India's secularism in danger by Jatinder Pannu | Latest Punjabi Articles
Connect with us [email protected]

ਲੇਖ

ਖਤਰੇ ਵਿੱਚ ਭਾਰਤ ਦੀ ਧਰਮ-ਨਿਰਪੱਖਤਾ -ਜਤਿੰਦਰ ਪਨੂੰ

Published

on

article by jatinder pannu

ਮੈਨੂੰ ਇਸ ਵੇਲੇ ਨਹੀਂ ਪਤਾ ਕਿ ਬਿਹਾਰ ਕੀ ਨਤੀਜੇ ਪੇਸ਼ ਕਰੇਗਾ, ਪਰ ਉਸ ਰਾਜ ਵਿੱਚ ਹਵਾ ਭਾਜਪਾ ਤੇ ਉਸ ਦੇ ਭਾਈਵਾਲ ਨਿਤੀਸ਼ ਕੁਮਾਰ ਵਾਲੇ ਜਨਤਾ ਦਲ ਯੁਨਾਈਟਿਡ ਦੇ ਪੱਖ ਵਿੱਚ ਬਹੁਤੀ ਨਹੀਂ ਜਾਪਦੀ। ਪਿਛਲੀ ਵਾਰੀ ਨਿਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਯਾਦਵ ਨਾਲ ਸਾਂਝ ਪਾ ਲਈ ਸੀ, ਇਸ ਵਾਰੀ ਭਾਜਪਾ ਨਾਲ ਹੈ ਤੇ ਅਗਲੀ ਵਾਰੀ ਉਹ ਕਿਸ ਨਾਲ ਖੜੋਵੇਗਾ, ਇਹੋ ਜਿਹੇ ਚੁਫੇਰਗੜ੍ਹੀਏ ਬੰਦਾ ਦਾ ਕੋਈ ਪਤਾ ਹੀ ਨਹੀਂ। ਇਹ ਆਦਮੀ ਵੀ ਕਿਸੇ ਵਕਤ ਭਾਰਤ ਵਿੱਚ ਧਰਮ ਨਿਰਪੱਖਤਾ ਦਾ ਝੰਡਾ ਬਰਦਾਰ ਬਣਿਆ ਫਿਰਦਾ ਸੀ ਤੇ ਦੇਸ਼ ਦੀ ਮੁੱਖ ਧਾਰਾ ਦੇ ਆਗੂਆਂ ਨੂੰ ਹਰਮਨ ਪਿਆਰਾ ਵੀ ਲੱਗਦਾ ਸੀ, ਕਿਉਂਕਿ ਇਸ ਨੇ ਨਰਿੰਦਰ ਮੋਦੀ ਨਾਲ ਆਢਾ ਲਿਆ ਸੀ। ਮਸਾਂ ਛੇ ਮਹੀਨੇ ਲੰਘੇ ਸਨ ਕਿ ਇਹ ਨਰਿੰਦਰ ਮੋਦੀ ਵੱਲੋਂ ਮਿਲਿਆ ਸੱਦਾ ਮੰਨ ਕੇ ਉਸ ਦੇ ਘਰ ਜਾ ਵੜਿਆ ਅਤੇ ਦਿੱਲੀ ਵਿੱਚ ਕੌਮੀ ਪਾਰਟੀਆਂ ਦੇ ਗੱਠਜੋੜ ਦੇ ਨੇਤਾ ਮੀਟਿੰਗ ਵਿੱਚ ਇਸ ਦੀ ਉਡੀਕ ਕਰਦੇ ਰਹੇ ਸਨ। ਜਦੋਂ ਇਸ ਨੇ ਨਰਿੰਦਰ ਮੋਦੀ ਨਾਲ ਆਢਾ ਲਿਆ ਸੀ, ਓਦੋਂ ਖਾਸ ਵਜ੍ਹਾ ਇਹ ਸੀ ਕਿ ਇਸ ਨੂੰ ਭਾਜਪਾ ਦੇ ਅਟਲ ਬਿਹਾਰੀ ਵਾਜਪਾਈ ਧੜੇ ਦੀ ਚੁੱਕਣਾ ਮਿਲੀ ਸੀ ਕਿ ਮੋਦੀ ਦੇ ਪੈਰ ਨਹੀਂ ਲੱਗਣ ਦੇਣੇ ਤੇ ਫਿਰ ਉਹੀ ਵਾਜਪਾਈ ਧੜਾ ਜਦੋਂ ਮੋਦੀ ਅੱਗੇ ਨੀਵੀਂ ਪਾ ਬੈਠਾ ਤਾਂ ਇਸ ਨੂੰ ਇੱਕਦਮ ਮੋੜਾ ਕੱਟਣਾ ਔਖਾ ਜਾਪਣ ਕਰ ਕੇ ਆਢਾ ਲੈਣਾ ਮਜਬੂਰੀ ਬਣ ਗਿਆ ਸੀ। ਲਾਲੂ ਪ੍ਰਸਾਦ ਅਤੇ ਕਾਂਗਰਸ ਦੀ ਸਾਂਝ ਦੌਰਾਨ ਨਰਿੰਦਰ ਮੋਦੀ ਨਾਲ ਚੋਣ ਆਢਾ ਲੈਣ ਤੋਂ ਪਹਿਲਾਂ ਇਹੋ ਨਿਤੀਸ਼ ਕੁਮਾਰ ਇੱਕ ਵਾਰ ਗੁਜਰਾਤ ਦੇ ਇੱਕ ਸਮਾਗਮ ਵਿੱੱਚ ਇਹ ਗੱਲ ਕਹਿ ਚੁੱਕਾ ਸੀ ਕਿ ਮੋਦੀ ਵਰਗਾ ਪ੍ਰਸ਼ਾਸਕ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਬਾਅਦ ਵਿੱਚ ਇਹੋ ਨਿਤੀਸ਼ ਕੁਮਾਰ ਓਸੇ ਮੋਦੀ ਵਿਰੁੱਧ ਬਿਹਾਰ ਦੇ ਲੋਕਾਂ ਤੋਂ ਜੀਨ ਦੇ ਸੈਂਪਲ ਇਕੱਠੇ ਕਰਦਾ ਫਿਰਦਾ ਸੀ, ਤਾਂ ਕਿ ਮੋਦੀ-ਵਿਰੋਧੀ ਵਜੋਂ ਧਾਂਕ ਜਮਾ ਸਕੇ।
ਮਹਾਰਾਸ਼ਟਰ ਵਿੱਚ ਅੱਜ ਮੁੱਖ-ਧਾਰਾ ਦੀਆਂ ਪਾਰਟੀਆਂ ਨੂੰ ਉਧਵ ਠਾਕਰੇ ਚੰਗਾ ਲੱਗਦਾ ਹੈ, ਕਿਉਂਕਿ ਉਹ ਸਵੇਰੇ ਉੱਠ ਕੇ ਰੋਜ਼ ਇੱਕ ਬਿਆਨ ਨਰਿੰਦਰ ਮੋਦੀ ਦੇ ਵਿਰੋਧ ਲਈ ਦਾਗ ਛੱਡਦਾ ਹੈ। ਇਹ ਓਸੇ ਸ਼ਿਵ ਸੈਨਾ ਦਾ ਆਗੂ ਹੈ, ਜਿਸ ਨੇ ਬਾਕੀ ਸਾਰੀਆਂ ਧਿਰਾਂ ਵੱਲੋਂ ਛੇਕੀ ਹੋਈ ਭਾਜਪਾ ਨਾਲ ਅੱਜ ਤੋਂ ਛੱਬੀ ਸਾਲ ਪਹਿਲਾਂ ਸਾਂਝ ਪਾ ਕੇ ਮਹਾਰਾਸ਼ਟਰ ਦੀ ਚੋਣ ਲੜੀ ਤੇ ਸਾਂਝੀ ਸਰਕਾਰ ਬਣਾਈ ਸੀ। ਉਸ ਤੋਂ ਪਹਿਲਾਂ ਭਾਜਪਾ ਦੇ ਉਸ ਰਾਜ ਵਿੱਚ ਪੈਰ ਨਹੀਂ ਸੀ ਲੱਗਦੇ ਤੇ ਉਸ ਸਾਂਝੀ ਸਰਕਾਰ ਨੂੰ ਭਾਜਪਾ ਨੇ ਇਹੋ ਜਿਹਾ ਵਰਤਿਆ ਸੀ ਕਿ ਅੱਜ ਉਹ ਉਸ ਰਾਜ ਦੀ ਸਭ ਤੋ ਵੱਡੀ ਪਾਰਟੀ ਹੈ। ਕਰਨਾਟਕ ਦੇ ਹਰਦਨਹੱਲੀ ਡੋਡਾਗੌੜਾ ਦੇਵਗੌੜਾ ਅਤੇ ਉਸ ਦੇ ਪੁੱਤਰ ਕੁਮਾਰਸਵਾਮੀ ਨੂੰ ਵੀ ਧਰਮ ਨਿਰਪੱਖ ਕਿਹਾ ਜਾਂਦਾ ਹੈ, ਪਰ ਉਹ ਕਿਸੇ ਸਮੇਂ ਭਾਜਪਾ ਨਾਲ ਸਾਂਝ ਪਾ ਕੇ ਉਸ ਰਾਜ ਵਿੱਚ ਉਸ ਦੇ ਪੈਰ ਲਵਾਉਣ ਦਾ ਗੁਨਾਹ ਨਹੀਂ ਭੁਲਾ ਸਕਦੇ। ਪਿਛਲੀਆਂ ਚੋਣਾਂ ਵੇਲੇ ਕੁਮਾਰਾਸਵਾਮੀ ਨੇ ਖੁਦ ਹੀ ਕਿਹਾ ਸੀ ਕਿ ਭਾਜਪਾ ਨਾਲ ਸਾਂਝੀ ਸਰਕਾਰ ਬਣਾਉਣਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ। ਹਰਿਆਣੇ ਵਿੱਚ ਚੌਧਰੀ ਦੇਵੀ ਲਾਲ ਆਮ ਤੌਰ ਉੱਤੇ ਭਾਜਪਾ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ, ਪਰ ਜਦੋਂ ਇਸ ਘਰ ਦੀ ਚੌਧਰ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਮਿਲੀ ਤਾਂ ਸਿਰਫ ਸਰਕਾਰ ਬਣਾਉਣ ਲਈ ਉਸ ਨੇ ਭਾਜਪਾ ਨਾਲ ਏਦਾਂ ਦੀ ਸਾਂਝ ਪਾਈ ਕਿ ਉਸ ਨੂੰ ਹਰਿਆਣਾ ਦੀ ਸਭ ਤੋਂ ਵੱਡੀ ਪਾਰਟੀ ਬਣਨ ਦਾ ਮੌਕਾ ਦੇ ਦਿੱਤਾ। ਅੱਜ ਭਾਜਪਾ ਮੋਹਰੇ ਖੜੋਂਦੀ ਹੈ ਅਤੇ ਚੌਟਾਲੇ ਦਾ ਪੋਤਰਾ ਉਨ੍ਹਾਂ ਉੱਤੇ ਨਿਰਭਰ ਹੋਇਆ ਵਿਖਾਵੇ ਜੋਗੀ ਡਿਪਟੀ ਚੀਫ ਮਨਿਸਟਰੀ ਨਾਲ ਉਸ ਕਿਸਾਨ ਭਾਈਚਾਰੇ ਦਾ ਸਾਥ ਵੀ ਛੱਡੀ ਬੈਠਾ ਹੈ, ਜਿਸ ਨੇ ਇਸ ਪਰਵਾਰ ਨੂੰ ਚੌਧਰਾਂ ਬਖਸ਼ੀਆਂ ਸਨ। ਭਾਜਪਾ ਦੀ ਮਾਰ ਤੋਂ ਸਾਂਝ ਪਾਉਣ ਦੇ ਬਾਵਜੂਦ ਜੇ ਕੋਈ ਬਚਿਆ ਹੈ ਤਾਂ ਸਿਰਫ ਉੜੀਸਾ ਦਾ ਨਵੀਨ ਪਟਨਾਇਕ ਹੀ ਬਚ ਸਕਿਆ ਹੈ। ਗਵਾਂਢ ਵਿੱਚ ਚੰਦਰ ਬਾਬੂ ਨਾਇਡੂ ਵਰਗੇ ਵੀ ਭਾਜਪਾ ਉੱਤੇ ਲੋੜ ਤੋਂ ਵੱਧ ਨੇੜਤਾ ਅਤੇ ਨਿਰਭਰਤਾ ਦੇ ਕਾਰਨ ਗਲੀ-ਗਲੀ ਇੰਜ ਤੁਰੇ ਫਿਰਦੇ ਹਨ ਕਿ ਕੋਈ ਠਾਹਰ ਵੀ ਨਹੀਂ ਲੱਭਦੀ ਜਾਪਦੀ। ਇਸ ਤੋਂ ਹੋਰਨਾਂ ਨੂੰ ਸਬਕ ਸਿੱਖਣ ਦੀ ਲੋੜ ਹੈ।
ਪੰਜਾਬ ਦੇ ਅਕਾਲੀ ਭਾਈਆਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਚੌਵੀ ਕੁ ਸਾਲ ਪਹਿਲਾਂ ਭਾਜਪਾ ਨਾਲ ਸਾਂਝ ਪਾਈ ਅਤੇ ਉਸ ਦੇ ਬਾਅਦ ਤਿੰਨ ਵਾਰ ਪੰਜਾਬ ਦੀਆਂ ਸਰਕਾਰਾਂ ਦਾ ਨਿੱਘ ਮਾਣਿਆ ਸੀ। ਇਸ ਦੌਰਾਨ ਕੇਂਦਰ ਵਿੱਚ ਵੀ ਵਜ਼ੀਰੀਆਂ ਮਿਲਦੀਆਂ ਰਹੀਆਂ ਅਤੇ ਬਹੁਤ ਖੁਸ਼ ਸਨ, ਪਰ ਇਹ ਗੱਲ ਯਾਦ ਨਹੀਂ ਰੱਖ ਸਕੇ ਕਿ ਭਾਜਪਾ ਲੀਡਰਸ਼ਿਪ ਵਕਤ ਦੀ ਉਡੀਕ ਵਿੱਚ ਹੈ, ਜਦੋਂ ਉਹ ਵਕਤ ਆ ਗਿਆ, ਅਕਾਲੀਆਂ ਨੂੰ ਵੀ ਔਕਾਤ ਵਿਖਾ ਦੇਵੇਗੀ। ਕਿਸਾਨ ਸੰਘਰਸ਼ ਦੇ ਦੌਰ ਵਿੱਚ ਅਕਾਲੀ ਲੀਡਰਸ਼ਿਪ ਨੇ ਇੱਕ ਹੱਦ ਤੱਕ ਔਖੇ ਹੋ ਕੇ ਵੀ ਸਾਂਝ ਨਿਭਾਈ ਜਾਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਇਹ ਗੱਲ ਪਤਾ ਲੱਗੀ ਕਿ ਭਾਜਪਾ ਦੀ ਸਾਂਝ ਕਾਰਨ ਪੰਜਾਬ ਵਿੱਚੋਂ ਜੜ੍ਹਾਂ ਉੱਖੜ ਜਾਣ ਦਾ ਡਰ ਹੈ, ਉਨ੍ਹਾਂ ਨੇ ਕੂਹਣੀ ਮੋੜ ਕੱਟ ਕੇ ਆਪਣੇ ਆਪ ਨੂੰ ਬਚਾਉਣ ਦੇ ਹੀਲੇ ਸ਼ੁਰੂ ਕਰ ਦਿੱਤੇ। ਇਸ ਵੇਲੇ ਅਕਾਲੀ ਦਲ ਵਲੋਂ ਕਿਸਾਨਾਂ ਦੇ ਸੰਘਰਸ਼ ਦੌਰਾਨ ਜਿਹੜੀ ਸਰਗਰਮੀ ਕੀਤੀ ਜਾ ਰਹੀ ਹੈ, ਉਹ ਅਸਲ ਵਿੱਚ ਕਿਸਾਨਾਂ ਲਈ ਨਹੀਂ, ਭਾਜਪਾ ਨਾਲ ਆਪਣੀ ਸਾਂਝ ਵੇਲੇ ਦੀਆਂ ਭੁੱਲਾਂ ਉੱਤੇ ਪੋਚਾ ਮਾਰਨ ਲਈ ਕੀਤੀ ਜਾ ਰਹੀ ਹੈ, ਪਰ ਅੰਦਰੋਂ ਇਹ ਝਾਕ ਅਜੇ ਤੱਕ ਵੀ ਹੈ ਕਿ ਕੱਲ੍ਹ ਨੂੰ ਅਸੈਂਬਲੀ ਚੋਣਾਂ ਵਿੱਚ ਗੱਠਜੋੜ ਬਣਾ ਕੇ ਰਾਜ-ਭਾਗ ਮਾਣਨ ਦਾ ਰਾਹ ਨਿਕਲ ਆਵੇ ਤਾਂ ਬੁਰਾ ਨਹੀਂ ਹੋਵੇਗਾ।
