punjabi story

ਲੇਖਕ

ਸੰਦੀਪ ਸਿੰਘ

ਸੰਦੀਪ ਸਿੰਘ

ਨਾਮ ਸੰਦੀਪ ਸਿੰਘ , ਜਿਲ੍ਹਾ ਫਿਰੋਜ਼ਪੁਰ, ਵਿੱਦਿਅਕ ਯੋਗਤਾ ਐਮ.ਫਿਲ ਪੰਜਾਬੀ, ਉਮਰ 28 ਸਾਲ , ਜਨਮ ਤਾਰੀਖ 20-01-1993 , ਸੰਪਰਕ -7347569340

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Share on facebook
Share on twitter
Share on whatsapp
Share on pinterest
Share on telegram

ਕਹਾਣੀ-ਪਾਪਾ ਜੀ ਮੈਨੂੰ ਵੀ ਰਿਹਾਈ ਚਾਹੀਦੀ ਆ

ਸਰਦਾਰ ਜੋਗਿੰਦਰ ਸਿੰਘ ਹੁਰਾਂ ਦੀ ਚੁਬਾਰੇ ਵਿੱਚ ਇੱਕ ਪ੍ਰੇਤ ਵਰਗਾ ਸਾਇਆ ਖੜ੍ਹਾ ਹੋਇਆ ਸੀ। ਪਹਿਲਾਂ ਤਾਂ ਇਸ ਸਾਏ ਵੱਲ ਕਿਸੇ ਦਾ ਧਿਆਨ ਹੀ ਨਾ ਗਿਆ। ਪਰ ਹੌਲੀ-ਹੌਲੀ ਇਸ ਸਾਏ ਦੇ ਨਕਸ਼ ਬਣ ਲੱਗ ਪਏ ਸਨ।ਇਹ ਸਾਇਆ ਅਲਫ ਨੰਗਾ ਖੜ੍ਹਾ ਸੀ। ਜੋ 25-26 ਵਰ੍ਹਿਆਂ ਦੀ ਜਵਾਨ ਔਰਤ ਦਾ ਸੀ। ਹੌਲੀ-ਹੌਲੀ ਸਾਰੇ ਪਿੰਡ ਵਿੱਚ ਅੱਗ ਵਾਂਗ ਇਹ ਗੱਲ ਫੈਲ ਗਈ ਸੀ ਕਿ ਸਰਦਾਰ ਜੋਗਿੰਦਰ ਸਿੰਘ ਹੁਰਾਂ ਦੇ ਚੁਬਾਰੇ ਵਿੱਚ ਨੰਗੀ ਜਨਾਂਨੀ ਖੜ੍ਹੀ ਹੋਈ ਹੈ । ਜੋ ਪਹਿਲਾਂ ਪਿੰਡ ਵਾਲੇ ਭੂਤ ਸਮਝ ਕੇ ਇਸ ਸਾਏ ਤੋ ਡਰ ਰਹੇ ਸਨ।ਹੁਣ ਇਸ ਸਾਏ ਨੂੰ ਮੁੰਡੀਰ ਸੁਆਦ ਲੈ-ਲੈ ਵੇਖ ਰਹੀ ਸੀ ਤੇ ਠਰਕਾ ਭੌਰ ਰਹੀ ਸੀ। ਪੁਰਾਣੀਆਂ ਜੁਨਾਨੀਆਂ ਮੂੰਹ ਜੋੜ-ਜੋੜ ਕੇ ਗੱਲਾਂ ਕਰਕੇ ਇੱਕ ਦੂਜੇ ਨੂੰ ਕਹਿ ਰਹੀਆਂ ਸਨ” ਨੀ ਭੈਣੇ ਹੁਣ ਤਾ ਲੋਹੜਾ ਹੀ ਆ ਗਿਆ ਹੁਣ ਵਾਲੀਆਂ ਕੁੜੀਆਂ ਤਾਂ ਉੱਕਾ ਹੀ ਸ਼ਰਮ ਨੀ ਕਰਦੀਆਂ। ਆ ਵੇਖ ਕਿਵੇਂ ਖੜ੍ਹੀ ਆ ਅਲਫ ਨੰਗੀ ਮੇਰੇ ਪਿਉ ਦੀ ਰੰਨ ਹੋਵੇ ਜਿਵੇ” ਇੱਕ ਸਾਡਾ ਵੇਲਾ ਸੀ ਜਦ ਘਰੇ ਪਿਉ ਹੁੰਦਿਆਂ ਕਿਤੇ ਸਿਰ ਤੋ ਚੁੰਨੀ ਵੀ ਲੈ ਜਾਣੀ ਤਾਂ ਸਾਰਾ ਦਿਨ ਸ਼ਰਮ ਨਾਲ ਪਿਉ ਨਾਲ ਕਿਤੇ ਅੱਖ ਨਾ ਮਿਲਾਈ ਜਾਣੀ। ਸੋਚਣਾ ਖਰੇ ਕਿੰਨਾ ਕੁ ਵੱਡਾ ਪਾਪ ਹੋ ਗਿਆ ਹੋਵੇ। ਇੱਕ ਆਹ ਕੁਕਰਮੀ ਕਿਵੇ ਆਪਣੇ ਪਿਉ ਦੀ ਪੱਗ ਨੂੰ ਪੈਰਾਂ ਵਿੱਚ ਰੋਲ ਕੇ ਆਪਣੀ ਨੁਮਾਇਸ਼ ਕਰਨ ਲੱਗੀ ਹੋਈ ਆ। ਇਹਨਾਂ ਮੂੰਹ ਜੋੜ-ਜੋੜ ਕੇ ਗੱਲਾਂ ਕਰਨ ਵਾਲਿਆਂ ਵਿੱਚ ਇੱਕ ਪਿੰਡ ਦੀ ਪੁਰਾਣੀ ਬੁੜੀ ਬਚਨੋ ਵੀ ਸੀ। ਜਿਸ ਦਾ ਘਰਵਾਲਾ ਪਹਿਲੀ ਉਮਰੇ ਹੀ ਤੁਰ ਗਿਆ ਤਾਂ ਉਹ ਭਰਾਵਾਂ ਦੇ ਸਿਰ ਤੇ ਆਪਣੇ ਬਾਲ ਬੱਚੇ ਲੈ ਕੇ ਪੇਕੇ ਆਣ ਬੈਠੀ ਸੀ। ਜਿਸ ਕਾਰਨ ਸਾਰੇ ਪਿੰਡ ਦੇ ਵੱਡੇ ਛੋਟੇ ਉਸਨੂੰ ਭੂਆ ਈ ਕਹਿ ਕੇ ਬੁਲਾਉਂਦੇ ਸਨ। ਇਨ੍ਹਾਂ ਵਿੱਚੌਂ ਇੱਕ ਬੁੜੀ ਨਾਮੋ ਵੀ ਸੀ। ਜਿਸ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਉਸ ਦੇ ਪੱਟੇ ਘਰ ਆਜੇ ਤੱਕ ਰਾਸ ਨਹੀ ਸੀ ਆਏ।

