Kisaan Di Zindagi- Gurjeet Kaur | Online Punjabi Poetry Competition
Connect with us apnews@iksoch.com

ਰਚਨਾਵਾਂ ਜਨਵਰੀ 2021

ਕਿਸਾਨ ਦੀ ਜਿੰਦਗੀ

Published

on

ik soch muqabla

ਕਿਸਾਨ ਨੂੰ ਬੇਸ਼ੱਕ ਅੰਨਦਾਤਾ ਕਿਹਾ ਜਾਂਦਾ ਕਿਉਂਕਿ ਉਹ ਸਾਰੇ ਦੇਸ਼ ਨੂੰ ਅੰਨ ਦਿੰਦਾ । ਪਰ ਇਸ ਅੰਨਦਾਤੇ ਦੀ ਅਸਲ ਕਹਾਣੀ ਕੁਝ ਹੋਰ ਹੀ ਹੈ । ਸਭ ਦਾ ਢਿੱਡ ਭਰਨ ਵਾਲਾ ਇਹ ਅੰਨਦਾਤਾ ਬਹੁਤ ਵਾਰ ਖੁਦ ਭੁੱਖਾ ਸੌਦਾ । ਕਿਸਾਨ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਕਿਸਾਨ ਅਤੇ ਉਸਦੇ ਪਰਿਵਾਰ ਦੀ ਜਿੰਦਗੀ ਦੇ ਹਰ ਇੱਕ ਪਹਿਲੂ ਨੂੰ ਉਜਾਗਰ ਕਰਕੇ ਕਿਸਾਨ ਦੀ ਜਿੰਦਗੀ ਦੀ ਅਸਲ ਤਸਵੀਰ ਪੇਸ਼ ਕਰਾਂਗੀ ।

ਕਿਸਾਨ ਦਾ ਵਾਹ ਸੁਰਤ ਸੰਭਾਲਣ ਤੋਂ ਹੀ ਖੇਤੀ ਨਾਲ ਪੈਂਦਾ ਅਤੇ ਕਿਸਾਨ ਆਪਣਾ ਬਚਪਨ , ਜਵਾਨੀ ਅਤੇ ਬੁਢਾਪਾ ਖੇਤ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਗੁਜ਼ਾਰ ਦਿੰਦਾ । ਪਰ ਇਨ੍ਹਾਂ ਤਿੰਨਾਂ ਪੜਾਵਾਂ ਵਿੱਚੋਂ ਪਾਰ ਹੁੰਦਾ ਕਿਸਾਨ ਆਪਣੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰ ਨਹੀਂ ਸਕਦਾ ਅਤੇ ਉਹ ਕਰਜ਼ ਦਾ ਭਾਰ ਅਗਲੀ ਪੀੜ੍ਹੀ ਨੂੰ ਦੇ ਕੇ ਖੁਦ ਮਿੱਟੀ ਨਾਲ ਮਿੱਟੀ ਹੁੰਦਾ ਮਿੱਟੀ ਵਿੱਚ ਹੀ ਮਿਲ ਜਾਂਦਾ । ਗੀਤਾਂ ਜਾਂ ਫਿਲਮਾਂ ਚ ਐਸ਼ਪ੍ਰਸਤੀ ਕਰਨ ਵਾਲਾ ਕਿਸਾਨ ਸਿਰਫ਼ ਪਰਦੇ ਉੱਪਰ ਹੀ ਨਜ਼ਰ ਆਉਦਾ ਪਰ ਅਸਲ ਕਿਸਾਨ ਦੀ ਹਾਲਤ ਤਾਂ ਬਦ ਤੋਂ ਵੀ ਬਦਤਰ ਹੁੰਦੀ ਜਾ ਰਹੀ । ਜਦ ਵੀ ਕਿਸੇ ਕਰਜ਼ਈ ਕਿਸਾਨ ਦੀ ਮੌਤ ਦੀ ਖ਼ਬਰ ਅਖ਼ਬਾਰ ਉੱਪਰ ਪੜ੍ਹਦੇ ਤਾਂ ਕੁਝ ਕ ਲੋਕਾਂ ਦਾ ਕਹਿਣਾ ਹੁੰਦਾ ਕਿ ਐਸ਼ ਨੂੰ ਕਰਜ਼ਾ ਚੁਕਿਆ ਹੋਣਾ । ਪਰ ਹਰ ਕਿਸਾਨ ਸ਼ੌਕ ਲਈ ਕਰਜ਼ ਨਹੀਂ ਚੁੱਕਦਾ । ਬਹੁਤ ਵਾਰ ਹਲਾਤਾਂ ਤੋਂ ਮਜ਼ਬੂਰ ਹੋ ਕੇ ਕਿਸਾਨ ਨੂੰ ਕਰਜ਼ਾ ਲੈਣਾ ਪੈਂਦਾ । ਕਿਸਾਨ ਨੂੰ ਕਿੰਨਾ ਹਲਾਤਾਂ ਵਿੱਚ ਕਰਜ਼ਾ ਲੈਣਾਂ ਪੈਂਦਾ ਉਸ ਬਾਰੇ ਵਿਚਾਰ ਚਰਚਾ ਨਹੀਂ ਕਰਦੀ ਸਗੋਂ ਖੁਦ ਉੱਪਰ ਹੰਢਾਏ ਕੁਝ ਦਰਦਾਂ ਨੂੰ ਅਤੇ ਕੁਝ ਅੱਖੀਂ ਦੇਖੇ ਹਲਾਤਾਂ ਨੂੰ ਮੁੱਖ ਰੱਖ ਕੇ ਦੱਸਦੀ ਕਿ ਕਿਸਾਨ ਮਜ਼ਬੂਰ ਕਦੋਂ ਹੁੰਦਾ । ਜਦ ਕਿਸਾਨ ਪੋਹ ਮਾਘ ਦੀ ਠੰਡ ਚ ਠਰਦਾ ਰਾਤਾਂ ਜਾਗ ਕੇ ਕਣਕ ਦੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ । ਜਦ ਉਹ ਫਸਲ ਅੰਤ ਮਾਰਚ ਤੱਕ ਆਪਣੇ ਪੂਰੇ ਜੋਬਨ ਉੱਤੇ ਹੁੰਦੀ ਤਾਂ ਕਿਸਾਨ ਦੀ ਖੁਸ਼ੀ ਦੁੱਗਣੀ ਹੋ ਜਾਂਦੀ । ਪਰ ਕਹਿੰਦੇ ਹਨ ਕਿ ਕਿਸਮਤ ਚ ਜੋ ਲਿਖਿਆ ਓਹੀ ਮਿਲਦਾ , ਜਦ ਕਿਸੇ ਕਾਰਨ ਕਰਕੇ ਉਸ ਫਸਲ ਨੂੰ ਅੱਗ ਲੱਗ ਜਾਂਦੀ ਤਾਂ ਉਹ ਦਰਦ ਕਿਸਾਨ ਕਿਵੇਂ ਸਹਿਣ ਕਰਦਾ ਇਸਦਾ ਅੰਦਾਜ਼ਾ ਲਗਾਇਆ ਹੀ ਨਹੀਂ ਜਾ ਸਕਦਾ । ਮੈਨੂੰ ਇਹ ਲੇਖ ਲਿਖਦੇ ਬਚਪਨ ਚ ਅੱਖੀਂ ਦੇਖਿਆ ਹਾਲ ਯਾਦ ਆ ਗਿਆ ਜਦ ਮੇਰੀ ਉਮਰ ਦਸ ਜਾਂ ਬਾਰਾਂ ਕ ਸਾਲ ਦੀ ਸੀ । ਰਾਤ ਨੂੰ ਕਿਸੇ ਆ ਕੇ ਦਰਵਾਜ਼ਾ ਖੜਕਾਇਆ ਤਾਂ ਪਾਪਾ ਦੇ ਦਰਵਾਜ਼ਾ ਖੋਲਣ ਉੱਤੇ ਉਸ ਵਿਅਕਤੀ ਨੇ ਕਿਹਾ ਵੀਰ ਟਰੈਕਟਰ ਕੱਢ ਜਲਦੀ ਤੁਹਾਡੀ ਕਣਕ ਨੂੰ ਅੱਗ ਲੱਗ ਗਈ । ਪਾਪਾ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਅਵਾਜ਼ ਸੁਣ ਸਭ ਜਾਗ ਗਏ । ਦਾਦਾ ਜੀ ਸਭ ਨੂੰ ਹੌਂਸਲਾ ਦਿੰਦੇ ਕਹਿ ਰਹੇ ਸੀ ਕੁਝ ਨੀ ਹੋਇਆ ਸੌਜੋ ਤੁਸੀਂ , ਪਰ ਛੇ ਮਹੀਨੇ ਦੀ ਮਿਹਨਤ ਮਿੱਟੀ ਹੁੰਦੀ ਦੇਖ ਕਿਸੇ ਨੂੰ ਨੀਂਦ ਨਹੀਂ ਆ ਰਹੀ ਸੀ । ਸਭ ਅੱਗ ਬੁਝਾਉਣ ਲਈ ਖੇਤ ਚਲੇ ਗਏ । ਪਰ ਮੈਂ , ਮਾਂ ਅਤੇ ਦਾਦੀ ਅੱਖਾਂ ਚ ਹੰਝੂ ਲੈ ਖੇਤ ਵਲੋਂ ਉੱਠਦੇ ਧੂੰਏ ਨੂੰ ਦੇਖਦੀਆਂ ਅੱਗ ਬੁੱਝਣ ਦੀ ਅਰਦਾਸ ਕਰਦੀਆਂ ਰਹੀਆਂ। ਕੁਝ ਘੰਟਿਆਂ ਬਾਅਦ ਸਭ ਘਰ ਆਏ ਤਾਂ ਚਿਹਰੇ ਤੋਂ ਰੌਣਕ ਕਿਧਰੇ ਗਾਇਬ ਸੀ । ਜਦ ਅਗਲੇ ਦਿਨ ਪੂਰਾ ਪਰਿਵਾਰ ਖੇਤ ਵਿੱਚ ਪਈ ਅੱਧ ਸੜੀ ਕਣਕ ਨੂੰ ਝਾੜੂ ਨਾਲ ਇਕੱਠੀ ਕਰ ਰਿਹਾ ਸੀ ਤਾਂ ਸਭ ਦੀ ਇਕ ਦੂਜੇ ਤੋਂ ਓਹਲੇ ਹੋ ਅੱਖਾਂ ਚੋ ਵਗਦੇ ਹੰਝੂ ਛੁਪਾਉਣ ਦੀ ਕੋਸ਼ਿਸ਼ ਵਿਅਰਥ ਜਾ ਰਹੀ ਸੀ । ਸਾਰਿਆਂ ਉੱਤੇ ਕੀ ਬੀਤ ਰਹੀ ਸੀ ਇਸ ਨੂੰ ਸਭ ਭਲੀਭਾਂਤ ਜਾਣਦੇ ਹੋਏ ਵੀ ਦਰਦ ਲੁਕਾਉਣ ਦਾ ਯਤਨ ਕਰ ਰਹੇ ਸੀ । ਕੋਲੋਂ ਲੰਘਦੇ ਲੋਕਾਂ ਨੇ ਕਿਹਾ ਕਿ ਮੁਆਵਜ਼ਾ ਮਿਲ ਜਾਊਗਾ ਕਿਉਂਕਿ ਅੱਗ ਟਰਾਂਸਫਾਰਮ ਤੋਂ ਲੱਗੀ ਤਾਂ ਮਨ ਕੁਝ ਧਰਵਾਸ ਫੜ ਗਿਆ ਕਿ ਜਿਆਦਾ ਨਹੀਂ ਚਲ ਅਗਲੀ ਫਸਲ ਬੀਜ ਸਕਣ ਜਿੰਨੀ ਭਰਪਾਈ ਤਾਂ ਹੋਜੂ । ਪਰ ਉਥੇ ਵੀ ਸਭ ਨੇ ਫਾਰਮ ਭਰਨ ਦੀ ਅੱਲਗ ਅਲਗ ਫੀਸ ਲਈ ਅਤੇ ਕੁਝ ਫੋਟੋ ਖਿੱਚ ਲਗਾ ਦਿੱਤੀਆਂ ਪਰ ਮਿਲਿਆ ਕੁਝ ਵੀ ਨਹੀਂ । ਮੈਨੂੰ ਯਾਦ ਹੈ ਕਿ ਜਦ ਸੜੀ ਕਣਕ ਕਰਕੇ ਘਰ ਕੋਈ ਆਮਦਨ ਨਹੀਂ ਆਈ ਸੀ ਤਾਂ ਲੋਕਾਂ ਤੋਂ ਵਿਆਜ਼ ਉੱਪਰ ਰੁਪਏ ਫੜ ਅਗਲੀ ਫਸਲ ਬੀਜੀ ਸੀ ਤਾਂ ਸਭ ਨੇ ਆਪਣੇ ਖਰਚੇ ਘੱਟ ਕਰਕੇ ਘਰ ਦਾ ਗੁਜ਼ਾਰਾ ਚਲਾਇਆ । ਜਦ ਦੋ ਕ ਸਾਲ ਚ ਕਰਜ਼ਾ ਲਾਹ ਕੇ ਸੁਰਖਰੂ ਹੋਏ ਤਾਂ ਫੇਰ ਕਣਕ ਸੜ ਕੇ ਸੁਆਹ ਹੋ ਗਈ । ਸਖ਼ਤ ਮਿਹਨਤ ਕਰ ਕੇ ਕਰਜ਼ੇ ਤੋਂ ਮੁਕਤ ਹੋਏ ਅਸੀਂ ਫੇਰ ਕਰਜ਼ੇ ਦੀ ਲਪੇਟ ਚ ਆ ਗਏ । ਇਹ ਦਰਦ ਕਿਸੇ ਇੱਕ ਕਿਸਾਨ ਦਾ ਨਹੀਂ ਸਗੋਂ ਹਰ ਉਸ ਕਿਸਾਨ ਦਾ ਹੈ ਜਿਸਦੀ ਪੱਕੀ ਕਣਕ ਖੇਤਾਂ ਵਿੱਚ ਲੱਗੇ ਟਰਾਂਸਫਾਰਮਾਂ ਦੀ ਭੇਟ ਚੜ੍ਹ ਜਾਂਦੀ ਹੈ ।

ਕਿਸਾਨ ਦੀਆਂ ਮੁਸ਼ਕਲਾਂ ਇਥੇ ਹੀ ਖਤਮ ਨਹੀਂ ਹੁੰਦੀਆਂ ਜਦ ਅਮੀਰ ਲੋਕ ਸੁਹਾਵਣਾ ਮੌਸਮ ਕਹਿ ਕੇ ਮੀਂਹ ਦਾ ਜਸ਼ਨ ਮਨਾ ਰਹੇ ਹੁੰਦੇ । ਉਸ ਸਮੇਂ ਕਿਸਾਨ ਪੱਕੀ ਫਸਲ ਦੇਖ ਬੱਦਲਾਂ ਤੋਂ ਡਰ ਅਰਦਾਸ ਕਰਦਾ ਹੁੰਦਾ ਕਿ ਰੱਬਾ ਮਿਹਰ ਕਰੀ । ਜਦ ਕਦੇ ਉਸਦੀ ਅਰਦਾਸ ਨੂੰ ਅਣਸੁਣੀ ਕਰ ਕੁਦਰਤ ਕਹਿਰਵਾਨ ਹੁੰਦੀ ਹੋਈ ਮੀਂਹ ਦੇ ਨਾਲ ਗੜ੍ਹੇਮਾਰੀ ਕਰਦੀ ਤਾਂ ਉਸਦੇ ਕਾਲਜੇ ਦਾ ਰੁਗ ਭਰਿਆ ਜਾਂਦਾ । ਵਰ੍ਹਦੇ ਮੀਂਹ ਨੂੰ ਖਿੜਕੀ ਵਿਚੋਂ ਤੱਕਦੇ ਨੂੰ ਜਦ ਘਰਵਾਲੀ ਰੋਟੀ ਖਾਣ ਨੂੰ ਕਹਿੰਦੀ ਤਾਂ ਰੋਟੀ ਦੀ ਬੁਰਕੀ ਉਸਦੇ ਗਲ ਵਿੱਚ ਹੀ ਫੁਲ ਜਾਂਦੀ । ਜਦ ਮੀਂਹ ਰੁਕੇ ਤੋਂ ਭੱਜ ਕੇ ਖੇਤ ਜਾ ਕੇ ਦੇਖਦਾ ਤਾਂ ਉਸਦੀ ਫ਼ਸਲ ਉੱਤੇ ਨੀ ਸਗੋਂ ਕਿਸਾਨ ਦੀਆਂ ਸੱਧਰਾਂ ਉੱਪਰ ਪਾਣੀ ਫਿਰ ਚੁਕਿਆ ਹੁੰਦਾ । ਜਦ ਜਦ ਫ਼ਸਲ ਮਰਦੀ ਤਦ ਤਦ ਕਿਸਾਨ ਅਤੇ ਉਸਦੇ ਪਰਿਵਾਰ ਦੀਆਂ ਰੀਝਾਂ ਮਰਦੀਆਂ । ਫ਼ਸਲ ਖਰਾਬ ਹੋਣ ਨਾਲ ਉਸਦੇ ਰੋਜਮਰਾ ਦੇ ਜੀਵਨ ਵਿੱਚ ਵੀ ਭਾਰੀ ਬਦਲਾਅ ਆਉਂਦਾ । ਅਗਲੀ ਫਸਲ ਦੀ ਬੀਜ ਬਿਜਾਈ ਦੇ ਖਰਚ , ਕਿਸੇ ਬਿਮਾਰੀ ਕਰਕੇ ਡਾਕਟਰ ਦੀ ਫੀਸ ਅਤੇ ਦਵਾਈ ਦਾ ਖਰਚ , ਬੱਚਿਆਂ ਦੀ ਫੀਸ ਆਦਿ ਪਤਾ ਨੀ ਕਿੰਨੇ ਕ ਬੋਝ ਮੋਢਿਆਂ ਉੱਤੇ ਚੱਕੀ ਕਿਸਾਨ ਆਪਣੀ ਜਿੰਦਗੀ ਦੇ ਦਿਨ ਇਸ ਆਸ ਚ ਲੰਘਾ ਦਿੰਦਾ ਕਿ ਜਦ ਅਗਲੀ ਫਸਲ ਆਊਂਗੀ ਤਾਂ ਸਭ ਠੀਕ ਹੋਜੂ ।

ਜਦ ਨੂੰ ਅਗਲੀ ਫ਼ਸਲ ਆਉਂਦੀ ਤਾਂ ਕੁਦਰਤ ਦਾ ਕਹਿਰ ਫੇਰ ਕਿਸਾਨ ਦੀਆਂ ਉਮੀਦਾਂ ਦੇ ਉਸਾਰੇ ਮਹਿਲ ਨੂੰ ਪਲਾਂ ਚ ਢੇਰੀ ਕਰ ਦਿੰਦਾ । ਹੜ੍ਹਾਂ ਵਿੱਚ ਵਹਿ ਚੁੱਕੀ ਫ਼ਸਲ ਤਾਂ ਕਿਸਾਨ ਦਾ ਲੱਕ ਤੋੜਨ ਦੇ ਨਾਲ ਨਾਲ ਆਰਥਿਕ ਬਜਟ ਵੀ ਹਿਲਾ ਕੇ ਰੱਖ ਦਿੰਦੀ । ਇਨ੍ਹਾਂ ਸਭ ਮੁਸੀਬਤਾਂ ਤੋਂ ਬਿਨਾਂ ਕਿਸਾਨ ਨੂੰ ਡੀਜ਼ਲ ਦੀ ਵੱਧਦੀ ਕੀਮਤ , ਖਾਦਾਂ , ਸਪਰੇਆਂ , ਅਤੇ ਨਕਲੀ ਬੀਜਾਂ ਦੇ ਨਾਲ ਨਾਲ ਟਿਊਬਵੈੱਲ ਦੀ ਖਰਾਬੀ ਆਦਿ ਦਾ ਵੀ ਸਾਹਮਣਾ ਕਰਨਾ ਪੈਂਦਾ । ਜਿਥੇ ਸਰਕਾਰੀ ਨੁਮਾਇੰਦਿਆਂ ਦੀਆਂ ਤਨਖਾਹਾਂ ਚ ਹਜ਼ਾਰਾਂ ਰੁਪਏ ਦਾ ਭਾਰੀ ਵਾਧਾ ਹੁੰਦਾ ਉਥੇ ਕਿਸਾਨਾਂ ਦੀ ਫ਼ਸਲ ਦੀ ਕੀਮਤ ਵਿੱਚ ਮਸਾਂ ਪੰਜਾਹ ਰੁਪਏ ਦਾ ਵਾਧਾ ਹੁੰਦਾ । ਜੇਕਰ ਫ਼ਸਲ ਵਿਚ ਪੰਜਾਹ ਰੁਪਏ ਦੇ ਵਾਧੇ ਨਾਲ ਕਿਸਾਨ ਦੀ ਫ਼ਸਲ ਵਿੱਚ ਇਕ ਕਿਲ੍ਹੇ ਦਾ ਪੰਜ ਹਜ਼ਾਰ ਵਾਧਾ ਹੁੰਦਾ ਤਾਂ ਬੀਜ ,ਵਢਾਈ ਅਤੇ ਖਾਦ, ਸਪਰੇਅ ਦੇ ਮਹਿੰਗੇ ਭਾਅ ਕਰਕੇ ਕਿਸਾਨ ਦੇ ਖਰਚ ਚ ਪੰਜ ਹਜ਼ਾਰ ਤੋਂ ਜਿਆਦਾ ਖਰਚ ਆ ਜਾਂਦਾ ਜਿਸ ਕਰਕੇ ਉਹ ਲਾਭ ਵੀ ਕਿਸਾਨ ਦੀ ਜੇਬ ਚ ਨਹੀਂ ਪੈਂਦਾ ।

ਆਪਣੀ ਹਾਲਤ ਸੁਧਾਰਨ ਦੀ ਕੋਸ਼ਿਸ਼ ਕਰਦਾ ਕਿਸਾਨ ਖੇਤੀ ਦੇ ਨਾਲ ਪਸ਼ੂ ਪਾਲਣ ਦਾ ਧੰਦਾ ਕਰਦਾ । ਪਰ ਉਥੇ ਵੀ ਪਸ਼ੂ ਦੀ ਬਿਮਾਰੀ ਜਾਂ ਕਿਸੇ ਅਣਹੋਣੀ ਕਰਕੇ ਕਿਸਾਨ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ । ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਕਿਸਾਨ ਅਤੇ ਉਸਦਾ ਪਰਿਵਾਰ ਤੰਗੀਆਂ ਤੁਰਸ਼ੀਆਂ ਵਿਚ ਜੀਵਨ ਬਸਰ ਕਰਦਾ ਹੈ । ਜਦ ਕਦੇ ਕਿਸਾਨ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਜਾਂਦਾ ਤਾਂ ਸਾਰਾ ਦਿਨ ਉੱਥੇ ਭੁੱਖਾ ਪਿਆਸਾ ਕੱਢ ਦਿੰਦਾ ਤਾਂ ਕਿ ਉਹਨਾਂ ਪੈਸਿਆਂ ਦੀ ਕੋਈ ਚੀਜ਼ ਬੱਚਿਆਂ ਲਈ ਲਿਜਾ ਸਕੇ । ਜਦ ਕਿਸਾਨ ਆਪਣੇ ਧੀ ਪੁੱਤ ਦਾ ਵਿਆਹ ਕਰਦਾ ਤਾਂ ਕਹਿ ਦਿੰਦਾ ਕਿ ਮੇਰੇ ਕੋਲ ਕੱਪੜੇ ਅਤੇ ਜੁੱਤੀ ਹੈਗੀ ਆ, ਤੁਸੀਂ ਮੇਰੇ ਕੱਪੜਿਆਂ ਤੇ ਜੁੱਤੀ ਉੱਪਰ ਖਰਚ ਕਰਨ ਦੀ ਥਾਂ ਆਪਣੇ ਲਈ ਕੋਈ ਚੀਜ਼ ਖਰੀਦ ਲਓ ਜੇ ਕੋਈ ਖਰੀਦਣ ਵਾਲੀ ਰਹਿੰਦੀ ਆ ਤਾਂ । ਕਿਸਾਨ ਇਕ ਕੁੜਤੇ ਪਜਾਮੇ ਅਤੇ ਜੁੱਤੀ ਵਿਚ ਹੀ ਸਾਰੇ ਵਿਆਹ ਸ਼ਾਦੀਆਂ ਕੱਢ ਲੈਂਦਾ । ਕਿਸਾਨਾਂ ਦੀ ਜ਼ਿੰਦਗੀ ਅਸਹਿ ਪੀੜਾਂ ਨਾਲ ਭਰੀ ਹੁੰਦੀ ਜੋ ਸਰੀਰਕ ਅਤੇ ਮਾਨਸਿਕ ਹੁੰਦੀਆਂ ਹਨ । ਸਰੀਰਕ ਪੀੜਾਂ ਚ ਕਿਸਾਨ ਹੱਡ ਤੋੜਵੀਂ ਮਿਹਨਤ ਕਰਕੇ ਵੀ ਹਾਰ ਨਹੀਂ ਮੰਨਦਾ ਪਰ ਜਦ ਕਰਜ਼ੇ ਦਾ ਬੋਝ ਘੱਟਣ ਦੀ ਥਾਂ ਵੱਧਦਾ ਜਾਂਦਾ ਤਾਂ ਉਹ ਕਿਸਾਨ ਨੂੰ ਮਾਨਸਿਕ ਪੀੜਾਂ ਦਿੰਦਾ । ਇਹ ਮਾਨਸਿਕ ਪੀੜਾਂ ਕਦੇ ਕਦੇ ਕਿਸਾਨ ਨੂੰ ਇਸ ਕਦਰ ਨਿਰਾਸ਼ ਕਰ ਦਿੰਦੀਆਂ ਕਿ ਕਿਸਾਨ ਖੁਦ ਦੀ ਜ਼ਿੰਦਗੀ ਤਾਂ ਖ਼ਤਮ ਕਰ ਲੈਂਦਾ ਪਰ ਇਹ ਬੋਝ ਉਸਦੇ ਮਾਸੂਮ ਬੱਚਿਆਂ ਦੇ ਮੋਢਿਆਂ ਅਤੇ ਪਰਿਵਾਰ ਉੱਤੇ ਆ ਜਾਂਦਾ । ਜੋ ਆਪਣੀ ਜਾਨ ਗੁਵਾ ਚੁੱਕੇ ਪਰਿਵਾਰਕ ਮੈਬਰ ਦੀ ਮੌਤ ਨਾਲ ਪਹਿਲਾਂ ਹੀ ਟੁੱਟ ਚੁੱਕੇ ਹੁੰਦੇ ਤਾਂ ਉਹ ਹਰ ਸਮੇਂ ਡਰ ਦੇ ਸਾਏ ਅਤੇ ਸਹਿਮ ਭਰੀ ਜਿੰਦਗੀ ਜਿਊਂਦੇ । ਪਤਾ ਨਹੀਂ ਪੰਜਾਬ ਦੇ ਕਿੰਨੇ ਗਰੀਬ ਕਿਸਾਨ ਹਨ ਜੋ ਕਰਜ਼ੇ ਦੇ ਬੋਝ ਥੱਲੇ ਆਪਣਾ ਜੀਵਨ ਗੁਜ਼ਾਰ ਰਹੇ ਅਤੇ ਆਸ ਪਾਸ ਖੁਦਕੁਸ਼ੀ ਦੀਆਂ ਘਟਨਾਵਾਂ ਸੁਣ ਉਹਨਾਂ ਪਰਿਵਾਰਾਂ ਦੇ ਬੱਚੇ ਚੋਰੀ ਛੁਪੇ ਆਪਣੇ ਬਾਪ ਦੀ ਜਾਸੂਸੀ ਕਰਦੇ ਹੋਣਗੇ ਕਿ ਸਾਡਾ ਬਾਪ ਵੀ ਇਹ ਕਦਮ ਨਾ ਚੁਕ ਲਵੇ । ਪਤਾ ਨੀ ਕਿੰਨੀਆਂ ਮਾਂਵਾਂ ਚੋਰੀ ਛੁਪੇ ਆਪਣੇ ਪੁੱਤ ਉੱਪਰ ਨਜ਼ਰ ਰੱਖਦੀਆਂ ਹਨ ਤਾਂ ਕਿ ਉਹ ਆਪਣੇ ਘਰ ਕੋ ਇਕ ਸਹਾਰੇ ਆਪਣੇ ਪੁੱਤ ਨੂੰ ਨਾ ਖੋਹ ਲੈਣ । ਪਤਾ ਨੇ ਕਿੰਨੀਆਂ ਭੈਣਾਂ ਜੋ ਆਪਣੇ ਮਾਂ ਬਾਪ ਅਤੇ ਭਰਾ ਉੱਤੇ ਚੜ੍ਹੇ ਕਰਜ਼ੇ ਦੀ ਫ਼ਿਕਰ ਚ ਤਿਲ -ਤਿਲ ਮਰਦੀਆਂ ਸਹੁਰਿਆਂ ਦੀ ਮਾਰ ਸਹਾਰਦੀਆਂ ਆਪਣੀ ਜਿੰਦਗੀ ਨੂੰ ਖਤਰੇ ਚ ਪਾਈ ਰੱਖਦੀਆਂ ਪਰ ਆਪਣੇ ਮਾਂ ਬਾਪ ਨੂੰ ਵੀ ਆਪਣੇ ਦਰਦ ਬਾਰੇ ਨਹੀਂ ਦੱਸਦੀਆਂ । ਕਿਸਾਨ ਦੀ ਜਿੰਦਗੀ ਵਿੱਚ ਸਿਰਫ਼ ਕਿਸਾਨ ਹੀ ਨਹੀਂ ਸਗੋਂ ਉਸਦਾ ਪੂਰਾ ਪਰਿਵਾਰ ਪਲ – ਪਲ ਮਰਦਾ । ਕਿਸਾਨ ਪਰਿਵਾਰ ਦੇ ਬੱਚੇ ਦੇ ਜਨਮ ਤੋਂ ਲੈ ਕੇ ਮੌਤ ਤੱਕ ਉਹ ਸਮਾਂ ਨਹੀਂ ਆਉਂਦਾ ਜਿਸ ਵਿੱਚ ਕਿਸਾਨ ਕਹਿ ਸਕਦਾ ਹੋਵੇ ਕਿ ਹੁਣ ਮੈਂ ਅਤੇ ਮੇਰਾ ਪਰਿਵਾਰ ਕਰਜ਼ੇ ਤੋਂ ਮੁਕਤ ਹੋ ਚੁੱਕੇ ਹਾਂ ਅਤੇ ਅਸੀਂ ਵੀ ਸਭ ਵਾਂਗ ਖੁਸ਼ਹਾਲ ਜੀਵਨ ਜੀਵਾਂਗੇ ।

ਕਿਸਾਨ ਦੀ ਜਿੰਦਗੀ ਦੇ ਦਰਦ ਬਾਰੇ ਕਿੰਨਾ ਵੀ ਲਿਖਿਆ ਜਾਵੇ ਉਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ । ਪਰ ਜੋ ਵੀ ਕਿਸਾਨਾਂ ਦੇ ਹਲਾਤਾਂ ਬਾਰੇ ਮੈਂ ਜਾਣਦੀ ਹਾਂ ਉਨ੍ਹਾਂ ਪੀੜਾਂ ਨੂੰ ਜਿਨ੍ਹਾਂ ਮਹਿਸੂਸ ਕੀਤਾ ਜਾ ਸਕਦਾ ਉਸ ਪੀੜ ਨੂੰ ਸ਼ਬਦਾਂ ਵਿੱਚ ਕਿਸੇ ਵੀ ਕੀਮਤ ਉੱਤੇ ਬਿਆਨ ਨਹੀਂ ਕੀਤਾ ਜਾ ਸਕਦਾ । ਪਰ ਫੇਰ ਵੀ ਕਿਸਾਨਾਂ ਅਤੇ ਉਸਦੇ ਪਰਿਵਾਰ ਦੇ ਜੀਵਨ ਨੂੰ ਸ਼ਬਦਾਂ ਵਿੱਚ ਪਰੋ ਕੇ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ । ਉਮੀਦ ਕਰਦੀ ਕਿ ਮੈਂ ਆਪਣੇ ਸ਼ਬਦਾਂ ਰਾਹੀਂ ਕਿਸਾਨਾਂ ਦੀਆਂ ਮੁਸ਼ਕਿਲਾਂ ਭਰੇ ਜੀਵਨ ਨੂੰ ਹੂ ਬ ਹੂ ਹੀ ਬਿਆਨ ਕਰ ਸਕੀ ਹੋਵਾਂ ਜੇ ਕੋਈ ਗਲਤੀ ਹੋ ਗਈ ਹੋਵੇ ਜਾਂ ਕੋਈ ਕਿਸਾਨੀ ਜੀਵਨ ਦੀ ਹਾਲਤ ਲਿਖਣ ਵਾਲੀ ਰਹਿ ਗਈ ਹੋਵੇ ਤਾਂ ਮਾਫ ਕਰਨਾ ।

  • ਗੁਰਜੀਤ ਕੌਰ
  • 1

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca