ਆਸਾਮ, ਕੇਰਲਾ, ਤਾਮਿਲ ਨਾਡੂ ਸਮੇਤ 2 ਮਈ ਨੂੰ ਨਤੀਜੇ ਆਉਣਗੇ
ਨਵੀਂ ਦਿੱਲੀ, 26 ਫਰਵਰੀ, – ਭਾਰਤ ਦੇ ਚਾਰ ਰਾਜਾਂ ਅਤੇ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਅੱਜ ਸ਼ੁੱਕਰਵਾਰ ਨੂੰ ਭਾਰਤੀ ਚੋਣ ਕਮਿਸ਼ਨ ਨੇ ਇਨ੍ਹਾਂ ਰਾਜਾਂ ਦੇ ਲਈ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਪੱਛਮੀ ਬੰਗਾਲ, ਤਾਮਿਲ ਨਾਡੂ, ਆਸਾਮ, ਕੇਰਲ ਅਤੇ ਪੁਡੂਚੇਰੀ ਸ਼ਾਮਲ ਹਨ। ਇਨ੍ਹਾਂ ਰਾਜਾਂ ਵਿੱਚ ਅਪ੍ਰੈਲ ਅਤੇ ਮਈ ਵਿੱਚ ਸਰਕਾਰਾਂ ਦਾ ਸਮਾਂ ਪੂਰਾ ਹੋਣ ਵਾਲਾ ਹੈ।ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 294 ਸੀਟਾਂ, ਤਾਮਿਲ ਨਾਡੂ ਵਿੱਚ 234 ਸੀਟਾਂ, ਕੇਰਲ ਵਿੱਚ 140 ਸੀਟਾਂ, ਅਸਾਮ ਵਿੱਚ 126 ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿੱਚ 30 ਸੀਟਾਂ ਲਈ ਵੋਟਾਂ ਪਵਾਈਆਂ ਜਾਣਗੀਆਂ।
ਚੋਣ ਕਮਿਸ਼ਨ ਵੱਲੋਂ ਕੀਤੇ ਐਲਾਨ ਮੁਤਾਬਕ ਪੱਛਮੀ ਬੰਗਾਲ ਵਿਚ 8 ਪੜਾਵਾਂ ਵਿਚ ਵੋਟਾਂ ਪਾਈਆਂ ਜਾਣਗੀਆਂ ਤੇ ਇਨ੍ਹਾਂ ਦੇ ਨਤੀਜੇ ਦੂਸਰੇ ਚਾਰ ਰਾਜਾਂ ਦੇ ਨਾਲ ਹੀ 2 ਮਈ ਨੂੰ ਨਿਕਲਣਗੇ। ਇਸ ਰਾਜ ਦੇ ਪਹਿਲੇ ਪੜਾਅ ਦੀ ਵੋਟਿੰਗ 27 ਮਾਰਚ ਨੂੰ ਹੋਵੇਗੀ, ਦੂਸਰਾ ਪੜਾਅ 1 ਅਪ੍ਰੈਲ, ਤੀਸਰਾ 6 ਅਪ੍ਰੈਲ, ਚੌਥਾ 10 ਅਪ੍ਰੈਲ, ਪੰਜਵਾਂ 17 ਅਪ੍ਰੈਲ, ਛੇਵਾਂ ਪੜਾਅ 22 ਅਪ੍ਰੈਲ, ਸੱਤਵਾਂ 26 ਅਪ੍ਰੈਲ ਅਤੇ ਵੋਟਾਂ ਪੈਣ ਲਈ ਅੱਠਵਾਂ ਪੜਾਅ 29 ਅਪ੍ਰੈਲ ਨੂੰ ਹੋਵੇਗਾ।
ਅਸਾਮ ਵਿਧਾਨ ਸਭਾ ਦੀਆਂ 126 ਸੀਟਾਂ ਲਈ ਚੋਣਾਂ ਤਿੰਨ ਪੜਾਵਾਂ ਵਿੱਚ ਹੋਣਗੀਆਂ, ਜਿਸ ਦੇ ਪਹਿਲੇ ਪੜਾਅ ਲਈ 27 ਮਾਰਚ ਨੂੰ ਵੋਟਿੰਗ ਹੋਵੇਗੀ। ਦੂਸਰਾ ਪੜਾਅ 1 ਅਪ੍ਰੈਲ ਤੇ ਵੋਟਾਂ ਪੈਣ ਦਾ ਤੀਸਰਾ ਪੜਾਅ 6 ਅਪ੍ਰੈਲ ਨੂੰ ਹੋਵੇਗਾ। ਕੇਰਲਾ ਵਿਧਾਨ ਸਭਾ ਦੀਆਂ 140 ਸੀਟਾਂ ਲਈ ਸਿਰਫ 6 ਅਪ੍ਰੈਲ ਨੂੰ ਇੱਕੋ ਦਿਨ ਵੋਟਾਂ ਪਾਈਆਂ ਜਾਣਗੀਆਂ। ਇਸ ਰਾਜ ਵਿੱਚ ਮੌਜੂਦਾ ਸਰਕਾਰ ਦੀ ਮਿਆਦ 1 ਜੂਨ ਨੂੰ ਖ਼ਤਮ ਹੋਣੀ ਹੈ। ਤਾਮਿਲਨਾਡੂ ਦੀਆਂ 234 ਵਿਧਾਨ ਸਭਾ ਸੀਟਾਂ ਲਈ ਵੀ ਇੱਕੋ ਦਿਨ 6 ਅਪ੍ਰੈਲ ਨੂੰ ਵੋਟਿੰਗ ਹੋਏਗੀ। ਏਥੋਂ ਦੀ ਮੌਜੂਦਾ ਸਰਕਾਰ ਦਾ ਸਮਾਂ 24 ਮਈ ਨੂੰ ਖ਼ਤਮ ਹੋਣਾ ਹੈ। ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀਆਂ 30 ਸੀਟਾਂ ਲਈ ਵੀ 6 ਅਪ੍ਰੈਲ ਨੂੰ ਵੋਟਿੰਗ ਹੋਏਗੀ। ਇਸ ਰਾਜ ਦੇ ਕਈ ਵਿਧਾਇਕਾਂ ਦੇ ਅਸਤੀਫੇ ਦੇ ਜਾਣ ਕਾਰਨ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਪਿਛਲੇ ਹਫਤੇ ਭਰੋਸੇ ਦਾ ਵੋਟ ਲੈਣ ਤੋਂ ਅਸਫਲ ਰਹੀ ਅਤੇ ਇਸ ਕਾਰਨ ਡਿੱਗ ਪਈ ਸੀ ਤੇ ਇਸ ਵੇਲੇ ਏਥੇ ਰਾਸ਼ਟਰਪਤੀ ਸ਼ਾਸਨ ਲਾਗੂ ਹੈ।
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੇ ਦੱਸਣ ਅਨੁਸਾਰ ਅਸਾਮਵਿੱਚ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ 24,890 ਚੋਣ ਕੇਂਦਰ ਸਨ, ਇਸ ਵਾਰਇਹ 33,530 ਕੇਂਦਰ ਹੋਣਗੇ। ਤਾਮਿਲ ਨਾਡੂ ਵਿੱਚ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ 66,007 ਚੋਣ ਕੇਂਦਰ ਸਨ, ਇਸ ਵਾਰ ਇਹ ਗਿਣਤੀ 88,936 ਹੋਵੇਗੀ। ਕੇਰਲ ਵਿਚਲੇ 21,498 ਚੋਣ ਕੇਂਦਰਾਂ ਤੋਂ ਵਧਾ ਕੇ 40,771 ਕੀਤੇ ਗਏ ਹਨ ਤੇ ਪੱਛਮੀ ਬੰਗਾਲ ਵਿਚ ਸਾਲ 2016 ਦੇ 77,413 ਚੋਣ ਕੇਂਦਰਾਂ ਤੋਂ ਵਧਾ ਕੇ ਇਸ ਵਾਰ 1,01,916 ਕਰ ਦਿੱਤੇ ਗਏ ਹਨ।