Curfew v. Punjab Singh | Punjabi Poetry Competition 2020
Connect with us [email protected]

ਰਚਨਾਵਾਂ ਨਵੰਬਰ 2020

ਕਰਫਿਊ ਬਨਾਮ ਪੰਜਾਬ ਸਿੰਘ

Published

on

punjabi poetry

ਮਿੱਤਰੋ
ਕਰਫ਼ਿਊ ਦੇ ਦਿਨਾਂ ਚ
ਕੋਠੇ ਤੇ ਚੜ੍ਹ ਕੇ
ਤੁਹਾਨੂੰ ਜ਼ਰੂਰ
ਦਿਸੇ ਹੋਣਗੇ ਪਹਾੜ
ਪਰ ਮੈਨੂੰ ਤਾਂ
ਕੋਠੇ ਤੇ ਚੜ੍ਹ ਕੇ
ਕੜਕਦੀ ਧੁੱਪ ਵਿੱਚ
ਨੇੜਲੇ ਖੇਤ ਚ
ਬੱਲੀਆਂ ਚੁਗਦੀ
ਤਾਈ ਮੇਲੋ
ਜ਼ਰੂਰ ਦਿੱਸੀ ਹੈ
ਜੋ ਕਣਕ ਦੇ ਵੱਢ ਵਿੱਚ
ਖੜ੍ਹੀ
ਕਦੀ ਗੁਰੂ ਘਰ ਦੇ ਗੁੰਬਦ ਵੱਲ
ਕਦੇ ਆਪਣੇ ਹੱਥ ਚ
ਫੜੇ ਖਾਲੀ ਥੈਲੇ ਅਤੇ
ਕਦੇ ਟਰਾਲੀ ਚ ਪੈਂਦੀ
ਕਣਕ ਵੱਲ
ਸਵਾਲੀਆ ਨਜ਼ਰ ਨਾਲ
ਦੇਖ ਰਹੀ ਸੀ ….

ਮਿੱਤਰੋ
ਕਰਫ਼ਿਊ ਦੇ ਦਿਨਾਂ ਚ
ਕੋਠੇ ਤੇ ਚੜ੍ਹ ਕੇ
ਤੁਹਾਨੂੰ ਦਿਸੇ ਹੋਣਗੇ ਪਹਾੜ
ਪਰ ਮੈਨੂੰ ਤਾਂ
ਕੋਠੇ ਤੇ ਚੜ੍ਹ ਕੇ
ਪਹਾੜ ਵਰਗੀ ਜ਼ਿੰਦਗੀ ਕੱਟ ਦੇ
‘ਗੇਲਾ ਮਜ਼ਦੂਰ’
ਅਤੇ ਉਸ ਦੀ ਘਰ ਵਾਲੀ
ਜ਼ਰੂਰ ਦਿਸੇ ਨੇ
ਜੋ ਆਪਣੇ ਠੰਢੇ ਚੁੱਲ੍ਹੇ ਕੋਲ
ਬਹੁਤ ਹੀ ਉਦਾਸ ਬੈਠੇ ਸਨ
ਤੇ ਨੇੜੇ ਹੀ
ਉਨ੍ਹਾਂ ਦੇ ਬੱਚੇ
ਕੰਧ ਉੱਤੇ ਕੋਲੇ ਨਾਲ
‘ਰੋਟੀਆਂ’ ਛਾਪ ਕੇ
ਹੇਠਾਂ
‘ਮੇਰਾ ਭਾਰਤ ਮਹਾਨ’
ਲਿਖ ਰਹੇ ਸੀ

ਮਿੱਤਰੋ
‘ਕਰਫ਼ਿਊ’ ਦੇ ਦਿਨਾਂ ਚ
ਕੋਠੇ ਤੇ ਚੜ੍ਹ ਕੇ
ਤੁਹਾਨੂੰ ਦਿਸੇ ਹੋਣਗੇ ‘ਪਹਾੜ’
ਪਰ ਮੈਨੂੰ ਤਾਂ
ਕੋਠੇ ਤੇ ਚੜ੍ਹ ਕੇ
ਨੇੜਲੇ ਘਰ ਵਿੱਚ
“ਨੰਬਰਦਾਰ ਵਿਰਸਾ ਸਿੰਘ’
ਤੇ ਉਸ ਦਾ ਬਿਹਾਰੀ ਨੌਕਰ ‘ਰਾਮੂ’
‘ਸਰੋਂ ਕੁੱਟਦੇ’
ਜ਼ਰੂਰ ਦਿਸੇ ਨੇ
ਉਨ੍ਹਾਂ ਦੇ ਨੇੜੇ ਹੀ
ਨੰਬਰਦਾਰ ਦਾ ‘ਸਰਵਨ ਪੁੱਤ’
‘ਪੰਜਾਬ ਸਿੰਘ’
ਬੁਲਟ ਨਾਲ
ਢੋਅ ਲਾ ਕੇ ਖੜ੍ਹਾ
ਮੋਬਾਈਲ ਉੱਤੇ
ਉੱਚੀ ਉੱਚੀ
ਕਿਸੇ ਟ੍ਰੈਵਲ ਏਜੰਟ ਨਾਲ
ਕੈਨੇਡਾ ਦੇ ਵੀਜ਼ੇ ਬਾਰੇ
ਗੱਲਬਾਤ ਕਰ ਰਿਹਾ ਸੀ…

ਮਿੱਤਰੋ
ਕਰਫਿਊ ਦੇ ਦਿਨਾਂ ਵਿੱਚ
ਕੋਠੇ ਤੇ ਚੜ੍ਹ ਕੇ
ਤੁਹਾਨੂੰ ਦਿਸੇ ਹੋਣਗੇ ‘ਪਹਾੜ’
ਪਰ ਮੈਨੂੰ ਤਾਂ
ਕੋਠੇ ਤੇ ਚੜ੍ਹ ਕੇ
ਸੜਕ ਉੱਤੇ
ਸਿਰ ਤੇ ਗੱਠੜੀਆਂ ਚੁੱਕੀ
ਭੁੱਖੇ ਪਿਆਸੇ
ਬੇਹਾਲ
ਆਪਣੇ ਬੱਚਿਆਂ ਨੂੰ ਘੜੀਸਦੇ
‘ਲਹੂ ਲੁਹਾਨ’
ਪੈਰਾਂ ਨਾਲ
ਤੁਰੇ ਜਾਂਦੇ
“ਪ੍ਰਵਾਸੀ ਮਜ਼ਦੂਰ”
ਜ਼ਰੂਰ ਦਿਸੇ ਨੇ …
ਉੱਧਰ ਟੀਵੀ ਉੱਤੇ
‘ ਦੇਸ਼ ਦੇ ਚੌਕੀਦਾਰ’ ਵੱਲੋਂ
‘ਕੋਰੋਨਾ’ ਭਜਾਉਣ ਲਈ
‘ਥਾਲੀਆਂ’ ਖੜਕਾਉਣ ਦੇ
ਢੰਗ ਤਰੀਕੇ ਦੱਸ ਕੇ
‘ਸੁਨਹਿਰੀ ਇਤਿਹਾਸ’
ਲਿਖਿਆ ਜਾ ਰਿਹਾ ਸੀ …

ਮਿੱਤਰੋ
‘ਕਰਫਿਊ’ ਦੇ ਦਿਨਾਂ ਚ
ਕੋਠੇ ਤੇ ਚੜ੍ਹ ਕੇ ਤੁਹਾਨੂੰ
ਦਿਸੇ ਹੋਣਗੇ ‘ਪਹਾੜ’
ਮੈਨੂੰ ਤਾਂ ਕੋਠੇ ਤੇ ਚੜ੍ਹ ਕੇ..
ਹੁਣੇ ਹੁਣੇ
ਗਰੀਬਾਂ ਦੇ ਘਰਾਂ ਵਿੱਚ
‘ਸਰਕਾਰੀ ਰਾਸ਼ਨ’ ਦੀ
‘ਕਾਣੀ ਵੰਡ’ ਕਰਕੇ
ਸਰਪੰਚ ਦੀ ਕੋਠੀ ਅੱਗੇ
ਆ ਕੇ ਰੁਕੀ ‘ਟਰਾਲੀ’
ਜ਼ਰੂਰ ਦਿਸੀ ਆ
ਜਿਸ ਵਿੱਚੋਂ
ਅੱਗਾ ਪਿੱਛਾ ਦੇਖ ਕੇ
‘ਰਾਸ਼ਨ ਦੀ ਕਿੱਟ’
ਚੁੱਕ ਕੇ ‘ਸਰਪੰਚ’
ਆਪਣੀ ਕੋਠੀ
ਦੇ ਅੰਦਰ ਵੜਿਆ ਹੈ
ਤੇ ‘ਸਰਪੰਚਣੀ’
ਚੌਂਕੇ ਕੋਲ ਖੜ੍ਹੀ
ਮੁਸ਼ਕੜੀਆਂ ਹੱਸ ਰਹੀ ਸੀ..

ਮਿੱਤਰੋ
‘ਕਰਫਿਊ’ ਦਿਨਾਂ ਚ ਕੋਠੇ ਤੇ ਚੜ੍ਹ ਕੇ
ਤੁਹਾਨੂੰ ਦਿੱਸੇ ਹੋਣਗੇ ਪਹਾੜ
ਮੈਨੂੰ ਤਾਂ ਕੋਠੇ ਤੇ ਚੜ੍ਹ ਕੇ
ਆੜ੍ਹਤੀਏ ਨਾਲ
ਹਿਸਾਬ ਕਰਕੇ ਮੁੜਿਆ
‘ਤਾਇਆ ਲਾਭ ਸਿੰਘ’
ਜਰੂਰ ਦੱਸਿਆ ਹੈ
ਜੋ ਪਰਨੇ ਨਾਲ
ਅੱਖਾਂ ਪੂੰਝਦਾ
ਘਰ ਦਾ ਗੇਟ ਵੜਿਆ ਹੈ
ਜੋ ਕਿ ਚੁੰਨੀ ਨੂੰ ਗੋਟਾ ਲਾ ਰਹੀ
ਆਪਣੀ ‘ਵਿਆਹੁਣ ਯੋਗ ਧੀ’
ਤੋਂ ‘ਅੱਖਾਂ ਚੁਰਾਉਂਦਾ’
ਵਰਾਂਡੇ ਵਿੱਚ
ਨਸ਼ੇ ਚ ਧੁੱਤ ਪਏ
ਆਪਣੇ ‘ਜਵਾਨ ਪੁੱਤ ਵੱਲ’
‘ਕੌੜਾ ਕੌੜਾ ਝਾਕਦਾ’
ਆਪਣੀ ਬੈਠਕ ਵਿੱਚ
ਜਾ ਵੜਿਆ ਹੈ
ਤੇ ਉਸ ਦੀ ਘਰ ਵਾਲੀ
‘ਤਾਈ ਪਿਆਰੋ’
ਭੱਜੀ ਭੱਜੀ
ਤੂੜੀ ਵਾਲੇ ਕੋਠੇ ਚੋਂ
‘ਸਪਰੇਅ ਵਾਲੀ ਪੀਪੀ’
ਚੁੱਕ ਕੇ ਬਾਹਰ
‘ਰੂੜੀ’ ਵਿੱਚ ਦੱਬਦੀ
ਮੈਂ ਅੱਖੀਂ ਦੇਖੀ ਹੈ …

ਮਿੱਤਰੋ
ਕਰਫ਼ਿਊ ਦੇ ਦਿਨਾਂ ਚ
ਤੁਹਾਨੂੰ ਦਿੱਸੇ ਹੋਣਗੇ ਪਹਾੜ
ਪਰ ਮੈਨੂੰ ਤਾਂ ….
-ਜੰਟੀ ਬੇਤਾਬ

ਰਚਨਾਵਾਂ ਨਵੰਬਰ 2020

ਫੈਲੀ ਹੋਈ ਬਿਮਾਰੀ ਤੇ ਬੇਰੋਜ਼ਗਾਰੀ

Published

on

punjabi article

ਅੱਜ ਦਾ ਯੁੱਗ ਵਿਗਿਆਨ ਦਾ ਹੋਣ ਦੇ ਬਾਵਜੂਦ ਭਾਰਤ ਵੀ ਕਰੋਨਾ ਤੇ ਬੇਰੋਜ਼ਗਾਰੀ ਦੀ ਲਪੇਟ ਚ ਆਇਆ। ਜਿਸ ਦਾ ਇਲਾਜ ਲਾਇਲਾਜ ਹੋ ਗਿਆ।ਹਰ ਕੋਈ ਆਮ ਆਦਮੀ ਕੰਮ ਦੀ ਭਾਲ ਕਰ ਰਿਹਾ ਹੈ। ਦੇਸ਼ ਦਾ ਅੰਨਦਾਤਾ ਸੜਕਾਂ ਤੇ ਮੁਜ਼ਾਹਰੇ ਕਰ ਰਿਹਾ ਹੈ। ਲੋਕ ਮਹਿੰਗਾਈ ਦੀ ਮਾਰ ਖਾ ਰਹੇ ਹਨ। ਹਰ ਆਪਣੇ ਹੱਕਾਂ ਅਲੱਗ ਲੜ ਰਹੇ ਹਨ।ਇਹ ਰੱਬਾ ਮਿਹਰ ਕਰ ਭਾਰਤ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾ ਦੇ।

-ਇੰਦਰ ਮੋਹਣ ਕੌਰ

Continue Reading

ਰਚਨਾਵਾਂ ਨਵੰਬਰ 2020

ਕਿਸਾਨ ਅੰਦੋਲਨ (ਕ੍ਰਾਂਤੀਕਾਰੀ ਛੱਲਾ)

Published

on

punjabi poetry

ਛੱਲਾ ਸੜਕਾਂ ਤੇ ਰੁਲਦਾ,
ਛੱਲਾ ਸੜਕਾਂ ਤੇ ਰੁਲਦਾ,
………….
ਭੇਤ ਹੁਣ ਜਾਂਦਾ ਖੁੱਲਦਾ,
ਇੱਕ ਫਸਲਾਂ ਦੇ ਮੁੱਲ ਦਾ,
ਓਏ ਗੱਲ ਸੁਣ ਛੱਲਿਆ ਦਾਣੇ,
ਕੋਈ ਨਾ ਤੇਰੀ ਪੀੜ ਪਛਾਣੇ।

ਛੱਲਾ ਧਰਨੇ ਲਾਉਂਦਾ
ਛੱਲਾ ਧਰਨੇ ਲਾਉਂਦਾ,
………..
ਵਖ਼ਤ ਸਰਕਾਰਾਂ ਨੂੰ ਪਾਉਂਦਾ,
ਆਪਣੀ ਹੋਂਦ ਬਚਾਉਂਦਾ,
ਓਏ ਗੱਲ ਸੁਣ ਛੱਲਿਆ ਗਹਿਣਾਂ,
ਪੱਲੇ ਕੱਖ ਨਹੀ ਰਹਿਣਾ।

ਛੱਲਾ ਹੋਇਆ ਬਾਗੀ,
ਛੱਲਾ ਹੋਇਆ ਬਾਗੀ,
…………
ਲੀਡਰ ਸਾਰੇ ਹੀ ਦਾਗ਼ੀ,
ਕੌਮ ਹੁਣ ਮੁੜਕੇ ਜਾਗੀ,
ਓਏ ਗੱਲ ਸੁਣ ਛੱਲਿਆ ਮਰਗੇ,
ਧੋਖਾ ਆਪਣੇ ਹੀ ਕਰਗੇ।

ਛੱਲਾ ਅੱਸੀਆਂ ਦਾ ਹੋ ਕੇ,
ਛੱਲਾ ਅੱਸੀਆਂ ਦਾ ਹੋ ਕੇ,
…………..
ਬਈ ਜਾ ਕੇ ਰੇਲਾਂ ਰੋਕੇ,
ਫੇਰ ਨਾ ਮਿਲਣੇਂ ਮੋਕੇ,
ਓਏ ਗੱਲ ਸੁਣ ਛੱਲਿਆ ਪਾਵੇ
ਖੂਨ ਚੋਂ ਗ਼ੈਰਤ ਨਾ ਜਾਵੇ।

ਛੱਲਾ ਹੱਕਾਂ ਲਈ ਲੜਦਾ,
ਛੱਲਾ ਹੱਕਾਂ ਲਈ ਲੜਦਾ,
…………..
ਹੱਥਾਂ ਵਿੱਚ ਝੰਡੇ ਫੜਦਾ,
ਮੂਹਰੇ ਤੋਪਾਂ ਦੇ ਅੜਦਾ,
ਓਏ ਗੱਲ ਸੁਣ ਛੱਲਿਆ ਤਾਰੇ,
ਬਣ ਗਏ ਦੁਸ਼ਮਣ ਨੇ ਸਾਰੇ।