ਉਹ ਆਪਣੀਆਂ ਹਮਉਮਰ ਬੁੜੀਆਂ ਨੂੰ ਬੜੇ ਬੁੱਲ੍ਹ ਟੇਰ ਕੇ ਕਹਿ ਰਹੀ ਸੀ।”ਕੀ ਪਤਾ ਅਗਲੇ ਦਾ ਮੁੰਡਾ ਜੱਸਾ ਨਵੀ ਰੰਨ ਕੇ ਆਇਆ ਹੋਵੇ। “ਤੁਸੀਂ ਐਵੇ ਮੱਚਣ ਡਾਹੀਆ ਜੇ। ਅਗਲੀ ਭਾਵੇ ਕੱਪੜੇ ਪਾਵੇ ਨਾ ਜਾ ਪਾਵੇ ਤੁਹਾਨੂੰ ਕੀ ਲੱਗੇ ਭੈਣੋ। ਹੌਲੀ-ਹੌਲੀ ਇਹ ਗੱਲ ਚੁਬਾਰੇ ਤੋਂ ਹੁੰਦੀ ਹੋਈ ਪਿੰਡ ਦੀ ਸੱਥ ਤੱਕ ਵੀ ਪਹੁੰਚ ਗਈ। ਜਿੱਥੇ ਸਰਦਾਰ ਜੋਗਿੰਦਰ ਸਿੰਘ ਪਿੰਡ ਦੇ ਮੋਹਤਰ ਬੰਦਿਆਂ ਨਾਲ ਗੱਲਾਂ ਕਰ ਰਿਹਾ ਸੀ। ਇੰਨੇ ਉਹਨਾਂ ਦੇ ਸੀਰੀ ਨੇ ਆ ਕੇ ਗੱਲਬਾਤ ਦਾ ਸਿਲਸਿਲਾ ਇਹ ਕਹਿ ਕੇ ਤੋੜ ਦਿੱਤਾ “ਸਰਦਾਰਾਂ ਅਣਹੋਣੀ ਵਾਪਰ ਗਈ ਆਪਣੇ ਘਰ ਤਾ” ।

ਇਹ ਸ਼ਬਦ ਸਰਦਾਰ ਜੋਗਿੰਦਰ ਸਿੰਘ ਦੇ ਸਿਰ ਤੇ ਇੱਟ ਵਾਂਗ ਵੱਜੇ ਸਨ।ਕੀ ਗੱਲ ਸੀਰਿਆ ਸੁੱਖ ਤਾ ਹੈਗੀ ਆ ਨਾ ਆਪਣੇ। ਸੁੱਖ ਈ ਨੀ ਆ ਸਰਦਾਰਾਂ ਨਹੀ ਤਾਂ ਤੇਰੇ ਕੋਲ ਕੀ ਲੈਣ ਆਉਣਾ ਸੀ ਮੈ ਸੱਥ ਚ। ਇਹ ਸੁਣ ਕੇ ਸਰਦਾਰ ਜੋਗਿੰਦਰ ਸਿੰਘ ਨੂੰ ਆਪਣੀ ਘਰਵਾਲੀ ਚਰਨੋ ਦੀ ਮਨੋ ਮਨੀ ਫਿਕਰ ਹੋਣ ਲੱਗੀ ਕਿਉਂਕਿ ਚਰਨੋ ਪਿਛਲੇ ਕੁੱਛ ਸਮੇ ਤੋ ਸਿਹਤ ਵੱਲੋਂ ਢਿੱਲੀ ਮੱਠੀ ਚੱਲ ਰਹੀ ਸੀ। ਬਥੇਰੇ ਡਾਕਟਰ ਨੂੰ ਵਿਖਾਇਆ ਉਹਨਾਂ ਕਿਸੇ ਨੂੰ ਵੀ ਚਰਨੋ ਦੀ ਬਿਮਾਰੀ ਦਾ ਭੇਤ ਨਹੀ ਸੀ ਲੱਗਾ। ਸਰਦਾਰ ਜੋਗਿੰਦਰ ਸਿੰਘ ਨੇ ਹੌਸਲਾ ਕਰਕੇ ਪੁੱਛ ਹੀ ਲਿਆ ਆਪਣੇ ਕਾਮੇ ਸੀਰੇ ਤੋ “ਕੀ ਗੱਲ ਸੀਰਿਆ ਬੁਝਾਰਤਾਂ ਕਿਉ ਪਾਈ ਜਾਨਾ ਖੁੱਲ੍ਹ ਕੇ ਦੱਸ ਕੀ ਅਣਹੋਣੀ ਵਾਪਰ ਗਈ ਆਪਣੇ “। ਤੂੰ ਆਪ ਜਾ ਹੀ ਦੇਖ ਲਾ ਸਰਦਾਰਾਂ ਕੀ ਅਣਹੋਣੀ ਵਾਪਰੀ ਆਪਣੇ । ਚੱਲ ਬੀ ਸ਼ੇਰਾ ਦੇਖਾ ਤਾਂ ਸੀ ਕੀ ਹੋਇਆ ਆਪਣੇ ਜੇ ਤੂੰ ਆਪਣੇ ਮੂੰਹ ਨਹੀ ਦੱਸਣਾ ਤਾਂ । ਇਨ੍ਹਾਂ ਕਹਿ ਕੇ ਸਰਦਾਰ ਜੋਗਿੰਦਰ ਸਿੰਘ ਨੇ ਸੱਥ ਵਿੱਚੋਂ ਆਪਣੇ ਸਾਥੀਆਂ ਤੋਂ ਆਗਿਆ ਲੇੈ ਕੇ ਆਪਣੇ ਕਾਮੇ ਸੀਰੇ ਨਾਲ ਤੁਰ ਪਿਆ ਆਪਣੇ ਘਰ ਵੱਲ ਨੂੰ। ਰਸਤੇ ਵਿੱਚ ਨਾ ਸਰਦਾਰ ਜੋਗਿੰਦਰ ਨੇ ਕੁੱਛ ਪੁੱਛਿਆ ਆਪਣੇ ਸੀਰੀ ਤੋ ਤੇ ਨਾ ਹੀ ਕਾਮੇ ਨੇ ਇੱਕ ਬੋਲ ਕੱਢਿਆ ਆਪਣੀ ਜ਼ੁਬਾਨ ਤੋ।
ਇਸ ਸੰਨਾਟੇ ਨੂੰ ਬਰਕਰਾਰ ਰੱਖਦੇ ਹੋਏ ਕਾਮਾ ਤੇ ਮਾਲਕ ਆਪਣੀ ਹਵੇਲੀ ਤੱਕ ਪਹੁੰਚ ਗਏ ਸਨ।ਜਿੱਥੇ ਭੀੜ ਖੜ੍ਹ ਕੇ ਆਪਣੇ-ਆਪਣੇ ਅੰਦਾਜ਼ੇ ਲਾ ਰਹੀ। ਸਰਦਾਰ ਜੋਗਿੰਦਰ ਸਿੰਘ ਦੀ ਹਵੇਲੀ ਪਹੁੰਚਦਿਆਂ ਸਾਰ ਹੀ ਚੁਬਾਰੇ ਵੱਲ ਨਿਗ੍ਹਾ ਚਲੀ ਗਈ । ਜਿੱਥੇ ਪ੍ਰੇਤ ਵਰਗਾ ਸਾਇਆ ਅਲਫ ਨੰਗਾ ਖੜ੍ਹਾ ਹੋਇਆ ਆਪਣੀ ਮਜੂੌਦਗੀ ਦਾ ਅਹਿਸਾਸ ਹਰ ਇੱਕ ਕਰਵਾ ਰਹਿਆ ਸੀ। ਇਸ ਸਾਏ ਨੂੰ ਦੇਖਦੇ ਸਾਰ ਸਰਦਾਰ ਜੋਗਿੰਦਰ ਸਿੰਘ ਮਿੱਟੀ ਢੇਰੀ ਵਾਂਗ ਥਾਂ ਤੇ ਢੇਰੀ ਹੋ ਗਿਆ ਸੀ। ਇਹ ਸਾਇਆ ਪਿਛਲੇ 25 ਸਾਲ ਤੋ ਸਰਦਾਰ ਜੋਗਿੰਦਰ ਸਿੰਘ ਦਾ ਪਿੱਛਾ ਕਰ ਰਿਹਾ ਸੀ। ਕੋਈ ਵੀ ਨਹੀ ਸੀ ਜਾਣਦਾ ਕਿ ਇਸ ਸਾਇਆ ਤੇ ਸਰਦਾਰ ਜੋਗਿੰਦਰ ਸਿੰਘ ਆਪਸ ਵਿੱਚ ਪਿਛਲੇ 25 ਵਰ੍ਹਿਆਂ ਤੋ ਇੱਕ-ਦੂਜੇ ਵਾਕਿਫ ਸਨ। ਅਜੇ ਕਲ੍ਹ ਦੀ ਤਾਂ ਗੱਲ ਹੈ। ਜਦ ਸਰਦਾਰ ਜੋਗਿੰਦਰ ਸਿੰਘ ਦਾ ਵਿਆਹ ਹੋਇਆ ਸੀ। ਕਿੰਨਾ ਉਤਸ਼ਾਹ ਸੀ ਉਦੋਂ ਪਰਿਵਾਰ ਅੰਦਰ। ਉਹਨਾਂ ਦਿਨਾਂ ਵਿੱਚ ਗਾਉਣ ਵਾਲੀ ਕੋਈ ਵਿਰਲਾ ਵਾਝਾ ਹੀ ਲਾਉਂਦਾ ਹੁੰਦਾ ਸੀ। ਪਰ ਸਰਦਾਰ ਜੋਗਿੰਦਰ ਸਿੰਘ ਦੇ ਬਾਪ ਕਰਤਾਰ ਸਿੰਘ ਨੇ ਨਾਭੇ ਤੋਂ ਮੰਗਵਾ ਕੇ ਗਾਉਣ ਵਾਲੀ ਲਾਈ ਸੀ।ਖੁੱਲ੍ਹੀ ਜਮੀਨ ਹੋਣ ਕਰਕੇ ਬਾਪ ਨੇ ਪੁੱਤ ਦੇ ਵਿਆਹ ਤੇ ਖਰਚੇ ਦੀ ਪਰਵਾਹ ਨਹੀਂ ਸੀ ਕੀਤੀ। ਸਰਦਾਰ ਜੋਗਿੰਦਰ ਦੇ ਬਾਪ ਇਲਾਕੇ ਵਿੱਚ ਪੂਰਾ ਨਾਮ ਸੀ।ਕਿੰਨੇ ਦਿਨ ਉਹਨਾਂ ਦੇ ਘਰ ਹੋਏ ਵਿਆਹ ਦੇ ਚਰਚੇ ਪਿੰਡ ਦੀ ਸੱਥ ਵਿੱਚ ਚਲਦੇ ਰਹੇ ਸਨ। ਸਰਦਾਰ ਜੋਗਿੰਦਰ ਸਿੰਘ ਦਾ ਬਾਪ ਵੀ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਅੱਗੇ ਸਰਦਾਰ ਜੋਗਿੰਦਰ ਸਿੰਘ ਵੀ ਇੱਕਲਾ ਹੀ ਮਾਪਿਆਂ ਦਾ ਪੁੱਤ। ਇਹ ਰੀਤ ਉਹਨਾਂ ਦੇ ਘਰ ਸਰਦਾਰ ਜੋਗਿੰਦਰ ਦੇ ਦਾਦੇ ਤੋ ਚੱਲਦੀ ਆ ਰਹੀ ਸੀ। ਪਰ ਸਰਦਾਰ ਜੋਗਿੰਦਰ ਵਾਰੀ ਇਹ ਰੀਤ ਉਦੋ ਟੁੱਟ ਗਈ ਜਦ ਉਸਦੇ ਘਰਵਾਲੀ ਦੇ ਕੁੱਖੋਂ ਪਹਿਲਾਂ ਬੱਚੇ ਦੇ ਰੂਪ ਵਿੱਚ ਕੁੜੀ ਹੋਈ। ਮਾਪਿਆਂ ਨੂੰ ਦੁੱਖ ਤਾਂ ਜਰੂਰ ਹੋਇਆ ਪਰ ਉਹਨਾਂ ਦੇ ਨੰਹੂ ਪੁੱਤ ਦੀ ਖੁਸ਼ੀ ਅੱਗੇ ਇਸਨੂੰ ਜਾਹਰ ਨਾ ਕੀਤਾ।

ਕੁੜੀ ਨੂੰ ਲਸ਼ਮੀ ਸਮਝ ਕੇ ਸਭ ਪਰਿਵਾਰ ਦੇ ਜੀਆਂ ਨੇ ਪ੍ਰਵਾਨ ਕਰ ਲਿਆ ਅਤੇ ਕਿਅਾਸ ਲਾਇਆ ਗਿਆ ਭੈਣ ਆ ਗਈ। ਹੁਣ ਇਹ ਆਪਣੇ ਭਰਾ ਨੂੰ ਜਲਦ ਲੈ ਕੇ ਆਵੇਗੀ। ਪਹਿਲੀ ਕੁੜੀ ਹੋਣ ਦਾ ਦੁੱਖ ਹੌਲੀ_ਹੌਲੀ ਪਰਿਵਾਰ ਵਿੱਚ ਘੱਟਣ ਲੱਗਾ ਅਤੇ ਕੁੜੀ ਦਾ ਨਾਮ ਰੱਖਿਆ ਗਿਆ ਕਰਮਜੀਤ ਪਰ ਪਿਆਰ ਨਾਲ ਸਾਰੇ ਉਸਨੂੰ ਕਰਮੋ-ਕਰਮੋ ਕਹਿੰਦੇ ਸਨ।ਘਰ ਵਿੱਚ ਪਹਿਲੇ ਸਿਆਣੇ ਜੀਅ ਹੋਣ ਕਰਕੇ ਕੋਈ ਚਹਿਲ ਪਹਿਲ ਨਾ ਬਰਾਬਰ ਸੀ ਹੁਣ ਉਹ ਘਰ ਕਰਮੋ ਦੀਆਂ ਕਿਲਕਾਰੀਆਂ ਨਾਲ ਗੂੰਜਣ ਲੱਗ ਪਿਆ ਸੀ। ਸਰਦਾਰ ਜੋਗਿੰਦਰ ਜੋ ਪਹਿਲਾਂ ਕਰਮੋ ਤੋ ਦੂਰ ਰਹਿੰਦਾ ਸੀ ਹੁਣ ਉਸਨੂੰ ਆਪਣੇ ਮੋਢਿਆਂ ਤੇ ਸਾਰਾ ਦਿਨ ਚੁੱਕ ਕੇ ਖੇਡਾਉਦਾ ਰਹਿੰਦਾ। ਵਰ੍ਹੇ ਕੁ ਬਾਅਦ ਚਰਨੋ ਫਿਰ ਪੇਟ ਤੋਂ ਹੋ ਗਈ। ਸਭ ਦੀਆਂ ਨਜ਼ਰਾਂ ਫਿਰ ਤੋ ਚਰਨੋ ਦੇ ਕੁੱਖੋਂ ਹੋਣ ਵਾਲੇ ਬੱਚੇ ਤੇ ਲੱਗ ਗਈਆਂ ਸਨ।ਪਰ ਕਿਸਮਤ ਨੇ ਫਿਰ ਉਹੀ ਦਸਤੂਰ ਨੂੰ ਨਿਭਾਇਆ ਤੇ ਚਰਨੋ ਫਿਰ ਤੋਂ ਕੁੜੀ ਦੀ ਮਾਂ ਬਣ ਗਈ।ਇਸ ਨਾਲ ਘਰ ਵਿੱਚ ਨਾ ਟੁੱਟਣ ਵਾਲੀ ਚੁੱਪ ਪਸਰੀ ਗਈ। ਨਾ ਕਿਸੇ ਨੇ ਕੁੱਝ ਬੋਲਿਆ ਨਾ ਹੀ ਦੁੱਖ ਮਨਾਇਆ। ਸਰਦਾਰ ਜੋਗਿੰਦਰ ਸਿੰਘ ਸਵੇਰ ਹੁੰਦਿਆਂ ਘਰੋਂ ਬਾਹਰ ਨਿਕਲ ਜਾਂਦਾ ਅਤੇ ਗਈ ਰਾਤ ਨੂੰ ਵਾਪਸ ਆਉਂਦਾ। ਕਈ ਵਾਰ ਉਹ ਇੱਕ ਅੱਧਾ ਪੈਂਗ ਵੀ ਲੈਂਦਾ ਅਤੇ ਚੁੱਪ ਕਰਕੇ ਰੋਟੀ ਖਾ ਕੇ ਸੌ ਜਾਂਦਾ। ਸਮੇ ਆਪਣੀ ਚਾਲ ਤੁਰਦਿਆਂ ਦਿਨ ਤੋ ਮਹੀਨਿਆਂ ਦਾ ਸਫਰ ਤੈਅ ਕਰਦਿਆਂ ਸਾਲਾਂ ਵਿੱਚ ਬਦਲਣ ਲੱਗਾ। ਹੁਣ ਸਰਦਾਰ ਜੋਗਿੰਦਰ ਸਿੰਘ ਦੀਆਂ ਦੋਹਾਂ ਧੀਆਂ ਵੀ ਸਕੂਲ ਚ ਜਾਣ ਲੱਗ ਪਈਆਂ ਸਨ। ਸਮੇ ਨੇ ਆਪਣਾ ਇੱਕ ਵਾਰ ਰੰਗ ਵਿਖਾਇਆ ਤੇ ਚਰਨੋ ਪੰਜ ਵਰ੍ਹਿਆਂ ਬਾਅਦ ਫਿਰ ਤੋਂ ਮਾਂ ਬਨਣ ਵਾਲੀ ਹੋ ਗਈ। ਇਸ ਵਾਰ ਚਰਨੋ ਆਪ ਵੀ ਪਤਾ ਨਾ ਲੱਗਾ ਉਹ ਕਦ ਮਾਂ ਬਨਣ ਵਾਲੀ ਹੋ ਗਈ। ਉਸਨੂੰ ਤਾਂ ਉਦੋ ਪਤਾ ਲੱਗਾ ਜਦ ਉਹ ਅਪਣੀ ਮਾਂ ਮਿਲਣ ਗਈ ਤੇ ਉੱਥੇ ਜਾ ਕੇ ਅਚਾਨਕ ਢਿੱਲੀ ਹੋ ਗਈ।

ਉਦੋਂ ਵੱਡੀ ਡਾਕਟਰਨੀ ਨੇ ਦੱਸਿਆ ਸੀ ਉਹਨੂੰ “ਬੀਬੀ ਧਿਆਨ ਰੱਖਿਆ ਕਰ ਆਪਣਾ” ਇਹ ਸ਼ਬਦ ਸੁਣ ਮਾਵਾਂ ਧੀਆਂ ਦੋਵੇਂ ਹੈਰਾਨ ਰਹਿ ਗਈਆਂ ਸਨ। ਮਾਂ ਨੇ ਡਰਦੇ-ਡਰਦੇ ਡਾਕਟਰਨੀ ਤੋ ਪੁੱਛਿਆ ਸੀ ਕਿਉ ਜੀ ਸੁੱਖ ਤਾਂ ਹੈਗੀ ਜੀ। ਸੁੱਖ ਈ ਆ ਬੀਬੀ ਤੁਹਾਡੀ ਧੀ ਫਿਰ ਤੋ ਮਾਂ ਬਣ ਵਾਲੀ ਆ।ਚਰਨੋ ਦੀ ਮਾਂ ਨੇ ਉੱਪਰ ਵੱਲ ਮੂੰਹ ਕਰਕੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਨੀ ਲੱਗੀ। “ਹੇ ਮਾਲਕਾਂ ਮੇਰੇ ਧੀ ਨੂੰ ਵੀ ਹੁਣ ਵੱਸਦਿਆਂ ਵਿੱਚ ਕਰਦੇ ਬਥੇਰੀ ਰੱਬ ਔੜ ਲਈ ਊ ਹੁਣ ਮਿਹਰ ਵਾਲਾ ਮੀਂਹ ਵਰਸਾਦੇ । “ਕੁੱਝ ਦਿਨਾਂ ਬਾਅਦ ਚਰਨੋ ਆਪਣੇ ਘਰ ਵਾਪਸ ਆ ਗਈ।ਉਦੋਂ ਸ਼ਾਇਦ ਉਸਨੂੰ ਪੰਜਵਾਂ ਮਹੀਨਾ ਲੱਗਿਆ ਹੋਇਆ ਸੀ। ਉਸ ਨੇ ਇਹ ਖਬਰ ਆਪਣੇ ਸਹੁਰੇ ਘਰ ਘਰਵਾਲੇ ਸਰਦਾਰ ਜੋਗਿੰਦਰ ਸਿੰਘ ਨੂੰ ਦੱਸੀ ਤਾਂ ਨਾ ਹੀ ਉਸਦੇ ਕੋਈ ਖੁਸ਼ੀ ਮਨਾਈ ਅਤੇ ਨਾ ਹੀ ਕੋਈ ਗਮ ਮਨਾਇਆ ਬੱਸ ਚੁੱਪ ਨੂੰ ਕਾਇਮ ਰੱਖਿਆ ਜੋ ਪਿਛਲੇ ਕਈ ਸਾਲਾਂ ਤੋਂ ਬਰਕਰਾਰ ਚੱਲਦੀ ਆ ਰਹੀ ਸੀ।ਹੌਲੀ-ਹੌਲੀ ਸਮਾ ਆਪਣੇ ਵਹਿਣ ਵਿੱਚ ਰੁੜਦਾ ਗਿਆ। ਚਰਨੋ ਨੂੰ ਪਤਾ ਹੀ ਨਾ ਲੱਗਾ ਕਦ ਉਸਨੇ ਪੰਜ ਤੋ ਨੌ ਮਹੀਨਿਆਂ ਦਾ ਸਫਰ ਤਹਿ ਕਰ ਲਿਆ। ਇੱਕ ਰਾਤ ਅਚਾਨਕ ਚਰਨੋ ਨੂੰ ਤੇਜ਼ ਦਰਦ ਹੋਣ ਲੱਗ ਪਿਆ ਅਤੇ ਉਸਨੂੰ ਸ਼ਹਿਰ ਵਾਲੇ ਡਾਕਟਰ ਲੈ ਜਾਇਆ ਗਿਆ। ਪਹਿਲਾਂ ਤਾਂ ਵੱਡੀ ਡਾਕਟਰਨੀ ਨੇ ਹੱਥ ਤੋਂ ਮਨ੍ਹਾ ਕਰਤਾ ਅਖੇ ਜੇ ਕੋਈ ਉੱਨੀ ਇੱਕੀ ਹੋ ਫਿਰ ਤੁਸੀਂ ਮੈਨੂੰ ਇਵੇ ਅਦਾਲਤਾਂ ਵਿੱਚ ਘੜੀਸੀ ਫਿਰੋਗੇ। ਸਰਦਾਰ ਜੋਗਿੰਦਰ ਸਿੰਘ ਨੇ ਥੋੜ੍ਹੇ ਤਲਖੀ ਭਰੇ ਲਿਹਾਜ਼ੇ ਵਿੱਚ ਕਹਿ ਤੂੰ ਕੇਸ ਕਰ ਜੇ ਕੁੱਛ ਹੋਇਆ ਅਸੀ ਆਪੇ ਦੇਖ ਲਾ ਇਹ ਸੁਣ ਕੇ ਥੋੜ੍ਹਾ ਵੱਡੀ ਡਾਕਟਰਨੀ ਡਰ ਗਈ ਅਤੇ ਚਰਨੋ ਨੂੰ ਅ੍ਪਰੇਸ਼ਨ ਕਰਨ ਵਾਲੇ ਕਮਰੇ ਵਿੱਚ ਲੈ ਗਈ। ਥੋੜ੍ਹੇ ਸਮੇ ਬਾਅਦ ਵੱਡੀ ਡਾਕਟਰਨੀ ਕਹਿਆਂ ਵਧਾਈ ਹੋਵੇ ਸਰਦਾਰ ਸਾਹਬ ਸਭ ਕੁੱਝ ਵਧੀਆ ਹੋਇਆ ਤੇ ਅਸੀ ਕੁੱਝ ਚਿਰ ਬਾਅਦ ਮਾਂ ਤੇ ਬੱਚੇ ਨੂੰ ਆਮ ਕਮਰੇ ਵਿੱਚ ਲੈ ਆਉਣਾ।

ਨਾ ਸਰਦਾਰ ਜੋਗਿੰਦਰ ਸਿੰਘ ਨੇ ਬੱਚੇ ਬਾਰੇ ਪੁੱਛਿਆ ਨਾ ਹੀ ਵੱਡੀ ਡਾਕਟਰ ਨੇ ਕੁੱਝ ਦੱਸਿਆ ਸ਼ਾਇਦ ਉਹ ਸਰਦਾਰ ਜੋਗਿੰਦਰ ਦੇ ਗਰਮ ਸੁਭਾਅ ਤੋ ਝਿਜਕ ਮੰਨ ਗਈ ਸੀ।ਜਦ ਚਰਨੋ ਨਵੇ ਬੱਚੇ ਨੂੰ ਲੇੈ ਕੇ ਘਰ ਆਈ ਤਾਂ ਸਾਰੇ ਪਿੰਡ ਵਿੱਚ ਗੱਲ ਧੁੰਮ ਗਈ ਸੀ ਕਿ ਬਾਈ ਸਰਦਾਰ ਜੋਗਿੰਦਰ ਸਿੰਘ ਘਰ ਮੁੰਡਾ ਹੋਇਆ ਆ। ਸਾਰੇ ਪਿੰਡ ਵਿੱਚ ਵਧਾਈ ਦੇਣ ਵਾਲਿਆਂ ਦਾ ਮੇਲਾ ਲੱਗ ਗਿਆ ਅਤੇ ਸਾਰੇ ਪਿੰਡ ਨੂੰ ਪੂਰੇ ਦੋ ਦਿਨ ਵੁੰਨ ਸੁਵੰਨੇ ਪਕਵਾਨਾਂ ਨਾਲ ਰਜਾਇਆ ਗਿਆ। ਬੱਚੇ ਦਾ ਨਾ ਰੱਖਿਆ ਗਿਆ ਸਰਦਾਰ ਜਸਵੰਤ ਸਿੰਘ ਪਰ ਪਿਆਰ ਨਾਲ ਉਸਨੂੰ ਜੱਸਾ-ਜੱਸਾ ਹੀ ਕਹਿੰਦੇ ਸਨ। ਜੱਸੇ ਬਾਰੇ ਪਿੰਡ ਵਿੱਚ ਨਾ ਜਿਆਦਾ ਕਿਸੇ ਨੂੰ ਪਤਾ ਨੀ ਸੀ ਕਿਉਂਕਿ ਉਸਨੂੰ ਵੇਖਿਆ ਹੀ ਬਹੁਤ ਘੱਟ ਲੋਕਾਂ ਨੇ ਹੀ ਸੀ ਜਾ ਇਵੇ ਹੀ ਕਹਿ ਲਿਆ ਜਾਂਦਾ ਸੀ ਕਿ ਸਰਦਾਰ ਜੋਗਿੰਦਰ ਸਿੰਘ ਤੋ ਇਲਾਵਾ ਉਸਨੂੰ ਕੋਈ ਵਿਰਲਾ ਹੀ ਜਾਣਦਾ ਹੋਵੇਗਾ। ਜਦ ਕਦੇ ਸਰਦਾਰ ਜੋਗਿੰਦਰ ਸਿੰਘ ਨੂੰ ਕੋਈ ਪਿੰਡ ਵਾਲਾ ਜੱਸੇ ਦਾ ਹਾਲ ਪੁੱਛਦਾ ਤੇ ਉਸਦੇ ਨਾ ਪਿੰਡ ਵਿੱਚ ਹੋਣ ਬਾਰੇ ਪੁੱਛਦਾ ਤਾਂ ਸਰਦਾਰ ਜੋਗਿੰਦਰ ਸਿੰਘ ਕਹਿੰਦਾ ਉਸਨੂੰ ਬਾਹਰ ਪੜ੍ਹਨ ਪਾਇਆ ਆ। ਇੱਥੇ ਹੈਗਾ ਈ ਕੀ ਆ ਅੇੈਵੇ ਮੁੰਡੀਰ ਵਿੱਚ ਰਹਿ ਕੇ ਵਿਗੜੂ ਤਾਂ ਪਿੰਡ ਵਾਲੇ ਉਸਨੂੰ ਕਹਿੰਦੇ ਇਹ ਕੰਮ ਤਾਂ ਤੂੰ ਵਧੀਆ ਕੀਤਾ ਆ ਸਰਦਾਰਾਂ ਆਪਣੇ ਜੱਸੇ ਨੂੰ ਪਿੰਡੋਂ ਬਾਹਰ ਕੱਢ ਕੇ ਚੱਲ ਬਾਹਰ ਪੜੂ ਤਾਂ ਆ ਕੇ ਪਿੰਡ ਦਾ ਕੋਈ ਸੁਧਾਰ ਹੀ ਕਰੋ ਨਹੀਂ ਤਾਂ ਅੱਜਕੱਲ੍ਹ ਕਿੱਥੇ ਮੁੰਡੇ ਪੜ੍ਹਦੇ ਨੇ। ਸਰਦਾਰ ਜੋਗਿੰਦਰ ਸਿੰਘ ਨੂੰ ਮੋਢੇ ਤੋ ਫੜ ਕੇ ਜਦੋਂ ਕਿਸੇ ਨੇ ਹਲੂਣਿਆਂ ਤਾਂ ਉਹ ਡਰ ਗਿਆ ਅਤੇ ਉਸਨੇ ਫਿਰ ਹਿਮੰਤ ਕਰਕੇ ਚੁਬਾਰੇ ਵਾਲੀ ਬਾਰੀ ਵੱਲ ਨਿਗ੍ਹਾ ਮਾਰੀ ਤਾਂ ਅਜੇ ਵੀ ਉਹ ਸਾਇਆ ਅਲਫ ਨੰਗਾ ਉਸ ਤਰ੍ਹਾਂ ਖੜ੍ਹਾ ਹੋਇਆ ਸੀ।ਅਚਾਨਕ ਸਾੲੇ ਨੇ ਸਰਦਾਰ ਜੋਗਿੰਦਰ ਸਿੰਘ ਵੱਲ ਵੇਖ ਕੇ ਕੂਕ ਵਰਗੀ ਇੱਕ ਚੀਕ ਮਾਰੀ ਜਿਸ ਨਾਲ ਸਾਰੇ ਹੇਠਾਂ ਖੜ੍ਹੇ ਹੋਏ ਲੋਕ ਸਹਿਮ ਗਏ ਤੇ ਸਾਏ ਦੇ ਮੂੰਹੋਂ ਇਹ ਹੀ ਮਸਾਂ ਨਿਕਲਿਆ “ਪਾਪਾ ਜੀ ਤੁਸੀਂ ਮੈਨੂੰ ਇਸ ਜੂਨ ਵਿੱਚੋਂ ਰਿਹਾਅ ਕਿਉ ਨੀ ਕਰਦੇ। ਮੈ ਕਦ ਤੱਕ ਇਸ ਨੂੰ ਹੰਢਾਊ । ਮੈਨੂੰ ਪਾਪਾ ਜੀ ਰਿਹਾਈ ਚਾਹੀਦੀ ਆ। “ਸਭ ਲੋਕ ਹੈਰਾਨ ਸਨ।ਇਸ ਸਾੲੇ ਦਾ ਸਰਦਾਰ ਜੋਗਿੰਦਰ ਸਿੰਘ ਨਾਲ ਕੀ ਸੰਬੰਧ ਹੈ । ਉਹ ਕਿਉ ਸਰਦਾਰ ਤੋ ਰਿਹਾਈ ਮੰਗ ਰਿਹਾ ਹੈ। ਕੋਈ ਇਸ ਸਵਾਲ ਨੂੰ ਪੁੱਛਦਾ ਉਸ ਤੋਂ ਪਹਿਲਾਂ ਉਸ ਦਿਨ ਤੋਂ ਬਾਅਦ ਨਾ ਤਾਂ ਹੁਣ ਕਿਸੇ ਨੇ ਉਸ ਸਾਏ ਨੂੰ ਬਾਰੀ ਖੜ੍ਹੇ ਦੇਖਿਆ ਸੀ ਅਤੇ ਨਾ ਹੀ ਸਰਦਾਰ ਜੋਗਿੰਦਰ ਸਿੰਘ ਨੂੰ। ਜੋ ਸ਼ਾਇਦ ਹੁਣ ਦੋਵੇਂ ਉੱਜੜ ਚੁੱਕੇ ਸਨ।

-ਸੰਦੀਪ ਸਿੰਘ Sandeep Singh

Read More Latest Punjabi Kahani

3 Responses

  1. ਸੰਦੀਪ ਯੁਵਾ ਲੇਖਕ ਹੈ। ਲੇਖਕ ਹੋਣ ਦੇ ਨਾਲ ਨਾਲ ਉਹ ਪ੍ਰਪੱਕ ਪਾਠਕ ਵੀ ਹੈ। ਉਹ ਕਹਾਣੀ ਤੇ ਹੱਥ ਅਜਮਾਇਸ਼ੀ ਕਰਦਾ ਰਹਿੰਦਾ ਹੈ। ਪਾਪਾ ਜੀ ਮੈਨੂੰ ਰਿਹਾਈ ਚਾਹੀਦੀ ਹੈ, ਉਸ ਦੀ ਸੰਵੇਦਨਾ ਭਰਪੂਰ ਕਹਾਣੀ ਹੈ ਜੋ ਧੁਰ ਅੰਦਰ ਤਕ ਪਾਠਕ ਨੂੰ ਹਲੂੰਣਦੀ ਹੈ। ਕਹਾਣੀ ਦਾ ਅੰਤ ਬਾਕਮਾਲ ਹੈ।
    ਸੰਦੀਪ ਨੂੰ ਚੰਗੀ ਕਹਾਣੀ ਲਿਖਣ ਦੀ ਮੁਬਾਰਕ। ਉਸ ਤੋਂ ਭਵਿੱਖ ਚ ਹੋਰ ਵੀ ਚੰਗੀਆਂ ਰਚਨਾਵਾਂ ਦੀ ਉਮੀਦ ਹੈ।
    ਆਮੀਨ
    ਅਜ਼ੀਜ਼ ਸਰੋਏ

Leave a Reply

Your email address will not be published. Required fields are marked *