ਭੁਲੱਥ, 14 ਅਪ੍ਰੈਲ – ਪਿੰਡ ਖੱਸਣ ਦੇ ਦੋ ਨਾਬਾਲਗ ਬੱਚਿਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਥਾਣਾ ਭੁਲੱਥ ਦੀ ਮੁਖੀ ਅਮਨਪ੍ਰੀਤ ਕੌਰ ਉੱਤੇ ਇੱਕ ਲੱਖ ਅੱਸੀ ਹਜ਼ਾਰ ਰੁਪਏ ਰਿਸ਼ਵਤ ਲੈਣ, ਉਨ੍ਹਾਂ ਨੂੰ ਨਾਜਾਇਜ਼ ਹਿਰਾਸਤ ਵਿੱਚ ਵੀ ਰੱਖਣ ਅਤੇ ਉਨ੍ਹਾਂ ਨੂੰ ਨਾਜਾਇਜ਼ ਕੇਸਾਂ ਵਿੱਚ ਫਸਾਉਣ ਦੇ ਦੋਸ਼ ਲਾ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਪੱਤਰਕਾਰਾਂ ਨੂੰ ਇਨ੍ਹਾਂ ਦੋਸ਼ਾਂ ਦਾ ਐਫੀਡੇਵਿਟ ਤੇ ਵੀਡੀਓ ਰਿਕਾਰਡਿੰਗ ਨਾਲਪਿੰਡ ਖੱਸਣ ਦੀ ਇੱਕ ਨਾਬਾਲਗ ਲੜਕੀ ਤੇ ਉਸ ਦੇ ਨਾਬਾਲਗ ਭਰਾ ਨੇ ਕਿਹਾ ਕਿ ਉਨ੍ਹਾਂ ਦੇ ਘਰ 25 ਮਾਰਚ ਨੂੰ ਥਾਣਾ ਮੁਖੀ ਅਮਨਪ੍ਰੀਤ ਕੌਰ ਨੇ ਪੁਲਸ ਪਾਰਟੀ ਨਾਲ ਬਿਨਾਂ ਵਾਰੰਟ ਅਤੇ ਬਿਨਾਂ ਕਿਸੇ ਮੋਹਤਬਰ ਤੋਂ ਘਰ ਵਿੱਚ ਆ ਕੇ ਤਲਾਸ਼ੀ ਲਈ। ਇਸ ਦੌਰਾਨ ਉਨ੍ਹਾਂ ਦੀ ਪੇਟੀ ਵਿੱਚ ਰੱਖੇ 80,000 ਰੁਪਏ ਥਾਣਾ ਮੁਖੀ ਨੇ ਕੱਢ ਲਏ ਅਤੇ ਇਨ੍ਹਾਂ ਨਾਲ ਆਏ ਇੱਕ ਹੋਰ ਮੁਲਾਜ਼ਮ ਨੇ ਛੇ ਹਜ਼ਾਰ ਰੁਪਏ ਉਨ੍ਹਾਂ ਕੋਲੋਂ ਇਹ ਕਹਿ ਕੇ ਲੈ ਲਏ ਕਿ ਉਹ ਜਾਣ ਲੱਗੇ ਵਾਪਸ ਕਰ ਦੇਣਗੇ। ਇਨ੍ਹਾਂ ਪੀੜਤ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਤੋਂ ਕੋਈ ਬਰਾਮਦਗੀ ਨਹੀਂ ਹੋਈ,ਫਿਰ ਵੀ ਪੁਲਸ ਉਨ੍ਹਾਂ ਦੇ ਪਿਤਾ ਨੂੰ ਨਾਲ ਲੈ ਕੇ ਚੱਲੀ ਤਾਂ ਉਨ੍ਹਾਂ ਦੇ ਪਿਤਾ ਜੋ ਪਿਛਲੇ ਸਮੇਂ ਤੋਂ ਚੱਲ-ਫਿਰ ਨਹੀਂ ਸਕਦੇ, ਨੇ ਥਾਣਾ ਮੁਖੀ ਭੁਲੱਥ ਨੂੰ ਇਸ ਦਾ ਕਾਰਨ ਪੁੱਛਿਆ। ਇਸ ਉੱਤੇ ਥਾਣਾ ਮੁਖੀ ਅਮਨਪ੍ਰੀਤ ਕੌਰ ਨੇ ਉਨ੍ਹਾਂ ਦੇ ਪਿਤਾ ਨੂੰ ਛੱਡਣ ਲਈ ਦੋ ਲੱਖ ਰੁਪਏ ਮੰਗੇ ਤਾਂ ਉਨ੍ਹਾਂ ਦੇ ਪਿਤਾ ਨੇ ਇੱਕ ਲੱਖ ਰੁਪਏ ਘਰੋਂ ਚੁੱਕਣ ਦੀ ਗੱਲ ਕਹੀ, ਜਿਸ ਉੱਤੇ ਥਾਣਾ ਮੁਖੀ ਨੇ ਇੱਕ ਲੱਖ ਰੁਪਏ ਹੋਰ ਮੰਗ ਲਏ ਅਤੇ ਉਸ ਦੇ ਪਿਤਾ ਕੋਲੋਂ ਕੋਆਪਰੇਟਿਵ ਬੈਂਕ ਖੱਸਣ ਦਾ ਚੈਕ ਭਰਵਾ ਲਿਆ ਤੇ ਜਲਦੀ ਪੈਸੇ ਲਿਆਉਣ ਦੀ ਹਦਾਇਤ ਕੀਤੀ। ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੇ ਬੈਂਕ ਵਿੱਚੋਂ ਪੈਸੇ ਕਢਵਾ ਕੇ ਥਾਣਾ ਮੁਖੀ ਭੁਲੱਥ ਅਮਨਪ੍ਰੀਤ ਨੂੰ ਭੁਲੱਥ-ਖੱਸਣ ਰੋਡ ਉੱਤੇ ਬਾਜਵਾ ਸੀਮਿੰਟ ਸਟੋਰ ਅਤੇ ਆਰੇ ਦੇ ਵਿਚਕਾਰ ਦਿੱਤੇ ਸਨ। ਇਸ ਉੱਤੇ ਥਾਣਾ ਮੁਖੀ ਨੇ ਕਿਹਾ ਕਿ ਉਹ ਥਾਣੇ ਆ ਜਾਣ ਅਤੇ ਆਪਣੇ ਪਿਤਾ ਨੂੰ ਨਾਲ ਲੈ ਜਾਣ। ਬੱਚਿਆਂ ਨੇ ਦਾਅਵਾ ਕੀਤਾ ਕਿ ਰਾਤ ਗਿਆਰਾਂ ਵਜੇ ਤੱਕ ਉਨ੍ਹਾਂ ਨੂੰ ਥਾਣੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਤੇ ਪ੍ਰੇਸ਼ਾਨ ਕੀਤਾ ਗਿਆ।ਪੀੜਤ ਲੜਕੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਨਸ਼ੀਲੇ ਟੀਕੇ ਪਾ ਕੇ ਚਲਾਨ ਕੱਟਿਆ ਤੇ ਥਾਣਾ ਮੁਖੀ ਭੁਲੱਥ ਨੇ ਉਸ ਦੇ ਨਾਬਾਲਗ ਭਰਾ ਉੱਤੇ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ। ਦੋਵਾਂ ਬੱਚਿਆਂ ਨੇ ਨਾਜਾਇਜ਼ ਕੇਸ ਦਰਜ ਕਰਨ ਦੀਆਂ ਧਮਕੀਆਂ ਦੇਣ ਅਤੇ ਪੈਸੇ ਵਾਪਸ ਨਾ ਕਰਨ ਦੀ ਜਾਂਚ ਕਰ ਕੇ ਉਚ ਅਧਿਕਾਰੀਆਂ ਕੋਲੋਂ ਇਨਸਾਫ ਦੇਣ ਦੀ ਮੰਗ ਕੀਤੀ ਹੈ।
ਥਾਣਾ ਮੁਖੀ ਭੁਲੱਥ ਅਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਦੋਸ਼ਾਂ ਦੀ ਕੋਈ ਜਾਣਕਾਰੀ ਨਹੀਂ। ਇਸ ਸਬੰਧੀ ਐਸ ਪੀ ਡੀ ਕਪੂਰਥਲਾ ਵਿਸ਼ਾਲ ਜੀਤ ਸਿੰਘ ਨੇ ਕਿਹਾ ਕਿ ਇਸ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਮਗਰੋਂ ਹੀ ਕਾਰਵਾਈ ਕੀਤੀ ਜਾਵੇਗੀ।