ ਕੋਈ ਕੰਮ ਹੀ ਕਰ ਲਵੇ। ਦੂਜੇ ਪਲ ਇਹ ਵੀ ਖਿਆਲ ਆ ਗਿਆ “ਲੈ ਮਨਾਂ ਅਜੇ ਤਾਂ ਬਾਹਰ ਐਨਾ ਹਨੇਰਾ ਹੈ ਕੰਮ ਵੀ ਕੀ ਹੋਣਾ ਇਸ ਹਨੇਰੇ ਵਿੱਚ” ਉਹ ਖਿਆਲਾਂ ਦੇ ਜਾਲ ਵਿੱਚ ਉਲਝੀ ਹੋਈ ਕਦ ਚੌਕੇ ਤੋ ਤੁਰ ਕੇ ਮੰਜੇ ਕੋਲ ਆ ਗਈ। ਉਸਨੂੰ ਪਤਾ ਹੀ ਨਾ ਲੱਗਾ। ਉਹ ਮੂੰਹਸਿਰ ਲਪੇਟ ਫਿਰ ਸੌ ਗਈ। ਉਸਦੇ ਘਰਵਾਲੇ ਜੈਬੇ ਨੇ ਹਲੂਣ ਉਠਾਈ ਤਾਂ ਉਹ ਤਿਭ੍ਕ ਗਈ ” ਗੇਬੋ ਉੱਠ ਕੇ ਵੇਖ ਕਿੱਡਾ ਸਰੂਜ ਚੜ੍ਹ ਆਇਆ”।ਉਸਨੇ ਉੱਠ ਕੇ ਵੇਖਿਆ ਤਾਂ ਸੱਚੀ ਸਰੂਜ ਘਰ ਦੀ ਕੰਧ ਤੇ ਆਪਣੀ ਕੋਸੀ-ਕੋਸੀ ਧੁੱਪ ਦੀ ਲਿਸ਼ਕੌਰ ਮਾਰ ਰਿਹਾ ਸੀ। ਉਹ ਉੱਠ ਕੇ ਆਪਣੇ ਸ਼ੋਲ ਦੀ ਬੁੱਕਲ ਮਾਰ ਕੇ ਚੌਕੇ ਵੱਲ ਨੂੰ ਹੋ ਤੁਰੀ। ਲੇਟ ਉੱਠੀ ਹੋਣ ਕਰਕੇ ਸਵੇਰ ਦੇ ਕੰਮ ਜਲਦੀ-ਜਲਦੀ ਨਿਬੇੜਣ ਲੱਗੀ। ਉਸਨੇ ਇੱਕ ਪਾਸੇ ਚਾਹ ਧਰੀ ਤੇ ਦੂਸਰੇ ਪਾਸੇ ਨਾਲ ਦੀ ਨਾਲ ਦੁੱਧ ਵਿੱਚ ਮਧਾਣੀ ਪਾ ਦਿੱਤੀ। ਇੰਨੇ ਨੂੰ ਉਸ ਦਾ ਘਰਵਾਲਾ ਜੈਬਾ ਵੀ ਬਾਹਰੋਂ ਮੱਝਾਂ ਚੋਅ ਕੇ ਵਾਪਸ ਆ ਗਿਆ ਸੀ।ਉਸਨੇ ਆ ਗੇਬੋ ਨੂੰ ਕਿਹਾ “ਲੈ ਬਾਈ ਗੇਬੋ ਦੇ ਚਾਹ ਅੱਜ ਤਾ ਤੇਰੇ ਉੱਠਣ ਕਰਕੇ ਸਾਰਾ ਕੰਮ ਲੇਟ ਹੋ ਪਿਆ ਆ”।
ਗੇਬੋ ਨੂੰ ਪਤਾ ਹੀ ਨਾ ਲੱਗਾ ਕਦ ਉਸਦਾ ਘਰਵਾਲਾ ਬਾਹਰੋਂ ਚੱਲ ਕੇ ਚੌਕੇ ਵਿੱਚ ਡਿੱਠੇ ਮੰਜੇ ਤੇ ਆਣ ਬੈਠ ਗਿਆ ਸੀ। ਉਸਨੇ ਸੋਚਾਂ ਵਿੱਚ ਡੁੱਬੀ ਗੇਬੋ ਨੂੰ ਹਲੂਣਿਆਂ ਤਾਂ ਉਹ ਡਰ ਗਈ।ਕੀ ਗੱਲ ਗੇਬੋ ਅੱਜ ਸਵੇਰ ਦੀ ਤੂੰ ਉਦਾਸ ਤੇ ਚੁੱਪ ਜਿਹੀ ਲੱਗੀ ਰਹੀ ਆ। “ਕੁੱਛ ਨੀ ਜੀ ਐਵੇ ਚਿੱਤ ਜਿਹਾ ਆਵਾਜਾਰ ਸਵੇਰ ਦਾ” ਗੇਬੋ ਆਪਣੇ ਘਰਵਾਲੇ ਜੈਬੇ ਨੂੰ ਚਾਹ ਦਾ ਕੌਲਾ ਫੜਾਉਦੀ ਕਹਿਣ ਲੱਗੀ। ਉਹ ਦੁਆਰਾ ਚੌਕੇ ਵਿੱਚ ਪਈ ਪੀੜ੍ਹੀ ਤੇ ਜਾ ਬੈਠੀ ਤੇ ਅਚਾਨਕ ਆਪਣੇ ਘਰਵਾਲੇ ਪੁੱਛਣ ਲੱਗੀ “ਹੈਅ ਸੁਣਦੇ ਊ ਜੀ”ਭਲਾ ਆਪਣਾ ਜੈਲਾ ਠੀਕ ਤਾਂ ਹੋਵੇਗਾ ਨਾ ਮੈਨੂੰ ਅੱਜ ਸਵੇਰ ਦੀ ਬੜੀ ਚਿੱਤਮਨੀ ਲੱਗੀ ਹੋਈ ਆ।ਜਿਵੇ ਕੋਈ ਅਣਹੋਂਣੀ ਵਾਪਰਨ ਵਾਲੀ ਹੋਵੇ ।ਕਮਲੀ ਹੋਵੇ ਤਾ ਭਲਾ ਉਹਨੂੰ ਕੀ ਹੋਣਾ ਅਜੇ ਰਾਤ ਤਾਂ ਆਪਾ ਗੱਲ ਕਰਕੇ ਹਟੇ ਆ।ਉਹ ਜੈਲੇ ਦੀਆਂ ਗੱਲਾਂ ਕਰਦੀ ਹੋਈ ਉਸਨੇ ਬਚਪਨ ਵਿੱਚ ਜਾ ਪਹੁੰਚ ਗਈ। ਜੈਲਾ ਗੇਬੋ ਅਤੇ ਜੈਬੇ ਦਾ ਇੱਕਲੌਤਾ ਪੁੱਤ ਸੀ। ਹੋਇਆ ਵੀ ਮਸਾਂ ਹੀ ਸੀ। ਜਦ ਉਹ ਨਵੀ-ਨਵੀ ਵਿਆਹੀ ਆਈ ਸੀ ਤਾਂ ਕਿੰਨਾ ਚਿਰ ਉਸਨੂੰ ਬੱਚਾ ਹੀ ਨਾ ਹੋਇਆ ਸੀ। ਜੇ ਉਸਦਾ ਦੋ ਵਰ੍ਹੇ ਬਾਅਦ ਪੈਰ ਭਾਰਾ ਹੋਇਆ ਤਾਂ ਸੀ ਉਸ ਦਾ ਗਰਭ ਛੇ ਮਹੀਨਿਆਂ ਵਿੱਚ ਗਿਰ ਗਿਆ ਸੀ। ਉਦੋ ਉਹਨਾਂ ਦੇ ਸ਼ਰੀਕੇ ਵਿੱਚ ਭੂਆ ਬਚਨੋ ਨੇ ਉਹਨਾਂ ਨੂੰ ਟਿੱਲੇ ਵਾਲੇ ਬਾਬੇ ਦੱਸ ਪਈ ਸੀ।
ਭਾਈ ਗੇਬੋ ਨੂੰ ਬਾਬੇ ਕੋਲ ਲੈ ਕੇ ਜਾ ਇਹਨੂੰ ਤਾਂ ਹੀ ਫਾਇਦਾ ਹੋਣਾ ਆ।ਬਾਬੇ ਦੇ ਫਲ ਝੋਲੀ ਪਾਉਣ ਤੋ ਬਾਅਦ ਹੀ ਜੈਲੇ ਦਾ ਜਨਮ ਹੋਇਆ ਸੀ। ਉਦੋਂ ਬਾਬਾ ਜੀ ਨੇ ਫਲ ਝੋਲੀ ਪਾਉਂਦੇ ਹੋਇਆ ਕਿਹਾ ਵੀ ਸੀ”ਭਾਈ ਤੇਰਾ ਪੁੱਤ ਵੱਡਾ ਹੋ ਕੇ ਅਫਸਰ ਬਣੇਗਾਂ” ਗੇਬੋ ਨੇ ਹਾਸੇ ਵਿੱਚ ਕਿਹਾ ਸੀ ਬਾਬਾ ਜੀ ਪੁੱਤ ਹੀ ਹੋਜੇ ਇਨ੍ਹਾਂ ਹੀ ਬਹੁਤ ਬਾਬਾ ਜੀ ਮੇਰੇ ਲਈ । ਉਦੋ ਕਿੰਨੇ ਸੋਚਿਆ ਸੀ ਉਹ ਸੱਚੀ ਫੌਜ ਵਿੱਚ ਚਲੇ ਜਾਵੇਗਾ।ਜੈਲਾ ਜਦੋ ਨਿੱਕਾ ਹੁੰਦਾ ਸੀ ਤਾਂ ਉਸਨੇ ਸੜਕ ਜਾਂਦੀ ਫੌਜ ਦੀ ਗੱਡੀ ਦੇਖ ਆਪਣੀ ਤੋਤਲੀ ਜ਼ੁਬਾਨ ਵਿੱਚ ਗੇਬੋ ਨੂੰ ਕਹਿਣਾ ” ਬੀਬੀ ਮੈ ਬੱਡਾ ਹੋ ਕੇ ਫੋਜੀ ਬੰਣੂ” ਤੇ ਫੌਜੀ ਦੀ ਗੱਡੀ ਨੂੰ ਬਾਏ_ਬਾਏ ਕਰੀ ਜਾਣਾ।ਗੇਬੋ ਨੇ ਹਾਸੇ-ਹਾਸੇ ਵਿੱਚ ਕਹਿਣਾ ਚੰਗਾ ਪੁੱਤ ਫੌਜੀ ਬਣਜੀ। ਜੈਲਾ ਹੌਲੀ-ਹੌਲੀ ਪੜ੍ਹਾਈ ਕਰਦਾ ਹੋਇਆ ਕਦ ਬਾਰ੍ਹਾਂ ਕਲਾਸਾਂ ਕਰ ਗਿਆ ਗੇਬੋ ਹੁਰਾਂ ਨੂੰ ਪਤਾ ਹੀ ਲੱਗਾ। ਜਦ ਉਸਦਾ ਬਾਰ੍ਹਵੀਂ ਦਾ ਨਤੀਜਾ ਆਇਆ ਤਾਂ ਉਹ ਜੈਬੋ ਅਤੇ ਗੇਬੋ ਨੂੰ ਕਹਿਣਾ ਲੱਗਾ “ਬੀਬੀ-ਬਾਪੂ ਮੈ ਫੌਜ ਚ ਜਾਣਾ ਚਾਹੁੰਦਾ ਆ”। ਉਦੋ ਗੇਬੋ ਕਹਿਣ ਲੱਗੀ ਪੁੱਤ ਤੂੰ ਹੋਰ ਕਿਸੇ ਚੀਜ਼ ਦੀ ਤਿਆਰੀ ਕਰ ਲਾ ਅਤੇ ਨਾਲ ਪੜ੍ਹਾਈ ਕਰ ਜਾ ਮੇਰਾ ਨੀ ਚਿੱਤ ਕਰਦਾ ਤੈਨੂੰ ਫੌਜ ਵਿੱਚ ਘੱਲਣ ਨੂੰ।ਜੈਲਾ ਅੱਗੋਂ ਕਹਿਣ ਲੱਗਾ ਬੀਬੀ ਮੇਰਾ ਇਹ ਬਚਪਨ ਦਾ ਸੁਪਨਾ ਮੈ ਫੌਜੀ ਬਣਨਾ ਆ। ਦੇਖ ਬਾਪੂ ਬੀਬੀ ਨੂੰ ਕਹਿ ਮੈ ਫੌਜੀ ਬਣਨਾ ਆ ਤਾਂ ਅੱਗੋਂ ਜੈਬਾ ਕਹਿਣ ਲੱਗਾ “ਚੰਗਾ ਪੁੱਤ ਤੈਨੂੰ ਜਿਵੇ ਚੰਗਾ ਲੱਗੇ ਕਰਲਾ ਜੇ ਇਹ ਕਰਨ ਨੂੰ ਤੇਰਾ ਜੀਅ ਕਰਦਾ ਤਾਂ ਤੂੰ ਫੌਜ ਦੀ ਤਿਆਰੀ ਕਰ ਲਾ ਤੇਰੀ ਖੁਸ਼ੀ ਚ ਸਾਡੀ ਖੁਸ਼ੀ ਆ। ਹੈਨਾ ਗੇਬੋ! ਤਾਂ ਗੇਬੋ ਕਹਿਣ ਲੱਗੀ ਜਦ ਤੁਸੀਂ ਪਿਉ-ਪੁੱਤ ਨੇ ਸਲਾਹ ਕਰ ਈ ਤਾਂ ਮੈ ਕੀ ਕਹਿ ਸਕਦੀ ਆ।
ਜੈਲਾ ਅਤੇ ਇੱਕ ਹੋਰ ਪਿੰਡ ਦਾ ਮੁੰਡਾ ਫੌਜ ਦੀ ਤਿਆਰੀ ਕਰਨ ਵਿੱਚ ਜੁੱਟ ਗਏ।ਦੋਹਾਂ ਨੇ ਸਵੇਰ ਤੇ ਸ਼ਾਮ ਨੂੰ ਤਿਆਰੀ ਕਰਨੀ ਸੁਰੂ ਕਰ ਦਿੱਤੀ ਤੇ ਜਲਦੀ ਹੀ ਫੌਜ ਦੀ ਭਰਤੀ ਦੇ ਫਾਰਮ ਨਿਕਲ ਆਏ। ਜੈਲਾ ਅਤੇ ਉਸਦੇ ਦੋਸਤ ਨੇ ਫਾਰਮ ਭਰ ਦਿੱਤੇ।ਮਹੀਨੇ ਕੁ ਬਾਅਦ ਫੌਜ ਦੀ ਭਰਤੀ ਦੀ ਤਾਰੀਖ ਆ ਗਈ।ਜੈਲਾ ਅਤੇ ਉਸਦਾ ਯਾਰ ਦੋਵੇਂ ਬਠਿੰਡੇ ਵਿੱਚ ਭਰਤੀ ਦੇਖਣ ਚਲੇ ਗੲਏ। ਦੋਵੇਂ ਹੀ ਕਿੰਨੇ ਖੁਸ਼ ਹੋਏ ਸਨ । ਜਦ ਉਹਨਾਂ ਨੇ ਭਰਤੀ ਹੋਣ ਵਾਲੀ ਖਬਰ ਘਰ ਸਾਂਝੀ ਕੀਤੀ ਸੀ। ਜਦ ਗੇਬੋ ਨੇ ਪਹਿਲੀ ਵਾਰ ਜੈਲੇ ਨੂੰ ਘਰੋਂ ਤੋਰਿਆ ਸੀ ਤਾਂ ਉਹ ਕਿੰਨੀ ਭਾਵੁਕ ਹੋ ਗਈ ਸੀ। ਉਹ ਕਿੰਨਾ ਚਿਰ ਘਰ ਦੇ ਬੂਹੇ ਨੂੰ ਢੋਅ ਕੇ ਰੌਦੀ ਰਹੀ ਅਤੇ ਜੈਬੇ ਨੇ ਆ ਕੇ ਮਸਾ ਚੁੱਪ ਕਰਵਾਇਆ ਸੀ ਉਹਨੂੰ। ਜਦ ਪਹਿਲੀ ਵਾਰ ਜੈਲਾ ਘਰ ਆਇਆ ਤਾਂ ਉਹ ਉਸ ਤੋਂ ਵਾਰੇ ਵਾਰੇ ਗਈ । ਕਿੰਨਾ ਚਿਰ ਉਹਨੂੰ ਆਪਣੀ ਬੁੱਕਲ ਵਿੱਚ ਲੈ ਕੇ ਲਾਡ ਕਰਦੀ ਰਹੀ ਤੇ ਜੈਲਾ ਉਸਨੂੰ ਆਪਣੇ ਫੌਜ ਦੇ ਅਨੁਭਵ ਸੁਣਾਉਂਦਾ ਰਿਹਾ । ਉਹ ਗੇਬੋ ਨੂੰ ਕਹਿੰਦਾ” ਬੀਬੀ ਕਈ ਵਾਰ ਸਾਨੂੰ ਬਰਫ਼ ਵਿੱਚੋਂ ਲੰਘਣਾ ਪੈਦਾ ਚਾਰ-ਚਾਰ ਕਿਲੋਮੀਟਰ ਤੱਕ” ਇਹ ਸੁਣ ਅੱਗੋ ਗੇਬੋ ਕਹਿੰਦੀ “ਬੂ ਮੈ ਮਰਗੀ ਪੁੱਤ ਇੰਨਾ ਔਖਾ ਕਰਦੇ ਆ ਫੌਜ ਵਿੱਚ ਤੁਹਾਨੂੰ”। ਇਹ ਸੁਣ ਕੇ ਗੇਬੋ ਨੇ ਕੰਨਾ ਤੇ ਹੱਥਾਂ ਰੱਖ ਲਏ ਤੇ ਜੈਲੇ ਨੇ ਅੱਗੋ ਖੁਸ਼ ਹੋ ਕੇ ਕਹਿੰਦਾ ਬੀਬੀ ਸਾਨੂੰ ਮਜ਼ਾ ਵੀ ਬਹੁਤ ਆਉਂਦਾ ਆ ਅਸੀ ਦੇਸ਼ ਲਈ ਲੜ ਰਹੇ ਆ।ਜੇ ਕਦੇ ਬੀਬੀ ਮੈਨੂੰ ਦੇਸ਼ ਲਈ ਕੁਰਬਾਨ ਹੋਣ ਦਾ ਮੌਕਾ ਮਿਲਿਆ ਮੈ ਜਰੂਰ ਸ਼ਹੀਦ ਹੋਊਗਾ।ਜਦ ਇਹ ਗੱਲ ਜੈਲਾ ਨੇ ਕਹੀ ਤਾ ਗੇਬੋ ਉਦਾਸ ਹੋ ਕੇ ਕਹਿਣ ਲੱਗੀ ਪੁੱਤ ਇਹ ਖਬਰ ਸੁਨਣ ਪਹਿਲਾ ਮੈ ਮਰਜਾ। ਮੇਰੇ ਪੁੱਤ ਨੂੰ ਰੱਬਾ ਮੇਰੀ ਉਮਰ ਲੱਗਜੇ। ਉਹ ਅਜੇ ਆਪਸ ਵਿੱਚ ਬਚਪਨ ਤੇ ਫੌਜ ਵਾਲੀਆਂ ਗੱਲਾਂ ਕਰ ਹੀ ਰਹੇ ਸਨ ਕਿ ਉਦੋ ਉਹਨਾ ਵਿਹੜੇ ਵਿੱਚੋਂ ਲੱਗਦੇ ਮੱਘਰ ਦਾ ਮੁੰਡਾ ਭੱਜਿਆ ਭੱਜਿਆ ਆਇਆ ਤਾਂ ਗੇਬੋ ਭੱਜੇ ਆਉਦੇ ਨੂੰ ਵੇਖ ਜੱਕ ਦਮ ਠੰਠਬਰ ਗਈ ਜਿਵੇ ਸਵੇਰ ਵਾਲਾ ਲੱਗ ਰਿਹਾ ਡਰ ਸੱਚ ਹੋਣ ਵਾਲਾ ਹੋਵੇ।ਉਸਨੇ ਆਪਣੇ ਆਪ ਨੂੰ ਸਾਂਭਦੇ ਹੋਏ ਪੁੱਛਣ ਲੱਗੀ “ਹੈਅ ਵੇ ਤੂੰ ਕਿਵੇ ਜੀਤੇ ਗੋਲੀ ਤਰ੍ਹਾਂ ਭੱਜਿਆ ਆਉਂਦਾ ਆ”।ਉਹ ਆਪਣੀ ਉਹ ਆਪਣੀ ਤੋਤਲੀ ਜ਼ੁਬਾਨ ਕਹਿੰਦਾ “ਮੈ ਤਾਂ ਬੀਬੀ ਤੁਹਾਨੂੰ ਇਹ ਦੱਸਛਣ ਆਇਆ ਆ ਆਪਣੇ ਜੈਲੇ ਬੀਰੇ ਦੀ ਫੋਟੋ ਟੀ.ਵੀ ਤੇ ਆ ਰਹੀ ਆ ਤੁਛੀ ਨੀ ਦੇਖੀ।ਨਾ ਅਸੀ ਤਾ ਨੀ ਦੇਖੀ ਕਦੋਂ ਕੁ ਦੀ ਆ ਰਹੀ ਵੇ ਫੋਟੋ ਟੀ.ਵੀ ਤੇ।ਪਤਾ ਨੀ ਬੀਬੀ ਬਾਪੂ ਨੂੰ ਪਤਾ ਹੋਊ। ਉਹ ਇਹ ਕਹਿੰਦਾ ਹੋਇਆ ਜਿਵੇਂ ਆਇਆ ਸੀ ਉਵੇ ਫਿਰ ਆਪਣੇ ਘਰ ਭੱਜ ਗਿਆ।ਜੈਬੇ ਨੇ ਗੇਬੋ ਨੂੰ ਕਿਹਾ ਤੂੰ ਅੰਦਰ ਜਾ ਕੇ ਟੀ.ਵੀ ਤੇ ਦੇਖ ਕੀ ਖਬਰ ਆ ਰਹੀ।ਮੈ ਜਰਾ ਲੱਕ ਸਿੱਧਾ ਕਰਲਾ ਮੰਜੇ ਤੇ। ਗੇਬੋ ਅੰਦਰ ਗਈ ਤਾ ਉਸਨੇ ਹੌਸਲੇ ਕਰਕੇ ਟੀ.ਵੀ ਨੂੰ ਲਾਇਆ ਪਹਿਲਾਂ ਤਾਂ ਕਿੰਨਾ ਚਿਰ ਉਸਨੂੰ ਖਬਰਾਂ ਵਾਲਾ ਚੈਨਲ ਈ ਨਾ ਲੱਭਾ। ਉਹ ਆਪਣੇ ਮਨ ਵਿੱਚ ਅਰਦਾਸ ਕਰਨ ਲੱਗੀ “ਹੇ ਵਾਖਰੂ ਭਲੀ ਕਰੀ।” ਉਹ ਚੈਨਲ ਲੱਭਦੀ-ਲੱਭਦੀ ਖਬਰਾਂ ਵਾਲੇ ਚੈਨਲ ਆ ਗਈ।
ਖਬਰਾਂ ਵਾਲੇ ਚੈਨਲ ਤੇ ਵਾਰ-ਵਾਰ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਜੁਆਨਾ ਦੀ ਤਸਵੀਰ ਆ ਰਹੀ ਸੀ। ਇਹ ਜੁਆਨਾ ਵਿੱਚ ਉਸਦਾ ਜੇੈਲੇ ਤੇ ਉਸਦਾ ਜੋ ਪਿੰਡੋ ਦੋਸਤ ਉਸ ਨਾਲ ਫੌਜ ਦੀ ਭਰਤੀ ਦੇਖਣ ਗਿਆ ਸੀ। ਉਹਨਾਂ ਦੋਹਾਂ ਦੀ ਵੀ ਹੋਰ ਸ਼ਹੀਦ ਵਾਲੇ ਜੁਆਨਾ ਨਾਲ ਫੋਟੋ ਆ ਰਹੀ ਸੀ।ਫੋਟੋਆਂ ਨੂੰ ਵੇਖ ਸਾਰ ਗੋਬੇ ਨੇ ਆਪਣੇ ਦੋਹਾਂ ਪੱਟਾ ਤੇ ਜੋਰ ਦੀ ਦੁਹੱਥੜ ਮਾਰਿਆ ਤੇ ਚੀਕ ਵਰਗਾ ਵੈਣ ਪਾਇਆ “ਵੇ ਤੇਰੇ ਵਰਗੇ ਸੂਰਮਿਆਂ ਪੁੱਤਾ ਵੈਰੀਆਂ ਨੂੰ ਡਾਹ ਦਿੰਦੇ ਨੇ”। ਉਸਨੇ ਵੈਣਾ ਨੇ ਦੁਪਹਿਰ ਦੀ ਸ਼ਾਤੀ ਨੂੰ ਭੰਗ ਕਰ ਦਿੱਤਾ ਤੇ ਉਹ ਟੀ.ਵੀ ਵਾਲੇ ਅੰਦਰ ਈ ਹੀ ਬੇਸੁੱਧ ਹੋ ਕੇ ਡਿੱਗ ਪਈ।ਜੈਬਾ ਬਾਹਰੋਂ ਵਿਹੜੇ ਵਿੱਚੋਂ ਮੰਜੇ ਤੋ ਛੇਤੀ ਨਾਲ ਭੱਜ ਕੇ ਅੰਦਰ ਆਇਆ ਤੇ ਉਸਨੇ ਗੁਆਂਢੀਆਂ ਦੀ ਮਦਦ ਨਾਲ ਬੇਸੁੱਧ ਹੋ ਗਈ ਗੇਬੋ ਚੁੱਕ ਕੇ ਮੰਜੀ ਪਾਇਆ। ਸਾਰੇ ਪਿੰਡ ਵਿੱਚ ਸੋਗ ਮਾਹੌਲ ਬਣ ਗਿਆ।ਗੇਬੋ ਨੂੰ ਜਦ ਹੋਸ਼ ਆਈ ਤਾਂ ਉਹ ਆਪਣੇ ਵਾਲਾ ਨੂੰ ਖਿਲਾਰ ਕੇ ਫਿਰ ਉੱਚੀਉੱਚੀ ਵੈਣ ਪਾਉਣ ਲੱਗ ਪਈ। ਜਦ ਜੈਲੇ ਅਤੇ ਉਸ ਦੇ ਦੋਸਤ ਦੀ ਮਿ੍ਤਕ ਦੇਹ ਪਿੰਡ ਆਈ ਤਾ ਇੱਕ ਅਜੀਬ ਜਿਹੀ ਚੁੱਪ ਛਾ ਗਈ ਸੀ। ਜਿਸਨੂੰ ਗੇਬੋ ਅਤੇ ਜੈਲੇ ਦੇ ਦੋਸਤ ਦੇ ਪਰਿਵਾਰ ਦੀਆਂ ਔਰਤਾਂ ਉੱਚੀ ਉੱਚੀ ਵੈਣ ਪਾ ਕੇ ਤੋੜ ਰਹੀਆਂ ਸਨ। ਜੈਲੇ ਅਤੇ ਉਸਦੇ ਦੋਸਤ ਨੂੰ ਸਸਕਾਰ ਲਈ ਪਿੰਡ ਦੇ ਸ਼ਮਸਾਨ ਘਾਟ ਲਿਜਾਇਆ ਗਿਆ ਅਤੇ ਬੰਦੂਕਾਂ ਨਾਲ ਸਲਾਮੀ ਦਿੱਤੀ ਗਈ। ਪਿੰਡ ਦੇ ਵਿੱਚ ਪੂਰੇ ਸੱਤ ਦਿਨ ਸੋਗ ਮਨਾਇਆ ਗਿਆ। ਭੋਗ ਵਾਲੇ ਦਿਨ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਨੌਜਵਾਨਾਂ ਦੀਆਂ ਕੁਰਬਾਨੀ ਯਾਦ ਕੀਤਾ ਗਿਆ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਭਰੋਸਾ ਦਿੱਤਾ।
ਵਕਤ ਹੌਲੀ-ਹੌਲੀ ਫਿਰ ਰਫਤਾਰ ਫੜਨ ਲੱਗਾ।ਹੁਣ ਪਿੰਡ ਵਿੱਚ ਵੀ ਜੈਲੇ ਅਤੇ ਉਸਦੇ ਦੋਸਤ ਦੀ ਚਰਚਾ ਘੱਟ ਗਈ।ਜੈਲੇ ਦੀ ਮੌਤ ਨੇ ਗੇਬੋ ਹੁਰਾਂ ਦੇ ਹੌਸਲੇ ਵਾਲਾ ਲੱਕ ਹੀ ਤੋੜ ਦਿੱਤਾ। ਜਿਸ ਕਾਰਨ ਉਹਨਾਂ ਦੀ ਆਰਥਿਕ ਹਾਲਤ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਹੋ ਗਈ।ਪਿੰਡ ਦੇ ਹੁਰਾਂ ਬੰਦਿਆਂ ਨੇ ਸਰਪੰਚ ਨਾਲ ਸਲਾਹ ਕਰਕੇ ਜੈਲੇ ਅਤੇ ਉਸਦੇ ਦੋਸਤ ਦੇ ਪਰਿਵਾਰ ਨੂੰ ਕੋਈ ਸਰਕਾਰੀ ਸਹੂਲਤ ਦਿਵਾਉਣ ਲਈ ਅਫਸਰਾਂ ਨਾਲ ਮਿਲਣਾ ਸ਼ੁਰੂ ਕਰ ਦਿੱਤਾ।ਪਹਿਲੇ ਤਾ ਕਿੰਨੇ ਦਿਨ ਸਰਕਾਰੀ ਦਫ਼ਤਰ ਵਾਲਿਆਂ ਨੇ ਉਹਨਾਂ ਦੀ ਗੱਲ ਹੀ ਨਾ ਸੁਣੀ।ਫਿਰ ਕਿਸੇ ਦੀ ਸਿਫਾਰਿਸ਼ ਪਵਾਂ ਕੇ ਉਹ ਵੱਡੇ ਅਫਸਰ ਨੂੰ ਮਿਲੇ ਤਾ ਉਸਨੇ ਸ਼ਹੀਦ ਦੇ ਪਰਿਵਾਰਾਂ ਨੂੰ ਨਾਲ ਲੈ ਆਉਣ ਦਾ ਕਹਿ ਕੇ ਦੋ ਦਿਨ ਬਾਅਦ ਆਉਣ ਦਾ ਟਾਇਮ ਦਿੱਤਾ।ਦੋ ਦਿਨ ਬਾਅਦ ਗੇਬੋ ਅਤੇ ਉਹਨਾਂ ਦੇ ਗੁਆਂਢ ਜੋ ਜੈਲੇ ਨਾਲ ਮੁੰਡਾ ਸ਼ਹੀਦ ਹੋਇਆ ਸੀ।ਉਸਦੀ ਮਾਂ ਸਣੇ ਪਿੰਡ ਦਾ ਸਰਪੰਚ ਵੱਡੇ ਅਫਸਰ ਨੂੰ ਮਿਲਣ ਲਈ ਚਲੇ ਗਏ।ਜਦ ਉਹ ਦਫ਼ਤਰ ਪਹੁੰਚੇ ਤਾ ਉਹਨਾਂ ਨੂੰ ਸ਼ਹੀਦ ਦੇ ਪਰਿਵਾਰ ਦੇ ਵਾਰਿਸ ਹੋਣ ਕਰਕੇ ਚਾਹ ਪਾਣੀ ਪਿਆਇਆਂ ਗਿਆ। ਕੁੱਝ ਸਮੇ ਬਾਅਦ ਵੱਡਾ ਅਫਸਰ ਵੀ ਆ ਗਿਆ। ਉਹ ਆਪਣੀ ਕੁਰਸੀ ਤੇ ਬੈਠਣ ਤੋ ਬਾਅਦ ਕਹਿਣ ਲੱਗਾ “ਬੀਬੀ ਸਾਨੂੰ ਤੁਹਾਡੇ ਪੁੱਤਾ ਦੀ ਸ਼ਹੀਦੀ ਤੇ ਮਾਣ ਆ”। ਇਹ ਸੁਣਦੇ ਸਾਰ ਹੀ ਗੇਬੋ ਦੀਆਂ ਅੱਖਾਂ ਫਿਰ ਭਰ ਆਈਆਂ ।ਪਰ ਸਾਡੀਆਂ ਵੀ ਕੁੱਝ ਮਜਬੂਰੀਆਂ ਨੇ। ਅਸੀ ਤੁਹਾਡੀ ਤਕਲੀਫ਼ ਨੂੰ ਸਮਝਦੇ ਆ।ਪਰ ਅਸੀ ਵੀ ਕੁਛ ਜਿਆਦਾ ਨੀ ਦੇ ਸਕਦੇ ਸਿਵਾਏ ਤੁਹਾਡੀ ਸ਼ਹੀਦ ਦੇ ਵਾਰਿਸ ਹੋਣ ਤੇ ਨਾਂ ਤੇ ਪੈਨਸ਼ਨ ਲਾਉਣ ਤੋ ਬਿਨਾਂ। ਰੋਜ਼ ਕੋਈ ਨਾ ਕੋਈ ਬਾਰਡਰ ਤੇ ਜਵਾਨ ਸ਼ਹੀਦ ਹੋ ਜਾਂਦਾ ਆ।ਰੋਜ਼ ਈ ਕੋਈ ਨਾ ਕੋਈ ਸਿਵਾ ਮੱਚਦਾ ਆ। ਦੱਸੋ ਕਿਸ-ਕਿਸ ਦੀ ਮਦਦ ਕਰੀਏ। ਉਹ ਇਨ੍ਹਾਂ ਕਹਿ ਕੇ ਬਾਹਰ ਚਲਾ ਗਿਆ। ਇੰਨੇ ਨੂੰ ਟੀ.ਵੀ ਤੇ ਫਿਰ ਹੋਰ ਚਾਰ ਜਵਾਨਾਂ ਦੇ ਸ਼ਹੀਦ ਹੋਣ ਖਬਰ ਆ ਗਈ।
ਗੇਬੋ ਦੇ ਮਨ ਵਿੱਚ ਫਿਰ ਇੱਕ ਵਾਰ ਹੌਕਾ ਉੱਠਿਆ। ਉਸਨੇ ਲੱਗਾ ਜਿਵੇ ਫਿਰ ਉਸਦਾ ਜੈਲਾ ਸ਼ਹੀਦ ਹੋ ਗਿਆ ਹੋਵੇ ਅੱਜ। ਉਸਨੇ ਮਨ ਵਿੱਚ ਆਇਆ ਪਤਾ ਨੀ ਕਿੰਨਾ ਚਿਰ ਹੋਰ ਇਹ ਸਿਵੇ ਮੱਚਦੇ ਰਹਿਣਗੇ। ਉਹ ਦਫ਼ਤਰ ਤੋ ਨਿਕਲ ਕੇ ਪਿੰਡ ਦੇ ਬੰਦਿਆਂ ਦੇ ਮਗਰ ਭਰੇ ਮਨ ਨੂੰ ਲੈ ਕੇ ਤੁਰ ਪਈ।
-ਸੰਦੀਪ ਭੁੱਲਰ