corona mata di jai
Connect with us [email protected]

ਵਿਅੰਗ

ਕੋਰੋਨਾ ਮਾਤਾ ਦੀ ਜੈ – ਬਲਰਾਜ ਸਿੰਘ

Published

on

ਅਸੀਂ ਝੂਠ ਨਹੀਂ ਬੋਲਦੇ। ਜ਼ਿੰਦਗੀ ਦੇ ਪਿਛਲੇ ਪਹਿਰ ਝੂਠ ਬੋਲਣਾ ਸੋਭਦਾ ਵੀ ਨਹੀਂ। ਕੱਲ੍ਹ ਨੂੰ ਰੱਬ ਨੂੰ ਜਾਨ ਦੇਣੀ ਹੈ। ਅਸੀਂ ਕੋਈ ਸਾਧੂ-ਸੰਤ ਨਹੀਂ ਕਿ ਸਾਨੂੰ ਚੱਤੇ ਪਹਿਰ ਪਰਮਾਤਮਾ ਜਾਂ ਕਰਮੰਡਲ ਸਮੇਤ ‘ਅਲਖ-ਨਿਰੰਜਣ’ ‘ਅਲਖ-ਨਿਰੰਜਣ’ ਕਰਦਿਆਂ ਦੇ ਸੁਫਨੇ ਆਉਂਦੇ ਹੋਣ। ਸਾਡੇ ਸੁਫਨਿਆਂ ਦਾ ਸਰੂਪ ਵੀ ਜ਼ਿੰਦਗੀ ਦੇ ਹਰ ਮਰਹਲੇ ‘ਤੇ ਸੁੱਤੇ-ਸਿੱਧ ਬਦਲਦਾ ਰਹਿੰਦਾ ਹੈ। ਜਦੋਂ ਸੰਨ 1960 ਵਿਚੱ ਅਸੀਂ ਚੌਕ ਸ਼ੇਖਾਂ ਵਾਲੇ ਤੱਪੜ ਵਾਲੇ ਪ੍ਰਾਇਮਰੀ ਸਕੂਲ ਦੇ ਤਾਲਿਬ ਇਲਮ ਸੀ, ਉਦੋਂ ਦਿਨ ਰਾਤ ਪਹਾੜੇ ਰਟਣ ਕਰ ਕੇ ਅਸੀਂ ਸੁਫਨਿਆਂ ‘ਚ ਵੀ ਇੱਕ ਦੂਣੀ ਦੂਣੀ, ਦੋ ਦੂਣੀ ਚਾਰ ਦੀ ਗਰਜਣਾ ਕਰ ਕੇ ਘਰ ਦਿਆਂ ਨੂੰ ਵਖਤ ਪਾ ਰੱਖਦੇ ਸੀ। ਸਕੂਲ ਵਿੱਚ ਹਰਸ਼ ਵਰਧਨ, ਰਜ਼ੀਆ ਸੁਲਤਾਨਾ, ਭਾਂਤ-ਭਾਂਤ ਦੀਆਂ ਥਿਊਰਮਾਂ ਤੇ ਅਲਜ਼ਬਰੇ ਦੇ ਫਾਰਮੂਲਿਆਂ ਨੇ ਸਾਡੇ ਸੁਫਨਿਆਂ ਵਿੱਚ ਖੌਰੂ ਪਾ ਰੱਖਿਆ। ਕਾਲਜ ਤੇ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਅਸੀਂ ਸ਼ੈਕਸਪੀਅਰ ਤੇ ਮਾਰਲੋ ਦੇ ਡਰਾਮਿਆਂ ਦੇ ਨਾਇਕਾਂ ਦੀ ਅਦਾਕਾਰੀ ਸੁਫਨਿਆਂ’ ਚ ਵੀ ਕਰਦੇ ਰਹੇ ਅਤੇ ਰੁੜ੍ਹ-ਪੁੜ੍ਹ ਗਈ ਜਵਾਨੀ ਦੀ ਤਿਖੇਰੀ ਦੁਪਹਿਰ ਸਮੇਂ ਆਪਣੇ ਆਪ ਨੂੰ ਧਰਮਿੰਦਰ ਤਸੱਵਰ ਕਰ ਕੇ ਡਰੀਮ ਗਰਲ ਹੇਮਾ ਮਾਲਿਨੀ ਦੇ ਨਾਲ ਸੁਫਨਿਆਂ ‘ਚ ਦਰੱਖਤਾਂ ਦੁਆਲੇ ਊਰੀ ਵਾਂਗ ਘੁੰਮ-ਘੁੰਮ ਕੇ ਡਾਂਸ ਕਰਦੇ ਰਹੇ। ਜਦੋਂ ਦਾ ਕੋਰੋਨੇ ਨੇ ਕਹਿਰ ਢਾਹੁਣਾ ਸ਼ੁਰੂ ਕੀਤਾ ਹੈ, ਸਾਨੂੰ ਸੁਫਨਿਆਂ ‘ਚ ਕੋਰੋਨਾ ਦੀਆਂ ਵੱਖ-ਵੱਖ ਅਖਬਾਰੀ ਕਲਪਿਤ ਸ਼ਕਲਾਂ ਤੋਂ ਬਿਨਾਂ ਹੋਰ ਕੁਝ ਦਿਖਾਈ ਨਹੀਂ ਦਿੰਦਾ। ਕਦੇ ਕੋਰੋਨਾ ਸੂਲਾਂ ਲੱਗੇ ਫੁੱਟਬਾਲ ਦੇ ਆਕਾਰ ਵਿੱਚ ਦਿਖਾਈ ਦਿੰਦਾ ਹੈ, ਕਦੇ ਟਿੱਡੇ ਦੇ ਰੂਪ ਵਿੱਚ ਅਤੇ ਕਦੇ ਸੈਲਿਊਟ ਕਰਦੇ ਸੈਨਿਕ ਦੇ ਰੂਪ ਵਿੱਚ। ਕੋਰੋਨਾ ਦੇ ਇਨ੍ਹਾਂ ਬਦਲਦੇ ਰੂਪਾਂ ਦੇ ਨਿੱਤ-ਨਿੱਤ ਦ੍ਰਿਸ਼ਟੀ ਗੋਚਰ ਹੋਣ ਨਾਲ ਅਸੀਂ ਭੈਅਭੀਤ ਹੋ ਕੇ ਮੁੜ੍ਹਕੋ-ਮੁੜ੍ਹਕੋ ਹੋਏ ਅਕਸਰ ਰਾਤਾਂ ਨੂੰ ਡਡਿਆ ਕੇ ਉਠ ਖੜੋਂਦੇ ਹਾਂ।
ਬਿਹਾਰ ਦੀ ਇੱਕ ਔਰਤ ਨੂੰ ਕੋਰੋਨਾ ਮਾਤਾ ਨੇ ਕੁਝ ਦਿਨ ਪਹਿਲਾਂ ਗਾਂ ਦੇ ਰੂਪ ਵਿੱਚ ਦਰਸ਼ਨ ਦਿੱਤੇ, ਪਰ ਸਾਨੂੰ ਕੱਲ੍ਹ ਰਾਤ ਦੇ ਪਿਛਲੇ ਪਹਿਰ ਕੋਰੋਨਾ ਮਾਤਾ ਨੇ ਸ਼ੇਰਨੀ ਦੇ ਰੂਪ ਵਿੱਚ ਦਰਸ਼ਨ ਦਿੱਤੇ। ਅਸੀਂ ਸੁਫਨੇ ‘ਚ ਹਾਲ ਪਾਹਰਿਆਂ ਕਰਦਿਆਂ ਭੱਜਣ ਲੱਗੇ ਤਾਂ ਸ਼ੇਰਨੀ ਤਲਿਸਮੀ ਢੰਗ ਨਾਲ ਔਰਤ ਦੇ ਰੂਪ ਵਿੱਚ ਬਦਲ ਕੇ ਸਾਨੂੰ ਦੱਸਿਆ ਕਿ ਉਹ ਕੋਰੋਨਾ ਮਾਤਾ ਹੈ ਤੇ ਸਾਨੂੰ ਉਸ ਤੋਂ ਡਰਨ ਦੀ ਉੱਕਾ ਹੀ ਲੋੜ ਨਹੀਂ। ਮਾਤਾ ਨੇ ਸਾਨੂੰ ਨਸੀਹਤ ਕੀਤੀ ਕਿ ਜੇ ਅਸੀਂ ਮੰਗਲਵਾਰ ਤੇ ਵੀਰਵਾਰ ਉਸ ਦੀ ਵਿਧੀ ਪੂਰਵਕ ਪੂਜਾ ਕਰ ਕੇ ਉਸ ਨੂੰ ਪ੍ਰਸੰਨ ਕਰਾਂਗੇ ਤਾਂ ਉਹ ਸਾਡਾ ਸ਼ਹਿਰ, ਸੂਬਾ, ਦੇਸ਼ ਹੀ ਨਹੀਂ, ਪੂਰੀ ਦੁਨੀਆ ਦਾ ਖਹਿੜਾ ਛੱਡ ਕੇ ਸਦਾ ਲਈ ਲੋਪ ਹੋ ਜਾਵੇਗੀ ਅਤੇ ਜਾਣ ਤੋਂ ਪਹਿਲਾਂ ਕੋਰੋਨਾ ਦੇ ਮੌਜੂਦਾ ਮਰੀਜ਼ਾਂ ਨੂੰ ਵੀ ਪਵਿੱਤਰ ਜਲ ਦਾ ਛਿੱਟਾ ਦੇ ਕੇ ਨੌਂ-ਬਰ-ਨੌਂ ਕਰ ਜਾਵੇਗੀ। ਅਸੀਂ ਸਰਬੱਤ ਦਾ ਭਲਾ ਕਰਨ ਦੇ ਉਦੇਸ਼ ਨਾਲ ਦੁਨੀਆ ਭਰ ਦੇ ਮਰੀਜ਼ਾਂ ਖਾਤਰ ਕੋਰੋਨਾ ਮਾਤਾ ਦੀ ਪੂਜਾ ਕਰ ਕੇ ਉਸ ਨੂੰ ਰੁਖਸਤ ਕਰਨ ਦਾ ਅਹਿਮ ਫੈਸਲਾ ਕਰ ਲਿਆ। ਸਾਡੇ ਪੋਤਰੇ ਅਤੇ ਪੋਤਰੀ ਨੇ ਆਪਣੇ ਡਰਾਇੰਗ ਦੇ ਵਿਸ਼ੇ ਦਾ ਲਾਹਾ ਲੈਂਦਿਆਂ ਕੋਰੋਨਾ ਮਾਤਾ ਦਾ ਆਦਮ ਕੱਦ ਚਿੱਤਰ, ਅਸ਼ੀਰਵਾਦ ਦੇਣ ਦੇ ਪੋਜ਼ ਵਿੱਚ, ਘਰ ਅੰਦਰ ਬਿਲਕੁਲ ਸਾਹਮਣੀ ਕੰਧ ‘ਤੇ ਲਾ ਦਿੱਤਾ ਹੈ ਅਤੇ ਸਾਰੇ ਪਰਵਾਰ ਨੇ ਨਹਾ-ਧੋ ਕੇ ‘ਪੁਸ਼ਪਾਂਜਲੀ’ ਦੀ ਰਸਮ ਸੰਪੂਰਨ ਕਰ ਕੇ ਸੌ-ਸੌ ਰੁਪਏ ਮੱਥਾ ਟੇਕ ਕੇ ਤੁਰੰਤ ਹੀ ਕੋਰੋਨਾ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਮਾਤਾ ਦੇ ਕਹਿਰ ਤੋਂ ਪੂਰੀ ਦੁਨੀਆ ਨੂੰ ਰਾਹਤ ਮਿਲ ਸਕੇ।
ਜਦੋਂ ਤੋਂ ਲੋਕਾਂ ਨੂੰ ਪਤਾ ਲੱਗਾ ਹੈ ਕਿ ਸਾਨੂੰ ਕੋਰੋਨਾ ਮਾਤਾ ਦੇ ਦਰਸ਼ਨ ਹੋਏ ਹਨ, ਉਹ ਸਾਡੀ ਵੀ ਪੂਜਾ ਕਰਨ ਲੱਗੇ ਹਨ। ਲੋਕ ਸਾਡੇ ਘਰ ਨੂੰ ਤੀਰਥ ਮੰਨ ਕੇ ਪੁਰਾਣੇ ਮੋਗੇ ਵਹੀਰਾਂ ਘੱਤ ਕੇ ਲੱਖਾਂ ਦੀ ਗਿਣਤੀ ਵਿੱਚ ਰੋਜ਼ ਆ ਰਹੇ ਹਨ। ਉਹ ਸਾਨੂੰ ਕੋਰੋਨਾ ਮਾਤਾ ਦਾ ਪੱਕਾ ਦੂਤ ਸਮਝ ਕੇ ਕੋਰੋਨਾ ਤੋਂ ਬਚਾਉਣ ਦਾ ਪੱਕਾ ਜ਼ਰੀਆ ਸਮਝਦੇ ਹਨ ਤੇ ਸਾਡੇ ਰਾਹੀਂ ਕੋਰੋਨਾ ਮਾਤਾ ਨੂੰ ਖੁਸ਼ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਜਨਤਾ ਦੀ ਅਥਾਹ ਭੀੜ ਦਾ ਲਾਹਾ ਲੈਣ ਲਈ ਘਰਦਿਆਂ ਨੇ ਸਾਨੂੰ ਮਿਲਣ ਲਈ 100 ਰੁਪਏ ਟਿਕਟ ਲਾ ਦਿੱਤੀ ਹੈ ਤੇ ਸ਼ਾਮ ਤੱਕ ਨਕਦ ਨਾਰਾਇਣ ਨਾਲ ਪੰਜਾਹ-ਪੰਜਾਹ ਕਿਲੋ ਵਾਲੀਆਂ ਚਾਰ ਕੁ ਬੋਰੀਆਂ ਤਾਂ ਸਹਿਜੇ ਭਰ ਜਾਂਦੀਆਂ ਹਨ। ਹਜ਼ਾਰਾਂ ਸ਼ਰਧਾਲੂ ਕੇਲੇ, ਅੰਬ, ਚੀਕੂ, ਅਨਾਰ ਅਤੇ ਕੀਵੀ ਜਿਹੇ ਮਹਿੰਗੇ ਫਲ ਭੇਟ ਕਰ ਰਹੇ ਹਨ। ਅਸੀਂ ਕੋਮਲ ਹਿਰਦੇ ਵਾਲੇ ਪਰਉਪਕਾਰੀ ਜੀਵ ਹੋਣ ਹਾਂ, ਕਿਸੇ ਦੀ ਭੇਟਾ ਨਹੀਂ ਮੋੜਦੇ। ਸ਼ਰਧਾਲੂਆਂ ਦੀ ਅਥਾਹ ਭੀੜ ਸ਼ਰਧਾ ਸਦਕਾ ਸਾਡੇ ਜਨਮ ਵੇਲਿਆਂ ਦਾ ਸੰਨ 1952 ਵਾਲਾ ਤਿੰਨ ਲੱਤਾਂ ਵਾਲਾ ਮੇਜ਼ ਮਸਾਂ ਪੰਜ ਮਿੰਟ ‘ਚ ਭਰ ਜਾਂਦਾ ਹੈ। ਭੇਟਾ ਰੱਖਣ ਦੀ ਥਾਂ ਨਾ ਹੋਣ ਕਾਰਨ ਵਿਚਾਰੇ ਸ਼ਰਧਾਲੂਆਂ ਦੇ ਤ੍ਰਿਪ-ਤ੍ਰਿਪ ਡਿੱਗਦੇ ਹੰਝੂ ਦੇਖ ਕੇ ਸਾਡਾ ਦਿਲ ਪਸੀਜ ਗਿਆ ਹੈ। ਅਸੀਂ ਆਪਣਾ ਝੁੱਗਾ ਚੌੜ ਕਰਾ ਕੇ ਵੀਹ ਹਜ਼ਾਰ ਰੁਪਏ ਪੱਲਿਓਂ ਖਰਚ ਕੇ, ਲੋਕਾਂ ਦੀਆਂ ਭੇਟਾਵਾਂ ਸਵੀਕਾਰ ਕਰਨ ਲਈ ਦਸ-ਦਸ ਫੁੱਟ ਉੱਚੇ ਪੰਜ ਵੱਡੇ ਡਰੰਮ ਲੈ ਆਂਦੇ ਹਨ। ਕੋਲ ਸਟੂਲ ਰੱਖ ਦਿੱਤੇ ਹਨ ਅਤੇ ਸ਼ਰਧਾਲੂ ਕੋਰੋਨਾ ਮਾਤਾ ਦੀ ਤਸਵੀਰ ਨੂੰ ਚਰਨ ਬੰਦਨਾ ਕਰ ਕੇ ਸਟੂਲਾਂ ‘ਤੇ ਚੜ੍ਹ ਕੇ ਡਰੰਮਾਂ ਵਿੱਚ ਵੰਨ-ਸੁਵੰਨੀਆਂ ਭੇਟਾਵਾਂ ਪਾਈ ਜਾਂਦੇ ਹਨ। ਰਾਤ ਨੂੰ ਨਿੱਕੇ ਪੋਤਰੇ ਦੇ ਲੱਕ ਨੂੰ ਰੱਸੀ ਬੰਨ੍ਹ ਕੇ ਹਰ ਢੋਲ (ਡਰੰਮ) ਵਿੱਚ ਲਟਕਾ ਦੇਈਦਾ ਹੈ ਅਤੇ ਉਹ ਅੱਖ ਦੇ ਫੋਰ ਨਾਲ ਸਭ ਕੁਝ ਬਾਹਰ ਧੂਹ ਲਿਆਉਂਦਾ ਹੈ।
ਕੋਰੋਨਾ ਮਾਤਾ ਨੂੰ ਖੁਸ਼ ਕਰ ਕੇ ਕੋਰੋਨਾ ਤੋਂ ਨਿਜਾਤ ਪਾਉਣ ਲਈ ਅਨੇਕਾਂ ਸ਼ਰਧਾਲੂ ਸਾਨੂੰ ਪੰਜ-ਪੰਜ ਮੀਟਰ ਦੇ ਗੂੜ੍ਹੇ ਲਾਲ ਰੰਗ ਦੇ ਕੱਪੜੇ, ਨਿੱਕਰਾਂ, ਪੈਂਟਾ ਅਤੇ ਫਤੂਹੀਆਂ ਦਾ ਵੀ ਮੱਥਾ ਟੇਕ ਰਹੇ। ਬੁੱਢੇ ਵਾਰੇ ਲਾਲ ਕੱਪੜੇ ਤਾਂ ਪਾ ਨਹੀਂ ਹੁੰਦੇ, ਅਸੀਂ ਦੋ ਮੀਲ ਦੂਰ ਸਟੇਸ਼ਨ ‘ਤੇ ਬੈਠੇ ਮੰਗਤਿਆਂ ਨੂੰ ਇਹ ਕੱਪੜੇ ਦਾਨ ਕਰ ਕੇ ‘ਇੱਕ ਪੰਥ, ਦੋ ਕਾਜ਼’ ਦਾ ਕੰਮ ਕਰ ਰਹੇ ਹਾਂ। ਇਹ ਜ਼ਰੂਰਤਮੰਦ ਲੋਕ ਵੀ ਖੁਸ਼ ਹੋ ਜਾਂਦੇ ਹਨ। ਮੰਗਲਵਾਰ ਨੂੰ ਕੋਰੋਨਾ ਮਾਤਾ ਦੁਆਰਾ ਹੋਣ ਵਾਲੀ ਕਿਰਪਾ ਵਿੱਚ ਵੀ ਵਾਧਾ ਹੋ ਜਾਂਦਾ ਹੈ। ਕਈ ਸ਼ਰਧਾਲੂ ਨਹਾ-ਧੋ ਕੇ ਮੰਗਲਵਾਰ ਵਾਲੇ ਦਿਨ ਸਾਨੂੰ ਕੋਰੋਨਾ ਮਾਤਾ ਦਾ ਦੂਤ ਮੰਨ ਕੇ ਮੂੰਗੇ, ਸੋਨੇ ਤੇ ਚਾਂਦੀ ਦੀਆਂ ਅੰਗੂਠੀਆਂ ਭੇਟ ਕਰ ਰਹੇ ਹਨ। ਅਸੀਂ ਬਥੇਰਾ ਕਹਿੰਦੇ ਹਾਂ ਕਿ ਭਾਈ ਇਹ ਮੁੰਦਰੀਆਂ ਕੋਰੋਨਾ ਮਾਤਾ ਨੂੰ ਭੇਟ ਕਰੋ, ਪਰ ਸ਼ਰਧਾਲੂ ਮੱਲੋ ਮੱਲੀ ਸਾਡੀ ਚੀਚੀ ਵਿੱਚ ਪਾ ਜਾਂਦੇ ਹਨ। ਸ਼ਰਧਾਲੂਆਂ ਦੀ ਕ੍ਰਿਪਾ ਨਾਲ ਵਿਚਾਰੀ ਤਿੰਨ ਇੰਚ ਦੀ ਚੀਚੀ ਪੰਜ ਮਿੰਟ ਵਿੱਚ ਭਰ ਜਾਂਦੀ ਹੈ। ਅਸੀਂ ਆਪਣੀ ਵੇਲਣੇ ਵਾਲੀ ਸਰਕਾਰ, ਪੁੱਤਾਂ, ਨੂੰਹਾਂ, ਪੋਤੇ, ਪੋਤਰੀ ਨੂੰ ਵੀ ਕੋਲ ਬਿਠਾ ਲਿਆ ਹੈ ਤਾਂ ਕਿ ਸਭ ਦੀਆਂ ਭੇਟਾਵਾਂ ਪੂਜਾ-ਪਾਠ ਦੀ ਵਿਧੀ ਰਾਹੀਂ ਛੇਤੀ ਮਾਤਾ ਨੂੰ ਪੁਚਾ ਸਕੀਏ। ਇੱਕ ਮਹਾਂਪੁਰਸ਼ ਨੇ ਸਾਨੂੰ ਮੰਗਲਵਾਰ ਮਸਰਾਂ ਦੀ ਦਾਲ, ਘਿਓ ਅਤੇ ਇੱਕ ਔਖੇ ਜਿਹੇ ਮੰਤਰ ਦਾ ਦਸ ਹਜ਼ਾਰ ਵਾਰ ਜਾਪ ਕਰਨ ਲਈ ਵੀ ਕਿਹਾ ਹੈ। ਅਸੀਂ ਪਿਛਲੇ ਦਸ ਦਿਨਾਂ ਤੋਂ ਨਿਰਜਲ ਵਰਤ ਰੱਖ ਕੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਾਂ। ਰੱਬ ਭਲੀ ਕਰੇਗਾ।
ਵੀਰਵਾਰ ਦੇ ਦਿਨ ਕੋਰੋਨਾ ਮਾਤਾ ਨੂੰ ਖੁਸ਼ ਕਰਨ ਲਈ ਅਸੀਂ ਮਹਾਂਪੁਰਸ਼ਾਂ ਦੀ ਸਲਾਹ ਅਨਾਰ ਹਰ ਰੋਜ਼ 11 ਕਿਲੋ ਛੋਲਿਆਂ ਦੀ ਦਾਲ, 21 ਕਿਲੋ ਹਲਦੀ ਅਤੇ 31 ਕਿਲੋ ਪੀਲੇ ਫੁੱਲਾਂ ਦਾ ਦਾਨ ਕਰ ਰਹੇ ਹਾਂ। ਕੁਝ ਦਿਨਾਂ ਤੋਂ ਪੀਲੇ ਫੁੱਲਾਂ ਦੀ ਤੋਟ ਆ ਗਈ ਹੈ। ਅਸੀਂ ਹਰ ਰੋਜ਼ ਸੁੱਚੇ ਮੂੰਹ ਨਵਾਂ ਪੀਲਾ ਝੱਗਾ ਪਹਿਨ ਕੇ ਸ਼ਾਮ ਨੂੰ ਉਸ ਦੋ ਮੀਲ ਦੂਰ ਸਟੇਸ਼ਨ ‘ਤੇ ਬੈਠੇ ਪਿਤਾਂਬਰ ਦਾਸ ਨਾਮੀ ਮੰਗਤੇ ਨੂੰ ਦਾਨ ਕਰ ਆਉਂਦੇ ਹਾਂ। ਸਾਡੇ ਘਰ ਦੇ ਨੇੜੇ ਬਥੇਰੇ ਮੰਗਤੇ ਬੈਠੇ ਹਨ, ਪਰ ਮਹਾਂਪੁਰਸ਼ ਨੇ ਕਿਹਾ: ”ਜੇ ਪੀਲਾ ਝੱਗਾ ‘ਪੀਲੇ’ ਨਾਂਅ ਵਾਲੇ ਮੰਗਤੇ ਨੂੰ ਦਾਨ ਕਰੋ ਤਾਂ ਸੌ ਗੁਣਾਂ ਵਧੇਰੇ ਲਾਭ ਹੋਵੇਗਾ।” ਕੋਰੋਨਾ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਐਨਾ ਕੁ ਉਦਮ ਤਾਂ ਕਰਨਾ ਪੈਂਦਾ ਹੈ। ਪੀਤਾਂਬਰ ਦਾਸ ਨਾ ਮਿਲਣ ਦੀ ਸੂਰਤ ਵਿੱਚ ਅਸੀਂ ਉਸ ਨੂੰ ਸੁਫਨਿਆਂ ‘ਚ ਲੱਭ ਕੇ ਪੀਲਾ ਝੱਗਾ ਦਾਨ ਕਰ ਕੇ ਕੋਰੋਨਾ ਮਾਤਾ ਨੂੰ ਪ੍ਰਸੰਨ ਕਰ ਕੇ ਉਸ ਨੂੰ ਸੰਸਾਰ ‘ਚੋਂ ਰੁਖਸਤ ਕਰਨ ਦੇ ਸੁਹਿਰਦ ਯਤਨਾਂ ‘ਚ ਲੱਗੇ ਰਹਿੰਦੇ ਹਾਂ।
”ਕੋਰੋਨਾ ਮਾਤਾ ਦੀ ਜੈ! ਮਾਤਾ ਦੀ ਜੈ! ਸ਼ੁਕਰ ਹੈ ਮਾਤਾ ਤੁਸੀਂ ਦੁਨੀਆ ਤੋਂ ਰੁਖ਼ਸਤ ਹੋਣ ਦਾ ਫੈਸਲਾ ਕਰ ਲਿਆ ਹੈ ਤੇ ਪਵਿੱਤਰ ਜਲ ਦਾ ਛਿੱਟਾ ਦੇ ਕੇ ਸਾਰੀ ਦੁਨੀਆ ਨੂੰ ਸਿਹਤਯਾਬ ਕਰ ਦਿੱਤਾ ਹੈ। ਦੁੱਖ ਹਰਨੀ ਮਾਤਾ ਦੀ ਜੈ, ਕੋਰੋਨਾ ਮਾਤਾ ਦੀ ਜੈ……।”
”ਮੈਂ ਕਿਹਾ ਜੀ, ਕੀਹਦੀ ਜੈ ਜੈ ਕਰੀ ਜਾਂਦੇ ਓ। ਕੋਈ ਬੰਦਾ ਨੀਂ ਪਰਿੰਦਾ ਨੀ ਕੋਲੇ। ਰਿਟਾਇਰਮੈਂਟ ਤੋਂ ਬਾਅਦ ਤਾਂ ਤੁਸੀਂ ਜਮਾਂ ਈ ਕੁੰਭਕਰਨ ਬਣੇ ਪਏ ਓ।”
ਵਹੁਟੀ ਦੀ ਕੜਕਵੀਂ ਆਵਾਜ਼ ਸੁਣ ਕੇ ਅਸੀਂ ਤ੍ਰਭਕ ਕੇ ਅੱਖਾਂ ਮਲਦੇ ਉਠੇ। ਗੋਡੇ ਗੋਡੇ ਧੁੱਪ ਚੜ੍ਹ ਆਈ ਸੀ। ਇਹ ਤਾਂ ਮਹਿਜ਼ ਇੱਕ ਸੁਫਨਾ ਹੀ ਸੀ। ਚਲੋ ਕੋਰੋਨਾ ਤੋਂ ਨਿਜਾਤ ਤਾਂ ਮਿਲੀ, ਭਾਵੇਂ ਸੁਫਨੇ ‘ਚ ਹੀ ਸਹੀ। ਰੱਬ ਭਲੀ ਕਰੇਗਾ।

Continue Reading
Click to comment

Leave a Reply

Your email address will not be published. Required fields are marked *

ਰੁਝਾਨ


Copyright by IK Soch News powered by InstantWebsites.ca