ਨਿਊ ਯਾਰਕ, 8 ਅਪ੍ਰੈਲ – ਬਾਲੀਵੁੱਡ ਅਭਿਨੇਤਰੀ ਮਮਤਾ ਕੁਲਕਰਨੀ ਦੇ ਪਤੀ ਵਿੱਕੀ ਗੋਸਵਾਮੀ ਦੀ ਹਵਾਲਗੀ ਅਮਰੀਕਾ ਦੀ ਨਸ਼ੀਲੇ ਪਦਾਰਥਾਂ ਦੇ ਖਿਲਾਫ ਕਾਰਵਾਈ ਕਰਨ ਵਾਲੀ ਸੰਸਥਾ ਯੂ ਐਸ ਡਰੱਗਜ਼ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀ ਈ ਏ) ਨੂੰ ਹੋ ਗਈ ਹੈ। ਉਸ ਨੂੰ ਭਾਰਤੀ ਉਪ ਮਹਾਦੀਪ ਦੇ ਨਸ਼ੀਲੇ ਪਦਾਰਥਾਂ ਦੇ ਕਈ ਰੂਟਾਂ ਨਾਲ ਜੁੜਿਆ ਮੰਨਿਆ ਜਾਂਦਾ ਹੈ ਤੇ ਅਮਰੀਕਾ ਨੂੰ ਉਸ ਦੀ ਭਾਲ ਸੀ। ਉਸ ਨੂੰ ਨਿਯੂ ਯਾਰਕ ਦੀ ਅਤਿ ਸੁਰੱਖਿਅਤ ਜੇਲ੍ਹ ਵਿੱਚ ਰੱਖਿਆ ਗਿਆ ਹੈ, ਜਿਸ ਬਾਰੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਨਸ਼ੀਲੇ ਪਦਾਰਥਾਂ ਤੇ ਕਈ ਗੈਰ ਕਾਨੂੰਨੀ ਕਾਰੋਬਾਰਾਂ ਵਿੱਚ ਲੱਗੇ ਤਿੰਨ ਭਾਰਤੀ ਨਾਗਰਿਕ ਲੰਬੇ ਸਮੇਂ ਤੋਂ ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਤੋਂ ਕੰਮ ਕਰ ਰਹੇ ਸਨ। ਇਹ ਸਾਰੇ ਡੀ ਈ ਏ ਦੀ ਮੋਸਟ ਵਾਂਟਿਡ ਲਿਸਟ ਵਿੱਚ ਸ਼ਾਮਲ ਅਪਰਾਧੀ ਹਨ। ਇਨ੍ਹਾਂ ਵਿੱਚ ਸਭ ਤੋਂ ਉਪਰ ਬਖਸ਼ੀਸ਼ ਦਾ ਨਾਂਅ ਸੀ। ਉਹ ਮੈਕਸੀਕੋ ਦੇ ਸਿਨਾਲੋਆ ਡਰੱਗਜ਼ ਕਾਰਟੇਲ ਨਾਲ ਜੁੜ ਕੇ ਕੰਮ ਕਰਦਾ ਸੀ। ਇਸ ਤੋਂ ਪਹਿਲਾਂ ਉਹ ਕੌਮਾਂਤਰੀ ਹਵਾਲਾ ਰੈਕਟ ਚਲਾਉਣ ਵਾਲੇ ਗੁਰਕਰਨ ਸਿੰਘ ਨਾਲ ਰਲ ਕੇ ਕੰਮ ਕਰਦਾ ਸੀ। ਗੁਰਕਰਨ ਭਾਰਤੀ ਮੂਲ ਦਾ ਕੈਨੇਡਾ ਦਾ ਨਾਗਰਿਕ ਹੈ। ਉਸ ਨੂੰ ਕਈ ਸਾਲ ਪਹਿਲਾਂ ਡੀ ਈ ਏ ਨੇ ਲਾਸ ਏਂਜਲਸ ਤੋਂ ਗ੍ਰਿਫਤਾਰ ਕੀਤਾ ਸੀ। ਭਾਰਤੀ ਏਜੰਸੀਆਂ ਨੂੰ ਸ਼ੱਕ ਹੈ ਕਿ ਬਖਸ਼ੀਸ਼ ਸਿੰਘ ਆਪਣੇ ਦੋ ਸਾਥੀਆਂ-ਬਲਵੰਤ ਰਾਏ ਭੋਲਾ ਤੇ ਸੰਜੀਵ ਭੋਲਾ ਨਾਲ ਕੈਨੇਡਾ ਜਾਂ ਪੰਜਾਬ ਵਿੱਚ ਲੁਕਿਆ ਹੋਇਆ ਹੈ। ਡੀ ਈ ਏ ਦੀ ਸੂਚੀ ਵਿੱਚ ਬਲਵੰਤ ਤੇ ਸੰਜੀਵ ਦਾ ਨਾਂਅ ਵੀ ਸ਼ਾਮਲ ਹੈ। ਸੂਤਰਾਂ ਮੁਤਾਬਕ 1970 ਵਿੱਚ ਪੈਦਾ ਹੋਇਆ ਬਖਸ਼ੀਸ਼ ਸਿੰਘ ਭਾਰਤ ਤੋਂ ਭੱਜ ਕੇ ਕਈ ਹੋਰ ਦੇਸ਼ਾਂ ਵਿੱਚ ਫਰਜ਼ੀ ਪਛਾਣ ਨਾਲ ਰਹਿੰਦਾ ਰਿਹਾ। ਉਥੋਂ ਉਹ ਹਵਾਲਾ ਨਾਲ ਜੁੜੀਆਂ ਸਰਗਰਮੀਆਂ ਚਲਾਉਂਦਾ ਰਿਹਾ। ਉਹ ਲੰਬੇ ਸਮੇਂ ਤੱਕ ਕੈਨੇਡਾ ਦੇ ਵੈਨਕੁਵਰ ਇਲਾਕੇ ਵਿੱਚ ਰਿਹਾ, ਜਿਹੜਾ ਅਮਰੀਕਾ ਨਾਲ ਲੱਗਦਾ ਹੈ। 2018 ਵਿੱਚ ਮਾਲ ਖੁਫੀਆ ਡਾਇਰੈਕਟੋਰੇਟ (ਡੀ ਆਰ ਆਈ) ਨੇ ਇੰਦੌਰ ਤੋਂ ਮਨੂੰ ਗੁਪਤਾ ਅਤੇ ਮੁਹੰਮਦ ਸਾਦਿਕ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੋਵਾਂ ਉੱਤੇ ਸਿਨਾਲੋਆ ਕਾਰਟੇਲ ਨਾਲ ਜੁੜੇ ਜਾਰਜ ਸੋਲਿਸ ਨੂੰ ਨਸ਼ੀਲੇ ਪਦਾਰਥ ਭੇਜਣ ਦਾ ਦੋਸ਼ ਸੀ। ਡੀ ਆਰ ਆਈ ਨੇ ਇਨ੍ਹਾਂ ਕੋਲੋਂ ਕਰੀਬ 10 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ, ਕਾਲੇ ਕਾਰੋਬਾਰ ਵਿੱਚ ਜਿਸ ਦੀ ਕੀਮਤ 100 ਕਰੋੜ ਰੁਪਏ ਮੰਨੀ ਗਈ ਸੀ। ਸਿਨਾਲੋਆ ਮੈਕਸੀਕੋ ਦਾ ਇੱਕ ਖੁਦਮੁਖਤਾਰ ਇਲਾਕਾ ਹੈ।
ਨਸ਼ੀਲੇ ਪਦਾਰਥਾਂ ਦੇ ਕਾਰੋਬਾਰੀਆਂ ਨਾਲ ਵਿੱਕੀ ਗੋਸਵਾਮੀ ਦੇ ਰਿਸ਼ਤੇ ਉੱਤੇ ਡੀ ਈ ਏ ਦੀਆਂ ਨਜ਼ਰਾਂ ਕਾਫੀ ਅਰਸੇ ਤੋਂ ਸਨ। ਉਸ ਨਾਲ ਜੁੜੇ ਡਰੱਗਜ਼ ਕਾਰਟੇਲ ਦੀ ਡੀ ਈ ਏ ਤੋਂ ਕੁਝ ਸਾਲ ਪਹਿਲਾਂ ਜਾਣਕਾਰੀ ਮਿਲੀ ਸੀ। ਵਿੱਕੀ ਉਦੋਂ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਲਈ ਕੰਮ ਕਰਦਾ ਸੀ। ਡੀ ਈ ਏ ਨੇ ਭਾਰਤੀ ਏਜੰਸੀਆਂ ਨੂੰ ਭਾਰਤ ਦੀ ਇੱਕ ਅਜਿਹੀ ਦਵਾ ਕੰਪਨੀ ਦੀ ਜਾਣਕਾਰੀ ਵੀ ਦਿੱਤੀ, ਜੋ ਨਸ਼ੀਲੇ ਪਦਾਰਥਾਂ ਦੇ ਧੰਦੇ ਵਿੱਚ ਸ਼ਾਮਲ ਸੀ। ਇਹ ਮੈਂਡ੍ਰੈਕਸ ਤੇ ਅਫੈਡਰਿਨ ਵਰਗੇ ਨਸ਼ੀਲੇ ਪਦਾਰਥ ਬਣਾਉਂਦੀ ਸੀ ਅਤੇ ਉਨ੍ਹਾਂ ਦੀ ਸਪਲਾਈ ਕਰਦੀ ਸੀ। ਇੱਕ ਸਮੇਂ ਦਾਊਦ ਦੀ ਡੀ ਕੰਪਨੀ ਲਈ ਵਿੱਕੀ ਗੋਸਵਾਮੀ ਤੇ ਅਲੀ ਪੁੰਜਾਨੀ ਕੰਮ ਕਰਦੇ ਸਨ। ਅਲੀ ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਦਾ ਸਾਬਕਾ ਪਤੀ ਹੈ। ਗੋਸਵਾਮੀ ਨੂੰ ਕੀਨੀਆ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿੱਥੋਂ ਅਮਰੀਕਾ ਲਈ ਉਸ ਦੀ ਹਵਾਲਗੀ ਹੋਈ ਹੈ।