ਫਿਰ ਵੀ ਜਿਹੜੀ ਸੱਟ ਭਾਜਪਾ ਨਾਲ ਸਾਂਝ ਕਾਰਨ ਉੱਤਰ ਪ੍ਰਦੇਸ਼ ਵਿਚਲੀ ਰਾਜਨੀਤੀ ਨੂੰ ਪਈ ਹੈ, ਉਹ ਸਾਰਿਆਂ ਤੋਂ ਵੱਖਰੀ ਹੈ। ਰਾਮ ਮੰਦਰ ਦੀ ਮੁਹਿੰਮ ਚੱਲਣ ਤੱਕ ਭਾਜਪਾ ਓਥੇ ਕਿਸੇ ਗਿਣਤੀ ਵਿੱਚ ਨਹੀਂ ਸੀ ਹੁੰਦੀ। ਪਹਿਲਾਂ ਜਨਤਾ ਦਲ ਵੱਲੋਂ ਤੇ ਫਿਰ ਸਮਾਜਵਾਦੀ ਪਾਰਟੀ ਬਣਾ ਕੇ ਮੁਲਾਇਮ ਸਿੰਘ ਦੀ ਚੋਖੀ ਭੱਲ ਦਿਖਾਈ ਦੇਂਦੀ ਸੀ। ਸਾਲ 1991 ਵਿੱਚ ਭਾਜਪਾ ਨੇ ਪਹਿਲੀ ਵਾਰੀ ਆਪਣੇ ਸਿਰ ਦੋ ਸੌ ਇੱਕੀ ਸੀਟਾਂ ਜਿੱਤੀਆਂ ਅਤੇ ਸਰਕਾਰ ਬਣਾਈ ਸੀ, ਪਰ ਬਾਬਰੀ ਮਸਜਿਦ ਢਾਹੁਣ ਕਾਰਨ ਉਹ ਸਰਕਾਰ ਜਦੋਂ ਓਸੇ ਸਾਲ ਡਿੱਗ ਪਈ ਤਾਂ ਅਗਲੀ ਵਾਰੀ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਦੇ ਗੱਠਜੋੜ ਨੇ ਉਸ ਨੂੰ ਖੂੰਜੇ ਲਾ ਦਿੱਤਾ ਸੀ। ਉਨ੍ਹਾਂ ਦੋਵਾਂ ਦੀਆਂ ਮਿਲਾ ਕੇ ਇੱਕ ਸੌ ਛਿਆਸੀ ਸੀਟਾਂ ਸਨ ਤੇ ਉਨ੍ਹਾਂ ਦੀ ਸਰਕਾਰ ਨੂੰ ਬਾਹਰੋਂ ਕਾਂਗਰਸ ਅਤੇ ਕਮਿਊਨਿਸਟਾਂ ਨੇ ਵੀ ਹਮਾਇਤ ਦਿੱਤੀ ਸੀ, ਪਰ ਮੁੱਖ ਮੰਤਰੀ ਬਣਨ ਦੀ ਤੀਬਰ ਤਾਂਘ ਕਾਰਨ ਬੀਬੀ ਮਾਇਆਵਤੀ ਨੇ ਹਸਪਤਾਲ ਬੈਠੇ ਬਾਬੂ ਕਾਂਸ਼ੀ ਰਾਮ ਨੂੰ ਵੀ ਨਹੀਂ ਸੀ ਪੁੱਛਿਆ ਤੇ ਮੁਲਾਇਮ ਸਿੰਘ ਦਾ ਸਾਥ ਛੱਡ ਕੇ ਭਾਜਪਾ ਦੀ ਮਦਦ ਨਾਲ ਸਰਕਾਰ ਬਣਾ ਲਈ ਸੀ। ਸਾਢੇ ਚਾਰ ਮਹੀਨਿਆਂ ਬਾਅਦ ਉਹ ਸਰਕਾਰ ਦੋਵਾਂ ਧਿਰਾਂ ਦਾ ਸੁਭਾਅ ਨਾ ਮਿਲਣ ਕਾਰਨ ਟੁੱਟ ਗਈ, ਪਰ ਇਸ ਨੇ ਖੂੰਜੇ ਲੱਗੀ ਭਾਜਪਾ ਨੂੰ ਮੁੜ ਕੇ ਉੱਠਣ ਦਾ ਮੌਕਾ ਦੇ ਦਿੱਤਾ ਤੇ ਅਗਲੀਆਂ ਚੋਣਾਂ ਵਿੱਚ ਭਾਜਪਾ ਪੌਣੇ ਦੋ ਸੌ ਸੀਟਾਂ ਲੈ ਗਈ। ਬੀਬੀ ਮਾਇਆਵਤੀ ਨੂੰ ਓਦੋਂ ਵੀ ਰਾਜ ਦੀ ਇੱਛਾ ਨੇ ਏਨਾ ਸਤਾਇਆ ਕਿ ਭਾਜਪਾ ਨਾਲ ਛੇ-ਛੇ ਮਹੀਨੇ ਰਾਜ ਕਰਨ ਦਾ ਸੌਦਾ ਮਾਰ ਕੇ ਕੁਰਸੀ ਮੱਲ ਲਈ, ਪਰ ਉਸ ਦੇ ਬਾਅਦ ਫਿਰ ਗੱਦੀ ਤੋਂ ਝਗੜਾ ਪੈ ਗਿਆ ਤੇ ਭਾਜਪਾ ਵਾਲਿਆਂ ਨੇ ਵਿਧਾਨ ਸਭਾ ਦੇ ਅੰਦਰ ਬਹੁਜਨ ਸਮਾਜ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਨੂੰ ਏਨਾ ਕੁੱਟਿਆ ਸੀ ਕਿ ਸਾਰੀ ਦੁਨੀਆ ਵਿੱਚ ਇਹੋ ਚਰਚਾ ਹੁੰਦੀ ਰਹੀ ਸੀ। ਘੱਟ ਮੁਲਾਇਮ ਸਿੰਘ ਨੇ ਵੀ ਨਹੀਂ ਕੀਤੀ। ਉਸ ਨੇ ਮਾਇਆਵਤੀ ਦੇ ਖਿਲਾਫ ਵੀ ਉੱਧੜਧੁੰਮੀ ਚੁੱਕ ਰੱਖੀ ਸੀ ਤੇ ਜਿਨ੍ਹਾਂ ਕਮਿਊਨਿਸਟਾਂ ਤੋਂ ਸਰਕਾਰ ਬਣਾਉਣ ਵਾਸਤੇ ਮਦਦ ਲਈ ਸੀ, ਉਨ੍ਹਾਂ ਦੇ ਦਫਤਰ ਵਿੱਚ ਚੱਲਦੀ ਬੈਠਕ ਵਿੱਚੋਂ ਉਨ੍ਹਾਂ ਦੇ ਸੱਤ ਵਿਧਾਇਕ ਵੀ ਚੁੱਕਾ ਲਿਆਂਦੇ ਸਨ। ਉਸ ਪਿੱਛੋਂ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਪਛੜਦੀਆਂ ਗਈਆਂ ਅਤੇ ਭਾਜਪਾ ਦਾ ਦਬਦਬਾ ਕਾਇਮ ਹੁੰਦਾ ਗਿਆ, ਪਰ ਦੋਵੇਂ ਧਿਰਾਂ ਅਜੇ ਵੀ ਅਕਲ ਨਹੀਂ ਕਰਦੀਆਂ। ਬੀਤੇ ਦਿਨੀਂ ਉੱਤਰ ਪ੍ਰਦੇਸ਼ ਤੋਂ ਜਦੋਂ ਰਾਜ ਸਭਾ ਦੀਆਂ ਕੁਝ ਸੀਟਾਂ ਦੀ ਚੋਣ ਹੋਣੀ ਸੀ, ਇੱਕ ਸੀਟ ਬਦਲੇ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਨੇ ਇੱਕ ਦੂਸਰੇ ਦੇ ਬੰਦੇ ਭੰਨਣ ਦਾ ਕੰਮ ਸ਼ੁਰੂ ਕਰ ਲਿਆ। ਉਸ ਸੀਟ ਦੀ ਚੋਣ ਤਾਂ ਆਪਣੇ ਥਾਂ ਹੋਵੇਗੀ, ਇਸ ਚੋਣ ਤੋਂ ਕੁੜੱਤਣ ਏਨੀ ਵਧੀ ਹੈ ਕਿ ਬਹੁਜਨ ਸਮਾਜ ਪਾਰਟੀ ਨੇ ਸਮਾਜਵਾਦੀ ਪਾਰਟੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ। ਇਹੋ ਗੱਲ ਤਾਂ ਭਾਜਪਾ ਚਾਹੁੰਦੀ ਸੀ, ਜਿਹੜੀ ਦੋਵਾਂ ਦੀ ਲੜਾਈ ਵਿੱਚੋਂ ਆਰਾਮ ਨਾਲ ਹੋ ਗਈ ਹੈ।
ਅਸੀਂ ਇਹ ਲੰਮੀ ਲੜੀ ਇਸ ਲਈ ਪੇਸ਼ ਕੀਤੀ ਹੈ ਕਿ ਅੱਜ ਜਦੋਂ ਧਰਮ ਨਿਰਪੱਖਤਾ ਦੀ ਹਰ ਮਾੜੀ-ਮੋਟੀ ਧਿਰ ਦੇ ਆਗੂ ਭਾਜਪਾ ਦੇ ਖਿਲਾਫ ਬੋਲਦੇ ਸੁਣੇ ਜਾ ਰਹੇ ਹਨ, ਉਹ ਇਹ ਗੱਲ ਨਹੀਂ ਸੋਚਦੇ ਕਿ ਭਾਜਪਾ ਦੀ ਚੜ੍ਹਤ ਲਈ ਉਨ੍ਹਾਂ ਦੀ ਆਪਣੀ ਭੂਮਿਕਾ ਕਿੱਦਾਂ ਦੀ ਰਹੀ ਹੈ? ਕੁਰਸੀਆਂ ਪਿੱਛੇ ਲਾਰ ਸੁੱਟਣ ਵਾਲੇ ਇਨ੍ਹਾਂ ਧਰਮ ਨਿਰਪੱਖ ਆਗੂਆਂ ਨੇ ਕਦੇ ਵੀ ਲਗਾਤਾਰ ਧਰਮ ਨਿਰਪੱਖ ਪੈਂਤੜਾ ਨਹੀਂ ਲਿਆ। ਜਿਸ ਪਾਸੇ ਤੋਂ ਕੁਰਸੀ ਦੀ ਝਾਕ ਦਿੱਸ ਜਾਂਦੀ ਰਹੀ, ਉਹ ਓਸੇ ਪਾਸੇ ਵੱਲ ਉਡਾਰੀਆਂ ਲਾ ਲੈਂਦੇ ਰਹੇ ਤੇ ਖੁਦ ਹੀ ਭਾਜਪਾ ਦੀ ਚੜ੍ਹਤ ਦੇ ਹਾਲਾਤ ਪੈਦਾ ਕਰਨ ਦੇ ਬਾਅਦ ਅੱਜਕੱਲ੍ਹ ਸਵੇਰੇ-ਸ਼ਾਮ ਇਹ ਰੋਣਾ ਰੋਈ ਜਾਂਦੇ ਹਨ ਕਿ ਦੇਸ਼ ਦੀ ਧਰਮ ਨਿਰਪੱਖਤਾ ਨੂੰ ਢਾਹ ਲੱਗਦੀ ਪਈ ਹੈ। ਸਿਆਣੇ ਕਿਹਾ ਕਰਦੇ ਸਨ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹੀਦਾ, ਪਰ ਭਾਰਤੀ ਰਾਜਨੀਤੀ ਦੇ ਧਰਮ ਨਿਰਪੱਖਤਾ ਦੀਆਂ ਕੂਕਾਂ ਮਾਰਨ ਵਾਲੇ ਧਨੰਤਰ ਅੱਜ ਵੀ ਧਰਮ ਨਿਰਪੱਖਤਾ ਤੋਂ ਪਾਰਟੀ ਵੱਡੀ ਤੇ ਪਾਰਟੀ ਤੋਂ ਕੁਰਸੀ ਵੱਡੀ ਕਰਦਿਆਂ ਆਖਰ ਨੂੰ ਦੇਸ਼ ਦੇ ਹਿੱਤਾਂ ਤੋਂ ਆਪਣੇ ਹਿੱਤਾਂ ਨੂੰ ਅੱਗੇ ਰੱਖ ਬੈਠੇ ਹਨ। ਇਨ੍ਹਾਂ ਹਾਲਾਤ ਵਿੱਚ ਧਰਮ ਨਿਰਪੱਖਤਾ ਦਾ ਸਿਰਫ ਨਾਅਰਾ ਹੀ ਲੱਗੀ ਜਾਂਦਾ ਹੈ, ਉਹ ਬਹੁਤਾ ਚਿਰ ਰਹਿਣ ਵਾਲੀ ਨਹੀਂ। ਪਾਕਿਸਤਾਨ ਦੇ ਫੌਜੀ ਰਾਜ ਵਾਲੇ ਦਿਨਾਂ ਵਿੱਚ ਇੱਕ ਕਾਮੇਡੀ ਸ਼ੋਅ ਵਿੱਚ ਇੱਕ ਪ੍ਰੋਫੈਸਰ ਨੇ ਇੱਕ ਵਿਦਿਆਰਥੀ ਨੂੰ ‘ਸਟੈਚੂ ਆਫ ਲਿਬਰਟੀ’ ਪੁੱਛਿਆ ਸੀ। ਵਿਦਿਆਰਥੀ ਉੱਠ ਕੇ ਕਹਿਣ ਲੱਗਾ: “ਇਹ ਅਮਰੀਕਾ ਵਿੱਚ ਲੱਗਾ ਹੋਇਆ ਬੁੱਤ ਹੈ, ਜਿਸ ਦੀ ਛਾਂਵੇਂ ਖੜੋ ਕੇ ਪਾਕਿਸਤਾਨ ਵਾਲੇ ਲੋਕ ਹਉਕੇ ਭਰ-ਭਰ ਕੇ ਕਹਿੰਦੇ ਹਨ: ‘ਲਿਬਰਟੀ, ਲਿਬਰਟੀ, ਲਿਬਰਟੀ’ ਅਤੇ ਜਦੋਂ ਥੱਕ ਜਾਂਦੇ ਹਨ ਤਾਂ ਆਪਣੇ ਦੇਸ਼ ਆਣ ਵੜਦੇ ਹਨ।” ਜੇ ਭਾਰਤ ਵਿੱਚ ਵੀ ਅੱਜ ਵਾਲੇ ਹਾਲਾਤ ਹੀ ਰਹਿਣੇ ਹਨ ਤਾਂ ਇੱਕ ਦਿਨ ਇਸ ਦੇਸ਼ ਵਿੱਚ ਵੀ ਧਰਮ ਨਿਰਪੱਖਤਾ ਦੀ ਹੋਂਦ ਲਿਬਰਟੀ ਦੇ ਸਟੈਚੂ ਵਰਗੀ ਬਣ ਕੇ ਰਹਿ ਜਾਵੇਗੀ ਅਤੇ ਲੋਕ ਥੋੜ੍ਹਾ ਜਿਹਾ ਵਿਹਲ ਕੱਢ ਕੇ ਹਫਤੇ ਦੇ ਇੱਕ ਦਿਨ ਧਰਮ ਨਿਰਪੱਖਤਾ ਦੇ ਹਉਕੇ ਭਰ ਕੇ ਆਪਣੇ ਮਨ ਦਾ ਭਾਰ ਹੌਲਾ ਕਰ ਲਿਆ ਕਰਨਗੇ।

ਲੇਖ

ਧਰਮ-ਨਿਰਪੱਖ ਵਿਰਾਸਤ ਦੇ ਖਤਰੇ ਵਕਤ ‘ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈਂ, ਕਹਾਂ ਹੈਂ…’ -ਜਤਿੰਦਰ ਪਨੂੰ

Published

on

pannu article

ਭਾਰਤ ਦੀ ਰਾਜਨੀਤੀ ਉਸ ਲੀਹ ਤੋਂ ਲੱਥ ਚੁੱਕੀ ਹੈ, ਜਿਹੜੀ ਇਸ ਨੇ ਆਜ਼ਾਦੀ ਸੰਘਰਸ਼ ਦੌਰਾਨ ਕਈ ਨੁਕਸਾਂ ਦੇ ਬਾਵਜੂਦ ਲੰਮਾ ਸਮਾਂ ਫੜੀ ਰੱਖੀ ਸੀ। ਇਹ ਲੀਹ ਧਰਮ-ਨਿਰਪੱਖਤਾ ਦੀ ਸੀ। ਅੰਗਰੇਜ਼ੀ ਰਾਜ ਅੱਗੇ ਬੁਰੀ ਤਰ੍ਹਾਂ ਝੁਕੇ ਹੋਏ ਇਸ ਦੇਸ਼ ਅੰਦਰ ਆਜ਼ਾਦੀ ਲਹਿਰ ਦੌਰਾਨ ਜਿਸ ਧਰਮ-ਨਿਰਪੱਖਤਾ ਅਤੇ ਕੌਮੀ ਭਾਵਨਾ ਦੀ ਲੋੜ ਸੀ, ਉਸ ਦਾ ਪ੍ਰਗਟਾਵਾ ਸ਼ਾਇਰ ਇਕਬਾਲ ਨੇ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਵਿੱਚ ਇਨ੍ਹਾਂ ਸ਼ਬਦਾਂ ਨਾਲ ਕੀਤਾ ਸੀ: ‘ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ, ਹਿੰਦੀ ਹੈਂ ਹਮ ਵਤਨ ਹੈ ਹਿੰਦੁਸਤਾਂ ਹਮਾਰਾ’। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਉਹ ਵੀ ਫਿਰਕੇਦਾਰੀ ਦੀ ਪਾਣ ਚੜ੍ਹਨ ਪਿੱਛੋਂ ਵੱਖਰੇ ਇਸਲਾਮੀ ਦੇਸ਼ ਦੀ ਮੰਗ ਕਰਨ ਲੱਗ ਪਿਆ ਤੇ ਉਸ ਵਕਤ ਉਸ ਨੇ ‘ਚੀਨ-ਓ-ਅਰਬ ਹਮਾਰਾ, ਹਿੰਦੁਸਤਾਂ ਹਮਾਰਾ, ਮੁਸਲਿਮ ਹੈਂ ਹਮ ਵਤਨ ਹੈ ਸਾਰਾ ਜਹਾਂ ਹਮਾਰਾ’ ਲਿਖ ਦਿੱਤਾ ਸੀ, ਪਰ ਭਾਰਤ ਦੀ ਆਜ਼ਾਦੀ ਲਹਿਰ ਦੀ ਕੇਂਦਰੀ ਲੀਹ ਧਰਮ-ਨਿਰਪੱਖਤਾ ਰਹੀ ਸੀ। ਦੇਸ਼ ਆਜ਼ਾਦ ਹੋਣ ਪਿੱਛੋਂ ਵੀ ਇਸ ਦੀ ਵਾਗ ਉਨ੍ਹਾਂ ਲੋਕਾਂ ਹੱਥ ਆਈ ਸੀ, ਜਿਹੜੇ ਧਰਮ-ਨਿਰਪੱਖ ਸਨ। ਜਵਾਹਰ ਲਾਲ ਨਹਿਰੂ ਦੇ ਨਾਲ ਬੇਸ਼ੱਕ ‘ਪੰਡਿਤ’ ਲਿਖਿਆ-ਬੋਲਿਆ ਜਾਂਦਾ ਸੀ, ਪਰ ਉਹ ਗਿਆਨ ਦਾ ਪੰਡਿਤ ਸੀ, ਧਰਮ ਦੇ ਪੱਖੋਂ ਓਹੋ ਜਿਹਾ ਪੰਡਿਤ ਕਦੇ ਨਹੀਂ ਬਣਿਆ, ਜਿਹੜਾ ਸਿਰਫ ਆਪਣੇ ਧਰਮ ਨੂੰ ਉੱਚਾ ਅਤੇ ਹੋਰਨਾਂ ਨੂੰ ਨੀਂਵਾਂ ਮੰਨਦਾ ਹੋਵੇ। ਉਸ ਨਾਲ ਜੁੜੇ ਹੋਰ ਵੱਡੇ ਆਗੂਆਂ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਵੀ ਸ਼ਾਮਲ ਸੀ, ਜਿਸ ਦੇ ਨਾਂਅ ਨਾਲ ‘ਮੌਲਾਨਾ’ ਜੁੜਿਆ ਹੋਣ ਦੇ ਬਾਵਜੂਦ ਆਪਣੇ ਧਰਮ ਦੇ ਹੋਰ ਮੌਲਾਣਿਆਂ ਵਾਂਗ ਧਰਮ ਦੇ ਨਾਂਅ ਉੱਤੇ ਵੱਖਰੇ ਦੇਸ਼ ਦੀ ਧਾਰਨਾ ਨਾਲ ਜੁੜਨ ਦੀ ਥਾਂ ਇਸ ਸੋਚ ਦੇ ਵਿਰੋਧ ਵਿੱਚ ਆਖਰ ਤੱਕ ਡਟਿਆ ਰਿਹਾ ਸੀ। ਉਸ ਨੇ ਕਿਹਾ ਸੀ ਕਿ ਇਸ ਦੇਸ਼ ਦੇ ਸੱਭਿਆਚਾਰ ਦੀ ਗੰਗਾ-ਜਮਨੀ ਤਹਿਜ਼ੀਬ ਏਥੇ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਸਾਂਝ ਦੇ ਕਾਰਨ ਹੈ, ਅਸੀਂ ਇਸ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦੇ। ਇਹ ਆਜ਼ਾਦੀ ਲਹਿਰ ਦੀ ਵਿਰਾਸਤ ਦਾ ਨਤੀਜਾ ਸੀ ਕਿ ਆਜ਼ਾਦ ਦੇਸ਼ ਦੇ ਮੁੱਢਲੇ ਆਗੂ ਧਰਮ-ਨਿਰਪੱਖ ਹੋਣ ਦੀ ਇਸ ਉੱਚ ਪੱਧਰੀ ਸੋਚ ਤੱਕ ਪਹੁੰਚੇ ਹੋਏ ਸਨ ਅਤੇ ਜ਼ਰਾ ਜਿੰਨੀ ਡਾਵਾਂਡੋਲਤਾ ਨਹੀਂ ਸੀ ਵਿਖਾਉਂਦੇ। ਅਫਸੋਸ ਕਿ ਜਿਸ ਪਾਰਟੀ ਦੇ ਮੁੱਢਲੇ ਆਗੂ ਏਨੀ ਉੱਚੀ ਸੋਚ ਵਾਲੇ ਸਨ, ਉਸ ਦੀ ਅਗਲੀ ਪੀੜ੍ਹੀ ਨੇ ਭਾਰਤ ਨੂੰ ਕੁਰਾਹੇ ਪਾ ਛੱਡਿਆ।
ਅੱਜ ਦੇ ਭਾਰਤ ਦੀ ਲੀਡਰਸ਼ਿਪ ਇਹ ਸੋਚਣ ਉੱਤੇ ਮਗਜ਼-ਪੱਚੀ ਕਰਨਾ ਫਜ਼ੂਲ ਸਮਝਣ ਲੱਗੀ ਹੈ ਕਿ ਇਸ ਦੇਸ਼ ਵਿੱਚ ਸਾਰੇ ਲੋਕ ਬਰਾਬਰ ਹੋਣੇ ਚਾਹੀਦੇ ਹਨ। ਇੱਕ ਧਰਮ ਦੇ ਬੋਲ-ਬਾਲੇ ਵਾਲਾ ਰਾਜ ਕਿਹੋ ਜਿਹਾ ਹੋ ਸਕਦਾ ਹੈ, ਏਦਾਂ ਦੇ ਸਵਾਲ ਪੁੱਛਣਾ ਅੱਜ ਬੇਲੋੜਾ ਹੁੰਦਾ ਜਾਂਦਾ ਹੈ। ਰਾਜ-ਦਰਬਾਰ ਅਤੇ ਪ੍ਰਸ਼ਾਸਨ ਹੀ ਨਹੀਂ, ਅਦਾਲਤੀ ਫੈਸਲਿਆਂ ਤੱਕ ਇਹੀ ਝਲਕ ਦਿਖਾਈ ਦੇਂਦੀ ਹੈ। ਅਸੀਂ ਅਮਰੀਕਾ ਵਰਗੇ ਦੇਸ਼ਾਂ ਬਾਰੇ ਇਹ ਪੜ੍ਹ ਕੇ ਹੈਰਾਨ ਹੁੰਦੇ ਰਹੇ ਸਾਂ ਕਿ ਓਥੇ ਇੱਕੋ ਕਸੂਰ ਬਦਲੇ ਗੋਰੇ ਨੂੰ ਘੱਟ ਸਜ਼ਾ ਅਤੇ ਗੈਰ-ਗੋਰੇ ਨੂੰ ਵੱਧ ਸਜ਼ਾ ਦਿੱਤੀ ਜਾਣ ਦੀਆਂ ਰਿਪੋਰਟ ਹਨ ਤੇ ਪੁਲਸ ਪੜਤਾਲ ਵਿੱਚ ਵੀ ਇਹੋ ਕੁਝ ਹੋਈ ਜਾਂਦਾ ਹੈ। ਅੱਜ ਭਾਰਤ ਵਿੱਚ ਵੀ ਇਹੋ ਕੁਝ ਹੁੰਦਾ ਦਿੱਸ ਰਿਹਾ ਹੈ। ਪੁਲਸ ਜਾਂਚ ਤੋਂ ਅਦਾਲਤੀ ਫੈਸਲਿਆਂ ਤੱਕ ਕੇਂਦਰ ਦੇ ਹਾਕਮਾਂ ਦੀ ਧਰਮ-ਧਾਰਨਾ ਵਾਲੇ ਲੋਕਾਂ ਅਤੇ ਇਸ ਧਾਰਨਾ ਦਾ ਵਿਰੋਧ ਕਰਨ ਵਾਲੇ ਲੋਕਾਂ ਲਈ ਵਖਰੇਵਾਂ ਸਾਫ ਨਜ਼ਰ ਆਉਣ ਲੱਗ ਪਿਆ ਹੈ। ਰਾਜਨੀਤੀ ਦਾ ਇਹ ਰੰਗ ਭਾਰਤੀ ਸਮਾਜ ਉੱਤੇ ਜਿਸ ਹੱਦ ਤੱਕ ਚੜ੍ਹ ਚੁੱਕਾ ਹੈ ਅਤੇ ਦਿਨੋ-ਦਿਨ ਹੋਰ ਗਹਿਰਾ ਹੁੰਦਾ ਜਾਂਦਾ ਹੈ, ਇਸ ਦੇ ਲਈ ਪਹਿਲਾ ਦੋਸ਼ ਉਨ੍ਹਾਂ ਲੋਕਾਂ ਸਿਰ ਹੀ ਜਾਂਦਾ ਹੈ, ਜਿਹੜੇ ਕਿਸੇ ਵੇਲੇ ਇਸ ਦੇਸ਼ ਦੀ ਧਰਮ-ਨਿਰਪੱਖਤਾ ਦੀ ਮਿਸਾਲ ਬਣਨ ਵਾਲੇ ਪ੍ਰਮੁੱਖ ਆਗੂਆਂ ਦੇ ਸਿਆਸੀ ਵਾਰਸ ਹਨ।
ਅਸੀਂ ਪਹਿਲਾਂ ਕਹਿ ਆਏ ਹਾਂ ਕਿ ਜਵਾਹਰ ਲਾਲ ਨਹਿਰੂ ਦੇ ਨਾਂਅ ਨਾਲ ‘ਪੰਡਿਤ’ ਲੱਗਣ ਦੇ ਬਾਵਜੂਦ ਉਹ ਸਦਾ ਧਰਮ-ਨਿਰਪੱਖ ਰਿਹਾ ਤੇ ਧਰਮ ਨੂੰ ਰਾਜਨੀਤੀ ਤੋਂ ਏਨਾ ਦੂਰ ਰੱਖਦਾ ਸੀ ਕਿ ਕਦੇ ਕਿਸੇ ਧਰਮ ਅਸਥਾਨ ਨਹੀਂ ਜਾਂਦਾ ਸੀ। ਕਹਿੰਦੇ ਹਨ ਕਿ ਪੁਰਖਿਆਂ ਦੀ ਸੋਚ ਦੀ ਜੜ੍ਹ ਕਈ ਪੀੜ੍ਹੀਆਂ ਤੱਕ ਜਾਂਦੀ ਹੈ, ਪਰ ਜਵਾਹਰ ਲਾਲ ਨਹਿਰੂ ਦੇ ਜੀਨ ਦੀ ਜੜ੍ਹ ਪਹਿਲੀ ਪੀੜ੍ਹੀ ਇੰਦਰਾ ਗਾਂਧੀ ਨਾਲ ਵੀ ਨਹੀਂ ਨਿਭੀ। ਆਪਣੇ ਬਾਪ ਤੋਂ ਉਲਟ ਉਹ ਸਿਰਫ ਕੁਰਸੀ ਕਾਇਮ ਰੱਖਣ ਵਾਸਤੇ ਕਿਸੇ ਵੀ ਧਰਮ ਅਸਥਾਨ ਵਿੱਚ ਮੱਥਾ ਟੇਕਣ ਤੁਰੀ ਰਹਿੰਦੀ ਸੀ ਅਤੇ ਨਾਲ ਦੀ ਨਾਲ ਧਰਮਾਂ ਦੇ ਭੇੜ ਕਰਾਉਣ ਦੇ ਗਲਤ ਰਾਹੇ ਪੈ ਗਈ ਸੀ। ਪੰਜਾਬ ਦੀ ਜਿਹੜੀ ਸਮੱਸਿਆ ਪੰਝੀ ਹਜ਼ਾਰ ਤੋਂ ਵੱਧ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣੀ, ਉਹ ਵੀ ਇੰਦਰਾ ਗਾਂਧੀ ਅਤੇ ਉਸ ਦੇ ਦੁਆਲੇ ਜੁੜੀ ਜੁੰਡੀ ਦੀਆਂ ਰਾਜਨੀਤਕ ਤਿਕੜਮਾਂ ਦਾ ਨਤੀਜਾ ਸੀ ਤੇ ਫਿਰ ਜਦੋਂ ਉਹ ਖੁਦ ਜਿੰæਦਾ ਨਾ ਰਹੀ ਤਾਂ ਬਹੁ-ਗਿਣਤੀ ਧਰਮ ਦੇ ਲੋਕਾਂ ਨੂੰ ਕੱਟੜਪੁਣੇ ਦੀ ਚੋਭ ਲਾਉਣ ਦਾ ਕੰਮ ਉਸ ਦੇ ਪੁਤਰ ਰਾਜੀਵ ਗਾਂਧੀ ਨੇ ਵੀ ਇਸ ਇਰਾਦੇ ਨਾਲ ਕੀਤਾ ਸੀ ਕਿ ਇਸ ਤਰ੍ਹਾਂ ਰਾਜ-ਗੱਦੀ ਦੀ ਹੰਢਣਸਾਰਤਾ ਵਧ ਜਾਵੇਗੀ। ਨਤੀਜਾ ਇਸ ਦਾ ਇਹ ਹੋਇਆ ਕਿ ਉਸ ਧਰਮ ਵਿੱਚ ਉਨ੍ਹਾਂ ਤੋਂ ਵੱਧ ਤਿੱਖੀਆਂ ਸੁਰਾਂ ਕੱਢਣ ਵਾਲਿਆਂ ਨੂੰ ਮੌਕਾ ਨਸੀਬ ਹੋ ਗਿਆ ਤੇ ਭਾਰਤ ਵਿੱਚ ਧਰਮ-ਨਿਰਪੱਖਤਾ ਦੇ ਜੜ੍ਹੀਂ ਤੇਲ ਦਿੱਤਾ ਹੋਣ ਕਰ ਕੇ ਉਹ ਧਿਰ ਲੰਮੀਆਂ ਰਾਜਸੀ ਪੁਲਾਂਘਾਂ ਪੁੱਟਣ ਲੱਗ ਪਈ, ਜਿਸ ਨੂੰ ਦੇਸ਼ ਦੇ ਲੋਕ ਕਈ ਵਾਰ ਰੱਦ ਕਰ ਚੁੱਕੇ ਸਨ। ਉਸ ਧਿਰ ਦੀ ਉਠਾਣ ਦਾ ਪੜੁੱਲ ਇਨ੍ਹਾਂ ਚੁਸਤੀਆਂ ਨੇ ਹੀ ਬੰਨ੍ਹਿਆ ਸੀ।
ਅੱਜ ਤੋਂ ਪੰਝੀ-ਸਾਲ ਪਹਿਲਾਂ ਜਦੋਂ ਇਹ ਕਿਹਾ ਜਾਂਦਾ ਸੀ ਕਿ ਗਲਤ ਧਾਰਨਾਵਾਂ ਵਿੱਚੋਂ ਰਾਜਸੀ ਲਾਭ ਲੈਣ ਦੇ ਰਾਹ ਪਈ ਕਾਂਗਰਸ ਲੀਡਰਸ਼ਿਪ ਆਪਣਾ ਵੀ ਨੁਕਸਾਨ ਕਰੇਗੀ ਅਤੇ ਦੇਸ਼ ਦਾ ਵੀ ਕਰਾਵੇਗੀ ਤਾਂ ਕਈ ਲੋਕਾਂ ਨੂੰ ਇਹ ਕਹਿਣਾ ਚੰਗਾ ਨਹੀਂ ਸੀ ਲੱਗਦਾ। ਉਨ੍ਹਾਂ ਨੂੰ ਇਹ ਗੱਲ ਸੁਣਨੀ ਮਨਜ਼ੂਰ ਨਹੀਂ ਸੀ ਕਿ ਜਿਹੜੇ ਕਾਂਗਰਸੀ ਅੱਜ ਇਸ ਪਾਰਟੀ ਵਿੱਚ ਰਹਿ ਕੇ ਇਹ ਖੇਡਾਂ ਖੇਡ ਰਹੇ ਹਨ, ਉਹ ਕੱਲ੍ਹ-ਕਲੋਤਰ ਨੂੰ ਬਹੁ-ਗਿਣਤੀ ਭਾਈਚਾਰੇ ਦੇ ਨਾਂਅ ਉੱਤੇ ਰਾਜਨੀਤੀ ਕਰਨ ਦੇ ਝੰਡਾ-ਬਰਦਾਰਾਂ ਨਾਲ ਜਾ ਮਿਲਣਗੇ। ਅੱਜ ਇਹ ਸਭ ਕੁਝ ਸਾਡੇ ਸਾਹਮਣੇ ਹੈ। ਕਿਸੇ ਵੀ ਰਾਜ ਵਿੱਚ ਵੇਖ ਲਵੋ ਤਾਂ ਭਾਜਪਾ ਵਿੱਚ ਕਾਂਗਰਸੀਆਂ ਦੀ ਉਹ ਧਾੜ ਆਰਾਮ ਨਾਲ ਲੱਭ ਜਾਵੇਗੀ, ਜਿਹੜੀ ਕਾਂਗਰਸੀ ਰਾਜ ਵਿੱਚ ਅੰਗੂਰੀ ਚਰਦੀ ਤੇ ਧਰਮ-ਨਿਰਪੱਖਤਾ ਦੇ ਓਹਲੇ ਹੇਠ ਇੱਕ ਖਾਸ ਸੋਚ ਵਾਲੇ ਲੋਕਾਂ ਨਾਲ ਸਾਂਝਾਂ ਰੱਖੀ ਜਾਂਦੀ ਸੀ। ਗੋਆ ਵਰਗੇ ਧਰਮ-ਨਿਰਪੱਖ ਦਿੱਖ ਵਾਲੇ ਰਾਜ ਵਿੱਚ ਪਿਛਲੀ ਵਾਰੀ ਕਾਂਗਰਸ ਦੇ ਸਤਾਰਾਂ ਵਿਧਾਇਕ ਜਿੱਤੇ ਸਨ, ਚੌਦਾਂ ਜਣੇ ਭਾਜਪਾ ਦੇ ਨਾਲ ਚਲੇ ਗਏ ਅਤੇ ਤਿੰਨ ਮਸਾਂ ਇਸ ਪਾਰਟੀ ਵਿੱਚ ਟਿਕੇ ਰਹੇ ਹਨ। ਮੱਧ ਪ੍ਰਦੇਸ਼ ਵਿੱਚੋਂ ਬਾਈ ਵਿਧਾਇਕ ਇੱਕੋ ਛੜੱਪੇ ਵਿੱਚ ਆਪਣੀ ਧਰਮ-ਨਿਰਪੱਖਤਾ ਨੂੰ ਕੂੜੇਦਾਨ ਵਿੱਚ ਸੁੱਟ ਕੇ ਭਾਜਪਾ ਵਿੱਚ ਚਲੇ ਗਏ ਸਨ। ਇਹ ਸਭ ਸਹਿਜ-ਸੁਭਾਅ ਨਹੀਂ ਹੋ ਗਿਆ।
ਅਸੀਂ ਫਿਰ ਓਸੇ ਗੱਲ ਉੱਤੇ ਆਈਏ, ਜਿੱਥੋਂ ਕਹਾਣੀ ਸ਼ੁਰੂ ਕੀਤੀ ਸੀ। ਅੱਜ ਦਾ ਭਾਰਤ ਪਹਿਲਾਂ ਵਾਲੀ ਪਟੜੀ ਤੋਂ ਲੱਥ ਚੁੱਕਾ ਅਤੇ ਉਸ ਲੀਹ ਉੱਤੇ ਪੈ ਚੁੱਕਾ ਹੈ, ਜਿੱਥੇ ਧਰਮ-ਨਿਰਪੱਖਤਾ ਨੂੰ ਚਿੜਾਇਆ ਜਾਂਦਾ ਹੈ। ਭਾਰਤੀ ਸਮਾਜ ਵਿੱਚ ਵੰਡੀਆਂ ਪਾਉਣ ਵਾਲੇ ਲੋਕ ਉਲਟਾ ਦੂਸਰਿਆਂ ਨੂੰ ‘ਟੁਕੜੇ-ਟੁਕੜੇ ਗੈਂਗ’ ਆਖ ਕੇ ਭਾਰਤੀ ਲੋਕਾਂ ਸਾਹਮਣੇ ਬਦਨਾਮ ਅਤੇ ਗਏ-ਗੁਜ਼ਰੇ ਬਣਾ ਕੇ ਪੇਸ਼ ਕਰ ਰਹੇ ਹਨ। ਜਿਹੜਾ ਕੋਈ ਇਨ੍ਹਾਂ ਦੇ ਨਾਲ ਖੜੋ ਕੇ ਇੱਕ ਖਾਸ ਧਰਮ ਦੀ ਰਾਜਨੀਤੀ ਵਾਲੀ ਮੁਹਾਰਨੀ ਪੜ੍ਹਨ ਲੱਗ ਜਾਵੇ, ਉਹ ਠੀਕ ਹੈ ਤੇ ਬਾਕੀ ਸਾਰੇ ਲੋਕ ਇਨ੍ਹਾਂ ਦੀ ਨਜ਼ਰ ਵਿੱਚ ‘ਟੁਕੜੇ-ਟੁਕੜੇ’ ਗੈਂਗ ਬਣ ਜਾਂਦੇ ਹਨ। ਜੰਮੂ-ਕਸ਼ਮੀਰ ਦੇ ਫਾਰੂਕ ਅਬਦੁੱਲਾ ਤੇ ਉਸ ਦਾ ਪੁੱਤਰ ਕਿਸੇ ਸਮੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਮੰਤਰੀ ਬਣਾਏ ਗਏ ਸਨ, ਓਦੋਂ ਉਹ ਠੀਕ ਸਨ ਤੇ ਮਹਿਬੂਬਾ ਮੁਫਤੀ ਏਸੇ ਭਾਜਪਾ ਨਾਲ ਸਾਂਝੀ ਸਰਕਾਰ ਚਲਾਉਣ ਦੇ ਲਈ ਮੁੱਖ ਮੰਤਰੀ ਬਣੀ ਰਹੀ ਸੀ, ਓਦੋਂ ਉਹ ਵੀ ਠੀਕ ਸੀ, ਅੱਜ ਦੋਵੇਂ ‘ਟੁਕੜੇ-ਟੁਕੜੇ ਗੈਂਗ’ ਦਾ ਆਗੂ ਬਣਾ ਕੇ ਭਾਰਤ ਦੀ ਜਨਤਾ ਮੂਹਰੇ ਇਸ ਤਰ੍ਹਾਂ ਪੇਸ਼ ਕੀਤੇ ਜਾਂਦੇ ਹਨ, ਜਿਵੇਂ ਇਨ੍ਹਾਂ ਦੀ ਹੋਂਦ ਉਨ੍ਹਾਂ ਦੇ ਰਾਹ ਦਾ ਰੋੜਾ ਬਣਦੀ ਹੋਵੇ। ਧਰਮ ਨਿਰਪੱਖ ਧਿਰਾਂ ਇਸ ਦਾ ਰਾਹ ਰੋਕਣ ਜੋਗੀਆਂ ਨਹੀਂ ਰਹਿ ਗਈਆਂ। ਇਸ ਹਾਲਤ ਵਿੱਚ ਸਾਹਿਰ ਲੁਧਿਆਣਵੀ ਦਾ ਗੀਤ ਯਾਦ ਆਉਂਦਾ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਟੁੰਬ ਕੇ ਜਗਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਹੜੇ ਭਾਰਤ ਦੀ ਪ੍ਰਾਚੀਨਤਾ ਵਿੱਚੋਂ ਨਿਕਲੀ ਅਤੇ ਅੱਜ ਤੱਕ ਰਾਹ ਵਿਖਾਉਂਦੀ ਆਈ ਵਿਰਾਸਤ ਦੇ ਹਾਮੀ ਹਨ। ਸਾਹਿਰ ਨੇ ਲਿਖਿਆ ਸੀ:
ਜ਼ਰਾ ਮੁਲਕ ਕੇ ਰਹਿਬਰੋਂ ਕੋ ਬੁਲਾਓ,
ਯੇ ਕੂਚੇ, ਯੇ ਗਲੀਆਂ, ਯੇ ਮੰਜ਼ਰ ਦਿਖਾਓ,
ਜਿਨਹੇਂ ਨਾਜ਼ ਹੈ ਹਿੰਦ ਪਰ, ਉਨ ਕੋ ਲਾਓ,
ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈ, ਵੋ ਕਹਾਂ ਹੈਂ।
ਸੱਚੀ ਗੱਲ ਹੈ ਕਿ ਅੱਜ ਜਣਾ-ਖਣਾ ਆਗੂ ਬਣਿਆ ਪਿਆ ਹੈ, ਪਰ ਦੇਸ਼ ਦੀ ਵਿਰਾਸਤ ਦੀ ਸੰਭਾਲ ਲਈ ਹਾਲਾਤ ਦਾ ਸਾਹਮਣਾ ਕਰਨ ਵਾਲੇ ਲੋਕ, ‘ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈਂ’, ਇਹੀ ਪਤਾ ਨਹੀਂ ਲੱਗ ਰਿਹਾ।

Click Here To Read More Latest Punjabi Article

Continue Reading

ਲੇਖ

ਦੀਵਾ ਬਲੈ ਅੰਧੇਰਾ ਜਾਇ.. -ਡਾ. ਪ੍ਰਿਤਪਾਲ ਸਿੰਘ ਮਹਿਰੋਕ

Published

on

diwali article

ਦੀਵਾ ਜਗ ਰਿਹਾ ਹੈ। ਚਾਨਣ ਫੈਲ ਰਿਹਾ ਹੈ। ਹਨੇਰਾ ਮਿਟ ਰਿਹਾ ਹੈ। ਹਨੇਰੇ ਨੂੰ ਮਿਟਾਉਣਾ ਤੇ ਚਾਨਣ ਦਾ ਪਾਸਾਰ ਕਰਨਾ ਦੀਵੇ ਦਾ ਧਰਮ ਹੈ। ਦੀਵਾ ਘਰਾਂ ਦੀ ਬਰਕਤ ਹੁੰਦਾ ਹੈ। ਸਰਕਲ ਦੀ ਹਲੀਮੀ! ਗਿਆਨ, ਸੱਚ, ਉਜਾਲੇ, ਸ਼ਕਤੀ, ਖੁਸ਼ੀ, ਖੇੜੇ, ਜ਼ਿੰਦਗੀ ਦੇ ਹੱਸਦੇ ਪਾਸੇ, ਰੌਸ਼ਨ ਰਾਹਾਂ ਆਦਿ ਦਾ ਪ੍ਰਤੀਕ ਸਮਝਿਆ ਜਾਂਦਾ ਹੈ ਦੀਵੇ ਨੂੰ! ਹਰੇਕ ਸਮੇਂ ਦੇ ਸੱਚ ਅਤੇ ਅਸਲੀਅਤ ਦਾ ਸਿਰਨਾਵਾਂ ਹੁੰਦਾ ਹੈ ਦੀਵਾ! ਇਹ ਹਨੇਰੇ ਉਪਰ ਜਿੱਤ ਪ੍ਰਾਪਤ ਕਰਨ ਦਾ ਹੌਸਲਾ ਰੱਖਦਾ ਹੈ! ਹਾਲਾਤ ਨਾਲ ਮੁਕਾਬਲਾ ਕਰਨ ਦਾ ਹੌਸਲਾ ਰੱਖਦਾ ਹੈ! ਅੱਖ੍ਹੜਖਾਂਦ ਹਵਾਵਾਂ ਨਾਲ ਲੜਨ ਦਾ ਜਿਗਰਾ ਹੁੰਦਾ ਹੈ!
ਮਨੁੱਖੀ ਜ਼ਿੰਦਗੀ ਨੂੰ ਰੁਸ਼ਨਾਉਣ ਵਿੱਚ ਦੀਵੇ ਦੀ ਮੁੱਢਲੀ ਅਤੇ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਦੀਵੇ ਨੂੰ ਮਨੁੱਖ ਦੀਪ, ਦੀਪਕ, ਦੀਵੜਾ, ਦੀਵੜਿਆ ਆਦਿ ਕਹਿ ਕੇ ਉਸ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਨੂੰ ਪ੍ਰਗਟ ਕਰਦਾ ਆਇਆ ਹੈ। ਦੀਵੇ ਦੀ ਰੌਸ਼ਨੀ ਮਨੁੱਖ ਨੂੰ ਰਸਤੇ ਵਿਖਾਉਂਦੀ ਆਈ ਹੈ, ਉਸ ਦੇ ਰਾਹ ਰੁਸ਼ਨਾਉਂਦੀ ਆਈ ਹੈ, ਉਸ ਨੂੰ ਗਿਆਨ ਪ੍ਰਦਾਨ ਕਰਦੀ ਹੈ, ਉਸ ਨੂੰ ਤਾਕਤ ਬਖਸ਼ਦੀ ਆਈ ਹੈ। ਦੀਵੇ ਤੋਂ ਦੀਵਾ ਜਗਾਉਣ ਦਾ ਹੁਨਰ ਹੋ ਸਕਦਾ ਹੈ ਮਨੁੱਖ ਨੇ ਦੀਵੇ ਕੋਲੋਂ ਹੀ ਸਿੱਖਿਆ ਹੋਵੇ। ਪੰਜਾਬੀ ਲੋਕਧਾਰਾ ਵਿੱਚ ਦੀਵੇ ਦਾ ਜ਼ਿਕਰ ਕਈ ਪ੍ਰਸੰਗਾਂ ਵਿੱਚ ਹੋਇਆ ਮਿਲਦਾ ਹੈ:
ਦੀਵੜੇ ਵੱਟ
ਖੈਰੀਂ ਆਉਣ ਖੱਟ
ਦੀਵੜੇ ਤੇਲ
ਰੱਬਾ ਵਿੱਛੜੇ ਮੇਲ।
ਦੀਵਟ ਜਲੇ
ਸੰਧਿਆ ਟਲੇ
ਦੁੱਧ ਪੁੱਤ ਲੱਛਮੀ
ਘਰ ਪ੍ਰਕਾਸ਼ ਕਰੇ।
ਜਗਦਾ ਦੀਵਾ ਜਾਂ ਦੀਵੇ ਬਾਲਣਾ ਆਸਥਾ ਦੀ ਪ੍ਰਤੀਕ ਵੀ ਹੈ। ਪੀਰ, ਫਕੀਰ ਦੀ ਦਰਗਾਹ ਤੇ ਦੇਹਰੀ ਤੇ ਜਗਦਾ ਦੀਵਾ ਵੀ ਕਿਸੇ ਨੂੰ ਆਤਮਿਕ ਬਲ ਪ੍ਰਦਾਨ ਕਰਦਾ ਹੋ ਸਕਦਾ ਹੈ। ਕਿਸੇ ਨੂੰ ਸੇਧ ਦੇ ਰਿਹਾ ਹੋ ਸਕਦਾ ਹੈ। ਕਿਸੇ ਨੂੰ ਆਪੇ ਨੂੰ ਮਿਟਾ ਕੇ ਦੂਜਿਆਂ ਨੂੰ ਲੋਅ ਵੰਡਣ ਵਾਲੇ ਸਾਧਕ ਵਰਗਾ ਹੋ ਸਕਦਾ ਹੈ। ਦੀਵ ਦੀ ਰੌਸ਼ਨੀ ਰਾਹ ਦਰਸਾਉਂਦੀ ਹੈ। ਦਿਸ਼ਾ ਦੀ ਸੂਚਨਾ ਦਿੰਦੀ ਹੈ। ਦੀਵਾ ਮਨੁੱਖ ਨੂੰ ਆਸ਼ਾਵਾਦੀ ਹੋਣ ਦਾ ਸੰਦੇਸ਼ ਦਿੰਦਾ ਹੈ। ਜੀਵਨ ਦੀ ਆਸ ਨੂੰ ਪਕੇਰਿਆਂ ਕਰਦਾ ਹੈ:
ਆੜੂਏ ਦਾ ਬੂਟਾ
ਅਸਾਂ ਪਾਣੀ ਦੇ ਦੇ ਪਾਲਿਆ
ਆਸ ਵਾਲਾ ਦੀਵਾ
ਅਸਾਂ ਵਿਹੜੇ ਵਿੱਚ ਬਾਲਿਆ।
ਦੀਵੇ ਅਤੇ ਉਸ ਵਿਚਲੀ ਬੱਤੀ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਦੋਵੇਂ ਇਕ ਦੂਜੇ ਦੇ ਪੂਰਕ ਹਨ। ਦੀਵੇ ਵਿਚਲਾ ਤੇਲ ਜਾਂ ਘਿਓ ਉਸ ਦੀ ਜ਼ਿੰਦ ਜਾਨ ਹੈ। ਸ਼ਾਲਾ! ਦੀਵਿਆਂ ਵਿਚਲੀਆਂ ਬੱਤੀਆਂ ਸਦਾ ਸਲਾਮਤ ਰਹਿਣ, ਦੀਵਿਆਂ ਵਿਚਲਾ ਤੇਲ, ਘਿਓ ਕਦੇ ਨਾ ਮੁੱਕੇ ਅਤੇ ਦੀਵੇ ਜਗਦੇ ਰਹਿਣ! ਦੀਵਾ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦੇ ਨਿਸ਼ਚੇ ਦਾ ਵੀ ਪ੍ਰਤੀਕ ਹੈ। ਅਰਜ਼ੋਈ ਕੀਤੀ ਜਾਂਦੀ, ‘ਐ ਮਾਲਕ, ਮੈਨੂੰ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦਾ ਰਸਤਾ ਦੱਸ।Ḕ ਦੁਨੀਆ ਦੇ ਧਰਮ ਮਨੁੱਖ ਨੂੰ ਆਤਮਿਕ ਪ੍ਰਕਾਸ਼ ਹਾਸਲ ਕਰਨ ਲਈ ਰੌਸ਼ਨੀ ਵੱਲ ਜਾਂਦੇ ਰਾਹ ਦਰਸਾਉਂਦੇ ਹਨ। ਧਰਮ ਮਨ ਅੰਦਰ ਗਿਆਨ ਦਾ ਦੀਵਾ ਜਗਾਉਣ ਦੀ ਪ੍ਰੇਰਨਾ ਵੀ ਦਿੰਦੇ ਹਨ। ਅੱਖਾਂ ਦੀ ਬਾਹਰੀ ਤੇ ਦੁਨਿਆਵੀ ਰੌਸ਼ਨੀ ਦੇ ਨਾਲ-ਨਾਲ ਅੰਦਰ ਪ੍ਰਕਾਸ਼ ਕਰਨ ਲਈ ਵੀ ਦੀਵੇ ਜਗਾਉਣ ਦੀ ਲੋੜ ਹੈ। ਪੰਜਾਬੀ ਦੇ ਇਕ ਲੋਕ-ਗੀਤ ਦੀਆਂ ਤੁਕਾਂ ਹਨ:
ਅਸੀਂ ਸੰਗਤਾਂ ਦੀ ਸ਼ਰਣਾਈ,
ਨੇਮ ਵਾਲਾ ਦੀਵਾ ਬਾਲਿਆ।
ਸਾਡੇ ਸੰਗਤਾਂ ਦੇ ਬੂਹੇ ਉਤੇ,
ਸਿਆਲ ਦੇ ਹੁਨਾਲ ਬੀਤਦੇ।
ਸੰਗਤਾਂ ਦੀ ਜੋਤ ਸਵਾਈ,
ਰੱਬ ਵਾਲਾ ਦੀਵਾ ਬਲਦਾ।
