BJP leader Bhandari also came out in favor of Anil Joshi for
Connect with us [email protected]

ਰਾਜਨੀਤੀ

ਭਾਜਪਾ ਆਗੂ ਭੰਡਾਰੀ ਵੀ ਕਿਸਾਨ-ਪੱਖੀ ਸਟੈਂਡ ਲਈ ਅਨਿਲ ਜੋਸ਼ੀ ਦੇ ਹੱਕ ਵਿੱਚ ਆਏ

Published

on

Anil Joshi

ਜਲੰਧਰ, 19 ਜੁਲਾਈ – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਕੇ ਡੀ ਭੰਡਾਰੀ ਨੇ ਪਾਰਟੀ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਉਹ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢਣ ਬਾਰੇ ਮੁੜ ਵਿਚਾਰ ਕਰੇ।
ਕੇ ਡੀ ਭੰਡਾਰੀ ਨੇ ਆਖਿਆ ਕਿ ਪੰਜਾਬੀ ਹੋਣ ਦੇ ਕਾਰਨ ਅਨਿਲ ਜੋਸ਼ੀ ਨੇ ਕਿਸਾਨਾਂ ਦਾ ਮੁੱਦਾ ਨੂੰ ਸਭ ਤੋਂ ਪਹਿਲਾਂ ਪਾਰਟੀ ਦੇ ਮੰਚ ਉੱਤੇ ਉਠਾਇਆ ਸੀ। ਉਨ੍ਹਾਂ ਨੇ ਇਹੀ ਗੱਲ ਕਹੀ ਸੀ ਕਿ ਜੋ ਹਾਲਾਤ ਬਣੇ ਹੋਏ ਹਨ, ਉਸ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ। ਭੰਡਾਰੀ ਨੇ ਦਾਅਵਾ ਕੀਤਾ ਕਿ ਅਨਿਲ ਜੋਸ਼ੀ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਫੈਸਲਿਆਂ ਦੇ ਵਿਰੁੱਧ ਕਦੇ ਵੀ ਕੋਈ ਬਿਆਨਬਾਜ਼ੀ ਨਹੀਂ ਕੀਤੀ ਤੇ ਨਾ ਖੇਤੀ ਕਾਨੂੰਨਾਂ ਵਿਰੁੱਧ ਉਹ ਬੋਲੇ ਸਨ। ਉਨ੍ਹਾਂ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਸੀ ਕਿ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਦਾ ਮਾਮਲਾ ਹੱਲ ਹੋਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਪੰਜਾਬ ਵਿੱਚ ਭਾਜਪਾ ਨੂੰ ਰਾਜਨੀਤਕ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਵਰਨਣ ਯੋਗ ਹੈ ਕਿ ਭਾਜਪਾ ਲੀਡਰਸ਼ਿਪ ਨੇ ਅਨਿਲ ਜੋਸ਼ੀ ਨੂੰ ਪਹਿਲਾਂ ਸਸਪੈਂਡ ਕੀਤਾ ਸੀ ਤੇ ਬਾਅਦ ਵਿੱਚ ਉਨ੍ਹਾਂ ਨੂੰ ਛੇ ਸਾਲ ਲਈ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ। ਭੰਡਾਰੀ ਨੇ ਕਿਹਾ ਕਿ ਸਾਡਾ ਫਰਜ਼ ਹੈ ਕਿ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੇ ਹੱਕ ਵਿੱਚ ਬੋਲੀਏ। ਉਨ੍ਹਾਂ ਕਿਹਾ ਕਿ ਅਨਿਲ ਜੋਸ਼ੀ ਉਦੋਂ ਜਨਤਕ ਤੌਰ ਉੱਤੇ ਬੋਲਣ ਲੱਗੇ ਸਨ, ਜਦੋਂ ਮਹਿਸੂਸ ਕੀਤਾ ਕਿ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹਾ ਮਾਹੌਲ ਨਹੀਂ ਬਣਨਾ ਚਾਹੀਦਾ, ਜਿਸ ਨਾਲ ਹਿੰਦੂ ਸਿੱਖ ਭਾਈਚਾਰੇ ਨੂੰ ਸੱਟ ਵੱਜੇ। ਪੰਜਾਬੀ ਹੋਣ ਦੇ ਨਾਤੇ ਅਨਿਲ ਜੋਸ਼ੀ ਨੇ ਆਪਣਾ ਫਰਜ਼ ਨਿਭਾਇਆ ਹੈ।
ਕੇ ਡੀ ਭੰਡਾਰੀ ਪਹਿਲਾਂ ਵੀ ਇਹ ਬਿਆਨ ਦੇ ਚੁੱਕੇ ਹਨ ਕਿ ਉਹ ਪਹਿਲਾਂ ਪੰਜਾਬੀ ਹਨ ਤੇ ਪੰਜਾਬ ਦੇ ਹੱਕਾਂ, ਹਿੱਤਾਂ ਲਈ ਡੱਟ ਕੇ ਖੜ੍ਹਨਗੇ। ਉਨ੍ਹਾ ਨੇ ਕਿਹਾ ਕਿ ਕਿਸਾਨ ਵੀ ਉਨ੍ਹਾਂ ਦੇ ਭੈਣ-ਭਰਾ ਹਨ, ਜੋ ਲੰਮੇ ਸਮੇਂ ਤੋਂ ਸੜਕਾਂ ਉੱਤੇ ਧਰਨਾ ਦੇ ਰਹੇ ਹਨ, ਇਸ ਲਈ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ।
ਇੱਕ ਹੋਰ ਭਾਜਪਾ ਆਗੂ ਨੂੰ ਕਿਸਾਨਾਂ ਦੇ ਹੱਕ ਵਿੱਚ ਬੋਲਣ `ਤੇ ਨੋਟਿਸ ਜਾਰੀ
ਬਠਿੰਡਾ, 19 ਜੁਲਾਈ – ਪੰਜਾਬ ਭਾਜਪਾ ਦੇ ਸਾਬਕਾ ਵਿਧਾਇਕ ਅਨਿਲ ਜੋਸ਼ੀ ਨੇ ਕਿਸਾਨਾਂ ਦੇ ਹੱਕ ਬਾਰੇ ਗੱਲ ਕੀਤੀ ਤਾਂ ਉਸ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਦੇ ਬਾਅਦ ਇੱਕ ਹੋਰ ਭਾਜਪਾ ਆਗੂ ਮੋਹਿਤ ਗੁਪਤਾ ਨੂੰ ਵੀ ਪਾਰਟੀ ਨੇ ਨੋਟਿਸ ਭੇਜ ਦਿੱਤਾ ਹੈ, ਜਿਸ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ। ਗੁਪਤਾ ਨੇ ਇਸ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਸ ਨੂੰ ਕੋਈ ਪਛਤਾਵਾ ਨਹੀਂ, ਕਿਉਂਕਿ ਉਹ ਗ਼ਲਤ ਨਹੀਂ।
ਭਾਜਪਾ ਆਗੂ ਮੋਹਿਤ ਗੁਪਤਾ ਨੇ ਆਪਣੀ ਪਾਰਟੀ ਵੱਲੋਂ ਮਿਲੇ ਨੋਟਿਸ ਦਾ ਜਵਾਬ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਨੂੰ ਲਿਖਿਆ ਹੈ ਕਿ ਉਸ ਨੇ ਹਮੇਸ਼ਾ ਪਾਰਟੀ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਅਤੇ ਅੱਜ ਵੀ ਕਿਸਾਨ ਅਤੇ ਕਿਸਾਨੀ ਦੇ ਹੱਕ ਦੀ ਗੱਲ ਏਸੇ ਲਈ ਕੀਤੀ ਅਤੇ ਵਪਾਰੀ ਵਰਗ, ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਮਜ਼ਦੂਰਾਂ ਦੇ ਹੱਕ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਸਦਕਾ ਭਾਜਪਾ ਵਰਕਰਾਂ ਨੂੰ ਹੇਠਲੇ ਪੱਧਰ ਉੱਤੇ ਬਹੁਤ ਦਿੱਕਤਾਂ ਆ ਰਹੀਆਂ ਹਨ। ਕੀ ਕਿਸਾਨਾਂ ਦੀ ਮਦਦ ਕਰਨਾ ਜਾਂ ਭਾਜਪਾ ਵਰਕਰਾਂ ਨੂੰ ਹੌਂਸਲਾ ਦੇਣਾ ਜਾਂ ਪੰਜਾਬ ਦੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਖ਼ਾਤਰ ਉਪਰਾਲੇ ਕਰਨਾ ਇਤਰਾਜ਼ਯੋਗ ਹੈ? ਗੁਪਤਾ ਨੇ ਕਿਹਾ ਕਿਉਹ ਪਾਰਟੀ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਯਤਨਸ਼ੀਲ ਹਨ।

Read More Latest Politics News

ਰਾਜਨੀਤੀ

ਹਾਈ ਕੋਰਟ ਦਾ ਮਮਤਾ ਸਰਕਾਰ ਨੂੰ ਝਟਕਾ:ਸ਼ੁਭੇਂਦੂ ਅਧਿਕਾਰੀ ਦੇ ਕਰੀਬੀ ਨੂੰ ਰਿਹਾਅ ਕਰਨ ਦੇ ਹੁਕਮ

Published

on

Mamata_Banerjee_PTI

ਕੋਲਕਾਤਾ, 3 ਅਗਸਤ – ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੂੰ ਕਲਕੱਤਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਫਰਜ਼ੀ ਸਰਕਾਰੀ ਨੌਕਰੀ ਘਪਲੇ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕੀਤੇ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਦੇ ਕਰੀਬੀ ਸਹਿਯੋਗੀ ਰਖਾਲ ਬੇਰਾ ਨੂੰ ਅਦਾਲਤ ਨੇ ਫੌਰੀ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।
ਕੋਰਟ ਨੇ ਮਮਤਾ ਬੈਨਰਜੀ ਸਰਕਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਅੱਗੇ ਤੋਂ ਕੋਈ ਕੇਸ ਦਰਜ ਨਹੀਂ ਹੋਣਾ ਚਾਹੀਦਾ, ਜੇ ਅਜਿਹਾ ਕਰਨਾ ਹੈ ਤਾਂ ਉਸ ਦੇ ਲਈ ਕੋਰਟ ਤੋਂ ਇਜਾਜ਼ਤ ਲੈਣੀ ਪਵੇਗੀ। ਜੂਨ ਵਿੱਚ ਪੱਛਮੀ ਬੰਗਾਲ ਪੁਲਸ ਨੇ ਸੁਜੀਤ ਡੇਅ ਨਾਂ ਦੇ ਸ਼ਖਸ ਵੱਲੋਂ ਦਾਇਰ ਸ਼ਿਕਾਇਤ ਉੱਤੇ ਰਖਾਲ ਬੇਰਾ ਨੂੰ ਗ਼੍ਰਿਫ਼ਤਾਰ ਕੀਤਾ ਸੀ। ਡੇ ਨੇ ਸ਼ਿਕਾਇਤ ਵਿੱਚ ਬੇਰਾ ਅਤੇ ਕੁਝ ਹੋਰਨਾਂ ਉੱਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨਾਲ ਸਰਕਾਰੀ ਨੌਕਰੀ ਦਾ ਵਾਅਦਾ ਕਰ ਕੇ ਠੱਗੀ ਕੀਤੀ ਗਈ ਸੀ। ਉਸ ਨੂੰ ਸਿੰਜਾਈ ਅਤੇ ਵਾਟਰਵੇਜ ਡਿਪਾਰਟਮੈਂਟ ਦੀ ਨੌਕਰੀ ਦਿਵਾਉਣ ਦਾ ਵਾਅਦਾ ਦਿੱਤਾ ਗਿਆ ਸੀ। ਇਸ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਰਖਾਲ ਬੇਰਾ ਨੇ ਕੋਲਕਾਤਾ ਦੀ ਇੱਕ ਸੋਸਾਈਟੀ ਵਿੱਚ ਫਲੈਟ ਵਿੱਚ ਕੈਂਪ ਲਾਇਆ ਗਿਆ ਸੀ, ਜਿਸ ਵਿੱਚ ਲੋਕਾਂ ਨਾਲ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਸੀ।

Continue Reading

ਰਾਜਨੀਤੀ

ਪ੍ਰਧਾਨ ਮੰਤਰੀ ਦੇ ਸਲਾਹਕਾਰ ਅਮਰਜੀਤ ਦਾ ਅਸਤੀਫ਼ਾ

Published

on

Adviser Amarjit resigns

ਨਵੀਂ ਦਿੱਲੀ, 3 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਅਮਰਜੀਤ ਸਿਨਹਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੇਵਾਮੁਕਤ ਆਈ ਏ ਐਸ ਅਧਿਕਾਰੀ ਅਮਰਜੀਤ ਸਿਨਹਾ ਸਮਾਜਿਕ ਖੇਤਰ ਨਾਲ ਜੁੜੇ ਪ੍ਰਾਜੈਕਟਾਂ ਨੂੰ ਸੰਭਾਲਣ ਦਾ ਕੰਮ ਕਰਿਆ ਕਰਦੇ ਸਨ।
ਸਾਲ 1983 ਬੈਚ ਦੇ ਆਈ ਏ ਐਸ ਅਧਿਕਾਰੀ ਅਮਰਜੀਤ ਸਿਨਹਾ 2019 ਵਿੱਚ ਪੇਂਡੂ ਵਿਕਾਸ ਸਕੱਤਰ ਵਜੋਂ ਸੇਵਾਮੁਕਤ ਹੋਏ ਸਨ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਫਤਰ (ਪੀ ਐਮ ਓ) ਵਿੱਚ ਨਿਯੁਕਤ ਕੀਤਾ ਗਿਆ ਸੀ। ਉਹ ਕੁਝ ਹੀ ਦੇ ਮਹੀਨਿਆਂ ਵਿੱਚ ਪੀ ਐਮ ਓ ਤੋਂ ਅਸਤੀਫ਼ਾ ਦੇਣ ਵਾਲੇ ਦੂਜੇ ਸੀਨੀਅਰ ਅਧਿਕਾਰੀ ਹਨ। ਇਸ ਤੋਂ ਪਹਿਲਾਂ ਮਾਰਚ ਵਿੱਚ ਪ੍ਰਧਾਨ ਮੰਤਰੀ ਦਫਤਰ ਵਿੱਚ ਪ੍ਰਧਾਨ ਸਲਾਹਕਾਰ ਰਹੇ ਸਾਬਕਾ ਕੈਬਨਿਟ ਸਕੱਤਰ ਪੀ ਕੇ ਸਿਨਹਾ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਅਸਤੀਫੇ ਤੋਂ ਕਈ ਅੰਦਾਜ਼ੇ ਲਾਏ ਜਾ ਰਹੇ ਹਨ।

Continue Reading

ਰਾਜਨੀਤੀ

ਨਿਤੀਸ਼ ਕੁਮਾਰ ਨੇ ਵੀ ਪੈਗਾਸਸ ਕੇਸ ਦੀ ਜਾਂਚ ਦਾ ਪੱਖ ਪੂਰਿਆ

Published

on

Nitish Kumar

ਬਿਹਾਰ ਦੇ ਮੁੱਖ ਮੰਤਰੀ ਮੁਤਾਬਕ ਜਾਸੂਸੀ ਦੀ ਜਾਂਚ ਹੋਣੀ ਚਾਹੀਦੀ ਹੈ
ਪਟਨਾ, 3 ਅਗਸਤ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੈਗਾਸਸ ਸਾਫਟਵੇਅਰ ਜਾਸੂਸੀ ਕੇਸ ਦੀ ਪੂਰੀ ਤਰ੍ਹਾਂ ਜਾਂਚ ਕਰਵਾਏ ਜਾਣ ਦੀ ਵਿਰੋਧੀ ਧਿਰ ਦੀ ਮੰਗ ਦਾ ਪੱਖ ਪੂਰਿਆ ਹੈ।
ਵਰਨਣ ਯੋਗ ਹੈ ਕਿ ਇਸਰਾਈਲੀ ਕੰਪਨੀ ਐੱਨ ਐੱਸ ਓ ਗਰੁੱਪ ਦੇ ਸਾਫਟਵੇਅਰ ਦੇ ਨਾਲ ਭਾਰਤ ਵਿੱਚ ਕਈ ਵੱਡੀਆਂ ਹਸਤੀਆਂ ਦੇ ਫੋਨ ਟੈਪ ਕਰਨ ਦੇ ਦੋਸ਼ ਸਰਕਾਰ ਉਤੇ ਲੱਗੇ ਹਨ। ਇਸ ਕੇਸ ਵਿੱਚ ਪਾਰਲੀਮੈਂਟ ਵਿੱਚ ਵੀ ਹੰਗਾਮਾ ਹੋ ਰਿਹਾ ਹੈ। ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਭਾਜਪਾ ਨਾਲ ਗੱਠਜੋੜ ਕਰ ਕੇ ਬਿਹਾਰ ਵਿਚ ਸਰਕਾਰ ਚਲਾ ਰਹੀ ਹੈ। ਨਿਤੀਸ਼ ਕੁਮਾਰ ਨੇ ਨਾਲ ਹੀ ਕਿਹਾ ਕਿ ਇਸ ਵਿਵਾਦ ਬਾਰੇ ਉਨ੍ਹਾਂ ਨੂੰ ਜਿੰਨੀ ਜਾਣਕਾਰੀ ਹੈ, ਉਹ ਅਖਬਾਰਾਂ ਰਾਹੀਂ ਹੀ ਮਿਲੀ ਹੈ। ਮੀਡੀਆ ਨਾਲ ਗੱਲ ਕਰਦਿਆਂ ਨਿਤੀਸ਼ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਆਧੁਨਿਕ ਤਕਨੀਕ ਨੂੰ ਕਿਵੇਂ ਗਲਤ ਢੰਗ ਨਾਲ ਵਰਤਿਆ ਜਾ ਸਕਦਾ ਹੈ। ਜੇ ਲੋਕਾਂ ਦੀ ਫੋਨਾਂ ਉਤੇ ਹੁੰਦੀ ਗੱਲਬਾਤ ਸੁਣਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹ ਚੰਗਾ ਹੋਵੇਗਾ ਕਿ ਇਸ ਦੀ ਢੁੱਕਵੀਂ ਜਾਂਚ ਹੋਵੇ। ਜਦੋਂ ਨਿਤੀਸ਼ ਕੁਮਾਰ ਨੂੰ ਵਿਰੋਧੀ ਧਿਰ ਵੱਲੋਂ ਕੀਤੀ ਗਈ ਸਾਂਝੀ ਪਾਰਲੀਮੈਂਟਰੀ ਜਾਂਚ ਕਮੇਟੀ ਦੀ ਮੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਦਨ ਦੀ ਕਾਰਵਾਈ ਬਾਰੇ ਉਹ ਟਿੱਪਣੀ ਨਹੀਂ ਕਰ ਸਕਦੇ, ਪਰ ਜੋ ਵੀ ਇਸ ਕੇਸ ਵਿੱਚ ਠੋਸ ਸਬੂਤ ਹੋਣ ਦੀ ਗੱਲ ਕਰਦਾ ਹੈ, ਉਸ ਨੂੰ ਉਹ ਸਰਕਾਰ ਨਾਲ ਸਾਂਝਾ ਕਰਨਾ ਚਾਹੀਦਾ ਹੈ। ਯਕੀਨ ਹੈ ਕਿ ਕੇਸ ਦੀ ਹਰ ਪੱਖ ਤੋਂ ਜਾਂਚ ਹੋਵੇਗੀ।
ਜਨਤਾ ਦਲ (ਯੂ) ਆਗੂ ਉਪੇਂਦਰ ਕੁਸ਼ਵਾਹਾ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਦੱਸਣ ਬਾਰੇ ਪੁੱਛੇ ਜਾਣ ਉਤੇ ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਅਜਿਹੀ ਕੋਈ ਇੱਛਾ ਨਹੀਂ ਹੈ, ਜਿੰਨਾ ਹੋ ਸਕੇਗਾ ਉਹ ਬਿਹਾਰ ਦੀ ਸੇਵਾ ਕਰਨਗੇ। ਉਨ੍ਹਾ ਕਿਹਾ ਕਿ ਦਿੱਲੀ ਵਿੱਚ ਉਨ੍ਹਾਂ ਦੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨਾਲ ਹੋਈ ਮੁਲਾਕਾਤ ਦਾ ਕੋਈ ਸਿਆਸੀ ਮਤਲਬ ਨਹੀਂ। ਉਨ੍ਹਾਂ ਦਾ ਰਿਸ਼ਤਾ ਕਾਫੀ ਪੁਰਾਣਾ ਹੈ, ਦੋਵੇਂ ਕਿਸੇ ਵੇਲੇ ਜਨਤਾ ਦਲ ਦਾ ਹਿੱਸਾ ਰਹੇ ਹਨ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca