Man di Shararat
Connect with us [email protected]

ਮਿੰਨੀ ਕਹਾਣੀਆਂ

ਮਨ ਦੀ ਸ਼ਰਾਰਤ – ਹਰਜੀਤ ਸਿੰਘ ਸਿੱਧੂ

Published

on

short story

ਘਰ ਦੀ ਅਲਮਾਰੀ ਵਿੱਚ ਟੰਗਿਆ ਐਗਫਾ ਕੰਪਨੀ ਦਾ ਪੁਰਾਣਾ ਕੈਮਰਾ ਉਸ ਨੂੰ ਭੈੜਾ ਅਤੇ ਫਜ਼ੂਲ ਜਿਹਾ ਲੱਗਣ ਲੱਗ ਪੈਂਦਾ। ਆਪਣੇ ਵਿਆਹ ਤੋਂ ਪਿੱਛੋਂ ਦੀਆਂ ਆਪਣੀਆਂ ਅਤੇ ਆਪਣੇ ਬੱਚਿਆਂ ਦੇ ਬਚਪਨ ਦੀਆਂ ਅਣਗਿਣਤ ਯਾਦਾਂ ਨੂੰ ਇਸੇ ਕੈਮਰੇ ਦੀ ਮਦਦ ਨਾਲ ਉਸ ਨੇ ਫੋਟੋ ਦੇ ਰੂਪ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ। ਨਵੀਆਂ ਤਕਨੀਕਾਂ ਵਾਲੇ ਕਈ ਕੈਮਰੇ ਉਸ ਕੋਲ ਪਏ ਸਨ। ਵੱਖ-ਵੱਖ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਸਾਧਾਰਨ ਕੈਮਰੇ ਜਾਂ ਮਨੁੱਖੀ ਅੱਖ ਦੀ ਬਣਤਰ ਸਮਝਾਉਂਦੇ ਹੋਏ ਉਸ ਨੂੰ ਸਾਧਾਰਨ ਕੈਮਰੇ ਦੇ ਮਾਡਲ ਦੀ ਜ਼ਰੂਰਤ ਮਹਿਸੂਸ ਹੁੰਦੀ, ਜੋ ਉਨ੍ਹਾਂ ਦੀ ਲੈਬ ਵਿੱਚ ਉਪਲਬਧ ਨਹੀਂ ਸੀ ਅਤੇ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਮਾਡਲ ਮਾਰਕੀਟ ਵਿੱਚੋਂ ਮਿਲਿਆ ਨਹੀਂ ਸੀ।
