ਅੱਜ ਰੋ ਰਿਹਾਂ, ਕੁਰਲਾ ਰਿਹਾਂ,
ਹੋਂਦ ਆਪਣੀ ਬਚਾਉਣ ਨੂੰ, ਕਿਉਂ ਤਰਲੇ ਤੇਰੇ ਪਾ ਰਿਹਾਂ,
ਖੌਰੇ ਕੀ ਗੁਨਾਹ ਮੇਰੇ, ਜਿੰਨਾਂ ਦੀ ਭੁੱਲ ਬਖਸ਼ਾ ਰਿਹਾਂ,
ਤਖਤਾਂ ਦੇ ਮਾਲਕੋ ਸੁਣ ਲਵੋ, ਬੋਲ ਥੋਡੇ ਕੰਨੀ ਪਾ ਰਿਹਾਂ,
ਮੈਂ ਬੋਲਦਾ ਪੰਜਾਬ ਹਾਂ , ਮੈਂ ਬੋਲਦਾ ………..
ਤਾਜ ਤੇਰੇ ਸਦੀਆਂ ਤੋਂ ,ਮੰਗਦੇ ਆਏ ਕੁਰਬਾਨੀਆਂ,
ਗੁਰੂਆਂ ਤੇਰੀ ਰੱਖਿਆ ਕੀਤੀ, ਦੇ ਦੇ ਕੇ ਜਿੰਦਗਾਨੀਆਂ,
ਪਰ ਤੂੰ ਤਾਂ ਭੁੱਲੀ ਬੈਠੀਂ ਏ, ਇਹੀ ਯਾਦ ਕਰਵਾ ਰਿਹਾਂ ,
ਤਖਤਾਂ ਦੇ ਮਾਲਕੋ ਸੁਣ ਲਵੋ, ਗੱਲ ਥੋਡੇ ਕੰਨੀ ਪਾ ਰਿਹਾਂ,
ਮੈਂ ਬੋਲਦਾ ਪੰਜਾਬ ਹਾਂ, ਮੈਂ ਬੋਲਦਾ…….
ਤਾਜ ਤੇਰਾ ਬਚਾਉਣ ਲਈ, ਮੈਂ ਚਟਾਨ ਵਾਂਗਰਾਂ ਖੜ ਗਿਆ,
ਹਰ ਵਾਰ ਤੇਰੇ ਹਿੱਸੇ ਦਾ, ਸੀਨੇ ਉੱਤੇ ਜਰ ਗਿਆ,
ਇਹੀ ਤਾਜ ਕਿਉਂ ਮੌਤ ਮੇਰੀ ਦਾ, ਨਸੂਰ ਬਣਦਾ ਜਾ ਰਿਹਾ,
ਤਖਤਾਂ ਦੇ ਮਾਲਕੋ ਸੁਣ ਲਵੋ, ਬੋਲ ਥੋਡੇ ਕੰਨੀ ਪਾ ਰਿਹਾਂ,
ਮੈਂ ਬੋਲਦਾ ਪੰਜਾਬ ਹਾਂ, ਮੈਂ ਬੋਲਦਾ………
ਭਗਤ ਸਰਾਭੇ ਵਰਗੇ ਲੱਖਾਂ, ਪਤਾ ਨੀ ਕੀ ਕੀ ਜਰ ਗਏ,
ਰਾਜ ਤੇਰਾ ਬਚਾਉਣ ਲਈ, ਹੱਸ ਹੱਸ ਫਾਂਸੀ ਚੜ ਗਏ,
ਹੁਣ ਇਹੀ ਰਾਜ ਕਿਉਂ ਮੌਤ ਮੇਰੀ ਦਾ ਸਾਮਾਨ ਬਣਦਾ ਜਾ ਰਿਹਾ,
ਤਖਤਾਂ ਦੇ ਮਾਲਕੋ ਸੁਣ ਲਵੋ, ਬੋਲ ਥੋਡੇ ਕੰਨੀ ਪਾ ਰਿਹਾਂ,
ਮੈਂ ਬੋਲਦਾ ਪੰਜਾਬ ਹਾਂ, ਮੈਂ ਬੋਲਦਾ……
ਮੇਰੇ ਸੂਰਬੀਰਾਂ ਕੀਤੀ, ਸਦਾ ਤਾਜ ਤੇਰੇ ਦੀ ਰੱਖਿਆ,
ਪਰ ਤੂੰ ਸਦਾ ਹੀ ਮੈਨੂੰ ਤਾਂ, ਪੈਰਾਂ ਦੇ ਵਿੱਚ ਰੱਖਿਆ,
ਖਤਰਾ ਆਪਣੀ ਹੋਂਦ ਦਾ, ਤੈਨੂੰ ਅੰਦਰੋਂ ਖਾ ਰਿਹਾ,
ਤਖਤਾਂ ਦੇ ਮਾਲਕੋ ਸੁਣ ਲਵੋ, ਬੋਲ ਥੋਡੇ ਕੰਨੀ ਪਾ ਰਿਹਾਂ,
ਮੈਂ ਬੋਲਦਾ ਪੰਜਾਬ ਹਾਂ, ਮੈਂ ਬੋਲਦਾ……..
