Kangana also reached Sri Harmandir Sahib to pay homage
Connect with us [email protected]

ਪੰਜਾਬੀ ਖ਼ਬਰਾਂ

ਕੰਗਨਾ ਵੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚ ਗਈ

Published

on

kangana

ਅੰਮ੍ਰਿਤਸਰ, 1 ਜੂਨ – ਸ੍ਰ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਅਦਾਕਾਰਾ ਕੰਗਨਾ ਰਾਣੌਤ ਕੱਲ੍ਹ ਮੱਥਾ ਟੇਕਣ ਲਈ ਪੁੱਜੀ ਤਾਂਉਸ ਵੱਲੋਂ ਕਿਸਾਨੀ ਸੰਘਰਸ਼ ਅਤੇ ਹੋਰ ਵਿਵਾਦਤ ਟਿੱਪਣੀਆਂ ਕਰਨ ਕਰ ਕੇ ਅੰਮ੍ਰਿਤਸਰ ਦੀ ਫੇਰੀ ਦੌਰਾਨ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਵੀ ਕੰਗਣਾ ਰਣੌਤ ਲਈ ਵੀ ਆਈ ਪੀ ਪ੍ਰਬੰਧ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਏ।
ਸਵੇਰੇ ਸਾਢੇ ਸੱਤ ਵਜੇ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਕੰਗਨਾ ਜਿੱਥੇ ਜ਼ੈਡ ਪਲੱਸ ਸੁਰੱਖਿਆ ਦੇ ਘੇਰੇ ਵਿੱਚ ਆਈ, ਉਥੇ ਦਰਸ਼ਨ ਕਰਨ ਸਮੇਂ ਉਸ ਨੂੰ ਵੀ ਆਈ ਪੀ ਟ੍ਰੀਟਮੈਂਟ ਦਿੱਤਾ ਗਿਆ ਤੇ ਉਸ ਇਕੱਲੀ ਲਈ ਸ੍ਰੀ ਹਰਿਮੰਦਰ ਸਾਹਿਬ ਖਾਲੀ ਕਰਵਾਇਆ ਗਿਆ। ਆਪਣੇ ਪਰਵਾਰ ਨਾਲ ਪੁੱਜੀ ਕੰਗਨਾ ਨੇ ਕਿਹਾ ਕਿ ਉਹ ਕੋਰੋਨਾ ਨੈਗੇਟਿਵ ਹੋਣ ਤੋਂ ਬਾਅਦ ਸ਼ੁਕਰਾਨੇ ਲਈ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੀ ਹੈ। ਮੀਡੀਆ ਨਾਲ ਗੱਲਬਾਤ ਕੀਤੇ ਬਿਨਾਂ ਹੀ ਕੰਗਨਾ ਵਾਪਸ ਚਲੇ ਗਈ, ਪਰ ਆਪਣੇ ਟਵੀਟ ਵਿੱਚ ਲਿਖਿਆ ਕਿ ਉਹ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਹੈ, ਇਸ ਤੋਂ ਪਹਿਲਾਂ ਪਰਵਾਰਕ ਮੈਂਬਰ ਇੱਥੇ ਦਰਸ਼ਨ ਕਰਨ ਆਉਂਦੇ ਰਹੇ ਹਨ।
ਫਿਰ ਕੰਗਨਾ ਚੰਡੀਗੜ੍ਹ ਹਵਾਈ ਅੱਡੇ ਤੋਂ ਮੰਬਈ ਲਈ ਰਵਾਨਾ ਹੋਈ, ਜਦ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਸ ਦਾ ਵਾਪਸੀ ਦਾ ਪ੍ਰੋਗਰਾਮ ਤੈਅ ਦੱਸਿਆ ਗਿਆ ਸੀ। ਅੰਮ੍ਰਿਤਸਰ ਹਵਾਈ ਅੱਡੇ ਉੱਤੇ ਕੰਗਨਾ ਦਾ ਵਿਰੋਧ ਕਰਨ ਲਈ ਕਿਸਾਨ ਇਕੱਠੇ ਹੋਣੇ ਸ਼ੁੁਰੂ ਹੋ ਗਏ ਸਨ, ਇਸ ਕਾਰਨ ਤੈਅ ਪ੍ਰੋਗਰਾਮ ਬਦਲ ਦਿੱਤਾ ਗਿਆ। ਵਰਨਣ ਯੋਗ ਹੈ ਕਿ ਕੰਗਨਾ ਨੇ ਸੋਸ਼ਲ ਮੀਡੀਆ ਉੱਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨਾਂ ਉੱਤੇ ਕਈ ਭੱਦੀਆਂ ਟਿੱਪਣੀਆਂ ਕੀਤੀਆਂ ਸਨ। ਉਸ ਨੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਵਾਲੀ ਇੱਕ ਬਜ਼ੁਰਗ ਔਰਤ ਉੱਤੇ ਵੀ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਕਾਰਨ ਕੰਗਨਾ ਵਿਰੁੱਧ ਲੋਕਾਂ ਦਾ ਗੁੱਸਾ ਭੜਕ ਗਿਆ ਸੀ।

Read More Latest Punjabi News

ਪੰਜਾਬੀ ਖ਼ਬਰਾਂ

ਨੀਰਵ ਮੋਦੀ ਨੂੰ ਕਰਾਰਾ ਝਟਕਾ:ਭਾਰਤ ਨੂੰ ਹਵਾਲਗੀ ਕਰਨ ਦੇ ਵਿਰੁੱਧ ਪਟੀਸ਼ਨ ਬ੍ਰਿਟਿਸ਼ ਹਾਈ ਕੋਰਟ ਵੱਲੋਂ ਰੱਦ

Published

on

ਲੰਡਨ, 23 ਜੂਨ, – ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਘੁਟਾਲੇ ਵਿਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਭਾਰਤ ਵੱਲ ਹਵਾਲਗੀ ਰੋਕਣ ਵਾਸਤੇ ਪਾਈ ਪਟੀਸ਼ਨ ਬ੍ਰਿਟੇਨ ਦੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ, ਜਿਸ ਨਾਲ ਉਹ ਹਵਾਲਗੀ ਵਿਰੁੱਧ ਅਪੀਲ ਦੀ ਪਹਿਲੇ ਪੜਾਅ ਦੀ ਲੜਾਈ ਹਾਰ ਗਿਆ ਹੈ।ਇਸ ਪਿੱਛੋਂ ਉਸ ਦੇ ਕੋਲ ਜ਼ੁਬਾਨੀ ਦਲੀਲਾਂ ਰੱਖਣ ਦੀ ਅਰਜ਼ੀ ਦੇਣ ਲਈ ਪੰਜ ਵਰਕਿੰਗ ਦਿਨਾਂ ਦਾ ਸਮਾਂ ਬਾਕੀ ਹੈ।ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਬੀਤੇ ਅਪਰੈਲ ਵਿਚ ਨੀਰਵ ਮੋਦੀ ਦੀ ਭਾਰਤ ਨੂੰ ਹਵਾਲਗੀ ਕਰਨ ਦਾ ਆਦੇਸ਼ ਦਿੱਤਾ ਸੀ।
ਬ੍ਰਿਟੇਨ ਦੀ ਹਾਈ ਕੋਰਟ ਦੇ ਜੱਜ ਸਾਹਮਣੇ ਨੀਰਵ ਮੋਦੀ ਦੀ ਅਪੀਲ ਉਨ੍ਹਾਂ ਕਾਗ਼ਜ਼ਾਂ ਉੱਤੇ ਫ਼ੈਸਲੇ ਵਿਰੁੱਧ ਸੀ, ਜੋ ਇਹ ਤੈਅ ਕਰਨ ਲਈ ਪੇਸ਼ ਕੀਤੇ ਗਏ ਸਨ ਕਿ ਗ੍ਰਹਿ ਮੰਤਰੀ ਦੇ ਆਦੇਸ਼ ਜਾਂ ਨੀਰਵ ਦੀ ਭਾਰਤ ਹਵਾਲਗੀ ਦੇ ਪੱਖ ਵਿਚ ਵੈਸਟ ਮਨਿਸਟਰ ਮੈਜਿਸਟ੍ਰੇਟ ਅਦਾਲਤ ਦੇ ਫਰਵਰੀ ਦੇ ਫ਼ੈਸਲੇ ਵਿਰੁੱਧ ਅਪੀਲ ਦਾ ਕੋਈ ਆਧਾਰ ਵੀ ਹੈ ਜਾਂ ਨਹੀਂ। ਹਾਈ ਕੋਰਟ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਅਪੀਲ ਦੀ ਪ੍ਰਵਾਨਗੀ ਲਈ ਮੰਗਲਵਾਰ ਲਿਖਤੀ ਪਟੀਸ਼ਨ ਰੱਦ ਹੋਗਈ ਤੇ 50 ਸਾਲਾ ਭਗੌੜੇ ਕਾਰੋਬਾਰੀ ਕੋਲ ਹਾਈ ਕੋਰਟ ਵਿਚ ਸੰਖੇਪ ਜ਼ੁਬਾਨੀ ਸੁਣਵਾਈ ਦਾ ਮੌਕਾ ਬਾਕੀ ਹੈ, ਜਿਸਬਾਰੇ ਜੱਜ ਇਹ ਫ਼ੈਸਲਾ ਕਰ ਸਕਦੇ ਹਨ ਕਿ ਕੇਸ ਵਿਚ ਪੂਰੀ ਅਪੀਲ ਉੱਤੇ ਸੁਣਵਾਈ ਹੋ ਸਕਦੀ ਹੈ ਜਾਂ ਨਹੀਂ।
ਅਦਾਲਤ ਵਿੱਚਭਾਰਤ ਦਾ ਪੱਖ ਰੱਖਣ ਵਾਲੀ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀਪੀਐੱਸ) ਨੇ ਕਿਹਾ ਹੈ ਕਿ ਉਹ ਪ੍ਰਕਿਰਿਆ ਦਾ ਅਗਲਾ ਮੌਕਾ ਉਡੀਕ ਰਹੇ ਹਨ।ਉਨ੍ਹਾ ਪਿਛਲੇ ਮਹੀਨੇ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਅਪੀਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਤਾਂ ਕਿਸੇ ਵੀ ਅਪੀਲ ਪ੍ਰਕਿਰਿਆ ਦਾਭਾਰਤ ਸਰਕਾਰ ਵੱਲੋਂ ਵਿਰੋਧ ਕਰਨਗੇ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਪੰਜਾਬ ਨੂੰ 21 ਸਾਲਾਂ ਪਿੱਛੋਂ ਓਲੰਪਿਕ ਲਈ ਹਾਕੀ ਦੀ ਕਪਤਾਨੀ ਮਿਲੀ

Published

on

Punjab has got the captaincy of hockey team after 21 years in Olympic Games. This time Punjab's Manpreet Singh will captain the Indian team in the Tokyo Olympics.

ਜਲੰਧਰ ਦੇ ਮਿੱਠਾਪੁਰ ਦਾ ਮਨਪ੍ਰੀਤ ਭਾਰਤੀ ਟੀਮ ਦੀ ਅਗਵਾਈ ਕਰੇਗਾ
ਮਾਨਸਾ, 23 ਜੂਨ – ਓਲੰਪਿਕ ਖੇਡਾਂ ਵਿੱਚ ਪੰਜਾਬ ਨੂੰ 21 ਸਾਲਾਂ ਪਿੱਛੋਂ ਹਾਕੀ ਟੀਮ ਦੀ ਕਪਤਾਨੀ ਮਿਲੀ ਹੈ। ਇਸ ਵਾਰੀ ਟੋਕੀਓ ਓਲੰਪਿਕ ਵਿੱਚ ਪੰਜਾਬ ਦਾ ਮਨਪ੍ਰੀਤ ਸਿੰਘ ਭਾਰਤੀ ਟੀਮ ਦੀ ਕਪਤਾਨੀ ਕਰੇਗਾ। ਇਸੇ ਤਰ੍ਹਾਂ ਬੀਰੇਂਦਰ ਲਾਕੜਾ ਅਤੇ ਹਰਮਨਪ੍ਰੀਤ ਸਿੰਘ ਨੂੰ ਟੀਮ ਦੇ ਉਪ ਕਪਤਾਨ ਐਲਾਨਿਆ ਗਿਆ ਹੈ।
ਮਨਪ੍ਰੀਤ ਸਿੰਘ ਜਲੰਧਰ ਜਿ਼ਲੇ ਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ। ਦਿਲਚਸਪ ਗੱਲ ਹੈ ਕਿ ਮਿੱਠਾਪੁਰ ਪੰਜਾਬ ਦਾ ਪਹਿਲਾ ਪਿੰਡ ਹੈ, ਜਿਸ ਨੂੰ ਤੀਜੀ ਵਾਰ ਓਲੰਪਿਕ ਖੇਡਾਂ ਵਿੱਚ ਹਾਕੀ ਟੀਮ ਦੀ ਕਪਤਾਨੀ ਦਾ ਮੌਕਾ ਮਿਲਿਆ ਹੈ। ਮਨਪ੍ਰੀਤ ਤੋਂ ਪਹਿਲਾਂ ਪਰਗਟ ਸਿੰਘ (ਅੱਜਕੱਲ੍ਹ ਜਲੰਧਰ ਕੈਂਟ ਹਲਕੇ ਦਾ ਵਿਧਾਇਕ) ਬਾਰਸੀਲੋਨਾ 1992 ਅਤੇ ਐਟਲਾਂਟਾ 1996 ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਸਨ। ਮਨਪ੍ਰੀਤ ਸਿੰਘ ਓਲੰਪਿਕ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਨ ਦੇ ਲਈਪੰਜਾਬ ਦਾ ਅੱਠਵਾਂ ਖਿਡਾਰੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਬਲਬੀਰ ਸਿੰਘ ਸੀਨੀਅਰ, ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਪਰਗਟ ਸਿੰਘ ਤੇ ਰਮਨਦੀਪ ਸਿੰਘ ਗਰੇਵਾਲ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ, ਜਿਨ੍ਹਾਂ ਨੇ ਚੰਗਾ ਨਾਂਅ ਕਮਾਇਆ ਹੈ।
ਇਸ ਦੌਰਾਨ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਨੇ ਪਟਿਆਲਾ ਵਿੱਚ ਹੋਏ ਡਿਸਕਸ ਥ੍ਰੋਅ ਮੁਕਾਬਲੇ ਦੌਰਾਨ 66.59 ਮੀਟਰ ਨਾਲ ਓਲੰਪਿਕ ਵਿੱਚ ਜਗ੍ਹਾ ਬਣਾ ਲਈ ਹੈ। ਉਸ ਨੇ ਆਪਣਾ ਹੀ ਨੌਂ ਸਾਲ ਪੁਰਾਣਾ 65.06 ਮੀਟਰ ਦਾ ਰਿਕਾਰਡ ਤੋੜਿਆ। ਕਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਕੱਟਿਆਂਵਾਲੀ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਿਆਂ ਕਮਲਪ੍ਰੀਤ ਨੇ ਡਿਸਕਸ ਥ੍ਰੋਅ ਦੀ ਸ਼ੁਰੂਆਤ ਕੀਤੀ ਸੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਨਾਬਾਲਗ਼ ਨਾਲ ਵਿਆਹ ਨੂੰ ਹਾਈ ਕੋਰਟ ਨੇ ਕਾਨੂੰਨੀ ਅਪਰਾਧ ਮੰਨਿਆ

Published

on

Punjab haryana high court

ਚੰਡੀਗ਼ੜ੍ਹ, 23 ਜੂਨ – ਨਾਬਾਲਗ਼ ਨਾਲ ਵਿਆਹ ਇੱਕ ਕਾਨੂੰਨੀ ਅਪਰਾਧ ਹੈ। ਹਾਈ ਕੋਰਟਪਿੱਛੇ ਜਿਹੇ ਬਾਲ ਵਿਆਹ ਬਾਰੇ ਪੰਜਾਬ, ਹਰਿਆਣਾ ਅਤੇ ਚੰਡੀਗ਼ੜ੍ਹ ਤੋਂ ਜਵਾਬ ਮੰਗ ਚੁੱਕੀ ਹੈ, ਇਸ ਦੇ ਬਾਵਜੂਦ ਏਦਾਂਦੇ ਮਾਮਲੇ ਨਹੀਂ ਰੁਕ ਰਹੇ ਅਤੇ ਲਗਾਤਾਰ ਆਏ ਦਿਨ ਕੋਰਟ ਵਿੱਚ ਪਹੁੰਚ ਰਹੇ ਹਨ।
ਕੱਲ੍ਹ ਅਜਿਹਾ ਇੱਕ ਕੇਸਹਾਈ ਕੋਰਟ ਪੁੱਜਾ, ਜਿਸ ਵਿੱਚ ਇੱਕ ਪ੍ਰੇਮੀ ਜੋੜੇ ਨੇ ਆਪਣੀ ਸੁਰੱਖਿਆ ਦੀ ਮੰਗ ਕੀਤੀ ਸੀ। ਜਸਟਿਸ ਅਵਨੀਸ਼ ਝਿੰਗਨ ਨੇ ਜਦੋਂ ਪ੍ਰੇਮੀ ਜੋੜੇ ਦੀ ਉਮਰ ਪੁੱਛੀ ਤਾਂ ਦੱਸਿਆ ਗਿਆ ਕਿ ਮੁੰਡਾ 22 ਸਾਲ ਦਾ ਹੈ ਅਤੇ ਕੁੜੀ 17 ਸਾਲ ਦੀ ਹੈ ਅਤੇ ਦੋਵਾਂ ਨੇ ਵਿਆਹ ਕਰ ਲਿਆ ਹੈ ਤੇ ਉਨ੍ਹਾਂ ਨੂੰ ਆਪਣੇ ਪਰਵਾਰਾਂ ਤੋਂ ਜਾਨ ਦਾ ਖ਼ਤਰਾ ਹੈ। ਇਸ ਉਤੇ ਹਾਈ ਕੋਰਟ ਨੇ ਕਿਹਾ ਕਿ ਕੁੜੀ ਨਾਬਾਲਗ਼ ਹੈ, ਇਸ ਲਈ ਉਹ ਮੁੰਡੇ ਨਾਲ ਨਹੀਂ ਰਹਿ ਸਕਦੀ।ਕੋਰਟ ਨੇ ਕੁੜੀ ਨੂੰ ਪੁਲਸ ਸੁਰੱਖਿਆ ਵਿੱਚ ਨਾਰੀ ਨਿਕੇਤਨ ਭੇਜ ਕੇ ਇਸ ਕੇਸ ਵਿੱਚ ਪੰਜਾਬ ਸਰਕਾਰ ਦਾ ਜਵਾਬ ਮੰਗਿਆ ਹੈ। ਬੈਂਚ ਨੇ ਕਿਹਾ ਕਿ ਕੁੜੀ ਅਜੇ ਨਾਬਾਲਗ਼ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਦੋਵਾਂ ਨੇ ਬਠਿੰਡੇ ਦੇ ਗੁਰਦੁਆਰੇ ਵਿੱਚ ਵਿਆਹ ਕੀਤਾ ਤੇ ਇਸ ਦਾ ਸਰਟੀਫ਼ੀਕੇਟ ਵੀ ਵ੍ਹਟਸਐਪ ਰਾਹੀਂਹਾਈ ਕੋਰਟ ਨੂੰ ਸੌਂਪ ਦਿੱਤਾ ਹੈ।
ਇਸ ਉਤੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਡਿਪਟੀ ਐਡਵੋਕੇਟ ਜਨਰਲ ਨੇ ਜਵਾਬ ਦੇਣ ਲਈ ਹਾਈ ਕੋਰਟ ਤੋਂ ਸਮਾਂ ਮੰਗਿਆ ਅਤੇ ਕਿਹਾ ਕਿ ਕੁੜੀ ਨਾਬਾਲਗ਼ ਹੈ ਤਾਂ ਉਸ ਦਾ ਵਿਆਹ ਕਿਵੇਂ ਹੋ ਸਕਦਾ ਹੈ, ਪਰ ਦੋਵੇਂ ਆਪਣੇ ਵਿਆਹ ਦਾ ਸਰਟੀਫ਼ੀਕੇਟ ਪੇਸ਼ ਕਰ ਰਹੇ ਹਨ। ਇਸ ਬਾਰੇ ਮੁੰਡੇ ਵਿਰੁੱਧ ਨਾਬਾਲਗ਼ਾ ਨਾਲ ਵਿਆਹ ਕਰਨ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਹਾਈ ਕੋਰਟ ਨੇ ਫ਼ਿਲਹਾਲ ਕੁੜੀ ਨੂੰ 15 ਜੁਲਾਈ ਤਕ ਨਾਰੀ-ਨਿਕੇਤਨ ਵਿੱਚ ਭੇਜਣ ਦਾ ਹੁਕਮ ਦਿੰਦੇ ਹੋਏ ਸਰਕਾਰ ਨੂੰ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਉਤੇ ਜਵਾਬ ਮੰਗਿਆ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca