It's a matter of criticizing governments - Jatinder Pannu | Ik Soch Punjabi
Connect with us [email protected]

ਲੇਖ

ਮਾਮਲਾ ਸਰਕਾਰਾਂ ਦੀ ਨੁਕਤਾਚੀਨੀ ਕਰਨ ਅਤੇ ਸਰਕਾਰੀ ਕਹਿਰ ਜਰਨ ਲਈ ਤਿਆਰ ਰਹਿਣ ਦਾ-ਜਤਿੰਦਰ ਪਨੂੰ

Published

on

Jatinder Pannu articles

ਚੰਗੀ ਗੱਲ ਇਹ ਹੋਈ ਹੈ ਕਿ ਸੀਨੀਅਰ ਪੱਤਰਕਾਰ ਵਿਨੋਦ ਦੂਆ ਵਾਲੇ ਕੇਸ ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਦੇ ਦਿੱਤਾ ਹੈ ਕਿ ਸਰਕਾਰ ਜਾਂ ਸਿਸਟਮ ਦੀ ਨੁਕਤਾਚੀਨੀ ਕਰਨਾ ਦੇਸ਼-ਧੋ੍ਰਹ ਨਹੀਂ ਕਿਹਾ ਜਾ ਸਕਦਾ। ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਇਹ ਮੰਦਾ ਰੁਝਾਨ ਪੈ ਚੁੱਕਾ ਹੈ ਕਿ ਜਿਸ ਬੰਦੇ ਦੇ ਬੋਲਣ ਜਾਂ ਲਿਖਣ ਨੂੰ ਸਰਕਾਰ ਪਸੰਦ ਨਹੀਂ ਕਰਦੀ, ਉਸ ਉੱਤੇ ਆਮ ਕਰ ਕੇ ਦੇਸ਼-ਧ੍ਰੋਹੀ ਵਾਲਾ ਫੱਟਾ ਲਾ ਦਿੱਤਾ ਜਾਂਦਾ ਹੈ। ਏਦਾਂ ਦਾ ਕੰਮ ਕਰਨ ਵਿੱਚ ਕਿਸੇ ਵੀ ਰੰਗ ਦੀ ਸਿਆਸਤ ਕਰਨ ਵਾਲੀ ਪਾਰਟੀ ਦੀ ਸਰਕਾਰ ਨੇ ਕਦੇ ਸ਼ਰਮ ਨਹੀਂ ਕੀਤੀ। ਅਸੀਂ ਲੋਕ ਨਿੱਤ ਦਿਨ ਕੇਂਦਰ ਅਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਦੀ ਨੁਕਤਾਚੀਨੀ ਕਰਦੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਕਿਰਦਾਰ ਦੀ ਕਾਲਖ ਦਿਖਾਉਣ ਦੀ ਕੋਸਿ਼ਸ਼ ਕਰਦੇ ਰਹਿੰਦੇ ਹਾਂ ਤਾਂ ਸਰਕਾਰਾਂ ਚਲਾਉਣ ਵਾਲਿਆਂ ਨੂੰ ਇਸ ਨਾਲ ਜਿਹੜੀ ਕੌੜ ਚੜ੍ਹਦੀ ਹੈ, ਉਹ ਇਨ੍ਹਾਂ ਕੇਸਾਂ ਵਿੱਚ ਕਦੇ ਵੀ ਕਿਸੇ ਪੱਤਰਕਾਰ ਜਾਂ ਕਿਸੇ ਹੋਰ ਵੰਨਗੀ ਦੇ ਲੇਖਕ ਦੇ ਖਿਲਾਫ ਕੱਢੀ ਜਾ ਸਕਦੀ ਹੈ। ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਤੋਂ ਬਾਅਦ ਇਹ ਵਿਹਾਰ ਘਟ ਸਕਦਾ ਹੈ, ਪਰ ਇਹ ਬਿਲਕੁਲ ਨਹੀਂ ਸੋਚਿਆ ਜਾ ਸਕਦਾ ਕਿ ਅੱਗੇ ਤੋਂ ਏਦਾਂ ਦਾ ਕੇਸ ਹੀ ਕਿਸੇ ਉੱਤੇ ਨਹੀਂ ਬਣ ਸਕਦਾ। ਅਜੇ ਵੀ ਇਹ ਵਿਹਾਰ ਪੂਰੀ ਤਰ੍ਹਾਂ ਹਟਣ ਦੀ ਆਸ ਕਰਨੀ ਔਖੀ ਹੈ।
ਜਦੋਂ ਸਰਕਾਰਾਂ ਦੇ ਇਸ ਵਿਹਾਰ ਦੇ ਮੋੜਾ ਕੱਟਣ ਦੀ ਆਸ ਨਹੀਂ ਤਾਂ ਕਈ ਲੋਕ ਇਹ ਕਹਿ ਦੇਂਦੇ ਹਨ ਕਿ ਅਜਿਹੇ ਹਾਲਾਤ ਵਿੱਚ ਸਰਕਾਰਾਂ ਦੇ ਖਿਲਾਫ ਥੋੜ੍ਹਾ ਬਚ ਕੇ ਹੀ ਲਿਖਣਾ ਚਾਹੀਦਾ ਹੈ। ਇੱਕ ਪੰਜਾਬੀ ਲੇਖਕ ਨੇ ਲਿਖਿਆ ਹੈ ਕਿ ‘ਮੈਂ ਭੁਲਾਵਾਂ ਬੜਾ ਬੇਰੁਖੀ ਓਸ ਦੀ, ਉਹ ਮੁੜ-ਮੁੜ ਯਾਦ ਆਵੇ ਤਾਂ ਮੈਂ ਕੀ ਕਰਾਂ।’ ਸਾਡੀ ਹਾਲਤ ਵੀ ਇਹੀ ਹੈ ਕਿ ਸਰਕਾਰਾਂ ਦੇ ਖਿਲਾਫ ਲਿਖਣ ਦਾ ਸਾਨੂੰ ਕੋਈ ਚਸਕਾ ਨਹੀਂ, ਪਰ ਜੇ ਸਰਕਾਰਾਂ ਦੇ ਅੰਦਰੂਨੀ ਹਾਲਾਤ ਦੀ ਭੱਦੀ ਤਸਵੀਰ ਮੁੜ-ਮੁੜ ਸਾਹਮਣੇ ਆਵੇ ਤਾਂ ਅਸੀਂ ਕੀ ਕਰੀਏ, ਸਾਨੂੰ ਉਸ ਵਕਤ ਲਿਖਣਾ ਪੈਂਦਾ ਹੈ। ਅਸੀਂ ਚੁੱਪ ਨਹੀਂ ਰਹਿ ਸਕਦੇ। ਇਸ ਹਫਤੇ ਦੌਰਾਨ ਫਿਰ ਕਿੰਨਾ ਕੁਝ ਏਦਾਂ ਦਾ ਬਾਹਰ ਆ ਗਿਆ ਹੈ ਕਿ ਅਸੀਂ ਉਨ੍ਹਾਂ ਦੀ ਗੱਲ ਕੀਤੇ ਬਿਨਾਂ ਨਹੀਂ ਰਹਿ ਸਕਦੇ।
ਸਾਡੇ ਸਾਹਮਣੇ ਇੱਕ ਸਵਾਲ ਓਦੋਂ ਉੱਭਰਿਆ, ਜਦੋਂ ਇਹ ਖਬਰ ਆਈ ਕਿ ਓਮ ਪ੍ਰਕਾਸ਼ ਚੌਟਾਲਾ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਦਸ ਸਾਲ ਦੀ ਜੇਲ੍ਹ ਕੱਟਣ ਪਿੱਛੋਂ ਬਾਹਰ ਆ ਰਿਹਾ ਹੈ ਤਾਂ ਉਸ ਦੇ ਸਵਾਗਤ ਲਈ ਚੌਟਾਲਾ ਪਰਵਾਰ ਵਿੱਚ ਹੋੜ ਲੱਗੀ ਪਈ ਹੈ। ਇੱਕ ਪਾਸੇ ਚੌਟਾਲੇ ਦਾ ਛੋਟਾ ਪੁੱਤਰ ਅਭੈ ਚੌਟਾਲਾ ਕਿਸੇ ਨੂੰ ਆਪਣੇ ਬਰਾਬਰ ਨਹੀਂ ਸਮਝਦਾ ਅਤੇ ਦੂਸਰੇ ਪਾਸੇ ਚੌਟਾਲੇ ਦੇ ਨਾਲ ਜੇਲ੍ਹ ਕੱਟ ਰਹੇ ਵੱਡੇ ਪੁੱਤਰ ਅਜੈ ਚੌਟਾਲਾ ਦਾ ਪੁੱਤਰ ਅੱਜਕੱਲ੍ਹ ਹਰਿਆਣੇ ਦਾ ਡਿਪਟੀ ਮੁੱਖ ਮੰਤਰੀ ਬਣਨ ਕਾਰਨ ਬਾਕੀ ਸਭਨਾਂ ਤੋਂ ਖੁਦ ਨੂੰ ਵੱਡਾ ਸਮਝਦਾ ਹੈ। ਸਵਾਗਤ ਉਸ ਓਮ ਪ੍ਰਕਾਸ਼ ਚੌਟਾਲਾ ਦਾ ਕਰਨਾ ਸੀ, ਜਿਹੜਾ ਬੱਤੀ ਸੌ ਤੋਂ ਵੱਧ ਜੇ ਬੀ ਟੀ ਟੀਚਰਾਂ ਨੂੰ ਪੈਸੇ ਲੈ ਕੇ ਭਰਤੀ ਕਰਨ ਦਾ ਦੋਸ਼ੀ ਸਾਬਤ ਹੋਇਆ ਸੀ ਤਾਂ ਸੋਲਾਂ ਔਰਤਾਂ ਸਮੇਤ ਕੁੱਲ ਪਚਵੰਜਾ ਜਣੇ ਜੇਲ੍ਹ ਪਹੁੰਚ ਗਏ ਸਨ। ਭਾਰਤ ਦੇਸ਼ ਏਨਾ ਮਹਾਨ ਹੈ ਕਿ ਏਡੇ ਵੱਡੇ ਭ੍ਰਿਸ਼ਟਾਚਾਰ ਦਾ ਦੋਸ਼ੀ ਬੰਦਾ ਦਸ ਸਾਲ ਜੇਲ੍ਹ ਦੀ ਸਜ਼ਾ ਭੁਗਤ ਕੇ ਆਵੇ ਤਾਂ ਉਸ ਦਾ ਸਵਾਗਤ ਕਿਸੇ ਹੀਰੋ ਵਰਗਾ ਹੋ ਸਕਦਾ ਹੈ।
ਦੂਸਰਾ ਮਾਮਲਾ ਪਾਰਲੀਮੈਂਟ ਮੈਂਬਰ ਅਤੇ ਭਾਜਪਾ ਆਗੂ ਸਾਧਵੀ ਪ੍ਰਗਿਆ ਦਾ ਹੈ। ਕਿਸੇ ਸਮੇਂ ਮਹਾਰਾਸ਼ਟਰ ਰਾਜ ਦੇ ਮਾਲੇਗਾਉਂ ਸ਼ਹਿਰ ਵਿੱਚ ਬੰਬ ਧਮਾਕੇ ਵਿੱਚ ਕਈ ਲੋਕ ਮਾਰੇ ਗਏ ਤਾਂ ਪਹਿਲਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਉੱਤੇ ਦੋਸ਼ ਲੱਗਾ ਤੇ ਫਿਰ ਗੱਲ ਪਤਾ ਲੱਗੀ ਕਿ ਧਮਾਕੇ ਲਈ ਵਰਤਿਆ ਗਿਆ ਮੋਟਰ ਸਾਈਕਲ ਸਾਧਵੀ ਪ੍ਰਗਿਆ ਸਿੰਘ ਠਾਕਰ ਦਾ ਸੀ। ਉਸ ਦੀ ਪੁੱਛਗਿੱਛ ਹੋਈ ਅਤੇ ਫਿਰ ਉਸ ਨੂੰ ਜੇਲ੍ਹ ਭੇਜਣਾ ਪਿਆ। ਜਿਸ ਪੁਲਸ ਅਫਸਰ ਹੇਮੰਤ ਕਰਕਰੇ ਨੇ ਸਾਧਵੀ ਪ੍ਰਗਿਆ ਦੀ ਪੁੱਛਗਿੱਛ ਕੀਤੀ, ਉਹ ਮੁੰਬਈ ਵਿੱਚ ਹੋਏ ਹਮਲੇ ਸਮੇਂ ਪਾਕਿਸਤਾਨੋਂ ਆਏ ਅੱਤਵਾਦੀਆਂ ਨਾਲ ਟੱਕਰ ਲੈਂਦਾ ਮਾਰਿਆ ਗਿਆ। ਸਾਧਵੀ ਪ੍ਰਗਿਆ ਦੀ ਪੁੱਛਗਿੱਛ ਵੇਲੇ ਭਾਜਪਾ ਆਗੂਆਂ ਨੇ ਹੇਮੰਤ ਕਰਕਰੇ ਨੂੰ ਹਿੰਦੂਤੱਵ ਦਾ ਦੁਸ਼ਮਣ ਤੇ ਕਈ ਕੁਝ ਹੋਰ ਕਿਹਾ ਸੀ। ਜਦੋਂ ਉਹ ਲੜਦਾ ਮਾਰਿਆ ਗਿਆ ਤਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਉਸ ਦੇ ਘਰ ਅਫਸੋਸ ਦੇ ਲਈ ਜਾਣ ਦਾ ਮਨ ਬਣਾਇਆ। ਅੱਗੋਂ ਹੇਮੰਤ ਕਰਕਰੇ ਦੀ ਪਤਨੀ ਨੇ ਕਹਿ ਦਿੱਤਾ ਕਿ ਜਿਉਂਦੇ ਨੂੰ ਤੁਸੀਂ ਭੰਡਦੇ ਰਹੇ ਹੋ, ਅੱਜ ਉਸ ਦਾ ਅਫਸੋਸ ਕਰਨ ਲਈ ਮੇਰੇ ਘਰ ਕੋਈ ਨਾ ਆਇਓ। ਇਸ ਦੇ ਬਾਵਜੂਦ ਸਾਰੇ ਭਾਜਪਾ ਆਗੂ ਅੱਜ ਤੱਕ ਉਸ ਪੁਲਸ ਅਫਸਰ ਨੂੰ ਦੇਸ਼ ਦਾ ਸ਼ਹੀਦ ਕਹਿੰਦੇ ਆਏ ਹਨ, ਪਰ ਉਨ੍ਹਾਂ ਦੀ ਪਾਰਲੀਮੈਂਟ ਮੈਂਬਰ ਸਾਧਵੀ ਪ੍ਰਗਿਆ ਠਾਕਰ ਇਹ ਕਹਿੰਦੀ ਹੈ ਕਿ ਉਹ ਅੱਤਵਾਦੀਆਂ ਦਾ ਮਾਰਿਆ ਨਹੀਂ ਮਰਿਆ, ਮੇਰੇ ਸਰਾਫ ਨਾਲ ਮਰਿਆ ਸੀ, ਉਹ ਬੰਦਾ ਪਾਪੀ ਰੂਹ ਸੀ ਤੇ ਉਸ ਦਾ ਇਹੋ ਹਸ਼ਰ ਹੋਣਾ ਚਾਹੀਦਾ ਸੀ। ਭਾਜਪਾ ਦੇ ਸਾਰੇ ਵੱਡੇ-ਛੋਟੇ ਆਗੂ ਨਾ ਹੇਮੰਤ ਨੂੰ ਗਲਤ ਕਹਿ ਸਕਦੇ ਹਨ ਤੇ ਨਾ ਸਾਧਵੀ ਨੂੰ ਮੂੰਹ ਬੰਦ ਰੱਖਣ ਲਈ ਕਹਿਣ ਦੀ ਜੁਰਅੱਤ ਕਰਦੇ ਹਨ ਤੇ ਸਾਧਵੀ ਆਏ ਦਿਨ ਇਹੋ ਜਿਹੇ ਬਿਆਨ ਛੱਡੀ ਜਾਂਦੀ ਹੈ ਕਿ ਉਸ ਨਾਲ ਸਿਰਫ ਇਸ ਪਾਰਟੀ ਦਾ ਨਹੀਂ, ਸਾਰੇ ਭਾਰਤ ਦਾ ਵੀ ਅਕਸ ਖਰਾਬ ਹੋਈ ਜਾਂਦਾ ਹੈ।