ਛੱਲਾ ਨਹਿਰਾਂ ਦਾ ਪਾਣੀ,
ਛੱਲਾ ਨਹਿਰਾਂ ਦਾ ਪਾਣੀ,
…………..
ਕਿਸੇ ਨਾ ਪੀੜ ਪਛਾਣੀ,
ਹੋ ਜੇ ਨਾਂ ਖ਼ਤਮ ਕਹਾਣੀ,
ਓਏ ਗੱਲ ਸੁਣ ਛੱਲਿਆ ਮਾਨਾਂ,
ਵਾਰਨੀਆ ਪੈਣੀਆਂ ਨੇ ਜਾਂਨਾ।।

-ਜਸਵੀਰ ਮਾਨ

Continue Reading

ਰਚਨਾਵਾਂ ਨਵੰਬਰ 2020

ਅਹਿਮ ਸਵਾਲ

Published

on

punjabi sahit muqabla 2020

ਇਹ ਕੈਸੀ ਅਗਨ ਪਈ ਹੈ ਇਸ ਸ਼ਹਿਰ ਨੂੰ ? ਸੜ ਰਹੀਆਂ ਨੇ ਸਭ ਕਿਤਾਬਾਂ, ਰਾਖ਼ ਹੋ ਰਹੇ ਨੇ ਸਾਰੇ ਫਲਸਫ਼ੇ, ਕਬਰਾਂ ਚੋਂ ਕੱਢ ਕੱਢ ਕੇ ਦੁਬਾਰਾ ਫੂਕੇ ਜਾ ਰਹੇ ਨੇ ‘ਕਲਮਾਂ ਦਾ ਜਾਦੂਗਰ’ , ਭੱਠੀਆਂ ਵਿੱਚ ਮੱਚ ਰਹੇ ਨੇ ਟੁੱਟੀਆਂ ਕਲਮਾਂ ਦੇ ਭੱਥੇ ,ਇਤਿਹਾਸ ਦੇ ਮਹਾਨ ਪਾਤਰ ਤਾਂ ਪਹਿਲਾਂ ਪਹਿਲ ਹੀ ਧੂੰਏਂ ਦੇ ਵਵੰਡਰਾਂ ਚ’ ਖੋ ਗਏ,
ਕੀ ਕਿਸੇ ਕਿਤਾਬ ਦਾ ਕੋਈ ਸਫ਼ਾ ਬਚ ਪਾਏਗਾ? ਇਨ੍ਹਾਂ ‘ਸਿਰਫਿਰੀਆਂ’ ਅੱਗ ਦੀਆਂ ਲਪਟਾਂ ਕੋਲੋਂ, ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਇਹ ਸਭ ਕੁਝ ਹੋ ਰਿਹਾ ਹੈ, ਇਸ ਅਦਿੱਖ ਅੱਗ ਦਾ ਸੇਕ ਇਸ ਸ਼ਹਿਰ ਦੇ ਜਿਉਂਦੇ ਪੁਤਲਿਆਂ ਨੂੰ ਕਿਉਂ ਨੀ ਮਹਿਸੂਸ ਹੁੰਦਾ ? ਭਿਅੰਕਰ ਲਪਟਾਂ ਨੂੰ ਇਸ ਨਗਰੀ ਵੱਲ ਆਉਂਦਿਆਂ ਦੇਖ ਪੰਛੀ ਤਾਂ ਕਦੋਂ ਦੇ ਆਪਣੇ ਆਲ੍ਹਣੇ ਛੱਡ ਕੇ ਚਲੇ ਗਏ ਕਿਉਂਕਿ ਉਹ ਜਾਣਦੇ ਸਨ ਕਿ ਇਹ ਬੇਰਹਿਮ ਅਗਨ-ਆਂਧੀ ਹਰੇ ਭਰੇ ਖਜ਼ਾਨੇ ਵੀ ਸਾੜ ਸੁੱਟੇਗੀ , ਹੋਰ ਕੀ ਕਾਰਨ ਰਿਹਾ ਹੋਵੇਗਾ?

ਪਵਿੱਤਰ ਗ੍ਰੰਥਾਂ ਨੂੰ ਤਾਂ ਅਸੀਂ ਬੰਦ ਕਰਕੇ ਕਦੋਂ ਦੇ ਮੱਥੇ ਟੇਕ ਦਿੱਤੇ ਹਨ , ” ਦੇਖੇਓ, ਜੇ ਇਹਨਾਂ ਨੂੰ ਛੂਹਿਆ ਤਾਂ ਇਹ ਅਪਵਿੱਤਰ ਹੋ ਜਾਣਗੇ ” !
ਪਤਾ ਨਹੀਂ ਕਿਹੜੇ ਸ਼ੈਤਾਨਾਂ ਨੇ ਸਾਡੇ ਖਾਲੀ ਜਹਿਨਾ ਅੰਦਰ ਇਹ ਗੱਲ ਵਾੜ ਦਿੱਤੀ ? ਉਹ ਗ੍ਰੰਥ ਤਾਂ ਉਦੋਂ ਦੇ ਹੀ ਧੁਖ਼ ਰਹੇ ਹਨ, ਕਾਸ਼ ਕਿਤੇ ਜੇ ਮਹਾਨ ਪਾਕ ਪਵਿੱਤਰ ਗ੍ਰੰਥਾਂ ਨੂੰ ਇਸ ਖਿੱਤੇ ਦੇ ਲੋਕਾਂ ਨੇ ਪੜ ਕੇ ਵਿਚਾਰਿਆ ਹੁੰਦਾ ਤਾਂ ਹਾਲਤ ਤਰਸਯੋਗ ਨਾ ਹੁੰਦੀ, ਹੁਣ ਪਤਾ ਨਹੀਂ ਕੀ ਹਸ਼ਰ ਹੋਵੇਗਾ ਇਸ ਸ਼ਹਿਰ ਦਾ ?

ਇੱਕ ਗੱਲ ਤਾਂ ਤੈਅ ਹੈ ਕਿ ਇਕੱਲੇ ਅੱਗ ਲਾਉਣ ਵਾਲਿਆਂ ਦੀ ਹੀ ਰੂਹ ਸੜੀ ਬਲੀ ਨਹੀਂ ਹੈ, ਇੱਥੇ ਤਾਂ ਜਿਉਂਦੇ ਰਹਿਣ ਦੀ ਪਹਿਲੀ ਸ਼ਰਤ ਹੀ “ਆਪਣੀ ਆਤਮਾ ਦੀ ਖ਼ੁਦ ਬਲੀ ਦੇਣੀ ਹੈ” । ਤਾਂਹੀ ਇਸ ਸ਼ਹਿਰ ਚੋਂ ਇੰਨੀ ਸੜਾਦ ਬਦਬੂ ਆਉਂਦੀ ਹੈ , ਇਸੇ ਕਰਕੇ ਸਭ ਇੱਕੋ ਜਿਹੇ ਲੱਗਦੇ ਨੇ “ਬੇ-ਰੂਹੇ” , ਕਿਉਂਕਿ ਜ਼ਮੀਰਾਂ ਵਾਲਿਆਂ, ਰੂਹਾਂ ਵਾਲਿਆਂ ਨੂੰ ਸੂਲੀ ਇਸ ਨਗਰੀ ਦੇ ਸੰਵਿਧਾਨ ਵਿੱਚ ਵਿਸ਼ੇਸ਼ ਤੌਰ ਤੇ ਅੰਕਿਤ ਹੈ, ਤੇ ਪੁਰਾਣਾ ਦਸਤੂਰ ਵੀ ਹੈ ।
ਹਾਲ ਦੀ ਘੜੀ ਜਾਂ ਭਵਿੱਖ ਵਿੱਚ, ਕੀ ਇਸ ਸ਼ਹਿਰ ਦੇ ਕਿਸੇ ਬਸ਼ਿੰਦੇ ਦੀ ਜ਼ਮੀਰ ਜਾਗ ਸਕੇਗੀ?
ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

-ਗੁਰਪ੍ਰੀਤ ਸਿੰਘ

Continue Reading

ਰੁਝਾਨ