ਮਾਮਲਾ ਹਰਿਆਣੇ ਦੇ ਮੁੱਖ ਮੰਤਰੀ ਦੇ ਘੇਰਾਓ ਦਾ
ਚੰਡੀਗੜ੍ਹ, 13 ਮਾਰਚ, – ਭਾਰਤ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਹਮਾਇਤ ਲਈ ਪਿਛਲੇ ਹਫ਼ਤੇ ਹਰਿਆਣਾ ਵਿਧਾਨ ਸਭਾ ਮੂਹਰੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਘਿਰਾਓ ਕਰਨ ਵਾਲੇ ਅਕਾਲੀ ਦਲ ਦੇ 9 ਵਿਧਾਇਕਾਂ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ, ਹਰਵਿੰਦਰਪਾਲ ਸਿੰਘ ਚੰਦੂਮਾਜਰਾ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਐੱਨ ਕੇ ਸ਼ਰਮਾ,ਬਲਦੇਵ ਸਿੰਘ ਖਹਿਰਾ, ਸੁਖਜਿੰਦਰ ਕੁਮਾਰ ਦੇ ਵਿਰੁੱਧ ਕੇਸ ਦਰਜ ਕਰਵਾਉਣ ਲਈ ਵਿਧਾਨ ਸਭਾ ਦੇ ਮਾਰਸ਼ਲ ਸੈਕਟਰੀ ਨੇ ਚੰਡੀਗੜ੍ਹ ਪੁਲਸ ਦੇ ਥਾਣਾ 3 ਸੈਕਟਰ ਵਿੱਚ ਇੱਕ ਦਰਖਾਸਤ ਦਿੱਤੀ ਹੈ, ਜਿਸ ਉੱਤੇ ਕਾਰਵਾਈ ਸ਼ੁਰੂ ਹੋ ਗਈ ਹੈ।
ਇਸ ਤੋਂ ਪਹਿਲਾਂ ਅੱਜ ਉੱਚ ਪੱਧਰੀ ਮੀਟਿੰਗ ਨੇ ਫੈਸਲਾ ਲਿਆ ਸੀ ਕਿ ਵਿਧਾਨ ਸਭਾ ਕੰਪਲੈਕਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਘਿਰਾਓ ਕਰਨ ਤੇ ਦੁਰ-ਵਿਹਾਰ ਕਰਨ ਵਾਲੇ ਪੰਜਾਬ ਦੇ ਅਕਾਲੀ ਵਿਧਾਇਕਾਂ ਖਿਲਾਫ ਹਰਿਆਣਾ ਵਿਧਾਨ ਸਭਾ ਸੈਕਟਰੀਏਟ ਇੱਕ ਕੇਸ ਦਰਜ ਕਰਾਏਗਾ। ਇਸ ਦੀ ਜਾਂਚ ਲਈ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਰਾਜੀਵ ਅਰੋੜਾ, ਜਨਰਲ ਸੈਕਟਰੀ ਅਰੁਣ ਗੁਪਤਾ, ਹਰਿਆਣਾ ਪੁਲਸ ਦੇ ਮੁਖੀ ਮਨੋਜ ਯਾਦਵ ਸਮੇਤ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਕਰਕੇ ਉੱਚ ਪੱਧਰੀ ਜਾਂਚ ਨਿਰਦੇਸ਼ ਦੇ ਦਿੱਤੇ ਸਨ। ਇਹ ਜਾਂਚ ਦੋਵਾਂ ਰਾਜਾਂਪੰਜਾਬ ਤੇ ਹਰਿਆਣਾ ਦੇ ਪੁਲਸ ਅਫਸਰਾਂ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਦੀ ਸਾਂਝੀ ਕਮੇਟੀ ਕਰ ਰਹੀ ਹੈ। ਇਸ ਬਾਰੇ ਸ਼ੁੱਕਰਵਾਰ ਦੀ ਬੈਠਕ ਨੂੰਕਿਹਾ ਗਿਆ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਦੁਰ-ਵਿਹਾਰ ਪੰਜਾਬ ਦੇ ਵਿਧਾਇਕਾਂ ਦੀ ਪਹਿਲਾਂ ਤੋਂ ਘੜੀ ਸਾਜਿਸ਼ ਦਾ ਹਿੱਸਾ ਸੀ, ਜਿਸ ਲਈ ਉਹ ਕਰੀਬ 3 ਘੰਟੇ ਵਿਧਾਨ ਸਭਾ ਕੰਪਲੈਕਸਵਿੱਚ ਰੁਕ ਕੇ ਹਰਿਆਣਾ ਦੇ ਮੁੱਖ ਮੰਤਰੀ ਦੇ ਬਾਹਰ ਆਉਣ ਨੂੰ ਉਡੀਕਦੇ ਰਹੇ ਸਨ।ਇਹ ਵੀ ਪਤਾ ਲੱਗਾ ਕਿ ਅਕਾਲੀ ਵਿਧਾਇਕਾਂ ਵੱਲੋਂ ਵਿਰੋਧ ਕਰਨ ਦੀ ਭਣਕ ਹਰਿਆਣਾ ਵਿਧਾਨ ਸਭਾ ਦੇ ਸੁਰੱਖਿਆ ਸਟਾਫ ਨੂੰ ਮਿਲ ਗਈ ਤੇਉਨ੍ਹਾਂ ਨੇ ਸਾਵਧਾਨੀ ਵਜੋਂ ਸਦਨ ਵਜੋਂ ਰੈਂਪ ਵੱਲਸੁਰੱਖਿਆ ਵਧਾ ਦਿੱਤੀ ਸੀ। ਇਸੇ ਦੌਰਾਨ ਅਕਾਲੀ ਵਿਧਾਇਕ ਗੱਡੀਆਂ ਵਿੱਚ ਜਾ ਕੇ ਬੈਠ ਗਏ ਅਤੇ ਯੋਜਨਾ ਮੁਤਾਬਕ ਓਦੋਂ ਗੱਡੀਆਂ ਵਿੱਚੋਂ ਨਿਕਲੇ, ਜਦੋਂ ਸ਼ਾਮ 6 ਵਜੇ ਮੁੱਖ ਮੰਤਰੀ ਮਨੋਹਰ ਲਾਲ ਗੇਟ ਉੱਤੇ ਮੀਡੀਆ ਨਾਲ ਗੱਲ ਕਰ ਰਹੇ ਸਨ। ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਬੈਠਕ ਵਿੱਚ ਮੌਜੂਦ ਸੀ ਆਈ ਡੀ ਅਫਸਰਾਂ ਨੂੰ ਫਿਟਕਾਰ ਲਈ ਕਿ ਉਹ ਇਸ ਦੀ ਸੰਵੇਦਨ ਸ਼ੀਲਤਾ ਨਹੀਂ ਸਮਝ ਪਾਏ, ਉਨ੍ਹਾਂ ਨੂੰ ਵੇਲੇ ਸਿਰ ਇਸ ਦੀ ਸੂਚਨਾ ਦੇਣੀ ਚਾਹੀਦੀ ਸੀ ਤਾਂ ਕਿਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਦੇ ਯੋਗ ਪ੍ਰਬੰਧ ਹੋ ਸਕਦੇ। ਪੁਲਸ ਅਫਸਰਾਂ ਨੇ ਸਪੀਕਰ ਨੂੰ ਦੱਸਿਆ ਕਿ ਵਿਧਾਨ ਸਭਾ ਭਵਨਦੇ 7 ਰਸਤੇ ਪੰਜਾਬ ਅਤੇ ਹਰਿਆਣਾ ਦੇ ਖੇਤਰਾਂ ਨੂੰ ਜੋੜਦੇ ਹਨ ਅਤੇ ਦੋਵਾਂ ਧਿਰਾਂ ਦੇ ਵਿਧਾਇਕਾਂ ਨੂੰ ਇਕ-ਦੂਸਰੇ ਵੱਲ ਜਾਣ ਤੋਂ ਰੋਕਣਾ ਮੁਸ਼ਕਲ ਹੈ। ਸਪੀਕਰ ਗਿਆਨ ਚੰਦ ਗੁਪਤਾ ਨੇ ਭਵਿੱਖ ਲਈ ਸਖਤ ਹੁਕਮ ਦਿੱਤੇ ਹਨ।
ਵਰਨਣ ਯੋਗ ਹੈ ਕਿ 10 ਮਾਰਚ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਪੰਜਾਬ ਦੇ ਅਕਾਲੀ ਵਿਧਾਇਕਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਉੱਤੇ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਸਖ਼ਤ ਇਤਰਾਜ਼ ਕਰਦੇ ਹੋਏ ਪੰਜਾਬ ਦੇ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨਾਲ ਗੱਲ ਕੀਤੀ ਤੇ ਚਿੱਠੀ ਲਿਖ ਕੇ ਇਸ ਘਟਨਾ ਦਾ ਨੋਟਿਸ ਲੈਣ ਨੂੰ ਕਿਹਾ ਸੀ। ਰਾਣਾ ਕੇ ਪੀ ਸਿੰਘ ਨੇ ਇਸ ਬਾਰੇ ਅਫ਼ੋਸਸ ਜ਼ਾਹਰ ਕਰਦੇ ਹੋਏ ਭਵਿੱਖ ਵਿੱਚ ਏਦਾਂ ਦੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਦਮ ਚੁੱਕਣ ਦਾ ਭਰੋਸਾ ਦਿੱਤਾ ਸੀ।