ਤਰਨਤਾਰਨ, 19 ਜਨਵਰੀ – ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹਾ ਤਰਨਤਾਰਨ ਵਿੱਚ ਇੱਕ ਦਰਜਨ ਦੇ ਕਰੀਬ ਪੈਟਰੋਲ ਪੰਪਾਂ ਅਤੇ ਮੈਡੀਕਲ ਸਟੋਰਾਂ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟਣ ਅਤੇ ਰਾਹ ਜਾਂਦੇ ਲੋਕਾਂ ਤੋਂ ਹਥਿਆਰਾਂ ਦੀ ਨੋਕ ਤੇ ਗੱਡੀਆਂ ਖੋਹਣ ਵਾਲੇ ਪੰਜ ਮੈਂਬਰੀ ਗੈਂਗ ਅਤੇ ਤਰਨਤਾਰਨ ਪੁਲਸ ਵਿਚਕਾਰ ਭਾਰੀ ਗੋਲੀਬਾਰੀ ਵਿੱਚ ਇੱਕ ਲੁਟੇਰੇ ਦੀ ਮੌਤ ਹੋ ਗਈ ਅਤੇ ਚਾਰ ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪੁਲਸ ਨੇ ਗ਼੍ਰਿਫ਼ਤਾਰ ਕਰ ਲਿਆ ਹੈ। ਲੁਟੇਰਿਆਂ ਵੱਲੋਂ ਚਲਾਈਆਂ ਗੋਲੀਆਂ ਨਾਲ ਪੁਲਸ ਦੇ ਦੋ ਮੁਲਾਜ਼ਮ ਵੀ ਗੰਭੀਰ ਜ਼ਖ਼ਮੀ ਹੋਏ ਹਨ। ਲੁਟੇਰਿਆਂ ਤੋਂ ਤਿੰਨ ਪਿਸਟਲ 32 ਬੋਰ, ਚਾਰ ਜ਼ਿੰਦਾ ਕਾਰਤੂਸ, 80562 ਰੁਪਏ ਨਕਦੀ, ਅਫ਼ੀਮ, ਸਮੈਕ ਤੇ ਕਾਫੀ ਨਸ਼ੀਲੀਆਂ ਗੋਲੀਆਂ ਮਿਲੀਆਂ ਹਨ। ਗ਼੍ਰਿਫ਼ਤਾਰ ਕੀਤੇ ਲੁਟੇਰੇ ਜ਼ਿਲ੍ਹਾ ਤਰਨਤਾਰਨ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਰੋਪੜ ਅਤੇ ਲੁਧਿਆਣੇ ਵਰਗੇ ਵੱਡੇ ਸ਼ਹਿਰਾਂਚ ਵੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰ ਚੁੱਕੇ ਹਨ।
ਤਰਨਤਾਰਨ ਵਿਖੇ ਪ੍ਰੈਸ ਕਾਨਫ਼ਰੰਸ ਵਿੱਚ ਐਸ ਐਸ ਪੀ ਧਰੁਮਨ ਐਚ ਨਿੰਬਾਲੇ ਨੇ ਦੱਸਿਆ ਕਿ ਪੰਜ ਲੁਟੇਰੇ ਪਿੰਡ ਢੋਟੀਆਂ ਵਿੱਚ ਗੋਲੀਬਾਰੀ ਕਰ ਕੇ ਭੱਜ ਜਾਣ ਦੀ ਸੂਚਨਾ ਮਿਲਣ ਉਤੇ ਪੁਲਸ ਨੇਂ ਪੂਰੇ ਜ਼ਿਲ੍ਹੇ ਚ ਨਾਕਾਬੰਦੀ ਕਰ ਲਈ ਸੀ। ਇਸੇ ਦੌਰਾਨ ਲਿੰਕ ਰੋਡ, ਰੇਲਵੇ ਕਰਾਸਿੰਗ ਸਰਹਾਲੀ ਮੰਡ ਦੇ ਨਾਕੇ
ਤੇ ਮੌਜੂਦ ਥਾਣਾ ਸਿਟੀ ਪੱਟੀ ਦੇ ਐਸ ਐਚ ਓ ਲਖਬੀਰ ਸਿੰਘ ਨੇ ਸ਼ੱਕ ਦੇ ਆਧਾਰ ਉੱਤੇ ਡੇਹਰਾ ਸਾਹਿਬ ਤੋਂ ਖੋਹੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਲੁਟੇਰਿਆਂ ਨੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਡੀ ਖੇਤਾਂ ਵਿੱਚ ਉਤਰ ਗਈ। ਕਾਰ ਸਵਾਰ ਵਿਅਕਤੀਆਂ ਨੇ ਗੱਡੀ ਵਿੱਚੋਂ ਬਾਹਰ ਆਉਂਦਿਆਂ ਹੀ ਪੁਲਸ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ, ਜਿਸ ਦੌਰਾਨ ਐਸ ਐਚ ਓ ਪੱਟੀ ਲਖਬੀਰ ਸਿੰਘ ਦਾ ਡਰਾਈਵਰ ਸਰਬਜੀਤ ਸਿੰਘ ਜ਼ਖ਼ਮੀ ਹੋ ਗਿਆ। ਪੁਲਸ ਵੱਲੋਂ ਜਵਾਬੀ ਗੋਲੀਬਾਰੀ ਵਿੱਚ ਇੱਕ ਗੋਲੀ ਲੁਟੇਰੇ ਦੇ ਲੱਗੀ ਅਤੇ ਉਹ ਜ਼ਖ਼ਮੀ ਹੋ ਕੇ ਥੱਲੇ ਡਿੱਗ ਪਿਆ। ਇਸੇ ਦੌਰਾਨ ਇੱਕ ਹੋਰ ਵਿਅਕਤੀ ਕਾਰ ਤੋਂ ਨਿਕਲ ਕੇ ਭੱਜਣ ਲੱਗਾ ਤਾਂ ਉਹ ਵੀ ਡਿੱਗ ਪਿਆ। ਗੋਲੀ ਨਾਲ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਜਗਜੀਤ ਸਿੰਘ ਉਰਫ਼ ਜੱਗੀ ਪੁੱਤਰ ਜਸੰਵਤ ਸਿੰਘ ਵਾਸੀ ਨੌਸ਼ਹਿਰਾ ਪੰਨੂੰਆਂ ਵਜੋਂ ਹੋਈ ਹੈ, ਉਸ ਦੇ ਕਬਜ਼ੇ ਵਿੱਚੋਂ ਇੱਕ ਪਿਸਟਲ ਸਮੇਤ ਮੈਗਜ਼ੀਨ, ਦੋ ਜ਼ਿੰਦਾ ਕਾਰਤੂਸ ਅਤੇ 105 ਨਸ਼ੀਲੀਆਂ ਗੋਲੀਆਂ ਮਿਲੀਆਂ ਹਨ। ਦੂਸਰੇ ਡਿੱਗੇ ਹੋਏ ਵਿਅਕਤੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਪਰਮਜੀਤ ਸਿੰਘ ਵਾਸੀ ਜੱਟਾ ਦੀ ਤਲਾਸ਼ੀ ਵਿੱਚ ਉਸ ਕੋਲੋਂ 40 ਨਸ਼ੀਲੀਆਂ ਗੋਲੀਆਂ ਮਿਲੀਆਂ, ਪਰ ਉਹ ਮਰ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਬਾਕੀ ਤਿੰਨ ਲੁਟੇਰੇ ਕਾਰ ਤੋਂ ਨਿਕਲ ਕੇ ਗੋਲੀਬਾਰੀ ਕਰਦੇ ਹੋਏ ਇੱਕ ਦੋ ਕਿਲੋਮੀਟਰ ਦੂਰ ਇੱਕ ਪੈਲੇਸ ਅੰਦਰ ਲੁਕ ਗਏ। ਐਸ ਐਸ ਪੀ ਧਰੁਮਨ ਐਚ ਨਿੰਬਾਲੇ ਅਤੇ ਐਸ ਪੀ ਡੀ ਮਹਿਤਾਬ ਸਿੰਘ, ਐਸ ਪੀ ਨਾਰਕੋਟਿਕ ਜਗਜੀਤ ਸਿੰਘ ਵਾਲੀਆ, ਡੀ ਐਸ ਪੀ ਪੱਟੀ ਕੁਲਜਿੰਦਰ ਸਿੰਘ, ਡੀ ਐਸ ਪੀ ਭਿੱਖੀਵਿੰਡ ਰਾਜਬੀਰ ਸਿੰਘ, ਡੀ ਐਸ ਪੀ ਗੋਇੰਦਵਾਲ ਸਾਹਿਬ ਰਮਨਦੀਪ ਸਿੰਘ ਭੁੱਲਰ, ਡੀ ਐਸ ਪੀ ਹੈਡਕੁਆਟਰ ਦਿਲਬਾਗ ਸਿੰਘ ਸਮੇਤ ਜ਼ਿਲ੍ਹੇ ਦੇ ਸਾਰੇ ਐਸ ਐਚ ਓ ਅਤੇ ਭਾਰੀ ਗਿਣਤੀਚ ਫੋਰਸ ਮੌਕੇ ਉੱਤੇ ਪਹੁੰਚ ਗਈ। ਲੁਟੇਰਿਆਂ ਨੇ ਪੈਲੇਸ ਦੇ ਅੰਦਰੋਂ ਪੁਲਸ ਤੇ ਗੋਲੀਬਾਰੀ ਚਲਾਈ, ਜਿਸ ਵਿੱਚ ਪੁਲਸ ਦਾ ਜਵਾਨ ਬਿਕਰਮਜੀਤ ਸਿੰਘ ਜ਼ਖ਼ਮੀ ਹੋ ਗਿਆ। ਓਥੇ ਪੁਲਸ ਅਤੇ ਲੁਟੇਰਿਆਂ ਵਿਚਾਲੇ ਕਰੀਬ ਇੱਕ ਘੰਟਾ ਗੋਲੀ ਚਲਦੀ ਰਹੀ। ਲੁਟੇਰਿਆਂ ਕੋਲ ਗੋਲੀਆਂ ਖਤਮ ਹੋਣਤੇ ਉਨ੍ਹਾਂ ਨੇ ਸਰੈਂਡਰ ਕਰ ਦਿੱਤਾ, ਜਿਸ ਉੱਤੇ ਪੁਲਸ ਵੱਲੋਂ ਪੈਲੇਸ ਵਿੱਚ ਕੀਤੀ ਸਰਚ ਦੌਰਾਨ ਇੱਕ ਲੁਟੇਰਾ ਜ਼ਖ਼ਮੀ ਹਾਲਤ ਚ ਮਿਲ ਗਿਆ। ਗ਼੍ਰਿਫ਼ਤਾਰ ਲੁਟੇਰਿਆਂ
ਚ ਰਾਜਬੀਰ ਸਿੰਘ ਉਰਫ਼ ਰਾਜੂ ਪੁੱਤਰ ਲੁਹਾਰਾ ਸਿੰਘ ਵਾਸੀ ਗੰਡੀਵਿੰਡ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਦੇਵ ਸਿੰਘ ਵਾਸੀ ਭੁੱਲਰ ਅਤੇ ਗੁਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਾਣਕਪੁਰਾ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਗ਼੍ਰਿਫ਼ਤਾਰ ਕੀਤੇ ਲੁਟੇਰਿਆਂ ਕੋਲੋਂ ਤਿੰਨ ਪਿਸਟਲ, ਚਾਰ ਜ਼ਿੰਦਾ ਕਾਰਤੂਸ, 80562 ਰੁਪਏ ਭਾਰਤੀ ਕਰੰਸੀ, 2000 ਨਸ਼ੀਲੀਆਂ ਗੋਲੀਆਂ, ਇੱਕ ਲਿਫ਼ਾਫ਼ੇ `ਚ ਅਫ਼ੀਮ, ਇੱਕ ਸਮੈਕ ਦੀ ਪੁੜੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਗੋਲੀ ਨਾਲ ਜ਼ਖ਼ਮੀ ਦੋ ਪੁਲਸ ਵਾਲਿਆਂ ਤੇ ਚਾਰ ਲੁਟੇਰਿਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ ਅਤੇ ਲੁਟੇਰਿਆਂ ਖ਼ਿਲਾਫ਼ ਥਾਣਾ ਸਿਟੀ ਪੱਟੀ ਵਿਖੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਲੁਟੇਰਿਆਂ ਨੇ ਕੱਲ੍ਹ ਸਵੇਰੇ ਨੌਰੰਗਾਬਾਦ ਦੇ ਇੱਕ ਮੈਡੀਕਲ ਸਟੋਰ ਦੇ ਮਾਲਕ ਸੁਖਰਾਜ ਸਿੰਘ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਪਿੱਛੋਂ ਉਸ ਕੋਲੋਂ 85 ਹਜ਼ਾਰ ਰੁਪਏ ਲੁੱਟੇ ਸਨ।