ਸਿੱਖ ਸ਼ਰਧਾਲੂਆਂ ਦਾ ਜਥਾ ਵਾਹਗਾ ਵਿਖੇ ਫਸਿਆ
ਲਾਹੌਰ, 13 ਅਪ੍ਰੈਲ – ਕੱਟੜਪੰਥੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐਲ ਪੀ) ਪਾਰਟੀ ਦੇ ਮੁਖੀ ਸਾਦ ਹੁਸੈਨ ਰਿਜ਼ਵੀ ਨੂੰ ਕੱਲ੍ਹ ਓਦੋਂ ਲਾਹੌਰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਦੋਂ ਮੁਲਕਾਤ ਰੋਡ ਦੀ ਜਾਮੀਆ ਮਸਜਿਦ ਰਹਿਮਤ ਉਲ ਅਲਾਮਿਨ ਵਿੱਚ ਨਮਾਜ਼ ਅਦਾ ਕਰ ਕੇ ਆਪਣੇ ਸਾਥੀਆਂ ਨਾਲ ਕਿਸੇ ਨਿੱਜੀ ਕੰਮ ਲਈ ਜਾ ਰਿਹਾ ਸੀ। ਪੁਲਸ ਨੇ ਉਸ ਨੂੰ ਗ਼੍ਰਿਫ਼ਤਾਰ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ, ਪਰ ਮੰਨਿਆ ਜਾ ਰਿਹਾ ਹੈ ਕਿ ਟੀ ਐਲ ਪੀ ਆਗੂ ਨੇ 20 ਅਪ੍ਰੈਲ ਨੂੰ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਇੱਕ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ।
ਰਿਜ਼ਵੀ ਦੀ ਗ਼੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਵਿੱਚ ਹਾਲਾਤ ਤਣਾਅ ਪੂਰਨ ਹੋ ਗਏ ਤੇ ਕਈ ਜਗ੍ਹਾ ਦੰਗੇ ਭੜਕ ਗਏ ਹਨ, ਜਿਸ ਕਾਰਨ ਵਿਸਾਖੀ ਮੌਕੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ ਵਾਹਗਾ ਪਹੁੰਚਿਆ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਦੇਰ ਰਾਤ ਤੱਕ ਉਥੇ ਫਸਿਆ ਰਿਹਾ। ਇਸ ਦੀ ਪੁਸ਼ਟੀ ਕਰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਦੇ ਲਈ ਉਨ੍ਹਾਂ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਜਾਂ ਸ੍ਰੀ ਨਨਕਾਣਾ ਸਾਹਿਬ ਲੈ ਕੇ ਜਾਣਾ ਸੰਭਵ ਨਹੀਂ। ਇਹ ਵੀ ਪਤਾ ਲੱਗਾ ਹੈ ਕਿ ਜਥੇ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਤੱਕ ਪੁਚਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ਰੇਂਜਰਜ਼ ਨੂੰ ਸੌਂਪੀ ਗਈ ਹੈ। ਪਾਕਿ ਰੇਲਵੇ ਮੰਤਰਾਲੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸ਼ਰਧਾਲੂਆਂ ਨੂੰ ਵਾਹਗਾ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਸੁਰੱਖਿਅਤ ਹਸਨ ਅਬਦਾਲ ਲਿਜਾਇਆ ਜਾ ਸਕੇ, ਪਰ ਰੇਲ ਸੇਵਾ ਬੰਦ ਹੋਣ ਕਰਕੇ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਗੈਰ ਇਹ ਵੀ ਸੰਭਵ ਨਹੀਂ। ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਉੱਤੇ ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨਾਲ ਸਰਕਾਰੀ ਅਧਿਕਾਰੀਆਂ ਦੀ ਗੱਲਬਾਤ ਚੱਲ ਰਹੀ ਹੈ।
ਟੀ ਐਲ ਪੀ ਦੇ ਨਾਇਬ ਅਮੀਰ ਸੱਯਦ ਜ਼ਹੀਰੂਲ ਹਸਨ ਸ਼ਾਹ ਨੇ ਕਿਹਾ ਕਿ ਸਰਕਾਰ ਨਮੂਸ-ਏ-ਨਿਸਾਲਤ ਬਾਰੇ ਸੰਗਠਨ ਨਾਲ ਕੀਤੇ ਸਮਝੌਤੇ ਤੋਂ ਪੂਰੀ ਤਰ੍ਹਾਂ ਭਟਕ ਗਈ ਹੈ ਅਤੇ ਰਿਜ਼ਵੀ ਦੀ ਗ਼੍ਰਿਫ਼ਤਾਰੀ ਲਈ ਸਰਕਾਰ ਨੇ ਗੁੰਡਾਗਰਦੀ ਦਾ ਸਹਾਰਾ ਲਿਆ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਟੀ ਐਲ ਪੀ ਦੇ ਮੁਖੀ ਨੂੰ ਗ੍ਰਿਫਤਾਰ ਕਰ ਕੇ ਗੁਲਸ਼ਨ-ਏ-ਰਾਵੀ ਪੁਲਸ ਥਾਣੇ ਰੱਖਿਆ ਗਿਆ ਹੈ। ਦੱਸਿਆ ਗਿਆ ਹੈ ਕਿ ਕਰਾਚੀ, ਲਾਹੌਰ, ਰਾਵਲਪਿੰਡੀ, ਇਸਲਾਮਾਬਾਦ ਅਤੇ ਮੁਲਤਾਨ ਸਮੇਤ ਲਹਿੰਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚਾਲੇ ਸੜਕ ਸੰਪਰਕ ਟੁੱਟ ਚੁੱਕਿਆ ਹੈ ਅਤੇ ਪ੍ਰਦਰਸ਼ਨਕਾਰੀਆਂ ਤੇ ਪੁਲਸ ਦੀਆਂ ਝੜਪਾਂ ਵਿੱਚ ਪੱਥਰਬਾਜ਼ੀ ਅਤੇ ਅੱਥਰੂ ਗੈਸ ਗੋਲਿਆਂ ਦਾ ਸਹਾਰਾ ਲਿਆ ਗਿਆ ਹੈ, ਜਿਸ ਨਾਲ ਸੈਂਕੜੇ ਪੁਲਸ ਕਰਮਚਾਰੀ ਤੇ ਪ੍ਰਦਰਸ਼ਨਕਾਰੀ ਗੰਭੀਰ ਜ਼ਖ਼ਮੀ ਵੀ ਹੋਏ ਹਨ।
ਇਸ ਤੋਂ ਪਹਿਲਾਂ ਵਿਸਾਖੀ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਦੇ ਲਈ ਗਏ ਭਾਰਤੀ ਸਿੱਖ ਜਥੇ ਦਾ ਵਾਹਗਾ ਸਰਹੱਦ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸੈਕਟਰੀ ਤਾਰਿਕ ਖ਼ਾਨ ਵਜ਼ੀਰ, ਡਿਪਟੀ ਸੈਕਟਰੀ ਇਮਰਾਨ ਗੌਂਦਲ ਅਤੇ ਹੋਰਨਾਂ ਨੇ ਗੁਲਾਬ ਦੇ ਫੁੱਲਾਂ ਨਾਲ ਸਵਾਗਤ ਕੀਤਾ।
ਓਧਰ ਜਾਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿੱਚ ਭੇਜਿਾ ਗਿਆ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ ਕਰ ਰਹੇ ਹਨ, ਜਦ ਕਿ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ ਅਤੇ ਅਮਰਜੀਤ ਸਿੰਘ ਭਲਾਈਪੁਰ ਨੂੰ ਜਥੇ ਦੇ ਉਪ ਆਗੂ ਬਣਾਇਆ ਗਿਆ ਹੈ। ਜਥੇ ਵਿੱਚ ਮੈਂਬਰ ਬਲਵਿੰਦਰ ਸਿੰਘ ਵੇਈਂਪੁਈਂ ਅਤੇ ਬੀਬੀ ਜੋਗਿੰਦਰ ਕੌਰ ਦੇ ਨਾਲ ਜਨਰਲ ਪ੍ਰਬੰਧਕ ਵਜੋਂ ਗੁਰਚਰਨ ਸਿੰਘ ਕੋਹਾਲਾ ਵੀ ਸ਼ਾਮਲ ਹਨ।