ਪਿਛਲੇ 2-3 ਦਿਨਾਂ ਤੋਂ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਚੱਲ ਰਹੇ ਕਿਸਾਨ ਅੰਦੋਲਨ ’ਚ ਹਾਂ। ਦਿੱਲੀ ਦੀ ਜਰਨੈਲੀ ਸੜਕ ’ਤੇ ਮੇਲੇ ਵਰਗਾ ਮਾਹੌਲ ਹੈ। ਤੜਕੇ ਢਾਈ ਵਜੇ ਦੇ ਕਰੀਬ ਸੰਘਣੀ ਧੁੰਦ ’ਚ ਅੰਦੋਲਨ ਵਾਲੀ ਥਾਂ ’ਤੇ ਪਹੁੰਚ ਕੇ ਗੱਡੀ ਖੜਾਉਂਂਦੇ ਸਾਰ ਹੀ 4-5 ਨੌਜਵਾਨਾਂ ਨੇ ਬੜੇ ਸਤਿਕਾਰ ਸਹਿਤ ਚਾਹ ਦੇ ਕੱਪਾਂ ਨਾਲ ਸਾਡਾ ਸਵਾਗਤ ਕੀਤਾ। ਚਾਹ ਪੀਣ ਕੇ ਥੋੜੀ ਦੇਰ ਉਥੇ ਘੁੰਮਣ ਉਪਰੰਤ ਸੌਣ ਲਈ ਥਾਂ ਲੱਭਣ ਲੱਗੇ। ਮੋਦੀ ਸਰਕਾਰ ਖਿਲਾਫ ਤੇ ਕਿਸਾਨੀ ਸੰਘਰਸ਼ ਦੇ ਹੱਕ ’ਚ ਹਜ਼ਾਰਾਂ ਦੀ ਗਿਣਤੀ ’ਚ ਲਿਖੇ ਸਲੋਗਨਾਂ ਨਾਲ ਭਰੀਆਂ ਟਰੈਕਟਰ-ਟਰਾਲੀਆਂ, ਕਾਰਾਂ, ਸਕੂਟਰ-ਮੋਟਰ ਸਾਈਕਲਾਂ ਨਾਲ ਸੜਕ ਭਰੀ ਪਈ ਸੀ। ਥੋੜੀ ਅੱਗੇ ਜਾ ਕੇ ਦੇਖਿਆ ਕਿ ਨਿਹੰਗ ਸਿੰਘਾਂ ਦੇ ਇਕ ਜਥੇ ਨੇ ਇਕ ਪਾਰਕ ’ਚ ਆਪਣੇ ਘੋੜਿਆਂ ਸਮੇਤ ਡੇਰੇ ਲਗਾਏ ਹੋਏ ਸਨ, ਜਿਥੇ ਸਵੇਰੇ-ਸਵੇਰੇ ਇਲਾਹੀ ਬਾਣੀ ਦਾ ਕੀਰਤਨ ਹੋ ਰਿਹਾ ਸੀ। ਉਥੇ ਹੀ ਟੀਡੀਆਈ ਨਾਮਕ ਇਕ ਬਹੁਤ ਵੱਡਾ ਮਾਲ ਹੈ, ਅੰਦਰ ਜਾ ਕੇ ਦੇਖਿਆ ਕਿ ਬਹੁਤ ਸਾਰੇ ਕਿਸਾਨ ਉਥੇ ਸੁੱਤੇ ਪਏ ਸਨ। ਅਸੀਂ ਵੀ 3 ਵਜੇ ਦੇ ਕਰੀਬ ਇਕ ਕੰਬਲ ਵਿਛਾ ਉੱਤੇ ਖੇਸੀਆਂ ਲੈ ਕੇ ਉਥੇ ਹੀ ਸੌਂ ਗਏ। ਕਮਾਲ ਦੀ ਗੱਲ ਹੈ ਕਿ ਇਥੇ ਬੰਦ ਪਏ ਸ਼ੋਅਰੂਮਾਂ ਦੇ ਸਿਰਫ ਸੀਸ਼ਿਆਂ ਦੇ ਦਰਵਾਜੇ ਹੀ ਲਾਕ ਹਨ ਪਰ ਇਥੇ ਚੋਰੀ ਜਾਂ ਕਿਸੇ ਤਰਾਂ ਦੀ ਕੋਈ ਘਟਨਾ ਦੀ ਖਬਰ ਨਹੀਂ ਹੈ।
7 ਵਜੇ ਉੱਠ ਕੇ ਅੱਗੇ ਚਾਲੇ ਪਾ ਦਿੱਤੇ। ਇਸ ਸਮੇਂ ਤੱਕ ਵੀ ਪੂਰੀ ਧੁੰਦ ਛਾਈ ਹੋਈ ਸੀ। ਰਸਤੇ ’ਚ ਹਰ ਫਰਲਾਂਗ ’ਤੇ ਚਾਹ, ਬਰੈਡ ਪਕੌੜਿਆਂ, ਪਿੰਨੀਆਂ, ਮਿੱਸੀਆਂ ਰੋਟੀਆਂ, ਸਾਗ, ਬਦਾਮਾਂ, ਖੀਰ, ਜਲੇਬੀਆਂ, ਦਵਾਈਆਂ, ਕਿਤਾਬਾਂ, ਸ਼ਰਦਾਈਆਂ ਆਦਿ ਦੇ ਲੰਗਰ ਲੱਗੇ ਹੋਏ ਹਨ। ਇਸ ਤੋਂ ਇਲਾਵਾ ਮੋਬਾਈਲ ਚਾਰਜ਼ ਕਰਨ ਅਤੇ ਕੱਪੜੇ ਧੋਣ ਦੀ ਸੋਵਾ ਵੀ ਨਿਭਾਈ ਜਾ ਰਹੀ ਸੀ। ਉਥੇ ਮੌਜੂਦ ਹਰ ਨੌਜਵਾਨ, ਬਜ਼ੁਰਗ, ਔਰਤ ਤੇ ਬੱਚਾ ਉਤਸ਼ਾਹ ਨਾਲ ਭਰਿਆ ਪਿਆ ਸੀ, ਜਿਵੇਂ ਉਹ ਕਿਸੇ ਵਿਆਹ ’ਚ ਆਇਆ ਹੋਵੇ। ਟਰੈਕਟਰਾਂ ’ਤੇ ਜੋਸ਼ ਭਰਨ ਵਾਲੇ ਗੀਤ ਵੱਜ ਰਹੇ ਹਨ। ਪੰਜਾਬੀਆਂ ਤੋਂ ਇਲਾਵਾ ਇਥੇ ਹਰਿਆਣੇ ਦੇ ਕਿਸਾਨ ਆਪਣੇ ਹੁੱਕੇ ਬਾਲ ਕੇ ਧਰਨੇ ’ਤੇ ਬੈਠੇ ਹਨ। ਇਨਾਂ ਤੋਂ ਇਲਾਵਾ ਇਥੇ ਰਾਜਸਥਾਨ, ਤਾਮਿਲਨਾਡੂ, ਮੱਧ-ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਕਿਸਾਨ ਵੀ ਆਪੋ-ਆਪਣੇ ਢੰਗ ਨਾਲ ਖੇਤੀ ਬਿਲਾਂ ਦਾ ਵਿਰੋਧ ਕਰ ਰਹੇ ਹਨ। ਭਾਰਤੀ ਕਿਸਾਨ ਹੁਣ ਪੜ ਲਿਖ ਕੇ ਸੂਝਵਾਨ ਹੋ ਚੁੱਕਿਆ ਹੈ। ਜੋਸ਼ ਦੇ ਨਾਲ-ਨਾਲ ਹੋਸ਼ ਤੋਂ ਵੀ ਕੰਮ ਲਿਆ ਜਾ ਰਿਹਾ ਹੈ। ਨੌਜਵਾਨ ਬਜ਼ੁਰਗਾਂ ਦਾ ਖਿਆਲ ਰੱਖ ਰਹੇ ਹਨ। ਹਰ ਕੋਈ ਇਕ ਦੂਜੇ ਦੀ ਸਹਾਇਤਾ ਲਈ ਤੱਤਪਰ ਹੈ। ਇਥੇ ਲੱਗੀਆਂ ਸੱਥਾਂ ’ਚ ਕੋਈ ਰਾਜਨੀਤਿਕ ਨੇਤਾਵਾਂ ਵਲੋਂ ਚਲਾਈ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਅਤੇ ਕੋਈ ਆਪਸੀ ਭਾਈਚਾਰੇ ਦੀਆਂ ਗੱਲਾਂ ਕਰ ਰਿਹਾ ਹੈ। ਕੋਈ ਹੋਰ ਹੀ ਜਜ਼ਬਾਤੀ ਜਿਹਾ ਮਾਹੌਲ ਸਿਰਜਿਆ ਹੋਇਆ ਹੈ ਜਿਵੇਂ ਸਭ ਵੈਰ-ਵਿਰੋਧ ਖਤਮ ਹੋ ਗਏ ਹੋਣ। ਕਿਸੇ ਪੁਰਾਣੀ ਫਿਲਮ ਦੀ ਕਹਾਣੀ ਵਾਂਗ ਲੱਗਦਾ ਹੈ ਜਿਵੇਂ ਕੁੱਲ ਕਾਇਨਾਤ ’ਚ ਪਿਆਰ ਦੀ ਫ਼ਿਜ਼ਾ ਘੁਲ ਗਈ ਹੋਵੇ। ਸਾਰੇ ਇਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਅੰਦੋਲਨ ਦੀ ਸਫ਼ਲਤਾ ਦੀ ਦੁਆ ਕਰ ਰਹੇ ਹਨ।
ਵਿਹਲੇ ਪਲਾਂ ’ਚ ਨੌਜਵਾਨ ਤਾਸ਼ ਵੀ ਖੇਡ ਰਹੇ ਹਨ। ਸੜਕ ਦੇ ਆਰ-ਪਾਰ ਰੱਸੀਆਂ ਬੰਨ ਕੇ ਕਿਸਾਨਾਂ ਨੇ ਕੱਪੜੇ ਸੁਕਣੇ ਪਾਏ ਹੋਏ ਹਨ। ਲੰਗਰ ’ਚ ਨੌਜਵਾਨ ਮੁੰਡੇ ਪ੍ਰਸ਼ਾਦੇ ਬਣਾ ਰਹੇ ਹਨ ਅਤੇ ਸਬਜੀਆਂ ਕੱਟ ਰਹੇ ਹਨ। ਕਿਧਰੇ ਕੋਈ ਦਵਾਈਆਂ ਦੀ ਸੇਵਾ ਨਿਭਾਆ ਰਿਹਾ ਹੈ, ਔਰਤਾਂ ਲਈ ਸੈਨੀਪੈਡ ਵੀ ਵੰਡੇ ਜਾ ਰਹੇ ਹਨ। ਦਿਨ ਚੜਦੇ ਤੱਕ ਹੋਰ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਹਨ। ਇਕ ਥਾਂ ’ਤੇ ਪ੍ਰਾਜੈਕਟਰ ਲਗਾ ਕੇ ਫਿਲਮ ਚੱਲ ਰਹੀ ਹੈ ਤੇ ਕਿਸ ਨੇ ਟਰਾਲੀ ’ਚ ਡਿਸ਼ ਵੀ ਲਗਾ ਰੱਖੀ ਹੈ। ਚਾਰੇ ਪਾਸੇ ਖੇਤੀ ਬਿਲ ਰੱਦ ਕਰਨ ਦੀ ਚਰਚਾ ਹੈ। ਇਕ ਨੌਜਵਾਨ ਅਖਬਾਰ ਵੰਡਣ ਦੀ ਸੇਵਾ ਨਿਭਾਅ ਰਿਹਾ ਹੈ। ਇਥੇ ਕੁਝ ਕੁ ਨੈਸ਼ਨਲ ਚੈਨਲਾਂ ਦਾ ਬਾਈਕਾਟ ਕੀਤਾ ਹੋਇਆ ਹੈ, ਜਿਸ ਸਦਕਾ ਸਥਾਨਕ ਮੀਡੀਆ ਸੁਰਖੀਆਂ ’ਚ ਹੈ ਅਤੇ ਲੋਕਲ ਚੈਨਲਾਂ ਦੀ ਭਰਮਾਰ ਹੈ। ਮੀਡੀਆ ਵਾਲੇ ਸਵੇਰ ਤੋਂ ਲੈ ਕੇ ਰਾਤ ਤੀਕਰ ਇਥੇ ਹੀ ਰਿਪੋਰਟਿੰਗ ਕਰ ਰਹੇ ਹਨ। ਵੈਸੇ ਨੈਸ਼ਨਲ ਚੈਨਲਾਂ ਲਈ ਇਹ ਬਹੁਤ ਵੱਡੀ ਕਵਰੇਜ਼ ਕਰਨ ਦਾ ਮੌਕਾ ਸੀ, ਜੇਕਰ ਉਹ ਇਮਾਨਦਾਰੀ ਨਾਲ ਸਾਰੀ ਤਸਵੀਰ ਪੇਸ਼ ਕਰ ਦਿਖਾਉਂਦੇ। ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਅਖੌਤੀ ਗੋਦੀ ਮੀਡੀਆ ਕਿਸਾਨਾਂ ਨੂੰ ਅੱਤਵਾਦੀ ਦੱਸ ਰਿਹਾ ਹੈ ਪਰ ਉਥੇ ਪੰਜਾਬ ਦੇ ਹਰੇਕ ਪਿੰਡ ਦਾ ਕਿਸਾਨ ਬੈਠਾ ਹੈ। ਸ਼ੁਰੂ ’ਚ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਨੇ ਵੀ ਕਿਸਾਨਾਂ ਨੂੰ ਅੱਤਵਾਦੀ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਪਰ ਜਦੋਂ ਹਰਿਆਣੇ ਦੇ ਕਿਸਾਨਾਂ ਨੇ ਵੀ ਅੰਦੋਲਨ ’ਚ ਸ਼ਮੂਲੀਅਤ ਕਰਦਿਆਂ ਇਸ ਦਾ ਵਿਰੋਧ ਕੀਤਾ ਤਾਂ ਕਿਤੇ ਜਾ ਕੇ ਉਹ ਚੁੱਪ ਹੋਇਆ।
ਧਰਨੇ ਦੇ ਅਖੀਰ ’ਚ ਕਿਸਾਨ ਯੂਨੀਅਨ ਦੀ ਸਟੇਜ਼ ਲੱਗੀ ਹੋਈ ਹੈ, ਜਿਥੇ ਬੁਲਾਰੇ ਜੋਸ਼ ਭਰੀਆਂ ਤਕਰੀਰਾਂ ਨਾਲ ਖੇਤੀ ਬਿਲ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਥੇ ਅੰਤਾਂ ਦਾ ਇਕੱਠ ਹੈ। ਕਲਾਕਾਰ, ਲੇਖਕ, ਬੁੱਧੀਜੀਵੀ ਤੇ ਕਿਸਾਨੀ ਨਾਲ ਸਬੰਧਤ ਹੋਰ ਲੋਕ ਸੰਬੋਧਨ ਕਰ ਰਹੇ ਹਨ। ਭਾਜਪਾ ਤੋਂ ਬਿਨਾਂ ਸਾਰੀਆਂ ਸਿਆਸੀ ਪਾਰਟੀਆਂ ਤੇ ਉਨਾਂ ਦੇ ਆਗੂਆਂ ਦੀ ਕਿਸਾਨੀ ਸੰਘਰਸ਼ ਨੂੰ ਹਮਾਇਤ ਹੈ। ਇਹ ਕਹਿਣ ’ਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਕਿਸਾਨਾਂ ਨੂੰ ਹਮਾਇਤ ਕਰਨਾ ਉਨਾਂ ਦੀ ਸਿਆਸੀ ਮਜ਼ਬੂਰੀ ਵੀ ਹੋ ਸਕਦੀ ਹੈ, ਕਿਉਂਕਿ ਇਥੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਸਟੇਜ਼ ’ਤੇ ਚੜਣ ਦੀ ਮਨਾਹੀ ਹੈ। ਹਾਂ ਉਹ ਚਾਹੇ ਤਾਂ ਕਿਸਾਨੀ ਦੇ ਝੰਡੇ ਹੇਠ ਕਿਸਾਨੀ ਦੀ ਗੱਲ ਕਰ ਸਕਦਾ ਹੈ। ਕਿਸਾਨ ਯੂਨੀਅਨਾਂ ਨੇ ਐਡਾ ਵੱਡਾ ਅੰਦੋਲਨ ਆਪਣੇ ਦਮ ’ਤੇ ਖੜਾ ਕੀਤਾ ਹੈ, ਜਿਸ ਕਾਰਨ ਕਿਤੇ ਨਾ ਕਿਤੇ ਸਿਆਸੀ ਆਗੂ ਤੇ ਸਿਆਸੀ ਪਾਰਟੀਆਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਇਸ ਅੰਦੋਲਨ ’ਚੋਂ ਨਿਕਲੀ ਲਹਿਰ ਨੇ ਅੱਗੇ ਚੱਲ ਕੇ ਕਿਹੜਾ ਰੂਪ ਲੈਣਾ ਹੈ, ਇਸ ਬਾਬਤ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।
ਸਟੇਜ਼ ਵਾਲੀ ਥਾਂ ਲੰਘਣ ਉਪਰੰਤ ਨਿਹੰਗ ਸਿੰਘ ਤੰਬੂ ਲਾ ਕੇ ਬੈਠੇ ਹਨ। ਸੋਸ਼ਲ ਮੀਡੀਆ ਅਤੇ ਖਬਰਾਂ ’ਚ ਚਰਚਿਤ ਬਾਜ਼ ਵੀ ਇਸ ਥਾਂ ’ਤੇ ਹੀ ਬੈਠਾ ਹੈ। ਇਸ ਦੇ ਨਾਲ ਹੀ ਅੱਗੇ ਸੜਕ ’ਤੇ ਰੇਤੇ ਨਾਲ ਭਰੇ ਹੋਏ ਕੈਂਟਰ ਖੜੇ ਕੀਤੇ ਹਨ, ਤਾਂ ਜੋ ਕਿਸਾਨ ਜਥੇਬੰਦੀਆਂ ਇਸ ਥਾਂ ਤੋਂ ਅੱਗੇ ਨਾ ਜਾ ਸਕਣ। ਕੈਂਟਰਾਂ ਤੋਂ ਇਲਾਵਾ ਇਥੇ ਸੀਮਿੰਟ ਦੇ ਵੱਡੇ-ਵੱਡੇ ਬੈਰੀਗੇਡ ਅਤੇ ਕੰਡਿਆਲੀ ਤਾਰ ਲਗਾਈ ਹੋਈ ਹੈ, ਜਿਹੜੀ ਭਾਰਤ-ਪਾਕਿ ਸਰਹੱਦ ਦਾ ਭੁਲੇਖਾ ਪਾਉਂਦੀ ਹੈ। ਬੈਰੀਗੇਡਾਂ ਤੋਂ ਦੂਜੇ ਪਾਸੇ ਭਾਰੀ ਫੋਰਸ ਤਾਇਨਾਤ ਕੀਤੀ ਹੋਈ ਹੈ। ਸਿਰਫ ਪੈਦਲ ਲੰਘਣ ਲਈ ਥੋੜਾ ਜਿਹਾ ਰਸਤਾ ਛੱਡਿਆ ਹੋਇਆ ਹੈ, ਇਸ ਤੋਂ ਅੱਗੇ ਸੜਕ ਬਿਲਕੁਲ ਖਾਲੀ ਹੈ। ਨੇੜਲੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਵੀ ਕਿਸਾਨ ਤੇ ਮਜ਼ਦੂਰ ਹੀ ਹਨ, ਜੇਕਰ ਕੁਝ ਦਿਨਾਂ ਦਾ ਨੁਕਸਾਨ ਸਹਿ ਕੇ ਇਸਦਾ ਸਾਰਥਤ ਹੱਲ ਨਿਕਲਦਾ ਹੈ ਤਾਂ ਸੌਦਾ ਸਸਤਾ ਹੀ ਹੈ। ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨ ਇਸ ਪਾਸਿਓਂ ਵੀ ਆ ਰਹੇ ਹਨ ਪਰ ਉਹ ਜਿਆਦਾਤਰ ਦੂਜੇ ਬਾਰਡਰਾਂ ’ਤੇ ਬੈਠੇ ਹਨ। ਹੋਰ ਅੱਗੇ ਜਾਂਦਿਆਂ ਜੀ.ਟੀ. ਰੋਡ ’ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਲਈ ਮੋਬਾਈਲ ਟਾਇਲਟ ਦੀ ਵਿਵਸਥਾ ਕੀਤੀ ਹੋਈ ਹੈ, ਜੋ ਕਿ ਚੰਗੀ ਗੱਲ ਹੈ ਪਰ ਹੋਰ ਚੰਗਾ ਹੁੰਦਾ ਜੇਕਰ ਇਹ ਸਹੂਲਤ ਬੈਰੀਗੇਡਾਂ ਤੋਂ ਪਹਿਲਾਂ ਧਰਨੇ ਵਾਲੇ ਪਾਸੇ ਹੁੰਦੀ।
ਇਸ ਅੰਦੋਲਨ ਦਾ ਨਤੀਜਾ ਭਾਵੇਂ ਜੋ ਵੀ ਹੋਵੇ ਪਰ ਯਕੀਨਨ ਕਿਸਾਨਾਂ ਦਾ ਇਹ ਸੰਘਰਸ਼ ਇਤਿਹਾਸ ਦੇ ਪੰਨਿਆਂ ’ਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਕਿਸਾਨਾਂ ਦੇ ਜਨੂੰਨ, ਠਰੰਮੇ, ਹੌਂਸਲੇ ਤੇ ਸੂਝਬੂਝ ਤੋਂ ਲੱਗਦਾ ਹੈ ਕਿ ਉਨਾਂ ਦੀ ਜਿੱਤ ਲਾਜ਼ਮੀ ਹੈ ਬਸ਼ਰਤੇ ਏਕਾ ਬਣਿਆ ਰਹੇ, ਕੋਈ ਨੇਤਾ ਆਪਣਾ ਇਮਾਨ ਨਾ ਵੇਚੇ। ਕਿਉਂਕਿ ਸੰਘਰਸ਼ਾਂ ਦੀ ਮੁੱਢ ਤੋਂ ਤ੍ਰਾਸਦੀ ਰਹੀ ਕਿ ਨੇਤਾ ਆਪਣੀ ਜ਼ਮੀਰ ਮਾਰ ਕੇ ਅੰਦੋਲਨ ਨੂੰ ਵੇਚ ਦਿੰਦੇ ਹਨ ਤੇ ਜਿੱਤ ਦੇ ਨੇੜੇ ਹੋਣ ਦੇ ਬਾਵਜੂਦ ਹਾਰ ਕੇ ਪਰਤਣਾ ਪੈਂਦਾ ਹੈ। ਸਰਕਾਰ ਨੂੰ ਫੋਕੀ ਹੈਂਕੜ ਭਰੀ ਨੀਤੀ ਛੱਡ ਕੇ ਆਪਾਝਾਤ ਮਾਰਨ ਦੀ ਲੋੜ ਹੈ ਤਾਂ ਜੋ ਦੇਸ਼ ਦਾ ਅੰਨਦਾਤਾ ਹੋਰ ਸੜਕਾਂ ’ਤੇ ਨਾ ਰੁਲੇ। ਸੱਚੀਂ, ਸਲਾਮ ਐ ਕਿਸਾਨ ਦੇ ਸਬਰ, ਜਜ਼ਬੇ ਤੇ ਜਨੂੰਨ ਨੂੰ, ਜਿਸ ਦੇ ਚੱਲਦਿਆਂ ਦਿਨੋ-ਦਿਨ ਜਬਰ ’ਤੇ ਸਬਰ ਦੀ ਜਿੱਤ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ ਦਿੱਲੀ ਅੰਦੋਲਨ।
1 Comment