ਚੰਡੀਗੜ੍ਹ, 25 ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਲਾਏ ਗਏ ਬੇਬੁਨਿਆਦ ਦੋਸ਼ਾਂ ਦੀ ਹਮਾਇਤ ਵਿੱਚ ਸਾਂਝੇ ਕੀਤੇ ਗੈਰ-ਸਬੂਤ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦੇ ਹਨ ਅਤੇ ਇਸ ਦੇ ਨਾਲ ਰਾਜਨੀਤੀ ਤੋਂ ਪ੍ਰੇਰਿਤ ਏਜੰਡੇ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਵੱਲੋਂ ਬੋਲੇ ਜਾ ਰਹੇ ਝੂਠਾਂ ਦਾ ਵੀ ਪਰਦਾ ਫਾਸ਼ ਹੋ ਗਿਆ।
ਇਸ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਬਿਆਨ ਦੀ ਅੰਤ੍ਰਿਮ ਕਮੇਟੀ ਮੈਂਬਰਾਂ ਦੀ ਲਿਸਟ ਜਾਰੀ ਕਰਨ ਬਾਰੇ ਆਡਿਟ ਕੀਤੀ ਵੀਡੀਓ ਦਾ ਚੋਣਵਾਂ ਹਿੱਸਾ ਸਾਂਝਾ ਕਰਕੇ ਆਮ ਆਦਮੀ ਾਪਰਟੀ ਦੇ ਬੁਲਾਰੇ ਨੇ ਆਪਣੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਕੋਲ ਬੋਲੇ ਜਾਂਦੇ ਝੂਠ ਦੀ ਲੜੀ ਵਿੱਚ ਇੱਕ ਹੋਰ ਦਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈਆਂ ਸਿੱਧ ਕਰਦੀਆਂ ਹਨ ਕਿ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਆਪਣੇ ਰਾਜਸੀ ਏਜੰਡੇ ਨੂੰ ਵਧਾਉਣ ਦੀ ਬੇਚੈਨੀ ਨੇ ਜ਼ੋਰ ਫੜ ਲਿਆ ਹੈ ਜਿੱਥੇ ਉਨ੍ਹਾਂ ਨੂੰ ਵੋਟਰਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਵਿੱਚ ਗੈਰ-ਸਨਮਾਨ ਯੋਗ ਤਰੀਕੇ ਨਾਲ ਰੱਦ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ, ‘‘ਜੇ ਉਹ ਸੋਚਦੇ ਹਨ ਕਿ ਉਹ ਛੇੜਛਾੜ ਕਰਕੇ ਬਣਾਈ ਵੀਡੀਓ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਲੈਣਗੇ ਤਾਂ ਉਹ ਪੰਜਾਬ ਬਾਰੇ ਉਸ ਤੋਂ ਵੱਧ ਅਣਜਾਣ ਹਨ, ਜਿੰਨਾ ਮੈਂ ਸੋਚਦਾ ਸੀ।” ਉਨ੍ਹਾਂ ਕਿਹਾ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਪੈਰ ਜਮਾਉਣ ਲਈ ਅਜਿਹੀਆਂ ਹੋਛੀਆਂ ਚਾਲਾਂ ਚੱਲਣ ਦੀ ਇਸ ਲਈ ਲੋੜ ਪੈਂਦੀ ਹੈ ਕਿਉਂਕਿ ਉਨ੍ਹਾਂ ਕੋਲ ਪੰਜਾਬ ਲਈ ਠੋਸ ਏਜੰਡਾ ਹੀ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਸਵਾਲ ਕੀਤਾ ਕਿ ਉਹ 7 ਅਗਸਤ 2019 ਦੀ ਉਚ ਤਾਕਤੀ ਕਮੇਟੀ ਦੇ ਮੈਂਬਰਾਂ ਦੀ ਅੰਤਿਮ ਸੂਚੀ ਸਾਂਝੀ ਕਰਕੇ ਕੀ ਸਿੱਧ ਕਰਨਾ ਚਾਹੁੰਦੇ ਹਨ, ਜਦੋਂ ਅਸਲੀ ਕਮੇਟੀ (ਪੰਜਾਬ ਨੂੰ ਛੱਡ ਕੇ) 15 ਜੂਨ 2019 ਨੂੰ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੇ ਬੁਲਾਰੇ ਵੱਲੋਂ ਪੇਸ਼ ਕੀਤੇ ਦਸਤਾਵੇਜ਼ਾਂ ਵਿੱਚ ਇਹ ਤਰੀਕਾਂ ਸਪੱਸ਼ਟ ਹੁੰਦੀਆਂ ਹਨ। ਮੁੱਖ ਮੰਤਰੀ ਨੇ ਕਿਹਾ, ‘‘ਤੁਸੀਂ ਇਸ ਫਰਕ ਨੂੰ ਬਿਲਕੁਲ ਨਹੀਂ ਸਮਝ ਸਕਦੇ ਕਿ ਪੰਜਾਬ ਸ਼ੁਰੂ ਵਿੱਚ ਕਮੇਟੀ ਵਿੱਚ ਸ਼ਾਮਲ ਨਹੀਂ ਸੀ ਤੇ ਮੇਰੇ ਵੱਲੋਂ ਨਿੱਜੀ ਤੌਰ ਤੇ ਕੇਂਦਰ ਨੂੰ ਇਸ ਮੁੱਦੇ ਬਾਰੇ ਲਿਖਣ ਪਿੱਛੋਂ ਕਮੇਟੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ।” ਉਨ੍ਹਾ ਪੁੱਛਿਆ, ‘‘ਅੰਤਿਮ ਸੂਚੀ, ਜਿਸ ਵਿੱਚ ਪੰਜਾਬ ਨੂੰ ਮੇਰੇ ਦਖਲ ਤੋਂ ਬਾਅਦ ਸ਼ਾਮਲ ਕੀਤਾ ਗਿਆ ਸੀ, ਦਾ ਦਿਖਾਵਾ ਕਰਨ ਤੋਂ ਬਾਅਦ ਮੈਂ ਗਲਤ ਸਾਬਤ ਕਿਵੇਂ ਹੋ ਗਿਆ।” ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਇਹ ਦਾਅਵਾ ਨਹੀਂ ਕੀਤਾ ਕਿ ਪੰਜਾਬ ਪੁਨਰ ਗਠਿਤ ਕਮੇਟੀ ਵਿੱਚ ਸ਼ਾਮਲ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਜੇ ਆਮ ਆਦਮੀ ਪਾਰਟੀ ਨੇ ਮੇਰੇ ਬਿਆਨਾਂ ਦੀਆਂ ਮੁਕੰਮਲ ਵੀਡੀਓਜ਼ ਸਾਂਝੀਆਂ ਕੀਤੀਆਂ ਹੁੰਦੀਆਂ ਤਾਂ ਜੋ ਮੈਂ ਕਹਿ ਰਿਹਾ ਹਾਂ, ਉਸ ਦਾ ਸੱਚ ਸਾਬਤ ਹੋ ਜਾਣਾ ਸੀ, ਇਸ ਤੋਂ ਜ਼ਾਹਰ ਹੈ ਕਿ ਉਨ੍ਹਾਂ ਨੇ ਬਹੁਤ ਸੋਚ ਕੇ ਮੇਰੇ ਬਿਆਨਾਂ ਨੂੰ ਤੋੜ ਕੇ ਪੇਸ਼ ਕੀਤਾ ਹੈ।” ਉਨ੍ਹਾਂ ਕਿਹਾ ਕਿ ਜਦੋਂ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਸੀ, ਪੰਜਾਬ ਇਸ ਦਾ ਹਿੱਸਾ ਨਹੀਂ ਸੀ ਅਤੇ ਪੰਜਾਬ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਇੱਕ ਮੀਟਿੰਗ ਹੋਈ ਜਿਸ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਵਿੱਤੀ ਮੁੱਦੇ ਵਿਚਾਰੇ ਗਏ ਸਨ ਜਦੋਂ ਕਿ ਅਖ਼ੀਰ ਵਿੱਚ ਸਿਰਫ਼ ਖੇਤੀਬਾੜੀ ਸੈਕਟਰੀ ਨੂੰ ਸੱਦਿਆ ਗਿਆ ਸੀ। ਉਨ੍ਹਾਂ ਕਿਹਾ, ‘‘ਇਹ ਸਭ ਰਿਕਾਰਡ ਵਿੱਚ ਹੈ, ਆਮ ਆਦਮੀ ਪਾਰਟੀ ਇਸ ਦਾ ਪਤਾ ਲਾਉਣ ਵਿੱਚ ਵਿਸ਼ਵਾਸ ਨਹੀਂ ਰੱਖਦੀ। ਉਨ੍ਹਾਂ ਕਿਹਾ, ਆਪ ਪਾਰਟੀ ਦਾ ਬੁਲਾਰਾ ਆਪਣੀ ਪੰਜਾਬ ਮਾਮਲਿਆਂ ਦੇ ਇੰਚਾਰਜ ਵਜੋਂ ਨਵ-ਨਿਯੁਕਤੀ ਨੂੰ ਸਿੱਧ ਕਰਨ ਦੇ ਜੋਸ਼ ਵਿੱਚ ਪੂਰੀ ਪੜਤਾਲ ਕਰਨ ਤੋਂ ਅਸਫਲ ਰਿਹਾ ਜਾਂ ਸ਼ਾਇਦ ਉਹ ਮਹਿਜ਼ ਆਪਣੇ ਆਕਾ ਕੇਜਰੀਵਾਲ ਦੇ ਦਿਖਾਏ ਕਦਮਾਂਤੇ ਚੱਲ ਰਿਹਾ ਹੈ।