Regular announcement of alliance between Shiromani Akali Dal
Connect with us [email protected]

ਰਾਜਨੀਤੀ

ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਗਠਜੋੜ ਦਾ ਬਾਕਾਇਦਾ ਐਲਾਨ

Published

on

SAD and BSP

ਅਕਾਲੀਆਂ ਨੇ ਬਸਪਾ ਨੂੰ 20 ਸੀਟਾਂ ਛੱਡੀਆਂ
ਚੰਡੀਗੜ੍ਹ, 12 ਜੂਨ, – ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ। ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੋ ਗਈ ਸੀ, ਪਰ ਇਸ ਗਠਜੋੜ ਦਾ ਰਸਮੀ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਨੇ ਚੰਡੀਗੜ੍ਹ ਵਿੱਚ ਅਕਾਲੀ ਦਲ ਦੇ ਦਫ਼ਤਰ ਵਿੱਚ ਕੀਤਾ ਹੈ। ਇਸ ਮੌਕੇ ਅਕਾਲੀ ਦਲ ਨੇ ‘ਬਹੁਜਨ ਤੇ ਅਕਾਲੀ ਜੋੜ, ਅੱਜ ਪੰਜਾਬ ਦੀ ਇਹੀ ਲੋੜ’, ‘ਸਿਰਫ ਪੰਜਾਬ ਵਿੱਚ ਤਿੰਨ ਹੀ ਨਾਮ ਬਾਦਲ, ਮਾਇਆਵਤੀ ਅਤੇ ਕਾਂਸ਼ੀਰਾਮ’ ਦਾ ਨਵਾਂ ਨਾਅਰਾ ਵੀ ਪੇਸ਼ ਕਰ ਦਿੱਤਾ ਹੈ, ਜਿਸ ਤੋਂ ਕਈ ਲੋਕ ਹੈਰਾਨ ਹੋਏ ਹਨ।
ਵਰਨਣ ਯੋਗ ਹੈ ਕਿ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਸਾਂ ਅੱਠ-ਨੌਂ ਮਹੀਨੇ ਦਾ ਸਮਾਂ ਬਾਕੀ ਹੈ ਤਾਂ ਉਸ ਵਕਤ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਇਸ ਰਾਜ ਦੀ ਚੋਣ ਸਰਗਰਮੀ ਦੀ ਇੱਕ ਵੱਡੀ ਰਾਜਸੀ ਕਰਵਟ ਦੇ ਤੌਰ ਉੱਤੇ ਵੇਖਿਆ ਜਾ ਰਿਹਾ ਹੈ। ਅਕਾਲੀ ਦਲ ਅਤੇ ਬਸਪਾ ਕਰੀਬ 25 ਸਾਲਾਂ ਬਾਅਦ ਇਕੱਠੇ ਹੋਏ ਹਨ। ਇਸ ਤੋਂ ਪਹਿਲਾਂ ਸਾਲ 1996 ਵਿਚ ਦੋਵਾਂ ਪਾਰਟੀਆਂ ਨੇ ਗੱਠਜੋੜ ਕਰ ਕੇ ਪਾਰਲੀਮੈਂਟ ਚੋਣਾਂ ਲੜੀਆਂ ਤੇ ਪੰਜਾਬ ਦੀਆਂ 13 ਵਿਚੋਂ 12 ਸੀਟਾਂ ਲੋਕ ਸਭਾ ਸੀਟਾਂ ਜਿੱਤ ਲਈਆਂ ਸਨ। ਬਾਅਦ ਵਿੱਚ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲੋਂ ਸਾਂਝ ਤੋੜ ਕੇ ਚੁੱਪ-ਚੁਪੀਤੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰ ਲਿਆ ਸੀ, ਜਿਹੜਾ ਕੇਂਦਰ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਵਿਰੁੱਧ ਕਿਸਾਨਾਂ ਦਾ ਮੋਰਚਾ ਲੱਗਣ ਤੇ ਅਕਾਲੀ ਦਲ ਲਈ ਭਾਜਪਾ ਦਾ ਸਾਥ ਛੱਡਣ ਦੀ ਮਜਬੂਰੀ ਬਣ ਜਾਣ ਤੱਕ ਨਿਭਦਾ ਰਿਹਾ ਸੀ ਅਤੇ ਸਾਲ 2020 ਵਿੱਚ ਅਕਾਲੀ ਦਲ ਨੂੰ ਇੱਕ-ਤਰਫਾ ਤੌਰ ਉੱਤੇ ਤੋੜਨਾ ਪਿਆ ਸੀ।
ਅੱਜ ਇਥੇ ਪ੍ਰੈਸ ਕਾਨਫਰੰਸ ਵਿਚ ਨਵੇਂ ਗਠਜੋੜ ਦਾ ਐਲਾਨ ਕਰਦੇ ਹੋਏਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ‘ਪੰਜਾਬ ਦੀ ਸਿਆਸਤ ਵਿਚ ਨਵਾਂ ਦਿਨ’ ਕਿਹਾ। ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਦੀ ਹਾਜ਼ਰੀ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦਾ ਇਤਿਹਾਸਕ ਦਿਨ ਪੰਜਾਬ ਦੀ ਸਿਆਸਤ ਦਾ ਵੱਡਾ ਮੋੜ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ 2022 ਦੀਆਂ ਚੋਣਾਂ ਤੇ ਹੋਰ ਚੋਣਾਂ ਮਿਲ ਕੇ ਲੜਨਗੇ। ਉਨ੍ਹਾਂ ਕਿਹਾ ਕਿ ਸਾਡੀ ਦੁਵੱਲੀ ਸਹਿਮਤੀ ਮੁਤਾਬਕ ਬਸਪਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ 20 ਉੱਤੇ ਚੋਣ ਲੜੇਗੀ ਤੇ ਬਾਕੀ ਸੀਟਾਂ ਉੱਤੇ ਅਕਾਲੀ ਦਲ ਉਮੀਦਵਾਰ ਖੜ੍ਹੇ ਕਰੇਗਾ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੋਵਾਂ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਦੇ ਸਮਝੌਤੇ ਹੇਠ ਬਸਪਾ ਦੁਆਬੇ ਵਿੱਚ 8, ਮਾਲਵੇ ਵਿੱਚ 7 ਅਤੇ ਮਾਝੇ ਵਿੱਚ 5 ਵਿਧਾਨਸਭਾ ਸੀਟਾਂ ਉੱਤੇ ਚੋਣ ਲੜੇਗੀ।ਇਹ ਸੀਟਾਂ ਕਰਤਾਰਪੁਰ, ਜਲੰਧਰ ਵੈਸਟ ਅਤੇ ਨਾਰਥ, ਫਗਵਾੜਾ, ਕਪੂਰਥਲਾ, ਹੁਸ਼ਿਆਰਪੁਰ, ਉੜਮੁੜ, ਦਸੂਹਾ, ਚਮਕੌਰ ਸਾਹਿਬ, ਬੱਸੀ ਪਠਾਣਾ, ਮਹਿਲ ਕਲਾਂ, ਨਵਾਂਸ਼ਹਿਰ, ਲੁਧਿਆਣਾ ਨਾਰਥ, ਪਠਾਨਕੋਟ, ਸੁਜਾਨਪੁਰ, ਭੋਆ, ਮੋਹਾਲੀ, ਅੰਮ੍ਰਿਤਸਰ ਦੀਆਂ ਨਾਰਥ ਤੇ ਸੈਂਟਰਲ ਅਤੇ ਪਾਇਲ ਸੀਟ ਹੋਣਗੀਆਂ, ਜਿੱਥੋਂ ਬਸਪਾ ਚੋਣ ਲੜੇਗੀ।
ਇਸ ਮੌਕੇ ਬਸਪਾ ਦੇ ਜਨਰਲ ਸੈਕਟਰੀ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਤਕੜੀ ਪਾਰਟੀ ਨਾਲ ਉਨ੍ਹਾਂ ਦਾ ਗਠਜੋੜ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਦਾ ਇਕੋ ਉਦੇਸ਼ ਹੈ ਤੇ ਦੋਵੇਂ ਹੀ ਦੱਬੇ ਕੁਚਲੇ ਲੋਕਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਮਿਲ ਕੇ ਲੜਨਗੀਆਂ। ਉਨ੍ਹਾਂ ਕਿਹਾ ਕਿ ਇਤਿਹਾਸਕ ਗਠਜੋੜ ਮੌਕੇ ਕੁਮਾਰੀ ਮਾਇਆਵਤੀ ਖੁਦ ਆਉਣਾ ਚਾਹੁੰਦੇ ਸਨ, ਪਰ ਕੋਰੋਨਾ ਦੇ ਕਾਰਨ ਨਹੀਂ ਆਏ। ਸਭ ਨੂੰ ਪਤਾ ਸੀ ਕਿ ਜੇ ਮਾਇਆਵਤੀ ਇਥੇ ਆਉਂਦੇ ਤਾਂ ਬਸਪਾ ਦੇ ਵਰਕਰਾਂ ਦਾ ਹੜ੍ਹ ਆ ਜਾਂਦਾ, ਇਸ ਲਈ ਕੋਰੋਨਾ ਨਿਯਮਾਂ ਨੂੰ ਮੁੱਖ ਰੱਖ ਕੇ ਉਹ ਖੁਦ ਨਹੀਂ ਆਏ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਗਠਜੋੜ ਪਹਿਲਾਂ ਵੀ ਇਤਿਹਾਸਕ ਜਿੱਤ ਜਿੱਤ ਚੁੱਕਾ ਹੈ ਤੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਕਲੀਨ ਸਵੀਪ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦਲਿਤਾਂ ਦਾ ਹੱਕ ਮਾਰਿਆ ਅਤੇ ਭਾਜਪਾ ਨੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦਾ ਯਤਨ ਕੀਤਾ ਹੈ। ਮਿਸ਼ਰਾ ਨੇ ਕਿਹਾ ਕਿ ਉਹ ਪਾਰਲੀਮੈਂਟ ਵਿਚ ਇਨ੍ਹਾਂ ਕਾਨੂੰਨਾਂ ਵਿਰੁੱਧ ਆਵਾਜ਼ ਬੁਲੰਦ ਕਰ ਚੁੱਕੇ ਹਨ ਅਤੇ ਕਿਸੇ ਵੀ ਕੀਮਤ ਉੱਤੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਣਗੇ।