ਮਨ ਰੂਪੀ ਸ਼ੈਤਾਨ ਅਨੇਕਾਂ ਵਾਰ ਉਸ ਦੇ ਚੂੰਡੀਆਂ ਵੱਢਦਾ ਕਿ ਲੈਬ ਦੇ ਸਾਮਾਨ ਦੀ ਖਰੀਦ ਕਰਨ ਵਾਲਾ ਉਹ ਖੁਦ ਹੀ ਹੈ। ਇੱਕ ਸੌ ਰੁਪਏ ਨੂੰ ਖਰੀਦੇ, ਘਰ ਪਏ ਪੁਰਾਣੇ ਕੈਮਰੇ ਨੂੰ ਸਕੂਲ ਦੀ ਲੈਬ ਵਿੱਚ ਲੈ ਆਵੇ ਅਤੇ ਕਿਸੇ ਸਪਲਾਇਰ ਤੋਂ ਹਜ਼ਾਰ ਬਾਰ੍ਹਾਂ ਸੌ ਦਾ ਬਿੱਲ ਬਣਵਾ ਲਵੇ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਦਿਖਾਉਣ ਲਈ ਕੈਮਰੇ ਦਾ ਮਾਡਲ ਵੀ ਉਸ ਨੂੰ ਮਿਲ ਜਾਵੇਗਾ ਤੇ ਜੇਬ ਵਿੱਚ ਹਜ਼ਾਰ ਰੁਪਏ ਵੀ ਆ ਜਾਣਗੇ। ਮਨ ਦੇ ਕੋਝੇ ਖਿਆਲਾਂ ਦੀ ਇਹ ਖੇਡ ਕਈ ਸਾਲ ਚਲਦੀ ਰਹੀ। ਮਾਂ ਬਾਪ ਅਤੇ ਅਧਿਆਪਕਾਂ ਤੋਂ ਮਿਲੀ ਇਮਾਨਦਾਰੀ ਦੀ ਸਿਖਿਆ ਅੱਗੇ ਉਸ ਦੇ ਮਨ ਅੰਦਰਲੇ ਸ਼ੈਤਾਨ ਨੂੰ ਹਰ ਵਾਰ ਹਾਰਨਾ ਪੈਂਦਾ। ਉਹ ਸੋਚਦਾ ਸੀ ਕਿ ਇਸ ਸਰਕਾਰੀ ਸੇਵਾ ਬਦਲੇ ਸਾਲ ਵਿੱਚ ਮਿਲਦੇ ਲੱਖਾਂ ਰੁਪੱਈਆਂ ਨਾਲ ਜੇ ਉਸ ਦਾ ਢਿੱਡ ਨਹੀਂ ਭਰਿਆ ਤਾਂ ਬੇਈਮਾਨੀ ਦੇ ਹਜ਼ਾਰ ਬਾਰ੍ਹਾਂ ਸੌ ਨਾਲ ਕਿਵੇਂ ਭਰੇਗਾ।
ਅੱਜ ਉਸ ਦੀ ਸੇਵਾ ਮੁਕਤੀ ਸਮੇਂ ਵੱਖ-ਵੱਖ ਬੁਲਾਰਿਆਂ ਵੱਲੋਂ ਅਨੇਕਾਂ ਪੱਖਾ ਤੋਂ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਸੀ, ਪਰ ਉਸ ਨੂੰ ਆਪਣੀ ਇੱਕੋ ਪ੍ਰਾਪਤੀ ਵੱਡੀ ਲੱਗਦੀ ਸੀ ਕਿ ਇਸ ਸਕੂਲ ਵਿੱਚ ਆਪਣੀ ਸਮੁੱਚੀ ਠਹਿਰ ਦੌਰਾਨ ਉਹ ਆਪਣੇ ਮਨ ਦੇ ਝਾਂਸੇ ਵਿੱਚ ਨਹੀਂ ਆਇਆ ਅਤੇ ਆਪਣੇ ਦਾਮਨ ਨੂੰ ਬੇਈਮਾਨੀ ਦੇ ਦਾਗ ਤੋਂ ਬਚਾਈ ਰੱਖਿਆ।

Continue Reading
Click to comment

Leave a Reply

Your email address will not be published. Required fields are marked *

ਮਿੰਨੀ ਕਹਾਣੀਆਂ

ਚਪੇੜ – ਭਾਰਤ ਭੂਸ਼ਣ ਅੱਪੂ

Published

on

short story

ਤੇਜ਼ੀ ਨਾਲ ਦੌੜਦੀ ਹੋਈ ਬਸ ਇੱਕ ਬਸ ਅੱਡੇ ‘ਤੇ ਰੁਕੀ। ਇੱਕ ਬਜ਼ੁਰਗ ਔਰਤ ਬਸ ਵਿੱਚ ਚੜ੍ਹੀ। ਉਸ ਨੇ ਸੀਟ ਲਈ ਚਾਰੇ ਪਾਸੇ ਦੇਖਿਆ। ਸਾਰੀਆਂ ਸਵਾਰੀਆਂ ਨੇ ਅੱਖਾਂ ਨੀਵੀਆਂ ਕਰ ਲਈਆਂ। ਬਜ਼ੁਰਗ ਔਰਤ ਬੇਆਸ ਹੋ ਕੇ ਬਸ ਦੇ ਫਰਸ਼ ਉਤੇ ਹੀ ਬੈਠ ਗਈ।
ਅਗਲੇ ਬਸ ਅੱਡੇ ‘ਤੇ ਬਸ ਫਿਰ ਰੁਕੀ। ਕੁਝ ਸਵਾਰੀਆਂ ਅਤੇ ਇੱਕ ਕਾਲਜੀਏਟ ਕੁੜੀ ਬਸ ਵਿੱਚ ਚੜ੍ਹੀਆਂ। ਇਸ ਵਾਰ ਸਾਰੇ ਜਣੇ ਉਪਰ ਦੇਖਣ ਲੱਗੇ। ”ਲੜਕੀ ਨੂੰ ਬਿਠਾ ਲਵੋ ਭਾਈ”, ਅੱਧਖੜ ਉਮਰ ਦਾ ਇੱਕ ਵਿਅਕਤੀ ਨਾਲ ਦਿਆਂ ਨੂੰ ਬੋਲਿਆ ਅਤੇ ਸਾਰਿਆਂ ਨੇ ਪਾਸਾ ਮਾਰ ਕੇ ਉਸ ਕੁੜੀ ਦੇ ਬੈਠਣ ਜੋਗੀ ਥਾਂ ਬਣਾ ਦਿੱਤੀ।
ਉਸ ਕੁੜੀ ਨੇ ਖੁਦ ਬੈਠਣ ਦੀ ਥਾਂ ਉਸ ਬਜ਼ੁਰਗ ਔਰਤ ਨੂੰ ਮੋਢਿਆਂ ਤੋਂ ਫੜ ਫਰਸ਼ ਤੋਂ ਉਠਾ ਕੇ ਸੀਟ ‘ਤੇ ਬਿਠਾ ਦਿੱਤਾ। ਸਾਰਿਆਂ ਨੇ ਅੱਖਾਂ ਫੇਰ ਨੀਵੀਆਂ ਕਰ ਲਈਆਂ। ਲੱਗਿਆਂ ਜਿਵੇਂ ਉਸ ਲੜਕੀ ਨੇ ਸਾਰਿਆਂ ਦੇ ਮੂੰਹ ‘ਤੇ ਇੱਕ ਇੱਕ ਕਰਾਰੀ ਜਿਹੀ ਚਪੇੜ ਜੜ ਦਿੱਤੀ ਹੋਵੇ।

