ਇਹ ਕੈਸੀ ਅਗਨ ਪਈ ਹੈ ਇਸ ਸ਼ਹਿਰ ਨੂੰ ? ਸੜ ਰਹੀਆਂ ਨੇ ਸਭ ਕਿਤਾਬਾਂ, ਰਾਖ਼ ਹੋ ਰਹੇ ਨੇ ਸਾਰੇ ਫਲਸਫ਼ੇ, ਕਬਰਾਂ ਚੋਂ ਕੱਢ ਕੱਢ ਕੇ ਦੁਬਾਰਾ ਫੂਕੇ ਜਾ ਰਹੇ ਨੇ ‘ਕਲਮਾਂ ਦਾ ਜਾਦੂਗਰ’ , ਭੱਠੀਆਂ ਵਿੱਚ ਮੱਚ ਰਹੇ ਨੇ ਟੁੱਟੀਆਂ ਕਲਮਾਂ ਦੇ ਭੱਥੇ ,ਇਤਿਹਾਸ ਦੇ ਮਹਾਨ ਪਾਤਰ ਤਾਂ ਪਹਿਲਾਂ ਪਹਿਲ ਹੀ ਧੂੰਏਂ ਦੇ ਵਵੰਡਰਾਂ ਚ’ ਖੋ ਗਏ,
ਕੀ ਕਿਸੇ ਕਿਤਾਬ ਦਾ ਕੋਈ ਸਫ਼ਾ ਬਚ ਪਾਏਗਾ? ਇਨ੍ਹਾਂ ‘ਸਿਰਫਿਰੀਆਂ’ ਅੱਗ ਦੀਆਂ ਲਪਟਾਂ ਕੋਲੋਂ, ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।
ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਇਹ ਸਭ ਕੁਝ ਹੋ ਰਿਹਾ ਹੈ, ਇਸ ਅਦਿੱਖ ਅੱਗ ਦਾ ਸੇਕ ਇਸ ਸ਼ਹਿਰ ਦੇ ਜਿਉਂਦੇ ਪੁਤਲਿਆਂ ਨੂੰ ਕਿਉਂ ਨੀ ਮਹਿਸੂਸ ਹੁੰਦਾ ? ਭਿਅੰਕਰ ਲਪਟਾਂ ਨੂੰ ਇਸ ਨਗਰੀ ਵੱਲ ਆਉਂਦਿਆਂ ਦੇਖ ਪੰਛੀ ਤਾਂ ਕਦੋਂ ਦੇ ਆਪਣੇ ਆਲ੍ਹਣੇ ਛੱਡ ਕੇ ਚਲੇ ਗਏ ਕਿਉਂਕਿ ਉਹ ਜਾਣਦੇ ਸਨ ਕਿ ਇਹ ਬੇਰਹਿਮ ਅਗਨ-ਆਂਧੀ ਹਰੇ ਭਰੇ ਖਜ਼ਾਨੇ ਵੀ ਸਾੜ ਸੁੱਟੇਗੀ , ਹੋਰ ਕੀ ਕਾਰਨ ਰਿਹਾ ਹੋਵੇਗਾ?
ਪਵਿੱਤਰ ਗ੍ਰੰਥਾਂ ਨੂੰ ਤਾਂ ਅਸੀਂ ਬੰਦ ਕਰਕੇ ਕਦੋਂ ਦੇ ਮੱਥੇ ਟੇਕ ਦਿੱਤੇ ਹਨ , ” ਦੇਖੇਓ, ਜੇ ਇਹਨਾਂ ਨੂੰ ਛੂਹਿਆ ਤਾਂ ਇਹ ਅਪਵਿੱਤਰ ਹੋ ਜਾਣਗੇ ” !
ਪਤਾ ਨਹੀਂ ਕਿਹੜੇ ਸ਼ੈਤਾਨਾਂ ਨੇ ਸਾਡੇ ਖਾਲੀ ਜਹਿਨਾ ਅੰਦਰ ਇਹ ਗੱਲ ਵਾੜ ਦਿੱਤੀ ? ਉਹ ਗ੍ਰੰਥ ਤਾਂ ਉਦੋਂ ਦੇ ਹੀ ਧੁਖ਼ ਰਹੇ ਹਨ, ਕਾਸ਼ ਕਿਤੇ ਜੇ ਮਹਾਨ ਪਾਕ ਪਵਿੱਤਰ ਗ੍ਰੰਥਾਂ ਨੂੰ ਇਸ ਖਿੱਤੇ ਦੇ ਲੋਕਾਂ ਨੇ ਪੜ ਕੇ ਵਿਚਾਰਿਆ ਹੁੰਦਾ ਤਾਂ ਹਾਲਤ ਤਰਸਯੋਗ ਨਾ ਹੁੰਦੀ, ਹੁਣ ਪਤਾ ਨਹੀਂ ਕੀ ਹਸ਼ਰ ਹੋਵੇਗਾ ਇਸ ਸ਼ਹਿਰ ਦਾ ?
ਇੱਕ ਗੱਲ ਤਾਂ ਤੈਅ ਹੈ ਕਿ ਇਕੱਲੇ ਅੱਗ ਲਾਉਣ ਵਾਲਿਆਂ ਦੀ ਹੀ ਰੂਹ ਸੜੀ ਬਲੀ ਨਹੀਂ ਹੈ, ਇੱਥੇ ਤਾਂ ਜਿਉਂਦੇ ਰਹਿਣ ਦੀ ਪਹਿਲੀ ਸ਼ਰਤ ਹੀ “ਆਪਣੀ ਆਤਮਾ ਦੀ ਖ਼ੁਦ ਬਲੀ ਦੇਣੀ ਹੈ” । ਤਾਂਹੀ ਇਸ ਸ਼ਹਿਰ ਚੋਂ ਇੰਨੀ ਸੜਾਦ ਬਦਬੂ ਆਉਂਦੀ ਹੈ , ਇਸੇ ਕਰਕੇ ਸਭ ਇੱਕੋ ਜਿਹੇ ਲੱਗਦੇ ਨੇ “ਬੇ-ਰੂਹੇ” , ਕਿਉਂਕਿ ਜ਼ਮੀਰਾਂ ਵਾਲਿਆਂ, ਰੂਹਾਂ ਵਾਲਿਆਂ ਨੂੰ ਸੂਲੀ ਇਸ ਨਗਰੀ ਦੇ ਸੰਵਿਧਾਨ ਵਿੱਚ ਵਿਸ਼ੇਸ਼ ਤੌਰ ਤੇ ਅੰਕਿਤ ਹੈ, ਤੇ ਪੁਰਾਣਾ ਦਸਤੂਰ ਵੀ ਹੈ ।
ਹਾਲ ਦੀ ਘੜੀ ਜਾਂ ਭਵਿੱਖ ਵਿੱਚ, ਕੀ ਇਸ ਸ਼ਹਿਰ ਦੇ ਕਿਸੇ ਬਸ਼ਿੰਦੇ ਦੀ ਜ਼ਮੀਰ ਜਾਗ ਸਕੇਗੀ?
ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।
-ਗੁਰਪ੍ਰੀਤ ਸਿੰਘ