Kisan Ross March: Case registered against Rajinder Deep Singh Wala
Connect with us [email protected]

ਪੰਜਾਬੀ ਖ਼ਬਰਾਂ

ਕਿਸਾਨ ਰੋਸ ਮਾਰਚ :ਰਾਜਿੰਦਰ ਦੀਪ ਸਿੰਘ ਵਾਲਾ, ਸੋਨੀਆ ਮਾਨ, ਜੱਸ ਬਾਜਵਾ ਤੇ ਹੋਰਨਾਂ ਦੇ ਖਿਲਾਫ ਕੇਸ ਦਰਜ

Published

on

Kisan Ross March

ਚੰਡੀਗੜ੍ਹ, 28 ਜੂਨ – ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਬੀਤੇ ਦਿਨੀਂ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮੌਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਪੁਲਸ ਦੀਆਂ ਰੋਕਾਂ ਤੋੜ ਕੇ ਸ਼ਹਿਰ ਵਿੱਚ ਜਾਣ ਬਾਰੇ ਚੰਡੀਗੜ੍ਹ ਦੀ ਪੁਲਸ ਨੇ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਵਾਲਾ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਪੰਜਾਬੀ ਗਾਇਕ ਜੱਸ ਬਾਜਵਾ, ਅਦਾਕਾਰਾ ਸੋਨੀਆ ਮਾਨ ਅਤੇ ਦਰਜਨਾਂ ਹੋਰ ਕਿਸਾਨ ਆਗੂਆਂ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਪੰਜ ਕੇਸ ਦਰਜ ਕੀਤੇ ਹਨ।
ਪੁਲਸ ਦੇ ਮੁਤਾਬਕ ਕਿਸਾਨ ਜਥੇਬੰਦੀਆਂ ਦੇ ਆਗੂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਪੁਲਸ ਦੇ ਬੈਰੀਕੇਡ ਤੋੜ ਕੇ ਸ਼ਹਿਰ ਵਿੱਚ ਦਾਖਲ ਹੋਏ ਅਤੇ ਪੁਲਸ ਨਾਲ ਖਿੱਚ-ਧੂਹ ਕਰ ਕੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪੈਦਾ ਕੀਤੀ। ਇਸ ਲਈ ਕਿਸਾਨ ਆਗੂਆਂ ਦੇ ਖਿਲਾਫ ਸੈਕਟਰ 36 ਅਤੇ 17 ਦੇ ਥਾਣਿਆਂ ਵਿੱਚ ਦੋ-ਦੋ ਅਤੇ ਇੱਕ ਕੇਸ ਸੈਕਟਰ 3 ਥਾਣੇ ਵਿੱਚ ਦਰਜ ਕੀਤਾ ਗਿਆ ਹੈ।
ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਚੰਡੀਗੜ੍ਹ ਪੁਲਸ ਦੀ ਕਿਸਾਨ ਵਿਰੋਧੀ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਕੇਸ ਵਾਪਸ ਨਾ ਲੈਣ ਦੀ ਸੂਰਤ ਵਿੱਚ ਮੋਰਚੇ ਵੱਲੋਂ ਕੇਸਾਂ ਦੀ ਪੈਰਵੀ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਸੈਕਟਰ 17 ਥਾਣਾ ਪੁਲਸ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਲਖਵੀਰ ਸਿੰਘ (ਲੱਖਾ ਸਿਧਾਣਾ) ਅਤੇ ਹੋਰਨਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸੇ ਥਾਣੇ ਦੀ ਪੁਲਸ ਨੇ ਪੰਜਾਬੀ ਗਾਇਕ ਜੱਸ ਬਾਜਵਾ ਤੇ ਸੋਨੀਆ ਮਾਨ ਅਤੇ ਹੋਰਨਾਂ ਵਿਰੁੱਧ ਵੱਖਰਾ ਕੇਸ ਦਰਜ ਕੀਤਾ। ਥਾਣਾ ਸੈਕਟਰ 36 ਦੀ ਪੁਲਸ ਨੇ ਕਾਕਾ ਸਿੰਘ, ਸਤਨਾਮ ਸਿੰਘ ਅਜਨਾਲਾ, ਮੇਜਰ ਸਿੰਘ ਰੰਧਾਵਾ, ਅਵਤਾਰ ਸਿੰਘ, ਕਮਲਜੀਤ ਸਿੰਘ, ਬਲਦੇਵ ਸਿੰਘ ਸਿਰਸਾ ਅਤੇ ਹੋਰਨਾਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ, ਜਦ ਕਿ ਬਲਜੀਤ ਸਿੰਘ, ਪ੍ਰੇਮ ਸਿੰਘ, ਕਾਕਾ ਸਿੰਘ, ਸੁਰੇਸ਼ ਚੰਦਰ, ਬਲਵਿੰਦਰ ਸਿੰਘ, ਹਰਮੀਤ ਸਿੰਘ ਅਤੇ ਹੋਰਨਾਂ ਵਿਰੁੱਧ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸੈਕਟਰ 3 ਥਾਣ ਪੁਲਸ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਦੇ ਵਿਰੁੱਧ ਕੇਸ ਦਰਜ ਕੀਤਾ ਹੈ।
ਪੁਲਸ ਦਾ ਕਹਿਣਾ ਹੈ ਕਿ ਕਿਸਾਨ ਆਗੂ ਸੈਕਟਰ 51/52 ਵਾਲੀ ਸੜਕ (ਮਟੌਰ ਬੈਰੀਅਰ) ਉੱਤੇ ਪੁਲਸ ਦੇ ਬੈਰੀਕੇਡ ਤੋੜ ਕੇ ਸ਼ਹਿਰ ਵਿੱਚ ਦਾਖਲ ਹੋਏ ਅਤੇ ਜਦੋਂ ਪੁਲਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨਾਲ ਖਿੱਚ-ਧੂਹ ਕਰਦੇ ਹੋਏ ਅੱਗੇ ਵਧ ਗਏ। ਥਾਣਾ ਸੈਕਟਰ 3 ਵਿੱਚ ਦਰਜ ਕੇਸ ਮੁਤਾਬਕ ਸੈਕਟਰ ਅੱਠ-ਨੌਂ ਦੀ ਸੜਕ ਉੱਤੇ ਕੁਝ ਨੌਜਵਾਨ ਨੰਗੀਆਂ ਤਲਵਾਰਾਂ ਅਤੇ ਡੰਡੇ ਲੈ ਕੇ ਅੱਗੇ ਵਧਦੇ ਗਏ। ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਰੁਕੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਰੁਲਦੂ ਸਿੰਘ ਮਾਨਸਾ ਨੇ 26 ਜੂਨ ਨੂੰ ਚੰਡੀਗੜ੍ਹ ਪੁਲਸ ਵੱਲੋਂ ਕਿਸਾਨ ਆਗੂਆਂ ਖਿਲਾਫ ਦਰਜ ਕੀਤੇ ਕੇਸਾਂ ਦੀ ਨਿੰਦਾ ਕੀਤੀ ਤੇ ਕਿਹਾ ਕਿ ਅੰਦੋਲਨ ਕਰਨਾ ਹਰਨਾਗਰਿਕ ਦਾ ਸੰਵਿਧਾਨਕ ਹੱਕ ਹੈ, ਉਸੇ ਅਧੀਨ ਕਿਸਾਨ ਜਥੇਬੰਦੀਆਂ ਦੇ ਆਗੂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚਲ ਰਹੇ ਅੰਦੋਲਨ ਦੇ ਸੱਤ ਮਹੀਨੇ ਮੁਕੰਮਲ ਹੋਣ ਉੱਤੇ ‘ਖੇਤੀ ਬਚਾਓ-ਲੋਕਤੰਰ ਬਚਾਓ’ ਦਿਵਸ ਮਨਾਉਂਦੇ ਹੋਏ ਰਾਜ ਭਵਨ ਵੱਲ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਨ। ਇਸ ਦੌਰਾਨ ਕਿਸਾਨਾਂ ਨੇ ਕੋਈ ਧੱਕੇਸ਼ਾਹੀ ਨਹੀਂ ਕੀਤੀ, ਰਾਜ ਭਵਨ ਤੋਂ ਕੁਝ ਦੂਰੀ ਉੱਤੇ ਰੁਕ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਗਵਰਨਰ ਨੂੰ ਰਾਸ਼ਟਰਪਤੀ ਦੇ ਨਾਂਅ ਰੋਸ ਪੱਤਰ ਭੇਜਿਆ ਹੈ।
ਪੰਜਾਬੀ ਗਾਇਕ ਜੱਸ ਬਾਜਵਾ ਅਤੇ ਸੋਨੀਆ ਮਾਨ ਨੇ ਚੰਡੀਗੜ੍ਹ ਪੁਲਸ ਵੱਲੋਂ ਥਾਣਾ ਸੈਕਟਰ 17 ਵਿੱਚ ਦਰਜ ਕੀਤੇ ਕੇਸਾਂ ਬਾਰੇ ਕਿਹਾ ਕਿ 26 ਜੂਨ ਨੂੰ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮੌਕੇ ਉਹ ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਤੋਂ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਸਨ ਅਤੇ ਸਾਰਾ ਦਿਨ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਆਗੂ ਗੁਰਨਾਮ ਸਿੰਘ ਚੜੁੰਨੀ ਅਤੇ ਯੋਗੇਂਦਰ ਯਾਦਵ ਨਾਲ ਰੋਸ ਮਾਰਚ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਹ 26 ਜੂਨ ਨੂੰ ਚੰਡੀਗੜ੍ਹ ਵਿੱਚ ਦਾਖਲ ਨਹੀਂ ਹੋਏ ਤਾਂ ਸੈਕਟਰ 17 ਥਾਣੇ ਵਿੱਚ ਉਨ੍ਹਾਂ ਉਤੇ ਕੇਸ ਕਿਵੇਂ ਦਰਜ ਹੋ ਗਿਆ। ਜੱਸ ਬਾਜਵਾ ਨੇ ਕਿਹਾ ਕਿ ਪੁਲਸ ਉਨ੍ਹਾਂ ਦੇ ਚੰਡੀਗੜ੍ਹ ਵਿੱਚ ਦਾਖਲੇ ਦੇ ਸਬੂਤ ਦਿਖਾਵੇ ਤਾਂ ਉਹ ਖੁਦ ਪੁਲਸ ਅੱਗੇ ਪੇਸ਼ ਹੋ ਜਾਣਗੇ। ਸੋਨੀਆ ਮਾਨ ਨੇ ਕਿਹਾ ਕਿ ਚੰਡੀਗੜ੍ਹ ਪੁਲਸ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਝੂਠੇ ਕੇਸ ਦਰਜ ਕਰ ਕੇ ਕਿਸਾਨ ਹਮਾਇਤੀਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਝੂਠੇ ਕੇਸਾਂ ਤੋਂ ਦੱਬਣ ਵਾਲੀ ਨਹੀਂ।

Read More Latest Punjabi News

ਪੰਜਾਬੀ ਖ਼ਬਰਾਂ

ਜਾਸੂਸੀ ਕੇਸ ਵਿੱਚ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਸਹਿਮਤ

Published

on

Supreme-Court

ਨਵੀਂ ਦਿੱਲੀ, 31 ਜੁਲਾਈ – ਭਾਰਤ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈਗਾਸਸ ਜਾਸੂਸੀ ਵਿਵਾਦ ਕਾਰਨ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ ਤੇ ਇਸ ਦੇ ਬਾਅਦ ਇਸ ਵਿਵਾਦਦੇ ਬਾਰੇ ਸੁਪਰੀਮ ਕੋਰਟ ਨੇ ਵੀ ਵਿਚਾਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਸੂਸੀ ਦੇ ਦੋਸ਼ਾਂ ਦੀ ਸੁਤੰਤਰ ਜਾਂਚ ਦੀ ਮੰਗ ਕਰਦੀ ਪਟੀਸ਼ਨਦੀ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ ਹੋ ਗਈ ਹੈ।
ਚੀਫ ਜਸਟਿਸ ਐਨ ਵੀ ਰਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ਦੀ ਸੁਣਵਾਈ ਦੀ ਮਨਜ਼ੂਰੀ ਦੇ ਦਿੱਤੀ ਹੈ। ਚੀਫ਼ ਜਸਟਿਸ ਨੇ ਅਗਲੇ ਹਫ਼ਤੇ ਇਸ ਦੀ ਸੁਣਵਾਈ ਕਰਨ ਦੀ ਗੱਲ ਕਹੀ ਹੈ। ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਉਨ੍ਹਾਂ ਤੁਰੰਤ ਸੁਣਵਾਈ ਲਈ ਸੁਪਰੀਮ ਕੋਰਟ ਅੱਗੇ ਸੀਨੀਅਰ ਪੱਤਰਕਾਰ ਐਨ ਰਾਮ ਅਤੇ ਸ਼ਸ਼ੀ ਕੁਮਾਰ ਦੀ ਪਟੀਸ਼ਨ ਦਾ ਜ਼ਿਕਰ ਕੀਤਾ ਤੇ ਕਿਹਾ ਸੀ ਕਿ ਇਹ ਨਾਗਰਿਕਾਂ ਦੀ ਆਜ਼ਾਦੀ ਨੂੰ ਪ੍ਰਭਾਵਿਤ ਕਰਦਾ ਹੈ ਤੇ ਸੁਪਰੀਮ ਕੋਰਟ ਇਸਬਾਰੇ ਤੁਰੰਤ ਸੁਣਵਾਈ ਕਰੇ। ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਸੁਪਰੀਮ ਕੋਰਟ ਦੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਦੀ ਅਗਵਾਈ ਵਿੱਚ ਜਾਂਚ ਦੀ ਮੰਗ ਕੀਤੀ ਗਈ ਹੈ। ਵਰਨਣਯੋਗ ਹੈ ਕਿ ਇਸ ਕੇਸ ਦੀ ਆਜ਼ਾਦ ਜਾਂਚ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿੱਚ 27 ਜੁਲਾਈ ਨੂੰ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਸੀ ਕਿ ਇਜ਼ਰਾਈਲੀ ਸਪਾਈਵੇਅਰ ਸਾਫ਼ਟਵੇਅਰ ਪੈਗਾਸਸ ਦੀ ਵਰਤੋਂ ਕਈ ਵੱਕਾਰੀ ਨਾਗਰਿਕਾਂ, ਸਿਆਸੀ ਆਗੂਆਂ ਅਤੇ ਪੱਤਰਕਾਰਾਂ ਬਾਰੇ ਸਰਕਾਰੀ ਏਜੰਸੀਆਂ ਵੱਲੋਂ ਜਾਸੂਸੀ ਕਰਨ ਲਈ ਕੀਤੀ ਗਈ ਹੈ ਤੇ ਇਸ ਦੀ ਆਜ਼ਾਦ ਜਾਂਚ ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਇਸ ਜਨਹਿਤ ਪਟੀਸ਼ਨ ਵਿੱਚ ਕੇਂਦਰ ਸਰਕਾਰ ਨੂੰ ਇਹ ਦੱਸਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਕਿ ਕੀ ਕੇਂਦਰ ਸਰਕਾਰ ਜਾਂ ਉਸਦੀ ਕਿਸੇ ਜਾਂਚ ਏਜੰਸੀ ਨੇ ਵਿਵਾਦ ਵਾਲੇ ਪੈਗਾਸਸ ਸਪਾਈਵੇਅਰ ਸਾਫ਼ਟਵੇਅਰ ਦਾ ਲਾਇਸੈਂਸ ਪ੍ਰਾਪਤ ਕੀਤਾ ਹੈ।

Continue Reading

ਪੰਜਾਬੀ ਖ਼ਬਰਾਂ

ਛੁੱਟੀ ਆਏ ਫ਼ੌਜੀ ਨੇ ਹੋਟਲ ਵਿੱਚ ਫੰਦਾ ਲਾ ਕੇ ਖੁਦਕੁਸ਼ੀ ਕੀਤੀ

Published

on

Suicide

ਫ਼ਿਰੋਜ਼ਪੁਰ, 31 ਜੁਲਾਈ – ਛੁੱਟੀ ਵਿੱਚ ਆਏ ਹੋਏ ਇੱਕ ਫ਼ੌਜੀ ਨੇ ਫ਼ਿਰੋਜ਼ਪੁਰ ਦੇ ਇੱਕ ਹੋਟਲ ਦੇ ਕਮਰੇ ਵਿੱਚ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਫ਼ਿਰੋਜ਼ਪੁਰ ਛਾਉਣੀ ਦੇ ਥਾਣਾ ਇੰਚਾਰਜ ਨਿਖੀਲ ਗਰਗ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਹਜ਼ਾਰਾ ਸਿੰਘ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਫ਼ੌਜ ਵਿੱਚ ਲੇਹ ਵਿੱਚ ਤੈਨਾਤ ਸੀ। ਉਹ ਕਰੀਬ ਡੇਢ ਮਹੀਨੇ ਪਹਿਲਾਂ ਛੁੱਟੀ ਕੱਟਣ ਘਰ ਆਇਆ ਸੀ।ਥਾਣਾ ਇੰਚਾਰਜ ਨੇ ਦੱਸਿਆ ਕਿ ਕਰਮਜੀਤ ਸਿੰਘ ਕੱਲ੍ਹ ਸਵੇਰੇ ਫ਼ਿਰੋਜ਼ਪੁਰ ਛਾਉਣੀ ਦੇ ਇੱਕ ਹੋਟਲ ਵਿੱਚ ਆਇਆ ਅਤੇ ਉਥੇ ਕਮਰਾ ਲਿਆ ਸੀ। ਉਹ ਆਪਣੇ ਕਮਰੇ ਤੋਂ ਕਰੀਬ 3-4 ਵਾਰ ਬਾਹਰ ਆਇਆ। ਰਾਤ 11 ਵਜੇ ਉਸ ਦੇ ਵੱਲੋਂ ਲਾਏ ਗਏ ਫੰਦੇ ਦੀ ਸੂਚਨਾ ਉਨ੍ਹਾਂ ਨੂੰ ਮਿਲੀ। ਸੂਚਨਾ ਮਿਲਦੇ ਸਾਰ ਪੁਲਸ ਟੀਮ ਓਥੇ ਗਈ। ਉਨ੍ਹਾਂ ਦੱਸਿਆ ਕਿ ਉਸ ਤੋਂ ਪਹਿਲਾਂ ਕਰਮਜੀਤ ਸਿੰਘ ਨੇ ਵ੍ਹਅਟਸਐਪ ਰਾਹੀਂ ਆਪਣੇ ਪਰਵਾਰ ਨੂੰ ਲੋਕੇਸ਼ਨ ਸੈਂਡ ਕੀਤੀ ਸੀ, ਜਿਸ ਦੀ ਸੂਚਨਾ ਪਰਵਾਰ ਨੇ ਫ਼ਿਰੋਜ਼ਪੁਰ ਦਿੱਤੀ ਅਤੇ ਜਦੋਂ ਆ ਕੇ ਹੋਟਲ ਦੇ ਕਮਰੇ ਵਿੱਚ ਦੇਖਿਆ ਤਾਂ ਉਸਦੇ ਗਲੇ ਵਿੱਚ ਫੰਦਾ ਲੱਗਾ ਹੋਇਆ ਸੀ। ਸਵੇਰਾ ਹੋਟਲ ਦੇ ਮਾਲਿਕ ਤਰੁਣ ਮਿਤਲ ਨੇ ਕਿਹਾ ਕਿ ਉਹ ਇਸ ਵਕਤ ਬਾਹਰ ਹੈ ਪਰ ਇਸ ਘਟਨਾ ਦੀ ਜਾਣਕਾਰੀ ਸਭ ਤੋਂ ਪਹਿਲਾਂ ਪੁਲਸ ਨੂੰ ਦਿੱਤੀ ਗਈ ਸੀ ਤੇ ਪੁਲਸ ਦੀ ਮੌਜੂਦਗੀ ਵਿੱਚ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਮ੍ਰਿਤਕ ਫੰਦੇ ਨਾਲ ਲੱਟਕਦਾ ਹੋਇਆ ਪਾਇਆ ਗਿਆ।

Continue Reading

ਪੰਜਾਬੀ ਖ਼ਬਰਾਂ

ਜ਼ਮੀਨ ਦਾ ਬਿਆਨਾ 26 ਲੱਖ ਰੁਪਏ ਲੈਕੇ ਰਜਿਸਟਰੀ ਨਹੀਂ ਕਰਾਈ

Published

on

land scam

ਭੋਗਪੁਰ, 31 ਜੁਲਾਈ – ਪਿੰਡ ਬਜਾਜ ਥਾਣਾ ਭੁਲੱਥ ਵਾਸੀ ਇੱਕ ਵਸਨੀਕ ਦੀ ਸ਼ਿਕਾਇਤ ਉੱਤੇ ਭੋਗਪੁਰ ਪੁਲਸ ਨੇ ਕੁਲਵਿੰਦਰ ਸਿੰਘ ਵਾਸੀ ਬੁੱਟਰਾਂ ਦੇ ਖ਼ਿਲਾਫ਼ 26 ਲੱਖ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਨੇ ਐਸ ਐਸ ਪੀ ਜਲੰਧਰ ਦਿਹਾਤੀ ਨੂੰ ਸ਼ਿਕਾਇਤ ਦਿੱਤੀ ਕਿਹਾ ਸੀ ਕਿ ਉਸ ਨੇ ਕੁਲਵਿੰਦਰ ਸਿੰਘ ਵਾਸੀ ਬੁੱਟਰਾਂ ਨਾਲ ਪ੍ਰਤੀ ਏਕੜ 18 ਲੱਖ ਰੁਪਏ ਦੇ ਹਿਸਾਬ 25 ਕਨਾਲ ਜ਼ਮੀਨ (ਤਿੰਨ ਏਕੜ ਇੱਕ ਕਨਾਲ) ਦਾ ਸੌਦਾ ਕੀਤਾ ਸੀ।ਇਸ ਜ਼ਮੀਨ ਦਾ ਬਿਆਨਾ ਅਗਸਤ 2020 ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਸ਼ਿਕਾਇਤ ਕਰਤਾ ਨੇ ਕੁਲਵਿੰਦਰ ਸਿੰਘ ਨੂੰ 19 ਲੱਖ ਰੁਪਏ ਆਪਣੇ ਬੈਂਕ ਖਾਤੇ ਰਾਹੀਂ ਤੇ ਇੱਕ ਲੱਖ ਨਗਦ ਕੁਲ 20 ਲੱਖ ਰੁਪਏ ਬਿਆਨੇ ਵਜੋਂ ਦਿੱਤੇ ਸਨ ਤੇ ਜ਼ਮੀਨ ਦੀ ਰਜਿਸਟਰੀ 15 ਅਪ੍ਰੈਲ 2021 ਨੂੰ ਕਰਾਉਣ ਦਾ ਇਕਰਾਰ ਕੁਲਵਿੰਦਰ ਸਿੰਘ ਨੇ ਕੀਤਾ ਸੀ। ਉਸ ਨੇ ਇਹ ਜ਼ਮੀਨ ਅਸਲ ਵਿੱਚ ਭੋਗਪੁਰ ਦੇ ਇੱਕ ਸਰਕਾਰੀ ਬੈਂਕ ਪਾਸ ਗਿਰਵੀ ਰੱਖ ਕੇ ਕਰਜ਼ਾ ਲਿਆ ਹੋਇਆ ਸੀ।ਕੁਲਵਿੰਦਰ ਸਿੰਘ ਨੇ ਬਿਆਨੇ ਵਜੋਂ ਲਈ ਰਕਮ ਨਾਲ ਇਸ ਜ਼ਮੀਨ ਉੱਤੇ ਲਿਆ ਕਰਜ਼ਾ ਜਮ੍ਹਾ ਕਰਵਾਉਣ ਦਾ ਵਾਅਦਾ ਕੀਤਾ ਸੀ। ਬਿਆਨਾ ਕਰਨ ਤੋਂ ਕੁਝ ਸਮੇਂ ਬਾਅਦ ਕੁਲਵਿੰਦਰ ਸਿੰਘ ਨੇ ਸ਼ਿਕਾਇਤ ਕਰਤਾ ਪਾਸੋਂ ਛੇ ਲੱਖ ਰੁਪਏ ਦੀ ਹੋਰ ਮੰਗ ਕੀਤੀ ਤਾਂ ਸ਼ਿਕਾਇਤ ਕਰਤਾ ਨੇ ਸਤੰਬਰ 2020 ਵਿੱਚ ਦੋ ਲੱਖ ਰੁਪਏ ਬੈਂਕ ਰਾਹੀਂ ਅਤੇ ਚਾਰ ਲੱਖ ਰੁਪਏ ਨਗਦ ਕੁਲਵਿੰਦਰ ਸਿੰਘ ਨੂੰ ਦੇ ਦਿੱਤੇ, ਇਸ ਤਰ੍ਹਾਂ ਸ਼ਿਕਾਇਤ ਕਰਤਾ ਨੇ ਕੁਲ 26 ਲੱਖ ਰੁਪਏ ਕੁਲਵਿੰਦਰ ਸਿੰਘ ਨੂੰ ਦੇ ਦਿੱਤੇ ਤੇ ਬਾਕੀ ਰਕਮ ਜ਼ਮੀਨ ਦੀ ਰਜਿਸਟਰੀ ਵੇਲੇ ਕੁਲਵਿੰਦਰ ਸਿੰਘ ਨੂੰ ਦੇਣੀ ਸੀ। ਸ਼ਿਕਾਇਤ ਕਰਤਾ ਬਿਆਨੇ ਦੀ ਤੈਅ ਮਿਤੀ ਅਨੁਸਾਰ 15 ਅਪ੍ਰੈਲ 2021 ਨੂੰ ਸਬ ਰਜਿਸਟਰਾਰ ਭੋਗਪੁਰ ਦੇ ਦਫ਼ਤਰ ਗਿਆ, ਪਰ ਕੁਲਵਿੰਦਰ ਸਿੰਘ ਨਹੀਂ ਆਇਆ। ਸ਼ਿਕਾਇਤ ਕਰਤਾ ਨੇ ਵਕੀਲ ਰਾਹੀਂ ਕੁਲਵਿੰਦਰ ਸਿੰਘ ਨੂੰ ਨੋਟਿਸ ਭੇਜ ਕੇ 6 ਮਈ 2021 ਨੂੰ ਸਵੇਰੇ ਸਬ ਰਜਿਸਟਰਾਰ ਦਫ਼ਤਰ ਵਿੱਚ ਆ ਕੇ ਆਪਣੀ ਬਾਕੀ ਰਹਿੰਦੀ ਰਕਮ ਵਸੂਲ ਕਰਕੇ ਜ਼ਮੀਨ ਦੀ ਰਜਿਸਟਰੀ ਉਸ ਦੇ ਹੱਕ ਵਿੱਚ ਕਰਾਉਣ ਲਈ ਕਿਹਾ, ਪਰ ਕੁਲਵਿੰਦਰ ਸਿੰਘ ਹਾਜ਼ਰ ਨਹੀਂ ਹੋਇਆ। ਇਸ ਦੇ ਬਾਅਦ ਸ਼ਿਕਾਇਤ ਕਰਤਾ ਨੇ ਕੁਲਵਿੰਦਰ ਸਿੰਘਉੱਤੇ 26 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਏ ਸਨ, ਜਿਸ ਦੀ ਜਾਂਚ ਡੀ ਐੱਸ ਪੀ ਜਲੰਧਰ ਨੂੰ ਸੌਂਪੀ ਗਈ। ਉਨ੍ਹਾਂ ਨੇ ਸਾਰੇ ਕੇਸ ਦੀ ਜਾਂਚ ਕਰਨ ਪਿੱਛੋਂ ਆਪਣੀ ਰਿਪੋਰਟ ਵਿੱਚ ਸ਼ਿਕਾਇਤ ਕਰਤਾ ਵੱਲੋਂ ਕੁਲਵਿੰਦਰ ਸਿੰਘ ਉੱਤੇ 26 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਨੂੰ ਸਹੀ ਠਹਿਰਾਇਆ ਅਤੇ ਥਾਣਾ ਭੋਗਪੁਰ ਨੂੰ ਦੋਸ਼ੀ ਕੁਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬੁੱਟਰਾਂ ਜ਼ਿਲ੍ਹਾ ਜਲੰਧਰ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ।

Continue Reading

ਰੁਝਾਨ


Copyright by IK Soch News powered by InstantWebsites.ca