Continue Reading

ਮਿੰਨੀ ਕਹਾਣੀਆਂ

ਆਪਣੀ ਬੋਲੀ – ਹਰਭਿੰਦਰ ਸੰਧੂ

Published

on

short story

ਕਾਂ ਆਪਣੇ ਤਰੀਕੇ ਨਾਲ ਜਿਊਣਾ ਚਾਹੁੰਦਾ ਸੀ ਤੇ ਉਸ ਦਾ ਕਬੀਲਾ ਆਪਣੀ ਮਰਿਆਦਾ ਨਾਲ। ਰੋਜ਼ ਰੋਜ਼ ਦੇ ਕਲੇਸ਼ ਕਾਰਨ ਕਾਂ ਪੰਜਾਬ ਛੱਡ ਵੇਖ-ਵੱਖ ਦੇਸ਼ਾਂ ਵਿੱਚ ਘੁੰਮਦਾ ਹੋਇਆ ਬਹੁਤ ਦੂਰ ਨਿਕਲ ਗਿਆ। ਬੇਸ਼ੱਕ ਨਵੀਂ ਥਾਂ ਜਾ ਕੇ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਫਿਰ ਵੀ ਜਦੋਂ ਉਹ ਮਸਤੀ ਦੇ ਰੌਂਅ ਵਿੱਚ ਹੁੰਦਾ, ਉਦੋਂ ਆਪਣੀ ਬੋਲੀ ਵਿੱਚ ਉਚੀ ਉਚੀ ਗੀਤ ਗਾਉਂਦਾ। ਅੱਜ ਵੀ ਜਦੋਂ ਉਹ ਇੱਕ ਰੁੱਖ ‘ਤੇ ਬੈਠਾ ਗੀਤ ਗਾ ਰਿਹਾ ਸੀ ਤਾਂ ਉਸੇ ਰੁੱਖ ਦੀ ਚੋਟੀ ‘ਤੇ ਬੈਠੀ ਇੱਕ ਇੱਲ ਨੇ ਕਿਹਾ, ”ਕਿਉਂ ਸਿਰ ਖਾਂਦਾ ਪਿਆ ਏਂ, ਹੌਲੀ ਬੋਲ ਖਾਂ।”
ਪੰਜਾਬੀ ਬੋਲੀ ਵਿੱਚ ਆਈ ਇਸ ਆਵਾਜ਼ ਨੇ ਉਸ ਨੂੰ ਚੌਕੰਨਾ ਕਰ ਦਿੱਤਾ। ਉਸ ਉਪਰ ਦੇਖਿਆ ਤੇ ਝੱਟ ਉੱਡ ਕੇ ਇੱਲ ਕੋਲ ਜਾ ਬੈਠਾ ਤੇ ਉਸ ਨੂੰ ਪੁੱਛਣ ਲੱਗਾ, ”ਬਾਕੀ ਗੱਲਾਂ ਬਾਅਦ ਵਿੱਚ। ਪਹਿਲਾਂ ਇਹ ਦੱਸ ਕਿ ਤੂੰ ਪੰਜਾਬੀ ਕਿਥੋਂ ਸਿੱਖੀ ਏ ?” ਇੱਲ ਨੇ ਆਪਣੀ ਗੱਲ ਸ਼ੁਰੂ ਕੀਤੀ ਕਿ ਕਿਵੇਂ ਉਹ ਛੋਟੀ ਜਿਹੀ ਸੀ, ਜਦੋਂ ਪੰਜਾਬ ਵਿੱਚ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਬੈਠੇ ਉਸ ਦੇ ਪਿਤਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਥੋੜ੍ਹੇ ਦਿਨ ਬਾਅਦ ਮੇਰੀ ਮਾਂ ਪੰਜਾਬ ਛੱਡ ਮੈਨੂੰ ਏਥੇ ਲੈ ਆਈ। ਫਿਰ ਮਾਂ ਵੀ ਜਹਾਨ ਤੋਂ ਤੁਰ ਗਈ ਏ, ਪਰ ਉਸ ਵੱਲੋਂ ਸਿਖਾਈ ਪੰਜਾਬੀ ਬੋਲੀ ਨਹੀਂ ਭੁੱਲੀ। ਸਾਡੀ ਪੀੜ੍ਹੀ ਵਿੱਚੋਂ ਮੈਂ ਹੀ ਆਖਰੀ ਹਾਂ, ਜਿਸ ਨੂੰ ਪੰਜਾਬੀ ਆਉਂਦੀ ਏ।’
ਉਸੇ ਵੇਲੇ ਉਥੇਂ ਕਾਵਾਂ ਦੇ ਇੱਕ ਵੱਡੇ ਝੁੰਡ ਨੇ ਆਣ ਕਾਵਾਂਰੌਲੀ ਪਾਈ। ਇੱਲ ਉਡਾਰੀ ਮਾਰ ਨੇੜੇ ਆਪਣੇ ਆਲ੍ਹਣੇ ਜਾ ਬੈਠੀ। ਕਾਂ ਡੌਰ ਭੌਰ ਹੋਇਆ ਕਦੇ ਆਲ੍ਹਣੇ ਬੈਠੀ ਇੱਲ ਵੱਲ ਦੇਖ ਰਿਹਾ ਸੀ ਤੇ ਕਦੇ ਕਾਵਾਂਰੌਲੀ ਪਾਉਂਦੇ ਕਾਵਾਂ ਦੇ ਝੁੰਡ ਵੱਲ।

Continue Reading

ਮਿੰਨੀ ਕਹਾਣੀਆਂ

ਗੁੱਡੀ ਤੇ ਗੀਟੇ – ਬਲਰਾਜ ਸਰਾਂ

Published

on

short story

ਰੋਜ਼ ਵਾਂਗ ਅੱਜ ਫਿਰ ਗੁੱਡੀ ਸਾਰੀ ਛੁੱਟੀ ਤੋਂ ਪਹਿਲਾਂ ਆਪਣੇ ਗੀਟੇ, ਆਪਣੀ ਮਰ ਚੁੱਕੀ ਮਾਂ ਦੀ ਫੋਟੋ, ਚੂੜੀਆਂ, ਸੁਰਖੀ, ਬਿੰਦੀ ਆਦਿ ਇੱਕ ਲਿਫਾਫੇ ਵਿੱਚ ਚੰਗੀ ਤਰ੍ਹਾਂ ਲਪੇਟ ਕੇ ਇੱਟਾਂ ਦੇ ਢੇਰ ਵਿੱਚ ਲੁਕੋ ਕੇ ਨਾ ਚਾਹੁੰਦਿਆਂ ਵੀ ਦੂਜੀ ਦੁਨੀਆ (ਘਰ) ਜਾਣ ਲਈ ਤਿਆਰ ਸੀ। ਗੁੱਡੀ, ਜਿਸ ਦਾ ਮਾਂ ਨੇ ਨਾਂਅ ਭਾਵੇਂ ਚਾਅ ਨਾਲ ਮਨਪ੍ਰੀਤ ਰੱਖਿਆ ਸੀ, ਪਰ ਘਰ-ਬਾਹਰ ਸਾਰੇ ਉਸ ਨੂੰ ਮਾੜੀ ਕਹਿ ਕੇ ਪੁਕਾਰਦੇ ਸਨ। ਉਪਰੋਂ ਕਿਸਮਤ ਦੀ ਵੀ ਅਜਿਹੀ ਮਾੜੀ ਨਿਕਲੀ ਕਿ ਬਚਪਨ ‘ਚ ਮਾਂ ਦੀ ਮੌਤ ਤੋਂ ਬਾਅਦ ਮਤਰੇਈ ਮਾਂ ਦੇ ਜ਼ੁਲਮ, ਪਿਤਾ ਦੀ ਅਣਦੇਖੀ ਅਤੇ ਨਸ਼ੇ ਅਤੇ ਅਤਿ ਦੀ ਗਰੀਬੀ ਨੇ ਉਸ ਨੂੰ ਅਜਿਹਾ ਕਠੋਰ ਬਣਾ ਦਿੱਤਾ ਕਿ ਉਹਦਾ ਕਿਸੇ ਨਾਲ ਜ਼ਿਆਦਾ ਮੇਲ-ਜੋਲ ਨਹੀਂ ਸੀ। ਸਕੂਲ ਵੀ ਉਹਦੇ ਲਈ ਸਿਰਫ ਰੱਜ ਕੇ ਖਾਣ ਅਤੇ ਗੀਟਿਆਂ ਨਾਲ ਖੇਡਣ ਜਾਂ ਮਾਂ ਦੀਆਂ ਯਾਦਾਂ ਨਿਹਾਰਨ ਦੀ ਥਾਂ ਸੀ ਕਿਉਂਕਿ ਘਰੇ ਉਹਨੂੰ ਇਹ ਸਭ ਨਸੀਬ ਨਹੀਂ ਸੀ ਹੁੰਦਾ। ਭਾਵੇਂ ਅਧਿਆਪਕਾਂ ਨੇ ਪਿਆਰ ਦੁਲਾਰ ਦਿੰਦਿਆਂ ਹੀਣ ਭਾਵਨਾ ਤੋਂ ਬਚਾਉਣ ਲਈ ਉਹਦਾ ਨਾਂਅ ਮਾੜੀ ਤੋਂ ਗੁੱਡੀ ਰੱਖਿਆ, ਪਰ ਉਹਨੂੰ ਪ੍ਰਵਾਹ ਨਹੀਂ ਸੀ ਕਿ ਉਹਨੂੰ ਕੋਈ ਬੁਲਾਵੇ ਵੀ ਜਾਂ ਕਿਹੜੇ ਨਾਂਅ ਨਾਲ ਬੁਲਾਵੇ।
ਗੁੱਡੀ ਦਾ ਤਾਂ ਆਪਣਾ ਹੀ ਸੰਸਾਰ ਸੀ। ਪੜ੍ਹਾਈ ਵਿੱਚ ਉਹਦਾ ਮਨ ਨਹੀਂ ਸੀ ਲੱਗਦਾ, ਪਰ ਅਧਿਆਪਕਾਂ ਦੀਆਂ ਗ੍ਰਹਿਆਂ, ਸੂਰਜ, ਚੰਨ, ਤਾਰਿਆਂ ਦੀਆਂ ਗੱਲਾਂ ਸੁਣਨੀਆਂ ਬਹੁਤ ਵਧੀਆਂ ਲੱਗਦੀਆਂ। ਉਹਨੂੰ ਲੱਗਦਾ ਜਿਵੇਂ ਅਧਿਆਪਕ ਮੋਈ ਮਾਂ ਦੇ ਅਲੌਕਿਕ ਦੇਸ਼ ਦੀਆਂ ਕਹਾਣੀਆਂ ਸੁਣਾ ਰਹੇ ਹੋਣ। ਜਮਾਤ ਵਿੱਚ ਕਿਸੇ ਬੱਚੇ ਨਾਲ ਬੈਠਣਾ ਜਾਂ ਹੱਸਣਾ-ਖੇਡਣਾ ਗੁੱਡੀ ਨੂੰ ਉਕਾ ਹੀ ਚੰਗਾ ਨਾ ਲੱਗਦਾ। ਉਹ ਤਾਂ ਆਖਰੀ ਬੈਂਚ ‘ਤੇ ਬੈਠ ਆਪਣੀ ਦੁਨੀਆਂ ਦਾ ਸਦਾ ਆਨੰਦ ਮਾਨਣਾ ਲੋਚਦੀ ਰਹਿੰਦੀ ਕਿ ਕਦੋਂ ਅੱਧੀ ਛੁੱਟੀ ਹੋਵੇ ਜਾਂ ਜਮਾਤ ਖਾਲੀ ਹੋਵੇ ਅਤੇ ਉਹ ਗੀਟੇ ਖੇਡਦੀ-ਖੇਡਦੀ ਮਾਂ ਕੋਲ ਪਹੁੰਚ ਜਾਵੇ। ਉਹੀ ਗੀਟੇ, ਜਿਹੜੇ ਉਹਦੀ ਮਾਂ ਮਰਨ ਤੋਂ ਪਹਿਲਾਂ ਗੁੱਡੀ ਨਾਲ ਖੇਡਦੀ ਹੁੰਦੀ ਸੀ।
ਗੁੱਡੀ ਸਵੇਰੇ ਸਕੂਲ ਆ ਕੇ ਦੱਬੇ ਪੈਰੀਂ ਆਪਣੀ ਜਮਾਤ ਦੇ ਪਿਛਲੇ ਪਾਸੇ ਇੱਟਾਂ ਦੇ ਢੇਰ ‘ਚ ਲੁਕਾਏ ਆਪਣੇ ਗੁਪਤ ਖਜ਼ਾਨੇ ਨੂੰ ਕੱਢ ਬਸਤੇ ‘ਚ ਪਾ ਕੇ ਸਾਰਾ ਦਿਨ ਰੱਜ ਕੇ ਸਾਥ ਮਾਣਦੀ, ਖੇਡਦੀ ਅਤੇ ਸਾਰੀ ਛੁੱਟੀ ਤੋਂ ਪਹਿਲਾਂ ਫਿਰ ਲੁਕੋ ਆਉਂਦੀ। ਗੀਟਿਆਂ ਨਾਲ ਖੇਡਦੀ ਦਾ ਉਹਦਾ ਜਲੌਅ ਵੇਖਣ ਵਾਲਾ ਹੁੰਦਾ।
ਇੱਕ ਦਿਨ ਛੁੱਟੀ ਤੋਂ ਬਾਅਦ ਮਜ਼ਦੂਰਾਂ ਨੇ ਚਾਰਦੀਵਾਰੀ ਦੀ ਉਸਾਰੀ ਲਈ ਇੱਟਾਂ ਦਾ ਢੇਰ ਚੁੱਕਣਾ ਸ਼ੁਰੂ ਕੀਤਾ ਤਾਂ ਗੁੱਡੀ ਦਾ ਖਜ਼ਾਨਾ ਪਰ੍ਹਾਂ ਸੁੱਟ ਦਿੱਤਾ ਜੋ ਨਵੀਂ ਪਾਈ ਜਾ ਰਹੀ ਮਿੱਟੀ ਹੇਠ ਆ ਗਿਆ। ਅਗਲੇ ਦਿਨ ਜਦੋਂ ਗੁੱਡੀ ਨੇ ਆਪਣਾ ਸੰਸਾਰ ਫਿਰ ਉਜੜਦਿਆਂ ਵੇਖਿਆ ਤਾਂ ਸਵੇਰ ਦੀ ਸਭਾ ਦੀ ਪ੍ਰਵਾਹ ਛੱਡ ਵਾਹੋਦਾਹੀ ਭੱਜ ਕੇ ਆਪਣੇ ਜਿਊਣ ਦਾ ਸਾਮਾਨ ਲੱਭਣ ਲੱਗੀ। ਹੱਥਾਂ ਨਾਲ ਹੀ ਗੁੱਡੀ ਨੇ ਮਿੱਟੀ ਨੂੰ ਪੁੱਟਣਾ ਸ਼ੁਰੂ ਕੀਤਾ, ਪਰ ਉਹਨੂੰ ਕਿਤੋਂ ਵੀ ਕੁਝ ਨਾ ਲੱਭਾ। ਮਾਂ ਦੀਆਂ ਨਿਸ਼ਾਨੀਆਂ ਤੇ ਗੀਟੇ ਮਿਲਣ ਦੀ ਆਸ ਛੱਡ ਵਿਲਕਦੀ ਹੋਈ ਗੁੱਡੀ ਉਥੇ ਹੀ ਬੈਠ ਗਈ ਉੱਚੀ-ਉੱਚੀ ਰੋਣ ਲੱਗੀ। ਉਹਨੂੰ ਲੱਗਿਆਂ ਜਿਵੇਂ ਮਾਂ ਅੱਜ ਦੁਬਾਰਾ ਮਰ ਗਈ ਹੋਵੇ।

Continue Reading

ਰੁਝਾਨ


Copyright by IK Soch News powered by InstantWebsites.ca