Cancer train from Bathinda to Bikaner closed for 11 months
Connect with us [email protected]

ਪੰਜਾਬੀ ਖ਼ਬਰਾਂ

ਬਠਿੰਡੇ ਤੋਂ ਬੀਕਾਨੇਰ ਜਾਂਦੀ ਕੈਂਸਰ ਟਰੇਨ 11 ਮਹੀਨਿਆਂ ਤੋਂ ਬੰਦ ਹੋਣ ਕਾਰਨ ਮਰੀਜ਼ ਔਖੇ

Published

on

Biknar-Train

ਬਠਿੰਡਾ, 19 ਮਾਰਚ – ਕੈਂਸਰ ਟਰੇਨ ਵਜੋਂ ਜਾਣੀ ਅਬੋਹਰ ਜੋਧਪੁਰ ਰੇਲ ਗੱਡੀ ਬੰਦ ਹੋਣ ਨਾਲ ਮਾਲਵਾ ਖੇਤਰ ਦੇ ਕੈਂਸਰ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਕਾਰਨ ਇਹ ਰੇਲ ਗੱਡੀ ਪਿਛਲੇ 11 ਮਹੀਨਿਆਂ ਤੋਂ ਬੰਦ ਹੈ, ਜਿਸ ਕਾਰਨ ਅਚਾਰੀਆ ਤੁਲਸੀ ਰਿਜ਼ਨਲ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਵਿੱਚ ਆਪਣਾ ਇਲਾਜ ਕਰਵਾ ਰਹੇ ਲੋਕਾਂ ਨੂੰ ਓਥੇ ਜਾਣ-ਆਉਣ ਦੀ ਮੁਸ਼ਕਲ ਹੋ ਗਈ ਹੈ।
ਵਰਨਣ ਯੋਗ ਹੈ ਕਿ ਇਹ ਟਰੇਨ ਮਾਲਵਾ ਖੇਤਰ ਦੇ ਕੈਂਸਰ ਮਰੀਜ਼ਾਂ ਲਈ ਵੱਡੀ ਰਾਹਤ ਵਾਲੀ ਸੀ, ਜਿਸ ਦੇ ਰਾਹੀਂ ਮਾਲਵਾ ਦੇ ਬਠਿੰਡਾ, ਮਾਨਸਾ, ਫਰੀਦਕੋਟ, ਅਬੋਹਰ, ਫਾਜ਼ਿਲਕਾ, ਮੁਕਤਸਰ ਸਾਹਿਬ, ਫਿਰੋਜ਼ਪੁਰ ਤੋਂ ਬਿਨਾ ਹਰਿਆਣਾ ਦੇ ਡੱਬਵਾਲੀ ਖੇਤਰ ਨਾਲ ਲੱਗਦੇ ਕੁਝ ਪਿੰਡਾਂ ਦੇ ਕੈਂਸਰ ਮਰੀਜ਼ ਆਪਣੇ ਇਲਾਜ ਲਈ ਬੀਕਾਨੇਰ ਜਾਂਦੇ ਸਨ। ਰੋਜ਼ ਕਰੀਬ ਸਵਾ ਸੌ ਤੋਂ ਵਧੇਰੇ ਕੈਂਸਰ ਮਰੀਜ਼ਾਂ ਤੇ ਕਰੀਬ ਸਵਾ ਦੋ ਸੌ ਦੇ ਕਰੀਬ ਉਨ੍ਹਾਂ ਦੇ ਪਰਵਾਰਕ ਮੈਂਬਰ ਇਸ ਗੱਡੀ ਵਿੱਚ ਸਫਰ ਕਰ ਕੇ ਬੀਕਾਨੇਰ ਜਾਂਦੇ ਸਨ। ਰੇਲਵੇ ਨੇ ਕੈਂਸਰ ਮਰੀਜ਼ਾਂ ਲਈ ਸਫਰ ਦੀ ਸਹੂਲਤ ਮੁਫਤ ਦਿੱਤੀ ਹੋਈ ਹੈ ਅਤੇ ਉਨ੍ਹਾਂ ਨਾਲ ਜਾਣ ਵਾਲੇ ਪਰਵਾਰਕ ਮੈਂਬਰਾਂ ਦਾ 75 ਫੀਸਦੀ ਕਿਰਾਇਆ ਮੁਫਤ ਹੈ। ਬੀਕਾਨੇਰ ਵਿੱਚ ਇਲਾਜ ਪੰਜਾਬ ਤੋਂ ਸਸਤਾ ਹੋਣ ਕਾਰਨ ਬਹੁਤ ਸਾਰੇ ਮਰੀਜ਼ ਆਪਣਾ ਇਲਾਜ ਉਥੋਂ ਕਰਾਉਂਦੇ ਹਨ। ਭਾਵੇਂ ਬਠਿੰਡੇ ਵਿੱਚ ਐਡਵਾਂਸ ਕੈਂਸਰ ਇੰਸਟੀਚਿਊਟ ਖੁੱਲ੍ਹ ਗਿਆ ਹੈ, ਫਿਰ ਵੀ ਲੋਕਾਂ ਨੇ ਬੀਕਾਨੇਰ ਜਾਣਾ ਘੱਟ ਨਹੀਂ ਕੀਤਾ। ਮਜਬੂਰੀ ਵੱਸ ਇਨ੍ਹਾਂ ਨੂੰ ਬਠਿੰਡਾ ਅਤੇ ਫਰੀਦਕੋਟ ਮੈਡੀਕਲ ਕਾਲਜ ਵਿੱਚ ਇਲਾਜ ਕਰਾਉਣਾ ਪੈ ਰਿਹਾ ਹੈ। ਕੈਂਸਰ ਦੇ ਮਰੀਜ਼ ਕਹਿੰਦੇ ਹਨ ਕਿ ਬਠਿੰਡਾ ਦੇ ਕੈਂਸਰ ਹਸਪਤਾਲ ਵਿੱਚ ਮਾਹਰ ਡਾਕਟਰ ਨਹੀਂ ਹਨ ਅਤੇ ਦੂਜਾ ਬੀਕਾਨੇਰ ਦੇ ਮੁਕਾਬਲੇ ਇਥੇ ਇਲਾਜ ਮਹਿੰਗਾ ਹੈ।
ਮਹਿਣਾ ਪਿੰਡ ਦੀ ਜਸਬੀਰ ਕੌਰ ਅਤੇ ਮੌੜ ਦੀ ਅੰਗਰੇਜ਼ ਕੌਰ ਛਾਤੀ ਦੇ ਕੈਂਸਰ ਤੋਂ ਪੀੜਤ ਹਨ ਅਤੇ ਉਨ੍ਹਾਂ ਦਾ ਇਲਾਜ ਬੀਕਾਨੇਰ ਤੋਂ ਚੱਲ ਰਿਹਾ ਸੀ, ਪਰ ਲਾਕਡਾਊਨ ਕਾਰਨ ਉਨ੍ਹਾਂ ਨੂੰ ਆਪਣੀ ਸਰਜਰੀ ਬਠਿੰਡਾ ਦੇ ਐਡਵਾਂਸ ਕੈਂਸਰ ਇੰਸਟੀਚਿਊਟ ਤੋਂ ਕਰਾਉਣੀ ਪਈ। ਜ਼ਿਲ੍ਹੇ ਦੇ ਇੱਕ ਹੋਰ ਮਰੀਜ਼ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਗਲੇ ਦੇ ਕੈਂਸਰ ਦਾ ਇਲਾਜ ਬੀਕਾਨੇਰ ਦੇ ਹਸਪਤਾਲ ਤੋਂ ਕਰਾਇਆ ਸੀ ਅਤੇ ਹਰ ਤਿੰਨ ਮਹੀਨੇ ਬਾਅਦ ਜਾਂਚ ਕਰਾਉਣ ਬੀਕਾਨੇਰ ਜਾਣਾ ਪੈਂਦਾ ਹੈ, ਬੀਕਾਨੇਰ ਵਾਲੀ ਗੱਡੀ ਬੰਦ ਹੋਣ ਕਾਰਨ ਉਹ ਜਾਂਚ ਕਰਾਉਣ ਨਹੀਂ ਜਾ ਸਕਿਆ। ਜਿਹੜੇ ਮਰੀਜ਼ ਬੀਕਾਨੇਰ ਤੋਂ ਕੀਮੋਥੈਰੇਪੀ ਕਰਵਾ ਰਹੇ ਸਨ, ਉਹ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ ਕਿਉਂਕਿ ਕੀਮੋਥੈਰੇਪੀ ਦੇ ਛੇ ਚੱਕਰ ਸਮੇਂ ਦੇ ਅੰਦਰ ਪੂਰੇ ਕਰਨੇ ਹੁੰਦੇ ਹਨ।ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਕਾਰਨ ਲਾਕਡਾਊਨ ਤਹਿਤ ਕੁਝ ਟਰੇਨਾਂ ਬੰਦ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਅਬਹੋਰ-ਜੋਧਪੁਰ ਟਰੇਨ ਵੀ ਸ਼ਾਮਲ ਹੈ।

