ਆਜ਼ਾਦੀ ਪਿੱਛੋਂ ਪਹਿਲੀ ਵਾਰ ਮਹਿਲਾ ਨੂੰ ਫਾਂਸੀ ਲਾਈ ਜਾਵੇਗੀ
ਮਥੁਰਾ/ਲਖਨਊ, 18 ਫਰਵਰੀ – ਉਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲੇ੍ਹ ਵਿੱਚ 13 ਸਾਲ ਪਹਿਲਾਂ ਹੋਏ ਕਤਲ ਕਾਂਡ ਦੀ ਦੋਸ਼ਣ ਸ਼ਬਨਮ ਅਤੇ ਉਸ ਦੇ ਪ੍ਰੇਮੀ ਸਲੀਮ ਨੂੰ ਇਕੱਠੇ ਫਾਂਸੀ ਲਟਕਾਇਆ ਜਾਏਗਾ। ਅਪ੍ਰੈਲ 2008 ਵਿੱਚ ਹੋਏ ਇਸ ਕਾਂਡ ਬਾਰੇ ਟਰਾਇਲ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਫਾਂਸੀ ਦੀ ਸਜ਼ਾ ‘ਤੇ ਮੋਹਰ ਲਾ ਚੁੱਕੇ ਹਨ। ਸ਼ਬਨਮ ਨੇ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ 15 ਫਰਵਰੀ ਨੂੰ ਠੁਕਰਾ ਦਿੱਤਾ ਹੈ।
ਭਾਰਤ ਨੂੰ ਆਜ਼ਾਦੀ ਮਿਲਣ ਪਿੱਛੋਂ ਸ਼ਬਨਮ ਪਹਿਲੀ ਅਜਿਹੀ ਔਰਤ ਹੋਵੇਗੀ ਜਿਸ ਨੂੰ ਮਥੁਰਾ ਜ਼ਿਲ੍ਹਾ ਜੇਲ੍ਹ ਵਿਚਲੇ ਇਕਲੌਤੇ ਮਹਿਲਾ ਫਾਂਸੀਘਰ ਵਿੱਚ ਫਾਂਸੀ ਦਿੱਤੀ ਜਾਏਗੀ। ਇਹ ਜੇਲ੍ਹ 1866 ਵਿੱਚ ਬਣੀ ਸੀ, ਓਦੋਂ ਇਥੇ ਔਰਤਾਂ ਦੇ ਲਈ ਫਾਂਸੀਘਰ ਬਣਾਇਆ ਗਿਆ ਸੀ। ਇਸ ਵਿੱਚ ਕਿਸੇ ਔਰਤ ਨੂੰ ਮੌਤ ਦੀ ਸਜ਼ਾ ਦੇਣ ਦਾ ਇਹ ਪਹਿਲਾ ਕੇਸ ਹੋਵੇਗਾ। ਜੇਲ੍ਹ ਸੁਪਰਡੈਂਟ ਸ਼ੈਲੇਂਦਰ ਮੈਤ੍ਰੇਯ ਨੇ ਦੱਸਿਆ ਕਿ ਰਹਿਮ ਦੀ ਅਪੀਲ ਰੱਦ ਹੋਣ ਪਿੱਛੋਂ ਫਾਂਸੀ ਦੀ ਤਿਆਰੀ ਸ਼ੁਰੂ ਹੋ ਗਈ ਸੀ। ਫਾਂਸੀ ਦੀਆਂ ਦੋ ਰੱਸੀਆਂ ਬਿਹਾਰ ਦੇ ਬਕਸਰ ਤੋਂ ਮੰਗਵਾਈਆਂ ਗਈਆਂ ਹਨ। ਅਦਾਲਤ ਤੋਂ ਤਰੀਕ ਤੈਅ ਹੁੰਦੇ ਸਾਰ ਫਾਂਸੀਘਰ ਵਿੱਚ ਟਰਾਇਲ ਕਰਾਇਆ ਜਾਏਗਾ। ਜੇਲ੍ਹ ਪ੍ਰਸ਼ਾਸਨ ਨੇ ਮੇਰਠ ਦੇ ਜੱਲਾਦ ਪਵਨ ਕੁਮਾਰ ਨੂੰ ਸੱਦ ਕੇ ਫਾਂਸੀਘਰ ਦੀ ਜਾਂਚ ਕਰਵਾ ਲਈ ਹੈ। ਨਿਰਭੈਯਾ ਦੇ ਦੋਸ਼ੀਆਂ ਨੂੰ ਫਾਂਸੀ ਉੱਤੇ ਲਟਕਾ ਚੁੱਕੇ ਪਵਨ ਨੇ ਦੱਸਿਆ ਕਿ ਮਥੁਰਾ ਜੇਲ੍ਹ ਵਿੱਚ ਫਾਂਸੀ ਦਾ ਤਖਤਾ ਟੁੱਟਾ ਸੀ, ਉਸ ਨੂੰ ਬਦਲ ਦਿੱਤਾ ਗਿਆ ਹੈ। ਲੀਵਰ ਵੀ ਜਾਮ ਹੋ ਚੁੱਕਾ ਸੀ, ਉਸ ਨੂੰ ਠੀਕ ਕੀਤਾ ਜਾ ਚੁੱਕਾ ਹੈ ਤੇ ਫਾਂਸੀ ਦੇਣ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਸ਼ਬਨਮ ਨਾਲ ਲੋਕਾਂ ਦੀ ਨਫਰਤ ਦਾ ਅਸਰ ਹੈ ਕਿ ਬਾਵਨਖੇੜੀ ਵਿੱਚ ਇਸ ਹੱਤਿਆਕਾਂਡ ਦੇ ਬਾਅਦ ਪਿੰਡ ਵਿੱਚ ਕਿਸੇ ਬੱਚੀ ਦਾ ਨਾਮ ਸ਼ਬਨਮ ਨਹੀਂ ਰੱਖਿਆ ਜਾਂਦਾ। ਸ਼ਬਨਮ ਇੱਕ ਬੱਚੇ ਦੀ ਮਾਂ ਹੈ। ਜਦ ਪਰਵਾਰ ਦੀ ਸਮੂਹਿਕ ਹੱਤਿਆ ਹੋਈ, ਉਦੋਂ ਉਹ ਦੋ ਮਹੀਨੇ ਦੀ ਗਰਭਵਤੀ ਸੀ। ਸੱਤ ਸਾਲ ਜੇਲ੍ਹ ਵਿੱਚ ਮਾਂ ਨਾਲ ਰਹਿਣ ਦੇ ਬਾਅਦ ਬੇਟਾ ਤਾਜ ਮੁਹੰਮਦ ਅੱਜਕੱਲ੍ਹ 12 ਸਾਲ ਦਾ ਹੋ ਗਿਆ ਹੈ। ਉਸ ਦੀ ਦੇਖਭਾਲ ਇੱਕ ਪਰਵਾਰ ਕਰ ਰਿਹਾ ਹੈ।
ਸ਼ਬਨਮ, ਬਾਵਨਖੇੜੀ ਪਿੰਡ ਦੇ ਅਧਿਆਪਕ ਸ਼ੌਕਤ ਅਲੀ ਦੀ ਇਕਲੌਤੀ ਬੇਟੀ ਹੈ। ਐਮ ਏ ਕਰ ਕੇ ਉਹ ਬੈਚਮੇਟ (ਸਿੱਖਿਆਮਿੱਤਰ) ਬਣ ਗਈ ਅਤੇ ਪਿੰਡ ਦੇ 8ਵੀਂ ਪਾਸ ਸਲੀਮ ਨਾਲ ਉਸ ਨੂੰ ਪਿਆਰ ਹੋ ਗਿਆ। ਦੋਵਾਂ ਦਾ ਵਿਆਹ ਸ਼ਬਨਮ ਦੇ ਪਰਵਾਰ ਨੂੰ ਮਨਜ਼ੂਰ ਨਹੀਂ ਸੀ। 14 ਅਪ੍ਰੈਲ 2008 ਦੀ ਰਾਤ ਸ਼ਬਨਮ ਨੇ ਪੂਰੇ ਪਰਵਾਰ ਨੂੰ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਖੁਆ ਕੇ ਸਲੀਮ ਨਾਲ ਮਿਲ ਕੇ ਸੁੱਤੇ ਪਏ ਪਿਤਾ, ਮਾਂ ਹਾਸ਼ਮੀ, ਭਰਾ ਅਨੀਸ, ਰਾਸ਼ਿਦ, ਭਰਜਾਈ ਅੰਜੁਮ, ਫੁਫੇਰੀ ਭੈਣ ਰਾਬੀਆ ਅਤੇ 10 ਮਹੀਨੇ ਦੇ ਭਤੀਜੇ ਅਰਸ਼ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ।