ਨਵੀਂ ਦਿੱਲੀ, 25 ਨਵੰਬਰ, – ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ (71 ਸਾਲ) ਦਾ ਅੱਜ ਦੇਹਾਂਤ ਹੋ ਗਿਆ ਹੈ। ਅਹਿਮਦ ਪਟੇਲ ਇਕ ਮਹੀਨਾ ਪਹਿਲਾਂ ਕੋਰੋਨਾ ਤੋਂ ਇਨਫੈਕਟਿਡ ਹੋਏ ਸਨ। ਉਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਚੱਲ ਰਿਹਾ ਸੀ। ਅਹਿਮਦ ਪਟੇਲ ਦੇ ਬੇਟੇ ਫੈਜ਼ਲ ਪਟੇਲ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਸੀ ਕਿ ਅੱਜ ਬੁੱਧਵਾਰ ਸਵੇਰੇ 3 ਵੱਜ ਕੇ 30 ਮਿੰਟ ਉੱਤੇਅਹਿਮਦ ਪਟੇਲ ਦਾ ਦੇਹਾਂਤ ਹੋ ਗਿਆ ਹੈ।
ਕਾਂਗਰਸ ਪਾਰਟੀ ਨੂੰ ਇਹ ਝਟਕਾ ਉਸ ਵੇਲੇ ਲੱਗਾ ਹੈ,ਜਦੋਂ ਪਾਰਟੀ ਵਿੱਚ ਘਮਸਾਨ ਮਚਿਆ ਪਿਆ ਹੈ। ਅਜਿਹੇ ਘਮਸਾਨ ਤੋਂ ਪਾਰਟੀ ਨੂੰ ਕੱਢਣ ਲਈ ਅਹਿਮਦ ਪਟੇਲ ਹਮੇਸ਼ਾ ਸਰਗਰਮ ਹੁੰਦੇ ਸਨ। ਪਟੇਲਸਾਲ 2001 ਤੋਂ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਸਨਤੇ ਸਾਲ 2004 ਤੇ 2009 ਵਿੱਚ ਹੋਈਆਂ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਜਿੱਤ ਦਾ ਸਿਹਰਾ ਵੀ ਬਹੁਤਾ ਕਰ ਕੇ ਅਹਿਮਦ ਪਟੇਲ ਨੂੰ ਦਿੱਤਾ ਜਾਂਦਾ ਰਿਹਾ ਹੈ। ਅਹਿਮਦ ਪਟੇਲ ਦਾ ਸਿਆਸੀ ਕਰੀਅਰ 1976 ਵਿੱਚਗੁਜਰਾਤ ਦੇ ਭਰੂਚਦੀ ਨਗਰਪਾਲਿਕਾ ਚੋਣ ਨਾਲਸ਼ੁਰੂ ਹੋਇਆ ਸੀ। ਉਹ ਇੱਥੇ ਨਗਰ ਪਾਲਿਕਾ ਦੇ ਮੇਅਰ ਬਣੇ ਤੇ ਫਿਰ ਕਾਂਗਰਸ ਦਾ ਹੱਥ ਫੜਿਆ ਅਤੇ ਹੌਲੀ-ਹੌਲੀ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਅਗਲੇ ਪੜਾਅ ਮਿਲਦੇ ਗਏ ਸਨ।ਇੰਦਰਾ ਗਾਂਧੀ ਦੇ ਰਾਜਦੌਰਾਨ ਲੱਗੀ ਐਮਰਜੈਂਸੀ ਤੋਂ ਬਾਅਦ ਜਦੋਂ 1977 ਵਿੱਚ ਆਮ ਚੋਣਾਂ ਹੋਈਆਂ ਤਾਂ ਪਾਰਟੀ ਹਾਰ ਗਈ ਸੀ, ਪਰ ਅਹਿਮਦ ਪਟੇਲ ਨੇ ਓਦੋਂ ਵੀ ਸੀਟ ਜਿੱਤ ਲਈ ਤੇ ਕਾਂਗਰਸ ਟਿਕਟ ਉੱਤੇ ਪਹਿਲੀ ਵਾਰ ਲੋਕ ਸਭਾ ਵਿੱਚ ਪਹੁੰਚੇ ਸਨ। ਉਹ ਲਗਾਤਾਰ ਤਿੰਨ ਵਾਰ (1977, 1980, 1984) ਲੋਕ ਸਭਾ ਮੈਂਬਰ ਅਤੇ ਪੰਜ ਵਾਰ (1993, 1999, 2005, 2011, 2017) ਰਾਜ ਸਭਾ ਦੇ ਪਾਰਲੀਮੈਂਟ ਮੈਂਬਰ ਰਹੇ ਅਤੇ ਇਸ ਵਕਤ ਵੀ ਉਹ ਭਾਜਪਾ ਦੇ ਗੜ੍ਹ ਗੁਜਰਾਤ ਤੋਂ ਹੀ ਰਾਜ ਸਭਾ ਦੇ ਮੈਂਬਰ ਸਨ।
ਇੰਦਰਾ ਗਾਂਧੀ ਦੀ ਮੌਤ ਮਗਰੋਂ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ ਸਨ ਤਾਂ 1985 ਵਿੱਚ ਉਨ੍ਹਾਂ ਨੇ ਪਟੇਲ ਨੂੰ ਆਪਣਾ ਪਾਰਲੀਮੈਂਟਰੀ ਸਕੱਤਰ ਬਣਾਇਆ ਸੀ। 1987 ਵਿੱਚ ਉਨ੍ਹਾਂ ਨੇ ਪਾਰਲੀਮੈਂਟ ਮੈਂਬਰ ਵਜੋਂ ਸਰਦਾਰ ਸਰੋਵਰ ਪ੍ਰੋਜੈਕਟ ਦੀ ਨਿਗਰਾਨੀ ਲਈ ਨਰਮਦਾ ਮੈਨੇਜਮੈਂਟ ਅਥਾਰਟੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ 1988 ਵਿੱਚ ਉਨ੍ਹਾਂ ਨੂੰ ਜਵਾਹਰ ਭਵਨ ਟਰੱਸਟ ਦਾ ਸੈਕਟਰੀ ਬਣਾਇਆ ਗਿਆ ਸੀ। ਨਵੀਂ ਦਿੱਲੀ ਵਿਚਲਾ ਇਹ ਭਵਨ ਅਹਿਮਦ ਪਟੇਲ ਦੀ ਨਿਗਰਾਨੀਹੇਠ ਬਣਾਇਆ ਗਿਆ ਸੀ। ਉਸ ਤੋਂ ਪਹਿਲਾਂ ਇਹ ਪ੍ਰੋਜੈਕਟ ਕਾਫੀ ਸਮੇਂ ਤੋਂ ਠੰਢੇ ਬਸਤੇ ਵਿਚ ਸੀ ਤੇ ਪਟੇਲ ਦੇ ਜ਼ਿਮੇਵਾਰੀ ਸੰਭਾਲਣ ਪਿੱਛੋਂ ਮਸਾਂ ਇਕ ਸਾਲ ਵਿੱਚ ਪੂਰਾ ਹੋ ਗਿਆ ਸੀ। ਸਾਲ 2005 ਵਿੱਚ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਪ੍ਰਮੁੱਖ ਰਣਨੀਤੀਕਾਰ ਬਣਾਇਆ ਅਤੇ ਅਗਲੀਆਂ ਦੋ ਚੋਣਾਂ ਲਈ ਯੂਪੀਏ ਗੱਠਜੋੜ ਚਲਾਉਣ ਦਾ ਕੰਮ ਸੌਂਪ ਦਿੱਤਾ ਸੀ। ਅਹਿਮਦ ਪਟੇਲ ਮੀਡੀਆ ਦੀਆਂ ਸੁਰਖੀਆਂ ਤੋਂ ਦੂਰ ਰਹਿ ਕੇ ਪਰਦੇ ਪਿੱਛੇ ਪਾਰਟੀ ਦੇ ਸੰਕਟਮੋਚਨ ਦਾ ਕੰਮ ਕਰਦੇ ਸਨ। ਉਹ ਗੁਜਰਾਤ ਤੋਂ ਜਿੱਤਣ ਵਾਲੇ ਦੂਸਰੇ ਮੁਸਲਿਮ ਆਗੂ ਸਨ, ਉਨ੍ਹਾਂ ਤੋਂ ਪਹਿਲਾਂ ਇਹੋ ਜਿਹਾ ਸਥਾਨ ਕਿਸੇ ਸਮੇਂ ਅਹਿਸਾਨ ਜਾਫਰੀ ਨੂੰ ਮਿਲਿਆ ਕਰਦਾ ਸੀ, ਜਿਹੜੇ ਗੁਜਰਾਤ ਦੰਗੇ ਦੌਰਾਨ ਮਾਰ ਦਿੱਤੇ ਗਏ ਸਨ।
ਅਹਿਮਦ ਪਟੇਲ ਦੇ ਦੇਹਾਂਤ ਉੱਤੇਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਤੇ ਸੋਨੀਆ ਗਾਂਧੀ ਸਮੇਤ ਕਈ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਵਿੱਚ ਲਿਖਿਆ ਹੈ ਕਿ ਉਹ ਅਹਿਮਦ ਪਟੇਲ ਦੇ ਦੇਹਾਂਤ ਤੋਂ ਦੁਖੀ ਹਨ, ਜਿਨ੍ਹਾਂ ਨੇ ਸਮਾਜ ਸੇਵਾ ਕਰਦਿਆਂ ਕਈ ਸਾਲ ਗੁਜ਼ਾਰ ਦਿੱਤੇ ਸਨ।