ਪੰਜਾਬ, ਹਰਿਆਣੇ ਤੋਂ ਅਗਾਂਹ ਯੂ ਪੀ, ਬਿਹਾਰ ਵਿੱਚ ਵੀ ਵੱਡਾ ਅਸਰ
ਨਵੀਂ ਦਿੱਲੀ, 18 ਫਰਵਰੀ, – ਨਰਿੰਦਰ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਨੇ ਅੱਜ ਸਾਰੇ ਦੇਸ਼ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਤੇ ਦੁਪਹਿਰ 12 ਤੋਂ 4 ਵਜੇ ਤੱਕ ਰੇਲ ਗੱਡੀਆਂ ਦਾ ਚੱਕਾ ਜਾਮ ਰੱਖਿਆ। ਇਸ ਦਾ ਮਕਸਦ ਸਰਕਾਰ ਉੱਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਦਬਾਅ ਬਣਾਉਣਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਭਰ ਵਿਚ ਇਸ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੋਇਆ ਸੀ।
ਵਰਨਣ ਯੋਗ ਹੈ ਕਿ ਅੱਜ ਦੇ ਰੇਲ ਰੋਕੋ ਅੰਦੋਲਨ ਦਾ ਅਸਰ ਪੰਜਾਬ ਅਤੇ ਹਰਿਆਣੇ ਤੋਂ ਅੱਗੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚਵੀ ਜ਼ੋਰਦਾਰ ਪਿਆ ਹੈ। ਦਿੱਲੀ, ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣਾ ਵਿਚ ਇਸ ਰੇਲ ਰੋਕੋ ਅੰਦੋਲਨ ਦੇ ਲਈ ਸੁਰੱਖਿਆ ਸਖਤ ਕੀਤੀ ਗਈ ਸੀ। ਅੰਬਾਲਾ ਵਿੱਚ ਸੈਂਕੜੇ ਕਿਸਾਨ ਟਰੈਕ ਉੱਤੇਜਾ ਬੈਠੇ ਸਨ। ਬਿਹਾਰ ਵਿਚ ਜਨ ਅਧਿਕਾਰ ਪਾਰਟੀ ਨੇ ਰੇਲਾਂ ਰੋਕਣ ਦਾ ਕੰਮ ਕੀਤਾ ਹੈ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਰੇਲਵੇ ਪੂਰੀ ਤਰ੍ਹਾਂ ਚੌਕਸ ਸੀ ਤੇ ਰੇਲਵੇ ਟਰੈਕ ਦੇ ਆਲੇ-ਦੁਆਲੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ ਪੀਐੱਫ) ਦੀਆਂ 20 ਹੋਰ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਮੁੱਖ ਤੌਰ ਉੱਤੇਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਵਿੱਚਰੇਲਵੇ ਦੀ ਸੁਰੱਖਿਆ ਲਈ ਫੋਕਸ ਰੱਖਿਆ ਗਿਆ ਸੀ, ਕਿਉਂਕਿ ਕਿਸਾਨਾਂ ਦਾ ਅੰਦੋਲਨ ਇਨ੍ਹਾਂ ਰਾਜਾਂ ਵਿਚ ਹੀ ਸਭ ਤੋਂ ਵਧੇਰੇ ਹੈ।
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੌਰਾਨ ਅੱਜਦਿੱਲੀ ਮੈਟਰੋ ਵੱਲੋਂ ਟਿਕਰੀ ਬਾਰਡਰ, ਬਹਾਦਰਗੜ੍ਹ, ਬ੍ਰਿਗੇਡੀਅਰ ਹੁਸ਼ਿਆਰ ਸਿੰਘ ਮੈਟਰੋ ਸਟੇਸ਼ਨ ਦੇ ਐਂਟਰੀ-ਐਗਜ਼ਿਟ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ। ਅੰਦੋਲਨ ਕਾਰਨ ਗਾਜ਼ੀਪੁਰ ਬਾਰਡਰ ਵੀ ਅੱਜ ਸਾਰਾ ਦਿਨ ਬੰਦ ਕੀਤਾ ਗਿਆ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਰੇਲ ਰੋਕੋ ਅੰਦੋਲਨ ਸ਼ਾਂਤੀ ਪੂਰਨ ਹੈ। ਇਸ ਤੋਂ ਪਹਿਲਾਂ ਕਿਸਾਨ ‘ਭਾਰਤ ਬੰਦ’ ਅਤੇ ‘ਟਰੈਕਟਰ ਪਰੇਡ’ਵੀ ਕਰ ਚੁੱਕੇ ਹਨ।
ਅੱਜ ਰੇਲ ਗੱਡੀਆਂ ਰੋਕਣ ਦੇ ਪ੍ਰੋਗਰਾਮ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਦੇਸ਼ ਵਿੱਚ ਰੇਲ ਜਾਮ ਕਰਨ ਦੇ ਸੱਦੇ ਉੱਤੇਪੰਜਾਬ ਭਰ ਵਿੱਚ ਰੇਲਾਂ ਰੋਕੀਆਂ ਗਈਆਂ। ਜਿ਼ਲਾ ਪਟਿਆਲਾ ਵਿਚ ਨਾਭਾ, ਸੰਗਰੂਰ ਵਿੱਚ ਸੁਨਾਮ, ਮਾਨਸਾ ਖਾਸ, ਬਰਨਾਲਾ ਵਿੱਚ ਖੁੱਡੀ ਖੁਰਦ, ਬਠਿੰਡਾ ਵਿੱਚ ਭਾਈ ਬਖਤੌਰ, ਭੁੱਚੋ ਮੰਡੀ, ਸੰਗਤ ਤੇ ਗੋਨਿਆਣਾ, ਫਰੀਦਕੋਟ ਵਿੱਚ ਕੋਟਕਪੂਰਾ, ਮੁਕਤਸਰ ਵਿੱਚ ਗਿੱਦੜਬਾਹਾ, ਫਾਜਿਲਕਾ ਵਿੱਚ ਅਬੋਹਰ ਅਤੇ ਜਲਾਲਾਬਾਦ, ਫਿਰੋਜ਼ਪੁਰ ਖਾਸ, ਮੋਗਾ ਵਿੱਚ ਅਜੀਤਵਾਲ, ਲੁਧਿਆਣਾ ਖਾਸ ਅਤੇ ਦੋਰਾਹਾ, ਜਲੰਧਰ ਵਿੱਚ ਸ਼ਾਹਕੋਟ, ਤਰਨਤਾਰਨ, ਅੰਮ੍ਰਿਤਸਰ ਦੇ ਨਾਲ ਗੁਰਦਸਾਪੁਰ ਵਿੱਚ ਫਤਹਿਗੜ੍ਹ ਚੂੜੀਆਂ, ਕਾਦੀਆਂ, ਜੈਂਤੀਪੁਰ ਅਤੇ ਕਲੇਰ ਖੁਰਦ ਵਿਖੇ 12 ਤੋਂ 4 ਵਜੇ ਤੱਕ ਰੇਲ ਮਾਰਗ ਜਾਮ ਕੀਤੇ ਗਏ। ਇਸ ਦੌਰਾਨ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਅਤੇ ਹੋਰ ਮੰਗਾਂ ਉੱਤੇ ਜ਼ੋਰ ਦਿੱਤਾ ਗਿਆ।
ਓਧਰ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਇਹ ਅੰਦੋਲਨ ਸਿਰਫ ਪੰਜਾਬ ਤੇ ਹਰਿਆਣਾ ਤੱਕ ਸੀਮਤ ਨਹੀਂ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ ਨੇ ਕਿਹਾ ਕਿ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਸਿਰਫ ਦੋ ਰਾਜਾਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਪਰ ਰੇਲ ਰੋਕੋ ਪ੍ਰਦਰਸ਼ਨ ਨੇ ਸਰਕਾਰ ਨੂੰ ਗਲਤ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘ਵੱਖ-ਵੱਖ ਰਾਜਾਂ ਦੇ ਕਿਸਾਨਾਂ ਨੇ ਰੇਲ ਰੋਕੋ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਹੈ। ਇਸ ਨੂੰ ਦੇਸ਼ ਪੱਧਰ ਦਾ ਅੰਦੋਲਨ ਸਾਬਤ ਕਰਨ ਲਈ ਰੇਲਵੇ ਟਰੈਕਾਂ ਉੱਤੇ ਪ੍ਰਦਰਸ਼ਨ ਕਰਨਾ ਮਹੱਤਵਪੂਰਨ ਸੀ। ਜਿਵੇਂ ਰੇਲਵੇ ਦਾ ਦੇਸ਼ ਵਿਆਪੀ ਨੈਟਵਰਕ ਹੈ, ਉਸੇ ਤਰ੍ਹਾਂ ਦੇਸ਼ ਭਰ ਵਿੱਚ ਸਾਡਾ ਪ੍ਰਦਰਸ਼ਨ ਹੋ ਰਿਹਾ ਹੈ।’ ਪੰਜਾਬ ਅਤੇ ਹਰਿਆਣਾ ਦੇ ਕਈ ਰੇਲਵੇ ਸਟੇਸ਼ਨਾਂ ਤੋਂ ਇਲਾਵਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕ ਸਮੇਤ ਹੋਰ ਰਾਜਾਂ ਦੇ ਵੱਖ-ਵੱਖ ਹਿੱਸਿਆਂ ਵਿੱਚ ਰੇਲ ਰੋਕੋ ਪ੍ਰਦਰਸ਼ਨ ਕੀਤਾ ਗਿਆ ਹੈ।