Read More Political News Today

ਰਾਜਨੀਤੀ

ਹਾਈ ਕੋਰਟ ਦਾ ਮਮਤਾ ਸਰਕਾਰ ਨੂੰ ਝਟਕਾ:ਸ਼ੁਭੇਂਦੂ ਅਧਿਕਾਰੀ ਦੇ ਕਰੀਬੀ ਨੂੰ ਰਿਹਾਅ ਕਰਨ ਦੇ ਹੁਕਮ

Published

on

Mamata_Banerjee_PTI

ਕੋਲਕਾਤਾ, 3 ਅਗਸਤ – ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੂੰ ਕਲਕੱਤਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਫਰਜ਼ੀ ਸਰਕਾਰੀ ਨੌਕਰੀ ਘਪਲੇ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕੀਤੇ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਦੇ ਕਰੀਬੀ ਸਹਿਯੋਗੀ ਰਖਾਲ ਬੇਰਾ ਨੂੰ ਅਦਾਲਤ ਨੇ ਫੌਰੀ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।
ਕੋਰਟ ਨੇ ਮਮਤਾ ਬੈਨਰਜੀ ਸਰਕਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਅੱਗੇ ਤੋਂ ਕੋਈ ਕੇਸ ਦਰਜ ਨਹੀਂ ਹੋਣਾ ਚਾਹੀਦਾ, ਜੇ ਅਜਿਹਾ ਕਰਨਾ ਹੈ ਤਾਂ ਉਸ ਦੇ ਲਈ ਕੋਰਟ ਤੋਂ ਇਜਾਜ਼ਤ ਲੈਣੀ ਪਵੇਗੀ। ਜੂਨ ਵਿੱਚ ਪੱਛਮੀ ਬੰਗਾਲ ਪੁਲਸ ਨੇ ਸੁਜੀਤ ਡੇਅ ਨਾਂ ਦੇ ਸ਼ਖਸ ਵੱਲੋਂ ਦਾਇਰ ਸ਼ਿਕਾਇਤ ਉੱਤੇ ਰਖਾਲ ਬੇਰਾ ਨੂੰ ਗ਼੍ਰਿਫ਼ਤਾਰ ਕੀਤਾ ਸੀ। ਡੇ ਨੇ ਸ਼ਿਕਾਇਤ ਵਿੱਚ ਬੇਰਾ ਅਤੇ ਕੁਝ ਹੋਰਨਾਂ ਉੱਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨਾਲ ਸਰਕਾਰੀ ਨੌਕਰੀ ਦਾ ਵਾਅਦਾ ਕਰ ਕੇ ਠੱਗੀ ਕੀਤੀ ਗਈ ਸੀ। ਉਸ ਨੂੰ ਸਿੰਜਾਈ ਅਤੇ ਵਾਟਰਵੇਜ ਡਿਪਾਰਟਮੈਂਟ ਦੀ ਨੌਕਰੀ ਦਿਵਾਉਣ ਦਾ ਵਾਅਦਾ ਦਿੱਤਾ ਗਿਆ ਸੀ। ਇਸ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਰਖਾਲ ਬੇਰਾ ਨੇ ਕੋਲਕਾਤਾ ਦੀ ਇੱਕ ਸੋਸਾਈਟੀ ਵਿੱਚ ਫਲੈਟ ਵਿੱਚ ਕੈਂਪ ਲਾਇਆ ਗਿਆ ਸੀ, ਜਿਸ ਵਿੱਚ ਲੋਕਾਂ ਨਾਲ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਸੀ।

Continue Reading

ਰਾਜਨੀਤੀ

ਪ੍ਰਧਾਨ ਮੰਤਰੀ ਦੇ ਸਲਾਹਕਾਰ ਅਮਰਜੀਤ ਦਾ ਅਸਤੀਫ਼ਾ

Published

on

Adviser Amarjit resigns

ਨਵੀਂ ਦਿੱਲੀ, 3 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਅਮਰਜੀਤ ਸਿਨਹਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੇਵਾਮੁਕਤ ਆਈ ਏ ਐਸ ਅਧਿਕਾਰੀ ਅਮਰਜੀਤ ਸਿਨਹਾ ਸਮਾਜਿਕ ਖੇਤਰ ਨਾਲ ਜੁੜੇ ਪ੍ਰਾਜੈਕਟਾਂ ਨੂੰ ਸੰਭਾਲਣ ਦਾ ਕੰਮ ਕਰਿਆ ਕਰਦੇ ਸਨ।
ਸਾਲ 1983 ਬੈਚ ਦੇ ਆਈ ਏ ਐਸ ਅਧਿਕਾਰੀ ਅਮਰਜੀਤ ਸਿਨਹਾ 2019 ਵਿੱਚ ਪੇਂਡੂ ਵਿਕਾਸ ਸਕੱਤਰ ਵਜੋਂ ਸੇਵਾਮੁਕਤ ਹੋਏ ਸਨ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਫਤਰ (ਪੀ ਐਮ ਓ) ਵਿੱਚ ਨਿਯੁਕਤ ਕੀਤਾ ਗਿਆ ਸੀ। ਉਹ ਕੁਝ ਹੀ ਦੇ ਮਹੀਨਿਆਂ ਵਿੱਚ ਪੀ ਐਮ ਓ ਤੋਂ ਅਸਤੀਫ਼ਾ ਦੇਣ ਵਾਲੇ ਦੂਜੇ ਸੀਨੀਅਰ ਅਧਿਕਾਰੀ ਹਨ। ਇਸ ਤੋਂ ਪਹਿਲਾਂ ਮਾਰਚ ਵਿੱਚ ਪ੍ਰਧਾਨ ਮੰਤਰੀ ਦਫਤਰ ਵਿੱਚ ਪ੍ਰਧਾਨ ਸਲਾਹਕਾਰ ਰਹੇ ਸਾਬਕਾ ਕੈਬਨਿਟ ਸਕੱਤਰ ਪੀ ਕੇ ਸਿਨਹਾ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਅਸਤੀਫੇ ਤੋਂ ਕਈ ਅੰਦਾਜ਼ੇ ਲਾਏ ਜਾ ਰਹੇ ਹਨ।

