ਹੁਸ਼ਿਆਰਪੁਰ, 14 ਅਪ੍ਰੈਲ – ਟੈਲੀਵਿਜ਼ਨ ਦੇ ਮਸ਼ਹੂਰ ਸ਼ੋਅ ‘ਕ੍ਰਾਈਮ ਪੈਟਰੋਲ’ ਉੱਤੇ ਅਪਰਾਧ ਨਾਲ ਸਬੰਧਤ ਕਹਾਣੀਆਂ ਵੇਖਣ ਦੇ ਸ਼ੌਕੀਨ 16-17 ਸਾਲਾ ਲੜਕੇ ਨੇ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ 83 ਸਾਲਾ ਦਾਦੀ ਦੀ ਹੱਤਿਆ ਕਰ ਦਿੱਤੀ ਤੇ ਫਿਰ ਉਸ ਨੂੰ ਅੱਗ ਲਾ ਕੇ ਲਾਸ਼ ਨੂੰ ਸਾੜ ਦਿੱਤਾ ਤਾਂ ਕਿ ਸਬੂਤ ਮਿਟ ਜਾਣ।
ਥਾਣਾ ਹਰਿਆਣਾ ਦੇ ਪਿੰਡ ਬਸੀ ਕਾਲੇ ਖਾਂ ਵਿਖੇ ਬਜ਼ੁਰਗ ਜੋਗਿੰਦਰ ਕੌਰ ਦੀ ਹੱਤਿਆ ਹੋ ਗਈ। ਉਹ ਪਿਛਲੇ ਸਾਢੇ ਤਿੰਨ ਮਹੀਨੇ ਤੋਂ ਪੱਟ ਦੀ ਹੱਡੀ ਟੁੱਟ ਜਾਣ ਕਾਰਨ ਬਿਸਤਰ ਉੱਤੇ ਸੀ। ਕੱਲ੍ਹ ਬਾਅਦ ਦੁਪਹਿਰ ਉਸ ਦਾ ਲੜਕਾ ਹਰਜੀਤ ਸਿੰਘ ਅਤੇ ਨੂੰਹ ਜਸਪਾਲ ਕੌਰ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਹਰਿਆਣੇ ਖ਼ਰੀਦਦਾਰੀ ਕਰਨ ਗਏ ਸਨ। ਰਸਤੇ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਲੜਕੇ ਦਾ ਫ਼ੋਨ ਆ ਗਿਆ ਕਿ ਘਰ ਲੁਟੇਰੇ ਆਏ ਹਨ। ਪਤੀ-ਪਤਨੀ ਜਦੋਂ ਘਰ ਪਹੁੰਚੇ ਤਾਂ ਘਰ ਦਾ ਮੇਨ ਗੇਟ ਅੰਦਰੋਂ ਬੰਦ ਸੀ। ਜਦੋਂ ਉਹ ਛੋਟੇ ਦਰਵਾਜ਼ੇ ਰਾਹੀਂ ਅੰਦਰ ਗਏ ਤਾਂ ਦੇਖਿਆ ਕਿ ਉਨ੍ਹਾਂ ਦੀ ਮਾਤਾ ਦੇ ਕਮਰੇ ਵਿੱਚ ਅੱਗ ਲੱਗੀ ਹੋਈ ਅਤੇ ਜੋਗਿੰਦਰ ਕੌਰ ਦੀ ਲਾਸ਼ ਉਸ ਦੇ ਬੈਡ ਉੱਤੇ ਸੜੀ ਪਈ ਸੀ। ਮਾਪਿਆਂ ਨੇ ਜਦੋਂ ਲੜਕੇ ਨੂੰ ਆਵਾਜ਼ਾਂ ਮਾਰੀਆਂ ਤਾਂ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਉਹ ਆਪਣੇ ਕਮਰੇ ਵਿੱਚ ਬੈਡ ਬਾਕਸ ਵਿੱਚ ਪਿਆ ਸੀ, ਉਸ ਦੇ ਹੱਥ-ਪੈਰ ਚੁੰਨੀ ਨਾਲ ਬੰਨ੍ਹੇ ਸਨ ਅਤੇ ਆਲੇ-ਦੁਆਲੇ ਕੱਪੜੇ ਖਿੱਲਰੇ ਪਏ ਸਨ। ਲੜਕੇ ਨੇ ਦੱਸਿਆ ਕਿ ਚਾਰ ਵਿਅਕਤੀ ਆਏ ਸਨ, ਜਿਨ੍ਹਾਂ ਨੇ ਉਸ ਨੂੰ ਹੱਥ-ਪੈਰ ਬੰਨ੍ਹ ਕੇ ਬੈਡ ਵਿੱਚ ਸੁੱਟ ਦਿੱਤਾ ਤੇ ਦਾਦੀ ਦੇ ਕਮਰੇ ਨੂੰ ਅੱਗ ਲਾ ਦਿੱਤੀ ਸੀ। ਉਸ ਨੇ ਇਹ ਵੀ ਕਿਹਾ ਕਿ ਹਮਲਾਵਰ ਇਹ ਕਹਿ ਕੇ ਗਏ ਹਨ ਕਿ ਜੇ ਉਸ ਦੇ ਪਿਤਾ ਨੇ ਉਨ੍ਹਾਂ ਉੱਤੇ ਕੀਤੇ ਕੇਸ ਵਾਪਸ ਨਾ ਲਏ ਤਾਂ ਸਾਰੇ ਟੱਬਰ ਨੂੰ ਮਾਰ ਦੇਣਗੇ। ਇਸ ਦੌਰਾਨ ਗੁਆਂਢੀਆਂ ਨੇ ਬਾਲਟੀਆਂ ਨਾਲ ਪਾਣੀ ਪਾ ਕੇ ਬਜ਼ੁਰਗ ਮਾਤਾ ਦੇ ਕਮਰੇ ਦੀ ਅੱਗ ਬੁਝਾਈ।
ਸੂਚਨਾ ਮਿਲਣ ਉੱਤੇ ਐਸ ਪੀ (ਤਫ਼ਤੀਸ਼) ਰਵਿੰਦਰਪਾਲ ਸਿੰਘ ਸੰਧੂ, ਡੀ ਐਸ ਪੀ (ਦਿਹਾਤੀ) ਗੁਰਪ੍ਰੀਤ ਸਿੰਘ ਤੇ ਥਾਣਾ ਹਰਿਆਣਾ ਦੇ ਐਸ ਐਚ ਓ ਹਰਗੁਰਦੇਵ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਲੜਕੇ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ। ਕੁਝ ਚਿਰ ਇੱਧਰ-ਉਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਲੜਕਾ ਮੰਨ ਗਿਆ ਕਿ ਉਸੇ ਨੇ ਦਾਦੀ ਨੂੰ ਮਾਰਿਆ ਹੈ। ਉਸ ਨੇ ਦੱਸਿਆ ਕਿ ਦਾਦੀ ਉਸ ਨੂੰ ਮੰਦਾ ਬੋਲਦੀ ਸੀ, ਜਿਸ ਕਰਕੇ ਉਹ ਉਸ ਤੋਂ ਦੁਖੀ ਸੀ ਅਤੇ ਉਸ ਨੂੰ ਮਾਰਨ ਬਾਰੇ ਸੋਚਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਹ ਟੀ ਵੀ ਉੱਤੇ ‘ਕ੍ਰਾਈਮ ਪੈਟਰੋਲ’ ਅਤੇ ‘ਸੀ ਆਈ ਡੀ’ ਵਰਗੇ ਲੜੀਵਾਰ ਦੇਖਦਾ ਸੀ, ਜਿਨ੍ਹਾਂ ਨੂੰ ਦੇਖ ਕੇ ਉਸ ਨੂੰ ਦਾਦੀ ਦੇ ਕਤਲ ਦਾ ਵਿਚਾਰ ਆਇਆ। ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਦਾਦੀ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰੀ ਤੇ ਉਸ ਦੇ ਮਰਨ ਪਿੱਛੋਂ ਤੇਲ ਪਾ ਕੇ ਅੱਗ ਲਾ ਦਿੱਤੀ। ਐਸ ਐਸ ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦੋਸ਼ੀ ਨੂੰ ਗ਼੍ਰਿਫ਼ਤਾਰ ਕਰ ਕੇ ਵਾਰਦਾਤ ਵਿੱਚ ਵਰਤਿਆ ਸਾਮਾਨ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਾਬਾਲਗ ਹੋਣ ਕਰਕੇ ਉਸ ਨੂੰ ਜਵੇਨਾਈਲ ਜੇਲ੍ਹ ਭੇਜ ਦਿੱਤਾ ਗਿਆ ਹੈ।