ਬਨਾਰਸ ਦੇ ਗੰਗਾ ਘਾਟ ‘ਤੇ ਅਰਪਿਤਾ ਦੀਆਂ ਅਸਥੀਆਂ ਦਾ ਵਿਸਰਜਨ ਕਰ ਕੇ ਰਘੂਨਾਥ ਜੀ ਅਤੇ ਕਿੱਟੂ ਉਥੇ ਘਾਟ ਦੀਆਂ ਪੌੜੀਆਂ ‘ਤੇ ਚੁਪਚਾਪ ਇੱਕ-ਦੂਸਰੇ ਤੋਂ ਨਜ਼ਰਾਂ ਚੁਰਾਉਂਦੇ ਬੈਠ ਗਏ। ਘਾਟ ਉਤੇ ਚਾਰੇ ਪਾਸੇ ਕਾਫੀ ਚਹਿਲ-ਪਹਿਲ ਤੇ ਸ਼ੋਰ-ਸ਼ਰਾਬਾ ਸੀ। ਕੁਝ ਲੋਕ ਬਨਾਰਸ ਘੁੰਮਣ ਆਏ ਸਨ, ਕੁਝ ਗੰਗਾ ਦਰਸ਼ਨ, ਤਾਂ ਕੁਝ ਉਨ੍ਹਾਂ ਦੀ ਤਰ੍ਹਾਂ ਕਿਸੇ ਆਪਣੇ ਨੂੰ ਸਦਾ ਲਈ ਵਿਦਾ ਕਰਨ। ਘਾਟ ‘ਤੇ ਇੰਨੀ ਭੀੜ ਹੋਣ ਦੇ ਬਾਵਜੂਦ ਦੋਵਾਂ ਦੀ ਆਤਮਾ ਕਿਸੇ ਖਾਲੀਪਣ ਨਾਲ ਜੂਝ ਰਹੀ ਸੀ। ਦੋਵੇਂ ਆਪਣੇ ਦਿਲ ਵਿੱਚ ਵਸੀਆਂ ਅਰਪਿਤਾ ਦੀਆਂ ਗੱਲਾਂ ਯਾਦ ਕਰਨ ਲੱਗੇ। ਉਨ੍ਹਾਂ ਨੂੰ ਵਾਰ-ਵਾਰ ਇਹ ਅਹਿਸਾਸ ਹੋ ਰਿਹਾ ਸੀ ਕਿ ਜਿਵੇਂ ਅਰਪਿਤਾ ਅਜੇ ਵੀ ਉਨ੍ਹਾਂ ਦੇ ਨਾਲ ਬਨਾਰਸ ਦੀਆਂ ਇਨ੍ਹਾਂ ਹਵਾਵਾਂ ਵਿੱਚ ਹੈ, ਗੰਗਾ ਦੇ ਪਾਣੀ ਵਿੱਚ ਹੈ, ਘਾਟ ਵਿੱਚ ਬਣੀਆਂ ਪੌੜੀਆਂ ਦੇ ਪੱਥਰਾਂ ਵਿੱਚ ਹੈ।
ਕਿੱਟੂ ਨੂੰ ਇੱਕ ਪਲ ਲਈ ਇੰਝ ਲੱਗਾ ਜਿਵੇਂ ਥੋੜ੍ਹੀ ਦੇਰ ਵਿੱਚ ਅਰਪਿਤਾ ਕਹੇਗੀ, ”ਕਿੱਟੂ ਦੇਖ ਗੰਗਾ ਆਰਤੀ ਸ਼ੁਰੂ ਹੋਣ ਵਾਲੀ ਹੈ, ਤੂੰ ਜਾ ਆਰਤੀ ਵਿੱਚ ਹਿੱਸਾ ਲੈ।” ਹਰ ਸ਼ਾਮ ਜਦ ਅਰਪਿਤਾ ਟਿਊਸ਼ਨ ਲੈ ਰਹੀ ਹੁੰਦੀ, ਕਿੱਟੂ ਨੂੰ ਸ਼ਾਮ ਦਾ ਦੀਵਾ ਜਗਾਉਣ ਨੂੰ ਕਹਿੰਦੀ ਅਤੇ ਕਿੱਟੂ ਅਕਸਰ ਚਿੜਦੀ ਹੋਈ ਭਗਵਾਨ ਦੇ ਸਾਹਮਣੇ ਅਤੇ ਵਿਹੜੇ ਵਿੱਚ ਲੱਗੇ ਵਰਿੰਦਾ ਦੇ ਨੇੜੇ ਦੀਵਾ ਜਗਾ ਦਿੰਦੀ। ਇਕਦਮ ਉਸ ਦਾ ਮਨ ਇਹ ਸੋਚ ਕੇ ਮਾਯੂਸ ਹੋ ਗਿਆ ਕਿ ਅੱਜ ਉਸ ਨੂੰ ਇਹ ਕਹਿਣ ਵਾਲਾ ਕੋਈ ਨਹੀਂ ਹੈ।