ਤੀਸਰਾ ਮਾਮਲਾ ਉੱਤਰ ਪ੍ਰਦੇਸ਼ ਵਿੱਚ ਬਣਾਏ ਜਾ ਰਹੇ ਰਾਮ ਮੰਦਰ ਲਈ ਜ਼ਮੀਨ ਦੀ ਖਰੀਦ ਸੌਦਿਆਂ ਵਿੱਚ ਹੁੰਦੇ ਭ੍ਰਿਸ਼ਟਾਚਾਰ ਦਾ ਹੈ। ਪਹਿਲਾਂ ਚਰਚਾ ਛਿੜੀ ਕਿ ਜ਼ਮੀਨ ਦਾ ਇੱਕ ਹਿੱਸਾ ਦੋ ਪ੍ਰਾਪਰਟੀ ਡੀਲਰਾਂ ਨੇ ਕਿਸੇ ਬੰਦੇ ਕੋਲੋਂ ਢਾਈ ਕਰੋੜ ਰੁਪਏ ਦਾ ਖਰੀਦਿਆ ਅਤੇ ਸਿਰਫ ਦਸ ਮਿੰਟ ਪਿੱਛੋਂ ਉਹੋ ਜ਼ਮੀਨ ਸਾਢੇ ਅਠਾਰਾਂ ਕਰੋੜ ਵਿੱਚ ਰਾਮ ਮੰਦਰ ਨੂੰ ਵੇਚ ਦਿੱਤੀ ਹੈ ਅਤੇ ਢਾਈ ਕਰੋੜ ਤੇ ਸਾਢੇ ਅਠਾਰਾਂ ਕਰੋੜ ਦੇ ਦੋਵਾਂ ਸੌਦਿਆਂ ਉੱਤੇ ਰਾਮ ਮੰਦਰ ਦੇ ਇੱਕ ਟਰੱਸਟੀ ਦੇ ਦਸਖਤ ਹਨ। ਏਦਾਂ ਸਿਰਫ ਦਸ ਮਿੰਟਾਂ ਵਿੱਚ ਸਾਢੇ ਸੋਲਾਂ ਕਰੋੜ ਦੀ ਹੇਰਾਫੇਰੀ ਕੀਤੀ ਨੰਗੀ ਹੋ ਗਈ। ਪਿੱਛੋਂ ਇਸ ਸੌਦੇ ਬਾਰੇ ਇਹ ਭੇਦ ਖੁੱਲ੍ਹਾ ਕਿ ਜਿਨ੍ਹਾਂ ਦੋ ਪ੍ਰਾਪਰਟੀ ਡੀਲਰਾਂ ਨੇ ਢਾਈ ਕਰੋੜ ਰੁਪਏ ਦੀ ਜ਼ਮੀਨ ਖਰੀਦ ਕੇ ਦਸ ਮਿੰਟਾਂ ਪਿੱਛੋਂ ਰਾਮ ਮੰਦਰ ਨੂੰ ਸਾਢੇ ਅਠਾਰਾਂ ਕਰੋੜ ਦੀ ਵੇਚੀ ਸੀ, ਉਨ੍ਹਾਂ ਨੇ ਜਿਸ ਬੰਦੇ ਤੋਂ ਢਾਈ ਕਰੋੜ ਦੀ ਜ਼ਮੀਨ ਲਈ, ਉਹ ਅਯੁੱਧਿਆ ਖੇਤਰ ਦੇ ਹਜ਼ਾਰਾਂ ਲੋਕਾਂ ਨਾਲ ਕਰੋੜਾਂ ਦੀ ਠੱਗੀ ਦਾ ਦੋਸ਼ੀ ਸੀ ਤੇ ਅਦਾਲਤ ਨੇ ਭਗੌੜਾ ਕਰਾਰ ਦੇ ਕੇ ਦੋ ਸਾਲ ਪਹਿਲਾਂ ਉਸ ਦੀ ਸਾਰੀ ਜਾਇਦਾਦ ਜ਼ਬਤ ਕਰਵਾ ਦਿੱਤੀ ਸੀ। ਜੇ ਉਸ ਦੀ ਸਾਰੀ ਜਾਇਦਾਦ ਦੋ ਸਾਲ ਪਹਿਲਾਂ ਅਦਾਲਤੀ ਹੁਕਮ ਦੇ ਨਾਲ ਜ਼ਬਤ ਹੋ ਚੁੱਕੀ ਸੀ ਤਾਂ ਇਹ ਢਾਈ ਕਰੋੜ ਦੀ ਜ਼ਮੀਨ ਕਿਵੇਂ ਬਚੀ ਰਹਿ ਗਈ ਤੇ ਸਵਾਲ ਇਹ ਵੀ ਹੈ ਕਿ ਜਿਸ ਬੰਦੇ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ, ਉਹ ਇਸ ਜ਼ਮੀਨ ਦੀ ਰਜਿਸਟਰੀ ਕਰਨ ਲਈ ਪੁਲਸ ਦੀ ਹਾਜ਼ਰੀ ਵਿੱਚ ਅਦਾਲਤ ਕਿਵੇਂ ਪਹੁੰਚ ਗਿਆ? ਹਾਲੇ ਇਹ ਗੱਲ ਠੰਢੀ ਨਾ ਪਈ ਕਿ ਏਸੇ ਰਾਮ ਮੰਦਰ ਲਈ ਢਾਈ ਕਰੋੜ ਦੀ ਜ਼ਮੀਨ ਖਰੀਦਣ ਦਾ ਇੱਕ ਹੋਰ ਸਕੈਂਡਲ ਨਿਕਲ ਪਿਆ। ਭਾਜਪਾ ਆਗੂ ਅਤੇ ਅਯੁੱਧਿਆ ਦੇ ਮੇਅਰ ਦੇ ਭਤੀਜੇ ਨੇ ਕਿਸੇ ਤੋਂ ਏਸੇ ਸਾਲ ਫਰਵਰੀ ਵਿੱਚ ਜ਼ਮੀਨ ਦਾ ਇਹ ਦੂਸਰਾ ਟੁਕੜਾ ਵੀਹ ਲੱਖ ਦਾ ਖਰੀਦਿਆ ਸੀ ਤੇ ਮਈ ਚੜ੍ਹਦੇ ਸਾਰ ਉਸ ਨੇ ਰਾਮ ਮੰਦਰ ਨੂੰ ਢਾਈ ਕਰੋੜ ਰੁਪਏ ਦਾ ਵੇਚ ਕੇ ਦੋ ਕਰੋੜ ਤੀਹ ਲੱਖ ਕਮਾ ਲਏ। ਇਹ ਚਰਚਾ ਛਿੜਦੇ ਸਾਰ ਓਥੋਂ ਦੇ ਹਨੂੰਮਾਨ ਮੰਦਰ ਦੇ ਮਹੰਤ ਨੇ ਰੌਲਾ ਪਾ ਦਿੱਤਾ ਕਿ ਮੇਅਰ ਦੇ ਭਤੀਜੇ ਨੂੰ ਇਹ ਜ਼ਮੀਨ ਰਾਮ ਮੰਦਰ ਲਈ ਸਾਡੇ ਮੰਦਰ ਨੇ ਦਾਨ ਦਿੱਤੀ ਸੀ, ਸੌਦਾ ਕਿਸ ਤਰ੍ਹਾਂ ਕੀਤਾ ਗਿਆ ਹੈ? ਫਿਰ ਇਹ ਭੇਦ ਖੁੱਲ੍ਹਾ ਕਿ ਇਹ ਸਰਕਾਰੀ ਜ਼ਮੀਨ ਸੀ, ਜਿਸ ਨੂੰ ਨਜ਼ੂਲ ਕਿਹਾ ਜਾਂਦਾ ਹੈ ਤੇ ਇਹ ਜਿਸ ਕੋਲ ਹੋਵੇ, ਉਹ ਵਰਤ ਸਕਦਾ ਹੈ, ਅੱਗੇ ਕਿਸੇ ਨੂੰ ਵੇਚਣ ਦਾ ਸੌਦਾ ਕਰ ਹੀ ਨਹੀਂ ਸਕਦਾ ਤੇ ਚੌਬੁਰਜੀ ਦੇ ਹਨੂੰਮਾਨ ਮੰਦਰ ਕੋਲ ਵੀ ਇਹ ਜ਼ਮੀਨ ਬਗੈਰ ਰਜਿਸਟਰੀ ਤੋਂ ਸੀ ਤੇ ਉਨ੍ਹਾਂ ਦਾਨ ਵਿੱਚ ਦੇਣ ਵੇਲੇ ਇਹ ਗੱਲ ਦੱਸ ਦਿੱਤੀ ਸੀ। ਉਸ ਦੀ ਰਜਿਸਟਰੀ ਕਰਨ-ਕਰਾਉਣ ਦੀ ਲੋੜ ਨਹੀਂ ਸੀ, ਪਰ ਰਜਿਸਟਰੀ ਦਾ ਨਾਟਕ ਇਸ ਜ਼ਮੀਨ ਨੂੰ ਨਜ਼ੂਲ ਦੀ ਸਰਕਾਰੀ ਜ਼ਮੀਨ ਦੱਸਣ ਦੇ ਬਜਾਏ ਮੇਅਰ ਦੇ ਭਤੀਜੇ ਦੇ ਨਿੱਜੀ ਮਾਲਕੀ ਦੱਸਣ ਵਾਸਤੇ ਜਾਅਲੀ ਮਾਲਕ ਖੜਾ ਕਰ ਕੇ ਉਸ ਕੋਲੋਂ ਇੱਕ ਰਜਿਸਟਰੀ ਕਰਵਾ ਕੇ ਆਪਣੇ ਨਾਂਅ ਕਰਵਾਉਣੀ ਤੇ ਰਾਮ ਮੰਦਰ ਦੇ ਨਾਂਅ ਵੇਚ ਕੇ ਢਾਈ ਕਰੋੜ ਰੁਪਏ ਦੀ ਕਮਾਈ ਕਰਨੀ ਸੀ। ਰਜਿਸਟਰੀ ਪਹਿਲੀ ਹੋਵੇ ਜਾਂ ਦੂਸਰੀ, ਇਹ ਸਾਰਾ ਕੁਝ ਉਨ੍ਹਾਂ ਲੀਡਰਾਂ ਨੇ ਕੀਤਾ ਹੈ, ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਰਾਮ-ਭਗਤ ਹਨ ਅਤੇ ਰਾਮ ਮੰਦਰ ਨਾਲ ਧੋਖਾ ਕਰਨ ਤੋਂ ਵੀ ਨਹੀਂ ਝਿਜਕੇ।
ਏਥੇ ਆ ਕੇ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਜਦੋਂ ਏਨਾ ਹਨੇਰ-ਖਾਤਾ ਹੁੰਦਾ ਹੈ ਤਾਂ ਸਰਕਾਰ ਦੇ ਅਧਿਕਾਰੀ ਕੀ ਕਰਦੇ ਹਨ, ਉਨ੍ਹਾਂ ਨੂੰ ਤਨਖਾਹਾਂ ਕਾਹਦੇ ਲਈ ਮਿਲਦੀਆਂ ਹਨ? ਇਹ ਜਾਨਣ ਲਈ ਵੀ ਕਿਸੇ ਤੀਸਰੇ ਰਾਜ ਦੀ ਕਹਾਣੀ ਪਾਉਣ ਦੀ ਥਾਂ ਏਸੇ ਉੱਤਰ ਪ੍ਰਦੇਸ਼ ਦਾ ਇੱਕ ਕਿੱਸਾ ਹੋਰ ਲੱਭ ਪਿਆ ਹੈ, ਜਿਸ ਤੋਂ ਸੋਚਿਆ ਜਾ ਸਕਦਾ ਹੈ ਕਿ ਉਸ ਰਾਜ ਵਿੱਚ ਏਦਾਂ ਦਾ ਕੰਮ ਅੱਜ ਨਹੀਂ ਹੋਣ ਲੱਗਾ, ਚਿਰਾਂ ਤੋਂ ਹੁੰਦਾ ਪਿਆ ਹੈ। ਪਿਛਲੇ ਹਫਤੇ ਕਾਨਪੁਰ ਵਿੱਚ ਪੁਲਸ ਨੇ ਕੁਝ ਬੱਚੇ ਚੌਕਾਂ ਵਿੱਚ ਭੀਖ ਮੰਗਦੇ ਫੜੇ ਤਾਂ ਸੋਚਿਆ ਕਿ ਕਿਸੇ ਆਸ਼ਰਮ ਵਿੱਚ ਭੇਜ ਦਿੱਤੇ ਜਾਣ। ਜਦੋਂ ਸਰਕਾਰ ਦੇ ਸਮਾਜ ਭਲਾਈ ਮਹਿਕਮੇ ਵੱਲੋਂ ਚਲਾਏ ਜਾਂਦੇ ਆਸ਼ਰਮ ਬਾਰੇ ਪੁੱਛਿਆ ਤਾਂ ਉਹ ਭੇਦ ਖੁੱਲ੍ਹ ਗਿਆ, ਜਿਸ ਬਾਰੇ ਕੋਈ ਸੋਚ ਨਹੀਂ ਸਕਦਾ। ਪਤਾ ਲੱਗਾ ਕਿ ਬੱਤੀ ਸਾਲ ਪਹਿਲਾਂ ਰਾਜ ਸਰਕਾਰ ਨੇ ਉਸ ਸ਼ਹਿਰ ਵਿੱਚ ਭਿਖਾਰੀਆਂ ਲਈ ਇੱਕ ਆਸ਼ਰਮ ਬਣਾਇਆ ਤੇ ਦੋ ਦਰਜਨ ਦੇ ਕਰੀਬ ਮੁਲਾਜ਼ਮ ਭਰਤੀ ਕੀਤੇ ਸਨ, ਜਿਨ੍ਹਾਂ ਵਿੱਚੋਂ ਬਾਕੀ ਸਾਰੇ ਰਿਟਾਇਰ ਹੋ ਗਏ ਤੇ ਇਸ ਵਕਤ ਸਿਰਫ ਇੱਕ ਕਲਰਕ ਅਤੇ ਦੋ ਸੇਵਾਦਾਰ ਹਨ। ਉਸ ਆਸ਼ਰਮ ਵਿੱਚ ਭਿਖਾਰੀਆਂ ਦੇ ਰਹਿਣ ਲਈ ਅਠਾਰਾਂ ਕਮਰੇ ਤੇ ਕੰਮ ਕਰਨ ਦੀ ਟਰੇਨਿੰਗ ਦੇਣ ਲਈ ਚਾਰ ਹਾਲ ਕਮਰੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਬੱਤੀ ਸਾਲਾਂ ਵਿੱਚ ਕਦੇ ਇੱਕ ਵੀ ਭਿਖਾਰੀ ਫੜ ਕੇ ਏਥੇ ਨਹੀਂ ਲਿਆਂਦਾ ਗਿਆ ਅਤੇ ਅਠਾਰਾਂ ਹਜ਼ਾਰ ਰੁਪਏ ਮਹੀਨਾ ਕਿਰਾਏ ਦੀ ਬਿਲਡਿੰਗ ਵਿੱਚ ਮੁਲਾਜ਼ਮ ਨੌਕਰੀ ਕਰਦੇ ਤੇ ਰਿਟਾਇਰ ਹੋ ਜਾਂਦੇ ਰਹੇ। ਇਨ੍ਹਾਂ ਬੱਤੀ ਸਾਲਾਂ ਵਿੱਚ ਇੱਕ ਵਾਰੀ ਮੁੱਖ ਮੰਤਰੀ ਐੱਨ ਡੀ ਤਿਵਾੜੀ ਦਾ ਰਾਜ ਸੀ, ਦੋ ਵਾਰੀ ਕਲਿਆਣ ਸਿੰਘ, ਤਿੰਨ ਵਾਰੀ ਬੀਬੀ ਮਾਇਆਵਤੀ, ਚਾਰ ਵਾਰੀ ਮੁਲਾਇਮ ਸਿੰਘ, ਇੱਕ ਵਾਰੀ ਭਾਰਤ ਦਾ ਅੱਜ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਇੱਕ ਵਾਰੀ ਮੁਲਾਇਮ ਸਿੰਘ ਦਾ ਮੁੰਡਾ ਰਾਜ ਕਰ ਚੁੱਕੇ ਹਨ, ਪਰ ਕਿਸੇ ਨੂੰ ਵੀ ਕਦੀ ਇਹ ਪਤਾ ਨਹੀਂ ਲੱਗਾ ਕਿ ਉਨ੍ਹਾਂ ਦੇ ਰਾਜ ਵਿੱਚ ਆਹ ਕੁਝ ਹੋਈ ਜਾਂਦਾ ਹੈ। ਜਿਸ ਰਾਜ ਵਿੱਚ ਹਰ ਰੰਗ ਦੀ ਪਾਰਟੀ ਦੀ ਸਰਕਾਰ ਦੌਰਾਨ ਇੱਕ ਡੱਕਾ ਵੀ ਤੋੜੇ ਬਿਨਾਂ ਬੱਤੀ ਸਾਲ ਬਾਈ ਮੁਲਾਜ਼ਮ ਤਨਖਾਹਾਂ ਲੈ ਕੇ ਸੇਵਾ-ਮੁਕਤ ਹੋ ਸਕਦੇ ਹਨ, ਭਗਵਾਨ ਰਾਮ ਦੇ ਨਾਂਅ ਉੱਤੇ ਜ਼ਮੀਨ ਖਰੀਦਣ ਲਈ ਰਾਮ ਮੰਦਰ ਦਾ ਇੱਕ ਟਰੱਸਟੀ ਤੇ ਰਾਮ ਦੀ ਨਗਰੀ ਦਾ ਮੇਅਰ ਠੱਗੀ-ਠੋਰੀ ਦੀ ਚਰਚਾ ਵਿੱਚ ਆ ਸਕਦੇ ਹਨ, ਉਸ ਰਾਜ ਵਿੱਚ ਹੋਰ ਕਿਹੜਾ ਪੁੱਠਾ ਕੰਮ ਨਹੀਂ ਹੁੰਦਾ ਹੋਵੇਗਾ, ਪਰ ਇਹ ਬਿਲਕੁਲ ਨਹੀਂ ਸਮਝਣਾ ਚਾਹੀਦਾ ਕਿ ਇਹ ਸਿਰਫ ਰਾਮ ਮੰਦਰ ਵਾਲੇ ਉੱਤਰ ਪ੍ਰਦੇਸ਼ ਵਿੱਚ ਹੁੰਦਾ ਹੈ, ਭਾਰਤ-ਮਹਾਨ ਦੇ ਲਗਭਗ ਹਰ ਰਾਜ ਵਿੱਚ ਏਦਾਂ ਦੇ ਕਿੱਸੇ ਬਹੁਤ ਲੱਭ ਪੈਣਗੇ, ਕੋਈ ਲੱਭਣ ਵਾਲਾ ਚਾਹੀਦਾ ਹੈ। ਫਿਰ ਜਿਸ ਪੱਤਰਕਾਰ ਜਾਂ ਹੋਰ ਲੇਖਕ ਨੇ ਇਨ੍ਹਾਂ ਕਿੱਸਿਆਂ ਦੀ ਚਰਚਾ ਕਰਨੀ ਹੈ, ਉਸ ਉੱਤੇ ਦੇਸ਼-ਧ੍ਰੋਹ ਦਾ ਕੇਸ ਕੋਈ ਵੀ ਸਰਕਾਰ ਬਣਾ ਸਕਦੀ ਹੈ ਤੇ ਇਸ ਦਾ ਚੇਤਾ ਰੱਖਣਾ ਚਾਹੀਦਾ ਹੈ, ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦੇ ਬਾਵਜੂਦ ਭਾਰਤ ਦੀਆਂ ਸਰਕਾਰਾਂ ਨੇ ਏਦਾ ਕਰਨ ਤੋਂ ਟਲਣਾ ਨਹੀਂ।

Read More Latest Punjabi Article 2021

ਲੇਖ

ਅਸੂਲਾਂ ਦੀ ਅਣ-ਦਿੱਸਦੀ ਚਾਦਰ ਓਹਲੇ ਸੰਸਾਰ ਬਾਜ਼ਾਰ ਵਿੱਚ ਬੇਪਰਦ ਖੜੋਤਾ ਅੱਜ ਦਾ ਮਨੁੱਖ-ਜਤਿੰਦਰ ਪਨੂੰ

Published

on

punjabi article

ਬਹੁਤ ਸਾਰੇ ਲੋਕ ਚਾਹੁੰਦੇ ਹੋਣਗੇ ਕਿ ਪੰਜਾਬ ਦੀ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਏ ਗਏ ਨਵਜੋਤ ਸਿੰਘ ਸਿੱਧੂ ਦੀ ਇੱਕੋ ਹਫਤੇ ਵਿੱਚ ਅਸਮਾਨੀ ਰਾਕੇਟ ਵਰਗੀ ਸਿਆਸੀ ਚੜ੍ਹਤ ਦੀ ਗੱਲ ਪਹਿਲਾਂ ਕੀਤੀ ਜਾਵੇ, ਅਤੇ ਉਨ੍ਹਾਂ ਦਾ ਇਸ ਤਰ੍ਹਾਂ ਸੋਚਣਾ ਗਲਤ ਨਹੀਂ, ਪਰ ਓਧਰ ਝਾਕਣ ਦੀ ਥਾਂ ਅਸੀਂ ਦੂਸਰਾ ਮੁੱਦਾ ਛੋਹਣਾ ਚਾਹੁੰਦੇ ਹਾਂ। ਇਹ ਦੂਸਰਾ ਮੁੱਦਾ ਭਾਰਤ ਦੇ ਲੋਕਾਂ ਉੱਤੇ ਅਸਰ ਪਾਉਂਦਾ ਹੈ, ਜਿਨ੍ਹਾਂ ਵਿੱਚ ਪੰਜਾਬ ਦੇ ਲੋਕ ਸ਼ਾਮਲ ਹਨ ਅਤੇ ਦੁਨੀਆ ਭਰ ਦੇ ਲੋਕਾਂ ਦਾ ਨਸੀਬ ਵੀ ਉਸ ਦੀ ਮਾਰ ਹੇਠ ਆਇਆ ਪਿਆ ਹੈ। ਜਿਹੜੇ ਸਾਫਟਵੇਅਰ ਭਲੇ ਦਾ ਸਬੱਬ ਜਾਪਦੇ ਸਨ, ਉਹ ਡਰਾਉਣੇ ਭੂਤ ਬਣੇ ਪਏ ਹਨ ਤੇ ਉਨ੍ਹਾਂ ਤੋਂ ਸਾਰੀ ਦੁਨੀਆ ਤ੍ਰਹਿਕੀ ਪਈ ਹੈ। ਅੱਜਕੱਲ੍ਹ ਭਾਰਤ ਵਿੱਚ ਜਾਸੂਸੀ ਕਾਂਡ ਦਾ ਰੌਲਾ ਵੀ ਓਸੇ ਦਾ ਹੈ।
ਪਿਛਲੇ ਦਿਨੀਂ ਇਹ ਖਬਰ ਇੱਕਦਮ ਆਈ ਅਤੇ ਫਿਰ ਹਰ ਪਾਸੇ ਛਾ ਗਈ ਕਿ ਇਸਰਾਈਲ ਦੀ ਇੱਕ ਕੰਪਨੀ ਦਾ ਬਣਾਇਆ ਪੈਗਾਸਸ ਸਾਫਟਵੇਅਰ ਵਰਤ ਕੇ ਭਾਰਤ ਦੇ ਵੱਡੇ ਲੋਕਾਂ ਦੇ ਫੋਨ ਸੁਣੇ ਜਾ ਰਹੇ ਹਨ। ਭਾਰਤ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਇਸ ਬਾਰੇ ਸਿੱਧਾ ਦੋਸ਼ ਲਾਇਆ ਗਿਆ ਤੇ ਸਰਕਾਰ ਨੇ ਇਸ ਦੀ ਸਫਾਈ ਵਿੱਚ ਕੁਝ ਤੱਥ ਪੇਸ਼ ਕਰਨ ਦੀ ਥਾਂ ਇਹੋ ਰੱਟ ਲਾ ਰੱਖੀ ਕਿ ਅਸੀਂ ਕੁਝ ਗਲਤ ਨਹੀਂ ਕੀਤਾ। ਗਲਤ ਭਾਵੇਂ ਨਾ ਕੀਤਾ ਹੋਵੇ, ਪਰ ਕੀਤਾ ਕੀ ਹੈ, ਇਹ ਭੇਦ ਖੋਲ੍ਹਣ ਲਈ ਸਰਕਾਰ ਨਹੀਂ ਮੰਨਦੀ। ਜਿਸ ਦੇਸ਼ ਦੀ ਕੰਪਨੀ ਨੇ ਇਹ ਜਾਸੂਸੀ ਸਾਫਟਵੇਅਰ ਬਣਾਇਆ ਹੈ, ਓਥੇ ਇਸ ਦੀ ਜਾਂਚ ਲਈ ਇੱਕ ਉੱਚ ਪੱਧਰੀ ਟੀਮ ਬਣਾਈ ਗਈ ਹੈ, ਜਿਨ੍ਹਾਂ ਵਿਕਸਤ ਦੇਸ਼ਾਂ ਵਿੱਚ ਇਸ ਸਾਫਟਵੇਅਰ ਦੀ ਵਰਤੋਂ ਨਾਲ ਜਾਸੂਸੀ ਕੀਤੀ ਦੱਸੀ ਜਾ ਰਹੀ ਸੀ, ਓਥੇ ਵੀ ਜਾਂਚ ਚੱਲ ਜਾ ਰਹੀ ਹੈ, ਪਰ ਭਾਰਤ ਦੀ ਸਰਕਾਰ ਅਜੇ ਵੀ ਇੱਕੋ ਰੱਟ ਲਾਈ ਜਾਂਦੀ ਹੈ ਕਿ ਕੁਝ ਗਲਤ ਨਹੀਂ ਕੀਤਾ। ਇਸਰਾਈਲ ਵਿੱਚ ਸਰਕਾਰ ਬਦਲ ਚੁੱਕੀ ਹੈ। ਜਿਹੜੇ ਪਿਛਲੇ ਪ੍ਰਧਾਨ ਮੰਤਰੀ ਨੇ ਗੱਦੀ ਛੱਡੀ ਹੈ, ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਨੇੜੂ ਗਿਣਿਆ ਜਾਂਦਾ ਸੀ ਅਤੇ ਜਿਹੜਾ ਪ੍ਰਧਾਨ ਮੰਤਰੀ ਬਣਿਆ ਹੈ, ਉਹ ਉਸ ਪਹਿਲੇ ਦਾ ਵਿਰੋਧੀ ਹੋਣ ਕਾਰਨ ਭਾਰਤ ਨਾਲ ਓਦਾਂ ਦਾ ਸਹਿਯੋਗ ਸ਼ਾਇਦ ਨਹੀਂ ਕਰੇਗਾ। ਓਥੋਂ ਆਉਂਦੀਆਂ ਰਿਪੋਰਟਾਂ ਮੁਤਾਬਕ ਓਥੋਂ ਦੀ ਸਰਕਾਰ ਇਸ ਪੈਗਾਸੱਸ ਸਾਫਟਵੇਅਰ ਨੂੰ ਸਿਰਫ ਸਾਫਟਵੇਅਰ ਨਹੀਂ, ਇੱਕ ਹਥਿਆਰ ਮੰਨਦੀ ਹੈ ਤੇ ਏਸੇ ਲਈ ਕਿਸੇ ਵੀ ਗੈਰ ਸਰਕਾਰੀ ਜਥੇਬੰਦੀ ਨੂੰ ਵੇਚਣ ਦੀ ਪੱਕੀ ਮਨਾਹੀ ਦੇ ਨਾਲ ਸਿਰਫ ਸਰਕਾਰਾਂ ਨੂੰ ਓਥੋਂ ਦੀ ਸਰਕਾਰ ਦੀ ਆਗਿਆ ਨਾਲ ਵੇਚਣ ਦਾ ਨਿਯਮ ਹੈ। ਇਹ ਗੱਲ ਸੱਚੀ ਹੋਵੇ ਤਾਂ ਫਿਰ ਭਾਰਤ ਨੂੰ ਵੀ ਪਿਛਲੇ ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਮਰਜ਼ੀ ਬਿਨਾਂ ਨਹੀਂ ਮਿਲਿਆ ਹੋਵੇਗਾ। ਏਦਾਂ ਦਾ ਗੁਪਤ ਹਥਿਆਰ ਲਿਆਉਣ ਤੇ ਚੁੱਪ-ਚੁਪੀਤੇ ਵਰਤਣ ਪਿੱਛੇ ਨਰਿੰਦਰ ਮੋਦੀ ਸਰਕਾਰ ਦੀ ਕੀ ਸੋਚਣੀ ਸੀ, ਲੋਕਤੰਤਰ ਵਿੱਚ ਦੇਸ਼ ਦੇ ਆਮ ਲੋਕਾਂ ਨੂੰ ਇਹ ਗੱਲ ਜਾਨਣ ਦਾ ਕਾਨੂੰਨੀ ਅਧਿਕਾਰ ਹੋਣਾ ਚਾਹੀਦਾ ਹੈ, ਜਿਹੜਾ ਮੰਨਿਆ ਨਹੀਂ ਜਾ ਰਿਹਾ।
ਇਹ ਇੱਕ ਵੱਡਾ ਮੁੱਦਾ ਹੈ ਅਤੇ ਬਿਨਾਂ ਸ਼ੱਕ ਬੜਾ ਵੱਡਾ ਮੁੱਦਾ ਹੈ, ਪਰ ਸਵਾਲ ਇਹ ਹੈ ਕਿ ਪੈਗਾਸੱਸ ਆਉਣ ਤੋਂ ਬਿਨਾਂ ਵੀ ਅੱਜ ਦੇ ਯੁੱਗ ਵਿੱਚ ਆਮ ਲੋਕਾਂ ਦੀ ਕਿਹੜੀ ਕੋਈ ਪ੍ਰਾਈਵੇਸੀ ਰਹਿ ਗਈ ਹੈ! ਸਾਡੇ ਕੋਲ ਮੋਬਾਈਲ ਫੋਨ ਹਨ ਅਤੇ ਉਨ੍ਹਾਂ ਵਿੱਚ ਹਰ ਤੀਸਰੇ-ਚੌਥੇ ਦਿਨ ਸਾਫਟਵੇਅਰ ਦੀ ਅਪ-ਡੇਟਿੰਗ ਸ਼ੁਰੂ ਹੋ ਜਾਂਦੀ ਹੈ। ਸਾਨੂੰ ਪੁੱਛੇ ਬਿਨਾਂ ਏਹੋ ਜਿਹੀ ਅਪ-ਡੇਟਿੰਗ ਕਰਨ ਦਾ ਪ੍ਰਬੰਧ ਅਗੇਤਾ ਕਰੀ ਬੈਠੀਆਂ ਫੋਨ ਕੰਪਨੀਆਂ ਸਿਰਫ ਅਪ-ਡੇਟਿੰਗ ਕਰਦੀਆਂ ਹਨ ਜਾਂ ਇਸ ਦੇ ਬਹਾਨੇ ਨਾਲ ਸਾਡੇ ਫੋਨ ਵਿੱਚੋਂ ਹਰ ਕਿਸਮ ਦਾ ਡਾਟਾ ਕੱਢ ਲੈਂਦੀਆਂ ਹਨ, ਅਸੀਂ ਇਹ ਨਹੀਂ ਜਾਣ ਸਕਦੇ। ਆਮ ਆਦਮੀ ਕਿਸੇ ਕਿਸਮ ਦੀ ਕੋਈ ਐਪ ਆਪਣੇ ਫੋਨ ਉੱਤੇ ਜਦੋਂ ਡਾਊਨਲੋਡ ਕਰਦਾ ਹੈ ਤਾਂ ਕਈ ਥਾਂਈਂ ਇਸ ਐਪ ਨਾਲ ਸੰਬੰਧਤ ਸ਼ਰਤਾਂ ਅਤੇ ਕੰਡੀਸ਼ਨਾਂ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਭੇਦ ਦੱਸੇ ਬਿਨਾਂ ਇਹ ਲਿਖਿਆ ਮਿਲਦਾ ਹੈ ਕਿ ਤੁਸੀਂ ਇਸ ਨੂੰ ‘ਐਕਸੈਪਟ’ (ਪ੍ਰਵਾਨ) ਕਰੋ, ਵਰਨਾ ਉਹ ਐਪ ਚੱਲ ਨਹੀਂ ਸਕਦੀ। ਉਨ੍ਹਾਂ ਸ਼ਰਤਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਤੇ ਅਸੀਂ ਹਰ ਥਾਂ ਐਕਸੈਪਟ ਉੱਤੇ ਕਲਿਕ ਕਰ ਕੇ ਆਪਣੇ ਹੱਥ ਵੱਢ ਕੇ ਦੇਈ ਜਾਂਦੇ ਹਾਂ। ਸਾਡੇ ਕੋਲ ਕੰਪਿਊਟਰ ਜਾਂ ਲੈਪ-ਟਾਪ ਦਾ ਹੋਣਾ ਅੱਜਕੱਲ੍ਹ ਆਮ ਗੱਲ ਹੈ, ਇਸ ਦੀ ਸਕਰੀਨ ਉੱਪਰ ਕੈਮਰਾ ਵੀ ਲੱਗਾ ਆਉਣ ਲੱਗ ਪਿਆ ਹੈ। ਮਾਹਰ ਕਹਿੰਦੇ ਹਨ ਕਿ ਉਹ ਕੈਮਰਾ ਕੰਪਿਊਟਰ ਦੇ ਬੰਦ ਕੀਤੇ ਤੋਂ ਵੀ ਚੱਲਦਾ ਰਹਿੰਦਾ ਹੈ ਤੇ ਜਦੋਂ ਤੁਸੀਂ ਅਗਲੀ ਵਾਰੀ ਕੰਪਿਊਟਰ ਨੂੰ ਚਾਲੂ ਕਰਦੇ ਹੋ ਤਾਂ ਇੰਟਰਨੈੱਟ ਮਿਲਦੇ ਸਾਰ ਆਪਣੀ ਸਾਰੀ ਰਿਕਾਰਡਿੰਗ ਕਿਸ ਕੰਪਨੀ ਨੂੰ ਕਿੱਦਾਂ ਭੇਜਦਾ ਹੈ, ਸਾਨੂੰ ਕਦੀ ਇਹ ਪਤਾ ਹੀ ਨਹੀਂ ਲੱਗਦਾ। ਅਸੀਂ ਕਿਸੇ ਪਾਸੇ ਜਾਂਦੇ ਹਾਂ ਤਾਂ ਓਥੋਂ ਦਾ ਵਾਈ-ਫਾਈ ਕੁਨੈਕਸ਼ਨ ਬੜੇ ਆਰਾਮ ਨਾਲ ਵਰਤਦੇ ਹਾਂ, ਪਰ ਸਾਨੂੰ ਇਹ ਗੱਲ ਪਤਾ ਨਹੀਂ ਹੁੰਦੀ ਕਿ ਜਿਸ ਵਿਅਕਤੀ ਕੋਲ ਇਸ ਵਾਈ-ਫਾਈ ਦੇ ਪਾਸਵਰਡ ਹਨ, ਉਹ ਇਸ ਵਿੱਚੋਂ ਸਾਰੀ ਜਾਣਕਾਰੀ ਕੱਢ ਸਕਦਾ ਹੈ ਅਤੇ ਸਾਡੇ ਪਾਸਵਰਡ ਵੀ ਉਸ ਨੂੰ ਮਿਲ ਸਕਦੇ ਹਨ। ਆਪਣੇ ਘਰ ਵਿੱਚ ਅਸੀਂ ਜਿਸ ਕਿਸੇ ਕੰਪਨੀ ਦੀ ਇੰਟਰਨੈੱਟ ਲਾਈਨ ਲਵਾ ਲਈ ਹੈ, ਉਸ ਦੇ ਇੰਜੀਨੀਅਰ ਇਸ ਦੀ ਵਰਤੋਂ ਕਰ ਕੇ ਸਾਡਾ ਹਰ ਪਾਸਵਰਡ ਕੱਢਣ ਦੀ ਤਾਕਤ ਰੱਖਦੇ ਹਨ। ਅਸੀਂ ਉਨ੍ਹਾਂ ਤੋਂ ਕੁਝ ਛਿਪਾਉਣਾ ਵੀ ਚਾਹੀਏ ਤਾਂ ਛਿਪਾ ਨਹੀਂ ਸਕਦੇ। ਲਗਭਗ ਹਰ ਥਾਂ ਮਨੁੱਖ ਇੱਕ ਤਰ੍ਹਾਂ ਇਨ੍ਹਾਂ ਸਰਵਿਸ ਪ੍ਰੋਵਾਈਡਰ ਕੰਪਨੀਆਂ ਦੀ ਨਜ਼ਰ ਹੇਠ ਰਹਿਣ ਨੂੰ ਮਜਬੂਰ ਹੈ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਰਾਸ਼ਟਰਪਤੀ ਚੋਣ ਵਿੱਚ ਡੋਨਾਲਡ ਟਰੰਪ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਮੁਕਾਬਲਾ ਸੀ, ਓਦੋਂ ਚੋਣ ਪ੍ਰਚਾਰ ਦੇ ਆਖਰੀ ਹਫਤੇ ਇੱਕ ਖਬਰ ਆਈ ਸੀ ਕਿ ਹਿਲੇਰੀ ਨੇ ਵਿਦੇਸ਼ ਮੰਤਰੀ ਹੁੰਦਿਆਂ ਬਹੁਤ ਨਾਜ਼ਕ ਮੈਸੇਜ ਸਰਕਾਰੀ ਈਮੇਲ ਦੀ ਥਾਂ ਪ੍ਰਾਈਵੇਟ ਈਮੇਲ ਤੋਂ ਭੇਜੇ ਸਨ। ਆਮ ਲੋਕਾਂ ਲਈ ਇਹ ਗੱਲ ਛੋਟੀ ਹੋਵੇਗੀ, ਪਰ ਚੋਣ ਪ੍ਰਚਾਰ ਦੇ ਆਖਰੀ ਹਫਤੇ ਆਈ ਇਹ ਖਬਰ ਹਿਲੇਰੀ ਕਲਿੰਟਨ ਦੇ ਜੜ੍ਹੀਂ ਇਸ ਲਈ ਬਹਿ ਗਈ ਸੀ ਕਿ ਸਰਕਾਰੀ ਸੰਦੇਸ਼ਾਂ ਲਈ ਪ੍ਰਾਈਵੇਟ ਈਮੇਲ ਦੀ ਵਰਤੋਂ ਦੇਸ਼ ਦੀ ਸੁਰੱਖਿਆ ਲਈ ਖਤਰਾ ਸਮਝੀ ਗਈ ਸੀ। ਜਿਹੜੀ ਪ੍ਰਾਈਵੇਟ ਸਰਵਿਸ ਪ੍ਰੋਵਾਈਡਰ ਕੰਪਨੀ ਨਾਲ ਉਸ ਦੀ ਈਮੇਲ ਦਾ ਸੰਬੰਧ ਸੀ, ਉਹ ਹਿਲੇਰੀ ਕਲਿੰਟਨ ਦੀ ਉਸ ਈਮੇਲ ਨੂੰ ਪੜ੍ਹ ਸਕਦੀ ਸੀ। ਬੇਸ਼ੱਕ ਕਿਸੇ ਨੇ ਵੀ ਨਾ ਪੜ੍ਹੀ ਹੋਵੇ, ਪਰ ਇਹ ਗੱਲ ਵੱਡੀ ਭੁੱਲ ਮੰਨੀ ਗਈ ਸੀ। ਅਸੀਂ ਲੋਕ ਆਪਣੀ ਈਮੇਲ ਦੀ ਆਈ ਡੀ ਜਿਸ ਕੰਪਨੀ ਦੇ ਸਰਵਰ ਤੋਂ ਬਣਾਉਂਦੇ ਹਾਂ, ਕਿਸੇ ਜੁਰਮ ਦੀ ਜਾਂਚ ਵਿੱਚ ਪੁਲਸ ਜਾਂ ਕੋਈ ਹੋਰ ਏਜੰਸੀ ਉਨ੍ਹਾਂ ਕੋਲੋਂ ਕਦੀ ਉਸ ਦੇ ਵੇਰਵਾ ਮੰਗ ਲਵੇ ਤੇ ਉਹ ਦੇਣ ਲਈ ਤਿਆਰ ਹੋ ਜਾਣ ਤਾਂ ਸਾਰਾ ਡਾਟਾ ਉਨ੍ਹਾਂ ਕੋਲ ਮੌਜੂਦ ਹੁੰਦਾ ਹੈ। ਭਾਰਤ ਸਰਕਾਰ ਜਦੋਂ ਟਵਿੱਟਰ, ਵਾਟਸਐਪ ਤੇ ਹੋਰ ਸਰਵਿਸ ਪ੍ਰੋਵਾਈਡਰ ਸੋਸਲ ਮੀਡੀਆ ਕੰਪਨੀਆਂ ਉੱਤੇ ਸਿ਼ਕੰਜਾ ਕੱਸਣ ਦੇ ਯਤਨ ਕਰਦੀ ਹੈ ਤਾਂ ਉਹ ਉਨ੍ਹਾਂ ਕੰਪਨੀਆਂ ਉੱਤੇ ਨਹੀਂ, ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਨਕੇਲ ਪਾਉਣ ਦੇ ਯਤਨ ਕਰਦੀ ਹੈ। ਬਹਾਨਾ ਦੇਸ਼ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦਾ ਬਣਾਇਆ ਜਾਂਦਾ ਹੈ।
ਬਹੁਤ ਸਾਰੇ ਦੇਸ਼ਾਂ ਵਿੱਚ ਇਸ ਵਕਤ ਆਮ ਇਨਸਾਨ ਦੀ ਪ੍ਰਾਈਵੇਸੀ, ਉਸ ਦੀ ਨਿੱਜੀ ਜਿ਼ੰਦਗੀ ਦੇ ਭੇਦ, ਦਾ ਕੁਝ ਓਹਲਾ ਰੱਖਣ ਦੇ ਕੇਸ ਚੱਲ ਰਹੇ ਹਨ ਤੇ ਇਸ ਦੀ ਬਹਿਸ ਵੀ ਹੋ ਰਹੀ ਹੈ। ਇਸ ਪ੍ਰਾਈਵੇਸੀ ਨੂੰ ਅਸੂਲਾਂ ਦਾ ਮਾਮਲਾ ਮੰਨ ਕੇ ਚਰਚਾ ਹੁੰਦੀ ਹੈ। ਅਸਲ ਵਿੱਚ ਪ੍ਰਾਈਵੇਸੀ ਉੱਤੇ ਅਸੂਲਾਂ ਦੀ ਅਣ-ਦਿੱਸਦੀ ਚਾਦਰ ਅਸਲੋਂ ਪਤਲੀ ਜਿਹੀ ਜਾਪਣ ਲੱਗ ਪਈ ਹੈ। ਸਰਕਾਰਾਂ ਵੀ ਆਮ ਆਦਮੀ ਦੀ ਪ੍ਰਾਈਵੇਸੀ ਵਿੱਚ ਝਾਤੀਆਂ ਮਾਰੀ ਜਾਂਦੀਆਂ ਹਨ, ਟੈਲੀਫੋਨ ਕੰਪਨੀਆਂ ਵੀ ਅਤੇ ਲੋਕਾਂ ਨੂੰ ਸੂਚਨਾ ਪੁਚਾਉਣ ਤੋਂ ਲੈ ਕੇ ਵੱਖ-ਵੱਖ ਕਿਸਮਾਂ ਦੀਆਂ ਮਨੋਰੰਜਨ ਦੀਆਂ ਐਪਸ ਪੇਸ਼ ਕਰਨ ਵਾਲੀਆਂ ਕੰਪਨੀਆਂ ਕੋਲ ਵੀ ਸਾਡੀ ਜਿ਼ੰਦਗੀ ਦੀ ਹਰ ਤਹਿ ਫੋਲਣ ਦਾ ਹੱਕ ਓਦੋਂ ਪਹੁੰਚ ਜਾਂਦਾ ਹੈ, ਜਦੋਂ ਅਸੀਂ ਉਹ ਐਪ ਚਾਲੂ ਕਰਨ ਸਮੇਂ ਸ਼ਰਤਾਂ ਬਾਰੇ ਲਿਖੀ ‘ਐਕਸੈਪਟ’ ਦੀ ਚਾਬੀ ਨੂੰ ਕਲਿੱਕ ਕਰ ਦੇਂਦੇ ਹਾਂ। ਉਹ ਕੰਪਨੀਆਂ ਜਦੋਂ ਚਾਹੁਣ ਤੇ ਜਿਵੇਂ ਵੀ ਚਾਹੁਣ, ਇਸ ਦੀ ਵਰਤੋਂ ਸਾਨੂੰ ਦੱਸੇ ਬਿਨਾਂ ਕਰ ਸਕਦੀਆਂ ਹਨ। ਸਾਡੀ ਪ੍ਰਾਈਵੇਸੀ ਸਿਰਫ ਨਾਂਅ ਦੀ ਬਾਕੀ ਹੈ। ਹਕੀਕਤ ਇਹ ਹੈ ਕਿ ਅਸੂਲਾਂ ਦੀ ਅਣ-ਦਿੱਸਦੀ ਚਾਦਰ ਓਹਲੇ ਸੰਸਾਰ ਬਾਜ਼ਾਰ ਵਿੱਚ ਅੱਜ ਦਾ ਮਨੁੱਖ ਅਸਲੋਂ ਬੇਪਰਦ ਖੜਾ ਹੈ ਅਤੇ ਏਦੂੰ ਵੀ ਵੱਡੀ ਭੇਦ ਦੀ ਗੱਲ ਇਹ ਹੈ ਕਿ ਉਸ ਨੂੰ ਆਪਣੇ ਬੇਪਰਦ ਹੋਣ ਦਾ ਪਤਾ ਹੀ ਨਹੀਂ।

