ਮੈਂ ਰਾਜ ਸਭਾ ਤੋਂ ਰਿਟਾਇਰ ਹੋਇਆ ਹਾਂ, ਸਿਆਸਤ ਤੋਂ ਨਹੀਂ: ਆਜ਼ਾਦ
ਜੰਮੂ, 27 ਫਰਵਰੀ, – ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਸਣੇ ਕਾਂਗਰਸ ਦੇ 23 ਬਾਗੀ ਨੇਤਾ ਅੱਜਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ਦੇ ਦੂਸਰੇ ਦਿਨ ਗਾਂਧੀ ਗਲੋਬਲ ਫੈਮਿਲੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਗਾਂਧੀ ਗਲੋਬਲ ਫੈਮਿਲੀਨੇ ਕਿਹਾ ਹੈ ਕਿ ਪ੍ਰੋਗਰਾਮ ਪੂਰੀ ਤਰ੍ਹਾਂ ਗੈਰ ਰਾਜਨੀਤਕ ਸੀ, ਜਿਸ ਵਿੱਚ ਪਹੁੰਚੇ ਆਗੂਆਂ ਵਿੱਚ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਕਪਿਲ ਸਿੱਬਲ, ਭੁਪੇਂਦਰ ਸਿੰਘ ਹੁੱਡਾ, ਮੁਨੀਸ਼ ਤਿਵਾੜੀ, ਰਾਜ ਬੱਬਰ ਤੇ ਵਿਵੇਕ ਤਨਖਾ ਸਣੇ ਕਈ ਵੱਡੇ ਕਾਂਗਰਸੀ ਆਗੂ ਅੱਜ ਸ਼ਨੀਵਾਰ ਨੂੰ ਜੰਮੂਵਿੱਚ ਇਕੱਠੇ ਸਨ।
ਗਾਂਧੀ ਗਲੋਬਲ ਫੈਮਿਲੀ, ਜਿਸਦੀ ਅਗਵਾਈ ਗੁਲਾਮ ਨਬੀ ਆਜ਼ਾਦ ਕਰਦੇ ਹਨ, ਵੱਲੋਂ ਅੱਜ ਦਾ ਸ਼ਾਂਤੀ ਦਾ ਪਾਠ ਪ੍ਰੋਗਰਾਮ ਸੀ, ਪਰ ਇਸ ਦੌਰਾਨ ਸਾਰੇ ਬਾਗੀ ਕਾਂਗਰਸੀ ਆਗੂਆਂ ਦਾ ਇੱਕ ਪਲੇਟਫਾਰਮ ਉੱਤੇ ਆਉਣਾ ਕਾਂਗਰਸ ਲਈ ਚੰਗਾ ਸੰਕੇਤ ਨਹੀਂ ਰਿਹਾ।ਜੰਮੂਵਿੱਚ ਗਾਂਧੀ ਗਲੋਬਲ ਫੈਮਿਲੀ ਦੇ ਪ੍ਰਧਾਨ ਡਾ ਐਸ ਪੀ ਵਰਮਾ ਦੇ ਦੱਸਣ ਅਨੁਸਾਰ ਇਸ ਪ੍ਰੋਗਰਾਮ ਨੂੰ ਰਾਜ ਸਭਾ ਤੋਂ ਸੇਵਾਮੁਕਤ ਹੋਏ ਗੁਲਾਮ ਨਬੀ ਅਜ਼ਾਦ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮੰਚ ਤੋਂ ਕਾਂਗਰਸ ਦੇ ਵੱਡੇ ਬਾਗੀ ਆਗੂ, ਜੋ ਗਾਂਧੀ ਗਲੋਬਲ ਫੈਮਲੀ ਦੇ ਮੈਂਬਰ ਹਨ, ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦੇਣ ਆਏ ਸਨ। ਐਸਪੀ ਵਰਮਾ ਅਨੁਸਾਰ ਉਨ੍ਹਾਂ ਨੇ ਨਾ ਸਿਰਫ ਦਿੱਲੀ ਤੋਂ ਵੱਡੇ ਕਾਂਗਰਸ ਨੇਤਾਵਾਂ ਨੂੰ, ਸਗੋਂ ਜੰਮੂ-ਕਸ਼ਮੀਰ ਦੇ ਸਾਰੇ ਨੇਤਾਵਾਂ ਨੂੰ ਵੀ ਸੱਦਾ ਭੇਜਿਆ ਸੀ।ਪ੍ਰੋਗਰਾਮ ਦੇ ਪੋਸਟਰ ਤੋਂ ਕਾਂਗਰਸ ਦੇ ਵੱਡੇ ਨੇਤਾਵਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀਆਂ ਤਸਵੀਰਾਂ ਗਾਇਬ ਸਨ ਅਤੇ ਇਸ ਵਿੱਚ ਕਾਂਗਰਸ ਤੋਂ ਨਾਰਾਜ਼ ਨੇਤਾਵਾਂ ਨੂੰ ਪਹਿਲ ਦਿੱਤੀ ਗਈ ਸੀ। ਇਸ ਦੇ ਨਾਲ ਪੋਸਟਰ ਬਾਰੇ ਸਪੱਸ਼ਟੀ ਕਰਨ ਦਿੰਦੇ ਹੋਏ ਕਾਂਗਰਸ ਨੇ ਕਿਹਾ ਕਿ ਇਹ ਕਾਂਗਰਸ ਦੀ ਕਾਨਫਰੰਸ ਨਹੀਂ, ਗਾਂਧੀ ਗਲੋਬਲ ਫੈਮਲੀ ਦੀ ਕਾਨਫਰੰਸ ਹੈ ਤੇ ਇਸ ਵਿੱਚ ਉਕਤ ਨੇਤਾਵਾਂ ਦੇ ਪੋਸਟਰ ਲਾਏ ਗਏ ਹਨ, ਪਰ ਇਸ ਨਾਲ ਹਰ ਪਾਸੇ ਚਰਚਾ ਚੱਲ ਪਈ ਕਿ ਪਾਰਟੀ ਵਿੱਚ ਬਗਾਵਤ ਹੋ ਰਹੀ ਹੈ।
ਸੀਨੀਅਰ ਵਕੀਲ ਅਤੇ ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ, ‘ਕਾਂਗਰਸ ਸਾਨੂੰ ਕਮਜ਼ੋਰ ਹੁੰਦੀ ਦਿੱਸਦੀ ਹੈ। ਅਸੀਂ ਏਥੇ ਇਕੱਠੇ ਹੋਏ ਹਾਂ, ਅਸੀਂ ਪਾਰਟੀ ਮਜਬੂਤ ਕਰਨੀ ਹੈ। ਗਾਂਧੀ ਜੀ ਸੱਚ ਉੱਤੇ ਚੱਲਦੇ ਹਨ, ਅੱਜ ਸਰਕਾਰ ਝੂਠ ਬੋਲ ਰਹੀ ਹੈ। ਗੁਲਾਮ ਨਬੀ ਆਜ਼ਾਦ ਤਜਰਬੇ ਕਾਰ ਤੇ ਇੰਜੀਨੀਅਰ ਹਨ। ਹਰ ਰਾਜ ਦੀ ਅਸਲ ਹਾਲਤ ਤੋਂ ਜਾਣੂ ਹਨ,ਕਾਂਗਰਸ ਇਨ੍ਹਾਂ ਦੇ ਤਜਰਬੇ ਦੀ ਵਰਤੋਂ ਕਿਉਂ ਨਹੀਂ ਕਰ ਰਹੀ?’ਰਾਜ ਬੱਬਰ ਨੇ ਕਿਹਾ, ‘ਇਹ ਜੀ-23 ਕਾਂਗਰਸ ਦੀ ਤਾਕਤ ਚਾਹੁੰਦਾ ਹੈ। ਕਾਂਗਰਸ ਦੇ 23 ਗਾਂਧੀ ਕਾਂਗਰਸ ਨੂੰ ਜਿਤਾਉਣ ਲਈ ਕੰਮ ਕਰਨਗੇ।’ ਰਾਜ ਸਭਾ ਮੈਂਬਰ ਵਿਵੇਕ ਤਨਖਾ ਨੇ ਕਿਹਾ, ‘ਆਜ਼ਾਦ ਜਦੋਂ ਮੁੱਖ ਮੰਤਰੀ ਸਨ, ਜੰਮੂ-ਕਸ਼ਮੀਰ ਦਾ ਸੁਨਹਿਰੀ ਯੁੱਗ ਸੀ, ਜੋ ਵਾਪਸ ਆਵੇਗਾ।’
ਇਸ ਮੌਕੇ ਗ਼ੁਲਾਮ ਨਬੀ ਆਜ਼ਾਦ ਨੇ ਆਪਣੇ ਸਿਆਸੀ ਸਫ਼ਰ ਤੇ ਵਿਚਾਰਧਾਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ‘ਮੈਂ ਗਾਂਧੀ ਦੀ ਵਿਚਾਰਧਾਰਾ ਤੋਂ ਸਿਆਸਤ ਸ਼ੁਰੂ ਕੀਤੀ ਸੀ। ਸਾਡੀ ਜ਼ਿੰਦਗੀ ਇਸੇ ਵਿਚਾਰਧਾਰਾ ਨਾਲ ਖ਼ਤਮ ਹੋਵੇਗੀ।’ ਉਨ੍ਹਾਂ ਕਿਹਾ ਕਿ ‘ਸਿਆਸਤ ਵਿੱਚ ਕਦੇ ਲੜਾਈ ਖ਼ਤਮ ਨਹੀਂ ਹੁੰਦੀ, ਕਦੇ ਇਹ ਬੇਰੁਜ਼ਗਾਰੀ ਦੇ ਖਿਲਾਫ਼ ਹੁੰਦੀ ਹੈ ਤਾਂ ਕਦੇ ਅਨਪੜ੍ਹਤਾ ਤੇ ਗ਼ਰੀਬੀ ਦੇ ਖ਼ਿਲਾਫ਼ ਅਤੇ ਕਦੇ ਰਾਜ ਬਦਲਣ ਦੇ ਲਈ। ਮੈਂ ਪਾਰਲੀਮੈਂਟ ਤੋਂ ਕਈ ਵਾਰ ਏਦਾਂ ਰਿਟਾਇਰ ਹੋਇਆ ਹਾਂ,ਸਿਆਸਤ ਤੋਂ ਰਿਟਾਇਰ ਨਹੀਂ ਹੋਇਆ। ਮੈਂ ਉਹ ਸੂਰਜ ਹਾਂ, ਜਿਹੜਾ ਇਸ ਪਾਸੇ ਡੁੱਬਦਾ ਤਾਂ ਉਸ ਪਾਸੇ ਮੁੜ ਨਿਕਲ ਆਉਂਦਾ ਹਾਂ।’ਉਨ੍ਹਾਂ ਜੰਮੂ-ਕਸ਼ਮੀਰ ਦੇ ਹਾਲਾਤ ਬਾਰੇ ਕਿਹਾ ਕਿ ‘ਇਸ ਰਾਜ ਦੀਆਂ ਸਰਹੱਦਾਂ ਪਾਕਿਸਤਾਨ ਤੇ ਚੀਨ ਨਾਲ ਲੱਗਦੀਆਂ ਹਨ, ਪਰ ਏਥੇ ਤਣਾਅ ਹੈ। ਅਸੀਂ ਇਸ ਹਾਲਤ ਦਾ ਮੁਕਾਬਲਾ ਕਰ ਸਕਾਂਗੇ।’ ਉਨ੍ਹਾਂ ਦੇਸ਼ ਦੀ ਏਕਤਾ-ਅਖੰਡਤਾ ਲਈ ਸੁਰੱਖਿਆ ਦਸਤਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਰਾਜ ਦੇ ਟੁਕੜੇ ਹੋ ਗਏ, ਸਾਡੀ ਪਛਾਣ ਚਲੀ ਗਈ। ਲੋਕਾਂ ਨੇ ਅੱਤਵਾਦ ਦਾ ਮੁਕਾਬਲਾ ਕੀਤਾ ਤੇ ਸਿਲਾ ਇਹ ਮਿਲਿਆ ਕਿ ਸੂਬੇ ਦਾ ਦਰਜਾ ਖੁੱਸ ਗਿਆ।
ਜੰਮੂ ਵਿੱਚ ਗਾਂਧੀ ਦੀ ਵਿਚਾਰਧਾਰਾ ਦੇ ਨਾਂ ਉੱਤੇ ਅੱਜ ਇਹ ਸ਼ਾਂਤੀ ਸੰਮੇਲਨ ਕਾਂਗਰਸ ਦੀ ਸਿਆਸੀ ਖਿੱਚੋਤਾਣ ਦਾ ਖੁੱਲ੍ਹਾ ਅਖਾੜਾ ਬਣ ਗਿਆ। ਇਸ ਦੌਰਾਨ ਗ਼ੁਲਾਮ ਨਬੀ ਆਜ਼ਾਦ ਨਾਲ ਦੇਸ਼ ਭਰ ਤੋਂ ਆਏ ਵੱਡੇ ਕਾਂਗਰਸੀ ਨੇਤਾ ਆਪਣੀਪਾਰਟੀ ਨੂੰ ਬਚਾਉਣ ਲਈ ਆਪਣੀ ਪਾਰਟੀ ਹਾਈਕਮਾਨ ਨਾਲ ਲੜਾਈ ਲਈ ਉਤਸੁਕ ਦਿੱਸੇ। ਭਾਵੇਂ ਕਿਸੇ ਵੱਡੇ ਆਗੂ ਦਾ ਨਾਂ ਮੰਚ ਤੋਂ ਨਹੀਂ ਲਿਆ ਗਿਆ, ਪਰ ਵੱਡੇ ਆਗੂ ਪਾਰਟੀ ਦੀ ਹਾਲਤ ਲਈ ਪ੍ਰਮੱਖ ਲੀਡਰਸ਼ਿਪ ਉੱਤੇ ਸਵਾਲ ਚੁੱਕਦੇ ਰਹੇ, ਜਿਸ ਤੋਂ ਸਾਫ਼ ਹੈ ਕਿ ਗਾਂਧੀ ਪਰਿਵਾਰ ਤੇ ਉਨ੍ਹਾਂ ਦੀ ਚੌਕੜੀ ਖਿਲਾਫ ਬਿਗਲ ਵੱਜ ਚੁੱਕਾ ਹੈ।