ਅਹਿਮਦਾਬਾਦ, 27 ਮਾਰਚ, -ਗੁਜਰਾਤ ਦੇ ਅਹਿਮਦਾਬਾਦ ਵਿੱਚ ਬਣੇ ਦੁਨੀਆ ਭਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਉੱਤੇ ਇਕ ਵਾਰ ਫਿਰ ਕੋਰੋਨਾ ਫੈਲਾਉਣ ਲਈ‘ਸੁਪਰ ਸਪ੍ਰੈਡਰ’ ਬਣਨ ਦਾ ਕਲੰਕ ਲੱਗ ਗਿਆ ਹੈ। ਇਸ ਰਾਜ ਵਿਚ ਕੋਰੋਨਾ ਦੇ ਕੇਸਾਂ ਵਿਚ ਪਿਛਲੇ ਕੁਝ ਸਮੇਂ ਵਿਚ ਜ਼ਬਰਦਸਤ ਤੇਜ਼ੀ ਦੇਖੀ ਗਈ ਹੈ ਤੇ ਇਸ ਸਮੇਂ ਦੌਰਾਨ ਅਹਿਮਦਾਬਾਦ ਵਿਚਲਾ ਇਹ ਸਟੇਡੀਅਮ ਇਸ ਦਾ ਹੌਟ-ਸਪਾਟ ਗਿਣਿਆ ਜਾ ਰਿਹਾ ਹੈ।
ਵੱਖ-ਵੱਖ ਪਾਸਿਆਂ ਤੋਂ ਇਹ ਗੱਲ ਨਿਕਲੀ ਹੈ ਕਿ ਪਿਛਲੇ ਦਿਨੀਂ ਏਥੇ ਨਰਿੰਦਰ ਮੋਦੀ ਸਟੇਡੀਅਮ ਵਿਚ ਕਰਾਏ ਗਏ ਭਾਰਤ-ਇੰਗਲੈਂਡ ਮੈਚ ਦੇ ਸ਼ੁਰੂਆਤੀ ਦਰਸ਼ਕਾਂ ਸਮੇਤ ਇਨ੍ਹਾਂ ਮੈਚਾਂ ਨਾਲ ਕੋਰੋਨਾ ਦਾ ਇੰਫੈਕਸ਼ਨ ਚੋਖਾ ਫੈਲਿਆ ਅਤੇ ਇਸ ਰਾਜਦੇ ਉਚ ਸਿੱਖਿਆ ਦੇ ਕਈ ਵਿਸ਼ਵ ਪ੍ਰਸਿੱਧ ਅਦਾਰੇ ਇਸ ਦੀ ਮਾਰ ਹੇਠ ਆਏ ਹਨ।ਟੀ20 ਮੈਚ ਦੇਖਣ ਗਏ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ (ਆਈ ਆਈ ਐਮ-ਏ) ਤੇਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਗਾਂਧੀਨਗਰ (ਆਈ ਆਈ ਟੀ-ਗਾਂਧੀਨਗਰ) ਦੇ ਦਰਜਨਾਂ ਵਿਦਿਆਰਥੀ ਇਸੇ ਕਾਰਨਕੋਰੋਨਾ ਦੀ ਮਾਰ ਹੇਠ ਆਏ ਹਨ। ਅਹਿਮਦਾਬਾਦ ਮਹਾ ਨਗਰਪਾਲਿਕਾ ਦੇ ਇਕ ਸਿਹਤ ਅਧਿਕਾਰੀ ਨੇ ਕਿਹਾ ਕਿ ਸ਼ਹਿਰ ਦੇ ਵਸਤਰਪੁਰ ਵਿਚਲੇ ਆਈ ਆਈ ਐਮ ਦੇ 2 ਪ੍ਰੋਫੈਸਰ ਅਤੇ 25 ਤੋਂ ਵੱਧ ਵਿਦਿਆਰਥੀ ਪੀੜਤ ਨਿਕਲੇ ਹਨ। ਇਨ੍ਹਾਂ ਵਿੱਚੋਂ 6 ਵਿਦਿਆਰਥੀ ਬੀਤੀ 12 ਮਾਰਚ ਨੂੰ ਦਰਸ਼ਕਾਂ ਨਾਲ ਖਚਾਖਚ ਭਰੇ ਇਸ ਸਟੇਡੀਅਮ ਵਿਚ ਮੈਚ ਦੇਖਣ ਗਏ ਸਨ ਤੇ ਉਨ੍ਹਾਂ ਵਿਚੋਂ 5 ਵਿਚ ਕੋਰੋਨਾ ਦੇ ਲੱਛਣ ਦਿੱਸਣ ਉੱਤੇ ਉਨ੍ਹਾਂ ਨੇ ਖ਼ੁਦ ਨਿੱਜੀ ਲੈਬ ਤੋਂ ਜਾਂਚ ਕਰਾਈ ਤੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਪਰ ਉਨ੍ਹਾਂ ਨੇ ਇਸ ਨੂੰ ਲੁਕਾ ਲਿਆ। ਉਨ੍ਹਾਂ ਨੇ ਟੈੱਸਟ ਕਰਾਉਣ ਵੇਲੇ ਇਸ ਸੰਸਥਾ ਦਾ ਆਪਣਾ ਸਥਾਨਕ ਪਤਾ ਲਿਖਾਉਣ ਦੀ ਥਾਂ ਆਪਣੇ ਪਰਵਾਰਕ ਘਰਾਂ ਵਾਲੇ ਰਾਜਾਂ ਦੇ ਪਤੇ ਲਿਖਵਾਏ ਸਨ, ਜਿਸ ਨਾਲ ਮਹਾਨਗਰ ਪਾਲਿਕਾ ਦੇ ਅਧਿਕਾਰੀਆਂ ਤੱਕ ਉਨ੍ਹਾਂ ਦੀ ਰਿਪੋਰਟ ਨਹੀਂ ਪੁੱਜ ਸਕੀ। ਉਨ੍ਹਾਂ ਤੋਂ ਇਹ ਇਨਫੈਕਸ਼ਨ ਹੋਰਾਂ ਵਿਚ ਫੈਲੀ ਅਤੇ ਇਸ ਪਿੱਛੋਂ ਇਸ ਸੰਸਥਾ ਵਿਚ ਕਈ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ।
ਅਜਿਹੇ ਹੀ ਕਾਰਨਾਂ ਨਾਲ ਆਈ ਆਈ ਟੀ ਗਾਂਧੀਨਗਰ ਦੇ 25 ਤੋਂ ਵੱਧ ਵਿਦਿਆਰਥੀ ਕੋਰੋਨਾ ਪੀੜਤ ਹੋਏ ਹਨ। ਗੁਜਰਾਤ ਟੈਕਨੀਕਲ ਯੂਨੀਵਰਸਿਟੀ (ਜੀ ਟੀ ਯੂ) ਵਿਚੋਂ ਵੀ ਇਹੋ ਮੈਚ ਵੇਖਣ ਗਏ ਕੁਝ ਵਿਦਿਆਰਥੀਆਂ ਦੇ ਕੁਝ ਕੇਸ ਹੋਣ ਦਾ ਪਤਾ ਲੱਗਾ ਹੈ। ਏਥੇ ਮੋਟੇਰਾ ਵਿੱਚ 1 ਲੱਖ 32 ਹਜ਼ਾਰ ਦੀ ਦਰਸ਼ਕਾਂ ਦੀ ਸਮਰਥਾ ਵਾਲੇ ਸਟੇਡੀਅਮ ਦੇ ਨਵੇਂ ਰੂਪ ਦਾ ਰਸਮੀ ਉਦਘਾਟਨ ਪਿਛਲੇ ਮਹੀਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਤੇ ਇਸ ਦਾ ਨਵਾਂ ਨਾਂਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਉੱਤੇ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਇਹ ਸਟੇਡੀਅਮ ਸਰਦਾਰ ਪਟੇਲ ਸਟੇਡੀਅਮ ਵਜੋਂ ਜਾਣਿਆ ਜਾਂਦਾ ਸੀ। ਇਸੇ ਸਟੇਡੀਅਮ ਵਿਚ ਪਿਛਲੇ ਸਾਲ 24 ਫਰਵਰੀ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਵਿਚ ‘ਨਮਸਤੇ ਟਰੰਪ’ ਪ੍ਰੋਗਰਾਮ ਕੀਤਾ ਗਿਆ ਸੀ ਅਤੇ ਉਦੋਂ ਇਸ ਵਿਚ ਵੱਡੀ ਗਿਣਤੀ ਵਿਚ ਭੀੜ ਆਈ ਸੀ। ਓਦੋਂ ਵੀ ਵਿਰੋਧੀ ਦਲਾਂ ਨੇ ਉਸ ਪ੍ਰੋਗਰਾਮ ਨੂੰ ਗੁਜਰਾਤ ਵਿਚ ਕੋਰੋਨਾ ਦੇ ਤੇਜ਼ੀ ਨਾਲ ਪੈਰ ਪਸਾਰਨ ਦੇ ਲਈ ਜ਼ਿੰਮੇਦਾਰ ਕਿਹਾ ਸੀ। ਇਸ ਵਾਰ ਫਿਰ ਇਹ ਦੋਸ਼ ਲੱਗੇ ਹਨ ਕਿ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਨੇ ਦਰਸ਼ਕਾਂ ਦੀ ਭੀੜ ਜੁਟਾਉਣ ਦੇ ਚੱਕਰ ਵਿਚ ਜਾਣੇ-ਅਣਜਾਣੇ ਕੋਰੋਨਾ ਦੀ ਇਨਫੈਕਸ਼ਨ ਵਧਾਉਣ ਦਾ ਕੰਮ ਕੀਤਾ ਹੇ।
ਵਰਨਣ ਯੋਗ ਹੈ ਕਿ ਕਈ ਪਾਸਿਆਂ ਤੋਂ ਵਿਰੋਧ ਹੋਣ ਕਾਰਨ ਬਾਕੀ ਟੀ20 ਮੈਚਾਂ ਨੂੰ ਦਰਸ਼ਕਾਂ ਦੇ ਬਿਨਾਂ ਕਰਨ ਦਾ ਫੈਸਲਾ ਹੋਇਆ ਹੈ। ਇਸ ਤੋਂ ਪਹਿਲਾਂ ਏਥੇ ਟੈਸਟ ਮੈਚ ਹੋਏ ਸਨ। ਗੁਜਰਾਤ ਵਿੱਚ ਕੁਝ ਦਿਨਾਂ ਤੋਂ ਕੋਰੋਨਾ ਦੇ ਕੇਸਤੇਜ਼ੀ ਨਾਲ ਵਧ ਰਹੇ ਹਨ ਤੇ ਪਿਛਲੇ ਇੱਕੋ ਦਿਨ ਵਿੱਚ ਰਿਕਾਰਡ 2190 ਨਵੇਂ ਕੇਸਮਿਲੇ ਹਨ, ਜੋ ਅੱਜ ਤਕ ਕਿਸੇ ਇਕੋ ਦਿਨ ਵਿੱਚਮਿਲੇ ਸਭ ਤੋਂ ਵੱਧਕੇਸ ਹਨ। ਅਹਿਮਦਾਬਾਦ ਵਿੱਚ 600 ਤੋਂ ਵੱਧ ਨਵੇਂ ਕੇਸਮਿਲੇ ਹਨ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਅਮਰੀਕਾ, ਜਰਮਨੀ ਅਤੇ ਯੂ ਕੇ ਵਰਗੇ ਵਿਕਸਤ ਦੇਸ਼ ਕੋਰੋਨਾ ਤੋਂ ਬਚਣ ਦੇ ਉਪਾਅ ਕਰ ਰਹੇ ਹਨ, ਓਦੋਂ ਕਈ ਕ੍ਰਿਕਟ ਮੈਚ ਇਸ ਤਰ੍ਹਾਂ ਇੱਕੋ ਥਾਂ ਕਰਵਾਉਣ ਨਾਲ ਅਤੇ ਇਸ ਰਾਜ ਵਿੱਚ ਸਥਾਨਕ ਚੋਣਾਂਵਿੱਚ ਕੋਰੋਨਾ ਦੇ ਨਿਯਮਾਂ ਦੀ ਸਿਆਸੀ ਨੇਤਾਵਾਂ ਵੱਲੋਂ ਖੁਦ ਵੱਡੇ ਪੱਧਰ ਉੱਤੇ ਉਲੰਘਣਾ ਦਾ ਨੁਕਸਾਨ ਭੁਗਤਣਾ ਪੈ ਰਿਹਾ ਹੈ।