ਰਘੂਨਾਥ ਜੀ ਨੂੰ ਵੀ ਇੰਝ ਹੀ ਮਹਿਸੂਸ ਹੋ ਰਿਹਾ ਸੀ ਜਿਵੇਂ ਉਨ੍ਹਾਂ ਦਾ ਫੋਨ ਵੱਜੇਗਾ ਤੇ ਅਰਪਿਤਾ ਕਹੇਗੀ, ”ਬਾਊ ਜੀ, ਤੁਹਾਡੀਆਂ ਦਵਾਈਆਂ ਲੈਣ ਦਾ ਸਮਾਂ ਹੋ ਗਿਆ ਹੈ, ਤੁਸੀਂ ਕਿੱਥੇ ਹੋ?” ਰਘੂਨਾਥ ਜੀ ਅਤੇ ਕਿੱਟੂ ਦੋਵਾਂ ਨੂੰ ਅਰਪਿਤਾ ਦੀਆਂ ਗੱਲਾਂ ਯਾਦ ਆਉਣ ਲੱਗੀਆਂ।
ਜਦ ਤੱਕ ਅਰਪਿਤਾ ਜੀਉਂਦੀ ਸੀ, ਕਿੱਟੂ ਅਤੇ ਰਘੂਨਾਥ ਜੀ ਦੀ ਕਦੇ ਨਹੀਂ ਬਣੀ। ਕਹਿਣ ਨੂੰ ਦੋਵਾਂ ਦਾ ਰਿਸ਼ਤਾ ਦਾਦਾ-ਪੋਤੀ ਦਾ ਸੀ, ਪ੍ਰੰਤੂ ਉਨ੍ਹਾਂ ਦੇ ਵਿਚਾਰਾਂ ਵਿੱਚ ਦੋ ਪੀੜ੍ਹੀਆਂ ਦਾ ਫਾਸਲਾ ਸੀ, ਜਿਸ ਨੂੰ ਉਹ ਕਦੇ ਮਿਟਾ ਨਹੀਂ ਸਕੇ। ਰਘੂਨਾਥ ਜੀ ਚਾਹੁੰਦੇ ਸਨ ਕਿ ਕਿੱਟੂ ਆਪਣੀ ਸਕੂਲੀ ਸਿਖਿਆ ਦੇ ਬਾਅਦ ਇਸੇ ਸ਼ਹਿਰ ਵਿੱਚ ਰਹਿ ਕੇ ਅੱਗੇ ਦੀ ਪੜ੍ਹਾਈ ਪੂਰੀ ਕਰੇ ਅਤੇ ਕਿੱਟੂ ਬਨਾਰਸ ਦੀਆਂ ਇਨ੍ਹਾਂ ਤੰਗ ਗਲੀਆਂ ਨੂੰ ਛੱਡ ਕੇ ਦੂਰ ਆਪਣੇ ਸੁਫਨਿਆਂ ਨੂੰ ਉੱਚੀ ਉਡਾਣ ਦੇਣ ਦਿੱਲੀ ਯੂਨੀਵਰਸਿਟੀ ਜਾਣਾ ਚਾਹੁੰਦੀ ਸੀ।
ਉਂਝ ਤਾਂ ਰਘੂਨਾਥ ਜੀ ਦੇ ਚਾਰ ਬੱਚੇ ਸਨ, ਤਿੰਨ ਬੇਟੇ ਅਤੇ ਇੱਕ ਬੇਟੀ। ਵੱਡਾ ਬੇਟਾ ਅਵਿਨਾਸ਼, ਜੋ ਕਿੱਟੂ ਦੇ ਪਿਤਾ ਸਨ, ਉਸ ਦੇ ਜਨਮ ਦੇ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਤਦ ਤੋਂ ਅਰਪਿਤਾ ਨੇ ਪੂਰੇ ਘਰ ਦੀ ਵਾਗਡੋਰ ਸੰਭਾਲ ਰੱਖੀ ਸੀ। ਵਿਚਕਾਰਲਾ ਬੇਟਾ ਸਮਰਪਣ ਇਥੇ ਬਨਾਰਸ ਦੇ ਦੂਸਰੇ ਮੁਹੱਲੇ ਵਿੱਚ ਆਪਣੇ ਪਰਵਾਰ ਦੇ ਨਾਲ ਰਹਿੰਦਾ ਹੈ, ਪਰ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਰਘੂਨਾਥ ਜੀ ਦੇ ਦੁੱਖ-ਸੁੱਖ ਨਾਲ ਕੋਈ ਲੈਣਾ-ਦੇਣਾ ਨਹੀਂ, ਉਨ੍ਹਾਂ ਨੂੰ ਬੱਸ ਮਤਲਬ ਹੈ ਬਨਾਰਸ ਸ਼ਹਿਰ ਦੇ ਚੌਕ ਤੇ ਖੰਡਰ ਬਣ ਰਹੀ ਕੋਠੀ ਅਤੇ ਉਸ ਨਾਲ ਲੱਗੀ ਦੁਕਾਨ ਪੁਸਤਕ ਮਹਿਲ ਨਾਲ, ਜੋ ਬੰਦ ਹੋਣ ਕੰਢੇ ਹੈ। ਯੁਵਾ ਪੀੜ੍ਹੀ ਨੂੰ ਸਾਹਿਤਕ ਤੇ ਧਾਰਮਿਕ ਗ੍ਰੰਥਾਂ ਵਿੱਚ ਰੁਚੀ ਕਿੱਥੇ! ਪਾਠ-ਪੂਜਾ ਵਿੱਚ ਦਿਲਚਸਪੀ ਰੱਖਣ ਵਾਲੇ ਜੋ ਥੋੜ੍ਹੇ ਬਹੁਤ ਪਾਠਕ ਬਚੇ ਹਨ, ਉਨ੍ਹਾਂ ਤੋਂ ਇੰਨੇ ਪੈਸੇ ਨਹੀਂ ਮਿਲਦੇ ਕਿ ਰਘੂਨਾਥ ਜੀ ਦੇ ਮਹੀਨੇ ਦੀਆਂ ਦਵਾਈਆਂ ਆ ਜਾਣ। ਛੋਟਾ ਬੇਟਾ ਅਨੁਰੋਧ ਵੀ ਨੌਕਰੀ ਦੇ ਕਾਰਨ ਆਪਣੀ ਪਤਨੀ ਦੇ ਨਾਲ ਕਾਨਪੁਰ ਰਹਿੰਦਾ ਹੈ। ਕਦੇ-ਕਦੇ ਬਨਾਰਸ ਆਉਂਦਾ ਰਹਿੰਦਾ ਹੈ, ਪਰ ਉਹ ਵੀ ਰਘੂਨਾਥ ਜੀ ਦਾ ਹਾਲਚਾਲ ਜਾਨਣ ਨਹੀਂ, ਇਹ ਦੱਸਣ ਕਿ ਇਸ ਕੋਠੀ ਅਤੇ ਦੁਕਾਨ ਵਿੱਚ ਉਸ ਦਾ ਵੀ ਬਰਾਬਰੀ ਦਾ ਹੱਕ ਹੈ। ਜਦ ਵੀ ਆਉਂਦਾ ਹੈ, ਅਰਪਿਤਾ ਦੇ ਹੱਥਾਂ ਵਿੱਚ ਕੁਝ ਰੁਪਏ ਇਹ ਕਹਿੰਦੇ ਹੋਏ ਫੜਾ ਜਾਂਦਾ ਹੈ, ”ਭਰਜਾਈ ਵੈਸੇ ਤੁਹਾਨੂੰ ਇਨ੍ਹਾਂ ਰੁਪਿਆਂ ਦੀ ਜ਼ਰੂਰਤ ਨਹੀਂ, ਫਿਰ ਵੀ ਇਸ ਘਰ ਪ੍ਰਤੀ ਮੇਰਾ ਵੀ ਕੋਈ ਫਰਜ਼ ਹੈ। ਇਨ੍ਹਾਂ ਪੈਸਿਆਂ ਨਾਲ ਤੁਸੀਂ ਬਾਊ ਜੀ ਦੀ ਦਵਾ-ਦਾਰੂ ਕਰਵਾ ਲੈਣਾ।” ਅਰਪਿਤਾ ਵੀ ਕੁਝ ਨਹੀਂ ਕਹਿੰਦੀ, ਬੱਸ ਹੌਲੀ ਜਿਹੇ ਮੁਸਕਰਾ ਦਿੰਦੀ।
ਰਘੂਨਾਥ ਜੀ ਦੀ ਸਭ ਤੋਂ ਛੋਟੀ ਬੇਟੀ ਸੰਜਨਾ ਲਖਨਊ ਤੋਂ ਸਾਲ ਵਿੱਚ ਇੱਕ ਵਾਰ ਬਨਾਰਸ ਆਉਂਦੀ ਹੈ। ਉਸ ਨੂੰ ਵੀ ਆਪਣੇ ਪਿਤਾ ਨਾਲ ਕੋਈ ਲੈਣਾ-ਦੇਣਾ ਨਹੀਂ, ਉਹ ਤਾਂ ਬੱਸ ਆਪਣੇ ਭਰਾ-ਭਰਜਾਈਆਂ ਨਾਲ ਰਿਸ਼ਤਾ ਬਣਾ ਕੇ ਰੱਖਣਾ ਚਾਹੁੰਦੀ ਹੈ, ਤਾਂ ਕਿ ਜਦ ਵੀ ਮਕਾਨ ਅਤੇ ਦੁਕਾਨ ਵਿਕੇ ਉਸ ਨੂੰ ਉਸ ਦਾ ਹਿੱਸਾ ਬਗੈਰ ਕਿਸੇ ਝਗੜੇ ਦੇ ਮਿਲ ਜਾਏ। ਹਰ ਕਿਸੇ ਦੀ ਇਹੀ ਕੋਸ਼ਿਸ਼ ਹੈ ਕਿ ਕੋਠੀ ਤੇ ਦੁਕਾਨ ਜਲਦੀ ਤੋਂ ਜਲਦੀ ਵਿਕੇ ਅਤੇ ਸਾਰਿਆਂ ਨੂੰ ਆਪੋ-ਆਪਣਾ ਹਿੱਸਾ ਮਿਲ ਜਾਏ, ਪ੍ਰੰਤੂ ਜਦ ਗੱਲ ਰੱਖ-ਰਖਾਅ ਦੀ ਆਉਂਦੀ ਹੈ ਤਾਂ ਹਰ ਕੋਈ ਹੱਥ ਖੜ੍ਹੇ ਕਰ ਦਿੰਦਾ ਹੈ। ਪੁਸਤਕ ਮਹਿਲ ਅਤੇ ਇਸ ਕੋਠੀ ਨਾਲ ਰਘੂਨਾਥ ਜੀ ਨੂੰ ਬੇਹੱਦ ਲਗਾਅ ਹੈ। ਇਨ੍ਹਾਂ ਵਿੱਚ ਉਨ੍ਹਾਂ ਦੀ ਆਤਮਾ ਵਸਦੀ ਹੈ, ਬਚਪਨ ਅਤੇ ਜਵਾਨੀ ਦੀਆਂ ਕਈ ਯਾਦਾਂ ਜੁੜੀਆਂ ਹਨ ਇਨ੍ਹਾਂ ਦੋ ਇਮਾਰਤਾਂ ਨਾਲ। ਅਰਪਿਤਾ ਇਹ ਸਭ ਜਾਣਦੀ ਅਤੇ ਸਮਝਦੀ ਸੀ, ਇਸ ਲਈ ਉਹ ਸਾਫ ਸ਼ਬਦਾਂ ਵਿੱਚ ਕਹਿ ਚੁੱਕੀ ਸੀ ਕਿ ਬਾਊਜੀ ਦੀ ਮਰਜ਼ੀ ਦੇ ਖਿਲਾਫ ਨਾ ਕੋਠੀ ਵਿਕੇਗੀ ਅਤੇ ਨਾ ਦੁਕਾਨ।
ਰਘੂਨਾਥ ਜੀ ਵੀ ਸਾਰਿਆਂ ਦੀ ਸੋਚ ਤੋਂ ਭਲੀ-ਭਾਂਤੀ ਜਾਣੂ ਹਨ, ਪਰ ਉਨ੍ਹਾਂ ਨੇ ਕਦੇ ਕੁਝ ਕਿਹਾ ਨਹੀਂ, ਬੱਸ ਚੁੱਪ ਰਹਿ ਕੇ ਸਾਰਿਆਂ ਦਾ ਤਮਾਸ਼ਾ ਦੇਖਦੇ-ਸੁਣਦੇ ਰਹੇ ਹਨ। ਇਨ੍ਹਾਂ ਸਭ ਗੱਲਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸਾਲ ਕੁ ਪਹਿਲਾਂ ਦੀ ਇੱਕ ਘਟਨਾ ਯਾਦ ਆ ਗਈ, ਜਦ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜੀ ਤੇ ਡਾਕਟਰ ਵੱਲੋਂ ਹਰਨੀਆ ਦੇ ਆਪਰੇਸ਼ਨ ਲਈ ਤੀਹ ਹਜ਼ਾਰ ਦਾ ਖਰਚ ਦੱਸਦੇ ਹੀ ਸਭ ਇਧਰ-ਓਧਰ ਦੇਖਣ ਲੱਗੇ। ਕਿਸੇ ਨੇ ਵੀ ਰਘੂਨਾਥ ਜੀ ਅਤੇ ਅਰਪਿਤਾ ਦਾ ਸਾਥ ਨਹੀਂ ਦਿੱਤਾ। ਬਹਾਨਿਆਂ ਦੀ ਝੜੀ ਲੱਗ ਗਈ। ਸਾਰਿਆਂ ਨੇ ਪੱਲਾ ਝਾੜ ਲਿਆ।
ਅਨੁਰੋਧ ਨੇ ਅਰਪਿਤਾ ਨੂੰ ਇਥੋਂ ਤੱਕ ਕਹਿ ਦਿੱਤਾ, ”ਭਰਜਾਈ ਤੁਸੀਂ ਇਕੱਲੇ ਇੰਨੀ ਵੱਡੀ ਕੋਠੀ ਉਤੇ ਰਾਜ ਕਰ ਰਹੇ ਹੋ। ਤੁਹਾਡੀ ਟੀਚਰ ਦੀ ਨੌਕਰੀ ਵੀ ਚੰਗੀ ਚੱਲ ਰਹੀ ਹੈ, ਤੁਸੀਂ ਟਿਊਸ਼ਨ ਪੜ੍ਹਾਉਣੀ ਵੀ ਸ਼ੁਰੂ ਕਰ ਦਿੱਤੀ ਹੈ ਤੇ ਫਿਰ ਦੁਕਾਨ ਦੇ ਰੁਪਏ ਤੇ ਕੋਠੀ ਦੇ ਇੱਕ ਹਿੱਸਾ ਦਾ ਕਿਰਾਇਆ ਵੀ ਬਾਊਜੀ ਤੁਹਾਨੂੰ ਦਿੰਦੇ ਹਨ, ਤਾਂ ਬਾਊ ਜੀ ਦੀ ਦੇਖਭਾਲ ਤੇ ਉਨ੍ਹਾਂ ਦੇ ਆਪਰੇਸ਼ਨ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੀ ਬਣਦੀ ਹੈ।”
ਅਰਪਿਤਾ ਨੇ ਵੀ ਕਿਸੇ ਨੂੰ ਕੋਈ ਸ਼ਿਕਵਾ-ਸ਼ਿਕਾਇਤ ਕੀਤੇ ਬਗੈਰ ਬੱਸ ਚੁੱਪਚਾਪ ਆਪਣੇ ਭਵਿੱਖ ਨਿਧੀ ਖਾਤੇ Ḕਚੋਂ ਰੁਪਏ ਕਢਵਾਏ ਅਤੇ ਬਾਊ ਜੀ ਦਾ ਆਪਰੇਸ਼ਨ ਕਰਵਾ ਕੇ ਉਨ੍ਹਾਂ ਦੀ ਦੇਖਭਾਲ ਕਰਦੀ ਰਹੀ। ਅਰਪਿਤਾ ਰਘੂਨਾਥ ਜੀ ਦਾ ਬਿਲਕੁਲ ਉਵੇਂ ਹੀ ਧਿਆਨ ਰੱਖਦੀ ਜਿਵੇਂ ਕਿੱਟੂ ਦਾ, ਅਤੇ ਇਹ ਦੋਵੇਂ ਵੀ ਉਵੇਂ ਹੀ ਲੜਦੇ ਜਿਵੇਂ ਕਿਸੇ ਘਰ ਵਿੱਚ ਬੱਚੇ। ਦੋਵਾਂ ਨੂੰ ਲੜਦਾ ਦੇਖ ਅਰਪਿਤਾ ਅਕਸਰ ਝੁੰਜਲਾ ਜਾਂਦੀ ਅਤੇ ਕਹਿੰਦੀ, ”ਕਿਸੇ ਦਿਨ ਮੈਂ ਹਮੇਸ਼ਾ ਲਈ ਘਰ ਛੱਡ ਕੇ ਚਲੀ ਜਾਵਾਂਗੀ, ਘਰ ਨੂੰ ਅਖਾੜਾ ਬਣਾ ਰੱਖਿਆ ਹੈ।” ਇਹ ਸੁਣਦੇ ਹੀ ਦੋਵੇਂ ਸ਼ਾਂਤ ਹੋ ਜਾਂਦੇ।
ਰਘੂਨਾਥ ਜੀ ਦੇ ਆਪਣੇ ਬੱਚੇ ਨੇ ਉਨ੍ਹਾਂ ਦਾ ਸਾਥ ਕਦੇ ਨਹੀਂ ਦਿੱਤਾ ਅਤੇ ਅਰਪਿਤਾ ਸਦਾ ਸਾਥ ਨਿਭਾਉਂਦੀ ਰਹੀ। ਕਿੱਟੂ ਆਪਣੀ ਮਾਂ ਨੂੰ ਰਾਤ-ਦਿਨ ਕੰਮ ਕਰਦਾ ਦੇਖ ਕਦੇ-ਕਦੇ ਨਾਲ ਕੰਮ ਕਰਵਾ ਦੇਂਦੀ, ਪਰ ਅੱਜ ਅਰਿਪਤਾ ਸਦਾ ਲਈ ਉਨ੍ਹਾਂ ਨੂੰ ਛੱਡ ਕੇ ਜਾ ਚੁੱਕੀ ਸੀ। ਇਨ੍ਹਾਂ ਹੀ ਸਾਰੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਰਘੂਨਾਥ ਜੀ ਦੀਆਂ ਅੱਖਾਂ ਭਰ ਆਈਆਂ। ਅੱਜ ਉਹ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰ ਰਹੇ ਸਨ।
ਕੁਝ ਪਲ ਖਾਮੋਸ਼ ਰਹਿਣ ਦੇ ਬਾਅਦ ਰਘੂਨਾਥ ਜੀ ਚੁੱਪੀ ਤੋੜਦੇ ਹੋਏ ਬੋਲੇ, ”ਕਿੱਟੂ, ਦਿੱਲੀ ਯੂਨੀਵਰਸਿਟੀ ਵਿੱਚ ਦਾਖਲੇ ਲਈ ਤੂੰ ਕਦੋਂ ਜਾਣਾ ਹੈ, ਮੈਨੂੰ ਦੱਸ ਦੇਵੀਂ। ਪੁਸਤਕ ਮਹਿਲ ਵੇਚ ਕੇ ਸਾਰਾ ਪ੍ਰਬੰਧ ਹੋ ਜਾਏਗਾ।” ਇਹ ਸੁਣਦੇ ਹੀ ਕਿੱਟੂ ਰਘੂਨਾਥ ਜੀ ਦੇ ਮੋਢੇ ‘ਤੇ ਆਪਣਾ ਸਿਰ ਰੱਖਦੇ ਹੋਏ ਬੋਲੀ, ”ਨਹੀਂ ਦਾਦੂ, ਮੈਂ ਕਿਤੇ ਨਹੀਂ ਜਾਣਾ। ਮੈਂ ਚਲੀ ਗਈ ਤਾਂ ਤੁਸੀਂ ਲੜੋਗੇ ਕਿਸ ਦੇ ਨਾਲ? ਤੁਹਾਡਾ ਧਿਆਨ ਕੌਣ ਰੱਖੇਗਾ? ਤੇ ਫਿਰ ਸਾਡੀ ਬਨਾਰਸ ਯੂਨੀਵਰਸਿਟੀ ਕਿਹੜੀ ਦਿੱਲੀ ਯੂਨੀਵਰਸਿਟੀ ਤੋਂ ਘੱਟ ਹੈ? ਮੈਂ ਆਪਣੀ ਅੱਗੇ ਦੀ ਪੜ੍ਹਾਈ ਇਥੇ ਆਪਣੀ ਮਾਂ ਦੀਆਂ ਯਾਦਾਂ ਤੇ ਆਪਣੇ ਦਾਦੂ ਦੇ ਕੋਲ ਹੀ ਰਹਿ ਕੇ ਕਰਨਾ ਚਾਹੁੰਦੀ ਹਾਂ। ਬੱਸ ਤੁਹਾਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ।”
ਰਘੂਨਾਥ ਜੀ ਕਿੱਟੂ ਦੇ ਸਿਰ ਤੇ ਹੱਥ ਫੇਰਦੇ ਹੋਏ ਬੋਲੇ, ”ਕਿਹੜੀ ਗੱਲ?”
”….. ਇਹੀ ਕਿ ਤੁਸੀਂ ਪੁਸਤਕ ਹਾਲ ਨਹੀਂ ਵੇਚੋਗੇ। ਉਸ ਨੂੰ ਅਸੀਂ ਦੋਵੇਂ ਮਿਲ ਕੇ ਚਲਾਵਾਂਗੇ। ਪ੍ਰਾਚੀਨ ਸਾਹਿਤ ਤੇ ਧਾਰਮਿਕ ਪੁਸਤਕਾਂ ਦੇ ਇਲਾਵਾ ਮਨੋਰੰਜਕ ਰਸਾਲੇ, ਮੈਗਜ਼ੀਨ ਦੇ ਨਾਲ-ਨਾਲ ਅਸੀਂ ਕੋਰਸ ਦੀਆਂ ਕਿਤਾਬਾਂ ਵੀ ਰੱਖਣਾ ਸ਼ੁਰੂ ਕਰਾਂਗੇ, ਤਾਂ ਕਿ ਸਾਡੇ ਗ੍ਰਾਹਕਾਂ ਦੀ ਗਿਣਤੀ ਵਿੱਚ ਵਾਧਾ ਹੋਵੇ ਅਤੇ ਸਾਡੇ ਪੁਸਤਕ ਮਹਿਲ ਫਿਰ ਤੋਂ ਚੱਲ ਪਏ।”
ਰਘੂਨਾਥ ਜੀ ਮੁਸਕਰਾ ਕੇ ਕਿੱਟੂ ਦੇ ਗੱਲਾਂ ਨੂੰ ਆਪਣੇ ਹੱਥਾਂ ਨਾਲ ਥਪਥਪਾਉਂਦੇ ਹੋਏ ਬੋਲੇ, ”ਠੀਕ ਹੈ ਭਈ, ਨਵੀਂ ਪੀੜ੍ਹੀ, ਨਵੀਂ ਪੀੜ੍ਹੀ ਦੇ ਬਦਲਦੇ ਸਰੂਪ ਦੇ ਨਾਲ ਅਸੀਂ ਵੀ ਆਪਣੇ ਪੁਸਤਕ ਮਹਿਲ ਵਿੱਚ ਥੋੜ੍ਹਾ ਬਦਲਾਅ ਕਰ ਲੈਂਦੇ ਹਾਂ, ਤੇਰੀ ਮੰਮੀ ਵੀ ਇਹੀ ਚਾਹੁੰਦੀ ਸੀ।”
ਰਘੂਨਾਥ ਜੀ ਦੇ ਅਜਿਹਾ ਕਹਿਣ ‘ਤੇ ਕਿੱਟੂ ਉਨ੍ਹਾਂ ਦੇ ਹੱਥਾਂ ਨੂੰ ਫੜ ਕੇ ਖਿੱਚਦੀ ਹੋਈ ਬੋਲੀ, ”ਘਰ ਚੱਲੋ, ਦਾਦੂ, ਤੁਹਾਡੀਆਂ ਦਵਾਈਆਂ ਦਾ ਸਮਾਂ ਹੋ ਗਿਆ ਹੈ।”
”ਹਾਂ……. ਹਾਂ…… ਹਾਂ।” ਰਘੂਨਾਥ ਜੀ ਕਿੱਟੂ ਦਾ ਹੱਥ ਫੜੀ ਉਠ ਖੜ੍ਹੇ ਹੋਏ ਅਤੇ ਦੋਵੇਂ ਅਰਪਿਤਾ ਦੀਆਂ ਗੱਲਾਂ ਕਰਦੇ ਘਰ ਵੱਲ ਤੁਰ ਪਏ।