ਚੰਡੀਗੜ੍ਹ, 4 ਦਸੰਬਰ, – ਹਲਕਾ ਰਾਏਕੋਟ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਇਸ ਪਾਰਟੀ ਵਿੱਚ ਵਾਪਸੀ ਕਰ ਲਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਾਂਗਰਸ ਦਾ ਹੱਥ ਛੱਡ ਕੇ ਫਿਰ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਲਿਆ ਸੀ। ਸੰਦੋਆ ਵਾਂਗ ਹੀ ਜਗਤਾਰ ਸਿੰਘ ਜੱਗਾ ਨੇ ਵੀ ਘਰ ਵਾਪਸੀ ਕਰਨ ਵੇਲੇ ਲੋਕਾਂ ਤੋਂ ਮੁਆਫ਼ੀ ਮੰਗੀ ਹੈ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਪਾਰਟੀ ਵਿਚ ਪਰਤਣ ਵੇਲੇ ਜਗਤਾਰ ਸਿੰਘ ਹਿੱਸੋਵਾਲ ਨੇ ਕਿਹਾ ਕਿ ਕਿਸੇ ਕਾਰਨ ਮੈਂ ਗੁਮਰਾਹ ਹੋ ਗਿਆ ਤੇ ਇਸ ਦੌਰਾਨ ਮੈਨੂੰ ਆਪਣੀ ਗ਼ਲਤੀ ਤੇ ਜ਼ਮੀਨੀ ਹਕੀਕਤ ਦਾ ਅਹਿਸਾਸ ਹੋਇਆ ਹੈ। ਉਸ ਨੇ ਕਿਹਾ ਕਿ ਉਹ ਪਾਰਟੀ ਵਿੱਚ ਕਿਸੇ ਅਹੁਦੇ ਦੀ ਇੱਛਾ ਤੋਂ ਬਿਨਾਂ ਆਮ ਵਲੰਟੀਅਰ ਬਣ ਕੇ ਕੰਮ ਕਰਨਗੇ। ਉਨ੍ਹਾਂ ਕਿਹਾ, ‘ਮੇਰੇ ਪਾਰਟੀ ਤੋਂ ਦੂਰ ਜਾਣ ਨਾਲ ਜਿਨ੍ਹਾਂ ਵਲੰਟੀਅਰਾਂ ਤੇ ਆਗੂਆਂ ਦੇ ਦਿਲਾਂ ਅਤੇ ਮਾਣ-ਸਨਮਾਨ ਨੂੰ ਠੇਸ ਪੁੱਜੀ ਸੀ, ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ।’
ਵਰਨਣ ਯੋਗ ਹੈ ਕਿ ਪਾਰਟੀ ਹਾਈਕਮਾਨ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਵਾਲੇ ਅਹੁਦੇ ਤੋਂ ਹਟਾਉਣ ਦੇ ਬਾਅਦ ਪਾਰਟੀ ਦੇ ਅੱਠ ਵਿਧਾਇਕ ਬਾਗੀ ਹੋ ਗਏ ਸਨ, ਜਿਨ੍ਹਾਂ ਵਿਚ ਜਗਤਾਰ ਸਿੰਘ ਜੱਗਾ ਸ਼ਾਮਲ ਸੀ। ਸੁਖਪਾਲ ਸਿੰਘ ਖਹਿਰਾ ਸਮੇਤ ਇਨ੍ਹਾਂ ਵਿਧਾਇਕਾਂ ਨੇ ਸੂਬਾਈ ਲੀਡਰਸ਼ਿਪ ਨੂੰ ਖੁਦਮੁਖਤਿਆਰੀ ਦੇਣ ਅਤੇ ਪੰਜਾਬ ਅਤੇ ਪੰਜਾਬੀਆਂ ਦੀ ਮੰਗਾਂ ਮੰਨਣ ਲਈ ਵੱਖਰਾ ਧੜਾ ਬਣਾ ਲਿਆਅਤੇ ਇਕ ਵਾਰ ਇਸ ਪਾਰਟੀ ਲਈ ਵਿਰੋਧੀ ਧਿਰ ਦੀ ਆਗੂ ਦਾ ਅਹੁਦਾ ਖੁੱਸਣ ਦੀ ਨੌਬਤ ਆ ਗਈ ਸੀ, ਪਰ ਲੋਕ ਸਭਾ ਚੋਣਾਂ ਵਿਚ ਸੁਖਪਾਲ ਸਿੰਘ ਖਹਿਰਾ ਦੀ ਬੁਰੀ ਤਰ੍ਹਾਂ ਹਾਰ ਹੋਣਨਾਲ ਹਾਲਾਤ ਬਦਲ ਗਏ। ਫਿਰ ਪਾਰਟੀ ਨੇ ਖਹਿਰਾ ਧੜੇ ਨਾਲ ਗਏ ਵਿਧਾਇਕਾਂ ਦੀ ਘਰ ਵਾਪਸੀ ਦੇ ਯਤਨ ਆਰੰਭ ਕੀਤੇ ਸਨਅਤੇ ਏਸੇ ਲਈ ਮਾਸਟਰ ਬਲਦੇਵ ਸਿੰਘ, ਜੈ ਕਿਸ਼ਨ ਰੋੜੀ, ਅਮਰਜੀਤ ਸਿੰਘ ਸੰਦੋਆ ਪਾਰਟੀ ਵਿਚ ਆ ਚੁੱਕੇ ਹਨ। ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਪਿਰਮਲ ਸਿੰਘ, ਜਗਦੇਵ ਸਿੰਘ ਕਮਾਲੂ ਅਤੇ ਨਾਜਰ ਸਿੰਘ ਮਾਨਸਾਹੀਆ ਅਜੇ ਵੀ ਪਾਰਟੀ ਤੋਂ ਦੂਰ ਹਨ, ਪਰ ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੂੰ ਛੱਡਕੇ ਬਾਕੀ ਵਿਧਾਇਕਾਂ ਨੂੰ ਮਨਾਉਣ ਅਤੇ ਘਰ ਵਾਪਸੀ ਕਰਵਾਉਣ ਲਈਪਾਰਟੀ ਆਗੂ ਯਤਨਸ਼ੀਲ ਹਨ।