Continue Reading

ਰਾਜਨੀਤੀ

ਨਿਤੀਸ਼ ਕੁਮਾਰ ਨੇ ਵੀ ਪੈਗਾਸਸ ਕੇਸ ਦੀ ਜਾਂਚ ਦਾ ਪੱਖ ਪੂਰਿਆ

Published

on

Nitish Kumar

ਬਿਹਾਰ ਦੇ ਮੁੱਖ ਮੰਤਰੀ ਮੁਤਾਬਕ ਜਾਸੂਸੀ ਦੀ ਜਾਂਚ ਹੋਣੀ ਚਾਹੀਦੀ ਹੈ
ਪਟਨਾ, 3 ਅਗਸਤ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੈਗਾਸਸ ਸਾਫਟਵੇਅਰ ਜਾਸੂਸੀ ਕੇਸ ਦੀ ਪੂਰੀ ਤਰ੍ਹਾਂ ਜਾਂਚ ਕਰਵਾਏ ਜਾਣ ਦੀ ਵਿਰੋਧੀ ਧਿਰ ਦੀ ਮੰਗ ਦਾ ਪੱਖ ਪੂਰਿਆ ਹੈ।
ਵਰਨਣ ਯੋਗ ਹੈ ਕਿ ਇਸਰਾਈਲੀ ਕੰਪਨੀ ਐੱਨ ਐੱਸ ਓ ਗਰੁੱਪ ਦੇ ਸਾਫਟਵੇਅਰ ਦੇ ਨਾਲ ਭਾਰਤ ਵਿੱਚ ਕਈ ਵੱਡੀਆਂ ਹਸਤੀਆਂ ਦੇ ਫੋਨ ਟੈਪ ਕਰਨ ਦੇ ਦੋਸ਼ ਸਰਕਾਰ ਉਤੇ ਲੱਗੇ ਹਨ। ਇਸ ਕੇਸ ਵਿੱਚ ਪਾਰਲੀਮੈਂਟ ਵਿੱਚ ਵੀ ਹੰਗਾਮਾ ਹੋ ਰਿਹਾ ਹੈ। ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਭਾਜਪਾ ਨਾਲ ਗੱਠਜੋੜ ਕਰ ਕੇ ਬਿਹਾਰ ਵਿਚ ਸਰਕਾਰ ਚਲਾ ਰਹੀ ਹੈ। ਨਿਤੀਸ਼ ਕੁਮਾਰ ਨੇ ਨਾਲ ਹੀ ਕਿਹਾ ਕਿ ਇਸ ਵਿਵਾਦ ਬਾਰੇ ਉਨ੍ਹਾਂ ਨੂੰ ਜਿੰਨੀ ਜਾਣਕਾਰੀ ਹੈ, ਉਹ ਅਖਬਾਰਾਂ ਰਾਹੀਂ ਹੀ ਮਿਲੀ ਹੈ। ਮੀਡੀਆ ਨਾਲ ਗੱਲ ਕਰਦਿਆਂ ਨਿਤੀਸ਼ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਆਧੁਨਿਕ ਤਕਨੀਕ ਨੂੰ ਕਿਵੇਂ ਗਲਤ ਢੰਗ ਨਾਲ ਵਰਤਿਆ ਜਾ ਸਕਦਾ ਹੈ। ਜੇ ਲੋਕਾਂ ਦੀ ਫੋਨਾਂ ਉਤੇ ਹੁੰਦੀ ਗੱਲਬਾਤ ਸੁਣਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹ ਚੰਗਾ ਹੋਵੇਗਾ ਕਿ ਇਸ ਦੀ ਢੁੱਕਵੀਂ ਜਾਂਚ ਹੋਵੇ। ਜਦੋਂ ਨਿਤੀਸ਼ ਕੁਮਾਰ ਨੂੰ ਵਿਰੋਧੀ ਧਿਰ ਵੱਲੋਂ ਕੀਤੀ ਗਈ ਸਾਂਝੀ ਪਾਰਲੀਮੈਂਟਰੀ ਜਾਂਚ ਕਮੇਟੀ ਦੀ ਮੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਦਨ ਦੀ ਕਾਰਵਾਈ ਬਾਰੇ ਉਹ ਟਿੱਪਣੀ ਨਹੀਂ ਕਰ ਸਕਦੇ, ਪਰ ਜੋ ਵੀ ਇਸ ਕੇਸ ਵਿੱਚ ਠੋਸ ਸਬੂਤ ਹੋਣ ਦੀ ਗੱਲ ਕਰਦਾ ਹੈ, ਉਸ ਨੂੰ ਉਹ ਸਰਕਾਰ ਨਾਲ ਸਾਂਝਾ ਕਰਨਾ ਚਾਹੀਦਾ ਹੈ। ਯਕੀਨ ਹੈ ਕਿ ਕੇਸ ਦੀ ਹਰ ਪੱਖ ਤੋਂ ਜਾਂਚ ਹੋਵੇਗੀ।
ਜਨਤਾ ਦਲ (ਯੂ) ਆਗੂ ਉਪੇਂਦਰ ਕੁਸ਼ਵਾਹਾ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਦੱਸਣ ਬਾਰੇ ਪੁੱਛੇ ਜਾਣ ਉਤੇ ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਅਜਿਹੀ ਕੋਈ ਇੱਛਾ ਨਹੀਂ ਹੈ, ਜਿੰਨਾ ਹੋ ਸਕੇਗਾ ਉਹ ਬਿਹਾਰ ਦੀ ਸੇਵਾ ਕਰਨਗੇ। ਉਨ੍ਹਾ ਕਿਹਾ ਕਿ ਦਿੱਲੀ ਵਿੱਚ ਉਨ੍ਹਾਂ ਦੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨਾਲ ਹੋਈ ਮੁਲਾਕਾਤ ਦਾ ਕੋਈ ਸਿਆਸੀ ਮਤਲਬ ਨਹੀਂ। ਉਨ੍ਹਾਂ ਦਾ ਰਿਸ਼ਤਾ ਕਾਫੀ ਪੁਰਾਣਾ ਹੈ, ਦੋਵੇਂ ਕਿਸੇ ਵੇਲੇ ਜਨਤਾ ਦਲ ਦਾ ਹਿੱਸਾ ਰਹੇ ਹਨ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca