ਮੁੱਲਾਂਪੁਰ ਦਾਖਾ, 19 ਜਨਵਰੀ – ਇਸ ਇਲਾਕੇ ਦੇ ਇੱਕ ਸ਼ੈਲਰ ਵਿੱਚ ਚੈਕਿੰਗ ਲਈ ਆਏ ਸਟਾਫ ਨੂੰ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਸ ਨੇ 3 ਜਣਿਆਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਦਾਖਾ ਪੁਲਸ ਨੇ ਐਫ ਸੀ ਆਈ ਮੁਲਾਜ਼ਮਾਂ ਦੀ ਕੁੱਟਮਾਰ, ਨਮੀ ਚੈਕ ਕਰਨ ਵਾਲੇ ਮੀਟਰ ਨਾਲ ਛੇੜਛਾੜ, ਡਿਊਟੀ ਵਿੱਚ ਵਿਘਣ ਪਾਉਣ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਸ਼ੈਲਰ ਮਾਲਕ ਤੇ ਉਸ ਦੇ ਦੋ ਕਾਰਿੰਦਿਆਂ ਉੱਤੇ ਕੇਸ ਦਰਜ ਕੀਤਾ ਹੈ।
ਇਸ ਕੇਸ ਦੀ ਪੜਤਾਲ ਕਰ ਰਹੇ ਏ ਐਸ ਆਈ ਲਖਵੀਰ ਸਿੰਘ ਨੇ ਦੱਸਿਆ ਕਿ ਸ਼ਿਵ ਪ੍ਰਸਾਦ ਵਰਮਾ ਵਾਸੀ ਕਠੋਲੀ, ਥਾਣਾ ਪੱਟੀ ਜ਼ਿਲ੍ਹਾ ਪ੍ਰਤਾਪਗੜ੍ਹ (ਯੂ ਪੀ) ਮੌਜੂਦਾ ਵਾਸੀ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਐਫ ਸੀ ਆਈ ਵਿੱਚ ਤਕਨੀਕੀ ਸਹਾਇਕ (ਟੀ ਏ)ਵਜੋਂ ਮੁੱਲਾਂਪੁਰ ਵਿਖੇ ਤੈਨਾਤ ਹੈ ਅਤੇ ਉਨ੍ਹਾਂ ਦੇ ਵਿਭਾਗ ਵੱਲੋਂ ਚੌਲਾਂ ਦੀ ਸਰਕਾਰੀ ਤੌਰ ਤੇ ਖਰੀਦ ਕੀਤੀ ਜਾ ਰਹੀ ਹੈ। ਇਸ ਲਈ ਗੁਰੂ ਕ੍ਰਿਪਾ ਰਾਈਸ ਮਿੱਲ ਵੱਲੋਂ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਪਿੰਡ ਵੜੈਚ ਦੇ ਗੋਦਾਮ ਅੰਦਰ ਡੰਪ ਕੀਤੇ ਚੌਲਾਂ ਦੀ ਜਾਂਚ ਲਈ ਉਸ ਦੀ ਅਤੇ ਉਸ ਦੇ ਸਾਥੀਆਂ ਪ੍ਰੇਮ ਕੁਮਾਰ, ਮੋਨਾਲੀਜਾ ਦਾਸ, ਮੋਹਿਤ ਕਨੌਜੀਆ, ਪਵਨ ਕਾਂਤ ਤੇ ਸੰਜੇ ਕੁਮਾਰ ਦੀ ਡਿਊਟੀ ਲੱਗੀ ਸੀ। ਜਦੋਂ ਇਹ ਲੋਕ ਸ਼ੈਲਰ ਮਾਲਕ ਦੇ ਚੌਲਾਂ ਦਾ ਸੈਂਪਲ ਲੈ ਜਾਣ ਮਗਰੋਂ ਪੀ ਈ ਜੀ ਆਈ ਗੋਦਾਮ ਪਿੰਡ ਤਲਵੰਡੀ ਖੁਰਦ ਵਿਖੇ ਇਸ ਦੀ ਨਮੀ ਦੀ ਜਾਂਚ ਕਰ ਰਹੇ ਸਨ ਤਾਂ ਰੋਹਿਤ ਅਗਰਵਾਲ ਸੋਨੂੰ ਵਾਸੀ ਬਾੜੇਵਾਲ (ਲੁਧਿਆਣਾ) ਮਾਲਕ ਗੁਰੂ ਕਿਰਪਾ ਰਾਈਸ ਮਿੱਲ ਆਪਣੇ ਮੁਨੀਮ ਸੰਦੀਪ ਅਤੇ ਰਿੰਟਾ ਨਾਲ ਕਾਰ ਵਿੱਚ ਆਇਆ ਤੇ ਸੈਂਪਲ ਦੀ ਨਮੀ ਚੈਕ ਕਰ ਰਹੀ ਮੋਨਾਲੀਜਾ ਨੂੰ ਕਹਿਣ ਲੱਗਾ ਕਿ ਤੁਹਾਡਾ ਨਮੀ ਵਾਲਾ ਯੰਤਰ ਗਲਤ ਹੈ ਤੇ ਧੱਕਾ ਮਾਰ ਕੇ ਉਸ ਤੋਂ ਮੀਟਰ ਦਾ ਹੈਂਡਲ ਖੋਹ ਕੇ ਨਮੀ ਚੈਕ ਕਰਨ ਲੱਗਾ। ਇਸਤੇ ਪ੍ਰੇਮ ਕੁਮਾਰ ਮੈਨੇਜਰ ਨੇ ਇਤਰਾਜ਼ ਕੀਤਾ। ਵਰਮਾ ਦੇ ਮੁਤਾਬਕ ਗੁੱਸੇ ਵਿੱਚ ਆ ਕੇ ਸੋਨੂੰ ਉਸ ਨੂੰ ਨਮੀ ਚੈਕ ਕਰਨ ਵਾਲੀ ਮਸ਼ੀਨ ਨਾਲ ਹੀ ਧੱਕਣ ਲੱਗ ਪਿਆ ਅਤੇ ਗਾਲੀ ਗਲੋਚ ਦੇ ਨਾਲ ਧਮਕੀਆਂ ਦਿੰਦੇ ਹੋਏ ਮੈਨੇਜਰ ਪ੍ਰੇਮ ਕੁਮਾਰ ਦੇ ਥੱਪੜ ਮਾਰੇ।ਐਫ ਸੀ ਆਈ ਮੁਲਾਜ਼ਮਾਂ ਨੇ ਸ਼ੈਲਰ ਮਾਲਕ ਵੱਲੋਂ ਉਨ੍ਹਾਂ ਦੇ ਸਾਥੀਆਂ ਦੀ ਕੁੱਟਮਾਰ ਦੇ ਖਿਲਾਫ ਸ਼ਹਿਰ ਵਿੱਚ ਬਣਾਏ ਵਿਭਾਗ ਦੇ ਗੋਦਾਮਾਂ ਵਿੱਚ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲੋਕੇਸ਼ ਕੁਮਾਰ ਮੀਣਾ ਸਕੱਤਰ, ਪੰਜਾਬ ਭਾਰਤੀ ਖਾਦ ਨਿਗਮ ਕਰਮਚਾਰੀ ਸੰਘ (ਬੀ ਕੇ ਐਨ ਕੇ) ਅਤੇ ਹੋਰਨਾਂ ਨੇ ਐੱਫ ਸੀ ਆਈ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਸ਼ੈਲਰ ਮਾਲਕ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਸ ਦੀ ਪੈਡੀ ਲਗਵਾਉਣੀ ਬੰਦ ਕਰਨ ਦੇ ਨਾਲ ਹੀ ਇਸ ਸ਼ੈਲਰ ਨੂੰ ਬਲੈਕ ਲਿਸਟ ਕਰ ਦਿਤਾ ਜਾਵੇ।