ਮੋਗਾ, 21 ਜਨਵਰੀ – ਦੋ ਦਿਨ ਪਹਿਲਾਂ ਤਰਨ ਤਾਰਨ ਦੇ ਪੱਟੀ ਸ਼ਹਿਰ ਦੇ ਬਾਹਰਵਾਰ ਮੈਰਿਜ ਪੈਲੇਸ ਵਿੱਚ ਪੁਲਸ ਅਤੇ ਲੁਟੇਰਿਆਂ ਵਿਚਾਲੇ ਫਾਇਰਿੰਗ ਵਿੱਚ ਇੱਕ ਲੁਟੇਰੇ ਦੀ ਮੌਤ ਹੋ ਗਈ ਅਤੇ ਚਾਰ ਜਣਿਆਂ ਨੂੰ ਪੁਲਸ ਨੇ ਪੈਲੇਸ ਦੇ ਅੰਦਰੋਂ ਗ੍ਰਿਫਤਾਰ ਕਰ ਲਿਆ ਸੀ। ਇਸੇ ਮਾਮਲੇ ਵਿੱਚ ਪੱਟੀ ਪੁਲਸ ਨੇ ਮੋਗੇ ਦੇ ਇੱਕ ਹੋਟਲ ਵਿੱਚ ਰੇਡ ਕਰ ਕੇ ਉਥੋਂ ਅੰਮ੍ਰਿਤਸਰ ਦੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਦੋਵੇਂ ਵਿਅਕਤੀ ਹੋਟਲ ਦੇ ਜਿਸ ਕਮਰੇ ਵਿੱਚ ਠਹਿਰੇ ਸਨ, ਉਹ ਮੋਗੇ ਦੇ ਇੱਕ ਕਾਂਗਰਸੀ ਨੇਤਾ ਦੇ ਨਾਂਅ ਤੇ ਬੁੱਕ ਕਰਵਾਇਆ ਗਿਆ ਸੀ। ਕੱਲ੍ਹ ਪੁਲਸ ਨੇ ਕਾਂਗਰਸੀ ਨੇਤਾ ਨੂੰ ਵੀ ਪੁੱਛਗਿੱਛ ਲਈ ਥਾਣਾ ਮੈਹਣਾ ਵਿੱਚ ਸੱਦਿਆ ਸੀ, ਪਰ ਉਸ ਦੇ ਆਕਾ ਨੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਫੋਨ ਕਰ ਕੇ ਉਸ ਨੂੰ ਛੁਡਵਾ ਲਿਆ ਗਿਆ ਹੈ। ਪੁਲਸ ਕੁਝ ਵੀ ਕਹਿਣ ਤੋਂ ਬਚ ਰਹੀ ਹੈ। ਪੁਲਸ ਦੇ ਸੂਤਰਾਂ ਅਨੁਸਾਰ ਪੱਟੀ ਇਲਾਕੇ ਦੇ ਡੀ ਐਸ ਪੀ ਕੁਲਜਿੰਦਰ ਸਿੰਘ ਦੀ ਟੀਮ ਨੇ ਮੁਖਬਰ ਦੀ ਸੂਚਨਾਤੇ ਮੰਗਲਵਾਰ ਰਾਤ ਬੁਘੀਪੁਰਾ ਚੌਕ ਨੇੜੇ ਇੱਕ ਹੋਟਲ ਵਿੱਚ ਰੇਡ ਕੀਤੀ ਤਾਂ ਹੋਟਲ ਦੇ ਇੱਕ ਕਮਰੇ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਇਨ੍ਹਾਂ ਵਿੱਚ ਇੱਕ ਜਣਾ ਹਰਮਨ ਸਿੰਘ ਜੰਡਿਆਲਾ ਗੁਰੂ। ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਦੂਸਰੇ ਵਿਅਕਤੀ ਦਾ ਨਾਂਅ ਪਤਾ ਨਹੀਂ ਲੱਗ ਸਕਿਆ।
ਦੱਸਿਆ ਗਿਆ ਹੈ ਕਿ ਜਿਨ੍ਹਾਂ ਦੋ ਨੌਜਵਾਨਾਂ ਨੂੰ ਪੱਟੀ ਪੁਲਸ ਲੈ ਕੇ ਗਈ ਹੈ, ਉਹ ਮੋਗੇ ਦੇ ਕਿਸੇ ਕਾਂਗਰਸੀ ਨੇਤਾ ਦੇ ਸੰਪਰਕ ਵਿੱਚ ਸਨ ਅਤੇ ਉਸੇ ਦੇ ਨਾਂਅ ਤੇ ਹੋਟਲ ਵਿੱਚ ਕਮਰਾ ਬੁੱਕ ਸੀ। ਥਾਣਾ ਮੈਹਣਾ ਪੁਲਸ ਨੇ ਉਸ ਕਾਂਗਰਸੀ ਨੇਤਾ, ਜੋ ਨਗਰ ਨਿਗਮ ਚੋਣਾਂ ਵਿੱਚ ਇੱਕ ਵਾਰਡ ਤੋਂ ਖੁਦ ਨੂੰ ਉਮੀਦਵਾਰ ਦੱਸਦਾ ਹੈ, ਨੂੰ ਥਾਣੇ ਵਿੱਚ ਪੁੱਛਗਿੱਛ ਲਈ ਸੱਦਿਆ ਤਾਂ ਛੇਤ ਹੀ ਛੱਡ ਦਿੱਤਾ। ਥਾਣਾ ਮੈਹਣਾ ਦੇ ਐਸ ਐਚ ਓ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਪੱਟੀ ਦੇ ਡੀ ਐਸ ਪੀ ਕੁਲਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨਾਲ ਥਾਣਾ ਪੁਲਸ ਅਤੇ ਮੋਗਾ ਦੇ ਸੀਨੀਅਰ ਅਧਿਕਾਰੀ ਵੀ ਹੋਟਲ ਵਿੱਚ ਪਹੁੰਚੇ ਸਨ। ਉਥੇ ਮੰਗਲਵਾਰ ਸਵੇਰੇ ਇੱਕ ਕਮਰਾ ਬੁੱਕ ਹੋਇਆ ਸੀ, ਜੋ ਮੋਗਾ ਵਾਸੀ ਇੱਕ ਵਿਅਕਤੀ ਦੇ ਨਾਂਅਤੇ ਬੁੱਕ ਸੀ। ਹੋਟਲ ਤੋਂ ਮਿਲੇ ਦੋ ਨੌਜਵਾਨਾਂ ਨੂੰ ਪੱਟੀ ਪੁਲਸ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ। ਮੋਗਾ ਵਾਸੀ ਨੌਜਵਾਨ, ਜੋ ਉਨ੍ਹਾਂ ਦੇ ਸੰਪਰਕ ਵਿੱਚ ਸੀ,ਨੂੰ ਪੁੱਛਗਿੱਛ ਦੇ ਬਾਅਦ ਛੱਡ ਦਿੱਤਾ ਗਿਆ।