Biden's administration will consist of 20 Indian-Americans
Connect with us [email protected]

ਅੰਤਰਰਾਸ਼ਟਰੀ

ਬਾਈਡੇਨ ਦੇ ਪ੍ਰਸ਼ਾਸਨ ਵਿੱਚ 20 ਭਾਰਤੀ-ਅਮਰੀਕੀ ਹੋਣਗੇ

Published

on

biden

ਵਾਸ਼ਿੰਗਟਨ, 18 ਜਨਵਰੀ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਪ੍ਰਸ਼ਾਸਨ ਵਿੱਚ ਅਹਿਮ ਅਹੁਦਿਆਂ ਤੇ 13 ਔਰਤਾਂ ਸਮੇਤ ਘੱਟੋ-ਘੱਟ 20 ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ 20 ਭਾਰਤੀ-ਅਮਰੀਕੀਆਂ ਵਿੱਚੋਂ ਘੱਟੋ-ਘੱਟ 17 ਲੋਕ ਵ੍ਹਾਈਟ ਹਾਊਸ ਵਿੱਚ ਮਹੱਤਵਪੂਰਨ ਅਹੁਦਾ ਸੰਭਾਲਣਗੇ। ਅਮਰੀਕਾ ਦੀ ਕੁੱਲ ਆਬਾਦੀ ਦਾ ਇੱਕ ਫ਼ੀਸਦੀ ਭਾਰਤੀ-ਅਮਰੀਕੀ ਹਨ ਤੇ ਇਸ ਭਾਈਚਾਰੇ ਵਿੱਚੋਂ ਕਿਸੇ ਪ੍ਰਸ਼ਾਸਨ ਵਿੱਚ ਪਹਿਲੀ ਵਾਰੀ ਇੰਨੀ ਵੱਧ ਗਿਣਤੀ ਵਿੱਚ ਲੋਕਾਂ ਨੂੰ ਨਿਯੁਕਤ ਕੀਤਾ ਜਾਵੇਗਾ। ਜੋਅ ਬਾਈਡੇਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਅਤੇ ਇਸੇ ਦਿਨ ਭਾਰਤੀ ਮੂ਼ਲ ਦੀ ਕਮਲਾ ਹੈਰਿਸ ਸਹੁੰ ਚੁਕ ਕੇ ਇਸ ਦੇਸ਼ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲੇਗੀ। ਉਹ ਅਮਰੀਕਾ ਵਿੱਚ ਭਾਰਤੀ ਮੂਲ ਦੀ ਪਹਿਲੀ ਉਪ ਰਾਸ਼ਟਰਪਤੀ ਅਤੇ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਅਫ਼ਰੀਕੀ-ਅਮਰੀਕੀ ਵੀ ਹੋਵੇਗੀ। ਇਹ ਪਹਿਲੀ ਵਾਰ ਹੈ ਕਿ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਿਸੇ ਰਾਸ਼ਟਰਪਤੀ ਦੇ ਪ੍ਰਸ਼ਾਸਨ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਬਾਈਡੇਨ ਦੇ ਪ੍ਰਸ਼ਾਸਨ ਵਿੱਚ ਅਜੇ ਵੀ ਕਈ ਅਹੁਦੇ ਖ਼ਾਲੀ ਹਨ। ਨਾਮਜ਼ਦ ਕੀਤੇ ਗਏ ਲੋਕਾਂ ਦੀ ਸੂਚੀ ਵਿੱਚ ਸਭ ਤੋਂ ਉਪਰ ਨੀਰਾ ਟੰਡਨ ਤੇ ਡਾ: ਵਿਵੇਕ ਮੂਰਤੀ ਹਨ। ਬਾਈਡੇਨ ਪ੍ਰਸ਼ਾਸਨ ਵਿੱਚ ਵ੍ਹਾਈਟ ਹਾਊਸ ਦਫ਼ਤਰ ਦੇ ਪ੍ਰਬੰਧਨ ਤੇ ਬਜਟ ਦੇ ਡਾਇਰੈਕਟਰ ਦੇ ਤੌਰਤੇ ਟੰਡਨ ਅਤੇ ਅਮਰੀਕੀ ਸਰਜਨ ਜਨਰਲ ਵਜੋਂ ਡਾ: ਵਿਵੇਕ ਮੂਰਤੀ ਨੂੰ ਨਾਮਜ਼ਦ ਕੀਤਾ ਗਿਆ ਹੈ।ਮਾਲਾ ਅਡਿਗਾ ਜਿਲ ਬਾਈਡੇਨ ਦੀ ਨੀਤੀ ਨਿਰਦੇਸ਼ਕ ਅਤੇ ਗਰਿਮਾ ਵਰਮਾ ਨੂੰ ਉਨ੍ਹਾਂ ਦੇ ਦਫ਼ਤਰ ਦੀ ਡਿਜ਼ੀਟਲ ਡਾਇਰੈਕਟਰ ਬਣਾਇਆ ਗਿਆ ਹੈ, ਜਦਕਿ ਸਬਰੀਨਾ ਸਿੰਘ ਨੂੰ ਉਨ੍ਹਾਂ ਦੀ ਡਿਪਟੀ ਪੈ੍ਰਸ ਮੰਤਰੀ ਲਾਇਆ ਗਿਆ ਹੈ। ਵ੍ਹਾਈਟ ਹਾਊਸ ਵਿੱਚ ਪਹਿਲੀ ਵਾਰ ਅਜਿਹੇ ਦੋ ਭਾਰਤੀ-ਅਮਰੀਕੀਆਂ ਨੂੰ ਜਗ੍ਹਾ ਦਿੱਤੀ ਗਈ ਹੈ, ਜੋ ਪਿੱਛੋਂ ਕਸ਼ਮੀਰ ਨਾਲ ਸਬੰਧ ਰਖਦੇ ਹਨ। ਇਨ੍ਹਾਂ ਵਿੱਚ ਆਇਸ਼ਾ ਸ਼ਾਹ ਨੂੰ ਵ੍ਹਾਈਟ ਹਾਊਸ ਦਫ਼ਤਰ ਦੀ ਡਿਜੀਟਲ ਰਣਨੀਤੀ ਦੀ ਪਾਰਟਨਰਸ਼ਿਪ ਮੈਨੇਜਰ ਤੇ ਸਮੀਰਾ ਫ਼ਾਜ਼ਲੀ ਨੂੰ ਵ੍ਹਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰੀ ਆਰਥਕ ਪ੍ਰੀਸ਼ਦ ਦੀ ਡਿਪਟੀ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ।

Latest Political News Today

ਅੰਤਰਰਾਸ਼ਟਰੀ

ਸਿਡਨੀ ਵਿੱਚ ਸਿੱਖਾਂ ਉੱਤੇ ਅਣਪਛਾਤੇ ਬੰਦਿਆਂ ਵੱਲੋਂ ਹਮਲਾ

Published

on

ਸਿਡਨੀ, 4 ਮਾਰਚ, – ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿਚਲੇ ਹੈਰਿਸ ਪਾਰਕ ਵਿੱਚ ਬੀਤੇ ਐਤਵਾਰ ਦਸਤਾਰਧਾਰੀ ਸਿੱਖਾਂ ਦੇ ਇੱਕ ਗਰੁੱਪ ਉੱਤੇ ਅਣਪਛਾਤੇ ਲੋਕਾਂ ਨੇ ਬੇਸਬਾਲ ਬੈਟ ਤੇ ਹਥੌੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਪਿੱਛੋਂ ਜਦੋਂ ਉਹ ਬਚਾਅ ਲਈ ਦੌੜੇ ਤਾਂ ਉਨ੍ਹਾਂ ਦੇ ਪਿੱਛੇ ਦੌੜ ਕੇ ਵੀ ਹਮਲਾ ਕੀਤਾ ਗਿਆ।
ਵਰਨਣ ਯੋਗ ਹੈ ਕਿ ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਕਾਰਨ ਆਸਟ੍ਰੇਲੀਆ ਵਿੱਚ ਭਾਰਤ ਸਰਕਾਰ ਪੱਖੀ ਧਿਰ ਅਤੇ ਸਿੱਖ ਭਾਈਚਾਰੇ ਵਿੱਚ ਤਣਾਅ ਚੱਲ ਰਿਹਾ ਹੈ। ਓਥੋਂ ਦੇ 7-ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਅਣਪਛਾਤੇ ਲੋਕਾਂ ਦੇ ਹੱਥਾਂ ਵਿਚ ਬੇਸਬਾਲ ਬੈਟ, ਹਥੌੜੇ ਅਤੇ ਬਾਂਸ ਦੀਆਂ ਸੋਟੀਆਂ (ਡਾਂਗਾਂ) ਫੜੀਆਂ ਹੋਈਆਂ ਸਨ ਤੇ ਉਨ੍ਹਾਂ ਨੇ ਇਨ੍ਹਾਂ ਨਾਲ ਸਿੱਖ ਗਰੁੱਪ ਦੀਆਂ ਕਾਰਾਂ ਉੱਤੇ ਹਮਲਾ ਕਰ ਦਿੱਤਾ। ਸਿੱਖ ਗਰੁੱਪ ਦੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜਣ ਵਿਚ ਸਫਲ ਹੋ ਗਏ। ਚੈਨਲ ਦੀ ਰਿਪੋਰਟ ਅਨੁਸਾਰ ਹਥਿਆਰ ਬੰਦ ਲੋਕ ਕਹਿ ਰਹੇ ਸਨ ਕਿ ਇਨ੍ਹਾਂ ਨੂੰ ਖ਼ਤਮ ਕਰ ਦਿਉ, ਕੋਈ ਵੀ ਬੱਚ ਕੇ ਨਾ ਜਾਵੇ। ਚੈਨਲ ਅਨੁਸਾਰ ਹਮਲਾਵਰ ਸਕਿਓਰਟੀ ਕੈਮਰਿਆਂ ਵਿਚ ਆ ਗਏ ਹਨ ਅਤੇ ਉਨ੍ਹਾਂ ਨੇ ਜਾਨ ਬਚਾਉਣ ਲਈ ਭੱਜ ਰਹੇ ਦਸਤਾਰਧਾਰੀ ਸਿੱਖਾਂ ਦਾ ਪਿੱਛਾ ਕਰ ਕੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।ਇਸ ਹਮਲੇ ਵਿਚ ਕਾਰਾਂ ਦਾ ਲਗਪਗ 10 ਹਜ਼ਾਰ ਆਸਟ੍ਰੇਲੀਅਨ ਡਾਲਰ ਦਾ ਨੁਕਸਾਨ ਹੋ ਗਿਆ ਹੈ।
ਆਸਟਰੇਲੀਆ ਦੇ ਸਿੱਖ ਭਾਈਚਾਰੇ ਦੇ ਲੋਕ ਭਾਰਤ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਰੈਲੀਆਂ ਕਰ ਕੇ ਵਿਰੋਧ ਕਰ ਰਹੇ ਹਨ ਤੇ ਭਾਰਤ ਸਰਕਾਰ ਦੇ ਸਮਰਥਕ ਕੁਝ ਲੋਕ ਇਨ੍ਹਾਂ ਦਾ ਵਿਰੋਧ ਕਰਦੇ ਹਨ। ਇਹ ਭੰਨਤੋੜ ਦੀ ਕਾਰਵਾਈ ਇਸੇ ਕੜੀ ਦਾ ਹਿੱਸਾ ਮੰਨੀ ਗਈ ਹੈ। ਇਸ ਬਾਰੇ ਪੁਲਿਸ ਨੇ ਸਭਨਾਂਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Continue Reading

ਅੰਤਰਰਾਸ਼ਟਰੀ

ਅਮਰੀਕਾ ਵਿੱਚ ਘਰੇਲੂ ਅੱਤਵਾਦ ਵਧ ਗਿਆ

Published

on

ਵਾਸ਼ਿੰਗਟਨ, 4 ਮਾਰਚ – ਅਮਰੀਕਾ ਦੇ ਫੈਡਰਲ ਜਾਂਚ ਬਿਊਰੋ (ਐਫ ਬੀ ਆਈ) ਦੇ ਡਾਇਰੈਕਟਰ ਕ੍ਰਿਸ਼ਟੋਫਰ ਰੇਅ ਨੇ ਜਨਵਰੀ ਵਿੱਚ ਅਮਰੀਕੀ ਕੈਪੀਟਲ (ਪਾਰਲੀਮੈਂਟ ਭਵਨ) ਵਿੱਚ ਹੋਈ ਹਿੰਸਾ ਨੂੰ ਸਾਫ ਤੌਰ ਉੱਤੇ ‘ਘਰੇਲੂ ਹਿੰਸਾ’ ਕਰਾਰ ਦਿੱਤਾ ਅਤੇ ਦੇਸ਼ ਦੇ ਅੰਦਰ ਤੇਜ਼ੀ ਨਾਲ ਵਧ ਰਹੇ ਹਿੰਸਕ ਅੱਤਵਾਦ ਬਾਰੇ ਸੁਚੇਤ ਕੀਤਾ ਹੈ। ਰੇਅ ਨੇ 6 ਜਨਵਰੀ ਨੂੰ ਹਿੰਸਾ ਹੋਣ ਦੇ ਸ਼ੱਕ ਬਾਰੇ ਖੁਫੀਆ ਰਿਪੋਰਟ ਉੱਤੇ ਆਪਣੀ ਹੀ ਏਜੰਸੀ ਵੱਲੋਂ ਕਾਰਵਾਈ ਕੀਤੇ ਜਾਣ ਦਾ ਪੱਖ ਰੱਖਿਆ ਅਤੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਰੱਦ ਕੀਤਾ, ਜਿਨ੍ਹਾਂ ਵਿੱਚ ਰਿਪਬਲੀਕਨ ਪਾਰਟੀ ਦੇ ਕੁਝ ਪਾਰਲੀਮੈਂਟ ਮੈਂਬਰਾਂ ਨੇ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੰਗਿਆਂ ਦੀ ਭੂਮਿਕਾ ਤਿਆਰ ਕੀਤੀ ਸੀ, ਜੋ ਹਿੰਸਕ ਭੀੜ ਦੇ ਇਮਾਰਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਸ਼ੁਰੂ ਹੋਏ ਸਨ।
ਸੀਨੇਟ ਦੀ ਜੁਡੀਸ਼ਲ ਕਮੇਟੀ ਦੇ ਸਾਹਮਣੇ ਰੇਅ ਦੀ ਗਵਾਹੀ ਉਨ੍ਹਾਂ ਸਿਲਸਿਲੇਵਾਰ ਗਵਾਹੀਆਂ ਵਿੱਚੋਂ ਇੱਕ ਹੈ ਜੋ ਕੈਪੀਟਲ ਹਿੱਲ ਉੱਤੇ ਹਮਲੇ ਪਿੱਛੋਂ ਕਾਨੂੰਨ ਇਨਫੋਰਸਮੈਂਟ ਏਜੰਸੀ ਦੀ ਕਾਰਵਾਈ ਉੱਤੇ ਕੇਂਦਰਿਤ ਹੈ। ਪਾਰਲੀਮੈਂਟ ਦੇ ਮੈਂਬਰਾਂ ਨੂੰ ਕ੍ਰਿਸਟੋਫਰ ਰੇਅ ਨੇ ਕਿਹਾ ਕਿ 6 ਜਨਵਰੀ ਦੀ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ, ਘਰੇਲੂ ਅੱਤਵਾਦ ਦੀ ਸਮੱਸਿਆ ਦੇਸ਼ ਵਿੱਚ ਲੰਬੇ ਸਮੇਂ ਤੋਂ ਚਲ ਰਹੀ ਹੈ ਅਤੇ ਇਸ ਦੇ ਜਲਦੀ ਖਤਮ ਹੋਣ ਦੇ ਆਸਾਰ ਨਹੀਂ ਹਨ।

Continue Reading

ਅੰਤਰਰਾਸ਼ਟਰੀ

ਬਰਤਾਨੀਆ ਵਿੱਚ ਭਾਰਤੀ ਮੂਲ ਦੇ ਫਾਰਮਾਸਿਸਟ ਨੂੰ ਕੈਦ

Published

on

ਲੰਡਨ, 4 ਮਾਰਚ – ਬਰਤਾਨੀਆ ਵਿੱਚ ਡਾਕਟਰ ਦੀਪਰਚੀ ਉੱਤੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਵੱਡੀ ਪੱਧਰ ਉੱਤੇ ਕਾਲਾ ਬਾਜ਼ਾਰੀ ਦੇ ਦੋਸ਼ ਹੇਠ ਇੱਕ ਭਾਰਤੀ ਮੂਲ ਦੇ ਫਾਰਮਾਸਿਸਟ ਨੂੰ 12 ਮਹੀਨੇ ਕੈਦ ਦੀ ਸਜ਼ਾ ਹੋਈ ਹੈ। ਵੈੱਸਟ ਬਰਾਮਵਿਚ ਹਾਈ ਸਟਰੀਟ ਉੱਤੇ ਆਪਣੀ ਮਾਂ ਦੀ ਖੈਰਾ ਫਾਰਮੇਸੀ ਵਿੱਚ ਕੰਮ ਕਰਦੇ ਬਲਕੀਤ ਸਿੰਘ ਖੈਰਾ ਨੂੰ ਬਰਮਿੰਘਮ ਕਰਾਊਨ ਅਦਾਲਤ ਨੇ ਕੱਲ੍ਹ ਇਹ ਸਜ਼ਾ ਸੁਣਾਈ ਹੈ।
ਅਦਾਲਤ ਨੂੰ ਦੱਸਿਆ ਗਿਆ ਕਿ 36 ਸਾਲਾ ਬਲਕੀਤ ਨੇ 2016 ਤੇ 2017 ਦੌਰਾਨ ਸਿਰਫ ਡਾਕਟਰ ਦੀ ਪਰਚੀ ਉੱਤੇ ਦਿੱਤੀਆਂ ਜਾਂਦੀਆਂ ਪਾਬੰਦੀਸ਼ੁਦਾ ਦਵਾਈਆਂ ਵੱਡੇ ਮੁਨਾਫੇ ਉੱਤੇ ਕਾਲਾ ਬਾਜ਼ਾਰੀ ਵਿੱਚ ਵੇਚੀਆਂ, ਜਿਨ੍ਹਾ ਦੀ ਕੀਮਤ ਅੰਦਾਜ਼ਨ 10,00,000 ਪੌਂਡ ਤੋਂ ਵੱਧ ਸੀ। ਬ੍ਰਿਟੇਨ ਦੀ ਸਿਹਤ ਸੰਭਾਲ ਉਤਪਾਦ ਰੈਗੂਲੇਟਰੀ ਅਥਾਰਟੀ ਦੇ ਅਧਿਕਾਰੀ ਗ੍ਰਾਂਟ ਪੋਵੈਲ, ਜਿਸ ਨੇ ਮਾਮਲੇ ਦੀ ਜਾਂਚ ਕੀਤੀ, ਨੇ ਕਿਹਾ, ‘ਪਾਬੰਦੀਸ਼ੁਦਾ ਦਵਾਈਆਂ ਨੂੰ ਬਿਨਾਂ ਡਾਕਟਰ ਦੀ ਪਰਚੀ ਤੋਂ ਦੇਣਾ ਇੱਕ ਸੰਗੀਨ ਅਪਰਾਧ ਹੈ। ਅਜਿਹਾ ਕਰਨ ਵਾਲਾ ਵਿਅਕਤੀ ਮਾਸੂਮ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਹੈ। ਪਾਬੰਦੀਸ਼ੁਦਾ ਦਵਾਈਆਂ ਕਾਫੀ ਤੇਜ਼ ਹੁੰਦੀਆਂ ਹਨ ਤੇ ਇਹ ਸਿਰਫ ਡਾਕਟਰ ਦੀ ਨਿਗਰਾਨੀ ਹੇਠਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਰੈਗੂਲੇਟਰੀ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਭਾਈਵਾਲ ਏਜੰਸੀਆਂ ਨਾਲ ਮਿਲ ਕੇ ਅਸੀਂ ਇਨ੍ਹਾਂ ਕੰਮਾਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਉੱਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਦਾ ਕੰਮ ਕਰਦੇ ਹਾਂ।’

Continue Reading

ਰੁਝਾਨ


Copyright by IK Soch News powered by InstantWebsites.ca