ਦੀਵਾ, ਦੀਵੇ ਦੀ ਬੱਤੀ, ਦੀਵੇ ਦੀ ਲਾਟ, ਜਗਦੀ ਜੋਤ ਧਰਮ, ਲੋਕ ਧਰਮ, ਪੂਜਾ ਅਤੇ ਪੂਜਾ ਵਿਧੀਆਂ ਨਾਲ ਵੀ ਜੁੜਦੇ ਹਨ। ਇਸ ਖੇਤਰ ਵਿੱਚ ਵੀ ਦੀਵਾ ਪ੍ਰਕਾਸ਼ ਦੀ ਉਤਪਤੀ ਕਰਨ ਦਾ ਸਰੋਤ-ਵਸੀਲਾ ਬਣਦਾ ਹੈ। ਇਹ ਪ੍ਰਕਾਸ਼ ਬਹੁਤ ਗਹਿਰੇ ਅਤੇ ਵਿਸਥਾਰਤ ਅਰਥ ਗ੍ਰਹਿਣ ਕਰਦਾ ਹੈ।ਸਮਾਜ ਦੇ ਕਈ ਵਰਗਾਂ ਵਿੱਚ ਕਾਨਿਆਂ ਜਾਂ ਛਿੱਲੜਾਂ ਦੇ ਫੂਹੜ ਉਤੇ ਚਾਰ ਚੁਫੇਰੇ ਘਿਓ ਦੇ ਸੱਤ ਦੀਵੇ ਬਾਲ ਕੇ ਪੂਜਾ ਕਰਨ ਦੌਰਾਨ ਹੇਠ ਲਿਖੀਆਂ ਤੁਕਾਂ ਉਤਾਰੀਆਂ ਜਾਂਦੀਆਂ ਸਨ:
ਅੱਗੇ ਮੇਰੇ ਦੀਵੜਾ
ਪਿੱਛੇ ਮੇਰੇ ਦੀਵੜਾ
ਦੀਵਟ ਧਰੀ ਵਿਚਕਾਰ
ਰਾਮ ਉਤਾਰੇ ਪਾਰ।
ਜ਼ਿਆਦਾ ਦਿਨਾਂ ਤੱਕ ਬੱਦਲ ਛਾਏ ਰਹਿਣ ਅਤੇ ਮੀਂਹ ਵਧੇਰੇ ਪੈਣ ਤੇ ਦੁਖੀ ਹੋਏ ਲੋਕ ਸੂਰਜ ਨਾਲ ਗਿਲ੍ਹਾ ਪ੍ਰਗਟ ਕਰਦਿਆਂ ਛੇਤੀ ਵਿਖਾਈ ਦੇਣ ਲਈ ਕਹਿੰਦੇ ਹਨ। ਜੇ ਦਿਨ ਵੇਲੇ ਵੀ ਦੀਵਾ ਜਗਾਉਣ ਦੀ ਲੋੜ ਪੈ ਜਾਵੇ ਤਾਂ ਸੂਰਜ ਵਾਸਤੇ ਤਾਂ ਨਮੋਸ਼ੀ ਵਾਲੀ ਗੱਲ ਹੋਵੇਗੀ ਹੀ:
ਸੂਰਜਾ ਸੂਰਜਾ ਧੁੱਪ ਚੜ੍ਹਾ
ਧੁੱਪ ਚੜ੍ਹਾ ਕਿ ਬੱਦਲ ਉਡਾ
ਤੇਰੇ ਹੁੰਦਿਆਂ ਦੀਵਾ ਬਾਲਿਆ
ਲਈ ਤੂੰ ਲੱਜ ਲਵਾ!
ਜਗਦੇ ਦੀਵੇ ਨੂੰ ਬਹੁਤ ਸ਼ੁਭ ਸਮਝਿਆ ਜਾਂਦਾ ਹੈ। ਦੀਵਾ ਸੂਰਜ ਦਾ ਸਥਾਨ ਨਹੀਂ ਲੈ ਸਕਦਾ, ਪਰ ਰਾਤ ਦੇ ਹਨੇਰੇ ਨੂੰ ਕੁਝ ਹੱਦ ਤੱਕ ਛੱਡਣ ਦਾ ਯਤਨ ਤਾਂ ਕਰਦਾ ਹੈ। ਦੀਵੇ ਦਾ ਇਹ ਉਪਰਾਲਾ ਸਗਦੀਆਂ ਤੋਂ ਜਾਰੀ ਹੈ। ਉਪਰਾਲਾ ਕਰਨ ਅਤੇ ਆਸ ਰੱਖਣ ਦਾ ਮੰਤਰ ਵੀ ਤਾਂ ਮਨੁੱਖ ਨੇ ਦੀਵੇ ਕੋਲੋਂ ਹੀ ਸਿੱਖਿਆ ਹੈ।
ਜਾ ਦੀਵਿਆ ਘਰ ਆਪਣੇ
ਤੇਰੀ ਮਾਂ ਉਡੀਕੇ ਵਾਰ।
ਆਈਂ ਅਵੇਰੇ, ਜਾਈਂ ਸਵੇਰੇ
ਸਭੇ ਸ਼ਗਨ ਵਿਚਾਰ।
ਜਾ ਦੀਵਿਆ ਘਰ ਆਪਣੇ
ਸੁੱਖ ਵਸਾਈਂ ਰਾਤ
ਰਿਜ਼ਕ ਲਿਆਈਂ ਭਾਲ
ਤੇਲ ਲਿਆਈਂ ਨਾਲ।
ਦੀਵੇ ਨਾਲ ਅਨੇਕ ਤਰ੍ਹਾਂ ਦੇ ਲੋਕ ਵਿਸ਼ਵਾਸ ਜੁੜੇ ਹਨ। ਖੁਸ਼ੀ ਦੇ ਪ੍ਰਗਟਾਵੇ ਲਈ ਜਿੱਤ ਦੇ ਜਸ਼ਨ ਮਨਾਉਣ ਲਈ ਦੀਵੇ ਜਗਾਏ ਜਾਂਦੇ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਦੀਵਾਲੀ ਰੌਸ਼ਨੀਆਂ ਦਾ, ਜਗਦੇ ਦੀਵਿਆਂ ਦਾ ਤਿਉਹਾਰ ਹੈ। ਜਗਦੇ ਦੀਵਿਆਂ ਦੀ ਕਤਾਰ ਦੇ ਮਨਮੋਹਕ ਦ੍ਰਿਸ਼ ਕੋਲੋਂ ਕੋਈ ਖੁਸ਼ੀਆਂ ਸਾਂਝੀਆਂ ਕਰਨ ਅਤੇ ਖੁਸ਼ੀਆਂ ਨੂੰ ਵਿਸਥਾਰ ਦੇਣ ਦੀ ਜਾਚ ਸਿੱਖੋ। ਖੁੱਲ੍ਹ ਕੇ ਜਿਊਣ ਦਾ ਸਲੀਕਾ ਦੀਵੇ ਤੋਂ ਸਿੱਖਿਆ ਜਾ ਸਕਦਾ ਹੈ। ਕਿਸੇ ਆਪਣੇ ਨੂੰ ਘਰ/ ਸਮਾਗਮ ਉੱਤੇ ਬੁਲਾਉਣਾ ਹੋਵੇ ਤਾਂ ਕਹਿ ਲਿਆ ਜਾਂਦਾ ਹੈ, ‘ਤੁਸੀਂ ਜ਼ਰੂਰ ਆਇਓ, ਤੁਹਾਡੀ ਆਮਦ ਨਾਲ ਹੀ ਸ਼ਾਇਦ ਰੌਸ਼ਨੀ ਦੀ ਕੋਈ ਕਿਰਨ ਸਾਡੇ ਦਰ ਤੱਕ ਆ ਪਹੁੰਚੇ, ਜਿਨ੍ਹਾਂ ਰਾਹਾਂ ਤੋਂ ਤੁਸੀਂ ਆਓਗੇ, ਉਨ੍ਹਾਂ ਰਾਹਾਂ ਨੂੰ ਅਸੀਂ ਦੀਵੇ ਬਾਲ ਕੇ ਰੁਸ਼ਨਾਵਾਂਗੇ।
ਦੀਵੇ ਜਗਦੇ ਤਾਂ ਮਨ ਨੂੰ ਖੁਸ਼ੀ ਮਿਲਦੀ ਹੈ, ਸ਼ਾਂਤੀ ਮਿਲਦੀ ਹੈ। ਜੇ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈ ਕੇ ਆਪਣੇ ਅੰਦਰ ਗਿਆਨ ਦੇ ਦੀਵੇ ਬਾਲੇ ਤਾਂ ਉਹ ਅਗਿਆਨਤਾ, ਅੰਧਕਾਰ, ਵਿਕਾਰਾਂ, ਮਨ ਦੀਆਂ ਕਾਲਖਾਂ ਤੋਂ ਛੁਟਕਾਰਾ ਪਾ ਸਕਦਾ ਹੈ। ਗੁਰਵਾਕ ਹੈ:
‘ਦੀਵਾ ਬਲੈ ਅੰਧੇਰਾ ਜਾਇḔ
‘ਗੁਰਮਤਿḔ ਅਰਥਾਂ ਵਿੱਚ ਦੀਵਾ ‘ਗੁਰੂ ਜੋਤਿ ਅਤੇ ਉਸ ਤੋਂ ਹੁੰਦਾ ਪ੍ਰਕਾਸ਼ ਹੈ। ਭਾਈ ਗੁਰਦਾਸ ਜੀ ਆਪਣੀ 19ਵੀਂ ਵਾਰ ਵਿੱਚ ਲਿਖਦੇ ਹਨ:
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲਿਅਨਿ।
ਹੁਣ, ਆਟੇ, ਮਿੱਟੀ ਦੇ ਦੀਵਿਆਂ ਦੀ ਥਾਂ ਬਿਜਲਈ ਬਲਬਾਂ, ਵੰਨ ਸੁਵੰਨੀਆਂ ਰੰਗ ਬਿਰੰਗੀਆਂ ਰੌਸ਼ਨੀਆਂ, ਐਲ ਈ ਡੀ ਰੌਸ਼ਨੀਆਂ ਆਦਿ ਨੇ ਲੈ ਲਈ ਹੈ। ਉਂਜ ਦੀਵਾਲੀ ਦੀ ਖੁਸ਼ੀ ਘਰ ਵਿੱਚ ਇਕ ਦੀਵਾ ਬਾਲ ਕੇ ਵੀ ਮਨਾਈ ਜਾ ਸਕਦੀ ਹੈ। ਇਸ ਅਵਸਰ ਤੇ ਵਿਸ਼ੇਸ਼ ਕਰਕੇ ਰੌਸ਼ਨ ਦਿਮਾਗਾਂ ਨੂੰ ਦੀਵੇ ਜਗਾਉਣੇ ਚਾਹੀਦੇ ਹਨ। ਉਨ੍ਹਾਂ ਲਈ ਵੀ ਇਕ ਦੀਵਾ ਜਗਾਉਣਾ ਚਾਹੀਦਾ ਹੈ, ਜਿਨ੍ਹਾਂ ਕੋਲ ਨਾ ਤੇਲ ਹੈ, ਨਾ ਬੱਤੀ ਹੈ, ਨਾ ਦੀਵਾ ਹੈ। ਜਿਥੇ-ਜਿਥੇ ਹਨੇਰਾ ਹੈ, ਉਥੇ-ਉਥੇ ਰੌਸ਼ਨੀ ਪਹੁੰਚੇ। ਜਿਥੇ-ਜਿਥੇ ਝੂਠ ਹੈ, ਉਥੇ-ਉਥੇ ਸੱਚ ਪਹੁੰਚੇ! ਦੀਵੇ ਜਗਦੇ ਰਹਿਣ!

Click Here Punjabi Poetry Competition 2020

Continue Reading

ਲੇਖ

ਦੁਨੀਆ ਦਾ ਹਰ ਹੱਕ ਹਰ ਕਿਸੇ ਲਈ ਬਰਾਬਰ ਹੋਣਾ ਚਾਹੀਦੈ -ਜਤਿੰਦਰ ਪਨੂੰ

ਜਤਿੰਦਰ ਪਨੂੰ

Published

on

jatinder pannu articles

ਜਿਹੜੇ ਯੁੱਗ ਵਿੱਚ ਅਸੀਂ ਲੋਕ ਰਹਿ ਰਹੇ ਹਾਂ, ਇਹ ਉਨ੍ਹਾਂ ਰਾਜਿਆਂ ਦੇ ਰਾਜ ਤੋਂ ਵੱਖਰੀ ਕਿਸਮ ਦਾ ਹੈ, ਜਿਨ੍ਹਾਂ ਦੇ ਮੂੰਹ ਤੋਂ ਨਿਕਲਿਆ ਹਰ ਲਫਜ਼ ਹੀ ਕਾਨੂੰਨ ਹੁੰਦਾ ਸੀ। ਅੱਜ ਵੀ ਇਹੋ ਜਿਹੇ ਰਾਜੇ ਕਈ ਦੇਸ਼ਾਂ ਵਿੱਚ ਹਨ, ਪਰ ਉਨ੍ਹਾਂ ਦੇਸ਼ਾਂ ਵਿਚ ਵੀ ਕੁਝ ਨਾ ਕੁਝ ਹੱਦਾਂ ਰੱਖਣੀਆਂ ਪੈਂਦੀਆਂ ਹਨ। ਫਿਰ ਵੀ ਜਿਹੜੀਆਂ ਖੁੱਲ੍ਹਾਂ ਤੇ ਜਿੰਨੇ ਅਧਿਕਾਰ ਲੋਕਤੰਤਰੀ ਦੇਸ਼ਾਂ ਵਿੱਚ ਲੋਕਾਂ ਨੂੰ ਦੇਣੇ ਜ਼ਰੂਰੀ ਸਮਝੇ ਜਾਂਦੇ ਹਨ, ਉਹ ਕਿਸੇ ਵੀ ਹੋਰ ਰਾਜ ਤੋਂ ਵਧੇਰੇ ਤੇ ਵਡੇਰੇ ਹਨ। ਲੋਕਤੰਤਰੀ ਦੇਸ਼ਾਂ ਦੀ ਹਰ ਸਰਕਾਰ ਨੂੰ, ਉਹ ਬਿਨਾਂ ਸ਼ੱਕ ਕਿਸੇ ਖਾਸ ਧਰਮ ਜਾਂ ਸੋਚ ਦੀ ਧਾਰਨਾ ਨਾਲ ਅੱਗੇ ਆਈ ਹੋਵੇ, ਜੇ ਉਸ ਸਰਕਾਰ ਨੇ ਲੋਕਤੰਤਰ ਦਾ ਭਰਮ ਰੱਖਣਾ ਹੈ, ਤਾਂ ਉਸ ਨੂੰ ਕੁਝ ਏਦਾਂ ਦੇ ਹੱਕ ਆਪਣੇ ਲੋਕਾਂ ਲਈ ਐਲਾਨ ਕਰਨੇ ਜ਼ਰੂਰੀ ਸਮਝੇ ਜਾਂਦੇ ਹਨ, ਜਿਹੜੇ ਰਾਜਿਆਂ ਜਾਂ ਫੌਜੀ ਤਾਨਾਸ਼ਾਹਾਂ ਜਾਂ ਇੱਕ ਪਾਰਟੀ ਵਾਲੇ ਰਾਜ ਵਿੱਚ ਨਹੀਂ ਹੋ ਸਕਦੇ। ਭਾਰਤੀ ਸੰਵਿਧਾਨ ਵਿੱਚ ਵੀ ਮੁੱਢਲੇ ਅਧਿਕਾਰਾਂ ਵਿੱਚ ਇਹ ਦਰਜ ਹੈ ਕਿ ਹਰ ਵਿਅਕਤੀ ਨੂੰ ਆਪਣੀ ਮਰਜ਼ੀ ਦਾ ਧਰਮ ਮੰਨਣ, ਆਪਣੀ ਪਸੰਦ ਦਾ ਸੱਭਿਆਚਾਰ ਮਾਨਣ ਅਤੇ ਕਿਰਤ ਦੀ ਆਜ਼ਾਦੀ ਤੋਂ ਲੈ ਕੇ ਅਦਾਲਤਾਂ ਤੋਂ ਨਿਆਂ ਮੰਗਣ ਅਤੇ ਲੈਣ ਦਾ ਹੱਕ ਹੋਵੇਗਾ। ਇਸ ਤਰ੍ਹਾਂ ਦੇ ਹੱਕ ਬਹੁਤ ਸਾਰੇ ਦੇਸ਼ਾਂ ਵਿੱਚ ਮਿਲ ਜਾਂਦੇ ਹਨ ਅਤੇ ਇਨ੍ਹਾਂ ਹੱਕਾਂ ਦਾ ਸਤਿਕਾਰ ਵੀ ਕੀਤਾ ਜਾਂਦਾ ਹੈ।
ਅਜੋਕੇ ਸਮਿਆਂ ਵਿੱਚ ਇਨ੍ਹਾਂ ਅਧਿਕਾਰਾਂ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਵੀ ਗਿਣਿਆ ਜਾਂਦਾ ਹੈ, ਜਿਸ ਦੇ ਬਾਰੇ ਬਹੁਤ ਸਾਰੇ ਲੋਕਾਂ ਦੇ ਵੱਖੋ-ਵੱਖ ਵਿਚਾਰ ਹਨ। ਇਨਸਾਨ ਦੇ ਇਸ ਅਧਿਕਾਰ ਨੂੰ ਕੁਝ ਲੋਕ ਇੱਕ ਹਿੰਦੀ ਫਿਲਮ ਦੇ ਗਾਣੇ ਵਿੱਚ ‘ਮੈਂ ਚਾਹੇ ਯੇ ਕਰੂੰ, ਮੈਂ ਚਾਹੇ ਵੋ ਕਰੂੰ, ਮੇਰੀ ਮਰਜ਼ੀ’ ਦੀ ਹੱਦ ਤੱਕ ਲਿਜਾਣਾ ਚਾਹੁੰਦੇ ਹਨ, ਪਰ ਕੁਝ ਹੋਰ ਲੋਕ ਇਹ ਸਮਝਦੇ ਹਨ ਕਿ ਅਧਿਕਾਰ ਵੀ ਹਰ ਕਿਸੇ ਨੂੰ ਉੱਕੇ-ਪੁੱਕੇ ਨਹੀਂ ਦਿੱਤੇ ਜਾ ਸਕਦੇ। ਕੱਲ੍ਹ ਨੂੰ ਕੋਈ ਆਣ ਕੇ ਕਹੇ ਕਿ ਉਸ ਦਾ ਸੜਕ ਉੱਤੇ ਆਪਣੀ ਮਰਜ਼ੀ ਨਾਲ ਗੱਡੀ ਸੱਜੇ-ਖੱਬੇ ਜਿੱਧਰ ਜੀਅ ਕਰੇ, ਚਲਾਉਣ ਦਾ ਅਧਿਕਾਰ ਹੈ ਤਾਂ ਉਸ ਨੂੰ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਅਤੇ ਜੇ ਦੇ ਦਿੱਤਾ ਤਾਂ ਉਹ ਆਪ ਵੀ ਮਰ ਸਕਦਾ ਹੈ ਤੇ ਕਈ ਹੋਰ ਲੋਕਾਂ ਲਈ ਮੌਤ ਦਾ ਕਾਰਨ ਵੀ ਹੋ ਸਕਦਾ ਹੈ। ਆਮ ਧਾਰਨਾ ਇਹ ਹੈ ਕਿ ਕਿਸੇ ਵੀ ਵਿਅਕਤੀ ਦੀ ਆਜ਼ਾਦੀ ਕਿਸੇ ਦੂਸਰੇ ਵਿਅਕਤੀ ਦੀ ਆਜ਼ਾਦੀ ਤੇ ਉਸ ਦੇ ਅਧਿਕਾਰਾਂ ਦਾ ਘਾਣ ਕਰਨ ਤੱਕ ਜਾਣ ਵਾਲੀ ਨਹੀਂ ਹੋ ਸਕਦੀ। ਵਿਚਾਰ ਪ੍ਰਗਟਾਵੇ ਦਾ ਅਧਿਕਾਰ ਵੀ ਬਹੁਤ ਚੰਗਾ ਹੈ ਅਤੇ ਅਸੀਂ ਸਮਝਦੇ ਹਾਂ ਕਿ ਇਸ ਦਾ ਸਤਿਕਾਰ ਹੋਣਾ ਚਾਹੀਦਾ ਹੈ, ਪਰ ਇਹ ਵੀ ਦੂਸਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਲਾਉਣ ਤੱਕ ਨਾ ਜਾਵੇ, ਇਸ ਦਾ ਖਿਆਲ ਇਹ ਅਧਿਕਾਰ ਵਰਤਣ ਵਾਲੇ ਲੋਕਾਂ ਨੂੰ ਵੀ ਰੱਖਣਾ ਚਾਹੀਦਾ ਹੈ ਅਤੇ ਸਰਕਾਰਾਂ ਨੂੰ ਵੀ। ਏਸੇ ਤਰ੍ਹਾਂ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਵੀ ਇੱਕ-ਦੂਸਰੇ ਧਰਮ ਦੇ ਬਾਰੇ ਟਿਪਣੀ ਕਰਨ ਤੋਂ ਸੰਕੋਚ ਕਰਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ, ਪਰ ਵੇਖਿਆ ਇਹ ਜਾਂਦਾ ਹੈ ਕਿ ਧਰਮਾਂ ਦੇ ਪੈਰੋਕਾਰ ਹੀ ਆਪਣੇ ਧਰਮ ਨੂੰ ਵੱਡਾ ਅਤੇ ਚੰਗੇਰਾ ਤੇ ਦੂਸਰਿਆਂ ਦੇ ਧਰਮ ਨੂੰ ਹੀਣਾ ਮੰਨ ਕੇ ਟਿਪਣੀਆਂ ਕਰਨ ਲੱਗਦੇ ਹਨ।
ਇਸ ਵਕਤ ਇਹ ਮੁੱਦਾ ਬਹਿਸ ਦਾ ਵਿਸ਼ਾ ਇਸ ਲਈ ਬਣ ਰਿਹਾ ਹੈ ਕਿ ਫਰਾਂਸ ਦੇ ਇੱਕ ਅਖਬਾਰ ਨੇ ਇਸਲਾਮ ਦੇ ਮੋਢੀ ਪੈਗੰਬਰ ਮੁਹੰਮਦ ਸਾਹਿਬ ਦਾ ਕਾਰਟੂਨ ਛਾਪਿਆ ਅਤੇ ਇੱਕ ਬਿਖੇੜਾ ਪੈ ਗਿਆ ਹੈ। ਇਸ ਬਿਖੇੜੇ ਦੀ ਸ਼ੁਰੂਆਤ ਫਰਾਂਸ ਤੋਂ ਨਹੀਂ ਹੋਈ, ਪਹਿਲੀ ਵਾਰ ਏਦਾਂ ਦਾ ਸਕੈੱਚ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿਚਲੇ ਇੱਕ ਅਖਬਾਰ ਨੇ ਛਾਪਿਆ ਸੀ, ਜਿਸ ਨਾਲ ਉਹ ਕੱਟੜਪੰਥੀ ਸੰਗਠਨਾਂ ਦੇ ਨਿਸ਼ਾਨੇ ਉੱਤੇ ਆ ਗਿਆ ਸੀ। ਜਿਹੜਾ ਡੇਵਿਡ ਕੋਲਮੈਨ ਹੇਡਲੀ ਭਾਰਤ ਦੇ ਮੁੰਬਈ ਵਿੱਚ ਹੋਏ ਦਹਿਸ਼ਤਗਰਦ ਹਮਲੇ ਲਈ ਦੋਸ਼ੀ ਮੰਨਿਆ ਜਾਂਦਾ ਹੈ, ਉਹ ਕੋਪਨਹੇਗਨ ਦੇ ਉਸੇ ਅਖਬਾਰ ਦੀ ਟੋਹ ਲੈਣ ਦੀ ਕੋਸ਼ਿਸ਼ ਵਿੱਚ ਫੜਿਆ ਗਿਆ ਸੀ। ਉਸ ਦੇ ਬਾਅਦ ਉਹ ਹੀ ਸਕੈੱਚ ਫਰਾਂਸ ਦੇ ਸ਼ਾਰਲੀ ਹੈਬਦੋ ਨੇ ਛਾਪ ਦਿੱਤਾ ਅਤੇ ਇੱਕ ਦਿਨ ਉਸ ਅਖਬਾਰ ਦੇ ਦਫਤਰ ਉੱਤੇ ਹਮਲਾ ਕਰ ਕੇ ਬਾਰਾਂ ਬੰਦੇ ਮਾਰ ਦਿੱਤੇ ਤੇ ਗਿਆਰਾਂ ਜ਼ਖਮੀ ਕਰ ਦਿੱਤੇ ਗਏ ਸਨ। ਸ਼ਾਰਲੀ ਹੈਬਦੋ ਅਖਬਾਰ ਨੇ ਇਸ ਹਮਲੇ ਦੇ ਬਾਅਦ ਵੀ ਇਹੋ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਉਨ੍ਹਾਂ ਨੂੰ ਫਰਾਂਸ਼ ਦੇ ਸੰਵਿਧਾਨ ਨੇ ਦਿੱਤਾ ਹੈ ਅਤੇ ਉਹ ਇਸ ਹੱਕ ਦੀ ਵਰਤੋਂ ਕਰਦੇ ਰਹਿਣਗੇ। ਪਿਛਲੇ ਮਹੀਨ ਫਿਰ ਤੋਂ ਫਰਾਂਸ ਵਿੱਚ ਇਹ ਮੁੱਦਾ ਓਦੋਂ ਭਖ ਪਿਆ, ਜਦੋਂ ਇੱਕ ਟੀਚਰ ਨੇ ਵਿਦਿਆਰਥੀਆਂ ਨੂੰ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਪੜ੍ਹਾਉਂਦੇ ਸਮੇਂ ਮੁਹੰਮਦ ਸਾਹਿਬ ਦਾ ਉਹੋ ਕਾਰਟੂਨ ਵਿਖਾ ਦਿੱਤਾ ਅਤੇ ਇੱਕ ਵਿਦਿਆਰਥੀ ਵੱਲੋਂ ਘਰ ਜਾ ਕੇ ਦੱਸਣ ਦੇ ਬਾਅਦ ਅਗਲੇ ਦਿਨ ਉਸ ਪਰਵਾਰ ਦੇ ਇੱਕ ਆਦਮੀ ਨੇ ਉਸ ਟੀਚਰ ਦਾ ਗਲ਼ਾ ਜਾ ਵੱਢਿਆ। ਫਿਰ ਫਰਾਂਸ ਵਿੱਚ ਇੱਕ ਪਿੱਛੋਂ ਦੂਜੇ ਥਾਂ ਲਗਾਤਾਰ ਤਿੰਨ ਘਟਨਾਵਾਂ ਹੋ ਗਈਆਂ ਅਤੇ ਭੜਕੇ ਹੋਏ ਕੱਟੜਪੰਥੀਆਂ ਵਿੱਚੋਂ ਕੁਝਨਾਂ ਨੇ ਆਸਟਰੀਆ ਤੇ ਕੈਨੇਡਾ ਵਿੱਚ ਵੀ ਏਦਾਂ ਦਾ ਹਮਲਾ ਜਾ ਕੀਤਾ। ਇਸ ਕਾਰਨ ਇਸ ਮੁੱਦੇ ਦੀ ਬਹਿਸ ਫਿਰ ਤੇਜ਼ ਹੋ ਗਈ ਹੈ।
ਜਿਹੜਾ ਫਰਾਂਸ ਇਸ ਬਹਿਸ ਦਾ ਕੇਂਦਰ ਜਾਪਦਾ ਹੈ, ਉਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਸਾਫ ਕਿਹਾ ਹੈ ਕਿ ਉਹ ਇਸ ਪੱਖ ਵਿੱਚ ਨਹੀਂ ਕਿ ਇਹੋ ਜਿਹੇ ਕਾਰਟੂਬ ਛਾਪੇ ਜਾਣ, ਜਿਨ੍ਹਾਂ ਨਾਲ ਦੂਸਰੇ ਲੋਕਾਂ ਦੀ ਧਾਰਮਿਕ ਭਾਵਨਾ ਨੂੰ ਸੱਟ ਵੱਜੇ, ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਵਿਚਾਰ ਪ੍ਰਗਟਾਵੇ ਉੱਤੇ ਰੋਕ ਉਹ ਨਹੀਂ ਲਾਉਣਗੇ। ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੇ ਉਨ੍ਹਾਂ ਦੀ ਇਸ ਗੱਲ ਪਿੱਛੋਂ ਉਨ੍ਹਾਂ ਖਿਲਾਫ ਰੋਸ ਪ੍ਰਗਟਾਵੇ ਕੀਤੇ ਅਤੇ ਕਈ ਥਾਂਈਂ ਉਸ ਦਾ ਪੁਤਲਾ ਬਣਾ ਕੇ ਉਸ ਪੁਤਲੇ ਦਾ ਸਿਰ ਵੀ ਕਲਮ ਕੀਤਾ ਹੈ। ਇਹ ਸਭ ਕੁਝ ਓਦੋਂ ਹੋ ਰਿਹਾ ਹੈ, ਜਦੋਂ ਸੰਸਾਰ ਵਿੱਚ ਪਹਿਲਾਂ ਹੀ ਦਹਿਸ਼ਤਗਰਦੀ ਦਾ ਝੱਖੜ ਝੁੱਲਦਾ ਪਿਆ ਹੈ ਅਤੇ ਇਸ ਨੂੰ ਕੋਈ ਇੱਕ-ਦੋ ਦੇਸ਼ ਨਹੀਂ, ਦੁਨੀਆ ਭਰ ਦੇ ਸਾਰੇ ਹੀ ਪ੍ਰਮੁੱਖ ਦੇਸ਼ ਭੁਗਤ ਰਹੇ ਹਨ। ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ ਵੀ ਦਹਿਸ਼ਤਗਰਦੀ ਦੇ ਨਿਸ਼ਾਨੇ ਉੱਤੇ ਹਨ ਤੇ ਰੂਸ ਵਰਗੇ ਦੇਸ਼ ਵਿੱਚ ਵੀ ਇਸ ਨਾਲ ਸੰਬੰਧਤ ਵਰਤਾਰਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਏਸ਼ੀਆ ਵਿੱਚ ਦੂਰ ਦੇ ਦੇਸ਼ਾਂ ਨੂੰ ਕੀ ਕਹਿਣਾ, ਭਾਰਤ ਤੇ ਇਸ ਦੇ ਗਵਾਂਢ ਵਾਲੇ ਸ੍ਰੀਲੰਕਾ ਤੇ ਬੰਗਲਾ ਦੇਸ਼ ਵੀ ਇਸ ਦਾ ਸੰਤਾਪ ਹੰਢਾਉਂਦੇ ਪਏ ਹਨ। ਪਾਕਿਸਤਾਨ ਦਾ ਜ਼ਿਕਰ ਅਸੀਂ ਇਸ ਲਈ ਨਹੀਂ ਕੀਤਾ ਕਿ ਉਹ ਖੁਦ ਇਸ ਤਰ੍ਹਾਂ ਦੇ ਅੱਤਵਾਦ ਦੀ ਨਰਸਰੀ ਹੈ ਅਤੇ ਜਿਸ ਕਿਸੇ ਦੇਸ਼ ਵਿੱਚ ਏਦਾਂ ਦੀ ਘਟਨਾ ਹੁੰਦੀ ਹੈ, ਹਰ ਥਾਂ ਸਭ ਤੋਂ ਪਹਿਲਾ ਜ਼ਿਕਰ ਪਾਕਿਸਤਾਨ ਦਾ ਹੀ ਹੁੰਦਾ ਹੈ। ਫਰਾਂਸ ਦੀਆਂ ਤਾਜ਼ਾਂ ਘਟਨਾਵਾਂ ਦਾ ਕੋਈ ਦੋਸ਼ੀ ਪਾਕਿਸਤਾਨ ਨਾਲ ਜੁੜਿਆ ਸੀ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਇਸ ਦੌਰਾਨ ਫਰਾਂਸ ਦੀ ਵਿਰੋਧੀ ਧਿਰ ਨੇ ਜ਼ੋਰ ਨਾਲ ਇਹੋ ਮੰਗ ਚੁੱਕੀ ਸੀ ਕਿ ਪਾਕਿਸਤਾਨੀ ਮੂਲ ਦੇ ਲੋਕਾਂ ਦਾ ਏਥੇ ਆਉਣਾ ਬੰਦ ਕਰ ਦਿੱਤਾ ਜਾਵੇ। ਇਸ ਮੰਗ ਦਾ ਅਸਰ ਸੀ ਜਾਂ ਕੋਈ ਹੋਰ ਕਾਰਨ, ਅਗਲੇ ਦਿਨਾਂ ਵਿੱਚ ਫਰਾਂਸ ਦੀ ਸਰਕਾਰ ਨੇ ਇੱਕ ਸੌ ਤਿਰਾਸੀ ਪਾਕਿਸਤਾਨੀ ਲੋਕਾਂ ਦਾ ਵੀਜ਼ਾ ਰੱਦ ਕਰ ਦਿੱਤਾ ਅਤੇ ਇੱਕ ਸੌ ਅਠਾਰਾਂ ਜਣਿਆਂ ਨੂੰ ਪਾਕਿਸਤਾਨ ਵੱਲ ਡਿਪੋਰਟ ਵੀ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਵਿਰੁੱਧ ਇਹੋ ਜਿਹੀ ਕਾਰਵਾਈ ਕੀਤੀ ਹੈ, ਪਰ ਮੂæਲ ਮੁੱਦਾ ਓਥੇ ਹੀ ਖੜਾ ਹੈ।
ਸਵਾਲ ਇਸ ਵਕਤ ਸਿਰਫ ਇਸਲਾਮ ਦਾ ਨਹੀਂ, ਦੂਸਰੇ ਧਰਮਾਂ ਵਾਲੇ ਵੀ ਆਪਣੇ ਕਿਸੇ ਭਗਵਾਨ, ਕਿਸੇ ਗੁਰੂ ਜਾਂ ਕਿਸੇ ਨਾਇਕ ਦੇ ਖਿਲਾਫ ਲਿਖੀ ਗਈ ਹਰ ਗੱਲ ਨੂੰ ਆਪਣੇ ਧਰਮ ਉੱਤੇ ਹਮਲਾ ਮੰਨ ਕੇ ਭੜਕ ਪੈਂਦੇ ਹਨ। ਜਿਹੜੇ ਲੋਕਾਂ ਨੂੰ ਆਪਣੇ ਕਿਸੇ ਭਗਤ, ਭਗਵਾਨ, ਗੁਰੂ ਜਾਂ ਨਾਇਕ ਦੇ ਖਿਲਾਫ ਕਹੀ ਗਈ ਕੋਈ ਗੱਲ ਵੀ ਬਰਦਾਸ਼ਤ ਨਹੀਂ ਹੁੰਦੀ, ਉਹ ਖੁਦ ਦੂਸਰਿਆਂ ਦੇ ਖਿਲਾਫ ਹਰ ਗੱਲ ਬਿਨਾਂ ਬ੍ਰੇਕ ਲਾਏ ਤੋਂ ਕਹਿਣਾ ਆਪਣਾ ਹੱਕ ਸਮਝਦੇ ਹਨ। ਲੋਕਤੰਤਰ ਦਾ ਚੰਗਾ ਪੱਖ ਹੀ ਇਹ ਹੈ ਕਿ ਇਸ ਵਿੱਚ ਕਿਸੇ ਇੱਕ ਜਾਂ ਦੂਸਰੇ ਨਾਲ ਵਿਤਕਰਾ ਨਾ ਕਰਨ ਦੀ ਸੋਚ ਹੁੰਦੀ ਹੈ, ਭਾਵੇਂ ਅਮਲ ਵਿੱਚ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਵੀ ਹੁੰਦੀ, ਪਰ ਧਾਰਨਾ ਤਾਂ ਇਹ ਹੁੰਦੀ ਹੈ। ਅਸੀਂ ਜਿਹੜੇ ਲੋਕਤੰਤਰੀ ਯੁੱਗ ਵਿੱਚ ਰਹਿਣ ਦਾ ਮੌਕਾ ਮਾਣਦੇ ਪਏ ਹਾਂ, ਉਸ ਵਿੱਚ ਸਿਰਫ ਆਪਣੇ ਲਈ ਹਰ ਕੋਈ ਹੱਕ ਨਹੀਂ ਮੰਗਿਆ ਜਾ ਸਕਦਾ, ਦੂਸਰੇ ਲੋਕਾਂ ਦੇ ਬਾਰੇ ਵੀ ਇਹ ਸੋਚਣਾ ਪਵੇਗਾ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਨਾ ਲੱਗੇ। ਵਿਚਾਰਾਂ ਦੇ ਪ੍ਰਗਟਾਵੇ ਸਮੇਤ ਦੁਨੀਆ ਦਾ ਹਰ ਹੱਕ ਸਿਰਫ ਮੇਰੇ ਲਈ ਨਹੀਂ ਹੋਣਾ ਚਾਹੀਦਾ, ਸਭਨਾਂ ਨੂੰ ਉਸ ਦੀ ਗਾਰੰਟੀ ਹੋਣੀ ਚਾਹੀਦੀ ਹੈ ਅਤੇ ਇਹ ਗਾਰੰਟੀ ਸਿਰਫ ਦੇਸ਼ਾਂ ਦੇ ਕਾਨੂੰਨ ਨਹੀਂ ਦੇ ਸਕਦੇ, ਲੋਕਾਂ ਨੂੰ ਵੀ ਆਪੋ-ਆਪਣੀ ਮਾਨਸਿਕਤਾ ਦਾ ਹਿੱਸਾ ਬਣਾਉਣੀ ਚਾਹੀਦੀ ਹੈ।

Continue Reading

ਰੁਝਾਨ