ਹੱਕ ਸੱਚ ਦੀ ਕਿਰਤ ਕਮਾਈ, ਗੁਰੂ ਨੇ ਮੇਰੇ ਸਿਖਾ ਗਏ,
ਸਵਾ ਸਵਾ ਲੱਖ ਨਾਲ, ਇਕੱਲਾ ਇਕੱਲਾ ਲੜਾ ਗਏ,
ਵਾਰ ਮੈਂ ਪਹਿਲਾਂ ਕਰਦਾ ਨੀ, ਇਹੀ ਹਾਂ ਸਮਝਾ ਰਿਹਾਂ,
ਤਖਤਾਂ ਦੇ ਮਾਲਕੋ ਸੁਣ ਲਵੋ, ਬੋਲ ਥੋਡੇ ਕੰਨੀ ਪਾ ਰਿਹਾਂ,
ਮੈਂ ਬੋਲਦਾ ਪੰਜਾਬ ਹਾਂ, ਮੈਂ ਬੋਲਦਾ…….
ਮਿੱਟੀ ਨਾਲ ਮਿੱਟੀ ਹੋ ਕੇ ਮੈਂ, ਢਿੱਡ ਹਾਂ ਤੇਰਾ ਭਰ ਰਿਹਾਂ,
ਪਰ ਤੂੰ ਤਾਂ ਕਦੇ ਪੁੱਛਿਆ ਨੀ, ਜਿਉਂਦਾ ਹਾਂ ਜਾਂ ਮਰ ਰਿਹਾਂ,
ਮਾਣ ਕਦੇ ਕੀਤਾ ਨੀ, ਮੈਂ ਤਾਂ ਆਪਣਾ ਕਰਮ ਕਮਾਂ ਰਿਹਾਂ,
ਤਖਤਾਂ ਦੇ ਮਾਲਕੋ ਸੁਣ ਲਵੋ, ਬੋਲ ਥੋਡੇ ਕੰਨੀ ਪਾ ਰਿਹਾਂ,
ਮੈਂ ਬੋਲਦਾ ਪੰਜਾਬ ਹਾਂ, ਮੈਂ ਬੋਲਦਾ ……..
ਕੁਝ ਮੰਨਿਆ ਮੇਰੇ ਆਪਣੇ, ਜੋ ਨੇ ਧੋਖਾ ਦੇ ਰਹੇ,
ਚਾਲਾਂ ਤੇਰੀਆਂ ਮੌਤ ਵਰਗੀਆਂ, ਸਾਥ ਤੇਰਾ ਦੇ ਰਹੇ,
ਵਾਰ- ਵਾਰ ਵੰਡਿਆ ਮੈਂ, ਸਾਇਦ ਤਾਂ ਹੀ ਜਾ ਰਿਹਾਂ,
ਤਖਤਾਂ ਦੇ ਮਾਲਕੋ ਸੁਣ ਲਵੋ, ਬੋਲ ਥੋਡੇ ਕੰਨੀ ਪਾ ਰਿਹਾਂ,
ਮੈਂ ਬੋਲਦਾ ਪੰਜਾਬ ਹਾਂ, ਮੈਂ ਬੋਲਦਾ……..
ਵੰਡ ਸੰਤਾਲੀ ਫੇਰ ਚੁਰਾਸੀ, ਪਤਾ ਨੀ ਕੀ ਕੀ ਜਰ ਗਿਆ,
ਦੁਨੀਆਂ ਸੋਚੀ ਬੈਠੀ ਸੀ, ਮੈਂ ਮਰ ਗਿਆ ਮੈਂ ਮਰ ਗਿਆ,
ਥਾਪੜਾ ਗੁਰੂਆਂ ਪੀਰਾਂ ਦਾ, ਜੋ ਬੇੜਾ ਪਾਰ ਲਗਾ ਰਿਹਾ,
ਤਖਤਾਂ ਦੇ ਮਾਲਕੋ ਸੁਣ
ਲਵੋ, ਬੋਲ ਥੋਡੇ ਕੰਨੀ ਪਾ ਰਿਹਾਂ।
ਮੈਂ ਬੋਲਦਾ ਪੰਜਾਬ ਹਾਂ, ਮੈਂ ਬੋਲਦਾ…..
ਦਾਸਤਾਂ ਲੰਬੀ ਬੜੀ ਏ, ਤੇਰੇ ਢਾਹੇ ਜਬਰ ਦੀ,
ਪਰ ਹੱਦ ਵੀ ਤਾਂ ਹੁੰਦੀ ਹੋਊ , ਕੋਈ ਨਾ ਕੋਈ ਸਬਰ ਦੀ ,
ਹਰ ਵਾਰ ਸਬਰ ਸੰਤੋਖ ਦਾ ਗੁਣ ਮੈਂ ਹੀ ਕਿਉਂ ਨਿਭਾ ਰਿਹਾਂ,
ਤਖਤਾਂ ਦੇ ਮਾਲਕੋ ਸੁਣ ਲਵੋ, ਬੋਲ ਥੋਡੇ ਕੰਨੀ ਪਾ ਰਿਹਾਂ,
ਮੈਂ ਬੋਲਦਾ ਪੰਜਾਬ ਹਾਂ, ਮੈਂ ਬੋਲਦਾ ……
ਇੰਤਜ਼ਾਰ ਮੇਰੀ ਮੌਤ ਦਾ, ਬਹੁਤੇ ਕਿਉਂ ਨੇ ਕਰ ਰਹੇ,
ਸਮਾਨ ਮੇਰੀ ਮੌਤ ਦਾ, ਚਿਰਾਂ ਤੋਂ ‘ਕੱਠੇ ਕਰ ਰਹੇ,
ਮਰਨਾ ਤਾਂ ਗੱਲ ਦੂਰ ਦੀ, ਸਗੋਂ ਤਕੜਾ ਹੁੰਦਾ ਜਾਂ ਰਿਹਾਂ,
ਤਖਤਾਂ ਦੇ ਮਾਲਕੋ ਸੁਣ ਲਵੋ, ਬੋਲ ਥੋਡੇ ਕੰਨੀ ਪਾ ਰਿਹਾਂ,
ਮੈਂ ਬੋਲਦਾ ਪੰਜਾਬ ਹਾਂ, ਮੈਂ ਬੋਲਦਾ……
ਤੂੰ ਮਾਂ ਮੇਰੀ ਏ ਮੰਨਦਾ, ਪਰ ਆਪਣਾ ਫਰਜ ਨਿਭਾਉਂਦੀ ਨੀ,
ਕਿਉਂ ਸਾਰੇ ਪੁੱਤਰਾਂ -ਧੀਆਂ ਨੂੰ, ਬਰਾਬਰ ਲਾਡ ਲਡਾਉਂਦੀ ਨੀ,
ਹਰ ਵਾਰ ਤੇਰੀ ਘੂਰ ਦਾ, ਮੈਂ ਹੀ ਕਿਉਂ ਸ਼ਿਕਾਰ ਹਾਂ,
ਤਖਤਾਂ ਦੇ ਮਾਲਕੋ ਸੁਣ ਲਵੋ, ਬੋਲ ਥੋਡੇ ਕੰਨੀ ਪਾ ਰਿਹਾਂ,
ਮੈਂ ਬੋਲਦਾ ਪੰਜਾਬ ਹਾਂ, ਮੈਂ ਬੋਲਦਾ….
ਸ਼ਾਇਦ ਸੋਚੀ ਬੈਠੀ ਤੂੰ, ਮੈਨੂੰ ਮਾਰਨਾ ਹੀ ਮਾਰਨਾ,
ਪਰ ਸੇਕ ਮੇਰੀ ਲੋਥ ਦਾ, ਤੈਨੂੰ ਸਾੜਨਾ ਹੀ ਸਾੜਨਾ,
ਹੀਰਾ ਤੇਰੇ ਤਾਜ ਦਾ, ਕਿਉਂ ਰਾਖ ਬਣਦਾ ਜਾਂ ਰਿਹਾਂ,
ਤਖਤਾਂ ਦੇ ਮਾਲਕੋ ਸੁਣ ਲਵੋ, ਬੋਲ ਥੋਡੇ ਕੰਨੀ ਪਾ ਰਿਹਾਂ ,
ਮੈਂ ਬੋਲਦਾ ਪੰਜਾਬ ਹਾਂ, ਮੈਂ ਬੋਲਦਾ …..
ਤਖਤਾਂ ਦੇ ਮਾਲਕੋ ਸੁਣ ਲਵੋ।