ਤਰਨ ਤਾਰਨ, 10 ਮਾਰਚ – ਸਾਲ 2022 ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਲਈ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਰੈਲੀਆਂ ਦਾ ਪ੍ਰੋਗਰਾਮ ਉਲੀਕੀ ਬੈਠੇ ਹਨ, ਉਥੇ ਪੰਜਾਬ ਦੀ ਸਿਆਸਤ ਵਿੱਚ ਵੱਡੀ ਪੈਠ ਬਣਾਉਣ ਵਾਲੇ ਕੈਰੋਂ ਪਰਵਾਰ ਦੇ ਫਰਜ਼ੰਦ ਅਤੇ ਸਿਆਸੀ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਪਣੇੇ ਜੱਦੀ ਵਿਧਾਨ ਸਭਾ ਹਲਕੇ ਦੇ ਨਾਲ ਪੈਂਦੇ ਖੇਮਕਰਨ ਵਿਧਾਨ ਸਭਾ ਹਲਕੇ ਤੋਂ ਸਿਆਸੀ ਸਰਗਰਮੀਆਂ ਆਰੰਭ ਕਰ ਕੇ ਐਲਾਨ ਕੀਤਾ ਹੈ ਕਿ ਹਲਕੇ ਦੇ ਲੋਕਾਂ ਦੇ ਕਹਿਣ ਉੱਤੇ ਕੈਰੋਂ ਪਰਵਾਰ ਦਾ ਇੱਕ ਮੈਂਬਰ ਖੇਮਕਰਨ ਵਿੱਚੋਂ ਵੀ ਅਗਲੀਆਂ ਵਿਧਾਨ ਸਭਾ ਚੋਣਾਂ ਲੜੇਗਾ।
ਵਰਨਣ ਯੋਗ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ:ਵਿਰਸਾ ਸਿੰਘ ਵਲਟੋਹਾ ਵਿਚਾਲੇ ਪਹਿਲਾਂ ਹੀ ਝਗੜਾ ਚੱਲਦਾ ਹੈ। ਦੋਵਾਂ ਵਿਚਾਲੇ ਸੁਲਗਦੀ ਚੰਗਿਆੜੀ ਬਣ ਕੇ ਸਾਹਮਣੇ ਆ ਗਈ ਹੈ। ਖੇਮਕਰਨ ਹਲਕੇ ਵਿੱਚ ਕੈਰੋਂ ਨੇ ਮੀਟਿੰਗਾਂ ਕਰ ਕੇ ਇਸ ਹਲਕੇ ਦੀ ਸੇਵਾ ਕਰਨ ਦਾ ਐਲਾਨ ਕਰ ਦਿੱਤਾ ਹੈ। ਪ੍ਰੋਫੈਸਰ ਵਲਟੋਹਾ ਨੇ ਵੀ ਆਪਣੇ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਉੱਤੇ ਹੀ ਚੋਣ ਲੜਨ ਬਾਰੇ ਠੋਕ ਕੇ ਕਹਿ ਦਿੱਤਾ ਹੈ।
ਆਦੇਸ਼ ਪ੍ਰਤਾਪ ਸਿੰਗ ਕੈਰੋਂ ਨੇ ਇਸ ਬਾਰੇ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮਾਂ ਹੇਠ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਕਈ ਪਿੰਡਾਂ ਵਿੱਚ ਅਕਾਲੀ ਆਗੂਆਂ ਵੱਲੋਂ ਰੱਖੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਜਿਸ ਨਾਲ ਪੰਜਾਬ ਦੀ ਸਿਆਸਤ ਵਿਚ ਹਲਚਲ ਮੱਚ ਗਈ ਹੈ। ਪਤਾ ਲੱਗਾ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਲਾਹਕਾਰ ਗੁਰਮੁਖ ਸਿੰਘ ਘੁੱਲਾ ਬਲੇਰ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਕਾਲੀ ਆਗੂਆਂ ਨਾਲ ਸੰਪਰਕ ਕਰ ਰਹੇ ਹਨ ਤੇ ਇਸ ਹਲਕੇ ਦੇ ਕਈ ਅਕਾਲੀ ਸਰਪੰਚ, ਸਾਬਕਾ ਸਰਪੰਚ ਤੇ ਹੋਰ ਆਗੂ ਚੰਡੀਗੜ੍ਹ ਵਿਖੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਮੀਟਿੰਗਾਂ ਕਰ ਚੁੱਕੇ ਹਨ। ਸਭ ਕੁਝ ਵੇਖਣ ਪਿੱਛੋਂ ਕੱਲ੍ਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਹਲਕਾ ਖੇਮਕਰਨ ਦੇ ਪਿੰਡਾਂ ਰਾਮਪੁਰ, ਮਰਗਿੰਦਪੁਰਾ, ਪੂੰਨੀਆਂ, ਖਾਰਾ ਰਾਮ ਸਿੰਘ, ਅਮਰਕੋਟ, ਆਸਲ-ਉਤਾੜ ਆਦਿ ਵਿੱਚ ਜਾ ਕੇ ਤੈਅ ਪ੍ਰੋਗਰਾਮ ਅਨੁਸਾਰ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਹਲਕੇ ਦੇ ਬਹੁਤ ਸਾਰੇ ਸਰਪੰਚਾਂ, ਸਾਬਕਾ ਸਰਪੰਚਾਂ ਅਤੇ ਹੋਰ ਆਗੂਆਂ ਨੇ ਉਨ੍ਹਾਂ ਨੂੰ ਮਜਬੂਰ ਕੀਤਾ ਹੈ ਕਿ ਇਥੋਂ ਸੇਵਾ ਕਰਨ। ਇਨ੍ਹਾਂ ਮੀਟਿੰਗਾਂ ਵਿੱਚ ਕੈਰੋਂ ਨੇ ਅਕਾਲੀ ਸਰਕਾਰ ਵੇਲੇ ਦੀਆਂ ਆਪਣੀਆਂ ਪ੍ਰਾਪਤੀਆਂ ਵੀ ਗਿਆਣੀਆਂ। ਕੈਰੋਂ ਦੇ ਅਨੁਸਾਰ ਇਸ ਹਲਕੇ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ ਤੇ ਪਿਛਲੇ ਸਮੇਂ ਵਿੱਚ ਹੋਈ ਹਲਕਾਬੰਦੀ ਵੇਲੇ ਉਨ੍ਹਾਂ ਦੇ ਹਲਕੇ ਪੱਟੀ ਦੇ ਕਈ ਪਿੰਡ ਇਸ ਪਾਸੇ ਜੁੜ ਗਏ ਹਨ, ਪਰ ਇਥੋਂ ਦੇ ਲੋਕਾਂ ਨਾਲ ਉਨ੍ਹਾਂ ਦਾ ਪਿਆਰ ਅਜੇ ਵੀ ਕਾਇਮ ਹੈ। ਉਨ੍ਹਾਂ ਕਿਹਾ ਕਿ ਖੇਮਕਰਨ ਹਲਕੇ ਦੇ ਲੋਕਾਂ ਵੱਲੋਂ ਹਲਕੇ ਦੀ ਸੇਵਾ ਕਰਨ ਲਈ ਵਾਰ-ਵਾਰ ਕਹਿਣ ਉੱਤੇ ਉਨ੍ਹਾਂ ਨੇ ਆਪਣੇ ਪਰਵਾਰ ਵਿੱਚ ਵਿਚਾਰ ਕੇ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਤਾ ਸੁਰਿੰਦਰ ਸਿੰਘ ਕੈਰੋਂ ਨਾਲ 20 ਸਾਲ ਪੀ ਏ ਬਣ ਕੇ ਸੇਵਾ ਕੀਤੀ ਤੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ, ਜਿਸ ਕਰ ਕੇ ਵੱਧ ਚੰਗੀ ਤਰ੍ਹਾਂ ਸੇਵਾ ਕਰ ਸਕਦੇ ਹਨ।
ਇਸ ਤਰ੍ਹਾਂ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਐਲਾਨ ਤੋਂ ਬਾਅਦ ਪੰਜਾਬ, ਖਾਸ ਕਰ ਕੇ ਮਾਝੇ ਦੀ ਸਿਆਸਤ ਵਿੱਚ ਭੁਚਾਲ ਆ ਗਿਆ ਹੈ, ਕਿਉਂਕਿ ਕੈਰੋਂ ਧੜੇ ਨਾਲ ਸਬੰਧਤ ਕਈ ਹੋਰ ਆਗੂ ਵੀ ਹੋਰ ਵਿਧਾਨ ਸਭਾ ਹਲਕਿਆਂ ਤੋਂ ਚੋਣਾਂ ਲੜਨ ਦੇ ਦਾਅਵੇ ਜਤਾ ਰਹੇ ਹਨ, ਜਿਨ੍ਹਾਂ ਵਿੱਚ ਤਰਨ ਤਾਰਨ, ਖਡੂਰ ਸਾਹਿਬ, ਜੰਡਿਆਲਾ ਗੁਰੂ ਪ੍ਰਮੁੱਖ ਹਨ। ਜੇ ਸ਼੍ਰੋਮਣੀ ਅਕਾਲੀ ਦਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਖੇਮਕਰਨ ਹਲਕੇ ਤੋਂ ਟਿਕਟ ਨਹੀਂ ਦਿੰਦਾ ਤਾਂ ਕੈਰੋਂ ਦੀ ਅਗਲੀ ਰਣਨੀਤੀ ਨਾਲ ਅਕਾਲੀ ਸਿਆਸਤ ਉੱਤੇ ਵੱਡਾ ਅਸਰ ਪਵੇਗਾ, ਕਿਉਂਕਿ ਪਹਿਲਾਂ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ ਆਦਿ ਅਕਾਲੀ ਦਲ ਤੋਂ ਬਾਹਰ ਹੋ ਕੇ ਪਾਰਟੀ ਲਈ ਸਿਰਦਰਦੀ ਬਣੇ ਹੋਏ ਹਨ। ਕੈਰੋਂ ਨੇ ਪਹਿਲਾਂ ਹੀ ਪੱਟੀ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਮੌਕੇ ਸ਼ਹਿਰ ਤੋਂ ਦੂਰੀ ਬਣਾਈ ਰੱਖੀ ਸੀ ਅਤੇ ਫਿਰ ਆਪਣੇ ਹਲਕੇ ਪੱਟੀ ਵਿੱਚ ਜਾਣ ਦੀ ਥਾਂ ਸਿੱਧਾ ਖੇਮਕਰਨ ਹਲਕੇ ਦੇ ਪਿੰਡਾਂ ਵਿੱਚ ਮੀਟਿੰਗਾਂ ਲਈ ਪਹੁੰਚ ਗਏ। ਉਨ੍ਹਾਂ ਦੇ ਇਸ ਫੈਸਲੇ ਪਿੱਛੋਂ ਵੱਖ-ਵੱਖ ਪਾਰਟੀਆਂ ਦੀਆਂ ਨਜ਼ਰਾਂ 15 ਮਾਰਚ ਨੂੰ ਭਿੱਖੀਵਿੰਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਰੈਲੀ ਉੱਤੇ ਹਨ, ਜਿੱਥੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਵਿੱਚ ਹੋਣ ਵਾਲੀ ਰੈਲੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਪਹੁੰਚ ਰਹੇ ਹਨ।