ਪੰਜਾਬੀ ਖ਼ਬਰਾਂ

ਸੜਕ ਜਾਮ ਕਰ ਕੇ ਬੈਠੇ ਅੰਦੋਲਨਕਾਰੀਆਂ ਦੇ ਖਿਲਾਫ ਸੁਪਰੀਮ ਕੋਰਟ ਨੇ ਸਖਤ ਰੁਖ਼ ਲਿਆ

Published

on

supreme court

ਸੁਣਵਾਈ ਸੱਤ ਮਈ ਤੱਕ ਲਈ ਟਾਲ ਦਿੱਤੀ ਗਈ
ਨਵੀਂ ਦਿੱਲੀ, 20 ਅਪ੍ਰੈਲ – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਦੇ ਵਿਰੁੱਧ ਅੰਦੋਲਨ ਲਈ ਸੜਕ ਜਾਮ ਕਰ ਕੇ ਬੈਠੇ ਲੋਕਾਂ ਨੂੰ ਸੁਪਰੀਮ ਕੋਰਟ ਨੇ ਉਥੋਂ ਹਟਣ ਦਾ ਸਾਫ ਸੰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਤੁਸੀਂ ਪਿੰਡ ਵਸਾਉਣਾ ਚਾਹੰੁਦੇ ਹੋ ਤਾਂ ਵਸਾਓ, ਪਰ ਦੂਸਰਿਆਂ ਦੀ ਜ਼ਿੰਦਗੀ ਵਿੱਚ ਅੜਿੱਕਾ ਨਾ ਪਾਓ।
ਆਏ ਦਿਨ ਸੜਕ ਜਾਮ ਕਰਨ ਦੇ ਮਸਲੇ ਉੱਤੇ ਕੋਰਟ ਨੇ ਕਿਹਾ ਕਿ ਲੋਕ ਆਪਣੀ ਜਗ੍ਹਾ ਠੀਕ ਹੋ ਸਕਦੇ ਹਨ, ਪਰ ਰਸਤਾ ਰੋਕਣਾ ਠੀਕ ਨਹੀਂ। ਇਸ ਤੋਂ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਦੇ ਖਿਲਾਫ ਅੰਦੋਲਨ, ਫਿਰ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਵਰਗੇ ਮੁੱਦਿਆਂ ਤੋਂ ਸੜਕ ਜਾਮ ਨੇ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ, ਉਥੇ ਹੀ ਕਈ ਮਾਮਲਿਆਂ ਵਿੱਚ ਇਹ ਵਿਰੋਧ ਦਾ ਨਕਾਰਾਤਮਕ ਤਰੀਕਾ ਬਣਦਾ ਜਾ ਰਿਹਾ ਹੈ।
ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਹੇਮੰਤ ਗੁਪਤਾ ਦੀ ਬੈਂਚ ਨੇ ਇਹ ਟਿੱਪਣੀਆਂ ਨੋਇਡਾ ਵਾਸੀ ਮੋਨਿਕਾ ਅਗਰਵਾਲ ਦੀ ਅਰਜ਼ੀ ਉੱਤੇ ਸੁਣਵਾਈ ਵੇਲੇ ਕੱਲ੍ਹ ਕੀਤੀਆਂ। ਮੋਨਿਕਾ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਪੇਸ਼ ਕਰ ਕੇ ਨੋਇਡਾ ਤੋਂ ਦਿੱਲੀ ਜਾਣ ਵਿੱਚ ਵੀਹ ਮਿੰਟ ਦੀ ਜਗ੍ਹਾ ਦੋ ਘੰਟੇ ਲੱਗਣ ਦੀ ਗੱਲ ਕਹੀ ਅਤੇ ਇਹ ਵੀ ਕਿਹਾ ਕਿ ਕੋਰਟ ਤੋਂ ਕਈ ਵਾਰ ਹੁਕਮ ਦਿੱਤੇ ਜਾਣ ਦੇ ਬਾਵਜੂਦ ਰਸਤੇ ਖੁੱਲ੍ਹੇ ਨਹੀਂ। ਕੱਲ੍ਹ ਇਸ ਬਾਰੇ ਸੁਣਵਾਈ ਦੌਰਾਨ ਦਿੱਲੀ ਪੁਲਸ ਅਤੇ ਉਤਰ ਪ੍ਰਦੇਸ਼ ਸਰਕਾਰ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਪੇਸ਼ ਹੋਏ। ਤੁਸ਼ਾਰ ਮਹਿਤਾ ਨੇ ਕੋਰਟ ਨੂੰ ਕਿਹਾ ਕਿ ਮੁੱਦੇ ਦਾ ਹੱਲ ਕੱਢਣ ਉੱਤੇ ਕੰਮ ਹੋ ਰਿਹਾ ਹੈ, ਕੋਰਟ ਥੋੜ੍ਹਾ ਸਮਾਂ ਦੇਵੇ ਅਤੇ ਕੇਸ ਦੀ ਸੁਣਵਾਈ ਦੋ ਹਫਤੇ ਲਈ ਟਾਲ ਦੇਵੇ। ਬੈਂਚ ਨੇ ਸੁਣਵਾਈ ਸੱਤ ਮਈ ਤੱਕ ਲਈ ਟਾਲ ਦਿੱਤੀ, ਪਰ ਹਰ ਰੋਜ਼ ਰਸਤਾ ਜਾਮ ਹੋਣ ਕਾਰਨ ਲੋਕਾਂ ਨੂੰ ਹੋਣ ਵਾਲੀਆਂ ਦਿੱਕਤਾਂ ਬਾਰੇ ਕਿਹਾ ਕਿ ਰਸਤਾ ਰੁਕਣ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਬੈਂਚ ਨੇ ਕਿਹਾ ਕਿ ਜੇ ਤੁਸੀ ਪਿੰਡ ਵਸਾਉਣਾ ਹੈ ਤਾਂ ਵਸਾਓ, ਪਰ ਲੋਕਾਂ ਦੀਆਂ ਜ਼ਿੰਦਗੀ ਵਿੱਚ ਅੜਿੱਕਾ ਨਾ ਪਾਓ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਲਾਪਤਾ ਪੱਤਰਕਾਰ ਦੀ ਲਾਸ਼ ਝੀਲ ਵਿੱਚੋਂ ਮਿਲੀ

