Punjab government- Jatinder Pannu | Ik Soch Punjabi
Connect with us [email protected]

ਲੇਖ

ਰਾਜ ਦੇ ਆਖਰੀ ਸਾਲ ਵਿੱਚ ਕਿਸ ਹਾਲ ਵਿੱਚ ਹੈ ਪੰਜਾਬ ਦੀ ਸਰਕਾਰ !- ਜਤਿੰਦਰ ਪਨੂੰ

Published

on

pannu articles

ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਆਪਣੀ ਮਿਆਦ ਦੇ ਆਖਰੀ ਸਾਲ ਵਿੱਚ ਉਹ ਸਾਰਾ ਟਿੱਲ ਇਸ ਮਕਸਦ ਲਈ ਲਾਉਂਦੀ ਹੈ ਕਿ ਅੜੇ-ਥੁੜੇ ਕੰਮ ਕਰ ਲਏ ਜਾਣ ਅਤੇ ਲੋਕਾਂ ਕੋਲ ਜਾਣ ਜੋਗੇ ਹੋਇਆ ਜਾਵੇ। ਪੰਜਾਬ ਦੀ ਮੌਜੂਦਾ ਸਰਕਾਰ ਦਾ ਇਸ ਵੇਲੇ ਅੰਤਲਾ ਸਾਲ ਚੱਲਦਾ ਪਿਆ ਹੈ ਅਤੇ ਇਸ ਵਿੱਚੋਂ ਇੱਕ ਮਹੀਨਾ ਘਟ ਚੁੱਕਾ ਹੈ, ਪਰ ਇਸ ਦਾ ਉਹ ਪ੍ਰਭਾਵ ਬਣਨ ਵਾਲੀ ਗੱਲ ਕੋਈ ਨਹੀਂ ਲੱਭਦੀ, ਜਿਸ ਤੋਂ ਲੋਕਾਂ ਕੋਲ ਜਾਣ ਲਈ ਇਸ ਦੀ ਕਿਸੇ ਖਾਹਿਸ਼ ਦਾ ਪਤਾ ਲਾਇਆ ਜਾ ਸਕੇ। ਇਸ ਦੀ ਬਜਾਏ ਏਦਾਂ ਲੱਗਦਾ ਹੈ ਕਿ ਸਰਕਾਰ ਕਿਸੇ ‘ਆਟੋ’ ਮੋਡ ਵਿੱਚ ਪਈ ਹੋਈ ਆਪਣਾ ਰਾਹ ਆਪੇ ਲੱਭਦੀ ਅਤੇ ਚੱਲਦੀ ਪਈ ਹੈ, ਇਸ ਦੀ ਵਾਗ ਹੀ ਕਿਸੇ ਦੇ ਹੱਥ ਨਹੀਂ ਜਾਪਦੀ ਤੇ ਇਸ ਦੀ ਸੁਰ-ਸੇਧ ਵੀ ਕੋਈ ਦਿਖਾਈ ਨਹੀਂ ਦੇਂਦੀ। ਹਰਚਰਨ ਸਿੰਘ ਬਰਾੜ ਦੀ ਸਰਕਾਰ ਦੌਰਾਨ ਅਸੀਂ ਵੇਖਿਆ ਸੀ ਕਿ ਉਸ ਨੇ ਮੁੱਖ ਮੰਤਰੀ ਵਾਲੇ ਸਾਰੇ ਕੰਮ ਇਹ ਸੋਚ ਕੇ ਵਿਸਾਰ ਦਿੱਤੇ ਸਨ ਕਿ ਆਪਾਂ ਨੂੰ ਜਿੱਤਣ ਦੀ ਲੋੜ ਨਹੀਂ ਅਤੇ ਚੋਣਾਂ ਜਦੋਂ ਵੀ ਹੋਣਗੀਆਂ ਤਾਂ ਸਰਕਾਰ ਆਪਣੇ ਰਿਸ਼ਤੇਦਾਰਾਂ ਦੀ ਆਉਣੀ ਹੈ। ਬੀਬੀ ਰਾਜਿੰਦਰ ਕੌਰ ਭੱਠਲ ਆਈ ਤਾਂ ਕਾਂਗਰਸ ਨੂੰ ਚੋਣ ਲੜਨ ਜੋਗੀ ਉਸ ਨੇ ਕੀਤਾ ਸੀ, ਵਰਨਾ ਸਾਰੀ ਪਾਰਟੀ ਵਿੱਚ ਬਿਸਤਰੇ ਲਪੇਟੇ ਜਾਣ ਦਾ ਮਾਹੌਲ ਬਣਿਆ ਪਿਆ ਸੀ।
ਇਸ ਵਾਰੀ ਪੰਜਾਬ ਵਿੱਚ ਅਜੇ ਹਰਚਰਨ ਸਿੰਘ ਬਰਾੜ ਦੇ ਸਮੇਂ ਵਾਲੀ ਗੱਲ ਭਾਵੇਂ ਨਹੀਂ ਜਾਪਦੀ, ਪਰ ਜਿਹੜੇ ਹਾਲਾਤ ਹਨ, ਜੇ ਇਸੇ ਤਰ੍ਹਾਂ ਸਰਕਾਰ ਚੱਲਦੀ ਰਹੀ ਤੇ ਇਸ ਦਾ ਕੋਈ ਖਸਮ-ਸਾਈਂ ਦਿਖਾਈ ਨਾ ਦਿੱਤਾ ਤਾਂ ਇਸ ਦੀ ਹਾਲਤ ਬਾਕੀ ਰਹਿੰਦੇ ਗਿਆਰਾਂ ਮਹੀਨਿਆਂ ਵਿੱਚ ਚੋਣ ਲੜਨ ਜੋਗੀ ਨਹੀਂ ਰਹਿ ਜਾਣੀ। ਕੁਝ ਮੰਤਰੀਆਂ ਦਾ ਸਾਰਾ ਜ਼ੋਰ ਅਗਲੀ ਚੋਣ ਤੋਂ ਪਹਿਲਾਂ ਅਜੇ ਤੱਕ ਊਣੀਆਂ ਗੋਲਕਾਂ ਭਰਨ ਵਾਸਤੇ ਲੱਗਾ ਪਿਆ ਹੈ ਅਤੇ ਕੁਝ ਵਿਧਾਇਕਾਂ ਨੇ ਵਿਕਾਸ ਕੰਮਾਂ ਵਿੱਚੋਂ ਹਿੱਸਾ-ਪੱਤੀ ਲੈਣ ਵੇਲੇ ਸਿਰਫ ਮੁੱਛਾਂ ਨਹੀਂ, ਪੂਰੇ ਬੂਥੇ ਲਿਬੇੜ ਰੱਖੇ ਹਨ, ਪਰ ਏਦਾਂ ਦੀ ਖਬਰ ਕਦੇ ਨਹੀਂ ਸੁਣੀ ਗਈ ਕਿ ਮੁੱਖ ਮੰਤਰੀ ਨੇ ਸੱਦ ਕੇ ਕਿਸੇ ਨੂੰ ਹੱਦਾਂ ਵਿੱਚ ਰਹਿਣ ਨੂੰ ਘੂਰਿਆ ਹੋਵੇ। ‘ਥੋਥਾ ਚਨਾ, ਬਾਜੇ ਘਨਾ’ ਦੀ ਹਿੰਦੀ ਕਹਾਵਤ ਵਾਂਗ ਇਸ ਵਕਤ ਇਸ ਸਰਕਾਰ ਵਿੱਚ ਜਿਹੜੇ ਸੱਜਣ ਸਭ ਤੋਂ ਵੱਧ ਬਦਨਾਮ ਹਨ, ਉਹ ਸਰਕਾਰ ਦੇ ਹਰ ਕੰਮ ਵਿੱਚ ਏਦਾਂ ਮੋਹਰੀ ਹਨ ਕਿ ਜਿਵੇਂ ਟਟੀਹਰੀ ਵਾਂਗ ਸਾਰਾ ਅਸਮਾਨ ਉਨ੍ਹਾਂ ਨੇ ਚੁੱਕਿਆ ਹੋਵੇ। ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਕਨਸੋਆਂ ਤੋਂ ਉਹ ਖੁਦ ਇੱਕਦਮ ਲਾਪਰਵਾਹ ਹਨ ਤੇ ਮੁੱਖ ਮੰਤਰੀ ਨੂੰ ਵੀ ਏਹੋ ਜਿਹੇ ਸਬਜ਼-ਬਾਗ ਵਿਖਾਉਂਦੇ ਸੁਣੀਂਦੇ ਹਨ ਕਿ ਹਰ ਪਾਸੇ ਹਰਾ-ਹਰਾ ਹੀ ਜਾਪਦਾ ਹੈ, ਪਰ ਹਕੀਕੀ ਹਾਲਤ ਕੂਕ-ਕੂਕ ਕੇ ਕਹਿੰਦੇ ਹਨ ਕਿ ਸਰਕਾਰ ਦੀ ਕਿਸ਼ਤੀ ਇਸ ਵੇਲੇ ਮੰਝਧਾਰ ਵਿੱਚ ਫਸਣ ਲਈ ਤਿਆਰ ਹੈ। ਲੋਕਾਂ ਕੋਲ ਜਾਣ ਲਈ ਜਿਹੜੇ ਕੰਮ ਇਸ ਸਰਕਾਰ ਨੂੰ ਕਰਨੇ ਬਣਦੇ ਹਨ, ਉਹ ਹੋ ਨਹੀਂ ਰਹੇ ਤੇ ਜਿਹੜੇ ਹੋ ਰਹੇ ਹਨ, ਉਹ ਚੰਗੀ ਸੇਧ ਵਿੱਚ ਨਹੀਂ।
ਬਹੁਤੀਆਂ ਗੱਲਾਂ ਦੀ ਬਜਾਏ ਇੱਕੋ ਕੋਟਕਪੂਰਾ ਗੋਲੀ ਕਾਂਡ ਕੇਸ ਵਿੱਚ ਹਾਈ ਕੋਰਟ ਦਾ ਫੈਸਲਾ ਪੜ੍ਹ ਲੈਣ ਅਤੇ ਇਸ ਨਾਲ ਜੁੜੇ ਸਾਰੇ ਘਟਨਾ ਕਰਮ ਨੂੰ ਘੋਖਣ ਨਾਲ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਵਰਗੀ ਕੋਈ ਕਮਾਂਡ ਪੰਜਾਬ ਵਿੱਚ ਕਿਤੇ ਰੜਕਦੀ ਹੀ ਨਹੀਂ। ਜਿਹੜੇ ਕੇਸ ਦੇ ਆਰੰਭ ਵਿੱਚ ਇਹ ਪ੍ਰਭਾਵ ਪੈਂਦਾ ਸੀ ਕਿ ਇਸ ਨਾਲ ਪਿਛਲੀ ਸਰਕਾਰ ਚਲਾਉਣ ਵਾਲਿਆਂ ਦੇ ਬਚਣ ਦਾ ਕੋਈ ਰਾਹ ਨਹੀਂ ਰਹਿ ਜਾਣਾ, ਅਜੋਕੇ ਪੜਾਅ ਉੱਤੇ ਆ ਕੇ ਇਹ ਪ੍ਰਭਾਵ ਬਣ ਗਿਆ ਹੈ ਕਿ ਇਸ ਸਰਕਾਰ ਦੇ ਅੱਧੇ ਤੋਂ ਵੱਧ ਪੁਰਜ਼ੇ ਪਿਛਲੀ ਸਰਕਾਰ ਵਾਲੇ ਹਾਕਮਾਂ ਦੇ ਇਸ਼ਾਰੇ ਉੱਤੇ ਘੁੰਮਦੇ ਹਨ ਤੇ ਹੋਰ ਜੋ ਮਰਜ਼ੀ ਹੋ ਜਾਵੇ, ਬਹੁਤੇ ਚਰਚਿਤ ਕੇਸਾਂ ਵਿੱਚ ਕੁਝ ਨਹੀਂ ਹੋਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਦੇ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ ਵਾਲੇ ਕੇਸਾਂ ਵਿੱਚ ਲੋਕਾਂ ਨੂੰ ਜਿੱਦਾਂ ਦੀ ਆਸ ਸੀ, ਜਦੋਂ ਓਦਾਂ ਦਾ ਕੁਝ ਹੋ ਨਹੀਂ ਰਿਹਾ ਤਾਂ ਕਾਂਗਰਸ ਦੇ ਵਿਧਾਇਕ ਅਤੇ ਮੰਤਰੀ ਵੀ ਕਹਿੰਦੇ ਹਨ ਕਿ ਅਗਲੀ ਵਾਰੀ ਲੋਕਾਂ ਵਿੱਚ ਜਾਣ ਵੇਲੇ ਔਖ ਬਹੁਤ ਹੋਵੇਗੀ। ਪੰਜ ਸਾਲ ਪਹਿਲਾਂ ਦੀਆਂ ਵਿਧਾਨ ਸਭਾਂ ਚੋਣਾਂ ਦਾ ਦੂਸਰਾ ਵੱਡਾ ਮੁੱਦਾ ਨਸ਼ੀਲੇ ਪਦਾਰਥਾ ਦਾ ਧੰਦਾ ਰੋਕਣ ਦਾ ਸੀ, ਜਿਸ ਨੂੰ ਕੋਈ ਰੋਕ ਨਹੀਂ ਪਈ ਅਤੇ ਮੌਜੂਦਾ ਸਰਕਾਰ ਦੇ ਵਿਧਾਇਕਾਂ ਉੱਤੇ ਸ਼ਰਾਬ ਦੀਆਂ ਨਾਜਾਇਜ਼ ਫੈਕਟਰੀਆਂ ਚਲਾਉਣ ਦੇ ਦੋਸ਼ ਪਿੰਡਾਂ ਦੀਆਂ ਸੱਥਾਂ ਵਿੱਚ ਆਮ ਲੱਗਦੇ ਹਨ। ਇਸ ਧੰਦੇ ਦੀ ਜਾਂਚ ਕਰਨ ਲਈ ਇੱਕ ਟਾਸਕ ਫੋਰਸ ਬਣਾਈ ਗਈ ਸੀ, ਉਸ ਦੀ ਫਾਈਲ ਕਦੀ ਕਿਸੇ ਨੇ ਚੁੱਕ ਕੇ ਨਹੀਂ ਵੇਖੀ ਤੇ ਚੋਣ ਸਿਰ ਉੱਤੇ ਆ ਗਈ ਹੈ।
ਇੱਕ ਮੁੱਦਾ ਕਿਸਾਨੀ ਸੰਘਰਸ਼ ਦਾ ਹੈ, ਜਿਸ ਕਾਰਨ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਮਜ਼ਦੂਰਾਂ, ਆੜ੍ਹਤੀਆਂ ਤੇ ਹੋਰ ਵਰਗਾਂ ਵਿੱਚ ਕੇਂਦਰ ਸਰਕਾਰ ਵਿਰੁੱਧ ਸਿਖਰਾਂ ਦੀ ਨਾਰਾਜ਼ਗੀ ਹੈ। ਪੰਜਾਬ ਦੀ ਮੌਜੂਦਾ ਸਰਕਾਰ ਚਲਾ ਰਹੀ ਧਿਰ ਇਸ ਦਾ ਲਾਭ ਮਿਲਣ ਦੀ ਝਾਕ ਰੱਖਦੀ ਹੈ, ਪਰ ਇਸ ਦਾ ਲਾਭ ਵੀ ਇਸ ਨੂੰ ਮਿਲਦਾ ਨਹੀਂ ਜਾਪਦਾ। ਆਖਰੀ ਸਾਲ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਵਧਦੇ ਰੋਸ ਬਾਰੇ ਵੀ ਰਾਜ ਕਰਦੀ ਪਾਰਟੀ ਅਜੇ ਤੱਕ ਇਸ ਤਰ੍ਹਾਂ ਅਵੇਸਲੀ ਹੈ ਕਿ ਉਸ ਦੇ ਕਿਸੇ ਆਗੂ ਨੇ ਕਦੀ ਉਨ੍ਹਾਂ ਨਾਲ ਕੋਈ ਬੈਠਕ ਕਰਨ ਜਾਂ ਰੋਸ ਸ਼ਾਂਤ ਕਰਨ ਦੀ ਲੋੜ ਨਹੀਂ ਸਮਝੀ। ਜਿਸ ਤਰ੍ਹਾਂ ਦੇ ਹਾਲਾਤ ਹਨ, ਉਨ੍ਹਾਂ ਵਿੱਚ ਇਹੋ ਜਿਹਾ ਕੋਈ ਸੰਕੇਤ ਨਹੀਂ ਮਿਲਦਾ ਕਿ ਇਹ ਰੋਸ ਕੁਝ ਘਟ ਵੀ ਸਕਦਾ ਹੈ।
ਵਿਰੋਧ ਦੀਆਂ ਦੋ ਮੁੱਖ ਪਾਰਟੀਆਂ ਵਿੱਚੋਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਆਪੋ-ਆਪਣੀ ਥਾਂ ਇਸ ਗੱਲ ਦੇ ਯਤਨ ਵਿੱਚ ਹਨ ਕਿ ਕਾਂਗਰਸ ਦੀ ਲਾਚਾਰਗੀ ਵਿੱਚੋਂ ਕਿਸੇ ਤਰ੍ਹਾਂ ਲਾਹਾ ਖੱਟ ਲਿਆ ਜਾਵੇ, ਪਰ ਇਹ ਵੀ ਯਤਨ ਹੀ ਹਨ, ਲੋਕਾਂ ਦਾ ਰੌਂਅ ਹਾਲੇ ਠਹਿਰ ਕੇ ਸਾਹਮਣੇ ਆਉਣਾ ਹੈ। ਓਦੋਂ ਤੱਕ ਸਰਕਾਰ ਦੀ ਨੀਤੀ ਅਤੇ ਨੀਤ ਬਾਰੇ ਲੋਕਾਂ ਨੂੰ ਇਸ ਦੇ ਕੋਟਕਪੂਰਾ ਤੇ ਬਹਿਬਲ ਕਲਾਂ ਮਾਮਲਿਆਂ ਵਿੱਚ ਅਗਲੇ ਪੈਂਤੜੇ ਤੋਂ ਸਮਝ ਆ ਜਾਣਾ ਹੈ। ਕਾਨੂੰਨੀ ਮਾਮਲਿਆਂ ਦੇ ਜਾਣਕਾਰ ਇਹ ਗੱਲ ਸਾਫ ਕਹੀ ਜਾਂਦੇ ਹਨ ਕਿ ਇਨ੍ਹਾਂ ਕੇਸਾਂ ਵਿੱਚ ਜਿੱਦਾਂ ਦੀ ਸਥਿਤੀ ਬਣ ਗਈ ਹੈ, ਉਸ ਨੂੰ ਕੋਈ ਵੱਡਾ ਮੋੜ ਦੇਣ ਵਾਲਾ ਰਾਹ ਮੌਜੂਦਾ ਸਰਕਾਰ ਨੂੰ ਸ਼ਾਇਦ ਲੱਭ ਨਹੀਂ ਸਕਣਾ। ਜਦੋਂ ਇਸ ਬਾਰੇ ਕੁਝ ਕਰਨ ਦਾ ਵਕਤ ਸੀ, ਓਦੋਂ ਸਰਕਾਰ ਜਾਂ ਸਰਕਾਰੀ ਵਿਭਾਗਾਂ ਦੇ ਪੱਧਰ ਉੱਤੇ ਏਨੀ ਜਿ਼ਆਦਾ ਲਾਪਰਵਾਹੀ ਵਿਖਾਈ ਗਈ ਹੈ ਕਿ ਪੈ ਚੁੱਕੇ ਵਿਗਾੜ ਨੂੰ ਤੋਪੇ ਲਾਉਣ ਵਾਲਾ ਟੇਲਰ ਮਾਸਟਰ ਨਹੀਂ ਮਿਲਣਾ। ਸਰਕਾਰ ਦਾ ਆਖਰੀ ਸਾਲ ਹੋਣ ਕਰ ਕੇ ਇਸ ਵਕਤ ਇਸ ਦੇ ਆਖੇ ਉੱਤੇ ਨਵੀਂ ਜਾਂਚ ਕਰਨ ਲਈ ਫਾਈਲਾਂ ਚੁੱਕਣ ਤੇ ਆਪਣਾ ਸਿਰ ਫਸਾਉਣ ਦੇ ਲਈ ਬਹੁਤੇ ਅਫਸਰਾਂ ਨੇ ਮੰਨਣਾ ਨਹੀਂ ਤੇ ਉਹ ਇੱਕ ਜਾਂ ਦੂਸਰੇ ਬਹਾਨੇ ਨਾਲ ਏਦਾਂ ਦੀ ਜਿ਼ੰਮੇਵਾਰੀ ਟਾਲਣਗੇ, ਤਾਂ ਕਿ ਅਗਲੀ ਵਾਰ ਜਿਹੜੀ ਵੀ ਸਰਕਾਰ ਬਣ ਜਾਵੇ, ਉਸ ਨਾਲ ਵਿਗਾੜ ਪੈਣ ਤੋਂ ਬਚੇ ਰਹਿਣ। ਨਤੀਜਾ ਇਸ ਹਾਲਤ ਦਾ ਇਹ ਹੈ ਕਿ ਜਿਨ੍ਹਾਂ ਨੇ ਚਾਰ ਸਾਲ ਪਹਿਲਾਂ ਇਹ ਐਲਾਨ ਕਰ ਕੇ ਸਰਕਾਰ ਬਣਾਈ ਸੀ ਕਿ ਫਲਾਣੇ-ਫਲਾਣੇ ਨੂੰ ਜੇਲ੍ਹਾਂ ਵਿੱਚ ਪਾਵਾਂਗੇ, ਅੱਜ ਉਨ੍ਹਾਂ ਦੇ ਆਪਣੇ ਕਰਤੇ-ਧਰਤਿਆਂ ਨੂੰ ਉਹੀ ਫਲਾਣੇ-ਫਲਾਣੇ ਮੋੜਵੀਂ ਧਮਕੀ ਦੇਣ ਲੱਗ ਪਏ ਹਨ ਅਤੇ ਬੁਰੀ ਤਰ੍ਹਾਂ ਪਾਟੀ ਹੋਈ ਕਾਂਗਰਸ ਪਾਰਟੀ ਉਨ੍ਹਾਂ ਦਾ ਸਾਹਮਣਾ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਦੀ ਜਾਪਦੀ ਹੈ।
ਪੱਤਰਕਾਰ ਦੇ ਤੌਰ ਉੱਤੇ ਸਾਨੂੰ ਇਸ ਦਾ ਫਰਕ ਨਹੀਂ ਪੈਂਦਾ ਕਿ ਸਰਕਾਰ ਕਿਸ ਦੀ ਬਣੇਗੀ, ਪਰ ਲੋਕ ਤਾਂ ਲੋਕ ਹਨ, ਉਹ ਇਹ ਜ਼ਰੂਰ ਸੋਚਦੇ ਹਨ ਕਿ ਜਿਸ ਵਾਅਦੇ ਨਾਲ ਇਹ ਸਰਕਾਰ ਬਣੀ ਸੀ, ਜੇ ਇਸ ਨੇ ਉਸ ਦਾ ਚੇਤਾ ਭੁਲਾ ਛੱਡਿਆ ਹੈ ਤਾਂ ਇਸ ਕਿੱਲੇ ਨਾਲ ਮੁੜ ਕੇ ਬੱਝਣ ਦਾ ਕੀ ਲਾਭ ? ਜਿਹੜੀ ਗੱਲ ਆਮ ਲੋਕਾਂ ਲਈ ਔਕੜ ਪੈਦਾ ਕਰਨ ਵਾਲੀ ਹੈ, ਉਹ ਇਹ ਕਿ ਉਹ ਅਜੇ ਦੁਚਿੱਤੀ ਵਿੱਚ ਹਨ ਕਿ ਜੇ ਇਹ ਨਹੀਂ ਤਾਂ ਦੂਸਰੀ ਕਿਹੜੀ ਧਿਰ ਵੱਲ ਮੂੰਹ ਕੀਤਾ ਜਾਵੇ? ਜਦੋਂ ਏਦਾਂ ਦਾ ਮਾਹੌਲ ਹੋਵੇ ਤਾਂ ਉਸ ਵੇਲੇ ਇੰਦਰਾ ਗਾਂਧੀ ਵਰਗੀ ਲੀਡਰ ਨੂੰ ਹਰਾ ਕੇ ਰਾਜ ਨਾਰਾਇਣ ਵਰਗਾ ਵੀ ਜਿੱਤ ਜਾਇਆ ਕਰਦਾ ਹੈ। ਇਹ ਨਹੀਂ ਤਾਂ ਏਹੋ ਜਿਹਾ ਕੁਝ ਹੋਰ ਸਹੀ, ਪੰਜਾਬ ਵਿੱਚ ਵੀ ਕੁਝ ਹੋ ਸਕਦਾ ਹੈ।

Click Here Read More Latest Punjabi Article

ਲੇਖ

ਤੂੰ ਬੱਸ ਏਨਾ ਕੁ ਕਸ਼ਟ ਕਰ ਦੇਵੀਂ ਭਾਰਤ, ਲੋਕਾਂ ਨੂੰ ਸੰਕਟ ਦੇ ਸਮਿਆਂ ਵਿੱਚ ਆਪਸ ਵਿੱਚ ਜੁੜਿਆ ਰੱਖੀਂ-ਜਤਿੰਦਰ ਪਨੂੰ

Published

on

pannu articles

ਭਾਰਤ, ਤੂੰ ਭਰਮ ਦੇ ਵੱਡੇ ਜਾਲ ਵਿੱਚ ਫਸ ਗਿਆ ਹੈਂ। ਉਸ ਜਾਲ ਵਿੱਚ ਫਸ ਗਿਆ ਹੈਂ, ਜਿੱਥੇ ਹਊਮੈ ਦੇ ਭਰੇ ਭੜੋਲੇ ਵਰਗਾ ਇੱਕ ਆਗੂ ਬਾਕੀ ਸਭ ਲੋਕਾਂ ਨੂੰ ਪੁਤਲੀਆਂ ਸਮਝ ਕੇ ਨਚਾਉਣਾ ਚਾਹੁੰਦਾ ਹੈ ਤੇ ਏਦਾਂ ਦਾ ਭਾਰਤ ਉਸ ਨੂੰ ਚਾਹੀਦਾ ਹੈ, ਜਿਹੜਾ ਨਾ ਖਾਣ ਲਈ ਕੁਝ ਮੰਗੇ, ਨਾ ਜੀਵਨ ਲੋੜਾਂ ਦਾ ਚੇਤਾ ਕਰੇ, ਨਾ ਮਹਾਮਾਰੀਆਂ ਅਤੇ ਕੁਦਰਤੀ ਕਰੋਪੀਆਂ ਦੇ ਵਕਤ ਉਸ ਰਾਹਤ ਦੀ ਆਸ ਕਰੇ, ਜਿਹੜੀ ਪਿਤਾ-ਪੁਰਖੀ ਰਾਜੇ ਵੀ ਦੇ ਦਿੱਤਾ ਕਰਦੇ ਸਨ। ਮਰਦੇ ਪਏ ਦੇਸ਼ ਵਾਸੀਆਂ ਵੱਲ ਵੇਖਣ ਨਾਲੋਂ ਉਸ ਨੂੰ ਭਾਰਤ ਦੇ ਨਕਸ਼ੇ ਵਿੱਚ ਉਨ੍ਹਾਂ ਕੁਝ ਬਾਕੀ ਬਚੀਆਂ ਡੱਬ-ਖੜੱਬੀਆਂ ਥਾਵਾਂ ਨੂੰ ਵੇਖਣਾ ਵੱਧ ਜ਼ਰੂਰੀ ਲੱਗਦਾ ਹੈ, ਜਿਹੜੀਆਂ ਆਪਣੇ ਰੰਗ ਵਿੱਚ ਰੰਗਣ ਲਈ ਉਹ ਰਾਤ ਦਿਨ ਸੁਫਨੇ ਲੈਂਦਾ ਹੈ। ਪੱਛਮੀ ਬੰਗਾਲ ਦੀ ਚੋਣ ਮੁਹਿੰਮ ਲਈ ਉਸ ਨੇ ਜਿਹੜਾ ਅਪਰੈਲ ਦਾ ਅੱਧੇ ਤੋਂ ਵੱਧ ਮਹੀਨਾ ਫੂਕ ਛੱਡਿਆ, ਉਹੀ ਮਹੀਨਾ ਦੇਸ਼ ਦੇ ਲੋਕਾਂ ਲਈ ਅੱਜ ਤੱਕ ਦਾ ਸਭ ਤੋਂ ਕਾਲਾ ਸਮਾਂ ਹੋ ਗਿਆ। ਫਰਵਰੀ ਦੇ ਅੰਤਲੇ ਦਿਨ ਕੋਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ ਭਾਰਤ ਵਿੱਚ ਇੱਕ ਲੱਖ ਸੱਤਰ ਹਜ਼ਾਰ ਤੋਂ ਥੋੜ੍ਹੀ ਉੱਤੇ ਸੀ, ਮਾਰਚ ਦੇ ਅੰਤਲੇ ਦਿਨ ਤੱਕ ਚੋਣਾਂ ਲਈ ਰਾਜਸੀ ਲੀਡਰਾਂ ਦੇ ਜਲਸੇ ਸ਼ੁਰੂ ਹੋਣ ਕਾਰਨ ਪੰਜ ਲੱਖ ਪਚਾਸੀ ਹਜ਼ਾਰ ਤੋਂ ਟੱਪ ਗਈ ਤੇ ਪ੍ਰਧਾਨ ਮੰਤਰੀ ਨੇ ਦੌਰੇ ਓਦੋਂ ਸਮੇਟੇ, ਜਦੋਂ ਐਕਟਿਵ ਕੇਸਾਂ ਦੀ ਗਿਣਤੀ ਵੀਹ ਲੱਖ ਤੋਂ ਟੱਪ ਗਈ। ਫਿਰ ਇਹ ਰੁਕੀ ਨਹੀਂ। ਹਾਲਾਤ ਕਾਬੂ ਤੋਂ ਬਾਹਰ ਹੋਣ ਨਾਲ ਅਪਰੈਲ ਮੁੱਕਣ ਤੱਕ ਇਹ ਗਿਣਤੀ ਬੱਤੀ ਲੱਖ ਟੱਪ ਗਈ। ਫਰਵਰੀ ਮੁੱਕਣ ਤੱਕ ਮੌਤਾਂ ਦੀ ਗਿਣਤੀ ਭਾਰਤ ਵਿੱਚ ਅਜੇ ਇੱਕ ਲੱਖ ਸਤਵੰਜਾ ਹਜ਼ਾਰ ਤੋਂ ਡੇਢ ਸੌ ਉੱਤੇ ਸੀ, ਮਾਰਚ ਮੁੱਕਣ ਤੱਕ ਇਹ ਇੱਕ ਲੱਖ ਤਰੇਹਠ ਹਜ਼ਾਰ ਦੇ ਨੇੜੇ ਪਹੁੰਚੀ, ਪਰ ਅਪਰੈਲ ਮੁੱਕਣ ਤੱਕ ਭਾਰਤ ਵਿੱਚ ਮੌਤਾਂ ਦੀ ਗਿਣਤੀ ਦੋ ਲੱਖ ਦਸ ਹਜ਼ਾਰ ਟੱਪ ਗਈ। ਅਪਰੈਲ ਦਾ ਮਹੀਨਾ ਭਾਰਤ ਵਿੱਚ ਸੰਤਾਲੀ ਹਜ਼ਾਰ ਮੌਤਾਂ ਦਾ ਕਾਰਨ ਬਣ ਗਿਆ। ਇਤਹਾਸ ਵਿੱਚ ਭਾਰਤ ਵਿੱਚ ਕਦੇ ਏਨੀਆਂ ਮੌਤਾਂ ਨਹੀਂ ਹੋਈਆਂ। ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਏਦਾਂ ਵੀ ਹੋਵੇਗਾ, ਪਰ ਇਹ ਕਹਿਰ ਵਾਪਰ ਗਿਆ ਹੈ।
ਦੇਸ਼ ਦਾ ‘ਪ੍ਰਧਾਨ ਸੇਵਕ’ ਕਹਾਉਣ ਦੇ ਨਾਟਕ ਕਰਨ ਵਾਲਾ ਆਗੂ ਮੌਤਾਂ ਨਾਲ ਦੁਖੀ ਹੋਣ ਦੀ ਬਜਾਏ ਇਸ ਗੱਲ ਤੋਂ ਦੁਖੀ ਹੁੰਦਾ ਹੈ ਕਿ ਉਸ ਦੀ ਸਰਕਾਰ ਦੀ ਭੰਡੀ ਹੁੰਦੀ ਹੈ। ਜਿਹੋ ਜਿਹੇ ਕੰਮ ਹੋਣ, ਓਦਾਂ ਦੀ ਸੋਭਾ ਹੁੰਦੀ ਹੈ। ਦੁਨੀਆ ਭਰ ਦੇ ਅਖਬਾਰ ਉਸ ਦੇ ਚੋਣ ਚਸਕਿਆਂ ਤੇ ਭਾਸ਼ਣਾਂ ਦੌਰਾਨ ਆਈਆਂ ਮਕਾਣਾਂ ਨੇ ਕੰਬਣ ਲਾ ਦਿੱਤੇ ਹਨ, ਜਿਸ ਪਿੱਛੋਂ ਉਹ ਹਕੀਕਤਾਂ ਪੇਸ਼ ਕਰ ਰਹੇ ਹਨ ਤਾਂ ਇਹ ਭਾਰਤ ਦੇ ਨੇਤਾ ਨੂੰ ਭੰਡੀ ਜਾਪੀ ਹੈ। ਜਿਸ ਟਾਈਮ ਮੈਗਜ਼ੀਨ ਨੇ ਕਦੇ ਉਸ ਦੀ ਫੋਟੋ ਪਹਿਲੇ ਸਫੇ ਉੱਤੇ ਦਿਖਾਈ ਤਾਂ ਉਹ ਆਪਣੇ ਆਪ ਧੰਨ ਸਮਝਦਾ ਸੀ, ਅੱਜ ਉਹੀ ਟਾਈਮ ਜੇ ਭਾਰਤ ਦੇਸ਼ ਦੇ ਸ਼ਮਸਾਨ ਘਾਟਾਂ ਵਿੱਚ ਮੱਚਦੇ ਸਿਵਿਆਂ ਦੀ ਫੋਟੋ ਛਾਪਦਾ ਹੈ ਤਾਂ ਇਹ ਪ੍ਰਧਾਨ ਮੰਤਰੀ ਨੂੰ ਭੰਡੀ ਜਾਪੀ ਹੈ। ਅਮਰੀਕਾ ਦਾ ਅਖਬਾਰ ਵਾਸਿ਼ੰਗਟਨ ਪੋਸਟ, ਇੰਗਲੈਂਡ ਦਾ ਗਾਰਡੀਅਨ ਅਤੇ ਦੁਨੀਆ ਭਰ ਦੇ ਮੀਡੀਆ ਚੈਨਲਾਂ ਤੋਂ ਭਾਰਤ ਦੇਸ਼ ਦੇ ਹਾਲਾਤ ਦੀ ਚਰਚਾ ਵਿੱਚ ਮਰ ਗਏ ਲੋਕਾਂ ਦੇ ਅੰਕੜੇ ਵੀ ਤੇ ਮਰਨਾਊ ਪਏ ਲੋਕਾਂ ਦੇ ਅੰਕੜੇ ਵੀ ਪੇਸ਼ ਕੀਤੇ ਜਾਂਦੇ ਹਨ ਤਾਂ ਇਹ ਭਾਰਤ ਦੀ ਭੰਡੀ ਜਾਪੀ ਹੈ। ਉਹ ਲੋਕ ਭਾਰਤ ਦੀ ਭੰਡੀ ਨਹੀਂ ਕਰਦੇ, ਹਰ ਪੇਸ਼ਕਾਰੀ ਦੇ ਵਕਤ ਇਹ ਕਹਿੰਦੇ ਹਨ ਕਿ ਇਹ ਹਾਲਤ ਭਾਰਤ ਦੇ ਇੱਕ ਨੇਤਾ ਦੇ ਚੋਣ ਚਸਕੇ ਕਾਰਨ ਪੈਦਾ ਹੋਈ ਹੈ। ਇਸ ਵਿੱਚ ਇੱਕ ਦੇਸ਼ ਦੀ ਭੰਡੀ ਨਹੀਂ, ਘੁਮੰਡ ਦੇ ਘੋੜੇ ਉੱਤੇ ਚੜ੍ਹੇ ਹੋਏ ਇੱਕ ਨੇਤਾ ਦੀ ਮਰਦੇ ਪਏ ਲੋਕਾਂ ਵਾਸਤੇ ਕੁਝ ਕਰਨ ਦੀ ਥਾਂ ਉਸ ਦੇ ਆਪਣੇ ਰਾਜ ਦੀਆਂ ਹੱਦਾਂ ਹੋਰ ਵਧਾਉਣ ਦੀ ਵਡੇਰੀ ਲਾਲਸਾ ਦਾ ਖੁਲਾਸਾ ਕੀਤਾ ਸਮਝਿਆ ਜਾ ਸਕਦਾ ਹੈ।
ਬਾਹਰਲੇ ਦੇਸ਼ਾਂ ਵਾਲੇ ਬੋਲਦੇ ਹਨ ਤਾਂ ਭਾਰਤ ਦੀ ਭੰਡੀ ਕਰਦੇ ਜਾਪਦੇ ਹਨ, ਆਪਣੇ ਲੋਕ ਬੋਲਦੇ ਹਨ ਤਾਂ ਮੋਦੀ ਟੀਮ ਨੂੰ ਉਹ ਵਿਰੋਧੀਆਂ ਦਾ ਕੂੜ-ਪ੍ਰਚਾਰ ਜਾਪਦਾ ਹੈ, ਪਰ ਭਾਜਪਾ ਦੇ ਆਪਣੇ ਅੰਦਰੋਂ ਜੋ ਬੋਲਿਆ ਗਿਆ ਹੈ, ਉਸ ਦੇ ਬਾਰੇ ਪ੍ਰਧਾਨ ਮੰਤਰੀ ਜਾਂ ਉਸ ਦੇ ਚੇਲਿਆਂ ਦੇ ਦੰਦ ਜੁੜੇ ਹੋਏ ਹਨ। ਕੇਂਦਰੀ ਮੰਤਰੀ ਮੰਡਲ ਵਿਚਲੇ ਤਿੰਨ ਚਿਹਰਿਆਂ ਦੇ ਹੱਥ ਸਾਰੀ ਤਾਕਤ ਮੰਨੀ ਜਾਂਦੀ ਹੈ, ਇੱਕ ਪ੍ਰਧਾਨ ਮੰਤਰੀ ਮੋਦੀ, ਦੂਸਰਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਤੀਸਰਾ ਨੰਬਰ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦਾ ਹੈ। ਨਿਰਮਲਾ ਸੀਤਾਰਮਨ ਜਦੋਂ ਇਕਨਾਮਿਕਸ ਪੜ੍ਹਨ ਲਈ ਕਲਾਸ ਵਿੱਚ ਬੈਠਦੀ ਸੀ, ਉਸ ਦਾ ਪਤੀ ਪਰਕਲਾ ਪ੍ਰਭਾਕਰ ਉਸ ਦੇ ਨਾਲ ਇਕਨਾਮਿਕਸ ਦਾ ਵਿਦਿਆਰਥੀ ਹੁੰਦਾ ਸੀ। ਦੋਵੇਂ ਇਕੱਠੇ ਪੜ੍ਹੇ ਹਨ, ਪਰ ਉਸ ਦਾ ਪਤੀ ਇਸ ਮੰਤਰੀ ਬੀਬੀ ਵਾਂਗ ਰਾਜਨੀਤੀ ਦੇ ਰਾਹ ਦਾ ਪਾਂਧੀ ਨਾ ਹੋਣ ਕਾਰਨ ਤੇ ਕਿਸੇ ਕੁਰਸੀ ਦੀ ਝਾਕ ਨਾ ਰੱਖਣ ਕਾਰਨ ਅਜੇ ਵੀ ਸੱਚ ਬੋਲਣ ਨੂੰ ਠੀਕ ਸਮਝਦਾ ਹੈ। ਉਸ ਨੇ ਇੱਕ ਦਿਨ ਇਸ ਦੇਸ਼ ਦੇ ਗਰੀਬਾਂ ਦੀ ਅਸਲੀ ਹਾਲਤ ਬਾਰੇ ਲੇਖ ਲਿਖ ਦਿੱਤਾ, ਸਾਰੇ ਪਾਸੇ ਧੁੰਮ ਮੱਚ ਗਈ ਅਤੇ ਪ੍ਰਧਾਨ ਮੰਤਰੀ ਦੀ ਸਾਰੀ ਟੀਮ ਨੂੰ ਏਦਾਂ ਸੱਪ ਸੁੰਘ ਗਿਆ ਕਿ ਸਾਰਿਆਂ ਦੀ ਜ਼ਬਾਨ ਤਾਲੂ ਨਾਲ ਲੱਗ ਗਈ। ਕਿਸੇ ਨੇ ਉਸ ਦੇ ਲੇਖ ਦੀ ਕਿਸੇ ਗੱਲ ਬਾਰੇ ਕੋਈ ਟਿਪਣੀ ਤੱਕ ਕਰਨ ਦੀ ਹਿੰਮਤ ਨਹੀਂ ਦਿਖਾਈ, ਕਿਉਂਕਿ ਉਸ ਨੇ ਸੱਚ ਕਿਹਾ ਸੀ। ਨਿਰਮਲਾ ਦੇ ਪਤੀ ਪਰਕਲਾ ਪ੍ਰਭਾਕਰ ਨੇ ਕਿਹਾ ਕਿ ਜਿਨ੍ਹਾਂ ਦੇ ਘਰ ਵਿੱਚ ਮੌਤ ਹੁੰਦੀ ਹੈ, ਉਨ੍ਹਾਂ ਨੂੰ ਦੁੱਖ ਪਤਾ ਹੈ, ਤੁਹਾਡੇ ਘਰੀਂ ਕੋਈ ਮੌਤ ਨਹੀਂ ਹੋਈ, ਤੁਹਾਨੂੰ ਇਸ ਦਾ ਦੁੱਖ ਨਹੀਂ, ਇਸ ਲਈ ਤੁਸੀਂ ਚੋਣ ਮੁਹਿੰਮਾਂ ਵਿੱਚ ਰੁੱਝੇ ਹੋ, ਤੁਹਾਡੇ ਸੰਤਾਂ ਲਈ ਕੁੰਭ ਵਾਲਾ ਇਸ਼ਨਾਨ ਕਰਨ ਮੌਕੇ ਭੀੜਾਂ ਸੱਦਣੀਆਂ ਜ਼ਰੂਰੀ ਹਨ ਅਤੇ ਮੁਲਕ ਮਰਦਾ ਦਿੱਸ ਨਹੀਂ ਸਕਿਆ। ਪਰਕਲਾ ਪ੍ਰਭਾਕਰ ਨੇ ਕਿਹਾ ਕਿ ਤੁਹਾਡੀ ਇੱਕ ਨੀਤੀ ਬਣ ਗਈ ਹੈ ਕਿ ਦੇਸ਼ ਦੇ ਲੋਕਾਂ ਨੂੰ ਰੋਣ ਦਿਓ, ਰੋਣ ਪਿੱਛੋਂ ਚੁੱਪ ਕਰ ਜਾਣਗੇ। ਪਹਿਲਾਂ ਤੁਸੀਂ ਨੋਟਬੰਦੀ ਕੀਤੀ ਤਾਂ ਲੋਕ ਰੋ ਕੇ ਚੁੱਪ ਕਰ ਗਏ ਸਨ, ਇਸ ਵਾਰੀ ਵੀ ਤੁਸੀਂ ਇਹੋ ਸੋਚ ਰਹੇ ਹੋ, ਪਰ ਇਸ ਵਾਰੀ ਲੋਕਾਂ ਦੀ ਜੇਬ ਨਹੀਂ ਕੱਟੀ ਗਈ, ਜਿ਼ੰਦਗੀ ਦੀ ਤੰਦ ਕੱਟੀ ਜਾ ਰਹੀ ਹੈ ਤਾਂ ਉਹ ਛੇਤੀ ਕੀਤੇ ਚੁੱਪ ਨਹੀਂ ਹੋਣਗੇ।
ਸਾਨੂੰ ਸੱਤ ਕੁ ਸਾਲ ਪਹਿਲਾਂ ਦੀ ਇੱਕ ਗੱਲ ਅਜੇ ਚੇਤਾ ਹੈ। ਓਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਵਾਸਤੇ ਦਿੱਲੀ ਦੀ ਉਡਾਰੀ ਲਾਉਣ ਲੱਗਾ ਤਾਂ ਉਸ ਨੇ ਆਪਣੀ ਥਾਂ ਸਭ ਤੋਂ ਸੀਨੀਅਰ ਮੰਤਰੀ ਆਨੰਦੀ ਬੇਨ ਪਟੇਲ ਨੂੰ ਗੁਜਰਾਤ ਦੀ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਸੀ। ਅਚਾਨਕ ਲੋਕਾਂ ਨੂੰ ਆਨੰਦੀ ਬੇਨ ਪਟੇਲ ਦੇ ਪਤੀ ਮਫਤ ਲਾਲ ਪਟੇਲ ਦਾ ਐਲਾਨ ਪੜ੍ਹਨ ਨੂੰ ਮਿਲਿਆ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ, ਕਿਉਂਕਿ ਉਸ ਦੀ ਨਜ਼ਰ ਵਿੱਚ ਭ੍ਰਿਸ਼ਟਾਚਾਰ ਦਾ ਭੜੋਲਾ ਬਣੀ ਕਾਂਗਰਸ ਤੇ ਫਿਰਕਾਪ੍ਰਸਤ ਹਜੂਮ ਵਾਲੀ ਭਾਜਪਾ ਵਿੱਚ ਜਾਣ ਦੀ ਥਾਂ ਇਹ ਪਾਰਟੀ ਦੋਵਾਂ ਨਾਲੋਂ ਕੁਝ ਹੱਦ ਤੱਕ ਵੱਧ ਠੀਕ ਲੱਗੀ ਹੈ। ਭਾਜਪਾ ਵਿੱਚ ਭਾਜੜ ਪੈ ਗਈ। ਪ੍ਰਧਾਨ ਮੰਤਰੀ ਲਈ ਉਡਾਰੀ ਲਾਉਣ ਨੂੰ ਤਿਆਰ ਨਰਿੰਦਰ ਮੋਦੀ ਨੂੰ ਲੱਗਾ ਕਿ ਘਰ ਵਿੱਚੋਂ ਉੱਠੀ ਇਹ ਵਿਰੋਧ ਦੀ ਸੁਰ ਜੜ੍ਹੀਂ ਨਾ ਬੈਠ ਜਾਵੇ, ਇਸ ਲਈ ਹਰ ਪਾਸੇ ਤੋਂ ਮਫਤ ਲਾਲ ਪਟੇਲ ਉੱਤੇ ਭਾਜਪਾ ਵਿੱਚ ਵਾਪਸੀ ਦਾ ਦਬਾਅ ਪਾਇਆ ਗਿਆ। ਬਹੁਤ ਮੁਸ਼ਕਲ ਵਾਪਸ ਮੁੜਨਾ ਮੰਨ ਕੇ ਵੀ ਉੁਸ ਨੇ ਪ੍ਰੈੱਸ ਦੇ ਸਾਹਮਣੇ ਇਹ ਗੱਲ ਕਹਿ ਦਿੱਤੀ ਕਿ ਉਂਜ ਤਾਂ ਭਾਜਪਾ ਤੋਂ ਆਮ ਆਦਮੀ ਪਾਰਟੀ ਚੰਗੀ ਹੈ, ਪਰ ਮੇਰੇ ਪਰਵਾਰ ਦੀ ਰਾਏ ਹੈ ਕਿ ਇਸ ਨਾਲ ਪਰਵਾਰ ਲਈ ਮੁਸ਼ਕਲਾਂ ਆਉਣਗੀਆਂ ਤੇ ਬੱਚਿਆਂ ਦਾ ਭਵਿੱਖ ਵੀ ਖਰਾਬ ਹੋ ਸਕਦਾ ਹੈ, ਇਸ ਲਈ ਮੈਂ ਫਿਰ ਭਾਜਪਾ ਨਾਲ ਹੀ ਰਹਿਣ ਦਾ ਫੈਸਲਾ ਕੀਤਾ ਹੈ। ਉਸ ਦੇ ਪਹਿਲੇ ਜਾਂ ਦੂਸਰੇ ਮੋੜਾ ਕੱਟਦੇ ਬਿਆਨ ਦਾ ਭਾਜਪਾ ਦੇ ਕਿਸੇ ਵੀ ਆਗੂ ਨੇ ਅੱਜ ਤੱਕ ਕਦੇ ਕੋਈ ਖੰਡਨ ਨਹੀਂ ਕੀਤਾ।
ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਭਰ ਦਾ ਮੀਡੀਆ ਭੰਡੀ ਕਰਦਾ ਜਾਪਦਾ ਹੈ ਤਾਂ ਭਾਜਪਾ ਦੀ ਸਾਰੀ ਮੀਡੀਆ ਟੀਮ ਇਸ ਦੇ ਟਾਕਰੇ ਵਾਸਤੇ ਸਿਰ-ਪਰਨੇ ਹੋ ਗਈ ਹੈ। ਉਰਦੂ ਦਾ ਸ਼ੇਅਰ ਹੈ: ‘ਸਾਰੀ ਉਮਰ ਏਕ ਹੀ ਗਲਤੀ ਦੁਹਰਾਤੇ ਰਹੇ। ਧੂਲ ਚਿਹਰੇ ਪੇ ਥੀ, ਪੋਂਛਾ ਆਈਨੇ ਪਰ ਲਗਾਤੇ ਰਹੇ।’ ਭਾਜਪਾ ਦੀ ਇਹ ਪੋਚਾ ਮਾਰਨ ਦੇ ਕੰਮ ਲੱਗੀ ਹੋਈ ਅਤੇ ਅਸਲ ਵਿੱਚ ਲਾਈ ਹੋਈ ਟੀਮ ਵੀ ਦੁਨੀਆ ਭਰ ਦੇ ਮੀਡੀਏ ਦੇ ਕਹੇ ਸ਼ਬਦਾਂ ਉੱਤੇ ਪੋਚਾ ਫੇਰ ਕੇ ਖੁਸ਼ ਹੋਣ ਦੀ ਕੋਸਿ਼ਸ਼ ਕਰਦੀ ਹੈ, ਪਰ ਘਰ ਵਿੱਚੋਂ ਲਿਖੇ ਗਏ ਖਜ਼ਾਨਾ ਮੰਤਰੀ ਬੀਬੀ ਨਿਰਮਲਾ ਸੀਤਾਰਮਨ ਦੇ ਪਤੀ ਪਰਕਲਾ ਪ੍ਰਭਾਕਰ ਦੇ ਲੇਖ ਦਾ ਕੋਈ ਖੰਡਨ ਕਰਨ ਦੀ ਹਿੰਮਤ ਅਜੇ ਨਹੀਂ ਕਰ ਸਕੀ। ਉਸ ਨੇ ਏਡਾ ਕੌੜਾ ਸੱਚ ਪੇਸ਼ ਕੀਤਾ ਹੈ ਕਿ ਉਸ ਦਾ ਮੰਡਨ, ਅਰਥਾਤ ਉਸ ਨੂੰ ਮੰਨਣਾ ਭਾਜਪਾ ਲੀਡਰਸਿ਼ਪ ਲਈ ਔਖਾ ਹੈ, ਪਰ ਖੰਡਨ ਕਰਨਾ ਉਸ ਤੋਂ ਵੀ ਵੱਧ ਔਖਾ ਹੈ। ਜੇ ਉਸ ਦੇ ਲੇਖ ਦਾ ਖੰਡਨ ਕਰਨ ਦਾ ਯਤਨ ਕੀਤਾ ਗਿਆ ਤਾਂ ਉਹ ਜਿਸ ਕਿਸਮ ਦਾ ਵਿਦਵਾਨ ਆਦਮੀ ਹੈ, ਭੜਕ ਕੇ ਅਗਲੇ ਲੇਖ ਵਿੱਚ ਅੰਕੜਿਆਂ ਅਤੇ ਤੱਥਾਂ ਦਾ ਇਹੋ ਜਿਹਾ ਖਿਲਾਰਾ ਪਾ ਸਕਦਾ ਹੈ ਕਿ ਭਾਜਪਾ ਲੀਡਰਾਂ ਲਈ ਉਸ ਨਵੇਂ ਕੂੜੇ ਦੀ ਬਦਬੋ ਦੇ ਸਾਹਮਣੇ ਆਪਣੇ ਨੱਕ ਬੰਦ ਕਰਨੇ ਪੈ ਜਾਣਗੇ।
ਭਾਰਤ, ਤੂੰ ਏਹੋ ਜਿਹੀ ਲੀਡਰਸਿ਼ਪ ਦੀ ਜਕੜ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈਂ, ਜਿਹੜਾ ਚੀਕਾਂ ਵੀ ਕਢਾਉਂਦੀ ਹੈ, ਮਰ ਗਿਆਂ ਨੂੰ ਰੋਣ ਵੀ ਨਹੀਂ ਦੇਣਾ ਚਾਹੁੰਦੀ ਤੇ ਸੱਚਾਈ ਦੇ ਦਰਸ਼ਨ ਕਰਨ ਦੀ ਥਾਂ ਸ਼ੀਸ਼ਾ ਸਾਫ ਕਰਨ ਵਿੱਚ ਸਫਲ ਨਾ ਹੋਵੇ ਤਾਂ ਸ਼ੀਸ਼ਾ ਭੰਨਣ ਨੂੰ ਤਿਆਰ ਹੋ ਸਕਦੀ ਹੈ। ਏਸੇ ਲਈ ਸਰਕਾਰ-ਦਰਬਾਰ ਤੋਂ ਆਵਾਜ਼ਾਂ ਉੱਠ ਰਹੀਆਂ ਹਨ ਕਿ ਜਿਹੜਾ ਕੋਈ ਸਰਕਾਰ ਜਾਂ ਸਿਸਟਮ ਦੀ ਭੰਡੀ ਕਰੇਗਾ, ਉਸ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਇਹ ਆਵਾਜ਼ਾਂ ਅਜੇ ਹੇਠਲੇ ਲੀਡਰਾਂ ਵੱਲੋਂ ਕੱਢੀਆਂ ਗਈਆਂ ਹਨ, ਤਾਂ ਕਿ ਪਰਖਿਆ ਜਾਵੇ ਕਿ ਲੋਕ ਬਰਦਾਸ਼ਤ ਕਰਨ ਨੂੰ ਤਿਆਰ ਹੋ ਸਕਦੇ ਹਨ ਕਿ ਨਹੀਂ, ਜੇ ਲੋਕ ਇਹ ਵਾਰ ਝੱਲ ਗਏ ਤਾਂ ਅਗਲੀ ਸੱਟ ਪੈ ਸਕਦੀ ਹੈ। ਭਾਰਤ ਦੇ ਲੋਕਾਂ ਨੇ ਬਹੁਤ ਸਾਰੇ ਹੱਲ ਝੱਲੇ ਹੋਏ ਹਨ, ਜਿਸਮਾਨੀ ਵੀ ਅਤੇ ਰੂਹਾਨੀ ਵੀ, ਪਰ ਉਹ ਕਦੇ ਚੁੱਪ ਨਹੀਂ ਕਰਵਾਏ ਜਾ ਸਕੇ। ਇਸ ਨਵੇਂ ਹੱਲੇ ਅੱਗੇ ਵੀ ਲੋਕ ਝੁਕਣ ਨਹੀਂ ਲੱਗੇ, ਪਰ ਇਸ ਵਕਤ ਵੱਡਾ ਸਵਾਲ ਉਸ ਹੱਲੇ ਦੇ ਹੋਣ ਅਤੇ ਕਿਸ ਵੇਲੇ ਹੋਣ ਦਾ ਨਹੀਂ, ਸਗੋਂ ਇਸ ਨਾਲੋਂ ਵੱਡਾ ਸਵਾਲ ਇਹ ਹੈ ਕਿ ਅਪਰੈਲ ਵਿੱਚ ਜਿਸ ਭਾਰਤ ਨੇ ਪੰਜਾਹ ਹਜ਼ਾਰ ਦੇ ਨੇੜੇ ਮੌਤਾਂ ਦਾ ਸਦਮਾ ਅਪਰੈਲ ਵਿੱਚ ਝੱਲਿਆ ਹੈ, ਉਸ ਨੂੰ ਮਈ ਵਿੱਚ ਕਿੰਨੀ ਮਾਰ ਝੱਲਣੀ ਪਵੇਗੀ! ਏਦਾਂ ਦੇ ਹਾਲਤ ਮੂਹਰੇ ਸਭ ਤੋਂ ਵੱਡੀ ਆਸ ਤਾਂ ਮੌਕੇ ਦੀ ਸਰਕਾਰ ਤੋਂ ਹੁੰਦੀ ਹੈ, ਪਰ ਜਿਸ ਸਰਕਾਰ ਦੇ ਆਪਣੇ ਮੰਤਰੀਆਂ ਦੇ ਘਰਾਂ ਵਿੱਚੋਂ ਇਹ ਕਿਹਾ ਜਾਣ ਲੱਗਾ ਹੈ ਕਿ ਸਰਕਾਰ ਬੇਦਰਦ ਹੈ, ਉਸ ਦੇਸ਼ ਵਿੱਚ ਲੋਕਾਂ ਨੂੰ ਆਪਣੀ ਮਦਦ ਆਪ ਕਰਨੀ ਪੈਣੀ ਹੈ। ਭਾਰਤ, ਤੂੰ ਏਨਾ ਕਰੀਂ ਕਿ ਆਪਣੇ ਲੋਕਾਂ ਨੂੰ ਦੱਸ ਦੇਵੀਂ ਕਿ ਬਾਬੇ ਕਹਿੰਦੇ ਹੁੰਦੇ ਸਨ, ਹਨੇਰੀਆਂ ਨਾਲ ਬੁੱਢੇ ਬੋਹੜ ਉੱਖੜ ਜਾਂਦੇ ਹਨ, ਸੰਘਣੇ ਰੁੱਖਾਂ ਦੀ ਝਿੜੀ ਕਦੇ ਨਹੀਂ ਪੁੱਟੀ ਗਈ। ਸੰਕਟ ਦੇ ਸਮੇਂ ਵਿਚ ਲੋਕ ਤਦੇ ਹੀ ਟਿਕੇ ਰਹਿ ਸਕਦੇ ਹਨ, ਜੇ ਝਿੜੀ ਦੇ ਵਾਂਗ ਉਹ ਆਪਸੀ ਕੜੰਘੜੀਆਂ ਮਜ਼ਬੂਤ ਕਰ ਲੈਣ, ਦੁਨੀਆਂ ਭਰ ਵਿੱਚ ਖਿੱਲਰੀ ਮਨੁੱਖਤਾ ਦੇ ਨਾਲ ਆਪਣੇ ਸੰਬੰਧ ਏਨੇ ਸੁਖਾਵੇਂ ਰੱਖਣ ਕਿ ਇੱਕ ਦੂਸਰੇ ਦੀ ਬਾਂਹ ਫੜ ਸਕੀਏ। ਭਾਰਤ! ਤੂੰ ਬੱਸ ਏਨਾ ਕੁ ਕਸ਼ਟ ਕਰ ਦੇਵੀਂ !

Read More Latest Punjabi Article

Continue Reading

ਲੇਖ

ਨੀਰੋ ਦੇ ਬੰਸੁਰੀ ਵਜਾਉਣ ਦੀ ਕਹਾਣੀ ਦੁਹਰਾਈ ਜਾ ਰਹੀ ਹੈ ਭਾਰਤ ਦੇ ਲੋਕਤੰਤਰ ਸਾਹਮਣੇ-ਜਤਿੰਦਰ ਪਨੂੰ

Published

on

punjabi article

ਮਹਾਮਾਰੀਆਂ ਨਾਲ ਮਨੁੱਖ ਦਾ ਮੱਥਾ ਬਹੁਤ ਵਾਰੀ ਲੱਗਦਾ ਹੈ। ਓਦੋਂ ਵੀ ਲੱਗਦਾ ਰਿਹਾ, ਜਦੋਂ ਹਾਲੇ ਅੱਜ ਵਾਲਾ ਕੈਲੰਡਰ ਸ਼ੁਰੂ ਨਹੀਂ ਸੀ ਹੋਇਆ। ਕੁਦਰਤ ਦੀਆਂ ਸ਼ਕਤੀਆਂ ਨਾਲ ਲੋਹਾ ਲੈਂਦਾ ਰਿਹਾ ਤੇ ਨੁਕਸਾਨ ਭਾਵੇਂ ਕਿੰਨਾ ਵੀ ਹੋ ਜਾਂਦਾ ਸੀ, ਅੰਤ ਨੂੰ ਮਨੁੱਖ ਜਿੱਤਦਾ ਅਤੇ ਅੱਗੇ ਵਧਦਾ ਰਿਹਾ। ਕਈ ਵਾਰੀ ਇਸ ਭੇੜ ਲਈ ਸਾਂਝੇ ਯਤਨ ਹੁੰਦੇ ਸਨ ਤੇ ਕਈ ਵਾਰ ਖਿੱਲਰੇ-ਪੁੱਲਰੇ ਵੀ ਕਰਨੇ ਪੈਂਦੇ ਸਨ, ਪਰ ਘੱਟ ਜਾਂ ਵੱਧ ਨੁਕਸਾਨ ਉਠਾਉਣ ਮਗਰੋਂ ਧਰਤੀ ਉੱਤੇ ਮਨੁੱਖੀ ਜੀਵਨ ਦੀ ਹੋਂਦ ਕਾਇਮ ਰਹਿੰਦੀ ਰਹੀ ਸੀ। ਕੋਰੋਨਾ ਵਾਇਰਸ ਦੇ ਕਾਰਨ ਸਿਰ ਪਿਆ ਅਜੋਕਾ ਸੰਕਟ ਵੀ ਮਨੁੱਖਤਾ ਦਾ ਨਾਸ ਕਰਨ ਵਾਲਾ ਸਾਬਤ ਨਹੀਂ ਹੋਣਾ, ਮਨੁੱਖੀ ਹੋਂਦ ਕਾਇਮ ਰਹੇਗੀ ਤੇ ਉਸ ਦੇ ਬਾਅਦ ਸ਼ਾਇਦ ਅਗਲੇ ਸੰਕਟਾਂ ਬਾਰੇ ਇਨਸਾਨ ਅਗੇਤਾ ਸੋਚਣਾ ਸ਼ੁਰੂ ਕਰੇਗਾ, ਪਰ ਇਹ ਗੱਲ ਯਾਦ ਰੱਖੇਗਾ ਕਿ ਸੰਸਾਰ ਪੱਧਰ ਦਾ ਇਸ ਤਰ੍ਹਾਂ ਦਾ ਸੰਕਟ ਵੀ ਆ ਸਕਦਾ ਹੈ, ਜਿਹੜਾ ਜਿ਼ੰਦਗੀ ਨੂੰ ਬਰੇਕਾਂ ਲਾ ਦੇਵੇ। ਅਸਮਾਨਾਂ ਵਿੱਚ ਉੱਡਦਾ ਤੇ ਖੰਭਾਂ ਦੇ ਬਿਨਾਂ ਪੁਲਾੜ ਵਿੱਚ ਤਰਨ ਵਾਂਗ ਉਡਾਰੀਆਂ ਲਾਉਂਦਾ ਮਨੁੱਖ ਅਜੋਕੇ ਸੰਕਟ ਨੇ ਏਨਾ ਬੇਵੱਸ ਕਰ ਛੱਡਿਆ ਕਿ ਉਸ ਨੂੰ ਇੱਕੋ ਵਕਤ ਸਾਰੇ ਸੰਸਾਰ ਵਿੱਚ ਰੇਲਾਂ ਅਤੇ ਬੱਸਾਂ ਕੀ, ਉੱਡਦੇ ਜਹਾਜ਼ ਵੀ ਰੋਕਣੇ ਪੈ ਗਏ ਸਨ। ਸਮੁੰਦਰਾਂ ਵਿੱਚ ਚੱਲਦੇ ਜਹਾਜ਼ਾਂ ਨੂੰ ਕੰਢਿਆਂ ਉੱਤੇ ਲੱਗਣ ਤੋਂ ਰੋਕਣਾ ਪੈ ਗਿਆ ਤੇ ਹਰ ਚੀਜ਼ ਬੇਜਾਨ ਜਾਪਣ ਲੱਗ ਪਈ ਸੀ। ਮਨੁੱਖ ਨੇ ਜੇ ਅਕਲ ਸਿੱਖਣੀ ਹੋਈ ਤਾਂ ਇਸ ਤਰ੍ਹਾਂ ਦੇ ਸੰਕਟ ਤੋਂ ਨਿਕਲੇ ਸਬਕ ਉਸ ਦੇ ਭਵਿੱਖ ਲਈ ਮਾਰਗ-ਦਰਸ਼ਕ ਬਣ ਸਕਦੇ ਹਨ।
ਕੱਲ੍ਹ ਦੀ ਕੱਲ੍ਹ ਆਏ ਤੋਂ ਵੇਖੀ ਜਾਊ, ਅੱਜ ਜਿਸ ਜਿੱਲ੍ਹਣ ਵਿੱਚ ਮਨੁੱਖਤਾ ਫਸ ਗਈ ਹੈ, ਉਸ ਦੀ ਕਹਾਣੀ ਸਾਰਾ ਸੰਸਾਰ ਜਾਣਦਾ ਹੈ, ਪਰ ਇਹ ਗੱਲ ਲੁਕ ਜਾਂਦੀ ਹੈ ਕਿ ਹਰ ਦੇਸ਼ ਦਾ ਇੱਕੋ ਜਿਹਾ ਹਾਲ ਨਹੀਂ। ਇਸ ਦਾ ਕਾਰਨ ਇਹ ਹੈ ਕਿ ਹਰ ਦੇਸ਼ ਦੀ ਵਾਗ ਸੰਭਾਲਣ ਵਾਲੇ ਆਗੂ ਇੱਕੋ ਜਿਹੇ ਨਹੀਂ। ਕੁਝ ਦੇਸ਼ਾਂ ਨੇ ਓਦੋਂ ਵੱਡੇ ਝਟਕੇ ਝੱਲੇ ਸਨ, ਜਦੋਂ ਇਸ ਬਿਮਾਰੀ ਦੀ ਸ਼ੁਰੂਆਤ ਵਿੱਚ ਅਜੇ ਸਿੱਝਣ ਦੀ ਸੂਝ ਨਹੀਂ ਸੀ, ਅਤੇ ਜਦੋਂ ਸੂਝ ਆਈ ਤਾਂ ਉਨ੍ਹਾਂ ਦੇਸ਼ਾਂ ਨੇ ਉਸ ਦੇ ਨਾਲ ਲੜਨ ਦਾ ਯੋਗ ਪ੍ਰਬੰਧ ਕਰ ਲਿਆ ਸੀ। ਭਾਰਤ ਦੇਸ਼ ਉਨ੍ਹਾਂ ਵਿੱਚੋਂ ਨਹੀਂ ਨਿਕਲਿਆ। ਇਸ ਦੀ ਕਮਾਂਡ ਜਿਨ੍ਹਾਂ ਹੱਥਾਂ ਵਿੱਚ ਫੜੀ ਸੀ, ਅਤੇ ਅਜੇ ਵੀ ਹੈ, ਉਹ ਚੰਦਰ ਗੁਪਤ ਮੌਰੀਆ ਵਰਗੇ ਵੱਡੇ ਹਿੰਦੁਸਤਾਨ ਉੱਤੇ ਰਾਜ ਕਰਨ ਦਾ ਏਦਾਂ ਦਾ ਸੁਫਨਾ ਅੱਖਾਂ ਵਿੱਚ ਵਸਾਈ ਫਿਰਦੇ ਹਨ ਕਿ ਹੋਰ ਕੁਝ ਸੁੱਝਦਾ ਹੀ ਨਹੀਂ। ਅੱਜ ਜਿਹੜੇ ਹਾਲਾਤ ਵਿੱਚ ਭਾਰਤ ਦੇਸ਼ ਫਸ ਗਿਆ ਹੈ, ਲੋਕ ਮਰਦੇ ਹਨ ਤੇ ਕੋਈ ਸੁਣਨ ਵਾਲਾ ਨਹੀਂ ਲੱਭਦਾ, ਉਸ ਦਾ ਅਸਲ ਕਾਰਨ ਇਹੋ ਹੈ।
ਜਦੋਂ ਕੋਰੋਨਾ ਦੀ ਬਿਮਾਰੀ ਸਿਰ ਚੁੱਕਦੀ ਪਈ ਸੀ ਤੇ ਅਮਰੀਕਾ ਅਤੇ ਭਾਰਤ ਦੋਵਾਂ ਵਿੱਚ ਪਹੁੰਚ ਚੁੱਕੀ ਸੀ, ਉਸ ਵਕਤ ਭਾਰਤ ਦੇ ਪ੍ਰਧਾਨ ਮੰਤਰੀ ਨੇ ਸੰਸਾਰ ਮਹਾ-ਸ਼ਕਤੀ ਦੇ ਭਰਮ ਵਾਲੇ ਦੇਸ਼ ਦੇ ਮੁਖੀ ਡੋਨਾਲਡ ਟਰੰਪ ਨੂੰ ਲਿਆ ਕੇ ਇੱਕ ਲੱਖ ਤੋਂ ਵੱਧ ਲੋਕਾਂ ਦੀ ਭੀੜ ਜੋੜਨ ਦਾ ਤਮਾਸ਼ਾ ਰਚ ਲਿਆ ਸੀ। ਟਰੰਪ ਦੇ ਮੁੜਨ ਤੱਕ ਅਮਰੀਕਾ ਵੱਲ ਵੀ ਮੌਤਾਂ ਦੀ ਲੜੀ ਸ਼ੁਰੂ ਹੋ ਗਈ ਤੇ ਏਧਰ ਭਾਰਤ ਵਿੱਚ ਵੀ ਕੇਸ ਗਿਣੇ ਜਾਣ ਲੱਗ ਪਏ ਸਨ, ਪਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਮਰਜ਼ ਨਾਲ ਮੱਥਾ ਲਾਉਣ ਦੀ ਥਾਂ ਪਾਰਲੀਮੈਂਟ ਸੈਸ਼ਨ ਜਾਣ-ਬੁੱਝ ਕੇ ਇਸ ਲਈ ਚੱਲਦਾ ਰੱਖਿਆ ਕਿ ਮੱਧ ਪ੍ਰਦੇਸ਼ ਵਿੱਚ ਵਿਰੋਧੀ ਪਾਰਟੀ ਦੀ ਸਰਕਾਰ ਤੋੜ ਕੇ ਆਪਣੀ ਬਣਾਉਣੀ ਵੱਧ ਜ਼ਰੂਰੀ ਲੱਗਦੀ ਸੀ। ਓਧਰ ਦਾ ਕੰਮ ਮੁੱਕਦੇ ਸਾਰ ਇਸ ਦੇਸ਼ ਵਿੱਚ ਲਾਕਡਾਊਨ ਕਰਨ ਦਾ ਉਹ ਕੰਮ ਕਰ ਦਿੱਤਾ, ਜਿਸ ਦੀ ਤਿਆਰੀ ਨਹੀਂ ਸੀ ਤੇ ਨਤੀਜੇ ਵਜੋਂ ਨਾ ਬਿਮਾਰੀ ਨੂੰ ਰੋਕ ਪਾਈ ਜਾ ਸਕੀ, ਨਾ ਘਰਾਂ ਵਿੱਚ ਤੜੇ ਹੋਏ ਲੋਕਾਂ ਨੂੰ ਰਾਹਤ ਪੁਚਾਈ ਗਈ। ਕੋਰੋਨਾ ਦੇ ਮੁੱਢਲੇ ਹੱਲੇ ਮਗਰੋਂ ਜਦੋਂ ਨਵੰਬਰ ਵਿੱਚ ਕੁਝ ਮੋੜ ਪੈਣ ਲੱਗਾ, ਉਸ ਸਮੇਂ ਨੂੰ ਅਗਲੇ ਹੱਲੇ ਦੇ ਟਾਕਰੇ ਲਈ ਵਰਤਿਆ ਜਾ ਸਕਦਾ ਸੀ, ਪਰ ਇਸ ਦੀ ਥਾਂ ਪ੍ਰਧਾਨ ਮੰਤਰੀ ਨੇ ਪੰਜ ਹੋਰ ਰਾਜਾਂ ਵਿੱਚ ਆਪਣੀ ਧਾਂਕ ਜਮਾਉਣ ਦਾ ਰਸਤਾ ਫੜ ਲਿਆ ਤੇ ਉਹਦੀ ਇਹ ਚਾਲ ਵੀ ਭਾਰਤ ਦੇ ਲੋਕਾਂ ਨੂੰ ਭੁਗਤਣੀ ਪਈ। ਇਨ੍ਹਾਂ ਪੰਜਾਂ ਰਾਜਾਂ ਵਿੱਚ ਚੋਣ ਰੈਲੀਆਂ ਹੋਣ ਦੌਰਾਨ ਹੀ ਕੋਰੋਨਾ ਦੀ ਪਹਿਲਾਂ ਤੋਂ ਵੱਡੀ ਛੱਲ ਉੱਠ ਪਈ, ਪਰ ਵਿਗੜਦੇ ਹਾਲਾਤ ਵਿੱਚ ਰੈਲੀਆਂ ਰੋਕਣ ਦੀ ਥਾਂ ਬੰਗਾਲ ਦਾ ਕੰਡਾ ਕੱਢਣ ਲਈ ਸਾਰਾ ਜ਼ੋਰ ਲਾਈ ਰੱਖਿਆ। ਇਸ ਵੱਲੋਂ ਉਹ ਓਦੋਂ ਹੀ ਰੁਕਿਆ, ਜਦੋਂ ਕੋਰੋਨਾ ਵਾਲੇ ਕੇਸਾਂ ਦੀ ਗਿਣਤੀ ਪਹਿਲੀ ਵਾਰ ਰੋਜ਼ਾਨਾ ਇੱਕ ਲੱਖ ਟੱਪਣ ਪਿੱਛੋਂ ਰੋਜ਼ਾਨਾ ਦੋ ਲੱਖ ਤੋਂ ਟੱਪ ਕੇ ਰੋਜ਼ਾਨਾ ਤਿੰਨ ਲੱਖ ਨੂੰ ਜਾ ਪੁੱਜੀ ਤੇ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਨਾ ਬੈੱਡ ਲੱਭਦੇ ਸਨ ਤੇ ਨਾ ਮਰਨਾਊ ਪਏ ਮਰੀਜ਼ਾਂ ਨੂੰ ਬਚਾਉਣ ਦੇ ਲਈ ਆਕਸੀਜਨ ਮਿਲਦੀ ਸੀ। ਸਿਵਿਆਂ ਵਿੱਚ ਲਾਸ਼ਾਂ ਫੂਕਣ ਲਈ ਦੋ-ਦੋ ਦਿਨ ਉਡੀਕ ਕਰਨੀ ਪੈਂਦੀ ਸੀ ਅਤੇ ਕਬਰਾਂ ਵਿੱਚ ਥਾਂ ਨਾ ਹੋਣ ਕਾਰਨ ਸੜਕਾਂ ਕਿਨਾਰੇ ਮੁਰਦੇ ਦੱਬੇ ਜਾਣ ਲੱਗ ਪਏ ਸਨ। ਫਿਰ ਉਸ ਨੇ ਦਿੱਲੀ ਆ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਲਿਆ, ਪਰ ਇਸ ਦਾ ਫਾਇਦਾ ਕੀ? ਉਰਦੂ ਦਾ ਸ਼ੇਅਰ ਹੈ, ‘ਸਬ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋ ਕਿਆ ਆਏ!’
ਭਾਰਤ ਦਾ ਪ੍ਰਧਾਨ ਮੰਤਰੀ ਇਸ ਮਰਜ਼ ਦੇ ਟਾਕਰੇ ਲਈ ਮੁੱਢਲੇ ਭਾਸ਼ਣਾਂ ਵਿੱਚ ਪਿਛਲੇ ਸਾਲ ਇਹ ਕਹਿੰਦਾ ਸੀ ਕਿ ਮਹਾਭਾਰਤ ਦੀ ਜੰਗ ਅਠਾਰਾਂ ਦਿਨਾਂ ਵਿੱਚ ਜਿੱਤ ਲਈ ਸੀ, ਕੋਰੋਨਾ ਵਿਰੁੱਧ ਤਿੰਨਾਂ ਹਫਤਿਆਂ ਵਿੱਚ ਜਿੱਤਾਂਗੇ। ਤਿੰਨ ਹਫਤੇ ਤਾਂ ਕੀ, ਉਸ ਮਗਰੋਂ ਸਤਵੰਜਾ ਹਫਤੇ ਲੰਘ ਗਏ, ਤਿੰਨਾਂ ਨਾਲੋਂ ਉੱਨੀ ਗੁਣਾਂ ਬਣਦੇ ਹਨ, ਪਰ ਜੰਗ ਜਿੱਤ ਲੈਣੀ ਕਹਿਣ ਤੇ ਲੋਕਾਂ ਨੂੰ ਫੋਕੇ ਦਿਲਾਸੇ ਦੇਣ ਵਾਲਾ ਪ੍ਰਧਾਨ ਮੰਤਰੀ ਅੱਜ ਉਨ੍ਹਾਂ ਭਾਸ਼ਣਾਂ ਦਾ ਚੇਤਾ ਵੀ ਨਹੀਂ ਕਰਦਾ। ਉਸ ਦੇ ਚਹੇਤਿਆਂ ਨਾਲ ਭਰੇ ਹੋਏ ਨੀਤੀ ਆਯੋਗ ਦਾ ਜਿਹੜਾ ਮੈਂਬਰ ਕੋਰੋਨਾ ਟਾਸਕ ਫੋਰਸ ਦਾ ਮੁਖੀ ਬਣਾਇਆ ਸੀ, ਪਿਛਲੇ ਸਾਲ ਬਾਈ ਅਪਰੈਲ ਨੂੰ ਉਹਨੇ ਕਿਹਾ ਸੀ ਕਿ ਸੋਲਾਂ ਮਈ ਤੋਂ ਬਾਅਦ ਭਾਰਤ ਵਿੱਚ ਕੋਰੋਨਾ ਦਾ ਇੱਕ ਵੀ ਕੇਸ ਨਹੀਂ ਉੱਠੇਗਾ, ਪਰ ਅੱਜ ਜਦੋਂ ਰੋਜ਼ ਸਾਢੇ ਤਿੰਨ ਲੱਖ ਕੇਸ ਮਿਲ ਰਹੇ ਹਨ ਤਾਂ ਉਹ ਵੀ ਆਪਣੇ ਲਫਜ਼ ਯਾਦ ਨਹੀਂ ਕਰਦਾ। ਜਿੱਦਾਂ ਦਾ ਆਗੂ ਹੈ, ਓਦਾਂ ਦੇ ਚੇਲੇ-ਬਾਲਕੇ ਜੋੜ ਕੇ ਇੱਕ ਏਦਾਂ ਦੀ ਟੀਮ ਬਣਾਈ ਹੈ, ਜਿਹੜੀ ਠੀਕ ਹੋਵੇ ਜਾਂ ਗਲਤ, ਆਗੂ ਦੀ ਜੈ-ਜੈਕਾਰ ਕਰਨ ਲੱਗੀ ਰਹਿੰਦੀ ਹੈ, ਆਪਣੇ ਫਰਜ਼ ਦਾ ਚੇਤਾ ਨਹੀਂ ਕਰਦੀ। ਬਾਬੇ ਕਹਿੰਦੇ ਹੁੰਦੇ ਸਨ, ‘ਅੱਗ ਲੱਗੀ ਤੋਂ ਖੂਹ ਨਹੀਂ ਪੁੱਟੇ ਜਾਂਦੇ’, ਪਰ ਸਾਡਾ ਪ੍ਰਧਾਨ ਮੰਤਰੀ ਓਦੋਂ ਆਕਸੀਜਨ ਬਣਾਉਣ ਦੇ ਕਾਰਖਾਨੇ ਲਾਉਣ ਦੀਆਂ ਗੱਲ ਕਹਿ ਰਿਹਾ ਹੈ, ਜਦੋਂ ਲਗਭਗ ਹਰ ਰਾਜ ਦੇ ਹਸਪਤਾਲਾਂ ਵਿੱਚੋਂ ਆਕਸੀਜਨ ਸਪਲਾਈ ਨਾ ਹੋਣ ਕਾਰਨ ਮਰੀਜ਼ਾਂ ਦੇ ਮਰਨ ਦੀਆਂ ਖਬਰਾਂ ਆਈ ਜਾਂਦੀਆਂ ਹਨ। ਇਨ੍ਹਾਂ ਖਬਰਾਂ ਵਿੱਚ ਪ੍ਰਧਾਨ ਮੰਤਰੀ ਦੀ ਉਠਾਣ ਦਾ ਪੜੁੱਲ ਬਣੇ ਗੁਜਰਾਤ ਦੀਆਂ ਵੀ ਖਬਰਾਂ ਹਨ ਕਿ ਓਥੇ ਹਾਹਾਕਾਰ ਮੱਚੀ ਪਈ ਹੈ ਤੇ ਲੋਕ ਆਕਸੀਜਨ ਦੇ ਸਿਲੰਡਰਾਂ ਵਾਸਤੇ ਹੱਥੋ-ਪਾਈ ਹੁੰਦੇ ਸੁਣੇ ਜਾਣ ਲੱਗੇ ਹਨ। ਲੜਨਾ ਕੋਰੋਨਾ ਦੇ ਖਿਲਾਫ ਸੀ ਤੇ ਲੜਾਈ ਲੋਕਾਂ ਦੀ ਆਪੋ ਵਿੱਚ ਕਰਾਈ ਜਾ ਰਹੀ ਹੈ। ਜਿ਼ੰਦਗੀ ਦਾ ਮੋਹ ਹਰ ਮਨੁੱਖ ਨੂੰ ਹੁੰਦਾ ਹੈ, ਪਰ ਸਾਰਿਆਂ ਕੋਲ ਮੇਦਾਂਤਾ, ਮੈਕਸ ਤੇ ਹੋਰ ਮਹਿੰਗੇ ਇਲਾਜ ਵਾਲੇ ਫਾਈਵ ਸਟਾਰ ਹਸਪਤਾਲਾਂ ਵਿੱਚ ਜਾਣ ਦੀ ਹਿੰਮਤ ਨਹੀਂ ਹੁੰਦੀ। ਵੋਟ ਭਾਵੇਂ ਝੁੱਗੀ ਵਾਲੇ ਦੀ ਵੀ ਮਹਿਲ ਵਾਲੇ ਜਿੰਨੀ ਕੀਮਤੀ ਸਮਝੀ ਜਾਂਦੀ ਹੈ, ਪਰ ਜਾਨ ਝੁੱਗੀ ਵਾਲੇ ਦੀ ਸਸਤੀ ਸਮਝੀ ਜਾਂਦੀ ਹੈ ਤੇ ਮਹਿਲ ਵਾਲੇ ਦੀ ਮਹਿੰਗੀ। ਹਸਪਤਾਲਾਂ ਵਿੱਚ ਲੋਕਾਂ ਦੀ ਜਾਨ ਬਚਾਉਣ ਲਈ ਆਕਸੀਜਨ ਮਿਲੇ ਨਾ ਮਿਲੇ, ਸਟੀਲ ਮਿੱਲਾਂ ਏਸੇ ਗੈਸ ਨਾਲ ਚੱਲੀ ਜਾਂਦੀਆਂ ਹਨ ਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਇਹ ਹਦਾਇਤ ਕਰਨ ਲਈ ਮਜਬੂਰ ਹੈ ਕਿ ਮਿੱਲਾਂ ਦੀ ਗੈਸ ਸਪਲਾਈ ਰੋਕ ਕੇ ਹਸਪਤਾਲਾਂ ਲਈ ਪਹਿਲਾਂ ਜਾਰੀ ਕਰੋ। ਸਰਕਾਰਾਂ ਦੇ ਕੰਮ ਅਦਾਲਤਾਂ ਦੇ ਕੀਤਿਆਂ ਤਾਂ ਇਹ ਜੰਗ ਨਹੀਂ ਜਿੱਤੀ ਜਾ ਸਕਣੀ।
ਇਹ ਸਭ ਹੁੰਦਾ ਕਿਉਂ ਪਿਆ ਹੈ? ਸਮਝਣ ਲਈ ਉਹ ਕਿੱਸਾ ਚੇਤੇ ਕਰੀਏ ਕਿ ਜਦੋਂ ਰੋਮ ਸੜ ਰਿਹਾ ਸੀ, ਉਸ ਦਾ ਰਾਜਾ ਬੰਸੁਰੀ ਦੀਆਂ ਸੁਰਾਂ ਕੱਢ ਰਿਹਾ ਸੀ। ਭਾਰਤ ਇਸ ਹਾਲ ਨੂੰ ਇਸ ਲਈ ਪਹੁੰਚ ਗਿਆ ਕਿ ਕੋਰੋਨਾ ਦਾ ਟਾਕਰਾ ਕਰਨ ਲਈ ਰਾਜਧਾਨੀ ਵਿੱਚ ਬੈਠ ਕੇ ਪ੍ਰਬੰਧਾਂ ਦੀ ਅਗਵਾਈ ਕਰਨ ਦੀ ਥਾਂ ਲੋਕਾਂ ਵੱਲੋਂ ਚੁਣਿਆ ਰਾਜਾ ਪੰਜ ਰਾਜਾਂ ਵਿੱਚ ਲੋਕਾਂ ਨੂੰ ਚੋਣ-ਜੁਮਲੇ ਸੁਣਾਉਣ ਤੇ ਵੋਟਾਂ ਵਾਸਤੇ ਭਰਮਾਉਣ ਲੱਗਾ ਪਿਆ ਸੀ। ਸਾਨੂੰ ਅਜੇ ਵੀ ਯਕੀਨ ਹੈ ਕਿ ਮਨੁੱਖਤਾ ਇਸ ਮਰਜ਼ ਦੇ ਮਾਰਿਆਂ ਮਰਨ ਨਹੀਂ ਲੱਗੀ, ਦੁਨੀਆ ਵੱਸਦੀ ਹੀ ਰਹਿਣੀ ਹੈ, ਪਰ ਇੱਕ ਫਰਕ ਇਸ ਵਿੱਚ ਪੈ ਸਕਦਾ ਹੈ। ਉਹ ਇਹ ਕਿ ਜਿਹੜੇ ਤੁਰ ਗਏ, ਉਹ ਫਿਰ ਕਦੇ ਮੁੜ ਕੇ ਨਹੀਂ ਆਉਣੇ। ਰਾਜ ਵਿੱਚ ਕਿਸੇ ਇੱਕ ਨਾਗਰਿਕ ਦੀ ਅਣਿਆਈ ਮੌਤ ਵੀ ਹਾਕਮਾਂ ਦੀ ਨੀਂਦ ਉਡਾਉਣ ਲਈ ਕਾਫੀ ਹੋ ਸਕਦੀ ਹੈ ਅਤੇ ਲੋਕਤੰਤਰ ਵਿੱਚ ਹੋਣੀ ਵੀ ਚਾਹੀਦੀ ਹੈ, ਪਰ ਭਾਰਤ ਵਿੱਚ ਦੋ ਲੱਖ ਲੋਕ ਮਰਨ ਪਿੱਛੋਂ ਵੀ ਅਗਲਾ ਸਿਰਾ ਨਹੀਂ ਦਿੱਸ ਰਿਹਾ ਅਫਸੋਸ ਹੈ।

Click Here To Read More Latest Punjabi Article 2021

Continue Reading

ਲੇਖ

ਕਿਸਾਨੀ ਮੋਰਚੇ ਦੇ ਵਿਰੋਧ ਬਹਾਨੇ ਬਦਨੀਤੀ ਨੂੰ ਨੀਤੀ ਵਜੋਂ ਚਲਾ ਰਹੀ ਹੈ ਭਾਰਤ ਦੀ ਰਾਜਨੀਤੀ

Published

on

lekh


ਦਿੱਲੀ ਦੇ ਬਾਰਡਰਾਂ ਉੱਤੇ ਚੱਲਦੇ ਕਿਸਾਨਾਂ ਦੇ ਸੰਘਰਸ਼ ਨੂੰ ਸਿਰਫ ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਲੱਗਾ ਮੋਰਚਾ ਸਮਝਿਆ ਜਾ ਰਿਹਾ ਹੈ। ਏਦਾਂ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਸਾਰੀ ਸਮੱਸਿਆ ਸਿਰਫ ਤਿੰਨ ਕਾਨੂੰਨਾਂ ਤੱਕ ਹੀ ਸੀਮਤ ਹੋਵੇ, ਜਦ ਕਿ ਤਿੰਨ ਕਾਨੂੰਨ ਸਮੁੱਚੀ ਸਮੱਸਿਆ ਨਹੀਂ, ਅਸਲੀ ਸਮੱਸਿਆ ਦੇ ਕਈ ਰੰਗਾਂ ਵਿੱਚੋਂ ਇੱਕ ਰੰਗ ਸਮਝ ਕੇ ਬਾਕੀ ਦੇ ਪੱਖ ਬਹਿਸ ਤੋਂ ਲਾਂਭੇ ਧੱਕੇ ਜਾ ਰਹੇ ਹਨ। ਜਿਹੜਾ ਕੋਈ ਸਿਰਫ ਤਿੰਨ ਕਾਨੂੰਨ ਰੱਦ ਕਰਵਾਉਣ ਦੀ ਲਲਕਾਰ ਤੱਕ ਸਮੱਸਿਆ ਨੂੰ ਸੀਮਤ ਮੰਨਦਾ ਹੈ, ਉਹ ਹਕੀਕਤਾਂ ਨਾਲ ਮੱਥਾ ਮਾਰਨ ਤੋਂ ਕੰਨੀ ਕਤਰਾ ਰਿਹਾ ਹੈ। ਹਕੀਕਤ ਇਹ ਹੈ ਕਿ ਇਸ ਵੇਲੇ ਚੱਲਦਾ ਸੰਘਰਸ਼ ਕਿਸੇ ਖੇਤਰ ਵਿੱਚ ਫਸਲਾਂ ਦੀ ਵੱਧ ਲਾਗਤ ਤੇ ਘੱਟ ਪੈਦਾਵਾਰ ਤੇ ਕਿਸੇ ਹੋਰ ਖੇਤਰ ਵਿੱਚ ਵੱਧ ਲਾਗਤ ਤੇ ਘੱਟ ਮੁੱਲ ਪੈਣ ਵਾਲਾ ਹੈ, ਪਰ ਕਿਸੇ ਥਾਂ ਇਹ ਵੀ ਕਿ ਫਸਲ ਇੰਨੀ ਹੁੰਦੀ ਹੈ ਕਿ ਸਰਕਾਰਾਂ ਇਸ ਫਸਲ ਦਾ ਵਾਧਾ ਰੋਕਣ ਲਈ ਹਰ ਹਰਬਾ ਵਰਤਣ ਨੂੰ ਉਤਾਰੂ ਹੋ ਸਕਦੀਆਂ ਹਨ। ਇਹ ਤਿੰਨ ਖੇਤੀ ਬਿੱਲ ਵੀ ਸਰਕਾਰ ਵੱਲੋਂ ਹਰ ਹਰਬਾ ਵਰਤਣ ਦੀ ਸੋਚ ਦਾ ਹਿੱਸਾ ਹਨ, ਕਿਉਂਕਿ ਸਰਕਾਰਾਂ ਵੱਧ ਪੈਦਾਵਾਰ ਨੂੰ ਆਪਣੀ ਆਰਥਿਕਤਾ ਦੀ ਸਮੱਸਿਆ ਮੰਨ ਰਹੀਆਂ ਹਨ ਤੇ ਵੱਧ ਉਪਜ ਨੂੰ ਲੋੜਵੰਦਾਂ ਤੱਕ ਪੁਚਾਉਣ ਦੀ ਥਾਂ ਇਸ ਦਾ ਵਾਧਾ ਰੋਕਣਾ ਚਾਹੁੰਦੀਆਂ ਹਨ।
ਛੋਟੀ ਉਮਰ ਵਿੱਚ ਇਹ ਗੀਤ ਅਸਾਂ ਕਈ ਵਾਰ ਸੁਣਿਆ ਸੀ: ‘ਉਹ ਵੇਲਾ ਯਾਦ ਕਰ, ਜਦ ਭਾਰਤ ਭੁੱਖਾ ਰਹਿ ਕੇ, ਹਾਏ ਠੰਢੇ ਹਾਉਕੇ ਲੈ ਕੇ ਪਿਆ ਵਕਤ ਟਪਾਂਦਾ ਸੀ, ਉਹ ਵੇਲਾ ਯਾਦ ਕਰ।’ ਅੱਜ ਉਹ ਵੇਲਾ ਯਾਦ ਨਹੀਂ ਰਿਹਾ ਤਾਂ ਇਸ ਦਾ ਕਾਰਨ ਇਹ ਹੈ ਕਿ ਭੁੱਖ ਦੇ ਦਿਨ ਪਿੱਛੇ ਰਹਿ ਗਏ ਅਤੇ ਫਸਲ ਏਨੀ ਪੈਦਾ ਹੋਣ ਲੱਗੀ ਹੈ ਕਿ ਸਰਕਾਰਾਂ ਦੇ ਗੋਦਾਮ ਵੀ ਆਫਰ ਕੇ ਪਾਟਣ ਵਾਲੇ ਹੋ ਗਏ ਹਨ। ਕਿਸਾਨ ਵੀ ਕਹਿੰਦੇ ਹਨ ਅਤੇ ਪੰਜਾਬ ਦੀ ਸਰਕਾਰ ਵੀ ਕਿ ਫਸਲ ਦਾ ਖਰੀਦ ਮੁੱਲ ਵਧਣਾ ਚਾਹੀਦਾ ਹੈ, ਪਰ ਕੇਂਦਰ ਸਰਕਾਰ ਭਾਅ ਵਧਾਉਣ ਦੀ ਥਾਂ ਇਹ ਇਰਾਦਾ ਧਾਰੀ ਬੈਠੀ ਹੈ ਕਿ ਪਹਿਲਾਂ ਜਿੰਨੀ ਕਣਕ ਖਰੀਦਣੀ ਹੀ ਨਹੀਂ। ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਮਾਲਕੀ ਦੇ ਕਾਗਜ਼ ਖਰੀਦ ਏਜੰਸੀ ਦੀ ਵੈੱਬਸਾਈਟ ਉੱਤੇ ਚਾੜ੍ਹਨ ਤੇ ਫਿਰ ਕਿਸਾਨਾਂ ਦੇ ਖਾਤੇ ਵਿੱਚ ਸਿੱਧੇ ਪੈਸੇ ਭੇਜਣ ਦੇ ਹੁਕਮ ਪਿੱਛੇ ਵੀ ਇਹੋ ਸੋਚਣੀ ਸੀ ਕਿ ਇਸ ਬਹਾਨੇ ਬਹੁਤ ਸਾਰੇ ਕਿਸਾਨਾਂ ਦੀ ਫਸਲ ਖਰੀਦਣ ਤੋਂ ਬਚਿਆ ਜਾ ਸਕੇਗਾ। ਇਹ ਬਦਨੀਤੀ ਵਾਲੀ ਨੀਤੀ ਹੈ ਤੇ ਸਹੀ ਮਾਅਨਿਆਂ ਵਿੱਚ ਪੰਜਾਬੀ ਦੇ ਮੁਹਾਵਰੇ ਅਨੁਸਾਰ ਉਸ ਮਾਈ ਦੀ ਸੋਚ ਵਰਗੀ ਨੀਤੀ ਹੈ, ਜਿਸ ਨੇ ਆਖਿਆ ਸੀ ਕਿ ‘ਰੱਬਾ ਰਿਜ਼ਕ ਨਾ ਦੇਵੀਂ, ਐਵੇਂ ਪਕਾਉਣਾ ਪਿਆ ਕਰੂਗਾ।’ ਏਦਾਂ ਦੀ ਨੀਤੀ ਵਿੱਚੋਂ ਕਿਸੇ ਨੇਕੀ ਦੀ ਝਲਕ ਨਹੀਂ ਲੱਭ ਸਕਦੀ।
ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਭਾਰਤ ਵਿੱਚ, ਅਤੇ ਪੰਜਾਬ ਵਿੱਚ ਵੀ, ਅਨਾਜ ਬਹੁਤਾ ਪੈਦਾ ਹੋਣ ਲੱਗ ਪਿਆ ਹੈ, ਪਰ ਇਸ ਗੱਲ ਨਾਲ ਸਹਿਮਤ ਨਹੀਂ ਕਿ ਇਹ ਲੋੜ ਨਾਲੋਂ ਵੱਧ ਹੈ। ਭਾਰਤ ਦੀ ਲੋੜ ਬਹੁਤ ਵੱਡੀ ਹੈ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਹ ਖਬਰਾਂ ਆਈਆਂ ਸਨ ਕਿ ਰਾਜਸਥਾਨ ਅਤੇ ਛੱਤੀਸਗੜ੍ਹ ਵਰਗੇ ਕੁਝ ਰਾਜਾਂ ਵਿੱਚ ਲੋਕਾਂ ਨੂੰ ਅਨਾਜ ਨਾ ਮਿਲਿਆ ਤਾਂ ਉਨ੍ਹਾਂ ਨੇ ਘਾਹ ਦੀਆਂ ਰੋਟੀਆਂ ਬਣਾ ਕੇ ਖਾਧੀਆਂ, ਜਿਸ ਨਾਲ ਉਸ ਵੇਲੇ ਪੇਟ ਭਰਿਆ ਹੋਣ ਦਾ ਅਹਿਸਾਸ ਹੋਇਆ, ਪਰ ਬਾਅਦ ਵਿੱਚ ਲੋਕ ਬੀਮਾਰੀਆਂ ਨਾਲ ਮਰਨ ਲੱਗੇ ਸਨ। ਓਦੋਂ ਦੇਸ਼ ਦੀ ਸੁਪਰੀਮ ਕੋਰਟ ਨੇ ਇਹ ਸਮੱਸਿਆ ਸੁਣੀ ਤਾਂ ਸਰਕਾਰ ਨੂੰ ਹਦਾਇਤ ਕੀਤੀ ਕਿ ਗੋਦਾਮਾਂ ਵਿੱਚ ਭਰਿਆ ਜਿਹੜਾ ਅਨਾਜ ਗਲਦਾ ਪਿਆ ਹੈ, ਉਸ ਨੂੰ ਅਜਾਈਂ ਗਲ਼ਣ ਤੋਂ ਰੋਕਣ ਲਈ ਭੁੱਖ ਮਾਰੇ ਲੋਕਾਂ ਨੂੰ ਮੁਫਤ ਵੰਡ ਕੇ ਲੋਕ ਬਚਾਏ ਜਾਣ। ਖੁਰਾਕ ਤੇ ਖੇਤੀ ਮੰਤਰੀ ਓਦੋਂ ਸ਼ਰਦ ਪਵਾਰ ਸੀ, ਉਹ ਇਕੱਲਾ ਅੜ ਗਿਆ ਸੀ ਕਿ ਏਦਾਂ ਨਹੀਂ ਕਰਨਾ, ਕਿਉਂਕਿ ਏਦਾਂ ਕਰਾਂਗੇ ਤਾਂ ਦੇਸ਼ ਦੀਆਂ ਮੰਡੀਆਂ ਵਿੱਚ ਕੀਮਤਾਂ ਡਿੱਗ ਪੈਣਗੀਆਂ ਤੇ ਖੇਤੀ ਕਾਰੋਬਾਰ ਦੀ ਆਰਥਿਕਤਾ ਦਾ ਨੁਕਸਾਨ ਹੋਵੇਗਾ। ਭਾਰਤ ਦੀ ਸੁਪਰੀਮ ਕੋਰਟ ਵਾਰ-ਵਾਰ ਇਹੋ ਜਿਹੀ ਹਦਾਇਤ ਦੇਣ ਦੇ ਬਾਵਜੂਦ ਇਹ ਗੱਲ ਮੰਨਵਾ ਨਹੀਂ ਸੀ ਸਕੀ। ਇਹ ਸਮੱਸਿਆ ਅੱਜ ਵੀ ਹੈ ਕਿ ਮੱਧ ਭਾਰਤ ਦੇ ਰਾਜਾਂ ਵਿੱਚ ਕਈ ਥਾਂਈਂ ਲੋਕਾਂ ਨੂੰ ਖਾਣ ਲਈ ਅੰਨ ਨਹੀਂ ਮਿਲਦਾ। ਭਾਰਤ ਦਾ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਸਬਸਿਡੀਆਂ ਦਾ ਐਲਾਨ ਕਰਦਾ ਪਿਆ ਹੈ ਤਾਂ ਇਹ ਵੀ ਕਹਿ ਸਕਦਾ ਹੈ ਕਿ ਸਰਕਾਰ ਦੇ ਗੋਦਾਮਾਂ ਵਿੱਚ ਜਿਹੜਾ ਅੰਨ ਪਿਆ ਗਲ਼ਦਾ ਜਾਂਦਾ ਹੈ ਤੇ ਜਿਸ ਨੂੰ ਚੂਹੇ ਖਾ ਰਹੇ ਹਨ, ਉਹ ਭੁੱਖ-ਮਾਰੇ ਲੋਕਾਂ ਵਿੱਚ ਮੁਫਤ ਵੰਡਿਆ ਜਾ ਸਕਦਾ ਹੈ, ਪਰ ਉਹ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ, ਕਿਉਂਕਿ ਇਸ ਨਾਲ ਕਾਰੋਬਾਰੀਆਂ ਦਾ ਮੁਨਾਫਾ ਘਟ ਜਾਣਾ ਹੈ।
ਦੂਸਰੀ ਗੱਲ ਇਹ ਕਹੀ ਜਾਂਦੀ ਹੈ ਕਿ ਪੰਜਾਬ ਦੇ ਕਿਸਾਨ, ਤੇ ਹਰਿਆਣੇ ਵਾਲੇ ਵੀ, ਕਣਕ-ਝੋਨੇ ਦੀਆਂ ਫਸਲਾਂ ਦੇ ਚੱਕਰ ਵਿੱਚੋਂ ਨਿਕਲਦੇ ਨਹੀਂ, ਉਨ੍ਹਾਂ ਨੂੰ ਕੋਈ ਹੋਰ ਫਸਲਾਂ ਬੀਜਣੀਆਂ ਚਾਹੀਦੀਆਂ ਹਨ। ਆਮ ਹਾਲਾਤ ਵਿੱਚ ਇਸ ਗੱਲ ਨਾਲ ਅਸੀਂ ਵੀ ਸਹਿਮਤ ਹੋਣਾ ਸੀ, ਸਗੋਂ ਇਹ ਕਹਿੰਦੇ ਵੀ ਰਹੇ ਹਾਂ ਕਿ ਫਸਲੀ-ਚੱਕਰ ਬਦਲਣਾ ਚਾਹੀਦਾ ਹੈ, ਪਰ ਅੱਜ ਇਹ ਮੁੱਦਾ ਨੇਕ ਸਲਾਹ ਵਜੋਂ ਨਹੀਂ, ਕਿਸਾਨ ਮੋਰਚੇ ਦੇ ਮੁੱਦਿਆਂ ਦੀ ਬਹਿਸ ਨੂੰ ਇੱਕ ਹੋਰ ਪਾਸੇ ਮੋੜਾ ਦੇਣ ਨੂੰ ਚੁੱਕਿਆ ਜਾ ਰਿਹਾ ਹੈ। ਸਰਕਾਰਾਂ ਦੀ ਇਸ ਬਾਰੇ ਨੇਕ-ਨੀਤੀ ਹੈ ਤਾਂ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਵੇਲੇ ਤੋਂ ਫਸਲ-ਚੱਕਰ ਨੂੰ ਬਦਲਣ ਦੀ ਗੱਲ ਕਹੀ ਜਾਂਦੀ ਰਹੀ ਹੈ, ਇਸ ਵੱਲੋਂ ਕਿਸਾਨ ਦਾ ਮੁਹਾਣ ਮੋੜਨ ਲਈ ਸਹੂਲਤਾਂ ਅਤੇ ਸਬਸਿਡੀ ਜਾਰੀ ਕਰ ਕੇ ਉਨ੍ਹਾਂ ਨੂੰ ਪਰੇਰਿਆ ਵੀ ਜਾ ਸਕਦਾ ਸੀ, ਪਰ ਏਦਾਂ ਕਦੇ ਕੀਤਾ ਨਹੀਂ। ਇਸ ਵਕਤ ਵੀ ਸਰਕਾਰ ਏਦਾਂ ਦੀਆਂ ਸਲਾਹਾਂ ਦੇ ਰਹੀ ਹੈ, ਨਾਲ ਚੋਭਾਂ ਵੀ ਲਾ ਰਹੀ ਹੈ, ਪਰ ਮੋਰਚੇ ਦਾ ਸੰਕਟ ਮੁੱਕਦੇ ਸਾਰ ਫਿਰ ਗੁੱਛੀ ਮਾਰ ਕੇ ਬੈਠ ਜਾਵੇਗੀ।
ਗੱਲ ਸਿਰਫ ਇਹ ਵੀ ਨਹੀਂ, ਸਗੋਂ ਸਰਕਾਰ ਤੇ ਇਸ ਨੂੰ ਚਲਾਉਣ ਵਾਲੀ ਪਾਰਟੀ ਇਸ ਹੱਦ ਤੱਕ ਚਲੀ ਗਈ ਹੈ ਕਿ ਮੱਧ ਭਾਰਤ ਤੇ ਉਸ ਤੋਂ ਪਰੇ ਦੱਖਣ ਦੇ ਰਾਜਾਂ ਵਿੱਚ ਉਸ ਦੇ ਆਗੂ ਇਹ ਕਹਿ ਰਹੇ ਹਨ ਕਿ ਅੱਜ ਤੱਕ ਪੰਜਾਬ ਨੂੰ ਹਰ ਸਹੂਲਤ ਦਿੱਤੀ ਜਾਂਦੀ ਸੀ, ਮੋਦੀ ਸਰਕਾਰ ਉਨ੍ਹਾਂ ਦੀਆਂ ਸਹੂਲਤਾਂ ਕੱਟ ਕੇ ਏਧਰ ਵਾਲੇ ਕਿਸਾਨਾਂ ਨੂੰ ਦੇਣ ਲੱਗੀ ਹੈ। ਇਹ ਵੀ ਬੜਾ ਵੱਡਾ ਭਰਮ ਹੈ ਕਿ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਸਹੂਲਤਾਂ ਕੱਟ ਕੇ ਉਨ੍ਹਾਂ ਨੂੰ ਦੇਵੇਗੀ, ਜਦ ਕਿ ਉਹ ਸਾਫ ਨੀਤ ਵਾਲੀ ਹੋਵੇ ਤਾਂ ਫਸਲਾ ਦੀ ਘੱਟੋ-ਘੱਟੋ ਖਰੀਦ ਕੀਮਤ, ਐੱਮ ਐੱਸ ਪੀ, ਜਿੰਨੀ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ, ਓਨੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਕਿਸਾਨ ਨੂੰ ਵੀ ਦੇ ਸਕਦੀ ਹੈ। ਇਸ ਹਫਤੇ ਕਣਕ ਲੈ ਕੇ ਆਏ ਟਰਾਲੇ ਕੁਝ ਥਾਂਈਂ ਫੜੇ ਗਏ ਤਾਂ ਪਤਾ ਲੱਗਾ ਕਿ ਉੱਤਰ ਪ੍ਰਦੇਸ਼ ਤੋਂ ਚੋਰੀ ਖਰੀਦ ਕੇ ਲਿਆਉਂਦੇ ਹਨ, ਜਿੱਥੇ ਫਸਲ ਐੱਮ ਐੱਸ ਪੀ ਨਾਲ ਨਹੀਂ ਵਿਕਦੀ, ਵਪਾਰੀ ਮਨ-ਮਰਜ਼ੀ ਦਾ ਭਾਅ ਦੇਂਦਾ ਹੈ। ਪੰਜਾਬ ਵਿੱਚ ਜਿਹੜੀ ਕਣਕ ਇਸ ਵੇਲੇ ਸਰਕਾਰੀ ਭਾਅ ਮੁਤਾਬਕ ਉੱਨੀ ਸੌ ਪੰਝੱਤਰ ਰੁਪਏ ਵਿਕਦੀ ਹੈ, ਉੱਤਰ ਪ੍ਰਦੇਸ਼ ਦੇ ਲਖੀਮਪੁਰ ਤੇ ਬਲੀਆ ਤੋਂ ਇਸ ਵਕਤ ਖੇਤਾਂ ਵਿੱਚੋਂ ਮਸਾਂ ਸੋਲਾਂ ਸੌ ਨੂੰ ਖਰੀਦ ਕੇ ਦੋ ਸੌ ਰੁਪਏ ਰਾਹ ਦਾ ਖਰਚ ਪਾ ਕੇ ਅਠਾਰਾਂ ਸੌ ਦੀ ਬਣਦੀ ਹੈ ਤੇ ਪੰਜਾਬ ਦੀ ਕਿਸੇ ਵੀ ਮੰਡੀ ਵਿੱਚ ਨੇੜਲੇ ਪਿੰਡ ਦੇ ਕਿਸਾਨ ਦਾ ਨਾਂਅ ਲਿਖ ਕੇ ਉੱਨੀ ਸੌ ਪੰਝੱਤਰ ਨੂੰ ਵੇਚੀ ਜਾਂਦੀ ਹੈ। ਤਸਕਰੀ ਦੇ ਧੰਦੇਬਾਜ਼ ਨੂੰ ਇਸ ਚੱਕਰ ਵਿੱਚ ਪੌਣੇ ਦੋ ਸੌ ਰੁਪਏ ਕੁਇੰਟਲ ਦੇ ਹਿਸਾਬ ਟਰਾਲੇ ਦੀਆਂ ਚਾਰ ਸੌ ਬੋਰੀਆਂ ਬਦਲੇ ਕਰੀਬ ਸੱਤਰ ਹਜ਼ਾਰ ਰੁਪਏ ਬਚਦੇ ਹਨ। ਜਿਸ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦੀ ਬਹੁਤ ਵੱਡੀ ਗਿਣਤੀ ਹੈ ਅਤੇ ਉਨ੍ਹਾਂ ਦੀ ਵੱਡੀ ਗਿਣਤੀ ਹਿੰਦੂ ਕਿਸਾਨ ਹਨ, ਉਨ੍ਹਾਂ ਨੇ ਭਾਜਪਾ ਨੂੰ ਓਥੇ ਅਸੈਂਬਲੀ ਦੀਆਂ ਚਾਰ ਸੌ ਤਿੰਨ ਸੀਟਾਂ ਵਿੱਚੋਂ ਤਿੰਨ ਸੌ ਬਾਰਾਂ ਜਿਤਾ ਦਿੱਤੀਆਂ ਸਨ, ਭਾਜਪਾ ਦੇ ਯੋਗੀ ਆਦਿੱਤਿਅਨਾਥ ਦੀ ਸਰਕਾਰ ਨੇ ਉਨ੍ਹਾਂ ਕਿਸਾਨਾਂ ਦੀ ਲੁੱਟ ਹੁੰਦੀ ਰੋਕਣ ਲਈ ਕੁਝ ਨਹੀਂ ਕੀਤਾ ਅਤੇ ਉਹ ਬਾਕੀ ਦੇਸ਼ ਦੇ ਕਿਸਾਨਾਂ ਦੀ ਜੂਨ ਸੁਧਾਰਨ ਦੀਆਂ ਗੱਲਾਂ ਕਰਦੇ ਹਨ। ਇਹ ਤਾਂ ਕੁਝ ਵੀ ਨਹੀਂ, ਝੋਨੇ ਵੇਲੇ ਓਸੇ ਯੋਗੀ ਵਾਲੇ ਰਾਜ ਤੋਂ ਨੌਂ ਸੌ ਰੁਪਏ ਕੁਇੰਟਲ ਖਰੀਦਿਆ ਝੋਨਾ ਰਾਹ ਦੇ ਦੌ ਸੌ ਰੁਪਏ ਖਰਚਾ ਪਾ ਕੇ ਗਿਆਰਾਂ ਸੌ ਦਾ ਬਣਨ ਪਿੱਛੋਂ ਸਾਡੇ ਪੰਜਾਬ ਦੀਆਂ ਮੰਡੀਆਂ ਵਿੱਚ ਅਫਸਰਾਂ ਦੀ ਮਿਲੀਭੁਗਤ ਨਾਲ ਅਠਾਰਾਂ ਸੌ ਰੁਪਏ ਤੋਂ ਵੱਧ ਵਿਕਦਾ ਰਿਹਾ ਸੀ, ਭਾਜਪਾ ਨੂੰ ਰਾਜ ਸੌਂਪਣ ਵਾਲੇ ਉਨ੍ਹਾਂ ਕਿਸਾਨਾਂ ਦਾ ਚੇਤਾ ਭਾਜਪਾ ਨੂੰ ਓਦੋਂ ਵੀ ਨਹੀਂ ਸੀ ਆਇਆ। ਮੱਧ ਪ੍ਰਦੇਸ਼ ਤੱਕ ਜਿਹੜਾ ਪ੍ਰਚਾਰ ਸਾਡੇ ਪੰਜਾਬ ਵਿਰੁੱਧ ਕੀਤਾ ਜਾ ਰਿਹਾ ਹੈ, ਉਹ ਸਿਰਫ ਸਿਆਸੀ ਬਦਨੀਤੀ ਦਾ ਪ੍ਰਗਟਾਵਾ ਹੈ।
ਫਿਰ ਇਹ ਬਦਨੀਤੀ ਏਥੋਂ ਤੱਕ ਵੀ ਹੈ ਕਿ ਇਕੱਲੇ ਪੰਜਾਬ ਦੇ ਖਿਲਾਫ ਪ੍ਰਚਾਰ ਹੋ ਰਿਹਾ ਹੈ, ਜਦ ਕਿ ਘੱਟੋ-ਘੱਟ ਖਰੀਦ ਕੀਮਤ, ਐੱਸ ਐੱਸ ਪੀ ਸਿਰਫ ਪੰਜਾਬ ਵਿੱਚ ਨਹੀਂ, ਹਰਿਆਣੇ ਵਿੱਚ ਵੀ ਲਾਗੂ ਹੈ। ਇਸ ਤਰ੍ਹਾਂ ਇਸ ਵੇਲੇ ਚੱਲਦੇ ਪਏ ਕਿਸਾਨ ਮੋਰਚੇ ਦਾ ਬਹਾਨਾ ਬਣਾ ਕੇ ਦੇਸ਼ ਵਿੱਚ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਪ੍ਰਚਾਰ ਕੀਤਾ ਜਾਂਦਾ ਹੈ, ਪਰ ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਮੋਰਚੇ ਦੇ ਮੋਹਰੀ ਆਗੂਆਂ ਵਿੱਚ ਰਾਕੇਸ਼ ਟਿਕੈਤ ਵੀ ਹੈ, ਜਿਹੜਾ ਯੋਗੀ ਆਦਿੱਤਿਆਨਾਥ ਵਰਗੇ ਸਾਧ ਭੇਸ ਵਿੱਚ ਰਾਜ ਦਾ ਸੁਖ ਮਾਣਨ ਵਾਲੇ ਆਗੂ ਦੇ ਉੱਤਰ ਪ੍ਰਦੇਸ਼ ਵਿੱਚੋਂ ਹੈ। ਭਾਰਤ ਦੇ ਜਿਨ੍ਹਾਂ ਲੋਕਾਂ ਨੂੰ ਰਾਜਸੀ ਲੋੜਾਂ ਲਈ ਇਸ ਮੌਕੇ ਕਿਸਾਨੀ ਮੋਰਚੇ ਦੀ ਸਮੱਸਿਆਂ ਵਿੱਚੋਂ ਵੀ ਪੰਜਾਬੀਆਂ ਨਾਲ ਸ਼ਰੀਕੇਬਾਜ਼ੀ ਦੀ ਖੇਡ ਵਿੱਚੋਂ ਕੁਝ ਹੱਥ ਆਉਂਦਾ ਲੱਭਦਾ ਹੈ, ਉਹ ਸਿਰਫ ਪੰਜਾਬ ਨਾਲ ਨਹੀਂ, ਸਾਰੇ ਦੇਸ਼ ਤੇ ਦੇਸ਼ ਵਾਸੀਆਂ ਦੇ ਨਾਲ ਧਰੋਹ ਕਮਾਉਣ ਦੇ ਰਾਹ ਪੈ ਚੁੱਕੇ ਹਨ। ਇਹ ਸਮੱਸਿਆ ਨਾ ਤਾਂ ਸਿਰਫ ਖੇਤੀ ਕਾਨੂੰਨਾਂ ਤੱਕ ਸੀਮਤ ਹੈ, ਨਾ ਸਿਰਫ ਪੰਜਾਬ ਦੇ ਲੋਕਾਂ ਜਾਂ ਕਿਸਾਨਾਂ ਤੱਕ ਸੀਮਤ ਹੈ, ਨਾ ਇਹ ਅਨਾਜ ਦੀ ਵੱਧ ਪੈਦਾਵਾਰ ਅਤੇ ਕਣਕ-ਝੋਨੇ ਤੱਕ ਕਿਸਾਨਾਂ ਦੇ ਸੀਮਤ ਹੋਣ ਦਾ ਮੁੱਦਾ ਹੈ, ਸਮੱਸਿਆ ਅਸਲ ਵਿੱਚ ਭਾਰਤ ਦੀ ਉਸ ਰਾਜਨੀਤੀ ਦੀ ਹੈ, ਜਿਹੜੀ ‘ਚਿੜੀਆਂ ਦੀ ਮੌਤ, ਗੰਵਾਰਾਂ ਦਾ ਹਾਸਾ’ ਵਾਲੀ ਬਦਨੀਤੀ ਨੂੰ ਰਾਜ-ਗੱਦੀਆਂ ਉੱਤੇ ਕਬਜਿ਼ਆਂ ਦੀ ਨੀਤੀ ਦਾ ਦਾਅ ਬਣਾ ਕੇ ਚੱਲ ਰਹੀ ਹੈ। ਇਹ ਨੀਤੀ ਇਸ ਦੇਸ਼ ਦੇ ਭਵਿੱਖ ਦਾ ਕੁਝ ਵੀ ਕਦੇ ਸੰਵਾਰੇਗੀ ਨਹੀਂ, ਉਲਟਾ ਇਸ ਦੀ ਰਵਾਨੀ ਦਾ ਰਾਹ ਕੰਡਿਆਲਾ ਕਰਨ ਦਾ ਕੰਮ ਕਰੇਗੀ।

-ਜਤਿੰਦਰ ਪਨੂੰ

Click Here To Read More Latest Punjabi Article 2021

Continue Reading

ਰੁਝਾਨ


Copyright by IK Soch News powered by InstantWebsites.ca