Click Here To Read More Latest Punjabi Article 2021

Continue Reading

ਲੇਖ

ਤੋਤਾ ਰਾਮ ਗੁਲਾਟੀ ਵਰਗਿਆਂ ਆਸਰੇ ਸੋਚ ਨੂੰ ਅੱਗੇ ਵਧਾ ਰਿਹੈ ਸੰਘ ਪਰਵਾਰ-ਜਤਿੰਦਰ ਪਨੂੰ

Published

on

Punjabi Articles

ਕੋਈ ਢਾਈ ਦਹਾਕੇ ਪਹਿਲਾਂ ਜਰਮਨ ਮੂਲ ਦੇ ਇੱਕ ਗੋਰੇ ਨੂੰ ਬ੍ਰਿਟੇਨ ਵਿੱਚ ਕਿਸੇ ਦੇ ਘਰ ਮਿਲੇ ਤਾਂ ਉਸ ਨੇ ਕਿਹਾ ਸੀ ਕਿ ਇਤਹਾਸ ਨੂੰ ਕੋਈ ਸਦੀਵੀ ਸੱਚ ਨਹੀਂ ਮੰਨ ਲੈਣਾ ਚਾਹੀਦਾ, ਇਹ ਲਿਖਿਆ ਘੱਟ ਅਤੇ ਲਿਖਾਇਆ ਵੱਧ ਜਾਂਦਾ ਹੈ ਤੇ ਇਹੋ ਕਾਰਨ ਹੈ ਕਿ ਹੁਕਮਰਾਨ ਜ਼ਾਲਮ ਵੀ ਹੋਵੇ ਤਾਂ ਉਸ ਦੇ ਐਬ ਲੁਕਾ ਲਏ ਜਾਂਦੇ ਹਨ। ਗੱਲ ਦੂਸਰੀ ਸੰਸਾਰ ਜੰਗ ਦੇ ਦੌਰਾਨ ਹਿਟਲਰ ਵੱਲੋਂ ਕੀਤੇ ਕਤਲੇਆਮ ਅਤੇ ਉਸ ਪਿੱਛੇ ਕੰਮ ਕਰਦੀ ਸੋਚ ਨੂੰ ਹਿਟਲਰ ਵੱਲੋਂ ਸਭ ਤੋਂ ਉੱਤਮ ਮੰਨੇ ਜਾਣ ਦੀ ਨੀਤੀ ਬਾਰੇ ਹੋ ਰਹੀ ਸੀ। ਜਰਮਨ ਨੌਜਵਾਨ ਸਾਫ ਕਹਿੰਦਾ ਸੀ ਕਿ ਉਹ ਹਿਟਲਰ ਦਾ ਹਮਾਇਤੀ ਨਹੀਂ, ਪਰ ਅਗਲੀ ਗੱਲ ਇਹ ਵੀ ਜ਼ੋਰ ਨਾਲ ਕਹਿੰਦਾ ਸੀ ਕਿ ਜੇ ਹਿਟਲਰ ਜਿੱਤ ਜਾਂਦਾ ਤਾਂ ਅੱਜ ਉਸ ਨੂੰ ਗਾਲ੍ਹਾਂ ਕੱਢਣ ਵਾਲੇ ਇਤਹਾਸਕਾਰਾਂ ਦੀ ਇੱਕ ਵੱਡੀ ਗਿਣਤੀ ਨੇ ਉਸੇ ਹਿਟਲਰ ਨੂੰ ਸੰਸਾਰ ਦਾ ਸਭ ਤੋਂ ਵਧੀਆ ਹਾਕਮ ਸਾਬਤ ਕਰਦੇ ਹੋਣਾ ਸੀ। ਸ਼ਾਇਦ ਉਹ ਨੌਜਵਾਨ ਠੀਕ ਹੋ ਸਕਦਾ ਹੈ, ਇਹ ਗੱਲ ਓਦੋਂ ਮੇਰੇ ਮਨ ਵਿੱਚ ਨਹੀਂ ਸੀ, ਅੱਜ ਭਾਰਤ ਵਿੱਚ ਜੋ ਹੁੰਦਾ ਪਿਆ ਹੈ ਤੇ ਜਿਵੇਂ ਮੌਕੇ ਦੇ ਮਾਲਕ ਦੀ ਸੋਚ ਦੀ ਮਾਰ ਹੇਠ ਆਉਂਦੇ ਭਾਈਚਾਰਿਆਂ ਨਾਲ ਜੁੜੇ ਵੱਡੇ ਲੋਕ ਓਸੇ ਮਾਲਕ ਦੀ ਖੁਸ਼ੀ ਖਾਤਰ ਉਸ ਮੂਹਰੇ ਲੇਟਣੀਆਂ ਲੈਂਦੇ ਦਿੱਸਦੇ ਹਨ, ਉਸ ਤੋਂ ਜਾਪਦਾ ਹੈ ਕਿ ਉਹ ਨੌਜਵਾਨ ਠੀਕ ਕਹਿੰਦਾ ਹੋ ਸਕਦਾ ਹੈ।
ਰਾਸ਼ਟਰੀ ਸੋਇਮ ਸੇਵਕ ਸੰਘ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਆਪਣੀ ਸੋਚ ਨੂੰ ਕਦੀ ਲੁਕਾ ਕੇ ਨਹੀਂ ਰੱਖ ਸਕਿਆ। ਆਪਣੇ ਮੁੱਢ ਤੋਂ ਉਸ ਦੇ ਆਗੂਆਂ ਨੇ ਇਹ ਗੱਲ ਹਿੱਕ ਠੋਕ ਕੇ ਆਖੀ ਹੈ ਕਿ ਭਾਰਤ ਹਿੰਦੂਆਂ ਦੇ ਲਈ ਪਹਿਲੇ ਦਰਜੇ ਦੇ ਨਾਗਰਿਕ ਵਾਲਾ ਹੋਵੇ ਤੇ ਹੋਰਨਾਂ ਭਾਈਚਾਰਿਆਂ, ਖਾਸ ਕਰ ਕੇ ਮੁਸਲਿਮ ਭਾਈਚਾਰੇ ਵਾਲਿਆਂ ਨੂੰ ਏਥੇ ਬਰਾਬਰੀ ਦਾ ਦਰਜਾ ਨਹੀਂ ਹੋਣਾ ਚਾਹੀਦਾ। ਵਿੱਚ-ਵਿਚਾਲੇ ਕਦੇ-ਕਦੇ ਇਹ ਲੋਕ ਦੂਸਰੇ ਭਾਈਚਾਰਿਆਂ ਦੇ ਕੁਝ ਲੋਕਾਂ ਨੂੰ ਨਾਲ ਜੋੜ ਕੇ ਇਹ ਵਿਖਾਉਣ ਦਾ ਯਤਨ ਕਰਦੇ ਹਨ ਕਿ ਉਹ ਉਨ੍ਹਾਂ ਭਾਈਚਾਰਿਆਂ ਦਾ ਵੀ ਸਤਿਕਾਰ ਕਰਦੇ ਹਨ, ਪਰ ਅਸਲ ਵਿੱਚ ਇਹ ਬਾਹਰੀ ਪ੍ਰਭਾਵ ਹੀ ਹੁੰਦਾ ਹੈ। ਜਦੋਂ ਇਹ ਪਤਾ ਹੋਵੇ ਕਿ ਇਸ ਪ੍ਰਭਾਵ ਨੂੰ ਨਕਾਰ ਕੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਲਾਮਬੰਦ ਕਰਨ ਦਾ ਸਮਾਂ ਹੈ, ਓਦੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਸਲਿਮ ਆਗੂ ਦੀ ਭੇਟ ਕੀਤੀ ਹੋਈ ਟੋਪੀ ਲੈਣ ਤੋਂ ਭਰੇ ਸਮਾਗਮ ਵਿੱਚ ਇਨਕਾਰ ਕਰ ਕੇ ਅੰਦਰਲਾ ਸੱਚ ਜ਼ਾਹਰ ਕਰਨਾ ਵੀ ਜ਼ਰੂਰੀ ਸਮਝਦੇ ਹਨ।
ਹੈਰਾਨੀ ਇਸ ਗੱਲ ਦੀ ਕੋਈ ਨਹੀਂ ਕਿ ਆਰ ਐੱਸ ਐੱਸ ਅਤੇ ਇਸ ਨਾਲ ਜੁੜੀ ਰਾਜਨੀਤੀ ਕਰਨ ਵਾਲੇ ਆਗੂਆਂ ਦਾ ਦੂਸਰੇ ਭਾਈਚਾਰਿਆਂ ਵੱਲ ਕੀ ਰੁਖ ਹੈ, ਸਗੋਂ ਇਸ ਗੱਲ ਬਾਰੇ ਹੈ ਕਿ ਦੂਸਰੇ ਭਾਈਚਾਰਿਆਂ ਵਿਚਲੇ ਕੁਝ ਹੱਦੋਂ ਬਾਹਰੇ ਚਾਪਲੂਸ ਬੰਦੇ ਇਸ ਸੋਚਣੀ ਨੂੰ ਵਡਿਆਉਣ ਵਿੱਚ ਹੱਦਾਂ ਪਾਰ ਕਰ ਜਾਂਦੇ ਹਨ। ਇਹ ਕੰਮ ਇਸ ਵਾਰੀ ਭਾਰਤ ਦੇ ਪ੍ਰਮੁੱਖ ਵਕੀਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਵੱਲੋਂ ਲਿਖੀ ਦੱਸੀ ਜਾਂਦੀ ਇੱਕ ਕਿਤਾਬ ਭੇਟ ਕਰ ਕੇ ਕੀਤਾ ਹੈ। ਸਿੱਖ ਵਿਦਵਾਨ ਏਦਾਂ ਦੀ ਕਿਸੇ ਲਿਖਤ ਨੂੰ ਹਕੀਕਤ ਨਹੀਂ ਮੰਨਦੇ। ਇਸ ਦਾ ਦੂਸਰਾ ਪਾਸਾ ਇਹ ਹੈ ਕਿ ਸਿੱਖਾਂ ਦੇ ਕੁਝ ਧਾਰਮਿਕ ਆਗੂ ਵੀ ਪਿਛਲੇ ਸਮੇਂ ਵਿੱਚ ਭਾਜਪਾ ਨਾਲ ਅਕਾਲੀ ਦਲ ਦੀ ਸਾਂਝ ਦੇ ਸਮੇਂ ਇਹ ਸਾਬਤ ਕਰਨ ਵਾਲੇ ਬਿਆਨ ਦਿੱਤਾ ਕਰਦੇ ਸਨ ਕਿ ਗੁਰੂ ਨਾਨਕ ਸਾਹਿਬ ਭਗਵਾਨ ਰਾਮ ਦੀ ਕੁੱਲ ਵਿੱਚੋਂ ਹੋਏ ਹਨ। ਇਹ ਵਿਆਖਿਆਨ ਸ੍ਰੀ ਅਕਾਲ ਤਖਤ ਦਾ ਇੱਕ ਸਾਬਕਾ ਜਥੇਦਾਰ ਬੜਾ ਖੁੱਲ੍ਹ ਕੇ ਕਰਦਾ ਰਿਹਾ ਹੈ। ਕਹਿੰਦੇ ਹਨ ਕਿ ਉਹ ਜਥੇਦਾਰ ਏਦਾਂ ਦੀ ਵਿਆਖਿਆ ਭਾਜਪਾ ਆਗੂਆਂ ਦੇ ਰਾਹੀਂ ਅਕਾਲੀ ਲੀਡਰਸਿ਼ਪ ਉੱਤੇ ਦਬਾਅ ਪਾ ਕੇ ਆਪਣੇ ਲਈ ਜਥੇਦਾਰੀ ਜਾਂ ਇਸ ਦੇ ਬਰਾਬਰ ਦੀ ਪਦਵੀ ਲੈਣ ਦਾ ਜੁਗਾੜ ਕਰਨ ਵਾਸਤੇ ਕਰਿਆ ਕਰਦਾ ਸੀ। ਹੋ ਸਕਦਾ ਹੈ ਕਿ ਏਦਾਂ ਹੀ ਹੋਵੇ।
ਉਹ ਇਕੱਲਾ ਏਦਾਂ ਦਾ ਨਹੀਂ ਸੀ, ਮੁਸਲਿਮ ਭਾਈਚਾਰੇ ਵਿੱਚ ਵੀ ਕੁਝ ਲੋਕ ਸਿਰਫ ਇੱਕ ਪਾਰਲੀਮੈਂਟ ਸੀਟ ਜਾਂ ਕੇਂਦਰ ਦੀ ਵਜ਼ੀਰੀ ਖਾਤਰ ਆਰ ਐੱਸ ਐੱਸ ਅਤੇ ਭਾਜਪਾ ਨੂੰ ਮੁਸਲਿਮ ਭਾਈਚਾਰੇ ਦੀ ਸਭ ਤੋਂ ਵੱਡੀ ਹਿਤੈਸ਼ੀ ਪਾਰਟੀ ਸਾਬਤ ਕਰਨ ਲੱਗ ਜਾਇਆ ਕਰਦੇ ਹਨ। ਇਸ ਤੋਂ ਸਾਫ ਹੈ ਕਿ ਇਸ ਵਕਤ ਆਰ ਐੱਸ ਐੱਸ ਵਾਲੀ ਸੋਚ ਚੋਖੀ ਚੜ੍ਹਤ ਵਿੱਚ ਹੋਣ ਕਾਰਨ ਇਹ ਲੋਕ ਆਪਣੇ ਨਿੱਜੀ ਲਾਭਾਂ ਲਈ ਉਸ ਸੋਚ ਦੇ ਸੇਵਾਦਾਰ ਬਣਨ ਲਈ ਤਿਆਰ ਹਨ। ਬੀਤੇ ਹਫਤੇ ਚਿਤਰਕੂਟ ਵਿੱਚ ਆਰ ਐੱਸ ਐੱਸ ਦੀ ਸਿਖਰਲੀ ਲੀਡਰਸਿ਼ਪ ਦੀ ਬੈਠਕ ਵਿੱਚ ਇਹ ਵੀ ਫੈਸਲਾ ਹੋਇਆ ਸੁਣਿਆ ਹੈ ਕਿ ਹਿੰਦੂਤੱਵ ਦੀ ਝੰਡਾ-ਬਰਦਾਰ ਇਸ ਸੰਸਥਾ ਦੀਆਂ ਰੋਜ਼ਾਨਾ ਸ਼ਾਖਾਵਾਂ ਵਿੱਚ ਮੁਸਲਿਮ ਨੌਜਵਾਨਾਂ ਨੂੰ ਲਿਆ ਕੇ ਮੁੱਖ-ਧਾਰਾ ਦਾ ਅੰਗ ਬਣਾਉਣ ਦੀ ਸ਼ੁਰੂਆਤ ਕਰਨੀ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਇਸ ਪਿੱਛੋਂ ਇਨ੍ਹਾਂ ਦੇ ਕਹੇ ਉੱਤੇ ਤੜਕੇ ਚਾਰ ਵਜੇ ਗਰਾਊਂਡ ਵਿੱਚ ਪਰੇਡ ਕਰਨ ਲਈ ਜਾਣ ਲੱਗ ਜਾਣ ਤਾਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਕਾਰਨ ਇਹ ਹੈ ਕਿ ਬਹੁਤ ਕੱਟੜ ਸੋਚਣੀ ਵਾਲਿਆਂ ਹਾਕਮਾਂ ਦੇ ਨਾਲ ਵੀ ਨਿੱਜੀ ਲਾਭਾਂ ਲਈ ਹਰ ਯੁੱਗ ਵਿੱਚ ਉਨ੍ਹਾਂ ਦੇ ਵਿਰੋਧੀ ਪੱਖ ਵਿਚਲੇ ਕੁਝ ਲੋਕ ਜੁੜ ਜਾਂਦੇ ਰਹੇ ਹਨ ਅਤੇ ਅੱਜ ਜੋ ਕੁਝ ਹੋ ਰਿਹਾ ਹੈ, ਉਹ ਕੋਈ ਅਲੋਕਾਰ ਗੱਲ ਨਹੀਂ ਸਮਝੀ ਜਾ ਸਕਦੀ।
ਸਾਨੂੰ ਆਪਣੇ ਕੁਝ ਬਜ਼ੁਰਗਾਂ ਤੇ ਆਪਣੇ ਤੋਂ ਸੀਨੀਅਰ ਕੁਝ ਪੱਤਰਕਾਰਾਂ ਤੋਂ ਸੁਣੀ ਇਹ ਗੱਲ ਅੱਜ ਤੀਕ ਚੇਤੇ ਹੈ ਕਿ ਭਾਰਤ-ਪਾਕਿ ਵੰਡ ਵੇਲੇ ਇੱਕ ਹਿੰਦੂ ਪਰਵਾਰ ਜਦੋਂ ਭਾਰਤ ਨੂੰ ਆਇਆ ਤਾਂ ਉਨ੍ਹਾਂ ਦਾ ਬਾਪੂ ਓਥੇ ਰਹਿ ਗਿਆ ਕਿ ਜੇ ਹਾਲਾਤ ਸੁਖਾਵੇਂ ਹੋਏ ਤਾਂ ਪਰਵਾਰ ਵਾਪਸ ਆਉਣ ਤੱਕ ਜਾਇਦਾਦ ਦਾ ਖਿਆਲ ਰੱਖੇਗਾ। ਦੇਸ਼ ਦੀ ਵੰਡ ਨੇ ਨਵੀਂ ਕਿਸਮ ਦਾ ਪਾਟਕ ਪਾ ਦਿੱਤਾ, ਜਿਹੜਾ ਇਤਹਾਸ ਵਿੱਚ ਕਦੇ ਵਾਪਰਿਆ ਨਹੀਂ ਸੀ ਤੇ ਪਿਛਾਂਹ ਪਰਤਣ ਦੀ ਕੋਈ ਸੰਭਾਵਨਾ ਹੀ ਨਾ ਰਹੀ ਅਤੇ ਪੁੱਤਰਾਂ ਨੇ ਜਿਉਂਦਾ ਬਾਪੂ ਵਿੱਛੜ ਜਾਣ ਨੂੰ ਭਾਣਾ ਸਮਝ ਕੇ ਜਰ ਲਿਆ, ਪਰ ਬਾਪੂ ਖੁਦ ਕੋਈ ਫੈਸਲਾ ਨਾ ਲੈ ਸਕਿਆ ਤੇ ਓਥੋਂ ਵਾਲਿਆਂ ਦੀ ਬੁਲਾਈ ਬੋਲੀ ਬੋਲਣ ਲੱਗ ਪਿਆ। ਤੋਤਾ ਰਾਮ ਗੁਲਾਟੀ ਨਾਂਅ ਦਾ ਬਜ਼ੁਰਗ ਗਾਲੜੀ ਕਿਸਮ ਦਾ ਬੰਦਾ ਸੀ, ਓਧਰਲੀ ਹਕੂਮਤ ਨੇ ਉਸ ਦੇ ਇਸ ਗੁਣ ਨੂੰ ਭਾਰਤ ਦੇ ਵਿਰੁੱਧ ਵਰਤਿਆ ਅਤੇ ਲਾਹੌਰ ਰੇਡੀਓ ਤੋਂ ਪੰਜਾਬੀ ਪ੍ਰੋਗਰਾਮ ਵਿੱਚ ਪੇਸ਼ ਕਰਨ ਲੱਗ ਪਏ। ਉਹ ਰੋਜ਼ ਸ਼ਾਮ ਵੇਲੇ ਲਾਹੌਰ ਰੇਡੀਓ ਤੋਂ ਭਾਰਤ ਦੇ ਲੋਕਾਂ ਨੂੰ ਇਹ ਸੁਣਾਇਆ ਕਰੇ ਕਿ ਆਪੋ ਆਪਣੇ ਧਰਮ ਨੂੰ ਮੰਨਣ ਦੀ ਜਿੰਨੀ ਆਜ਼ਾਦੀ ਪਾਕਿਸਤਾਨ ਵਿੱਚ ਹੈ, ਓਦਾਂ ਦੀ ਆਜ਼ਾਦੀ ਦਾ ਸੁਫਨਾ ਵੀ ਭਾਰਤ ਦੇ ਲੋਕ ਨਹੀਂ ਲੈ ਸਕਦੇ। ਏਧਰ ਉਸ ਦੇ ਪੁੱਤਰ ਮੱਥੇ ਨੂੰ ਹੱਥ ਮਾਰ ਕੇ ਰੋਇਆ ਕਰਦੇ ਸਨ ਕਿ ਬਾਪੂ ਦੀ ਮਜਬੂਰੀ ਕਾਰਨ ਤੋਤਾ ਰਾਮ ਨੂੰ ਪਾਕਿਸਤਾਨ ਦੇ ਲਾਹੌਰ ਰੇਡੀਓ ਦੇ ਪ੍ਰਬੰਧਕਾਂ ਨੇ ਆਪਣਾ ਤੋਤਾ ਬਣਾ ਕੇ ਬੁਲਾਏ ਮੁਤਾਬਕ ਬੋਲਣ ਵਾਲੇ ਕੰਮ ਲਾ ਲਿਆ ਹੈ। ਇਹੋ ਕੁਝ ਅੱਜਕੱਲ੍ਹ ਭਾਰਤ ਵਿੱਚ ਹੋ ਰਿਹਾ ਹੈ। ਏਥੇ ਵੀ ਭਾਜਪਾ ਆਗੂਆਂ ਤੋਂ ਚੰਦ ਲਾਭਾਂ ਦੀ ਆਸ ਵਿੱਚ ਬਹੁਤ ਸਾਰੇ ‘ਤੋਤਾ ਖਾਨ’ ਅਤੇ ‘ਤੋਤਾ ਸਿੰਘ’ ਉਨ੍ਹਾਂ ਪਿੱਛੇ ਅੱਜ ਇਹ ਤਰਲੇ ਕੱਢਦੇ ਮਿਲ ਸਕਦੇ ਹਨ ਕਿ ਸੇਵਾ ਦਾ ਮੌਕਾ ਸਿਰਫ ਸਾਨੂੰ ਦਿਓ ਜੀ, ਸਾਥੋਂ ਵੱਡਾ ਚਾਪਲੂਸ ਸਾਰੀ ਦੁਨੀਆ ਵਿੱਚ ਤੁਹਾਨੂ ਕੋਈ ਨਹੀਂ ਮਿਲ ਸਕਣਾ।
ਜਦੋਂ ਏਦਾਂ ਦੇ ਲੋਕਾਂ ਵਿੱਚੋਂ ਕੋਈ ਸਾਨੂੰ ਇਹ ਸਮਝਾਉਣ ਵਾਲੀ ਕੋਸਿ਼ਸ਼ ਕਰਦਾ ਹੈ ਕਿ ਭਾਜਪਾ ਹੀ ਭਾਰਤ ਦੀਆਂ ਘੱਟ-ਗਿਣਤੀਆਂ ਦੀ ਸਭ ਤੋਂ ਵੱਡੀ ਹਿਤੈਸ਼ੀ ਹੈ ਤਾਂ ਸਾਨੂੰ ਕਦੀ ਲਾਹੌਰ ਰਹਿ ਗਿਆ ਤੋਤਾ ਰਾਮ ਗੁਲਾਟੀ ਯਾਦ ਆ ਜਾਂਦਾ ਹੈ ਅਤੇ ਕਦੀ ਜਰਮਨ ਮੂਲ ਦਾ ਉਹ ਨੌਜਵਾਨ, ਜਿਹੜਾ ਢਾਈ ਕੁ ਦਹਾਕੇ ਪਹਿਲਾਂ ਅਚਾਨਕ ਮਿਲਿਆ ਸੀ। ਉਸ ਦੀ ਇਸ ਗੱਲ ਵਿੱਚ ਦਮ ਜਾਪਣ ਲੱਗਦਾ ਹੈ ਕਿ ਇਤਹਾਸ ਲਿਖਿਆ ਨਹੀਂ ਜਾਂਦਾ, ਲਿਖਾਇਆ ਜਾ ਸਕਦਾ ਹੈ, ਲਿਖਾਉਣ ਵਾਲਿਆਂ ਦੇ ਕੋਲ ਤਾਕਤ ਚਾਹੀਦੀ ਹੈ, ਚਾਪਲੂਸਾਂ ਨੂੰ ਵੰਡਣ ਲਈ ਰਿਓੜੀਆਂ ਚਾਹੀਦੀਆਂ ਹਨ, ਇੱਕ ਲੱਭਣ ਜਾਓ ਤਾਂ ਇੱਕ ਹਜ਼ਾਰ ਏਦਾਂ ਦੇ ਮਿਲ ਜਾਣਗੇ, ਜਿਹੜੇ ਇਸ ਦੇਸ਼ ਦੇ ਭਵਿੱਖ ਨੂੰ ਕੁਰਾਹੇ ਪਾਉਣ ਲਈ ਜਮੂਰੇ ਬਣਨ ਨੂੰ ਤਿਆਰ ਹਨ।

Read More Latest Punjabi Article 2021

Continue Reading

ਲੇਖ

ਜਦੋਂ ਪੰਜਾਬ ਦੇ ਅਜੋਕੇ ਰਾਜ-ਕਰਤੇ ਅਗਲੇ ਸਾਲ ਲੋਕਾਂ ਤੋਂ ਵੋਟਾਂ ਲੈਣ ਜਾਣਗੇ ਤਾਂ ਕੀ ਹੋਵੇਗਾ-ਜਤਿੰਦਰ ਪਨੂੰ

Published

on

Punjabi Article

ਭਾਰਤ ਦੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਇੱਕ ਸ਼ੇਅਰ ਆਮ ਚਰਚਾ ਵਿੱਚ ਆਉਂਦਾ ਰਹਿੰਦਾ ਹੈ, ਓਸੇ ਬਹਾਦਰ ਸ਼ਾਹ ਜ਼ਫਰ ਦਾ, ਜਿਹੜਾ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਅੰਗਰੇਜ਼ਾਂ ਵਿਰੁੱਧ ਲੜਿਆ ਅਤੇ ਉਸ ਨੂੰ ਅੰਗਰੇਜ਼ਾਂ ਨੇ ਜਲਾਵਤਨ ਕਰ ਦਿੱਤਾ ਸੀ। ਉਸ ਦੇ ਪਰਵਾਰ ਅਤੇ ਪੁੱਤਰਾਂ ਦਾ ਕੀ ਬਣਿਆ, ਇਹ ਸਭ ਵੱਖਰਾ ਵਿਸ਼ਾ ਹੈ। ਗੱਲ ਉਸ ਦੇ ਇਸ ਸ਼ੇਅਰ ਦੀ ਹੈ ਕਿ ‘ਉਮਰ-ਇ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ।’ ਇਸ ਸ਼ੇਅਰ ਦੀ ਕਹਾਣੀ ਵੀ ਪਾਈਏ ਤਾਂ ਗੱਲ ਏਥੇ ਪੁੱਜ ਜਾਣੀ ਹੈ ਕਿ ਸ਼ੇਅਰ ਉਸ ਦਾ ਸੀ ਜਾਂ ਉਸ ਦੇ ਨਾਂਅ ਨਾਲ ਜੁੜ ਗਿਆ। ਕਿਹਾ ਜਾਂਦਾ ਹੈ ਕਿ ਬਹਾਦਰ ਸ਼ਾਹ ਜ਼ਫਰ ਨੇ ਸਿਰਫ ਏਨਾ ਲਿਖਿਆ ਸੀ:
‘ਲਗਤਾ ਨਹੀਂ ਹੈ ਦਿਲ ਮੇਰਾ, ਉਜੜੇ ਦਿਆਰ ਮੇਂ।
ਕਿਸ ਕੀ ਬਨੀ ਹੈ ਆਲਮ-ਇ-ਨਾ-ਪਾਏਦਾਰ ਮੇਂ।
ਕਿਤਨਾ ਹੈ ਬਦ-ਨਸੀਬ ‘ਜ਼ਫਰ’ ਦਫਨ ਕੇ ਲੀਏ,
ਦੋ ਗਜ਼ ਜ਼ਮੀਂ ਭੀ ਨਾ ਮਿਲੀ ਕੂ-ਇ-ਯਾਰ ਮੇਂ।’
ਸੀਮਾਬ ਅਕਬਰਾਬਾਦੀ ਵੱਲੋਂ ਲਿਖਿਆ ‘ਉਮਰ-ਇ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ’ ਇਸ ਸ਼ੇਅਰ ਨਾਲ ਏਨਾ ਤੇ ਬਹਾਦਰ ਸ਼ਾਹ ਜ਼ਫਰ ਦੀ ਜਿ਼ੰਦਗੀ ਨਾਲ ਏਨਾ ਮਿਲਦਾ ਸੀ ਕਿ ਕਿਹਾ ਜਾਂਦਾ ਹੈ ਕਿ ਸਿਰਫ ਏਸੇ ਲਈ ਬਹਾਦਰ ਸ਼ਾਹ ਜ਼ਫਰ ਦਾ ਮੰਨਿਆ ਗਿਆ। ਇਹ ਗੱਲ ਕਿੰਨੀ ਠੀਕ ਅਤੇ ਕਿੰਨੀ ਗਲਤ ਹੈ, ਮੈਂ ਨਹੀਂ ਜਾਣ ਸਕਿਆ, ਪਰ ਮੈਂ ਇਸ ਨੂੰ ਅਜੋਕੀਆਂ ਹਕੂਮਤਾਂ ਦੇ ਚੱਲਣ ਨਾਲ ਜੋੜ ਕੇ ਵੇਖਦਾ ਹਾਂ।
ਇਸ ਵਕਤ ਭਾਰਤ ਚੋਣਾਂ ਦੇ ਇੱਕ ਹੋਰ ਦੌਰ ਲਈ ਗੇਅਰ ਵਿੱਚ ਪੈ ਚੁੱਕਾ ਹੈ। ਅਜੇ ਦੋ-ਢਾਈ ਮਹੀਨੇ ਪਹਿਲਾਂ ਹੀ ਅਸੀਂ ਭਾਰਤ ਦੀਆਂ ਪੰਜ ਵਿਧਾਨ ਸਭਾਵਾਂ ਦੇ ਲਈ ਚੋਣਾਂ ਦਾ ਇੱਕ ਗੇੜ ਵੇਖਿਆ ਤੇ ਵੇਖਣ ਤੋਂ ਵੱਧ ਭੁਗਤਿਆ ਹੈ। ਨਵਾਂ ਸਾਲ ਚੜ੍ਹਨ ਵਿੱਚ ਮਸਾਂ ਸਾਢੇ ਪੰਜ ਮਹੀਨੇ ਬਾਕੀ ਹਨ ਤੇ ਉਹ ਸਾਲ ਚੜ੍ਹਦੇ ਸਾਰ ਪੰਜ ਹੋਰ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਚੋਣਾਂ ਦਾ ਦੌਰ ਚੱਲ ਪਵੇਗਾ। ਸਾਡੇ ਪੰਜਾਬ ਦੇ ਨਾਲ ਭਾਰਤ ਦਾ ਸਭ ਤੋਂ ਵੱਡਾ ਰਾਜ ਉੱਤਰ ਪ੍ਰਦੇਸ਼ ਵੀ ਉਸ ਵਕਤ ਚੋਣਾਂ ਕਰਾਵੇਗਾ, ਉਸ ਤੋਂ ਕੱਟ ਕੇ ਬਣਾਇਆ ਉੱਤਰਾ ਖੰਡ ਵੀ, ਉੱਤਰ ਪੂਰਬ ਦਾ ਰਾਜ ਮਨੀਪੁਰ ਵੀ ਤੇ ਸੰਸਾਰ ਪ੍ਰਸਿੱਧ ਟੂਰਿਸਟ ਟਿਕਾਣੇ ਵਾਲੇ ਰਾਜ ਗੋਆ ਵਿੱਚ ਵੀ ਚੋਣਾਂ ਹੋਣਗੀਆਂ। ਮਨੀਪੁਰ ਅਤੇ ਗੋਆ ਵਿੱਚ ਇਸ ਵੇਲੇ ਕਿੱਦਾਂ ਦੀ ਹਾਲਤ ਹੈ, ਇਸ ਬਾਰੇ ਨਾ ਬਹੁਤਾ ਕੁਝ ਅਸੀਂ ਜਾਣਦੇ ਹਾਂ, ਨਾ ਜਾਣਨ ਦੀ ਇੱਛਾ ਹੁੰਦੀ ਹੈ, ਪਰ ਉੱਤਰ ਪ੍ਰਦੇਸ਼ ਅਤੇ ਉੱਤਰਾ ਖੰਡ ਦਾ ਸਾਨੂੰ ਪੰਜਾਬ ਜਿੰਨਾ ਪਤਾ ਭਾਵੇਂ ਨਹੀਂ ਹੋ ਸਕਦਾ, ਫਿਰ ਵੀ ਬਹੁਤ ਕੁਝ ਪਤਾ ਲੱਗਦਾ ਰਹਿੰਦਾ ਹੈ। ਜਦੋਂ ਅਗਲੇ ਸਾਲ ਇਹ ਤਿੰਨੇ ਰਾਜ ਚੋਣਾਂ ਵਿੱਚ ਜਾਣ ਵਾਸਤੇ ਤਿਆਰ ਹਨ, ਇਨ੍ਹਾਂ ਵਿੱਚੋਂ ਕਿਸੇ ਇੱਕ ਦੇ ਹਾਲਾਤ ਵੀ ਇਹੋ ਜਿਹੇ ਨਹੀਂ ਕਹੇ ਜਾ ਸਕਦੇ ਕਿ ਅੱਜ ਦੇ ਰਾਜ-ਕਰਤੇ ਆਪਣੇ ਕੀਤੇ ਕੰਮਾਂ ਦੇ ਨਾਂਅ ਉੱਤੇ ਲੋਕਾਂ ਕੋਲੋਂ ਵੋਟਾਂ ਮੰਗ ਸਕਦੇ ਹੋਣ।
ਉੱਤਰ ਪ੍ਰਦੇਸ਼਼ ਵਿੱਚ ਘਰੋਂ ਸਾਰੀ ਮੋਹ-ਮਾਇਆ ਛੱਡ ਕੇ ਰੱਬ ਦੀ ਭਗਤੀ ਕਰਨ ਦੇ ਰਾਹ ਪਿਆ ਵਿਅਕਤੀ ਰਾਜ-ਸੁਖ ਮਾਨਣ ਵਿੱਚ ਏਨਾ ਜਿ਼ਆਦਾ ਗਲਤਾਨ ਹੈ ਕਿ ਸਿਰਫ ਚੋਲਾ ਸਾਧ ਦਾ ਹੈ, ਬਾਕੀ ਸਭ ਕੰਮ ਦੇਸ਼ ਦੇ ਰਾਜਸੀ ਆਗੂਆਂ ਵਾਲੇ ਹਨ। ਲੋਕਾਂ ਲਈ ਕੁਝ ਕੀਤਾ ਨਹੀਂ ਤੇ ਆਪਣੀ ਪਾਰਟੀ ਵਿੱਚ ਸਾਥੀਆਂ ਨਾਲ ਏਦਾਂ ਭਿੜਦਾ ਰਿਹਾ ਕਿ ਅਗਲੀ ਵਾਰੀ ਸਾਰੀ ਭਾਜਪਾ ਟੀਮ ਮਿਲ ਕੇ ਨਹੀਂ ਚੱਲ ਸਕਦੀ। ਭਾਜਪਾ ਦੀ ਮਾਂ ਦਾ ਦਰਜਾ ਰੱਖਦੇ ਸੰਘ ਪਰਵਾਰ ਦੇ ਆਗੂ ਓਥੇ ਆ ਕੇ ਭਾਜਪਾ ਆਗੂਆਂ ਨੂੰ ਮਿਲ ਕੇ ਚੱਲਣ ਦੀਆਂ ਹਦਾਇਤਾਂ ਕਰਦੇ ਹਨ, ਪਰ ਮੰਨਦਾ ਕੋਈ ਨਹੀਂ। ਏਨਾ ਕੁ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਾਂਗ ਲੋਕਾਂ ਅੱਗੇ ਵਿਖਾਲਾ ਨਹੀਂ ਪਾ ਰਹੇ। ਉੱਤਰਾ ਖੰਡ ਦਾ ਮੁੱਖ ਮੰਤਰੀ ਸਵਾ ਚਾਰ ਸਾਲਾਂ ਵਿੱਚ ਤਿੰਨ ਵਾਰੀ ਬਦਲਿਆ ਜਾਣਾ ਦੱਸਦਾ ਹੈ ਕਿ ਓਥੇ ਭਾਜਪਾ ਦੀ ਅੰਦਰੂਨੀ ਹਾਲਤ ਕਿਸ ਤਰ੍ਹਾਂ ਨਿੱਘਰੀ ਹੋਈ ਹੈ ਅਤੇ ਭ੍ਰਿਸ਼ਟਾਚਾਰ ਵੀ ਲੁਕਾਇਆ ਨਹੀਂ ਜਾ ਰਿਹਾ। ਕੇਂਦਰੀ ਲੀਡਰ ਇਸ ਕਾਰਨ ਫਿਕਰਾਂ ਵਿੱਚ ਹਨ।
ਇਨ੍ਹਾਂ ਦੋਵਾਂ ਵੱਲੋਂ ਹਟ ਕੇ ਜਦੋਂ ਅਸੀਂ ਪੰਜਾਬ ਦੀ ਹਾਲਤ ਵੇਖਦੇ ਹਾਂ ਤਾਂ ਏਥੇ ਚਾਰ ਸਾਲ ਬੀਤ ਜਾਣ ਪਿੱਛੋਂ ਹਾਲਤ ਏਦਾਂ ਦੀ ਹੈ ਕਿ ਭਲਕੇ ਸਰਕਾਰ ਦਾ ਮੁਖੀ ਕੌਣ ਹੋਵੇਗਾ, ਏਹੋ ਚਰਚਾ ਚੱਲੀ ਜਾਂਦੀ ਹੈ। ਦਿੱਲੀ ਬੈਠੀ ਪਾਰਟੀ ਹਾਈ ਕਮਾਂਡ ਅਣਹੋਈ ਤੋਂ ਵੀ ਵੱਧ ਬੇਅਸਰ ਹੋ ਚੁੱਕੀ ਹੈ। ਅਸੀਂ ਕਿਸੇ ਇੱਕ ਪੱਖ ਨੂੰ ਠੀਕ ਤੇ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੁੰਦੇ, ਇਹ ਕੰਮ ਉਹ ਸਾਰੇ ਜਣੇ ਖੁਦ ਕਰ ਰਹੇ ਹਨ, ਸਾਡੀ ਦਿਲਚਸਪੀ ਦਾ ਵੱਡਾ ਨੁਕਤਾ ਇਹ ਹੈ ਕਿ ਜਿਹੜੀਆਂ ਗੱਲਾਂ ਇਸ ਸਰਕਾਰ ਦੇ ਵਿਰੋਧੀਆਂ ਨੂੰ ਕਹਿਣੀਆਂ ਚਾਹੀਦੀਆਂ ਹਨ, ਰਾਜ ਕਰਦੀ ਇਸ ਪਾਰਟੀ ਦੇ ਆਪਣੇ ਆਗੂ ਇੱਕ ਦੂਸਰੇ ਬਾਰੇ ਖੁਦ ਹੀ ਕਹੀ ਜਾਂਦੇ ਹਨ। ਕੱਲ੍ਹ ਨੂੰ ਜਦੋਂ ਇਨ੍ਹਾਂ ਦੇ ਵਿਰੋਧੀਆਂ ਨੇ ਆਪਣੇ ਚੋਣ ਪ੍ਰਚਾਰ ਦੇ ਨੁਕਤੇ ਲੱਭਣੇ ਹਨ ਤਾਂ ਉਨ੍ਹਾਂ ਨੂੰ ਖੇਚਲ ਕਰਨ ਦੀ ਲੋੜ ਨਹੀਂ, ਜਿੰਨਾ ਕੁਝ ਇਹ ਲੋਕ ਅੱਜਕੱਲ੍ਹ ਖੁਦ ਕਹਿੰਦੇ ਅਤੇ ਫਿਰ ਮੀਡੀਏ ਵਾਲਿਆਂ ਨੂੰ ਲੱਭ-ਲੱਭ ਕੇ ਪਰੋਸਦੇ ਪਏ ਹਨ, ਉਹ ਇਨ੍ਹਾਂ ਦੇ ਵਿਰੋਧੀਆਂ ਦੇ ਕੰਮ ਆ ਜਾਵੇਗਾ। ਕਾਂਗਰਸ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਉਨ੍ਹਾਂ ਦੇ ਰਾਜ ਦੇ ਚਾਰ ਸਾਲਾਂ ਤੋਂ ਵੱਧ ਦੇ ਸਮੇਂ ਦੀਆਂ ਪ੍ਰਾਪਤੀਆਂ ਬਾਰੇ ਪੁੱਛੋ ਤਾਂ ਉਹ ਇਹ ਕਦੇ ਨਹੀਂ ਕਹੇਗਾ ਕਿ ਉਸ ਨੇ ਖੁਦ ਕੀ ਕੀਤਾ ਹੈ, ਸਗੋਂ ਇਹ ਦੱਸਣ ਲੱਗ ਜਾਵੇਗਾ ਕਿ ਉਸ ਦੇ ਵਿਰੋਧੀ ਧੜੇ ਨੇ ਇਸ ਦੌਰਾਨ ਬੇੜਾ ਗਰਕ ਕਰਨ ਲਈ ਆਹ ਕੁਝ ਕੀਤਾ ਹੈ। ਲੋਕਾਂ ਨੂੰ ਬਿਜਲੀ ਚਾਹੀਦੀ ਹੈ, ਮਿਲਦੀ ਨਹੀਂ ਅਤੇ ਰੁਜ਼ਗਾਰ ਵੀ ਮਿਲਿਆ ਨਹੀਂ। ਨਸ਼ੀਲੇ ਪਦਾਰਥਾਂ ਦਾ ਵਹਿਣ ਬੰਦ ਕਰਨ ਦਾ ਦਾਅਵਾ ਕੀਤਾ ਸੀ, ਉਹ ਕਰ ਨਹੀਂ ਸਕੇ ਤੇ ਸਿੱਖ ਭਾਈਚਾਰੇ ਦੇ ਜਿਹੜੇ ਦੋ ਭਾਵੁਕ ਮੁੱਦਿਆਂ ਉੱਤੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦਾ ਵਾਅਦਾ ਕੀਤਾ ਸੀ, ਕੋਟਕਪੂਰਾ ਅਤੇ ਬਹਿਬਲ ਕਲਾਂ ਦੇ ਗੋਲੀ ਕਾਂਡ ਵਾਲਾ ਮੁੱਦਾ ਹੋਵੇ ਜਾਂ ਬਰਗਾੜੀ ਦਾ ਬੇਅਦਬੀ ਕਾਂਡ ਹੋਵੇ, ਕਿਸੇ ਵਿੱਚ ਵੀ ਲੋਕਾਂ ਦੀ ਤਸੱਲੀ ਕਰਵਾ ਸਕਣ ਵਰਗਾ ਕੁਝ ਨਹੀਂ ਕੀਤਾ ਗਿਆ। ਜਿਹੜਾਂ ਸਮਾਂ ਅਤੇ ਸ਼ਕਤੀ ਲੋਕਾਂ ਦੇ ਕੰਮਾਂ ਲਈ ਲਾਉਣੀ ਚਾਹੀਦੀ ਸੀ, ਉਹ ਕਾਂਗਰਸ ਦੇ ਲੀਡਰਾਂ ਦੀ ਆਪਸੀ ਖਹਿਬਾਜ਼ੀ ਵਿੱਚ ਲੱਗਦੀ ਰਹੀ ਹੈ ਅਤੇ ਜਨਤਕ ਮੁੱਦੇ ਅੱਜ ਤੱਕ ਓਦਾਂ ਹੀ ਠੱਪੇ ਪਏ ਸੁਣੀਂਦੇ ਹਨ।
ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਦੇ ਕੋਲ ਜਦੋਂ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਹੈ, ਇਸ ਦੇ ਅੰਦਰਲਾ ਕਲੇਸ਼ ਅਜੇ ਵੀ ਠੱਲ੍ਹਣ ਦਾ ਨਾਂਅ ਨਹੀਂ ਲੈ ਰਿਹਾ ਤਾਂ ਇਸ ਦੇ ਇਹੋ ਜਿਹੇ ਪਿਛਲੇ ਤਜਰਬੇ ਤੋਂ ਕੋਈ ਸਬਕ ਲੈਣ ਦੀ ਲੋੜ ਵੀ ਕਿਸੇ ਲੀਡਰ ਨੂੰ ਜਾਪਦੀ। ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਮਗਰੋਂ ਹਰਚਰਨ ਸਿੰਘ ਬਰਾੜ ਅਤੇ ਰਜਿੰਦਰ ਕੌਰ ਭੱਠਲ ਦਾ ਆਖਰੀ ਸਾਲ ਦਾ ਆਢਾ ਇਸ ਪਾਰਟੀ ਨੂੰ ਲੈ ਬੈਠਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਦੇ ਆਖਰੀ ਸਾਲ ਵਿੱਚ ਵੀ ਕੈਪਟਨ ਅਤੇ ਭੱਠਲ ਧੜਿਆਂ ਦੀ ਖਹਿਬਾਜ਼ੀ ਆਖਰੀ ਦਿਨ ਤੱਕ ਚੱਲਦੀ ਰਹੀ ਸੀ, ਜਿਸ ਨੇ ਦੋਵਾਂ ਨੂੰ ਲੋਕਾਂ ਕੋਲ ਜਾਣ ਜੋਗੇ ਨਹੀਂ ਸੀ ਛੱਡਿਆ। ਉਹੀ ਕੁਝ ਇਸ ਵਾਰ ਹੋਈ ਜਾਂਦਾ ਹੈ। ਕੋਈ ਵਕਤ ਸੀ ਕਿ ਅਕਾਲੀ ਦਲ ਦੇ ਲੀਡਰ ਇਹ ਰੋਣਾ ਰੋਇਆ ਕਰਦੇ ਸਨ ਕਿ ਸਾਡੇ ਵਿੱਚ ਕਾਂਗਰਸ ਪਾਟਕ ਪਾਉਂਦੀ ਹੈ ਅਤੇ ਸਾਡੇ ਅੱਧੇ ਆਗੂ ਕਾਂਗਰਸ ਦੇ ਇੱਕ ਲੀਡਰ ਅਤੇ ਅੱਧੇ ਦੂਸਰੇ ਦੇ ਹੱਥਾਂ ਵਿੱਚ ਖੇਡਦੇ ਹਨ। ਅੱਜ ਇਹੋ ਜਿਹਾ ਹਾਲ ਕਾਂਗਰਸ ਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕਾਂਗਰਸ ਦੇ ਆਪਣੇ ਲੀਡਰ ਹੀ ਬਾਦਲ ਪਰਵਾਰ ਨਾਲ ਮਿਲਿਆ ਹੋਣ ਦਾ ਦੋਸ਼ ਲਾਈ ਜਾਂਦੇ ਹਨ ਤੇ ਨਵਜੋਤ ਸਿੰਘ ਸਿੱਧੂ ਨੂੰ ਕਦੀ ਇੱਕ ਪਾਰਟੀ ਤੇ ਕਦੀ ਦੂਸਰੀ ਵਿੱਚ ਜਾਣ ਨੂੰ ਤਿਆਰ ਦੱਸਿਆ ਜਾਂਦਾ ਹੈ। ਪੰਜਾਂ ਸਾਲਾਂ ਦਾ ਸਮਾਂ ਇਨ੍ਹਾਂ ਨੇ ਜਿੰਨਾ ਗੁਜ਼ਾਰਨਾ ਸੀ, ਉਸ ਦਾ ਬਹੁਤਾ ਲੰਘ ਗਿਆ ਅਤੇ ਥੋੜ੍ਹਾ ਜਿਹਾ ਬਾਕੀ ਹੈ, ਜਿਸ ਦੇ ਬਾਅਦ ਇਹ ਆਪਣੀ ਇਸ ਸਰਕਾਰ ਦੌਰਾਨ ਕੀਤੀ ਆਪੋ-ਆਪਣੀ ਕਮਾਈ ਗਿਣਨਗੇ, ਪਰ ਜਿਹੜੇ ਲੋਕਾਂ ਨੇ ਇਨ੍ਹਾਂ ਨੂੰ ਰਾਜ ਦਿੱਤਾ ਸੀ, ਉਹ ਦੇ ਪੱਲੇ ਕਿੰਨਾ ਪਾਇਆ ਹੈ, ਇਸ ਸਵਾਲ ਦਾ ਜਵਾਬ ਦੇਣਾ ਪਵੇ ਤਾਂ ਖਾਲੀ ਪਰਚਾ ਦੇਣਾ ਪਵੇਗਾ। ਮਿਲੀ ਮਿਆਦ ਦਾ ਅੱਧਾ ਸਮਾ ਭ੍ਰਿਸ਼ਟ ਤਰੀਕਿਆਂ ਨਾਲ ਕਮਾਈਆਂ ਕਰਨ ਉੱਤੇ ਲਾ ਦਿੱਤਾ ਤੇ ਅੱਧ ਸਮਾਂ ਆਪਸੀ ਭੇੜ ਕਰਨ ਉੱਤੇ ਲਾਉਣ ਪਿੱਛੋਂ ਲੋਕਾਂ ਕੋਲ ਜਾਣ ਵੇਲੇ ਉਹ ਸ਼ੇਅਰ ਹੀ ਪੱਲੇ ਰਹਿ ਜਾਵੇਗਾ, ਜਿਹੜਾ ਭਾਵੇਂ ਬਹਾਦਰ ਸ਼ਾਹ ਜ਼ਫਰ ਦਾ ਕਹਿ ਲਓ ਤੇ ਭਾਵੇਂ ਅਕਬਰਾਬਾਦੀ, ਇਸ ਪਾਰਟੀ ਦੇ ਇਨ੍ਹਾਂ ਲੀਡਰਾਂ ਉੱਤੇ ਪੂਰੀ ਤਰ੍ਹਾਂ ਫਿੱਟ ਬੈਠ ਸਕਦਾ ਹੈ:
ਉਮਰ-ਇ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ,
ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ।
ਜਦੋਂ ਅੱਜ ਦੇ ਪੰਜਾਬ ਦੇ ਰਾਜ-ਕਰਤਿਆਂ ਨੂੰ ਅਗਲੇ ਸਾਲ ਲੋਕਾਂ ਦੇ ਸਾਹਮਣੇ ਜਾਣਾ ਪਿਆ ਤਾਂ ਉਸ ਵਕਤ ਇਸ ਸ਼ੇਅਰ ਵਿੱਚ ਬੱਸ ਜ਼ਰਾ ਜਿੰਨੀ ਤੋੜ-ਭੰਨ ਕਰਨੀ ਪਵੇਗੀ ਕਿ:
ਰਾਜ ਕਰਨ ਨੂੰ ਮਿਲੇ ਸਨ, ਮਸਾਂ ਪੰਜ ਹੀ ਸਾਲ,
ਦੋ ਕਮਾਈ ਵਿੱਚ ਗੁਜ਼ਰ ਗਏ, ਦੋ ਖਾ ਗਈ ਲੜਾਈ।
ਸਾਨੂੰ ਕਿਸੇ ਨੂੰ ਇਹੋ ਨਾ, ਰਿਹਾ ਸੀ ਕਦੀ ਯਾਦ,
ਘੜੀ ਵੀ ਲੇਖਾ ਦੇਣ ਦੀ, ਬਸ ਆਈ ਆ ਕਿ ਆਈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca