ਨਵੀਂ ਦਿੱਲੀ, 24 ਦਸੰਬਰ – ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਖਾੜਕੂ ਗੁਰਜੀਤ ਸਿੰਘ ਨਿੱਝਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ, ਜੋ 2017 ਵਿੱਚ ਫਰਾਰ ਹੋ ਕੇ ਯੂਰਪ ਚਲਾ ਗਿਆ ਸੀ ਅਤੇ ਇਸ ਸਮੇਂ ਸਾਈਪ੍ਰਸ ਵਿੱਚ ਰਹਿ ਰਿਹਾ ਸੀ ਅਤੇ ਉਥੋਂ ਉਸ ਨੂੰ ਡਿਪੋਰਟ ਕੀਤਾ ਗਿਆ ਹੈ।
ਇਸ ਸੰਬੰਧ ਵਿੱਚ ਐਨ ਆਈ ਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਿੱਝਰ ਮਹਾਰਾਸ਼ਟਰ ਦੇ ਪੁਣੇ ‘ਚ ਇੱਕ ਅਪਰਾਧਕ ਕੇਸ ਵਿੱਚ ਸ਼ਾਮਲ ਸੀ ਤੇ ਇਸ ਸਬੰਧੀ ਐਨ ਆਈ ਏ ਨੇ ਹੋਰਨਾਂ ਦੋਸ਼ੀਆਂ ਨਾਲ ਨਿੱਝਰ ਦੇ ਖਿਲਾਫ ਵੀ ਅਦਾਲਤ ‘ਚ ਦੋਸ਼ ਪੱਤਰ ਦਾਖਲ ਕੀਤਾ ਸੀ। ਮਾਮਲੇ ਮੁਤਾਬਕ ਗੁਰਜੀਤ ਸਿੰਘ ਨਿੱਝਰ, ਹਰਪਾਲ ਸਿੰਘ ਅਤੇ ਮੋਇਨ ਖਾਨ ਸੋਸ਼ਲ ਮੀਡੀਆ ‘ਤੇ ਸਰਗਰਮ ਸਨ ਅਤੇ ਖਾਲਿਸਤਾਨ ਦੀ ਮੰਗ ਬਾਰੇ ਇਨ੍ਹਾਂ ਨੇ ਅਪਰਾਧਕ ਸਾਜ਼ਿਸ਼ ਰਚੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਹਰਪਾਲ ਸਿੰਘ ਅਤੇ ਮੋਇਨ ਖਾਨ ਨੇ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਸਨ। ਇਸ ਦੇ ਨਾਲ ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੀ ਵਿਚਾਰਧਾਰਾ ਨਾਲ ਜੋੜਨ ਲਈ ਸਾਲ 1984 ਦੇ ਅਪਰੇਸ਼ਨ ਬਲਿਊ ਸਟਾਰ ਦੀਆਂ ਤਸਵੀਰਾਂ ਅਤੇ ਵੀਡੀਓ ਅਤੇ ਬੱਬਰ ਖਾਲਸਾ ਨਾਲ ਸਬੰਧਤ ਪੋਸਟ ਵੀ ਸੋਸ਼ਲ ਮੀਡੀਆ ‘ਤੇ ਪਾਈਆਂ। ਮੋਇਨ ਖਾਨ 2013 ਤੋਂ 2016 ਤੱਕ ਤਿਹਾੜ ਜੇਲ੍ਹ ਵਿੱਚ ਬੰਦ ਸੀ ਅਤੇ ਇਸ ਦੌਰਾਨ ਉਸ ਨੇ ਜਗਤਾਰ ਸਿੰਘ ਹਵਾਰਾ ਨਾਲ ਸੰਪਰਕ ਬਣਾ ਕੇ ਉਸ ਨਾਲ ਕੰਮ ਕਰਨ ਦੀ ਇੱਛਾ ਪ੍ਰਗਟਾਈ ਅਤੇ ਆਪਣੇ ਫੇਸਬੁਕ ਅਕਾਊਂਟ ਤੋਂ ਖਾਲਿਸਤਾਨ ਜ਼ਿੰਦਾਬਾਦ ਨਾਂਅ ਦੀ ਆਈ ਡੀ ਤੋਂ ਫਰੈਂਡ ਰਿਕਵੈਸਟ ਭੇਜੀ ਸੀ। ਇਸੇ ਫੇਸਬੁਕ ਅਕਾਊਂਟ ਨਾਲ ਜੁੜ ਕੇ ਮੋਇਨ ਖਾਨ, ਹਰਪਾਲ ਸਿੰਘ ਤੇ ਗੁਰਜੀਤ ਸਿੰਘ ਨਿੱਝਰ ਦੇ ਸੰਪਰਕ ਵਿੱਚ ਸੀ। ਦੋਸ਼ ਲਾਇਆ ਗਿਆ ਹੈ ਕਿ ਗੁਰਜੀਤ ਸਿੰਘ ਨੇ ਮੋਇਨ ਖਾਨ ਨੂੰ ਭਾਰਤ ‘ਚ ਮੁਸਲਮਾਨਾਂ ਅਤੇ ਸਿੱਖਾਂ ‘ਤੇ ਹੋਏ ਅਤਿਆਚਾਰਾਂ ਸਬੰਧੀ ਚਰਚਾ ਅਤੇ ਖਾਲਿਸਤਾਨ ਲਈ ਪ੍ਰੇਰਿਤ ਕੀਤਾ। ਇਸੇ ਤਹਿਤ ਗੁਰਜੀਤ ਸਿੰਘ ਨਿੱਝਰ ਨੇ 2018 ਵਿੱਚ ਮੋਇਨ ਖਾਨ ਨੂੰ ਹਥਿਆਰ ਤੇ ਗੋਲਾ ਬਾਰੂਦ ਖਰੀਦਣ ਦੇ ਨਿਰਦੇਸ਼ ਦਿੱਤੇ ਅਤੇ ਸਾਜ਼ਿਸ ਸਿਰੇ ਚਾੜ੍ਹਨ ਲਈ ਕਿਹਾ। 23 ਮਈ 2019 ਨੂੰ ਐਨ ਆਈ ਏ ਨੇ ਗੁਰਜੀਤ ਸਿੰਘ ਨਿੱਝਰ, ਹਰਪਾਲ ਸਿੰਘ, ਮੋਇਨ ਖਾਨ ਅਤੇ ਸੁੰਦਰ ਲਾਲ ਪਰਾਸ਼ਰ ਖਿਲਾਫ ਦੋਸ਼ ਪੱਤਰ ਦਾਖਲ ਕੀਤਾ ਸੀ, ਜਿਸ ਦੇ ਬਾਅਦ ਨਿੱਝਰ ਖਿਲਾਫ ਲੁਕ ਆਊਟ ਸਰਕੂਲਰ ਜਾਰੀ ਕੀਤਾ ਸੀ ਅਤੇ ਇਸ ਦੇ ਤਹਿਤ ਉਸ ਨੂੰ ਸਾਈਪ੍ਰਸ ਤੋਂ ਵਾਪਸੀ ਦੇ ਬਾਅਦ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।