ਇਹ ਗੱਲ ਸੰਤਾਲੀ ਦੇ ਹੱਲਿਆਂ ਦੇ ਦਿਨਾਂ ਦੀ ਹੈ। ਉਦੋਂ ਮੈਂ ਅਜੇ ਸੁਰਤ ਸੰਭਾਲੀ ਸੀ। ਚੁਫ਼ੇਰੇ ਮਾੜੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਸਨ। ਅਫ਼ਵਾਹਾਂ ਦਾ ਬੜਾ ਜ਼ੋਰ ਸੀ। ਆਪਣੀ ਦਾਦੀ ਦੇ ਨਾਲ ਉਸ ਦੇ ਪੇਕੀ ਜਾਈਦਾ ਜਾਂ ਬੇਬੇ ਨਾਲ ਆਪਣੇ ਨਾਨਕੇ, ਰਾਹ ਵਿੱਚ ਵੱਢੇ-ਟੁੱਕੇ ਲੋਕਾਂ ਤੇ ਉਜੜੇ ਘਰਾਂ ਦੇ ਦ੍ਰਿਸ਼ ਵੇਖਣ ਨੂੰ ਮਿਲਦੇ। ਮੇਰੀ ਮਾਸੂਮੀਅਤ ਇਸ ਮੰਜ਼ਰ ਵਿੱਚ ਵਲੂੰਧਰੀ ਜਾਂਦੀ। ਮੈਂ ਆਪਣੇ ਅਣਭੋਲਪੁਣੇ ਵਿੱਚ ‘ਕੀ ਹੈ, ‘ਕਿਉਂ ਹੈ ਨੂੰ ਸਮਝ ਨਹੀਂ ਸੀ ਰਿਹਾ। ਸਹੀ ਸੂਚਨਾਵਾਂ ਦੇ ਸਾਧਨ ਕੋਈ ਨਾ ਹੋਣ ਕਾਰਨ ਅਤੇ ਆਮ ਲੋਕਾਂ ਦੀ ਅਨਪੜ੍ਹਤਾ ਦੇ ਸਬੱਬ ਭੰਬਲਭੂਸਾ ਬੜਾ ਸੀ। ਆਜ਼ਾਦੀ ਮਿਲਣ ਲਈ ਗੱਲ ਕੰਨੀ ਨਾ ਪੈਂਦੀ। ਜਿਉਂ ਜਿਉਂ ਵੱਡਾ ਹੋਇਆ ਤੇ ਅੱਖਰ-ਗਿਆਨ ਸਦਕਾ ਜਗਿਆਸਾ ਪੂਰੀ ਕਰਨ ਜੋਗਾ ਹੋਇਆ ਤਾਂ ਦੇਸ਼-ਵੰਡ ਦੇ ਦੁਖਾਂਤ ਨੂੰ ਸਮਝਣ ਦਾ ਯਤਨ ਕਰਨ ਲੱਗਾ। ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਜਾਣਿਆ, ਦੇਸ਼-ਵੰਡ ਬਾਰੇ ਮਿਲਦਾ ਸਾਹਿਤ ਖੁਭ ਕੇ ਪੜ੍ਹਿਆ। ਹੌਲੀ-ਹੌਲੀ ਗੱਲ ਸਾਫ ਹੋਈ ਕਿ ਜ਼ਿਆਦਤੀ ਤੇ ਜ਼ੁਲਮ ਦੋਵੇਂ ਪਾਸੇ ਹੋਏ। ਅਗਲਿਆਂ ਨੇ ਅੱਗਾਂ ਹੀ ਐਸੀਆਂ ਲਾਈਆਂ ਕਿ ਭਾਂਬੜ ਬਲ ਗਏ। ਲੋਕ ਮਾਰੇ ਗਏ, ਲੁੱਟੇ ਗਏ, ਇਸਮਤਾਂ ਰੁਲੀਆਂ, ਬੇਕਸੂਰਾਂ ਦਾ ਬੜਾ ਖ਼ੂਨ ਡੁੱਲ੍ਹਿਆ। ਦੋਵੇਂ ਪਾਸੇ ਔਰਤਾਂ ਦੀ ਜਵਾਨ ਉਮਰ ਤੇ ਸੁਹੱਪਣ ਉਨ੍ਹਾਂ ਦਾ ਵੈਰੀ ਬਣੇ। ਵੱਢ-ਟੁੱਕ ਕਰਨ ਵੇਲੇ ਸੋਹਣੀਆਂ ਕੁੜੀਆਂ ਤੇ ਔਰਤਾਂ ਅਲੱਗ ਕਰਕੇ ਆਪਣੇ ਮਿੱਤਰਾਂ ਤੇ ਬੇਲੀਆਂ ਵਿੱਚ ਉਵੇਂ ਹੀ ਵੰਡ ਦਿੰਦੇ ਜਿਵੇਂ ਹੋਰ ਲੁੱਟ ਦਾ ਮਾਲ।
ਸਾਡੇ ਨੇੜੇ ਦੀ ਗਲੀ ਵਿੱਚ ਕਿਸੇ ਨੂੰ ਇੱਕ ਜਵਾਨ ਔਰਤ, ਜਿਸ ਦੇ ਕੁੱਛੜ ਕੁੜੀ ਸੀ, ਮਿਲ ਗਈ। ਘਰ ਵੱਸਣ-ਵਸਾਉਣ ਵਾਲੀ ਗੱਲ ਨਹੀਂ, ਜਿਵੇਂ ਕੋਈ ਦੁਧਾਰੂ ਡੰਗਰ ਕਿੱਲੇ ਬੰਨ੍ਹ ਲਈਦਾ ਹੈ, ਉਵੇਂ ਉਹ ਜਾਨ-ਬਚਾਈ ਲਈ ਚੁੱਪ-ਚਾਪ ਉਸ ਬੰਦੇ ਦੇ ਰਹਿਣ ਲੱਗੀ, ਜਿਹੜਾ ਨਾ ਉਸਦੇ ਹਾਣ-ਪ੍ਰਵਾਣ ਸੀ ਤੇ ਨਾ ਕਿਸੇ ਤਰ੍ਹਾਂ ਪਸੰਦ ਸੀ। ਉਹ ਅਕਲ-ਸ਼ਕਲ ਵਾਲਾ ਤੇ ਕਮਾਊ ਹੁੰਦਾ ਤਾਂ ਅਧਖੜ ਉਮਰ ਤੱਕ ਇਕੱਲਾ ਕਿਉਂ ਰਹਿੰਦਾ? ਉਸ ਨੇ ਬਾਹੋਂ ਫੜ ਲਿਆਂਦੀ ਉਸ ਔਰਤ ਦਾ ਪਹਿਲਾਂ ਨਾਂ ਬਦਲਿਆ, ਨਾਂ ਜੋ ਬੰਦੇ ਦੀ ਪਛਾਣ ਹੁੰਦਾ ਹੈ, ਉਸ ਉਤੇ ਪੋਚਾ ਮਾਰਨਾ ਉਸ ਨੇ ਜ਼ਰੂਰੀ ਸਮਝਿਆ। ਮਜ਼ਬੂਰੀ ਵੱਸ ਉਹ ਔਰਤ ਉਸ ਦੇ ਘਰ ਰਹਿੰਦੀ ਰਹੀ ਤੇ ਇੱਕ ਬੱਚਾ ਹੋਰ ਹੋ ਗਿਆ।
ਦੋਵੇਂ ਪਾਸੇ ਦੀਆਂ ਸਰਕਾਰਾਂ ਫਿਰ ਉਧਾਲੀਆਂ ਔਰਤਾਂ ਨੂੰ ਲੱਭ-ਲੱਭ ਉਨ੍ਹਾਂ ਦੇ ਪਰਵਾਰਾਂ ਤੀਕ ਪੁਚਾਉਣ ਲੱਗੀਆਂ। ਇਸ ਔਰਤ ਦੀ ਭਾਲ ਵਿੱਚ ਵੀ ਪੁਲਸ ਆਉਂਦੀ ਰਹੀ, ਪਰ ਇਹ ਬੰਦਾ ਪਰਵਾਰ ਸਣੇ ਇੱਧਰ-ਉਧਰ ਛਿਪ ਜਾਂਦਾ ਰਿਹਾ। ਆਖ਼ਰ ਨੂੰ ਉਹ ਔਰਤ ਪੁਲਸ ਦੇ ਹੱਥ ਆ ਗਈ। ਉਹ ਦ੍ਰਿਸ਼ ਰੌਗਟੇ ਖੜ੍ਹੇ ਕਰਨ ਵਾਲਾ ਸੀ। ਉਥੇ ਖੜ੍ਹੇ ਕਈਆਂ ਨੇ ਸੁਝਾਅ ਦਿੱਤਾ ਕਿ ਉਹ ਬੰਦਾ ਆਪਣੇ ਪੁੱਤਰ ਨੂੰ ਆਪਣੇ ਕੋਲ ਰੱਖ ਲਵੇ। ਉਹ ਕਹਿੰਦਾ ਕਿ ਨਹੀਂ, ਇਹ ਵਾਪਸ ਆਏਗੀ। ਪੁਲਸ ਦੀ ਗੱਡੀ ਤੁਰ ਪਈ ਤੇ ਉਹ ਔਰਤ ਮੁੜ ਨਾ ਪਰਤੀ, ਪਰਤ ਸਕਦੀ ਹੀ ਨਹੀਂ ਸੀ। ਪਰਤਦੀ ਵੀ ਕਿਉਂ? ਉਹ ਬੰਦਾ ਬੜਾ ਬਦ-ਮਿਜ਼ਾਜ ਸੀ। ਉਹ ਔਰਤ ਨਾਲ ਆਈ ਕੁੜੀ ਨੂੰ ਦੰਦ ਕਰੀਚਦਾ ‘ਹਰਾਮਜ਼ਾਦੀ ਕਹਿੰਦਾ। ਫਿਰ ਉਹ ਫਿਰ ਔਰਤ ਜਦੋਂ ‘ਆਪਣੇ ਮੁਲਕ ਕਿਸੇ ਦਹਾਜੂ-ਤਿਹਾਜੂ ਦੇ ਘਰ ਬੈਠ ਗਈ ਹੋਣੀ ਹੈ, ਉਸ ਦਾ ਮਰਦ ਵੀ ਏਧਰੋਂ ਉਸ ਔਰਤ ਨਾਲ ਗਏ ਦੋ ਬੱਚਿਆਂ ਨੂੰ ‘ਹਰਾਮ ਦੀ ਔਲਾਦ ਕਹਿੰਦਾ ਹੋਣਾ ਹੈ।
ਹਰਾਮੀ ਕੌਣ ਹੋਇਆ? ਜੀਵ ਦੇ ਹੋਂਦ ਵਿੱਚ ਆਉਣ ਲਈ ਨਰ ਤੇ ਮਾਦਾ ਦੋਵਾਂ ਦੀ ਸ਼ਮੂਲੀਅਤ ਹੁੰਦੀ ਹੈ। ਔਰਤ ਨਾਲ ਜ਼ਬਰਦਸਤੀ ਵੀ ਹੋਵੇ, ਬੱਚਾ ਉਸ ਦੀ ਕੁੱਖ ਵਿੱਚ ਪਲਣ ਲੱਗ ਪੈਂਦਾ ਹੈ। ‘ਹਰਾਮੀ ਸ਼ਬਦ ਗਾਲ ਹੈ, ਜੋ ਬੱਚੇ ਤੇ ਉਸ ਦੀ ਜਨਨੀ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਦੋਹਾਂ ਦਾ ਕੀ ਕਸੂਰ ਹੁੰਦਾ ਹੈ? ਦੋਸ਼ ਸਮਾਜ ਦਾ, ਲਾਹਨਤਾਂ ਉਨ੍ਹਾਂ ਨਿਰਦੋਸ਼ਾਂ ਨੂੰ?
ਸੁਰਤ ਸੰਭਲਣ ਵੇਲੇ ਤੋਂ ਅੱਜ ਤੀਕ ਅਜਿਹੀਆਂ ਬੜੀਆਂ ਤਲਖ਼ ਯਾਦਾਂ ਮਨ ਨੂੰ ਬੇਚੈਨ ਕਰਦੀਆਂ ਰਹੀਆਂ। ਅਜੋਕੇ ਨਾਸਾਜ਼ਗਾਰ ਹਾਲਾਤ ਨੂੰ ਵੇਖਦਿਆਂ ਸੁਰਤ ਬਦਹਾਲ ਹੋਣ ਲੱਗੀ ਹੈ। ਰਤਨ ਸਿੰਘ ਸਾਡਾ ਉਰਦੂ ਦਾ ਵੱਡਾ ਕਹਾਣੀਕਾਰ ਹੈ। ਮੰਟੋ ਵਾਂਗ ਉਸ ਨੇ ਵੀ ਪੰਜਾਬ ਦੀ ਵੰਡ ਬਾਰੇ ਬੜਾ ਲਿਖਿਆ ਹੈ। ਉਸ ਦੀ ਇੱਕ ਕਹਾਣੀ ‘ਪਾਣੀ ਨੂੰ ਲੱਗੀ ਅੱਗ ਵੇ ਪੰਜਾਬੀ ਜਾਮੇ ਵਿੱਚ ਮਈ 2014 ਦੇ ‘ਅਕਸ ਮੈਗਜ਼ੀਨ ਵਿੱਚ ਛਪੀ। ਇਸ ਕਹਾਣੀ ਦੀਆਂ ਆਖਰੀ ਸਤਰਾਂ ਹਨ, ‘ਉਦੋਂ ਸੰਨ ਸੰਤਾਲੀ ਵਿੱਚ ਜਦ ਅਣਗਿਣਤ ਕੁੜੀਆਂ ਦੇ ਰੂਪ ਨੂੰ ਮੈਲੇ ਹੱਥ ਲੱਗੇ ਸਨ ਤਾਂ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਪਾਣੀਆਂ ਨੂੰ ਅੱਗ ਲੱਗੀ ਸੀ। ਅੱਗ ਲੱਗੀ ਤੇ ਇਹ ਸੁੱਕ ਗਏ। ਪੰਜੇ ਦਰਿਆ ਸੁੱਕੇ ਤਾਂ ਪੰਜਾਬ ਦੀ ਧਰਤੀ ਬੰਜਰ ਹੋ ਗਈ। ਇਸ ਬੰਜਰ ਧਰਤੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਸੱਚੀਆਂ ਖ਼ੁਸ਼ੀਆਂ ਦੀ ਫ਼ਸਲ ਨਹੀਂ ਉਗੀ। ਨਾ ਇਸ ਪਾਸੇ ਨਾ ਉਸ ਪਾਸੇ।
ਇਸ ਕਹਾਣੀ ਦੀਆਂ ਅਰੰਭਿਕ ਸਤਰਾਂ ਹਨ, ‘ਮੇਰੇ ਕੋਲੋਂ ਇਹ ਨਾ ਪੁੱਛਣਾ ਕਿ ਸੰਨ ਸੰਤਾਲੀ ਵਿੱਚ ਰਹਿਮਤੇ ਨੂੰ ਰਾਮ ਕੌਰ ਬਣਾਇਆ ਗਿਆ ਜਾਂ ਰਾਮ ਕੌਰ ਨੂੰ ਰਹਿਮਤੇ। ਇਹ ਵੀ ਸਵਾਲ ਨਾ ਕਰਨਾ ਕਿ ਇਹ ਘਟਨਾ ਪੂਰਬੀ ਪੰਜਾਬ ਵਿੱਚ ਹੋਈ, ਜੋ ਅੱਜ ਆਜ਼ਾਦ ਹਿੰਦੋਸਤਾਨ ਦਾ ਹਿੱਸਾ ਏ, ਜਾਂ ਪੱਛਮੀ ਪੰਜਾਬ ਵਿੱਚ, ਜੋ ਅੱਜ ਪਾਕਿਸਤਾਨ ਦਾ ਭਾਗ ਏ।’