ਹਾਂ ਮੈਂ ਬੋਲ ਰਹੀ ਮੁਟਿਆਰ ਪੰਜਾਬ ਦੀ,
ਵੇਖਿਆ ਮੈਂ ਜਿੱਥੇ ਜਿਉਣ ਦਾ ਵੱਖਰਾ ਸੁਆਦ ਬਈ,
ਰੂਹ ਹੈ ਜਿਸ ਦੀ ਬਦਲੀ ਨਾਲ਼ ਵਕਤ ਦੇ,
ਖੋਰੇ ਕਦ ਉਸ ਵੇਲੇ ਮੁੜ ਆਵਣਾਂ,
ਜਦ ਨਾਂ ਪੰਜਾਬੀ ਦਾ ਚਮਕੇਗਾ ਮੁੜ ਸਾਰੇ ਜਗਤ ਤੇ।
ਹਾਂ ਮੈਂ ਬੋਲ ਰਿਹਾ ਗੱਭਰੂ ਪੰਜਾਬ ਦਾ,
ਰੰਗ ਮਿਲਿਆ ਮੈਨੂੰ ਜਿੱਥੋਂ ਸੂਹਾ ਮੇਰੇ ਹਰ ਖੁਆਬ ਦਾ,
ਰੂਹ ਹੈ ਜਿਸਦੀ ਬਦਲੀ ਨਾਲ਼ ਵਕਤ ਦੇ,
ਖੋਰੇ ਕਦ ਉਸ ਵੇਲੇ ਮੁੜ ਆਵਣਾਂ,
ਜਦ ਨਾਂ ਪੰਜਾਬੀ ਦਾ ਚਮਕੇਗਾ ਮੁੜ ਸਾਰੇ ਜਗਤ ਤੇ।
ਹਾਂ ਮੈਂ ਬੋਲ ਰਹੀ ਮੁਟਿਆਰ ਪੰਜਾਬ ਦੀ,
ਵਿੱਚ ਬਾਗਾਂ ਖਿੜੇ ਸੋਹਣੇ ਫੁੱਲ ਗੁਲਾਬ ਦੀ,
ਜਿੱਥੋਂ ਦੇ ਗੱਭਰੂ ਚਿੱਟੇ ਚਾਦਰੇ ਨਾਲ਼,
ਕੁੜਤੇ ਸੋਹਣੇ ਪਾਉਂਦੇ ਸੀ,
ਵਿੱਚ ਗਲ਼ ਕੈਂਠੇ ਵੀ ਸਜਾਉਂਦੇ ਸੀ,
ਨਾ ਉਹ ਗਿੱਦੜਾਂ ਕੋਲੋਂ ਹਾਰਦੇ,
ਵੀਰ,ਸੂਰਮੇ ਨਾਲ਼ੇ ਦੇਸ਼ ਮੇਰੇ ਦੇ ਸ਼ੇਰ ਕਹਾਉਂਦੇ ਸੀ।
ਸੋਹਣਾ ਹਰ ਗੱਭਰੂ ਜਵਾਨ ਸੀ,
ਕਰ-ਕਰ ਕਮਾਈਆਂ ਨਾਂ ਰੱਜਦਾ ਉਏ,
ਵੇਖਿਆ ਨਾ ਖਾਂਦਾ ਕਦੇ ਉਹ ਹਰਾਮ ਦੀ।
ਖੋਰੇ ਕਿਉਂ ਘੱਟ ਉਸਦਾ ਮਿੱਟੀ ਨਾਲ਼ ਮੋਹ ਗਿਆ,
ਲੱਗਦਾ ਸਭ ਨਾਲ਼ ਵਕਤ ਦੇ ਖੋਹ ਗਿਆ,
ਵਿੱਚ ਪੈ ਗਿਆ ਨਸ਼ਿਆਂ ਮੇਰਾ ਗੱਭਰੂ ਸੋਹਣਾ ਜਵਾਨ ਉਏ,
ਇਹ ਵੇਖ ਮੇਰਾ ਦੇਸ਼ ਪੰਜਾਬ ਵੀ ਰੋ ਪਿਆ।
ਹਾਂ ਮੈਂ ਬੋਲ ਰਿਹਾ ਗੱਭਰੂ ਪੰਜਾਬ ਦਾ,
ਜਿਸ ਵਿੱਚ ਸੋਹਣਾ ਲੱਗਦਾ ਸੀ ਵਗਦਾ ਪਾਣੀ
ਸਤਲੁਜ, ਬਿਆਸ,ਰਾਵੀ, ਜੇਹਲਮ ਤੇ ਚਨਾਬ ਦਾ,
ਜਿੱਥੋਂ ਦੀ ਮੁਟਿਆਰ ਨਿੱਤ ਤਕਲੇ਼ ਤੇ ਤੰਦ ਪਾਉਂਦੀ ਸੀ,
ਸੂਹੇ ਰੰਗ ਦੀ ਫੁਲਕਾਰੀ ਉਹ ਹੁਣ ਨਾ ਕੱਢੇ ਉਏ,
ਜੋ ਲੈ ਕੇ ਨਾਲ ਚਾਵਾਂ ਦੇ,
ਉਹ ਨਾਂ ਕਦੇ ਸਿਰ ਉੱਤੋਂ ਲਾਹੁੰਦੀ ਸੀ।
ਮੈਨੂੰ ਆਵੇ ਚੇਤਾ ਉਹਦੀ ਹਰ ਪੀਂਘ ਦੇ ਹੁਲਾਰ ਦਾ,
ਸੀ ਸਾਦਗੀ ਗਹਿਣਾ,ਸਭ ਤੋਂ ਵੱਡਾ ਉਸ ਦੇ ਸ਼ਿੰਗਾਰ ਦਾ।
ਖੋਰੇ ਕਿਉਂ ਘੱਟ ਉਸਦਾ ਚਰਖ਼ੇ, ਫੁਲਕਾਰੀਆਂ ਨਾਲ਼ ਮੋਹ ਗਿਆ,
ਲੱਗਦਾ ਸਭ ਨਾਲ਼ ਵਕਤ ਦੇ ਖੋਹ ਗਿਆ,
ਵਿੱਚ ਰੁਲ਼ ਗਈ ਫੈਸ਼ਨਾਂ ਦੇ ਮੇਰੀ ਮੁਟਿਆਰ ਸੋਹਣੀ ਜਵਾਨ ਉਏ,
ਇਹ ਵੇਖ ਮੇਰਾ ਦੇਸ਼ ਪੰਜਾਬ ਵੀ ਰੋ ਪਿਆ।
ਹਾਂ ਮੈਂ ਬੋਲ ਰਹੀ ਮੁਟਿਆਰ ਪੰਜਾਬ ਦੀ,
ਵਿੱਚੋਂ ਸਾਜ਼ਾਂ ਦੇ ਸੋਹਣੇ ਸਾਜ਼ ਰਕਾਬ ਦੀ,
ਹਾਂ ਮੈਂ ਮੁੜ ਤਕਲੇ਼ ਤੇ ਤੰਦ ਪਾਉਂਣਾ ਚਾਹੁੰਦੀ ਹਾਂ,
ਮੈਂ ਰੁੱਸੇ ਮੇਰੇ ਦੇਸ਼ ਪੰਜਾਬ ਨੂੰ,
ਫਿਰ ਮਨਾਉਣਾ ਚਾਹੁੰਦੀ ਹਾਂ,
ਮੁੜ ਪਿੱਪਲ਼ ਤੇ ਪੀਂਘਾਂ ਪਾਉਣ ਦੀਆਂ ਸੱਧਰਾਂ ਨੂੰ ਪਾਲ਼ ਕੇ,
ਇਸ ਦੇ ਰੰਗ ਵਿੱਚ ਰੰਗ ਜਾਣਾ ਚਾਹੁੰਦੀ ਹਾਂ।
ਹਾਂ ਮੈਂ ਬੋਲ ਰਿਹਾ ਗੱਭਰੂ ਦੇਸ਼ ਪੰਜਾਬ ਦਾ,
ਦੁਨੀਆਂ ਵਿੱਚੋਂ ਸਭ ਤੋਂ ਸੋਹਣੇ ਦੇਸ਼ ਹਿਸਾਬ ਦਾ,
ਮੇਰੀ ਖੈਰ ਮੰਗਣ ਵਾਲਿਆਂ ਮੈਨੂੰ ਮਾਫ਼ ਕਰੀ,
ਤੂੰ ਰਹੇ ਸਦਾ ਵੱਸਦਾ,
ਮੈਂ ਦਰ ਰੱਬ ਦੇ ਤੇ ਬਸ ਇਹੀ ਫਰਿਆਦ ਧਰੀ,
ਜੋ ਮੈਂ ਇਹ ਤੋਰਿਆ ਨਸ਼ਿਆਂ ਦਾ ਦਰਿਆ,
ਸੁੱਕ ਜਾਣਾ ਇਹਨੇ ਨਾਲ਼ ਵਕਤ ਦੇ,
ਕਰਦਾ ਹਾਂ ਮੈਂ ਵਾਅਦਾ ਨਾਲ਼ ਮੇਰੇ ਦੇਸ਼ ਦੇ,
ਫਿਰ ਤੋਂ ਚਮਕੇਗਾ ਨਾਂ ਇਸ ਪੰਜਾਬੀ ਦਾ ਪੂਰੇ ਜਗਤ ਤੇ।
ਕਦੇ ਮਿਟ ਨਹੀਂ ਸਕਦਾ ਹੋਵੇ ਅਮੀਰ ਜੋ ਵਿਰਸਾ ਉਏ,
ਹੈ ਸਭ ਤੋਂ ਪਹਿਲਾਂ ਪੰਜਾਬੀ ਬਈ,
ਸਿਫ਼ਤ ਜਿਸਦੀ ਵਿੱਚ ਨਵੇਂ ਗੀਤ,
ਨਿੱਤ ਮੈਂ ਕਲਮ ਮੇਰੀ ਨਾਲ਼ ਸਿਰਜਾ ਉਏ।
ਰਹੇ ਮੇਰੀ ਰੂਹ ਅੰਦਰ ਸਦਾ ਵੱਸਦਾ,
ਵਿਰਸਾ ਮੇਰੇ ਪੰਜਾਬ ਦਾ,
ਨਾ ਕਦੇ ਭੁੱਲ ਪਾਵਾਂ ਮੈਂ,
ਲੈ ਕੇ ਜਨਮ ਉਸ ਮਾਂ ਦੀ ਕੁੱਖੋਂ ਹੀ,
ਹਰ ਵਾਰ ਇਸ ਧਰਤੀ ਤੇ ਆਵਾਂ ਮੈਂ,
ਵਾਰ-ਵਾਰ ਇਸ ਧਰਤੀ ਤੇ ਆਵਾਂ ਮੈਂ।