ਚੰਡੀਗੜ੍ਹ, 9 ਮਾਰਚ – ਪੰਜਾਬ ਵਿਧਾਨ ਸਭਾ ਦੇ ਇਸ ਵਕਤ ਚੱਲ ਰਹੇ ਬਜਟ ਸੈਸ਼ਨ ਦੇ ਦੂਸਰੇ ਦਿਨ ਬੀਤੀ 2 ਮਾਰਚ ਨੂੰ ਵਿਰੋਧੀ ਧਿਰ ਵਿਸ਼ੇਸ਼ ਕਰ ਅਕਾਲੀ ਦਲ ਨੇ ਦੋਸ਼ ਲਾਇਆ ਸੀ ਕਿ ਸੱਤਾਧਾਰੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਦੋਸਤਾਨਾ ਮੈਚ ਖੇਡੇ ਜਾਣ ਕਾਰਨ ਸੁਖਪਾਲ ਸਿੰਘ ਖਹਿਰਾ, ਬਲਦੇਵ ਸਿੰਘ ਜੈਤੋ, ਅਮਰਜੀਤ ਸਿੰਘ ਸੰਦੋਆ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਵਿਰੁੱਧ ਕੋਈ ਸਖ਼ਤ ਐਕਸ਼ਨ ਨਹੀਂ ਲਿਆ ਗਿਆ ਅਤੇ ਟਾਲ ਮਟੋਲ ਕਰਨ ਨਾਲ ਕੰਮ ਸਾਰਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਵਿਧਾਇਕਾਂ ਨੇ ਆਪਣੀ ਪਾਰਟੀ ਬਦਲੀ, ਪਰ ਦੋ ਸਾਲ ਤੋਂ ਵੱਧ ਸਮਾਂ ਬੀਤਣ ਉਤੇ ਵੀ ਅਜੇ ਤੱਕ ਇਨ੍ਹਾਂ ਨੂੰ ਨਿਯਮਾਂ ਮੁਤਾਬਕ ਅਯੋਗ ਕਰਾਰ ਨਹੀਂ ਦਿੱਤਾ ਗਿਆ।
ਕੱਲ੍ਹ ਵਿਧਾਨ ਸਭਾ ਸਕੱਤਰੇਤ ਵਿੱਚੋਂ ਪਤਾ ਲੱਗਾ ਹੈ ਕਿ ਸਪੀਕਰ ਰਾਣਾ ਕੇ ਪੀ ਸਿੰਘ ਨੇ ਇਨ੍ਹਾਂ 4 ਵਿਧਾਇਕਾਂ ਨੂੰ 6 ਅਪ੍ਰੈਲ ਨੂੰ ਸਵੇਰੇ 11 ਵਜੇ ਇਕੱਲੇ-ਇਕੱਲੇ ਨੂੰ ਅੱਧੇ-ਅੱਧੇ ਘੰਟੇ ਦੇ ਵਕਫ਼ੇ ਨਾਲ ਖ਼ੁਦ ਆ ਕੇ ਆਪਣੇ ਪੱਖ ਪੇਸ਼ ਕਰਨ ਨੂੰ ਲਿਖਿਆ ਹੈ। ਚਿੱਠੀ ਵਿੱਚ ਇਹ ਵੀ ਲਿਖਿਆ ਹੈ ਕਿ ਇਹ ਆਖ਼ਰੀ ਮੌਕਾ ਹੈ। ਵਰਨਣ ਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਇਨ੍ਹਾਂ ਵਿਧਾਇਕਾਂ ਵਿਰੁੱਧ ਦਲ ਬਦਲੀ ਐਕਟ ਹੇਠ ਕਾਰਵਾਈ ਦਾਕੇਸ ਵਿਧਾਨ ਸਭਾ ਦੇ ਸਪੀਕਰ ਕੋਲ ਪਿਆ ਹੈ। ਇਨ੍ਹਾਂ ਵਿਧਾਇਕਾਂ ਨੂੰ ਪਹਿਲਾਂ ਪੰਜ ਵਾਰ ਤਿੰਨ-ਤਿੰਨ ਅਤੇ ਛੇ-ਛੇ ਮਹੀਨੇ ਬਾਅਦ ਲਿਖਤੀ ਜੁਆਬ ਲਈ ਤਾਰੀਕਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ।ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 20 ਵਿਧਾਇਕਾਂ ਵਾਲੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਨੇਤਾ ਹਰਵਿੰਦਰ ਸਿੰਘ ਫੂਲਕਾ ਵੱਲੋਂ ਪਾਸੇ ਹੋ ਜਾਣ ਪਿੱਛੋਂ ਇੱਕ ਸਾਲ ਅੰਦਰ ਹੀ ਜਦੋਂ ਭੁਲੱਥ ਹਲਕੇ ਤੋਂ ਇਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਦੇ ਬਾਅਦ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਤਾਂ ਗੁੱਸੇ ਵਿੱਚ ਖਹਿਰਾ ਨੇ ਜਨਵਰੀ 2019 ਵਿੱਚ ਨਵੀਂ ‘ਪੰਜਾਬ ਏਕਤਾ ਪਾਰਟੀ’ ਬਣਾਈ ਅਤੇ ਫਿਰ ਮਈ ਵਿੱਚ ਬਠਿੰਡਾ ਲੋਕ ਸਭਾ ਸੀਟ ਉਤੇ ਚੋਣ ਲੜੀ ਅਤੇ ਹਾਰ ਗਏ ਸਨ। ਉਨ੍ਹਾਂ ਨੇ ਸਪੀਕਰ ਨੂੰ ਅਸਤੀਫ਼ਾ ਦਿੱਤਾ, ਪਰ ਫਿਰ ਵਾਪਸ ਲੈਣ ਦਾ ਡਰਾਮਾ ਕੀਤਾ ਅਤੇ ਅੱਜ ਤੱਕ ਤਕਨੀਕੀ ਤੌਰ ਉੱਤੇ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂਤਨਖ਼ਾਹ, ਟੀ ਏ, ਡੀ ਏ ਲੈ ਰਹੇ ਹਨ।
ਬਲਦੇਵ ਸਿੰਘ ਜੈਤੋ ਨੇ ਵੀ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਦੀ ਟਿਕਟ ਉਤੇ ਫ਼ਰੀਦਕੋਟ ਰਿਜ਼ਰਵ ਹਲਕੇ ਤੋਂ ਲੋਕ ਸਭਾ ਚੋਣ ਲੜੀ ਤੇ ਹਾਰ ਜਾਣ ਪਿੱਛੋਂ ਵਿਧਾਇਕ ਵਜੋਂ ਪਿੱਛਲੇ ਦੋ ਸਾਲਾਂ ਤੋਂ ਤਨਖ਼ਾਹ, ਭੱਤੇ ਤੇ ਹੋਰ ਸਹੂਲਤਾਂ ਲੈ ਰਹੇ ਹਨ। ਰੋਪੜ ਹਲਕੇ ਤੋਂ ਇਸ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਮਾਨਸਾ ਤੋਂ ਨਜ਼ਰ ਸਿੰਘ ਮਾਨਸ਼ਾਹੀਆ ਨੇ ਅਪ੍ਰੈਲ 2019 ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਉਤੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਸ਼ਰੇਆਮ ਹਾਰ ਪੁਆ ਕੇ ਫ਼ੋਟੋ ਖਿਚਵਾਈਆਂ, ਪਰ ਬਾਅਦ ਵਿੱਚ ਕਹਿੰਦੇ ਹਨ ਕਿ ਉਨ੍ਹਾਂ ਆਪਣੀ ਪਾਰਟੀ ਨਹੀਂ ਬਦਲੀ। ਅਮਰਜੀਤ ਸਿੰਘ ਸੰਦੋਆ ਨੇ ਸਪੀਕਰ ਨੂੰ ਲਿਖ ਕੇ ਭੇਜ ਦਿੱਤਾ ਹੈ ਕਿ ਪਾਰਟੀ ਬਦਲਣ ਦੀ ਖ਼ਬਰ ਗ਼ਲਤ ਸੀ। ਦਿਲਚਸਪ ਗੱਲ ਹੈ ਕਿ ਸੁਖਪਾਲ ਸਿੰਘ ਖਹਿਰਾ, ਅਮਰਜੀਤ ਸਿੰਘ ਸੰਦੋਆ ਅਤੇ ਬਲਦੇਵ ਸਿੰਘਜੈਤੋ ਵਿਰੁੱਧ ਪਟੀਸ਼ਨਾਂ ਵੀ ਪੈਂਡਿੰਗ ਪਈਆਂ ਹਨ ਜਿਨ੍ਹਾਂ ਵਿੱਚ ਐਡਵੋਕੇਟ, ਵੋਟਰ, ਸਿਆਸੀ ਲੀਡਰ ਅਤੇ ਖ਼ੁਦ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਿ਼ਕਾਇਤ ਕਰਨ ਵਾਲਿਆਂ ਵਿੱਚ ਸ਼ਾਮਲ ਹਨ।