Published

on

death

ਬਠਿੰਡਾ, 20 ਅਪ੍ਰੈਲ – ਬਠਿੰਡਾ-ਗੋਨਿਆਣਾ ਰੋਡ ਉੱਤੇ ਸ਼ਨੀਵਾਰ ਨੂੰ ਵਾਪਰੇ ਸੜਕ ਹਾਦਸੇ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਹੋਏ ਇੱਕ ਪੰਜਾਬੀ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਦੀ ਲਾਸ਼ ਕੌਮੀ ਖਾਦ ਕਾਰਖਾਨੇ ਦੀਆਂ ਝੀਲਾਂ ਵਿੱਚੋਂ ਮਿਲੀ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਾਲੰਟੀਅਰਾਂ ਨੇ ਪੁਲਸ ਦੀ ਮੌਜੂਦਗੀ ਵਿੱਚ ਲਾਸ਼ ਝੀਲਾਂ ਵਿੱਚੋਂ ਬਾਹਰ ਕੱਢੀ ਅਤੇ ਸਿਵਲ ਹਸਪਤਾਲ ਭਿਜਵਾਈ।
ਇਸ ਤੋਂ ਪਹਿਲਾਂ ਥਾਣਾ ਥਰਮਲ ਪੁਲਸ ਨੇ ਅੰਮ੍ਰਿਤਪਾਲ ਸਿੰਘ ਵਲ੍ਹਾਣ ਵਾਸੀ ਸ਼ਾਂਤ ਨਗਰ ਬਠਿੰਡਾ ਦੇ ਬਿਆਨਾਂ ਉੱਤੇ ਇਸ ਕੇਸ ਵਿੱਚ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ। ਅੰਮ੍ਰਿਤਪਾਲ ਸਿੰਘ ਮੁਤਾਬਕ ਸ਼ਨੀਵਾਰ ਬਾਅਦ ਦੁਪਹਿਰ ਇੱਕ ਵਿਅਕਤੀ ਨੇ ਉਸ ਨੂੰ ਕੰਵਲਜੀਤ ਸਿੰਘ ਦੇ ਸੜਕ ਹਾਦਸੇ ਦਾ ਸ਼ਿਕਾਰ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਜਦੋਂ ਉਹ ਹਾਦਸੇ ਵਾਲੀ ਥਾਂਪੁੱਜਿਆ ਤਾਂ ਕੰਵਲਜੀਤ ਦਾ ਮੋਟਰ ਸਾਈਕਲ ਉਥੇ ਖੜ੍ਹਾ ਸੀ, ਪਰ ਉਹ ਖੁਦ ਉਥੇ ਨਹੀਂ ਸੀ।ਪ੍ਰਤੱਖਦਰਸ਼ੀਆਂ ਅਨੁਸਾਰ ਕੌਮੀ ਖਾਦ ਕਾਰਖਾਨੇ ਨੇੜਲੇ ਪੈਟਰੋਲ ਪੰਪ ਲਾਗੇ ਕੰਵਲਜੀਤ ਨੂੰ ਦੇਖਿਆ ਗਿਆ, ਜਿੱਥੋਂ ਉਹ ਆਪਣੇ ਮੋਟਰ ਸਾਈਕਲ ਉੱਤੇ ਬਠਿੰਡੇ ਵੱਲ ਚਲਾ ਗਿਆ। ਪਰਿਵਾਰ, ਪੁਲਸ ਤੇ ਸਾਥੀ ਪੱਤਰਕਾਰਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਥਹੁ-ਪਤਾ ਨਾ ਲੱਗਿਆ। ਥਾਣਾ ਥਰਮਲ ਦੇ ਮੁੱਖ ਥਾਣਾ ਅਫਸਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਕੰਵਲਜੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ ਹੈ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਗੁਆਂਢਣ ਤੋਂ ਦੁਖੀ ਪਟਿਆਲਾ ਦੇ ਨੌਜਵਾਨ ਵੱਲੋਂ ਅੰਮ੍ਰਿਤਸਰ ਆਣ ਕੇ ਖੁਦਕੁਸ਼ੀ

Published

on

suicide

ਅੰਮ੍ਰਿਤਸਰ, 20 ਅਪ੍ਰੈਲ – ਇਸ ਸ਼ਹਿਰ ਦੇ ਥਾਣਾ ਬੀ ਡਵੀਜ਼ਨ ਦੇ ਨੇੜੇ ਇੱਕ ਹੋਟਲ ਵਿੱਚ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਪਟਿਆਲਾ ਦਾ ਵਸਨੀਕ ਸੀ। ਥਾਣਾ ਬੀ ਡਵੀਜ਼ਨ ਦੇ ਐਸ ਐਚ ਓ ਗੁਰਮਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ।
ਮ੍ਰਿਤਕ ਦੇ ਪਿਤਾ ਪਾਖਰ ਸਿੰਘ ਪਿੰਡ ਕਾਨਪੁਰ ਵੜਿੰਗ, ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਹਰਵਿੰਦਰ ਸਿੰਘ 17 ਅਪ੍ਰੈਲ ਨੂੰ ਘਰੋਂ ਗਿਆ ਸੀ। ਕੱਲ੍ਹ ਉਨ੍ਹਾਂ ਨੂੰ ਹੋਟਲ ਸਟਾਰ ਸਿਟੀ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਬੇਟੇ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਪੁਲਸ ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕ ਹਰਵਿੰਦਰ ਸਿੰਘ ਦੇ ਗੁਆਂਢ ਵਿੱਚ ਮਨਪ੍ਰੀਤ ਕੌਰ ਆਪਣੇ ਬੇਟੇ ਕਮਲਜੀਤ ਸਿੰਘ ਨਾਲ ਰਹਿੰਦੀ ਹੈ ਅਤੇ ਉਨ੍ਹਾਂ ਨਾਲ ਝਗੜਾ ਕਰਦੀ ਰਹਿੰਦੀ ਹੈ ਅਤੇ ਉਨ੍ਹਾਂ ਦਾ ਰਸਤਾ ਵੀ ਰੋਕਦੀ ਹੈ। ਜਦ ਉਹ ਉਸ ਦਾ ਵਿਰੋਧ ਕਰਦੇ ਹਨ ਤਾਂ ਪੁਲਸ ਕੋਲ ਪਹੁੰਚ ਜਾਂਦੀ ਹੈ। ਹਰਵਿੰਦਰ ਸਿੰਘ ਅਤੇ ਉਸ ਦੇ ਪਰਵਾਰ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਕਰਦੀ ਹੈ। ਉਹ ਕੁਝ ਦਿਨਾਂ ਤੋਂ ਧਮਕੀਆਂ ਦੇ ਰਹੀ ਸੀ ਕਿ ਉਹ ਆਪਣੇ ਕੱਪੜੇ ਪਾੜ ਕੇ ਉਨ੍ਹਾਂ ਦੇ ਪਰਵਾਰ ਉੱਤੇ ਝੂਠਾ ਕੇਸ ਦਰਜ ਕਰਵਾਏਗੀ। ਇਸੇ ਕਾਰਨ ਹਰਵਿੰਦਰ ਸਿੰਘ ਪ੍ਰੇਸ਼ਾਨ ਸੀ। ਜਦ ਪੁਲਸ ਨੇ ਹੋਟਲ ਦੇ ਕਮਰੇ ਦੀ ਜਾਂਚ ਕੀਤੀ ਤਾਂ ਉਥੋਂ ਮਿਲੀ ਡਾਇਰੀ ਵਿੱਚ ਸੁਸਾਈਡ ਨੋਟ ਲਿਖਿਆ ਹੋਇਆ ਸੀ, ਜਿਸ ਵਿੱਚ ਮਨਪ੍ਰੀਤ ਕੌਰ ਅਤੇ ਉਸ ਦੇ ਬੇਟੇ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਥਾਣਾ ਬੀ ਡਵੀਜ਼ਨ ਦੀ ਪੁਲਸ ਦੋਸ਼ੀ ਮਾਂ-ਬੇਟੇ ਦੀ ਗ੍ਰਿਫਤਾਰੀ ਲਈ ਪਟਿਆਲਾ ਦੇ ਰਾਜਪੁਰਾ ਵਿੱਚ ਛਾਪੇਮਾਰ ਕਰ ਰਹੀ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca